ਭਾਰਤੀ ਹਾਕੀ ਦੇ ਸੁਨਿਹਰੀ ਯੁੱਗ ਦਾ ਆਖਰੀ ਹਸਤਾਖਰ ਸੁਰਿੰਦਰ ਸਿੰਘ ਸੋਢੀ/ ਨਵਦੀਪ ਸਿੰਘ ਗਿੱਲ

ਸੁਰਿੰਦਰ ਸਿੰਘ ਸੋਢੀ ਭਾਰਤੀ ਹਾਕੀ ਦੇ ਸੁਨਹਿਰੀ ਯੁੱਗ ਦਾ ਆਖਰੀ ਹਸਤਾਖਰ ਹੈ। ਸੋਢੀ ਦੀ ਅਗਵਾਈ ਹੇਠ ਭਾਰਤੀ ਹਾਕੀ ਨੇ ਓਲੰਪਿਕ ਖੇਡਾਂ ਵਿੱਚ ਆਖਰੀ ਤਮਗਾ 1980 ਵਿੱਚ ਮਾਸਕੋ ਵਿਖੇ ਜਿੱਤਿਆ ਸੀ, ਉਹ ਵੀ ਸੋਨੇ ਦਾ। ਸੋਢੀ ਵੀ ਸ਼ੁੱਧ ਸੋਨੇ ਵਰਗਾ ਖਿਡਾਰੀ ਹੈ। ਸੋਢੀ ਦੀ ਸਟਿੱਕ ਦਾ ਜਾਦੂ ਵੀ ਸਿਖਰਾਂ ‘ਤੇ ਰਿਹਾ। ਮਾਸਕੋ ਵਿਖੇ 15 ਗੋਲਾਂ ਨਾਲ ਟਾਪ ਸਕਰੋਰ ਬਣ ਕੇ ਉਸ ਨੇ 1956 ਦੀਆਂ ਮੈਲਬਰਨ ਓਲੰਪਿਕ ਖੇਡਾਂ ਦੇ ਟਾਪ ਸਕਰੋਰ ਊਧਮ ਸਿੰਘ ਦੀ ਬਰਾਬਰੀ ਕੀਤੀ ਸੀ। ਇਹ ਰਿਕਾਰਡ ਹਾਲੇ ਤੱਕ ਨਹੀਂ ਟੁੱਟਿਆ। ਸੋਢੀ ਨੇ ਹਾਕੀ ਖੇਡਣੀ ਕਾਹਦੀ ਛੱਡੀ, ਭਾਰਤੀ ਹਾਕੀ ਦੀ ਕਿਸਮਤ ਹੀ ਰੁੱਸ ਗਈ। ਉਸ ਤੋਂ ਬਾਅਦ ਓਲੰਪਿਕ ਖੇਡਾਂ ਵਿੱਚ ਤਾਂ ਭਾਰਤੀ ਟੀਮ ਤਮਗਾ ਤਾਂ ਦੂਰ ਦੀ ਗੱਲ, ਸਗੋਂ ਸੈਮੀ ਫਾਈਨਲ ਵੀ ਨਹੀਂ ਖੇਡੀ। 2008 ਵਿੱਚ ਤਾਂ ਭਾਰਤੀ ਟੀਮ ਓਲੰਪਿਕਸ ਲਈ ਕੁਆਲੀਫਾਈ ਵੀ ਨਾ ਹੋ ਸਕੀ ਸੀ। ਸੋਢੀ ਸੋਲਾ ਵਰ੍ਹਿਆਂ ਦੀ ਸਭ ਤੋਂ ਛੋਟੀ ਉਮਰੇ ਭਾਰਤੀ ਟੀਮ ਵਿੱਚ ਆ ਗਿਆ ਸੀ। ਤੇਈਵੇਂ ਸਾਲ ਤਾਂ ਉਹ ਭਾਰਤੀ ਹਾਕੀ ਦਾ ਕਪਤਾਨ ਬਣ ਗਿਆ ਸੀ। ਭਾਰਤ ਨੇ ਚੈਂਪੀਅਨਜ਼ ਟਰਾਫੀ ਵਿੱਚ ਵੀ ਆਪਣਾ ਪਲੇਠਾ ਤਮਗਾ ਉਸੇ ਦੀ ਕਪਤਾਨੀ ਹੇਠ 1982 ਵਿੱਚ ਐਮਸਟਰਡਮ ਵਿਖੇ ਜਿੱਤਿਆ ਸੀ। ਵਿਸ਼ਵ ਕੱਪ ਤੇ ਓਲੰਪਿਕਸ ਦੇ ਪੱਧਰ ਵਾਲੇ ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਨੂੰ ਅਗਲਾ ਤਮਗਾ ਜਿੱਤਣ ਲਈ 34 ਵਰ੍ਹੇ ਉਡੀਕ ਕਰਨੀ ਪਈ। ਗੋਲਾਂ ਦੀ ਸਭ ਤੋਂ ਤੇਜ਼ ਹੈਟ੍ਰਿਕ ਮਾਰਨ ਦਾ ਰਿਕਾਰਡ ਵੀ ਸੋਢੀ ਦੇ ਨਾਮ ਦਰਜ ਹੈ ਜੋ ਉਸ ਨੇ ਮਾਸਕੋ ਓਲੰਪਿਕਸ ਵਿੱਚ ਤਨਜ਼ਾਨੀਆ ਖਿਲਾਫ ਮੈਚ ਵਿੱਚ ਪੰਜ ਮਿੰਟ ਵਿੱਚ ਤਿੰਨ ਗੋਲ ਕਰਕੇ ਬਣਾਇਆ ਸੀ। ਉਂਝ ਉਸ ਮੈਚ ਵਿੱਚ ਉਸ ਨੇ ਕੁੱਲ ਪੰਜ ਗੋਲ ਕੀਤੇ ਸਨ। ਇਕ ਹੋਰ ਦੁਰਲੱਭ ਪ੍ਰਾਪਤੀ ਵੀ ਸੋਢੀ ਦੇ ਹਿੱਸੇ ਆਈ। ਉਹ ਛੋਟੀ ਉਮਰੇ ਇੰਨਾ ਪ੍ਰਪੱਕ ਖਿਡਾਰੀ ਬਣ ਗਿਆ ਸੀ ਕਿ ਉਸ ਨੇ ਜੂਨੀਅਰ ਵਿਸ਼ਵ ਕੱਪ ਖੇਡਣ ਤੋਂ ਪਹਿਲਾਂ ਸੀਨੀਅਰ ਵਿਸ਼ਵ ਕੱਪ ਖੇਡ ਲਿਆ ਸੀ।

ਹਰ ਸਾਈਡ ‘ਤੇ ਖੇਡਣ ਵਾਲਾ ਵੀ ਸੁਰਿੰਦਰ ਸਿੰਘ ਸੋਢੀ ਵਿਸ਼ਵ ਹਾਕੀ ਦਾ ਸ਼ਾਇਦ ਇਕਲੌਤਾ ਖਿਡਾਰੀ ਹੋਵੇ। ਸੋਢੀ ਸਹੀ ਮਾਅਨਿਆਂ ਵਿੱਚ ਆਲ ਰਾਊਂਡਰ ਸੀ। ਉਹ ਫੁੱਲ ਬੈਕ ਤੋਂ ਲੈ ਕੇ ਸੈਂਟਰ ਫਾਰਵਰਡ ਤੱਕ ਹਰ ਪੁਜੀਸ਼ਨ ‘ਤੇ ਖੇਡਿਆ ਹੈ। ਚਾਹੇ ਉਹ ਸੈਂਟਰ ਹਾਫ ਹੋਵੇ, ਲੈਫਟ ਹਾਫ, ਲੈਫਟ ਇਨ ਜਾਂ ਰਾਈਟ ਇਨ। ਜਿਹੜੀ ਵੀ ਸਾਈਡ ਕਮਜ਼ੋਰ ਹੁੰਦੀ, ਉਥੇ ਹੀ ਸੋਢੀ ਨੂੰ ਫਿੱਟ ਕਰ ਦਿੱਤਾ ਜਾਂਦਾ। ਉਹੀ ਸਾਈਡ ਟੀਮ ਦੀ ਸਭ ਤੋਂ ਤਕੜੀ ਹੋ ਜਾਂਦੀ। ਉਹ ਸਾਰੇ ਹਾਕੀ ਫੀਲਡ ਦਾ ਬਾਦਸ਼ਾਹ ਬਣ ਕੇ ਖੇਡਿਆ। ਸੋਢੀ ਤੋਂ ਵਿਰੋਧੀ ਟੀਮ ਦਾ ਹਰ ਖਿਡਾਰੀ ਖੌਫ ਖਾਂਦਾ ਸੀ। ਵਿਰੋਧੀ ਸਟਰਾਈਕਰ ਦੁਆਂ ਕਰਦੇ ਸੀ ਕਿ ਸੋਢੀ ਮਿਲਫੀਲਡ ਜਾਂ ਫੁੱਲਬੈਕ ਵਜੋਂ ਨਾ ਖੇਡੇ ਅਤੇ ਵਿਰੋਧੀ ਡਿਫੈਂਡਰ ਡਰਦੇ ਸੀ ਕਿ ਉਹ ਫਾਰਵਰਡ ਲਾਈਨ ਵਿੱਚ ਨਾ ਖੇਡੇ। ਉਂਝ ਸੈਂਟਰ ਫਾਰਵਰਡ ਉਸ ਦੀ ਪਸੰਦੀਦਾ ਪੁਜੀਸ਼ਨ ਸੀ। ਇਸੇ ਪੁਜੀਸ਼ਨ ‘ਤੇ ਖੇਡਦਿਆਂ ਉਸ ਨੇ ਕੌਮੀ ਤੇ ਕੌਮਾਂਤਰੀ ਹਾਕੀ ਵਿੱਚ ਦੋ-ਢਾਈ ਸੌ ਗੋਲ ਕੀਤੇ। ਉਨ੍ਹਾਂ ਸਮਿਆਂ ਵਿੱਚ ਕਿਹੜਾ ਅੱਜ ਵਾਂਗ ਹਰ ਮੈਚ ਦਾ ਰਿਕਾਰਡ ਰੱਖਿਆ ਜਾਂਦਾ ਸੀ। ਖੁਦ ਸੁਰਿੰਦਰ ਸੋਢੀ ਨੂੰ ਵੀ ਜਦੋਂ ਪੁੱਛੀਦਾ ਹੈ ਤਾਂ ਉਨ੍ਹਾਂ ਨੂੰ ਵੀ ਕਈ ਟੂਰਾਂ ਅਤੇ ਟੈਸਟ ਮੈਚਾਂ ਦੇ ਗੋਲਾਂ ਦਾ ਵੇਰਵਾ ਯਾਦ ਨਹੀਂ। ਭਾਰਤੀ ਹਾਕੀ ਦੇ ਤਿੰਨ ਸਭ ਤੋਂ ਤਕੜੇ ਸੈਂਟਰ ਫਾਰਵਰਡ ਹੋਏ ਹਨ। ਇਹ ਹਨ ਧਿਆਨ ਚੰਦ, ਬਲਬੀਰ ਸਿੰਘ ਸੀਨੀਅਰ ਤੇ ਸੁਰਿੰਦਰ ਸਿੰਘ ਸੋਢੀ ਸੈਂਟਰ ਫਾਰਵਰਡਾਂ ਦੀ ਇਸ ਤਿੱਕੜੀ ਨੇ ਵੱਖੋ-ਵੱਖ ਸਮਿਆਂ ਵਿੱਚ ਖੇਡਦਿਆਂ ਗੋਲਾਂ ਦੀ ਝੜੀ ਲਗਾ ਕੇ ਭਾਰਤ ਨੂੰ ਕੁੱਲ ਸੱਤ ਵਾਰ ਓਲੰਪਿਕ ਚੈਂਪੀਅਨ ਬਣਾਇਆ। ਜੇ ਇਹ ਤਿੰਨੋ ਖਿਡਾਰੀ ਭਾਰਤੀ ਟੀਮ ਦਾ ਹਿੱਸਾ ਨਾ ਹੁੰਦੇ ਤਾਂ ਭਾਰਤੀ ਹਾਕੀ ਦੀ ਕਹਾਣੀ ਕੁਝ ਹੋਰ ਹੋਣੀ ਸੀ।

ਸੁਰਿੰਦਰ ਸਿੰਘ ਸੋਢੀ ਨੂੰ ਭਾਰਤ ਦੀ ਗੋਲ ਮਸ਼ੀਨ ਵੀ ਕਿਹਾ ਜਾਂਦਾ ਸੀ। ਉਨ੍ਹਾਂ ਸਮਿਆਂ ਦੇ ਵੱਡੇ ਖੇਡ ਰਸਾਲਿਆਂ ਨੇ ਸੋਢੀ ਨੂੰ ਵੱਖ-ਵੱਖ ਟਾਈਟਲ ਦਿੱਤੇ ਸਨ। ਸਪੋਰਟਸ ਸਟਾਰ ਰਸਾਲੇ ਨੇ ਉਸ ਨੂੰ ‘ਬਰੇਨੀ ਫਾਰਵਰਡ’ ਆਖਿਆ। ਕਿਸੇ ਨੇ ‘ਸ਼ਾਰਪ ਸ਼ੂਟਰ’ ਅਤੇ ਕਿਸੇ ਨੇ ‘ਫਾਰਵਰਡ ਡਰਿਬਲਰ’। ਅੱਜ ਦੇ ਸਮੇਂ ਜਿਵੇਂ ਕ੍ਰਿਕਟਰਾਂ ਦੀਆਂ ਤਸਵੀਰਾਂ ਖੇਡ ਰਸਾਲਿਆਂ ਦੇ ਟਾਈਟਲ ਪੰਨਿਆਂ ਦਾ ਸ਼ਿੰਗਾਰ ਬਣਦੀਆਂ, ਅੱਸੀਵਿਆਂ ਵਿੱਚ ਸੁਰਿੰਦਰ ਸਿੰਘ ਸੋਢੀ ਦੀਆਂ ਤਸਵੀਰਾਂ ਸਪੋਰਟਸ ਸਟਾਰ, ਸਪੋਰਟਸ ਵੀਕ ਦੇ ਟਾਈਟਲ ਪੰਨੇ ਉਪਰ ਵੀ ਛਪੀਆਂ, ਉਹ ਵੀ ਕਈ ਵਾਰ। ਫਿਲਮੀ ਸਿਤਾਰੇ ਉਸ ਨਾਲ ਫੋਟੋ ਖਿਚਵਾ ਕੇ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦੇ ਸਨ। ਸੁਰਿੰਦਰ ਸਿੰਘ ਸੋਢੀ ਨੇ ਹਾਕੀ ਖੇਡਣੀ ਛੱਡੀ ਤਾਂ ਗੌਲਫ ਸ਼ੁਰੂ ਕਰ ਲਈ। ਗੌਲਫ ਵਿੱਚ ਵੀ ਉਸ ਨੇ ਆਲ ਇੰਡੀਆ ਸਿਵਲ ਸਰਵਿਸਜ਼ ਟੂਰਨਾਮੈਂਟ ਜਿੱਤਿਆ। ਕਿਸੇ ਹਾਕੀ ਓਲੰਪੀਅਨ ਵੱਲੋਂ ਗੌਲਫ ਦਾ ਕੌਮੀ ਟੂਰਨਾਮੈਂਟ ਜਿੱਤਣਾ ਵੀ ਛੋਟੀ ਗੱਲ ਨਹੀਂ ਸੀ । 1978 ਵਿੱਚ ਪੰਜਾਬ ਸਰਕਾਰ ਨੇ ਸੂਬੇ ਦੇ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੀ ਸ਼ੁਰੂਆਤ ਕੀਤੀ ਤਾਂ ਇਹ ਸਨਮਾਨ ਹਾਸਲ ਕਰਨ ਵਾਲਾ ਵੀ ਉਹ ਪਹਿਲਾ ਹਾਕੀ ਖਿਡਾਰੀ ਬਣਿਆ। ਖੇਡ ਜਗਤ ਤੋਂ ਬਾਹਰ ਦੀ ਗੱਲ ਕਰੀਏ ਤਾਂ ਉਹ ਦੇਸ਼ ਦਾ ਪਹਿਲਾ ਹਾਕੀ ਓਲੰਪੀਅਨ ਹੈ ਜੋ ਕਿਸੇ ਜ਼ਿਲੇ ਦਾ ਐਸ.ਐਸ.ਪੀ. ਬਣਿਆ। ਆਈ.ਜੀ. ਦੇ ਅਹੁਦੇ ਤੱਕ ਪੁੱਜਣ ਵਾਲਾ ਵੀ ਉਹ ਦੇਸ਼ ਦਾ ਪਹਿਲਾ ਹਾਕੀ ਓਲੰਪੀਅਨ ਹੈ। ਸਾਰੀਆਂ ਖੇਡਾਂ ਮਿਲਾ ਲਈਏ ਤਾਂ ਸੋਢੀ ਤੇ ਪਹਿਲਵਾਨ ਕਰਤਾਰ ਸਿੰਘ ਨੂੰ ਇਸ ਅਹੁਦੇ ‘ਤੇ ਪਹੁੰਚਣ ਦਾ ਮਾਣ ਹਾਸਲ ਹੈ।

ਸੁਰਿੰਦਰ ਸਿੰਘ ਸੋਢੀ ਦਾ ਜਨਮ ਨਵਾਂਸ਼ਹਿਰ ਜ਼ਿਲੇ (ਉਸ ਵੇਲੇ ਜਲੰਧਰ) ਦੇ ਪਿੰਡ ਗੁਣਾਚੌਰ ਵਿਖੇ 22 ਜੂਨ 1959 ਨੂੰ ਸ. ਗੁਰਬਚਨ ਸਿੰਘ ਦੇ ਘਰ ਸੁਰਜੀਤ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦਾ ਗੋਤ ਭਾਵੇਂ ਛੋਕਰ ਸੀ ਪਰ ਨਾਨੀ ਵੱਲੋਂ ਲਾਡ ਨਾਲ ‘ਸੋਢੀ’ ਕਹੇ ਜਾਣ ਕਰ ਕੇ ਉਸ ਦੀ ਪ੍ਰਸਿੱਧੀ ਸੁਰਿੰਦਰ ਸਿੰਘ ਸੋਢੀ ਵਜੋਂ ਹੋਈ। ਸੋਢੀ ਦੇ ਪਿੰਡ ਦੇ ਆਲੇ-ਦੁਆਲੇ ਫੁਟਬਾਲ ਦਾ ਮਾਹੌਲ ਸੀ। ਮੁੱਢਲੀਆਂ ਦੋ-ਤਿੰਨ ਜਮਾਤਾਂ ਗੁਣਾਚੌਰੋਂ ਕਰਕੇ ਛੋਟੇ ਸੋਢੀ ਨੇ ਫੇਰ ਜਲੰਧਰ ਆ ਕੇ ਦੁਆਬਾ ਖਾਲਸਾ ਹਾਇਰ ਸੈਕੰਡਰੀ ਸਕੂਲ ਵਿੱਚ ਦਾਖਲਾ ਲੈ ਲਿਆ। ਇਥੇ ਹੀ ਆ ਕੇ ਉਹ ਹਾਕੀ ਨਾਲ ਜੁੜ ਗਿਆ। ਸਕੂਲ ਪੜ੍ਹਦਿਆਂ ਉਹ ਮੁਹੱਲਾ ਪੱਧਰ ਦੇ ਹਾਕੀ ਮੁਕਾਬਲਿਆਂ ਵਿੱਚ ਹਿੱਸਾ ਲੈਂਦਾ ਸੀ। ਹਾਕੀ ਪ੍ਰਤੀ ਜਾਨੂੰਨ ਉਸ ਦਾ ਇਸ ਕਦਰ ਸੀ ਕਿ ਉਹ ਆਪਣੇ ਸਾਥੀਆਂ ਨੂੰ ਲੈ ਕੇ ਮੁਹੱਲੇ ਦੇ ਜਿਸ ਘਰ ਵੀ ਕਲੀ ਵਾਲੇ ਲੱਗਣੇ, ਉਥੋਂ ਚੂਨਾ ਕੱਢ ਕੇ ਹਾਕੀ ਗਰਾਊਂਡ ਦੀ ਮਾਰਕਿੰਗ ਕਰਨ ਲੱਗ ਜਾਂਦੇ। ਖੁਦ ਹੀ ਗਰਾਊਂਡ ਤਿਆਰ ਕਰਨਾ ਅਤੇ ਫੇਰ ਖੇਡਣਾ। ਉਨ੍ਹਾਂ ਵੇਲਿਆਂ ਦੀ ਹੀ ਸੋਢੀ ਨੇ ਇਕ ਤਸਵੀਰ ਸਾਂਭ ਕੇ ਰੱਖੀ ਹੋਈ ਹੈ ਜਿਸ ਵਿੱਚ ਮੁਹੱਲਾ ਪੱਧਰ ਦਾ ਟੂਰਨਾਮੈਂਟ ਜਿੱਤਣ ਵਾਲੇ ਉਹ ਤੇ ਉਸ ਦੇ ਸਾਥੀ ਟਰਾਫੀ ਅਤੇ ਹਾਕੀਆਂ ਨਾਲ ਦਿਖਾਈ ਦਿੰਦੇ ਹਨ। ਉਹ ਹਾਕੀ, ਫੁਟਬਾਲ ਤੇ ਕ੍ਰਿਕਟ ਸਭ ਖੇਡਾਂ ਖੇਡ ਲੈਂਦਾ ਸੀ। ਹਾਕੀ ਵਿੱਚ ਉਸ ਨੂੰ ਇੰਨੀ ਮੁਹਾਰਤ ਹਾਸਲ ਹੋ ਗਈ ਸੀ ਕਿ ਪੰਜਵੀਂ ਪੜ੍ਹਦਿਆਂ ਹੀ ਉਹ ਵੱਡੇ ਖਿਡਾਰੀਆਂ ਨਾਲੋਂ ਵਧੀਆ ਖੇਡ ਲੈਂਦਾ ਸੀ। ਇਸ ਬਾਰੇ ਉਹ ਕਿੱਸਾ ਦੱਸਦੇ ਹਨ, ”ਮੈਨੂੰ ਜਦੋਂ ਹਾਕੀ ਟੀਮ ਵਿੱਚ ਨਾ ਚੁਣਿਆ ਤਾਂ ਮੈਂ ਗੁੱਸੇ ਵਿੱਚ ਹਾਕੀ ਛੱਡ ਕੇ ਫੁਟਬਾਲ ਖੇਡਣੀ ਸ਼ੁਰੂ ਕਰ ਦਿੱਤੀ। ਖੇਡ ਮੈਂ ਕ੍ਰਿਕਟ ਵੀ ਸਕਦਾ ਸੀ ਪਰ ਸਾਡੇ ਸਕੂਲ ਦੀ ਕ੍ਰਿਕਟ ਟੀਮ ਨਹੀਂ ਸੀ। ਉਸ ਵੇਲੇ ਸਾਈ ਦਾਸ ਸਕੂਲ ਵਿੱਚ ਕ੍ਰਿਕਟ ਦੀ ਟੀਮ ਤਕੜੀ ਹੁੰਦੀ ਸੀ। ਮੇਰੀ ਨਾਰਾਜ਼ਗੀ ਸਾਡੇ ਪੀ.ਟੀ. ਮਾਸਟਰ ਲਹਿੰਬਰ ਦਾਸ ਨੇ ਦੂਰ ਕੀਤੀ। ਉਨ੍ਹਾਂ ਮੈਨੂੰ ਦੱਸਿਆ ਕਿ ਤੈਨੂੰ ਨਾ ਚੁਣਨ ਦਾ ਕਾਰਨ ਤੇਰੀ ਮਾੜੀ ਖੇਡ ਨਹੀਂ ਬਲਕਿ ਤੂੰ ਪੰਜਵੀਂ ਵਿੱਚ ਪੜ੍ਹਦਾ ਹੋਣ ਕਰਕੇ ਨਹੀਂ ਚੁਣਿਆ ਗਿਆ।” ਸਕੂਲੀ ਪੱਧਰੀ ‘ਤੇ ਆਪਣੇ  ਟੀਮ ਦੀ ਕਪਤਾਨੀ ਕਰਦਿਆਂ ਉਸ ਨੇ ਜ਼ਿਲਾ ਚੈਂਪੀਅਨਸ਼ਿਪ ਜਿੱਤੀ। ਹਾਕੀ ਦੇ ਮੱਕਾ ਜਲੰਧਰ ਵਿੱਚ ਜ਼ਿਲਾ ਚੈਂਪੀਅਨ ਬਣਨਾ ਸਟੇਟ ਚੈਂਪੀਅਨ ਤੋਂ ਘੱਟ ਨਹੀਂ ਸੀ।

1975 ਵਿੱਚ 16 ਵਰ੍ਹਿਆਂ ਦੀ ਉਮਰੇ ਸੋਢੀ ਜੂਨੀਅਰ ਭਾਰਤੀ ਹਾਕੀ ਟੀਮ ਵਿੱਚ ਚੁਣਿਆ ਗਿਆ ਜਿੱਥੇ ਉਸ ਨੂੰ ਯੂਰੋਪ ਦਾ ਦੌਰਾ ਕਰਨ ਦਾ ਮੌਕਾ ਮਿਲਿਆ। ਇਸ ਟੂਰ ‘ਤੇ ਉਹ ਟਾਪ ਸਕੋਰਰ ਬਣਿਆ। ਉਸ ਦੀ ਖੇਡ ਇੰਨੀ ਸਲਾਹੀ ਗਈ ਕਿ ਇਸੇ ਸਾਲ ਉਹ ਨਿਊਜ਼ੀਲੈਂਡ ਦਾ ਦੌਰਾ ਕਰਨ ਵਾਲੀ ਭਾਰਤੀ ਸੀਨੀਅਰ ਟੀਮ ਵਿੱਚ ਵੀ ਚੁਣਿਆ ਗਿਆ। ਇਹ ਉਹ ਸਮਾਂ ਸੀ ਜਦੋਂ ਭਾਰਤੀ ਹਾਕੀ ਨੇ ਕੁਆਲਾ ਲੰਪਰ ਵਿਖੇ ਪਹਿਲਾ ਵਿਸ਼ਵ ਕੱਪ ਜਿੱਤਿਆ ਸੀ। ਵਿਸ਼ਵ ਚੈਂਪੀਅਨ ਟੀਮ ਵਿੱਚ ਸੋਲਾਂ ਵਰ੍ਹਿਆਂ ਦੀ ਉਮਰੇ ਚੁਣਿਆ ਜਾਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਇਸ ਤੋਂ ਬਾਅਦ ਉਹ ਚਾਰ ਵਰ੍ਹੇ ਇਕੋ ਸਮੇਂ ਜੂਨੀਅਰ ਤੇ ਸੀਨੀਅਰ ਦੋਵਾਂ ਟੀਮਾਂ ਵੱਲੋਂ ਖੇਡਿਆ। ਹਾਕੀ ਦੇਖਣ ਵਾਲਿਆਂ ਨੂੰ ਵੀ ਭੁਲੇਖਾ ਲੱਗਣਾ ਕਿ ਜੂਨੀਅਰ ਤੇ ਸੀਨੀਅਰ ਟੀਮ ਵੱਲੋਂ ਖੇਡਣ ਵਾਲਾ ਸੁਰਿੰਦਰ ਸਿੰਘ ਸੋਢੀ ਇਕੋ ਹੈ ਜਾਂ ਇਕੋ ਨਾਂ ਵਾਲੇ ਦੋ ਵੱਖ-ਵੱਖ ਖਿਡਾਰੀ ਹਨ। ਸੋਢੀ ਉਤੇ ਖੇਡਣ ਦਾ ਜਾਨੂੰਨ ਇਸ ਕਦਰ ਸੀ ਕਿ ਉਹ ਜਦੋਂ ਕੌਮਾਂਤਰੀ ਮੁਕਾਬਲਿਆਂ ਤੋਂ ਵਿਹਲਾ ਹੁੰਦਾ ਤਾਂ ਕੌਮੀ ਪੱਧਰ ‘ਤੇ ਪੰਜਾਬ ਦੀ ਨੁਮਾਇੰਦਗੀ ਕਰਦਾ। ਇਸ ਦੌਰਾਨ ਉਸ ਨੇ ਲਾਇਲਪੁਰ ਖਾਲਸਾ ਕਾਲਜ ਵਿਖੇ ਦਾਖਲਾ ਲੈ ਲਿਆ। ਇਸੇ ਕਾਲਜ ਨੇ ਅਜੀਤ ਪਾਲ ਸਿੰਘ, ਕਰਤਾਰ ਸਿੰਘ, ਪਰਗਟ ਸਿੰਘ ਜਿਹੇ ਖਿਡਾਰੀ ਵੀ ਪੈਦਾ ਕੀਤੇ ਹਨ।

ਸੋਢੀ ਨੇ 1976 ਵਿੱਚ ਸੀਨੀਅਰ ਭਾਰਤੀ ਟੀਮ ਵੱਲੋਂ ਲਾਹੌਰ ਵਿਖੇ ਕਾਇਦੇ-ਆਜ਼ਮ ਜਿਨਾਹ ਹਾਕੀ ਟੂਰਨਾਮੈਂਟ ਖੇਡਿਆ। 1977 ਵਿੱਚ ਭਾਰਤ ਦੀ ਜੂਨੀਅਰ ਹਾਕੀ ਟੀਮ ਵੱਲੋਂ ਜੂਨੀਅਰ ਵਿਸ਼ਵ ਕੱਪ ਕੁਆਲੀਫਾਇੰਗ ਖੇਡਣ ਗਿਆ ਅਤੇ ਇਸੇ ਸਾਲ ਪੰਜਾਬ ਦੀ ਟੀਮ ਵੱਲੋਂ ਕੌਮੀ ਚੈਂਪੀਅਨਸ਼ਿਪ ਵਿੱਚ ਖੇਡਣ ਗਿਆ। 1978 ਵਿੱਚ ਜਰਮਨੀ ਦੇ ਦੌਰੇ ‘ਤੇ ਗਈ ਜੂਨੀਅਰ ਭਾਰਤੀ ਟੀਮ ਦੀ ਕਪਤਾਨੀ ਉਸ ਨੂੰ ਸੌਂਪ ਦਿੱਤੀ। ਇਸੇ ਸਾਲ ਉਹ ਸੀਨੀਅਰ ਟੀਮ ਵੱਲੋਂ ਆਪਣਾ ਪਹਿਲਾ ਵਿਸ਼ਵ ਕੱਪ ਖੇਡਿਆ। ਅਰਜਨਟਾਈਨਾ ਦੇ ਸ਼ਹਿਰ ਬਿਓਨਸ ਆਇਰਸ ਵਿਖੇ ਚੌਥੇ ਹਾਕੀ ਵਿਸ਼ਵ ਕੱਪ ਵਿੱਚ ਸੋਢੀ ਭਾਰਤੀ ਟੀਮ ਦਾ ਅਹਿਮ ਮੈਂਬਰ ਸੀ। ਵਿਸ਼ਵ ਕੱਪ ਵਿੱਚ ਭਾਰਤੀ ਟੀਮ ਪੂਲ ਮੈਚਾਂ ਵਿੱਚ ਸਿਰਫ ਇੱਕ ਅੰਕ ਨਾਲ ਸੈਮੀ ਫਾਈਨਲ ਖੇਡਣ ਤੋਂ ਖੁੰਝ ਗਈ। ਵਿਸ਼ਵ ਕੱਪ ਦੀ ਕਸਰ ਭਾਰਤੀ ਟੀਮ ਨੇ ਏਸ਼ਿਆਈ ਖੇਡਾਂ ਵਿੱਚ ਕੱਢੀ। 1978 ਵਿੱਚ ਹੀ ਬੈਂਕਾਕ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ। 19 ਵਰ੍ਹਿਆਂ ਦੇ ਸੋਢੀ ਦੀ ਇਹ ਪਹਿਲੀ ਕੌਮਾਂਤਰੀ ਵੱਡੀ ਪ੍ਰਾਪਤੀ ਸੀ। ਸਾਲ 1979 ਵਿੱਚ ਹਾਕੀ ਖੇਡ ਵਿੱਚ ਜੂਨੀਅਰ ਵਿਸ਼ਵ ਕੱਪ ਦੀ ਸ਼ੁਰੂਆਤ ਹੋਈ। ਇਸੇ ਦਹਾਕੇ ਦੀ ਪਹਿਲੇ ਸਾਲ 1971 ਵਿੱਚ ਪਹਿਲਾ ਸੀਨੀਅਰ ਵਿਸ਼ਵ ਕੱਪ ਖੇਡਿਆ ਗਿਆ ਸੀ ਅਤੇ ਦਹਾਕੇ ਦੇ ਅਖਰੀਲੇ ਸਾਲਾਂ ਵਿੱਚ ਫਰਾਂਸ ਦੇ ਸਹਿਰ ਵਰਸੇਲਜ਼ ਵਿਖੇ ਪਹਿਲਾ ਜੂਨੀਅਰ ਵਿਸ਼ਵ ਕੱਪ ਖੇਡਿਆ ਗਿਆ। ਜੂਨੀਅਰ ਵਰਗ ਵਿੱਚ ਸੋਢੀ ਦਾ ਇਹ ਆਖਰੀ ਵਰ੍ਹਾ ਸੀ ਅਤੇ ਉਸ ਨੇ ਇਸ ਟੂਰਨਾਮੈਂਟ ਵਿੱਚ ਹਿੱਸਾ ਲਿਆ। ਉਸ ਵੇਲੇ ਲੋਕੀਂ ਕਹਿਣ ਲੱਗੇ ਕਿ ਸੋਢੀ ਨੇ ਬੀ.ਏ. ਦੀ ਡਿਗਰੀ ਦਸਵੀਂ ਕਲਾਸ ਤੋਂ ਪਹਿਲਾ ਕਰ ਲਈ। ਸੀਨੀਅਰ ਵਿਸ਼ਵ ਕੱਪ ਖੇਡਣ ਤੋਂ ਬਾਅਦ ਉਹ ਜੂਨੀਅਰ ਵਿਸ਼ਵ ਕੱਪ ਖੇਡਿਆ।

ਸੁਰਿੰਦਰ ਸਿੰਘ ਸੋਢੀ ਲਈ 1980 ਦਾ ਵਰ੍ਹਾ ਬਹੁਤ ਯਾਦਗਾਰੀ ਸੀ। ਭਾਰਤੀ ਹਾਕੀ ਲਈ ਇਹ ਵਰ੍ਹਾ ਨਾ ਭੁੱਲਣਯੋਗ ਹੈ। ਉਹ ਵੀ ਮਿੱਠੀ ਤੇ ਕੌੜੀ ਯਾਦ ਵਜੋਂ। ਭਾਰਤ ਨੇ ਓਲੰਪਿਕ ਖੇਡਾਂ ਵਿੱਚ ਆਪਣਾ ਅੱਠਵਾਂ ਅਤੇ ਕੁੱਲ ਮਿਲਾ ਕੇ 11ਵਾਂ ਤਮਗਾ ਇਸੇ ਸਾਲ ਮਾਸਕੋ ਓਲੰਪਿਕਸ ਵਿੱਚ ਜਿੱਤਿਆ। ਇਸ ਤੋਂ ਬਾਅਦ ਭਾਰਤੀ ਟੀਮ ਕੋਈ ਤਮਗਾ ਨਹੀਂ ਜਿੱਤ ਸਕੀ। ਮਾਸਕੋ ਵਿਖੇ ਸੋਢੀ ਦੀ ਸਟਿੱਕ ਦਾ ਜਾਦੂ ਵੀ ਪੂਰੇ ਸ਼ਬਾਬ ‘ਤੇ ਸੀ। ਸੋਢੀ ਨੇ ਭਾਰਤ ਦੇ ਪਹਿਲੇ ਹੀ ਮੈਚ ਵਿੱਚ ਤਨਜ਼ਾਨੀਆ ਖਿਲਾਫ ਪੰਜ ਗੋਲ ਕਰ ਦਿੱਤੇ ਜਿਨ੍ਹਾਂ ਵਿੱਚ ਸਭ ਤੋਂ ਤੇਜ਼ ਹੈਟ੍ਰਿਕ ਵੀ ਸ਼ਾਮਲ ਸੀ। ਸੋਢੀ ਹੁਰੀਂ ਹੁਣ ਵੀ ਉਸ ਮੈਚ ਦੀਆਂ ਯਾਦਾਂ ਸੁਣਾਉਂਦੇ ਹਨ, ”ਪਹਿਲੇ ਹੀ ਮੈਚ ਵਿੱਚ ਮੈਂ ਜਦੋਂ ਗੋਲ ਕੀਤੇ ਤਾਂ ਇਕ ਆਰਟਿਸਟ ਨੇ ਮੇਰਾ ਸਕੈਚ ਬਣਾਇਆ ਜਿਸ ਨੂੰ ਹਾਕੀ ਸਟੇਡੀਅਮ ਦੀ ਮੇਨ ਲਾਬੀ ਦੇ ਬੋਰਡ ਉਪਰ ਵੀ ਲਗਾ ਦਿੱਤਾ ਗਿਆ। ਪੂਰੀ ਓਲੰਪਿਕਸ ਉਹ ਸਕੈਚ ਲੱਗਿਆ ਰਿਹਾ।” ਮਾਸਕੋ ਵਿਖੇ ਸੋਢੀ ਦੀ ਗੁੱਡੀ ਮੈਚ ਦਰ ਮੈਚ ਚੜ੍ਹਦੀ ਗਈ। ਉਹ ਹਾਕੀ ਮੈਚ ਵਿੱਚ ਇੰਝ ਗੋਲ ਕਰਦਾ ਜਿਵੇਂ ਕੋਈ ਟੈਸਟ ਕ੍ਰਿਕਟਰ ਵਿਕਟਾਂ ਲੈ ਰਿਹਾ ਹੋਵੇ। ਕਿਊਬਾ ਖਿਲਾਫ ਮੈਚ ਵਿੱਚ ਉਸ ਨੇ ਚਾਰ ਗੋਲ ਕੀਤੇ। ਲੀਗ ਮੈਚ ਵਿੱਚ ਸਪੇਨ ਨਾਲ 2-2 ਦੀ ਬਰਾਬਰੀ ਵਾਲੇ ਮੈਚ ਵਿੱਚ ਦੋਵੇਂ ਗੋਲ ਸੋਢੀ ਦੇ ਸਨ। ਮੇਜ਼ਬਾਨ ਮੁਲਕ ਸੋਵੀਅਤ ਸੰਘ ਨੂੰ ਹਰਾਉਣ ਵਿੱਚ ਸੋਢੀ ਦੇ ਇਕ ਗੋਲ ਦਾ ਯੋਗਦਾਨ ਸੀ। ਸਪੇਨ ਖਿਲਾਫ ਫਾਈਨਲ ਮੈਚ ਭਾਰਤ ਨੇ ਬਹੁਤ ਹੀ ਫਸਵੇਂ ਮੁਕਾਬਲੇ ਵਿੱਚ 4-3 ਨਾਲ ਜਿੱਤਿਆ ਜਿਸ ਵਿੱਚ ਦੋ ਗੋਲ ਸੁਰਿੰਦਰ ਸਿੰਘ ਸੋਢੀ ਦੀ ਸਟਿੱਕ ਨਾਲ ਹੋਏ। ਸੋਢੀ ਨੇ ਪਹਿਲੇ ਅੱਧ ਵਿੱਚ 24ਵੇਂ ਤੇ 30ਵੇਂ ਮਿੰਟ ਵਿੱਚ ਦੋ ਗੋਲਾਂ ਦੀ ਲੀਡ ਦਿਵਾਈ ਅਤੇ ਅੰਤ ਤੱਕ ਲੀਡ ਨਾ ਟੁੱਟਣ ਦਿੱਤੀ। ਭਾਰਤ ਅੱਠਵੀਂ ਵਾਰ ਓਲੰਪਿਕ ਚੈਂਪੀਅਨ ਬਣਿਆ। ਸੋਢੀ ਨੇ 15 ਗੋਲ ਕਰ ਕੇ ਊਧਮ ਸਿੰਘ ਦੀ ਬਰਾਬਰੀ ਕੀਤੀ। ਸੋਢੀ ਦੇ ਸੁਨਿਹਰੀ ਰਿਕਾਰਡ ‘ਤੇ ਸਾੜਾ ਕਰਨ ਵਾਲੇ ਕਹਿੰਦੇ ਹਨ ਕਿ ਮਾਸਕੋ ਓਲੰਪਿਕਸ ਵਿੱਚ ਅਮਰੀਕੀ ਪੱਖੀ ਮੁਲਕਾਂ ਦੇ ਬਾਈਕਾਟ ਕਰਕੇ ਭਾਰਤ ਨੇ ਤਮਗਾ ਜਿੱਤਿਆ। ਪਰ ਸੋਢੀ ਦੇ ਪ੍ਰਸੰਸਕ ਅਤੇ ਉਸ ਨੂੰ ਚਾਹੁਣ ਵਾਲੇ ਕਹਿੰਦੇ ਹਨ ਕਿ ਓਲੰਪਿਕ ਸੋਨ ਤਮਗੇ ਤਾਂ ਇਕ ਪਾਸੇ ਕੋਈ ਖਿਡਾਰੀ ਜ਼ਿਲੇ ਦੇ ਟੂਰਨਾਮੈਂਟ ਵਿੱਚ ਵੀ 15 ਗੋਲ ਕਰ ਕੇ ਦਿਖਾਏ। ਇਸ ਤੋਂ ਇਲਾਵਾ ਇਹ ਤਾਂ ਖੇਡਾਂ ਦਾ ਹਿੱਸਾ ਹੈ। ਜੇ ਇਹੋ ਗੱਲ ਸੀ ਤਾਂ 1984 ਵਿੱਚ ਲਾਸ ਏਂਜਲਸ ਵਿਖੇ ਰੂਸ ਪੱਖੀ ਮੁਲਕਾਂ ਦਾ ਬਾਈਕਾਟ ਸੀ, ਉਦੋਂ ਨਹੀਂ ਸੋਨੇ ਦਾ ਤਮਗਾ ਜਿੱਤਿਆ ਗਿਆ। ਫੇਰ ਤਾਂ ਧਿਆਨ ਚੰਦ ਦੇ ਜ਼ਮਾਨੇ ਦੇ ਤਮਗਿਆਂ ਉਤੇ ਵੀ ਸਵਾਲ ਉਠੇਗਾ ਕਿਉਂਕਿ 1932 ਦੀਆਂ ਓਲੰਪਿਕ ਖੇਡਾਂ ਵਿੱਚ ਤਾਂ ਸਿਰਫ ਤਿੰਨ ਟੀਮਾਂ ਨੇ ਹੀ ਹਿੱਸਾ ਲਿਆ ਸੀ। ਮਾਸਕੋ ਓਲੰਪਿਕਸ ਦੀ ਜਿੱਤ ਭਾਰਤੀ ਹਾਕੀ ਦੇ ਸੁਨਹਿਰੀ ਯੁੱਗ ਦੀ ਆਖਰੀ ਨਿਸ਼ਾਨੀ ਹੈ।

ਸੋਢੀ ਨੇ ਉਸ ਤੋਂ ਬਾਅਦ ਬੰਬਈ ਦਾ ਹਾਕੀ ਵਿਸ਼ਵ ਕੱਪ ਖੇਡਿਆ। ਮਲੇਸ਼ੀਆ ਵਿਖੇ ਚਾਰ ਦੇਸ਼ੀ ਟੂਰਨਾਮੈਂਟ, ਯੂਰੋਪ ਦਾ ਦੌਰਾ ਅਤੇ ਸੋਵੀਅਤ ਸੰਘ ਨਾਲ ਟੈਸਟ ਮੈਚ ਖੇਡੇ। ਸੋਵੀਅਤ ਸੰਘ ਦੀ ਟੀਮ ਭਾਰਤ ਖੇਡਣ ਆਈ ਹੋਈ ਸੀ। ਭਾਰਤੀ ਟੀਮ ਲਖਨਊ ਵਿਖੇ ਖੇਡਿਆ ਪਹਿਲਾ ਮੈਚ ਇਕ ਗੋਲ ਨਾਲ ਹਾਰ ਗਈ। ਅਗਲੇ ਤਿੰਨ ਮੈਚ ਪੰਜਾਬ ਵਿੱਚ ਖੇਡੇ ਜਾਣੇ ਸਨ। ਜਲੰਧਰ ਤੇ ਫਿਰੋਜ਼ਪੁਰ ਵਿਖੇ ਖੇਡੇ ਮੈਚ ਭਾਰਤੀ ਟੀਮ ਨੇ ਜਿੱਤ ਲਏ। ਮੇਜ਼ਬਾਨ ਟੀਮ ਨੂੰ 2-1 ਦੀ ਲੀਡ ਮਿਲ ਗਈ। ਦੋਵਾਂ ਜਿੱਤਾਂ ਵਿੱਚ ਸੋਢੀ ਦਾ ਹੀ ਵੱਡਾ ਯੋਗਦਾਨ ਸੀ। ਜਲੰਧਰ ਵਿਖੇ ਭਾਰਤੀ ਟੀਮ ਵੱਲੋਂ ਕੀਤੇ ਪੰਜ ਗੋਲਾਂ ਵਿੱਚੋਂ ਚਾਰ ਅਤੇ ਫਿਰੋਜ਼ਪੁਰ ਵਿਖੇ ਤਿੰਨ ਗੋਲਾਂ ਵਿੱਚੋਂ ਦੋ ਗੋਲ ਸੋਢੀ ਨੇ ਕੀਤੇ। ਚੌਥਾ ਮੈਚ ਲੁਧਿਆਣਾ ਵਿਖੇ ਖੇਡਿਆ ਜਾਣਾ ਸੀ। ਉਸ ਮੈਚ ਵਿੱਚ ਕੋਚ ਹਰਮੀਕ ਸਿੰਘ ਨੇ ਸੋਚਿਆ ਕਿ ਸੁਖਬੀਰ ਗਰੇਵਾਲ ਲੋਕਲ ਖਿਡਾਰੀ ਹੈ, ਇਸੇ ਕਰਕੇ ਉਨ੍ਹਾਂ ਸੋਢੀ ਦੀ ਥਾਂ ਸੁਖਬੀਰ ਗਰੇਵਾਲ ਨੂੰ ਟੀਮ ਵਿੱਚ ਪਾ ਲਿਆ। ਭਾਰਤੀ ਟੀਮ ਇਕ ਗੋਲ ਨਾਲ ਪਛੜਨ ਲੱਗੀ। ਭਾਰਤ ਨੂੰ ਟੈਸਟ ਲੜੀ ਜਿੱਤਣ ਲਈ ਘੱਟੋ-ਘੱਟ ਡਰਾਅ ਜ਼ਰੂਰੀ ਸੀ। ਟੀਮ ਮੈਨੇਜਮੈਂਟ ਨੇ ਆਖਰ ਸੋਢੀ ਨੂੰ ਗਰਾਊਂਡ ਵਿੱਚ ਉਤਾਰਿਆ ਅਤੇ ਅੱਗੇ ਸੋਢੀ ਨੇ ਵੀ ਆਪਣਾ ਜਲਵਾ ਨਾਲ ਹੀ ਦਿਖਾਉਂਦਿਆਂ ਦੋ ਗੋਲ ਕਰ ਦਿੱਤੇ। ਭਾਰਤੀ ਟੀਮ ਨੇ ਮੈਚ 3-2 ਨਾਲ ਜਿੱਤ ਲਿਆ।

1982 ਦਾ ਵਰ੍ਹਾ ਸੁਰਿੰਦਰ ਸਿੰਘ ਸੋਢੀ ਅਤੇ ਭਾਰਤੀ ਹਾਕੀ ਲਈ ਹਲਚਲ ਵਾਲਾ ਰਿਹਾ। ਸੋਢੀ 23 ਵਰ੍ਹਿਆਂ ਦੀ ਉਮਰੇ ਭਾਰਤੀ ਟੀਮ ਦਾ ਕਪਤਾਨ ਬਣਾ ਦਿੱਤਾ। ਹਾਲੈਂਡ ਦੇ ਸ਼ਹਿਰ ਐਮਸਟਰਡਮ ਵਿਖੇ ਚੈਂਪੀਅਨਜ਼ ਟਰਾਫੀ ਖੇਡੀ ਗਈ। ਚੈਂਪੀਅਨਜ਼ ਟਰਾਫੀ ਹਾਕੀ ਦਾ ਸਭ ਤੋਂ ਔਖਾ ਟੂਰਨਾਮੈਂਟ ਸਮਝਿਆ ਗਿਆ ਹੈ ਜਿਸ ਵਿੱਚ ਸਿਰਫ ਸਿਖਰਲੀਆਂ ਛੇ ਟੀਮਾਂ ਹੀ ਹਿੱਸਾ ਲੈਂਦੀਆਂ ਹਨ। ਕੋਈ ਵੀ ਮੈਚ ਸੌਖਾ ਨਹੀਂ ਹੁੰਦਾ ਅਤੇ ਇਕ ਵਾਰ ਪਿੱਛੇ ਰਹਿਣ ਤੋਂ ਬਾਅਦ ਵਾਪਸੀ ਦਾ ਮੌਕਾ ਨਹੀਂ ਮਿਲਦਾ। ਇਸ ਟੂਰਨਾਮੈਂਟ ਦੀ ਸ਼ੁਰੂਆਤ 1978 ਵਿੱਚ ਲਾਹੌਰ ਤੋਂ ਹੋਈ ਸੀ ਜਿਸ ਨੂੰ ਸ਼ੁਰੂ ਕਰਨ ਦਾ ਸਿਹਰਾ ਪਾਕਿਸਤਾਨ ਹਾਕੀ ਦੇ ਪਿਤਾਮਾ ਕਹੇ ਜਾਂਦੇ ਕਰਨਲ ਏ.ਐਸ.ਦਾਰਾ ਨੂੰ ਜਾਂਦਾ ਹੈ। ਐਮਸਟਰਡਮ ਵਿਖੇ ਨੌਜਵਾਨ ਕਪਤਾਨ ਦੀ ਅਗਵਾਈ ਵਿੱਚ ਭਾਰਤੀ ਟੀਮ ਪੂਰੇ ਜੋਸ਼ ਨਾਲ ਉਤਰੀ। ਸੁਰਿੰਦਰ ਸਿੰਘ ਸੋਢੀ ਨੇ ਲੀਡ ਕਰਦਿਆਂ ਭਾਰਤ ਨੂੰ ਕਾਂਸੀ ਦਾ ਤਮਗਾ ਜਿਤਾਇਆ। ਇਸ ਟੂਰਨਾਮੈਂਟ ਵਿੱਚ ਇਹ ਭਾਰਤੀ ਟੀਮ ਦਾ ਪਹਿਲਾ ਤਮਗਾ ਸੀ ਅਤੇ ਇਸ ਤੋਂ ਬਾਅਦ ਭਾਰਤੀ ਟੀਮ ਨੂੰ ਦੂਜਾ ਤਮਗਾ 2016 ਵਿੱਚ ਨਸੀਬ ਹੋਇਆ ਸੀ ਜਦੋਂ ਲੰਡਨ ਵਿਖੇ ਭਾਰਤ ਨੇ ਚਾਂਦੀ ਦਾ ਤਮਗਾ ਜਿੱਤਿਆ ਸੀ। ਭਾਰਤ ਲਈ ਸਭ ਤੋਂ ਅਹਿਮ ਮੈਚ ਪਾਕਿਸਤਾਨ ਖਿਲਾਫ ਸੀ ਜਿਸ ਵਿੱਚ ਭਾਰਤ ਨੇ 5-4 ਨਾਲ ਜਿੱਤ ਹਾਸਲ ਕੀਤੀ। ਪੰਜਵਾਂ ਗੋਲ ਸੋਢੀ ਨੇ 59ਵੇਂ ਮਿੰਟ ਵਿੱਚ ਕੀਤਾ ਜੋ ਅੰਤ ਵਿੱਚ ਨਿਰਣਾਇਕ ਸਾਬਤ ਹੋਇਆ। ਇਸੇ ਗੋਲ ਬਦੌਲਤ ਭਾਰਤੀ ਟੀਮ ਨੇ ਤਮਗਾ ਜਿੱਤਿਆ। ਹਾਕੀ ਪ੍ਰੇਮੀ ਭਲੀਭਾਂਤ ਜਾਣਦੇ ਹਨ ਕਿ 2002, 2003 ਤੇ 2004 ਵਿੱਚ ਭਾਰਤੀ ਟੀਮ ਲਗਾਤਾਰ ਤਿੰਨ ਵਾਰ ਪਾਕਿਸਾਨ ਹੱਥੋਂ ਹਾਰ ਕੇ ਚੌਥੇ ਸਥਾਨ ‘ਤੇ ਰਹੀ ਅਤੇ ਤਿੰਨੋਂ ਮੌਕਿਆਂ ਤੋਂ ਪਾਕਿਸਤਾਨ ਤਰਫੋਂ ਜੇਤੂ ਗੋਲ ਰੇਹਾਨ ਬੱਟ ਕਰਦਾ ਰਿਹਾ। ਉਸ ਵੇਲੇ ਰੇਹਾਨ ਬੱਟ ਨੂੰ ਪਾਕਿਸਤਾਨ ਦਾ ਸੁਰਿੰਦਰ ਸਿੰਘ ਸੋਢੀ ਆਖਿਆ ਗਿਆ।

ਚੈਂਪੀਅਨਜ਼ ਟਰਾਫੀ ਤੋਂ ਕੁਝ ਮਹੀਨਿਆਂ ਬਾਅਦ ਹੀ ਨਵੀਂ ਦਿੱਲੀ ਵਿਖੇ ਨੌਵੀਆਂ ਏਸ਼ਿਆਈ ਖੇਡਾਂ ਹੋਈਆਂ। ਹਾਕੀ ਦੇ ਫਾਈਨਲ ਵਿੱਚ ਭਾਰਤ ਨੂੰ ਪਾਕਿਸਤਾਨ ਹੱਥੋਂ 1-7 ਦੀ ਨਮੋਸ਼ੀ ਪੂਰਨ ਹਾਰ ਮਿਲੀ। ਫਰਕ ਸਿਰਫ ਸੁਰਿੰਦਰ ਸਿੰਘ ਸੋਢੀ ਦਾ ਹੀ ਸੀ। ਚੈਂਪੀਅਨਜ਼ ਟਰਾਫੀ ਵਿੱਚ ਝੰਡੇ ਗੱਡਣ ਵਾਲੀ ਟੀਮ ਦਾ ਕਪਤਾਨ ਸੋਢੀ ਏਸ਼ਿਆਈ ਖੇਡਾਂ ਦੀ ਟੀਮ ਵਿੱਚੋਂ ਬਾਹਰ ਕਰ ਦਿੱਤਾ ਗਿਆ। ਜਿਸ ਪਾਕਿਸਤਾਨ ਨੂੰ ਭਾਰਤ ਨੇ ਚੈਂਪੀਅਨਜ਼ ਟਰਾਫੀ ਵਿੱਚ ਹਰਾਇਆ, ਉਸੇ ਹੱਥੋਂ ਭਾਰਤੀ ਟੀਮ ਆਪਣੇ ਵਿਹੜੇ ਵਿੱਚ ਬੁਰੀ ਤਰ੍ਹਾਂ ਹਾਰੀ। ਏਸ਼ਿਆਈ ਖੇਡਾਂ ਦੀ ਟੀਮ ਦੇ ਕੋਚ ਰਹੇ ਕਰਨਲ ਬਲਬੀਰ ਸਿੰਘ ਆਪਣੀ ਸਵੈ ਜੀਵਨੀ ‘ਐਨ ਓਲੰਪਿਕ ਮੈਡਲ-ਦਾ ਕਰਨਲਜ਼ ਡੈਡਲੀ ਸਕੂਪ’ ਵਿੱਚ ਲਿਖਦੇ ਹਨ ਕਿ ਸੁਰਿੰਦਰ ਸਿੰਘ ਸੋਢੀ ਨੂੰ ਭਾਰਤੀ ਟੀਮ ਵਿੱਚੋਂ ਬਾਹਰ ਕਰਨ ਦਾ ਖਮਿਆਜ਼ਾ ਹਾਰ ਦੇ ਰੂਪ ਵਿੱਚ ਭੁਗਤਣਾ ਪਿਆ। ਖੇਡਾਂ ਤੇ ਖਿਡਾਰੀਆਂ ਨੂੰ ਡੂੰਘਾਈ ਨਾਲ ਜਾਣਨ ਅਤੇ ਪਿਆਰ ਕਰਨ ਵਾਲੇ ਸਾਬਕਾ ਡੀ.ਜੀ.ਪੀ. ਰਾਜਦੀਪ ਸਿੰਘ ਗਿੱਲ ਦੱਸਦੇ ਹਨ ਕਿ ਜਦੋਂ ਫਾਈਨਲ ਖੇਡਿਆ ਗਿਆ ਤਾਂ ਉਹ ਉਸ ਵੇਲੇ ਹਾਕੀ ਸਟੇਡੀਅਮ ਵਿੱਚ ਸਨ ਅਤੇ ਹਾਰਨ ਤੋਂ ਬਾਅਦ ਹਰੇਕ ਦੀ ਜ਼ੁਬਾਨ ਉਤੇ ਇਹੋ ਗੱਲ ਸੀ ਕਿ ਜੇ ਸੋਢੀ ਹੁੰਦਾ ਤਾਂ ਨਤੀਜਾ ਹੋਰ ਹੁੰਦਾ। ਉਸ ਵੇਲੇ ਭਾਰਤੀ ਟੀਮ ਦੀ ਮੈਨੇਜਮੈਂਟ ਵਿੱਚ ਦੋ ਬਲਬੀਰ ਸਿੰਘ। ਬਲਬੀਰ ਸਿੰਘ ਸੀਨੀਅਰ ਤੇ ਕਰਨਲ ਬਲਬੀਰ ਸਿੰਘ। ਉਸ ਵੇਲੇ ਭਾਰਤੀ ਹਾਕੀ ਫੈਡਰੇਸ਼ਨ ਦੇ ਮੁਖੀ ਇੰਦਰ ਮੋਹਨ ਮਹਾਜਨ ਤੇ ਬਲਬੀਰ ਸਿੰਘ ਸੀਨੀਅਰ ਦੀ ਆਪਸ ਵਿੱਚ ਬਣਦੀ ਨਹੀਂ ਸੀ। ਬਲਬੀਰ ਸਿੰਘ ਸੀਨੀਅਰ ਸੋਢੀ ਨੂੰ ਟੀਮ ਵਿੱਚ ਰੱਖਣ ਦੇ ਹੱਕ ਵਿੱਚ ਸਨ ਅਤੇ ਫੈਡਰੇਸ਼ਨ ਨੇ ਚੰਗਾ ਭਲਿਆ ਬਣਿਆ ਭਾਰਤੀ ਹਾਕੀ ਦਾ ਸੈਟ ਖਰਾਬ ਕਰਦਿਆਂ ਸੋਢੀ ਬਾਹਰ ਕਰ ਦਿੱਤਾ। ਉਸ ਤੋਂ ਬਾਅਦ ਭਾਰਤੀ ਹਾਕੀ ਦਾ ਜੋ ਹਸ਼ਰ ਹੋਇਆ, ਉਹ ਸਭ ਦੇ ਸਾਹਮਣੇ ਹੈ। ਸ਼ਾਹਰੁਖ ਖਾਨ ਦੀ ਮਸ਼ਹੂਰ ਫਿਲਮ ‘ਚੱਕ ਦੇ ਇੰਡੀਆ’ ਫਿਲਮ ਨੂੰ ਬਣਾਉਣ ਦਾ ਸਬੱਬ ਇਹੋ ਹਾਰ ਬਣੀ ਸੀ। 23 ਵਰ੍ਹਿਆਂ ਦੀ ਉਮਰੇ ਜਦੋਂ ਖਿਡਾਰੀ ਆਪਣਾ ਕਰੀਅਰ ਸ਼ੁਰੂ ਕਰਦੇ ਹਨ ਤਾਂ ਸੋਢੀ ਦਾ ਇੰਟਰਨੈਸ਼ਨਲ ਕਰੀਅਰ ਖਤਮ ਹੋ ਗਿਆ। ਉਹ ਘੱਟੋ-ਘੱਟ 1988 ਦੀਆਂ ਸਿਓਲ ਓਲੰਪਿਕਸ ਤੱਕ ਖੇਡ ਸਕਦਾ ਸੀ।

1984 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਵੇਲੇ ਭਾਰਤੀ ਹਾਕੀ ਟੀਮ ਦਾ ਜਦੋਂ ਕੈਂਪ ਲੱਗਿਆ ਸੀ ਤਾਂ ਸੁਰਿੰਦਰ ਸਿੰਘ ਸੋਢੀ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ ਫਿਲੌਰ ਵਿਖੇ ਟਰੇਨਿੰਗ ਲੈ ਰਿਹਾ ਸੀ। ਉਸ ਵੇਲੇ ਕੋਚ ਬਾਲ ਕ੍ਰਿਸ਼ਨ ਸਿੰਘ ਨੇ ਮਾਸਕੋ ਓਲੰਪਿਕਸ ਵਿੱਚ ਸੋਢੀ ਦੇ ਸਾਥੀ ਰਹੇ ਗੁਰਮੇਲ ਸਿੰਘ ਗੇਲੀ ਨੂੰ ਸੋਢੀ ਨੂੰ ਮਨਾਉਣ ਲਈ ਭੇਜਿਆ ਪਰ ਸੋਢੀ ਨਾ ਮੰਨਿਆ। ਇਕ ਵਾਰ ਆਪਣੇ ਨਾਲ ਹੋਏ ਧੱਕੇ ਤੋਂ ਬਾਅਦ ਉਸ ਨੇ ਸਾਰਾ ਧਿਆਨ ਘਰੇਲੂ ਮੁਕਾਬਲਿਆਂ ਅਤੇ ਆਪਣੀ ਨੌਕਰੀ ਵੱਲ ਕੇਂਦਰਿਤ ਕਰ ਲਿਆ ਸੀ। ਸੋਢੀ ਨੇ ਪੰਜਾਬ ਤੇ ਪੰਜਾਬ ਪੁਲਿਸ ਦੀ ਵੀ ਸਭ ਤੋਂ ਵੱਧ ਸੇਵਾ ਕੀਤੀ। ਉਸ ਦੇ ਹੁੰਦਿਆਂ ਪੰਜਾਬ ਨੇ ਲਗਾਤਾਰ ਤਿੰਨ ਸਾਲ (1981, 1982 ਤੇ 1983) ਕੌਮੀ ਚੈਂਪੀਅਨ ਬਣ ਕੇ ਹੈਟ੍ਰਿਕ ਬਣਾਈ। ਇਸ ਤੋਂ ਬਾਅਦ ਹੈਟ੍ਰਿਕ ਤਾਂ ਦੂਰ ਦੀ ਗੱਲ ਪੰਜਾਬ ਦੀ ਟੀਮ ਇਕ ਵਾਰ ਜਿੱਤਣ ਨੂੰ ਤਰਸਦੀ ਰਹੀ। ਪੰਜਾਬ ਪੁਲਿਸ ਵੱਲੋਂ ਡੇਢ ਦਹਾਕਾ ਖੇਡਣ ਵਾਲੇ ਸੋਢੀ ਕੁੱਲ ਹਿੰਦ ਪੁਲਿਸ ਖੇਡਾਂ ਵਿੱਚ 11 ਸੋਨੇ ਦੇ ਤਮਗੇ ਜਿੱਤੇ। ਨਹਿਰੂ ਹਾਕੀ ਖੇਡਦਿਆਂ ਇਕ ਵਾਰ ਸੋਢੀ ਦੇ ਦੰਦ ਵੀ ਟੁੱਟੇ, ਇਕ ਵਾਰ ਬੁੱਲ ਉਤੇ ਵੀ ਹਾਕੀ ਲੱਗੀ ਪਰ ਇਸ ਸਿਰੜੀ ਖਿਡਾਰੀ ਨੇ ਫੇਰ ਵੀ ਪ੍ਰਵਾਹ ਨਹੀਂ ਕੀਤੀ। ਨਹਿਰੂ ਹਾਕੀ ਵਿੱਚ ਇਕੇਰਾਂ ਸੀ.ਆਰ.ਪੀ.ਐਫ. ਖਿਲਾਫ ਸੈਮੀ ਫਾਈਨਲ ਵਿੱਚ ਲਗਾਈ ਹੈਟ੍ਰਿਕ ਨੂੰ ਉਹ ਸਭ ਤੋਂ ਯਾਦਗਾਰੀ ਮੈਚ ਮੰਨਦੇ ਹਨ। ਅਜੋਕੇ ਸਮੇਂ ਚੱਲਦੀਆਂ ਲੀਗਾਂ ਵਾਂਗ ਉਸ ਵੇਲੇ ਦੇਸ਼ ਦੇ ਚੋਟੀ ਦੇ ਖਿਡਾਰੀਆਂ ਨੂੰ ਪੰਜਾ ਜ਼ੋਨਾਂ ਵਿੱਚ ਵੰਡ ਕੇ ਅੰਤਰ ਜ਼ੋਨਲ ਟੂਰਨਾਮੈਂਟ ਸ਼ੁਰੂ ਕੀਤਾ। ਸੋਢੀ ਉਥੇ ਵੀ ਟਾਪ ਸਕੋਰਰ ਬਣਿਆ।

ਸੋਢੀ ਨੇ ਹਾਕੀ ਦੇ ਨਾਲ ਪੰਜਾਬ ਪੁਲਿਸ ਵਿੱਚ ਵੱਡੇ ਅਹੁਦਿਆਂ ਤੱਕ ਤਰੱਕੀਆਂ ਹਾਸਲ ਕੀਤੀਆਂ। ਨਵਾਂਸ਼ਹਿਰ ਜ਼ਿਲੇ ਦ ਉਨ੍ਹਾਂ ਨੂੰ ਜਦੋਂ ਐਸ.ਐਸ.ਪੀ. ਲਗਾਇਆ ਗਿਆ ਤਾਂ ਉਹ ਇਹ ਮਾਣ ਹਾਸਲ ਕਰਨ ਵਾਲੇ ਦੇਸ਼ ਦੇ ਪਹਿਲੇ ਹਾਕੀ ਓਲੰਪੀਅਨ ਬਣੇ। ਫਰੀਦਕੋਟ ਜ਼ਿਲੇ ਦੇ ਵੀ ਉਹ ਐਸ.ਐਸ.ਪੀ. ਰਹੇ। ਲੰਬਾ ਸਮਾਂ ਪੀ.ਏ.ਪੀ. ਵਿੱਚ ਬਟਾਲੀਅਨ ਦੇ ਕਮਾਂਡੈਂਟ ਵਜੋਂ ਵੀ ਸੇਵਾਵਾਂ ਨਿਭਾਈਆਂ। ਡੀ.ਆਈ.ਜੀ. ਕਾਊਂਟਰ ਇੰਟੈਲੀਜੈਂਸ ਦੇ ਅਹੁਦੇ ‘ਤੇ ਰਹੇ। ਸੇਵਾ ਮੁਕਤੀ ਵੇਲੇ ਉਹ ਆਈ.ਜੀ. ਰੇਲਵੇ ਅਹੁਦੇ ‘ਤੇ ਪੋਸਟਡ ਸਨ। ਇਸ ਦੌਰਾਨ ਉਹ ਪੰਜਾਬ ਹਾਕੀ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਰਹੇ। ਹਾਕੀ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਉਨ੍ਹਾਂ ਤਿੰਨ ਵੱਡੇ ਟੂਰਨਾਮੈਂਟ ਵੀ ਸ਼ੁਰੂ ਕਰਵਾਏ। ਹਾਕੀ ਦੀ ਪਹਿਲੀ ਪ੍ਰੋਫੈਸ਼ਨਲ ਲੀਗ ਪੀ.ਐਚ.ਐਲ. ਦੀ ਅਹਿਮ ਟੀਮ ਸ਼ੇਰ-ਏ-ਜਲੰਧਰ ਦੇ ਉਹ ਕੋਚ ਰਹੇ। ਗੌਲਫ ਖੇਡਣ ਲੱਗੇ ਤਾਂ ਉਥੇ ਵੀ ਚੈਂਪੀਅਨ ਬਣੇ। ਖੇਡਾਂ ਨੂੰ ਸਮਰਪਿਤ ਸੋਢੀ ਹੁਰੀਂ ਪੰਜਾਬ ਵੁਸ਼ੂ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਭਾਰਤੀ ਵੁਸ਼ੂ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਰਹੇ। ਭਾਰਤ ਸਰਕਾਰ ਨੇ 1998 ਵਿੱਚ ਸੋਢੀ ਨੂੰ ਅਰਜੁਨਾ ਐਵਾਰਡ ਨਾਲ ਸਨਮਾਨਤ ਕੀਤਾ। ਹਾਲਾਂਕਿ ਉਹ ਇਸ ਤੋਂ ਵੀ ਵੱਡੇ ਸਨਮਾਨਾਂ ਦੇ ਹੱਕਦਾਰ ਸਨ। ਅਰਜੁਨਾ ਐਵਾਰਡ ਵੀ ਉਨ੍ਹਾਂ ਨੂੰ ਖੇਡ ਛੱਡਣ ਦੇ 16 ਸਾਲਾਂ ਬਾਅਦ ਮਿਲਿਆ। ਉਨ੍ਹਾਂ ਕਦੇ ਕੋਈ ਸ਼ਿਕਵਾ ਨਹੀਂ ਕੀਤਾ। 2004 ਵਿੱਚ ਜਦੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡ ਰਿਸ਼ਤਿਆਂ ਦੀਆਂ ਤੰਦਾਂ ਮੁੜ ਜੁੜਨ ਲੱਗੀਆਂ ਤਾਂ ਭਾਰਤ-ਪਾਕਿਸਤਾਨ ਵਿਚਾਲੇ ਹਾਕੀ ਟੈਸਟ ਲੜੀ ਖੇਡੀ ਗਈ। ਇਸ ਦੇ ਦੋ ਹਿੱਸੇ ਸਨ। ਅੱਧੇ ਮੈਚ ਪਾਕਿਸਤਾਨ ਵਿੱਚ ਖੇਡੇ ਗਏ ਅਤੇ ਅੱਧੇ ਭਾਰਤ। ਭਾਰਤੀ ਦੌਰੇ ਸਮੇਂ ਪਾਕਿਸਤਾਨ ਦੇ ਚਾਰ ਪੁਰਾਣੇ ਦਿੱਗਜ਼ ਖਿਡਾਰੀਆਂ ਦਾ ਭਾਰਤੀ ਹਾਕੀ ਫੈਡਰੇਸ਼ਨ ਵੱਲੋਂ ਸਨਮਾਨ ਕੀਤਾ ਗਿਆ। ਪਾਕਿਸਤਾਨ ਵਾਲੇ ਮੈਚਾਂ ਦੌਰਾਨ ਚਾਰ ਭਾਰਤੀ ਵੱਡੇ ਖਿਡਾਰੀਆਂ ਦਾ ਪਾਕਿਸਤਾਨ ਹਾਕੀ ਫੈਡਰੇਸ਼ਨ ਵੱਲੋਂ ਸਨਮਾਨ ਕੀਤਾ ਗਿਆ। ਚਾਰ ਭਾਰਤੀ ਖਿਡਾਰੀਆਂ ਵਿੱਚੋਂ ਸੁਰਿੰਦਰ ਸਿੰਘ ਸੋਢੀ ਇਕ ਸਨ। ਬਾਕੀ ਤਿੰਨ ਖਿਡਾਰੀ ਅਜੀਤ ਪਾਲ ਸਿੰਘ, ਅਸਲਮ ਸ਼ੇਰ ਖਾਨ ਤੇ ਬੀ.ਪੀ. ਗੋਬਿੰਦਾ ਸਨ। ਉਹ ਭਾਰਤੀ ਟੀਮ ਦੇ ਚੋਣਕਾਰ ਵੀ ਰਹੇ। ਟੀਮ ਦੇ ਹਿੱਤ ਨੂੰ ਦੇਖਦਿਆਂ ਉਹ ਕਈ ਵਾਰ ਧੱਕਾ ਵੀ ਕਰ ਜਾਂਦੇ ਸੀ। 2006 ਵਿੱਚ ਭਾਰਤੀ ਟੂਰ ‘ਤੇ ਆਈ ਪਾਕਿਸਤਾਨ ਟੀਮ ਦਾ ਪਲੜਾ ਭਾਰੀ ਸੀ। ਜਲੰਧਰ ਵਿਖੇ ਕਈ ਵਰ੍ਹਿਆਂ ਬਾਅਦ ਕੋਈ ਵੱਡਾ ਮੈਚ ਖੇਡਿਆ ਜਾਣਾ ਸੀ। ਉਸ ਵੇਲੇ ਭਾਰਤੀ ਟੀਮ ਦਾ ਅਹਿਮ ਡਿਫੈਂਡਰ ਕੰਵਲਪ੍ਰੀਤ ਸਿੰਘ ਬਾਹਰ ਸੀ। ਜਲੰਧਰ ਉਸ ਦਾ ਘਰੇਲੂ ਗਰਾਊਂਡ ਹੋਣ ਕਰਕੇ ਸੋਢੀ ਹੁਰਾਂ ਨੇ ਆਪਣੀ ਵੀਟੋ ਵਰਤ ਕੇ ਖੜ੍ਹੇ ਪੈਰ ਕੰਵਲਪ੍ਰੀਤ ਨੂੰ ਮੈਚ ਵਾਲੇ ਦਿਨ ਟੀਮ ਵਿੱਚ ਸ਼ਾਮਲ ਕਰਵਾਇਆ ਅਤੇ ਮੈਚ ਵਿੱਚ ਕੰਵਲਪ੍ਰੀਤ ਨੇ ਵੀ ਸੋਢੀ ਹੁਰਾਂ ਦੀ ਲਾਜ ਰੱਖ ਲਈ। ਮਹਾਰਾਜਾ ਰਣਜੀਤ ਸਿੰਘ ਐਵਾਰਡਾਂ ਦੀ ਚੋਣ ਵੇਲੇ ਉਹ ਪੰਜਾਬ ਪੁਲਿਸ ਦੇ ਖਿਡਾਰੀਆਂ ਲਈ ਵਕੀਲ ਦੀ ਭੂਮਿਕਾ ਨਿਭਾਉਂਦੇ। ਘਰੇਲੂ ਹਾਕੀ ਖੇਡਣ ਵਾਲਾ ਹਰ ਖਿਡਾਰੀ ਉਨ੍ਹਾਂ ਲਈ ਸਤਿਕਾਰਤ ਸੀ। ਜੂਨੀਅਰ ਵਿਸ਼ਵ ਕੱਪ ਵਿਜੇਤਾ ਟੀਮ ਦੇ ਅਹਿਮ ਮੈਂਬਰ ਰਹੇ ਤੇਜਬੀਰ ਸਿੰਘ ਤੇ ਮਿੱਠਾਪੁਰ ਨੇ ਇਕ ਵਾਰ ਪੰਜਾਬ ਪੁਲਿਸ ਛੱਡ ਕੇ ਓ.ਐਨ.ਜੀ.ਸੀ. ਜੁਆਇਨ ਕਰ ਲਈ। ਸੋਢੀ ਹੁਰਾਂ ਨੇ ਦੋਵਾਂ ਨੂੰ ਪੁਚਕਾਰ ਕੇ ਵਾਪਸ ਬੁਲਾਇਆ। ਪ੍ਰਭਦੀਪ ਤਾਂ ਹੁਣ ਵਿਦੇਸ਼ ਸੈਟਲ ਹੈ ਪਰ ਤੇਜਬੀਰ ਹੁਣ ਆਪਣੇ ਪਿੰਡ ਮਹਿਤਾ ਦੇ ਨਾਲ ਹੀ ਬਟਾਲਾ ਵਿਖੇ ਐਸ.ਪੀ. ਲੱਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਉਸ ਨੂੰ ਲੰਬਾ ਸਮਾਂ ਸੁਲਤਾਨਪੁਰ ਲੋਧੀ ਵਿਖੇ ਹੀ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਜਿੱਥੇ ਉਹ ਡੀ.ਐਸ.ਪੀ. ਵੀ ਲੱਗਿਆ ਰਿਹਾ ਤੇ ਫੇਰ ਪ੍ਰਮੋਟ ਹੋ ਕੇ ਐਸ.ਪੀ.। ਸੇਵਾ ਮੁਕਤੀ ਤੱਕ ਉਹ ਵੀ ਆਈ.ਜੀ. ਤਾਂ ਬਣ ਹੀ ਜਾਵੇਗਾ। ਜੇ ਸੋਢੀ ਹੁਰੀਂ ਉਸ ਨੂੰ ਨਾ ਵਾਪਸ ਬੁਲਾਉਂਦੇ ਤਾਂ ਅੱਜ ਤੇਜਬੀਰ ਜ਼ਰੂਰ ਪਛਤਾ ਰਿਹਾ ਹੁੰਦਾ। ਪੋਸਟਿੰਗ ਵੀ ਉਸ ਦੀ ਹੋਰਨਾਂ ਖਿਡਾਰੀਆਂ ਵਾਂਗ ਦੇਹਰਾਦੂਨ ਹੁੰਦੀ।

ਸੁਰਿੰਦਰ ਸਿੰਘ ਸੋਢੀ ਉਨ੍ਹਾਂ ਖਿਡਾਰੀਆਂ ਵਿੱਚੋਂ ਹਨ ਜਿਨ੍ਹਾਂ ਨੂੰ ਮੈਨੂੰ ਸਭ ਤੋਂ ਨੇੜਿਓ ਜਾਨਣ ਦਾ ਮੌਕਾ ਮਿਲਿਆ। ਉਨ੍ਹਾਂ ਬਾਰੇ ਸੁਣੀਆਂ ਸੁਣਾਈਆਂ ਘੱਟ ਅਤੇ ਮੇਰੀਆਂ ਅੱਖੀਂ ਦੇਖੀਆਂ-ਦਿਖਾਈਆਂ ਗੱਲਾਂ ਬਹੁਤ ਹਨ। ਖਿਡਾਰੀ ਜਗਤ ਵਿੱਚੋਂ ਮੈਂ ਆਪਣੇ ਸਭ ਤੋਂ ਨੇੜਲੇ ਸਰਕਲ ਵਾਲਿਆਂ ਵਿੱਚੋਂ ਉਨ੍ਹਾਂ ਨੂੰ ਮੰਨਦਾ ਹੈ। ਜਲੰਧਰ ਦੇ ਖੇਡ ਪੱਤਰਕਾਰੀ ਦਿਨਾਂ ਵਿੱਚ ਮੇਰਾ ਉਨ੍ਹਾਂ ਨਾਲ ਰੋਜ਼ਾਨਾ ਵਾਹ ਪੈਂਦਾ ਸੀ। ਉਨ੍ਹਾਂ ਦਿਨਾਂ ਵਿੱਚ ਪੀ.ਐਚ.ਐਲ. ਦੇ ਚੰਡੀਗੜ੍ਹ ਵਿਖੇ ਹੋਣ ਵਾਲੇ ਮੈਚਾਂ ਲਈ ਜਦੋਂ ਉਹ ਜਲੰਧਰੋਂ ਜਾਂਦੇ ਤਾਂ ਮੈਂ ਉਨ੍ਹਾਂ ਦੇ ਨਾਲ ਹੀ ਹੁੰਦਾ। ਸੋਢੀ ਹੁਰੀ ਜਦੋਂ ਵੀ ਰੋਪੜ ਲੰਘਦੇ ਤਾਂ ਸੋਲਖੀਆ ਵਿਖੇ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਵਿਖੇ ਹਮੇਸ਼ਾ ਸਿਜਦਾ ਕਰਦੇ। ਇਕ ਵਾਰ ਤਾਂ ਉਹ ਆਪਣੀ ਟੀਮ ਸ਼ੇਰ-ਏ-ਜਲੰਧਰ ਦੇ ਮੈਚ ਸ਼ੁਰੂ ਹੋਣ ਤੋਂ ਮਸਾਂ ਕੁਝ ਸਕਿੰਟ ਪਹਿਲਾ ਪੁੱਜੇ। ਇਸ ਬਾਰੇ ਪੁੱਛਣ ‘ਤੇ ਉਨ੍ਹਾਂ ਦੱਸਿਆ, ”ਇਹ ਮੇਰੀ ਸ਼ੁਰੂ ਤੋਂ ਹੀ ਆਦਤ ਹੈ ਜਿਸ ਨੂੰ ਸ਼ਰਧਾ ਵੀ ਕਹਿ ਸਕਦੇ ਹੋ। ਸਾਡੇ ਪਿੰਡ ਗੁਣਾਚੌਰ ਰਾਜਾ ਸਾਹਿਬ ਉਹ ਜਗ੍ਹਾਂ ਹੈ ਜਿੱਥੇ ਮੈਂ ਹਰ ਇੰਟਰਨੈਸ਼ਨਲ ਟੂਰ ‘ਤੇ ਜਾਣ ਤੋਂ ਪਹਿਲਾ ਸਿਜਦਾ ਕਰਦਾ ਹੁੰਦਾ ਸੀ। 1982 ਵਿੱਚ ਜਦੋਂ ਮੈਨੂੰ ਭਾਰਤੀ ਟੀਮ ਦੀ ਕਪਤਾਨੀ ਮਿਲੀ ਤਾਂ ਮੈਂ ਵਰ੍ਹਦੇ ਮੀਂਹ ਵਿੱਚ ਆਪਣੀ ਪਤਨੀ ਨਾਲ ਸਕੂਟਰ ‘ਤੇ ਗਿਆ। ਰਾਸਤੇ ਵਿੱਚ ਇਕ ਜਗ੍ਹਾਂ ਸਾਨੂੰ ਰੁਕਣਾ ਵੀ ਪਿਆ। ਮੇਰੇ ਯਾਦ ਹੈ, ਮੈਂ ਉਦੋਂ ਰੇਅ ਬੈਨ ਦੀ ਐਨਕ ਵਿਦੇਸ਼ੋਂ ਲਿਆਂਦੀ ਸੀ ਜੋ ਉਸ ਵੇਲੇ ਰਾਹ ‘ਚ ਰੁਕਣ ਵਾਲੀ ਥਾਂ ਭੁੱਲ ਗਿਆ ਸੀ। ਵਾਪਸੀ ‘ਤੇ ਆ ਕੇ ਦੇਖਿਆ ਤਾਂ ਉਥੋਂ ਗਾਇਬ ਸੀ। ਚਲੋਂ ਇਸ ਦਾ ਕੋਈ ਗਿਲਾ ਨਹੀਂ।” ਕੁਰਾਲੀ ਲੰਘਦਿਆਂ ਉਹ ਗੋਪਾਲ ਹਾਕੀ ਅਕੈਡਮੀ ਦੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਰੁਕਦੇ। ਉਨ੍ਹਾਂ ਵੇਲਿਆਂ ਵਿੱਚ ਹੀ ਨਿੱਕਾ ਹਰਜੀਤ ਸਿੰਘ ਸੋਢੀ ਹੁਰਾਂ ਤੋਂ ਨੁਕਤੇ ਸਿੱਖਦੇ ਹੋਏ ਅੱਗੇ ਜਾ ਕੇ ਭਾਰਤੀ ਜੂਨੀਅਰ ਟੀਮ ਦਾ ਕਪਤਾਨ ਬਣਿਆ ਜਿਸ ਨੇ 2016 ਵਿੱਚ ਲਖਨਊ ਵਿਖੇ ਜੂਨੀਅਰ ਵਿਸ਼ਵ ਕੱਪ ਜਿੱਤਿਆ। ਇਸੇ ਖਿਡਾਰੀ ਦੇ ਜੀਵਨ ਉਤੇ ਪੰਜਾਬੀ ਫਿਲਮ ‘ਹਰਜੀਤਾ’ ਬਣੀ। ਸੋਢੀ ਦਾ ਦਿਲ ਹਮੇਸ਼ਾ ਹਾਕੀ ਲਈ ਧੜਕਦਾ ਹੈ।

       ਪੁਲਿਸ ਅਫਸਰ ਰਹਿੰਦਿਆਂ ਵੀ ਸੋਢੀ ਨਾਲ ਕਈ ਰੌਚਕ ਕਿੱਸੇ ਵਾਪਰੇ। ਉਨ੍ਹਾਂ ਦੀ ਹਾਕੀ ਦੇ ਦੀਵਾਨੇ ਹਰ ਜਗ੍ਹਾਂ ਮਿਲ ਜਾਂਦੇ ਸੀ। ਜਦੋਂ ਉਹ ਫਰੀਦਕੋਟ ਐਸ.ਐਸ.ਪੀ. ਸਨ ਤਾਂ ਇਕ ਦਿਨ ਮੈਂ ਉਨ੍ਹਾਂ ਕੋਲ ਬੈਠਾ ਸੀ। ਕੋਈ ਮਿਲਣ ਵਾਲਾ ਆਇਆ ਜਿਸ ਨੇ ਸੇਵਾਦਾਰ ਹੱਥ ਪਰਚੀ ਭੇਜੀ। ਜਦੋਂ ਉਨ੍ਹਾਂ ਅੰਦਰ ਬੁਲਾ ਕੇ ਕੰਮ ਪੁੱਛਿਆ ਤਾਂ ਅੱਗੋਂ ਉਨ੍ਹਾਂ ਕਿਹਾ ਕਿ ਉਹ ਤਾਂ ਹਾਕੀ ਦੇ ਦੀਵਾਨੇ ਹਨ ਅਤੇ ਸਿਰਫ ਉਨ੍ਹਾਂ ਦੇ ਦਰਸ਼ਨ ਕਰਨ ਆਏ ਹਨ। ਮੇਰੇ ਪੁੱਛਣ ‘ਤੇ ਉਨ੍ਹਾਂ ਦੱਸਿਆ ਕਿ ਇਹੋ ਜਿਹੀਆਂ ਘਟਨਾਵਾਂ ਤਾਂ ਬਹੁਤ ਵਾਪਰਦੀਆਂ ਹਨ। ਫਰੀਦਕੋਟ ਦੇ ਹੀ ਦਿਨਾਂ ਵਿੱਚ ਮੇਰੇ ਸਾਢੂ ਮਨਿੰਦਰ ਸਿੰਘ ਢਿੱਲੋਂ ਨੇ ਆਪਣੇ ਕਾਲਜ (ਮਾਲਵਾ ਪੌਲੀਟੈਕਨਿਕ ਫਰੀਦਕੋਟ) ਦੀ ਸਾਲਾਨਾ ਸਮਾਗਮ ਵਿੱਚ ਸੁਰਿੰਦਰ ਸਿੰਘ ਸੋਢੀ ਨੂੰ ਮੁੱਖ ਮਹਿਮਾਨ ਬਣਾਉਣ ਦੀ ਇੱਛਾ ਪ੍ਰਗਟਾਈ, ਜਿਸ ਨੂੰ ਉਨ੍ਹਾਂ ਮੇਰੇ ਇਕ ਬੋਲ ਉਤੇ ਨਿਮਰਤਾ ਨਾਲ ਸਵਿਕਾਰ ਕਰ ਲਿਆ। ਨਵਾਂਸ਼ਹਿਰ ਦੇ ਐਸ.ਐਸ.ਪੀ. ਹੁੰਦਿਆਂ ਇਕ ਵਾਰ ਕੋਈ ਬੱਚਾ ਕਿਡਨੈਪ ਹੋ ਗਿਆ। ਮਾਹਿਰ ਤੋਂ ਸਕੈਚ ਬਣਾ ਕੇ ਜਦੋਂ ਭਾਲ ਸ਼ੁਰੂ ਕੀਤੀ ਤਾਂ ਸਕੈਚ ਨਾਲ ਮਿਲਦਾ-ਜੁਲਦਾ ਬੰਦਾ ਫੜ ਲਿਆ ਗਿਆ। ਪੁਲਿਸ ਪੁੱਛ ਪੜਤਾਲ ਵਿੱਚ ਉਸ ਬੰਦੇ ਨੇ ਆਪਣੇ ਇਕ-ਦੋ ਹੋਰ ਅਪਰਾਧ ਤਾਂ ਮੰਨ ਲਏ ਪਰ ਬੱਚਾ ਕਿਡਨੈਪ ਵਾਲੀ ਗੱਲ ਨਾ ਮੰਨਿਆ। ਸੋਢੀ ਹੁਰੀਂ ਜਦੋਂ ਉਸ ਦੀ ਪੁੱਛ ਗਿੱਛ ਕਰਨ ਲਈ ਗਏ ਤਾਂ ਅੱਗਿਓ ਉਹ ਦੇਖ ਕੇ ਬੋਲਿਆ, ”ਤੁਸੀਂ ਸੋਢੀ ਸਾਹਬ ਹੋ?” ਸਾਰੇ ਪੁਲਿਸ ਵਾਲੇ ਹੈਰਾਨ ਹੋ ਗਏ ਕਿ ਜਿਸ ਨੂੰ ਉਹ ਮੁਲਜ਼ਮ ਸਮਝ ਕੇ ਕੁੱਟੀ ਜਾ ਰਹੇ ਸਨ, ਉਹ ਤਾਂ ਐਸ.ਐਸ.ਪੀ. ਨੂੰ ਜਾਣਦਾ। ਅੱਗਿਓ ਪੁੱਛਣ ‘ਤੇ ਉਸ ਨੇ ਦੱਸਿਆ ਕਿ ਉਹ ਤਾਂ ਹਾਕੀ ਖੇਡਦਾ ਰਿਹਾ ਅਤੇ ਉਹ ਸੋਢੀ ਹੁਰਾਂ ਦਾ ਬਹੁਤ ਵੱਡਾ ਫੈਨ ਹੈ। ਫੇਰ ਸੁਰਿੰਦਰ ਸੋਢੀ ਦੇ ਅੰਦਰ ਵਾਲਾ ਪੁਲਿਸ ਅਫਸਰ ਨਿਕਲ ਕੇ ਖਿਡਾਰੀ ਸਾਹਮਣੇ ਆ ਗਿਆ। ਉਨ੍ਹਾਂ ਪਿਆਰ ਨਾਲ ਪੁੱਛ ਗਿੱਛ ਕੀਤੀ ਤਾਂ ਉਹ ਅੜਿਆ ਰਿਹਾ ਕਿ ਉਸ ਨੇ ਬੱਚਾ ਨਹੀਂ ਚੁੱਕਿਆ। ਸੋਢੀ ਹੁਰਾਂ ਦੇ ਕਹਿਣ ਉਤੇ ਉਸ ਬੰਦੇ ਦੀ ਹਵਾਲਾਤ ਅੰਦਰ ਦੁੱਧ-ਫਲਾਂ ਨਾਲ ਸੇਵਾ ਹੁੰਦੀ ਰਹੀ। ਅੰਤ ਕੁਝ ਦਿਨਾਂ ਬਾਅਦ ਬੱਚਾ ਮਿਲ ਗਿਆ ਅਤੇ ਅਸਲ ਦੋਸ਼ੀ ਫੜਿਆ ਗਿਆ। ਉਸ ਦੋਸ਼ੀ ਦੀ ਸ਼ਕਲ ਪਹਿਲੇ ਫੜੇ ਵਿਅਕਤੀ ਨਾਲ ਬਹੁਤ ਮਿਲਦੀ ਸੀ। ਇੰਝ ਹਾਕੀ ਪ੍ਰੇਮੀ ਹੋਣ ਕਰਕੇ ਉਹ ਬੰਦਾ ਨਜਾਇਜ਼ ਕੁੱਟ ਤੋਂ ਬਚ ਗਿਆ।

       ਸੋਢੀ ਹੁਰੀਂ ਇਕ ਕਿੱਸਾ ਹੋਰ ਸੁਣਾਉਂਦੇ ਹਨ ਜਦੋਂ ਉਹ ਡੀ.ਆਈ.ਜੀ. ਕਾਊਂਟਰ ਇੰਟੈਲੀਜੈਂਸ ਸਨ। ਉਸ ਵੇਲੇ ਭਾਰਤ ਤੇ ਪਾਕਿਸਤਾਨ ਦੀ ਬਾਰਡਰ ਸਕਿਓਰਟੀ ਨੂੰ ਲੈ ਕੇ ਨਵੀਂ ਦਿੱਲੀ ਵਿਖੇ ਮੀਟਿੰਗ ਸੀ। ਉਸ ਮੀਟਿੰਗ ਵਿੱਚ ਸੋਢੀ ਹੁਰਾਂ ਨੇ ਆਪਣੀ ਪਛਾਣ ਡੀ.ਆਈ.ਜੀ. ਸੁਰਿੰਦਰ ਸਿੰਘ ਵਜੋਂ ਕਰਵਾਈ। ਇਕ ਪਾਕਿਸਤਾਨੀ ਉਚ ਅਫਸਰ ਦੋ ਦਿਨ ਚੱਲੀ ਉਸ ਮੀਟਿੰਗ ਵਿੱਚ ਕਈ ਵਾਰ ਉਨ੍ਹਾਂ ਨੂੰ ਗਹੁ ਨਾਲ ਵੇਖਦਾ ਰਿਹਾ। ਦੂਜੇ ਦਿਨ ਖਾਣੇ ਉਤੇ ਉਸ ਅਫਸਰ ਨੇ ਸੋਢੀ ਹੁਰਾਂ ਨੂੰ ਪੁੱਛ ਹੀ ਲਿਆ ਕਿ ਉਹ ਜਾਣੇ-ਪਛਾਣੇ ਲੱਗਦੇ ਹਨ। ਜਦੋਂ ਉਨ੍ਹਾਂ ਆਪਣੀ ਪੂਰੀ ਪਛਾਣ ਦੱਸੀ ਤਾਂ ਭਾਵੁਕ ਹੀ ਹੋ ਗਿਆ। ਹਾਕੀ ਖੇਡ ਦਾ ਮੁਰੀਦ ਉਹ ਅਫਸਰ ਸੋਢੀ ਹੁਰਾਂ ਨਾਲ ਤਸਵੀਰਾਂ ਖਿਚਵਾਉਣ ਲੱਗ ਗਿਆ। ਦਿੱਲੀ ਤਾਇਨਾਤ ਭਾਰਤੀ ਅਫਸਰ ਵੀ ਇਸ ਵਰਤਾਰੇ ਨੂੰ ਦੇਖ ਕੇ ਹੈਰਾਨ ਸੀ। ਜਦੋਂ ਉਨ੍ਹਾਂ ਨੂੰ ਪੂਰੀ ਕਹਾਣੀ ਪਤਾ ਲੱਗੀ ਤਾਂ ਉਹ ਵੀ ਪਾਕਿਸਤਾਨੀ ਅਫਸਰਾਂ ਵਾਂਗ ਸੋਢੀ ਹੁਰਾਂ ਨਾ ਤਸਵੀਰਾਂ ਖਿਚਵਾਉਂਦੇ ਦੇਖੇ ਗਏ। ਇਕ ਘਟਨਾ ਮੇਰੀ ਅੱਖੀਂ ਦੇਖੇ ਦੀ ਹੈ। ਸ਼ਹੀਦੀ ਜੋੜ ਮੇਲ ਦੇ ਦਿਨਾਂ ਵਿੱਚ ਮੈਂ ਉਨ੍ਹਾਂ ਨਾਲ ਚੰਡੀਗੜ੍ਹ ਤੋਂ ਜਲੰਧਰ ਵਾਪਸ ਜਾ ਰਿਹਾ ਸੀ। ਕਾਫੀ ਹਨੇਰਾ ਹੋ ਗਿਆ ਸੀ। ਖਰੜ ਟੱਪਦਿਆਂ ਹੀ ਰਾਸਤੇ ਵਿੱਚ ਲੰਗਰ ਵਾਲਿਆਂ ਨੇ ਰੋਕ ਲਿਆ ਅਤੇ ਅਸੀਂ ਚਾਹ ਪੀਣ ਲੱਗੇ। ਅੱਗਿਓ ਸੇਵਾ ਕਰਨ ਵਾਲਿਆਂ ਵਿੱਚੋਂ ਇਕ ਨੇ ਘੋਖਵੀਂ ਜਿਹੀ ਨਿਗ੍ਹਾਂ ਨਾਲ ਸੋਢੀ ਹੁਰਾਂ ਨੂੰ ਪਛਾਣ ਲਿਆ। ਫੇਰ ਕੀ ਸੀ ਉਸ ਨੇ ਬਾਕੀਆਂ ਨੂੰ ਦੱਸ ਦਿੱਤਾ ਅਤੇ ਦੇਖਦਿਆਂ ਹੀ ਦੇਖਦਿਆਂ ਲੰਗਰ ਵਾਲੇ ਸਾਰੇ ਸੇਵਾਦਾਰ ਸੋਢੀ ਹੁਰਾਂ ਦੁਆਲੇ ਹੋ ਗਏ।

       ਸੁਰਿੰਦਰ ਸਿੰਘ ਸੋਢੀ ਦੇ ਦਾਇਰੇ ਵਿੱਚ ਕਲਾਕਾਰ ਵੀ ਬਹੁਤ ਆਉਂਦੇ ਹਨ। ਉਨ੍ਹਾਂ ਦੇ ਪਿੰਡ ਗੁਣਾਚੌਰ ਦਾ ਜਸਬੀਰ ਜਿੱਥੇ ਨਾਮੀ ਗੀਤਕਾਰ ਹੈ ਉਥੇ ਇਕ ਹੋਰ ਗੀਤਕਾਰ ਸ਼ਮਸ਼ੇਰ ਸੰਧੂ ਦੇ ਗੁਣਾਚੌਰ ਸਹੁਰੇ ਵੀ ਹਨ। ਸੋਢੀ ਹੁਰੀਂ ਜਦੋਂ ਵੀ ਪੁਰੇਵਾਲ ਖੇਡ ਮੇਲੇ ਉਤੇ ਸ਼ਮਸ਼ੇਰ ਸੰਧੂ ਨੂੰ ਮਿਲਦੇ ਤਾਂ ਪ੍ਰਾਹੁਣਿਆਂ ਵਾਲਾ ਹੀ ਸਤਿਕਾਰ ਦਿੰਦੇ। ਦੋਵੇਂ ਇਕ-ਦੂਜੇ ਦਾ ਬਹੁਤ ਸਨੇਹ ਕਰਦੇ ਹਨ। ਪ੍ਰਿੰਸੀਪਲ ਸਰਵਣ ਸਿੰਘ ਹੁਰੀਂ ਵੀ ਮਾਣ ਨਾਲ ਦੱਸਦੇ ਹਨ ਕਿ ਗੁਣਾਚੌਰ ਦੇ ਗੁਆਂਢ ਆ ਕੇ ਮੁਕੰਦਪੁਰ ਕਾਲਜ ਵਿੱਚ ਪ੍ਰਿੰਸੀਪਲੀ ਕਰਨ ਅਤੇ ਰਹਿਣ ਦਾ ਮੌਕਾ ਮਿਲਿਆ। ਸੋਢੀ ਵੱਲੋਂ ਮਾਰੀਆਂ ਮੱਲਾਂ ਬਾਰੇ ਪ੍ਰਸਿੱਧ ਗੀਤਕਾਰ ਮੱਖਣ ਬਰਾੜ ਨੇ ਵੀ ਗੀਤ ‘ਉਚਾ ਰੁਤਬਾ ਹਾਕੀ ਦਾ’ ਲਿਖਿਆ ਹੈ ਜਿਸ ਨੂੰ ਗਿੱਲ ਹਰਦੀਪ ਨੇ ਗਾਇਆ ਹੈ। ਸੁਰਿੰਦਰ ਸਿੰਘ ਸੋਢੀ ਦੇ ਬੇਟੇ ਅਜੈ ਪਾਲ ਦੇ ਵਿਆਹ ਮੌਕੇ ਬਾਠ ਕੈਸਲ ਜਲੰਧਰ ਵਿਖੇ ਗਾਇਕ ਕੇ.ਐਸ.ਮੱਖਣ ਨੇ ਕਈ ਆਪਣਾ ਮਕਬੂਲ ਗੀਤ ਗਾਉਂਦਿਆਂ ‘ਸੁਰਿੰਦਰ ਹੁਰਾਂ ਨੇ ਮੱਲਾਂ ਮਾਰੀਆ’ ਸਤਰਾਂ ਵਾਰ-ਵਾਰ ਦੁਹਰਾਈਆ। ਕਿਸੇ ਵੀ ਸਮਾਗਮ ਵਿੱਚ ਸੋਢੀ ਹੁਰੀਂ ਪੁੱਜ ਜਾਣ ਤਾਂ ਅੱਗਿਓ ਹਰ ਆਰਟਿਸਟ ਸਟੇਜ ਤੋਂ ਆਪਣਾ ਪ੍ਰੋਗਰਾਮ ਛੱਡ ਕੇ ਉਨ੍ਹਾਂ ਦੇ ਕਸੀਦੇ ਪੜ੍ਹਨ ਲੱਗ ਜਾਂਦਾ ਹੈ। ਇਕ ਵਾਰ ਡੀ.ਡੀ. ਪੰਜਾਬੀ ਦੇ ਵਰ੍ਹੇਗੰਢ ਸਮਾਗਮ ਵਿੱਚ ਸੁਰਿੰਦਰ ਸਿੰਘ ਸੋਢੀ ਨੂੰ ਅੱਗੇ ਬੈਠਾ ਦੇਖ ਕੇ ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਨੇ ਆਪਣੇ ਚੁਟਕਲੇ ਛੱਡ ਕੇ ਸੋਢੀ ਹੁਰਾਂ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ। ਪਿਛਲੇ ਦਿਨੀਂ ਉਹ ਅਮਰੀਕਾ ਘੁੰਮਣ ਗਏ ਹੋਏ ਸਨ ਜਿੱਥੇ ਉਹ ਡੈਲਸ ਵਿਖੇ ਗਏ। ਡੈਲਸ ਵਿਖੇ ਹੀ ਮੇਰੇ ਮਾਤਾ-ਪਿਤਾ ਜੀ ਤੇ ਭੈਣ ਰਹਿੰਦੀ ਹੈ। ਮੇਰਾ ਪਿਤਾ ਨੂੰ ਉਥੇ ਇਕਦਮ ਸਾਹਮਣਿਓ ਸੁਰਿੰਦਰ ਸਿੰਘ ਸੋਢੀ ਮਿਲ ਗਏ। ਸੋਢੀ ਇਸ ਤੋਂ ਪਹਿਲਾਂ 2009 ਵਿੱਚ ਮੇਰੇ ਵਿਆਹ ਮੌਕੇ ਮੇਰੇ ਪਿਤਾ ਜੀ ਨੂੰ ਮਿਲੇ ਸਨ। ਵਿਆਹ ਵਿੱਚ ਇਕੱਠ ਕਰਕੇ ਨਿੱਜੀ ਤੌਰ ਉਤੇ ਤਾਂ ਜ਼ਿਆਦਾ ਮੁਲਾਕਾਤ ਨਹੀਂ ਸੀ ਜਾਂ ਫੇਰ ਉਸ ਤੋਂ ਪਹਿਲਾਂ ਇਕ ਵਾਰ ਜਲੰਧਰ ਵਿਖੇ ਇਕ ਸਮਾਗਮ ਦੌਰਾਨ ਕੁਝ ਪਲਾਂ ਲਈ ਮਿਲੇ ਸਨ। ਮੇਰੇ ਪਿਤਾ ਜੀ ਨੇ ਇਕਦਮ ਪੁੱਛਿਆ ‘ਪਛਾਣੋ?’ ਅੱਗਿਓ ਸੋਢੀ ਹੁਰਾਂ ਨੇ ਝੱਟ ਜਵਾਬ ਦਿੱਤਾ, ”ਲੈ ਲੈ, ਮੈਂ ਭੁੱਲਿਆ ਨਵਦੀਪ ਦੇ ਡੈਡੀ ਨੂੰ।” ਮੇਰਾ ਪਰਿਵਾਰ ਉਨ੍ਹਾਂ ਦੀ ਇਸ ਅਪਣੱਤ ਤੋਂ ਕਾਇਲ ਹੋ ਗਿਆ। ਉਸ ਵੇਲੇ ਹਰਭਜਨ ਮਾਨ ਨੇ ਵੀ ਆਪਣੇ ਸ਼ੋਅ ਵਿੱਚ ਗਾਉਣਾ ਛੱਡ ਕੇ ਸੋਢੀ ਹੁਰਾਂ ਨੂੰ ਜੀ ਆਇਆ ਆਖਿਆ।

ਸੁਰਿੰਦਰ ਸਿੰਘ ਸੋਢੀ ਦੀ ਪਤਨੀ ਡਾ. ਰਾਜਵਰਿੰਦਰ ਕੌਰ ਲਾਇਲਪੁਰ ਖਾਲਸਾ ਕਾਲਜ ਗਰਲਜ਼ ਜਲੰਧਰ ਤੋਂ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਰਿਟਾਇਰ ਹੋਏ ਹਨ। ਉਨ੍ਹਾਂ ਦਾ ਪੇਕਾ ਪਿੰਡ ਕਾਦੀਆ ਹੈ। ਸੁਰਿੰਦਰ ਸਿੰਘ ਸੋਢੀ ਦੇ ਦੋ ਪੁੱਤਰ ਹਨ। ਅਜੈ ਪਾਲ ਸਿੰਘ ਅਤੇ ਅਮਰਿੰਦਰ ਸਿੰਘ। ਅਜੈ ਪਾਲ ਬਾਸਕਟਬਾਲ ਅਤੇ ਅਮਰਿੰਦਰ ਸਿੰਘ ਕ੍ਰਿਕਟ ਤੇ ਹਾਕੀ ਵਿੱਚ ਸਟੇਟ ਤੱਕ ਖੇਡਿਆ। ਦੋਵੇਂ ਹੀ ਵਿਆਹੇ ਹਨ। ਅਜੈ ਪਾਲ ਦੀ ਪਤਨੀ ਦਾ ਨਾਮ ਹੀਨਾ ਤੇ ਅੱਗੇ ਉਸ ਦੇ ਪੁੱਤਰ ਦਾ ਨਾਮ ਅਵਿਤਾਜ ਛੋਕਰ ਹੈ। ਅਮਰਿੰਦਰ ਦੀ ਪਤਨੀ ਗਗਨ ਛੋਕਰ ਤੇ ਪੁੱਤਰ ਦਾ ਨਾਮ ਅਰਵਿੰਦ ਹੈ। ਦੋਵੇਂ ਹੀ ਪੁੱਤਰ ਕੈਨੇਡਾ ਰਹਿੰਦੇ ਹਨ। ਸੋਢੀ ਹੁਰੀਂ ਘੁੰਮਣ-ਫਿਰਨ ਦੇ ਬਹੁਤ ਸ਼ੌਕੀਨ ਹਨ। ਉਸ ਤੋਂ ਵੀ ਵੱਧ ਉਹ ਫੇਸਬੁੱਕ ਉਪਰ ਬਹੁਤ ਐਕਟਿਵ ਰਹਿੰਦੇ ਹਨ। ਇਸੇ ਕਾਲਮ ਅਧੀਨ ਮੈਂ ਜਦੋਂ ਮਹਾਨ ਅਥਲੀਟ ਪਰਵੀਨ ਕੁਮਾਰ ਬਾਰੇ ਲਿਖਿਆ ਤਾਂ ਸਭ ਤੋਂ ਪਹਿਲਾਂ ਸੋਢੀ ਸਾਹਬ ਨੇ ਫੋਨ ਕਰਕੇ ਖੁਸ਼ੀ ਤੇ ਵਧਾਈ ਦਿੱਤੀ। ਪਰਵੀਨ ਤੇ ਸੋਢੀ ਹੁਰੀਂ 1978 ਦੀਆਂ ਏਸ਼ਿਆਈ ਖੇਡਾਂ ਵਿੱਚ ਇਕੱਠੇ ਭਾਰਤੀ ਖੇਡ ਦਲ ਵਿੱਚ ਸ਼ਾਮਲ ਸਨ। ਉਸ ਤੋਂ ਬਾਅਦ ਉਨ੍ਹਾਂ ਪਰਵੀਨ ਨੂੰ ਵੀ ਫੋਨ ਕੀਤਾ ਅਤੇ ਫੇਸਬੁੱਕ ਉਤੇ ਵੀ ਦੋਵਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਆਪਣੀ ਹਰ ਗਤੀਵਿਧੀ ਉਹ ਸੋਸ਼ਲ ਮੀਡੀਆ ਉਤੇ ਸ਼ੇਅਰ ਕਰਦੇ ਹਨ। ਉਹ ਚਾਹੇ ਅੰਮ੍ਰਿਤਸਰ ਗਏ ਹੋਣ ਜਾਂ ਐਡਮਿੰਟਨ, ਕੈਲੇਫੋਰਨੀਆ ਹੋਵੇ ਜਾਂ ਫੇਰ ਕੈਲਗਰੀ, ਫਗਵਾੜੇ ਜਾਣ ਤਾਂ ਫਿਲਡੈਲਫੀਆ, ਜਲੰਧਰ ਹੀ ਹੋਣ ਜਾਂ ਜਰਮਨੀ ਆਪਣੇ ਹਰ ਸਮਾਗਮ ਵਿੱਚ ਸ਼ਿਰਕਤ ਕਰਨ ਜਾਂ ਘੁੰਮਣ ਫਿਰਨ ਦੀ ਤਸਵੀਰ ਜ਼ਰੂਰ ਸਾਂਝੀ ਕਰਦੇ ਹਨ। ਹਕੀਮਪੁਰ ਦਾ ਖੇਡ ਮੇਲਾ, ਮਰਾੜਾ ਦਾ ਟੂਰਨਾਮੈਂਟ ਜਾਂ ਫੇਰ ਕੋਈ ਵੁਸ਼ੂ ਚੈਂਪੀਅਨਸ਼ਿਪ ਹੋਵੇ, ਉਹ ਆਪਣੇ ਦੋਸਤਾਂ ਨਾਲ ਹਰ ਅੱਪਡੇਟ ਸਾਂਝੀ ਕਰਦੇ ਹਨ। ਬੀਚ ਉਤੇ ਘੁੰਮਣ ਗਏ ਹੋਣ, ਚਾਹੇ ਗੌਲਫ ਖੇਡ ਰਹੇ ਹੋਣ, ਉਨ੍ਹਾਂ ਦੇ ਦੋਸਤਾਂ ਨੂੰ ਘਰ ਬੈਠਿਆਂ ਪਤਾ ਲੱਗਦਾ ਰਹਿੰਦਾ। ਕੋਈ ਟੀ.ਵੀ.ਵਾਲਾ ਇੰਟਰਵਿਊ ਕਰੇ ਜਾਂ ਫੇਰ ਕਿਸੇ ਸਮਾਗਮ ਵਿੱਚ ਮੁੱਖ ਮਹਿਮਾਨ ਸ਼ਿਰਕਤ ਕਰ ਰਹੇ ਹੋਣ, ਸਭ ਫੇਸਬੁੱਕ ਦੀਆਂ ਪੋਸਟਾਂ ਬਣਦੇ ਹਨ। ਆਪਣੇ ਪੋਤੇ ਨੂੰ ਵੀ ਖਿਡਾ ਕੇ ਦੋਸਤਾਂ ਨਾਲ ਖੁਸ਼ੀ ਸਾਂਝੀ ਕਰਦੇ ਹਨ। ਬਣ-ਠਣ ਕੇ ਰਹਿਣ ਦਾ ਵੀ ਉਨ੍ਹਾਂ ਨੂੰ ਸ਼ੌਕ ਹੈ। ਪੋਚਵੀ ਪੱਗ ਤੇ ਮੈਚਿੰਗ ਕੱਪੜੇ ਪਾਉਣ ਦੇ ਸ਼ੌਕੀਨ ਸੋਢੀ ਹੁਰੀਂ ਘੁੰਮਣ ਫਿਰਨ ਅਤੇ ਗੌਲਫ ਖੇਡਣ ਵੇਲੇ ਸਟਾਈਲਸ਼ ਹੈਟ ਵੀ ਪਹਿਨ ਲੈਂਦੇ ਹਨ। ਜਲੰਧਰ ਕੈਂਟ ‘ਤੇ ਅਟਵਾਲ ਕਲੋਨੀ ਵਿਖੇ ਆਪਣੀ ਕੋਠੀ ‘ਓਲੰਪੀਆ ਨੈਸਟ’ ਵਿਖੇ ਉਹ ਆਪਣੀ ਪਤਨੀ ਨਾਲ ਰਹਿੰਦੇ ਹਨ। ਇਸ ਤੋਂ ਪਹਿਲਾ ਉਹ ਅਰਬਨ ਅਸਟੇਟ ਰਹਿੰਦੇ ਸਨ। ਜਦੋਂ ਪਿਛਲੇਂ ਦਿਨੀਂ ਉਨ੍ਹਾਂ ਨੂੰ ਮਿਲਣ ਗਏ ਤਾਂ ਨਵੀਂ ਕੋਠੀ ਦਿਖਾਈ ਜਿੱਥੇ ਉਨ੍ਹਾਂ ਮਾਸਕੋ ਓਲੰਪਿਕ ਦੇ ਲੋਗੋ ਘਰ ਦੀ ਨੇਮ ਪਲੇਟ ਤੋਂ ਲੈ ਕੇ ਘਰ ਦੇ ਅੰਦਰ ਗਰਿੱਲਾਂ ਆਦਿ ਉਤੇ ਵੀ ਲਗਾਏ ਹਨ। ਡਰਾਇੰਗ ਰੂਮ ਉਨ੍ਹਾਂ ਦੀਆਂ ਹਾਕੀ ਵੇਲੇ ਦੀਆਂ ਤਸਵੀਰਾਂ, ਟਰਾਫੀਆਂ, ਮੈਡਲਾਂ, ਐਵਾਰਡਾਂ ਅਤੇ ਰਾਸਲਿਆਂ ਦੇ ਟਾਈਟਲਾਂ ਦੇ ਪੋਸਟਰਾਂ ਨਾਲ ਸ਼ਿੰਗਾਰਿਆ ਹੈ। ਬੇਸਮੈਂਟ ਵਿੱਚ ਆਪਣਾ ਦਫਤਰ ਵੀ ਹੈ ਅਤੇ ਨਾਲ ਹੀ ਮਿੰਨੀ ਥਿਏਟਰ ਅਤੇ ਗੌਲਫ ਕਿੱਟ ਦਾ ਸਮਾਨ। ਬਾਹਰ ਲਾਅਨ ਹੈ ਜਿਸ ਦਾ ਨਾਂ ਉਨ੍ਹਾਂ ਆਪਣੇ ਮਹਿਬੂਬ ਕੁੱਤੇ ਬੋਨੀ ਦੇ ਨਾਮ ਉਤੇ ਰੱਖਿਆ ਹੈ। ਉਥੇ ਬੋਨੀ ਦੀ ਤਸਵੀਰ ਵੀ ਲਗਾਈ ਹੈ। ਉਹ ਮੈਨੂੰ ਘਰ ਦਿਖਾਉਂਦਿਆਂ ਕਹਿਣ ਲੱਗੇ, ”ਅਸੀਂ ਹੁਣ ਦੋ ਜੀਅ ਹੀ ਹੁੰਦੇ ਹਾਂ। ਤੂੰ ਅੱਗੇ ਤੋਂ ਜਦੋਂ ਵੀ ਆਉਣਾ ਹੋਇਆ ਤਾਂ ਸਰਕਟ ਹਾਊਸ ਦੀ ਬਜਾਏ ਇੱਥੇ ਹੀ ਸਾਡੇ ਕੋਲ ਰਹਿਣਾ, ਨਾਲੇ ਤੇਰੇ ਬਹਾਨੇ ਹਾਕੀ ਦੀਆਂ ਗੱਲਾਂ ਹੋ ਜਾਂਦੀਆਂ।” ਅਸਲ ਵਿੱਚ ਸੋਢੀ ਹੁਰਾਂ ਨੂੰ ਹਾਕੀ ਦੀਆਂ ਗੱਲਾਂ ਕਰਨ ਵਾਲਾ ਜਿਹੜਾ ਵੀ ਮਿਲ ਜਾਂਦਾ ਹੈ, ਉਹ ਉਸੇ ਦੇ ਹੋ ਜਾਂਦੇ ਹਨ। ਹਾਕੀ ਉਨ੍ਹਾਂ ਦੀਆਂ ਰਗਾਂ ਵਿੱਚ ਦੌੜਦੀ ਹੈ। ਜੇ ਕੋਈ ਫੋਨ ਕਰਨ ਵਾਲਾ ਅੱਗਿਓ ‘ਆਈ.ਜੀ. ਸਾਬ’ ਕਹਿ ਕੇ ਬੁਲਾਏ ਤਾਂ ਉਹ ਰਸਮੀ ਜਿਹੀ ਗੱਲ ਕਰਦੇ ਹਨ ਪਰ ਜੇ ਕੋਈ ਓਲੰਪੀਅਨ ਕਹਿ ਕੇ ਬੁਲਾਏ ਤਾਂ ਉਹ ਝੱਟ ਅਪਣੱਤ ਭਰੇ ਮੂਡ ਵਿੱਚ ਅੱਗਲੇ ਨਾਲ ਗੱਲੀਂ ਪੈ ਜਾਂਦੇ ਹਨ। ਪੁਲੀਸੀਆ ਰੋਅਬ ਉਨ੍ਹਾਂ ਕਦੇ ਨਹੀਂ ਪਾਇਆ। ਮਿਲਣਸਾਰ ਵੀ ਬਹੁਤ ਹਨ। ਆਪਣੇ ਅਹੁਦੇ ਅਤੇ ਪ੍ਰਾਪਤੀਆਂ ਦਾ ਕਦੇ ਅਹੰਕਾਰ ਨਹੀਂ ਕੀਤਾ। ਅੱਜ-ਕੱਲ੍ਹ ਲੌਕਡਾਊਨ ਦੇ ਚੱਲਦਿਆਂ ਉਹ ਅਕਸਰ ਹੀ ਘਰ ਦੇ ਲਾਅਨ ਵਿੱਚ ਹਾਕੀ ਖੇਡਦੇ ਦੀਆਂ ਵੀਡਿਓ-ਤਸਵੀਰਾਂ ਸਾਂਝੀਆਂ ਕਰਕੇ ਆਪਣੇ ਲੱਖਾਂ ਚਾਹੁਣ ਵਾਲਿਆਂ ਦੇ ਸੀਨੇ ਠਾਰਦੇ ਰਹਿੰਦੇ ਹਨ। ਸੁਰਿੰਦਰ ਸਿੰਘ ਸੋਢੀ ਦਾ ਜੀਵਨ ਹੀ ਖੇਡਾਂ ਨੂੰ ਸਮਰਪਿਤ ਹੈ। ਇਸ ਖਿਡਾਰੀ ਦੇ ਟੀਮ ਛੱਡਣ ਤੋਂ ਬਾਅਦ ਭਾਰਤੀ ਹਾਕੀ ਟੀਮ ਦੀ ਕਿਸਮਤ ਹੀ ਰੁੱਸ ਗਈ ਸੀ। ਦੇਖੋਂ ਕਦੋਂ ਭਾਗ ਜਾਗਦੇ ਹਨ। ਕਿਹੜਾ ਖਿਡਾਰੀ ਸੋਢੀ ਦਾ ਵਾਰਸ ਬਣਦਾ ਹੈ। ਸੋਢੀ ਦਾ ਦਿਲ ਹਰ ਵੇਲੇ ਹਾਕੀ ਲਈ ਧੜਕਦਾ ਹੈ ਅਤੇ ਸਦਾ ਹਾਕੀ ਦੀ ਖੈਰ ਮੰਗਦਾ ਹੈ।

navdeepsinghgill82@gmail.com

97800 36216

Leave a Reply

Your email address will not be published. Required fields are marked *