ਪੀ.ਐਮ. ਕੇਅਰਸ ਫੰਡ ਲਈ ਆਜ਼ਾਦ ਆਡਿਟਰ ਨਿਯੁਕਤ, ਪੀ.ਐਮ.ਓ ਨੂੰ ਮੁੱਖ ਦਫ਼ਤਰ ਬਣਾਇਆ

ਨਵੀਂ ਦਿੱਲੀ : ਪਾਰਦਰਸ਼ਤਾ ਦੇ ਸਵਾਲਾਂ ਨਾਲ ਘਿਰੇ ਪੀ.ਐਮ. ਕੇਅਰਸ ਫੰਡ ਲਈ ਆਜ਼ਾਦ ਆਡਿਟਰ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਟਰੱਸਟ ਦਾ ਮੁੱਖ ਦਫ਼ਕਰ ਸਾਉਥ ਬਲਾਕ ਵਿਚ ਸਥਿਤ ਪ੍ਰਧਾਨ ਮੰਤਰੀ ਦਫ਼ਕਰ (ਪੀ.ਐਮ.ਓ) ਬਣਾਇਆ ਗਿਆ ਹੈ। ਦੋ ਪੀ.ਐਮ.ਓ. ਅਧਿਕਾਰੀ ਆਨਰੇਰੀ ਆਧਾਰ ‘ਤੇ ਕੋਸ਼ ਦਾ ਸੰਚਾਲਨ ਕਰਨਗੇ।
ਇਕੋਨਾਮਿਸਟ ਟਾਈਮਜ਼ ਦੀ ਰਿਪੋਰਟ ਅਨੁਸਾਰ ਪੀ.ਐਮ.ਓ. ਦੀ ਵੈੱਬਸਾਈਟ ‘ਤੇ ਮੌਜੂਦ ਅਪਡੇਟਡ ਸਵਾਲ-ਜਵਾਬ (ਐਫ.ਏ.ਕਿਊ) ਵਿਚ ਕਿਹਾ ਗਿਆ ਹੈ, ’23-4-20 ਨੂੰ ਦੂਸਰੀ ਮੀਟਿੰਗ ਦੌਰਾਨ ਫੰਡ ਦੇ ਟਰਸਟੀਆਂ ਨੇ ਤਿੰਨ ਸਾਲ ਲਈ ਪੀ.ਐਮ. ਕੇਅਰਸ ਫੰਡ ਦੇ ਆਡੀਟਰ ਦੇ ਰੂਪ ਵਿਚ ਮੈਸਰਜ਼ ਸਾਰਕ ਐਸੋਸੀਏਟਸ, ਚਾਰਟਡ ਅਕਾਉਂਟੈਂਟਸ, ਨਵੀਂ ਦਿੱਲੀ ਨੂੰ ਨਿਯੁਕਤ ਕਰਨ ਦਾ ਫ਼ੈਸਲਾ ਲਿਆ ਹੈ।
ਜ਼ਿਕਰਯੋਗ ਹੈ ਕਿ ਇਸ ਕੰਪਨੀ ਨੇ ਪੀ.ਐਮ. ਰਾਸ਼ਟਰੀ ਰਾਹਤ ਕੋਸ਼ ਦਾ ਆਡੀਟ ਕੀਤਾ ਸੀ ਅਤੇ ਇਸ ਦੇ ਮੁਖੀ ਸੁਨੀਲ ਕੁਮਾਰ ਗੁਪਤਾ ਹਨ। ਐਫ.ਏ.ਕਿਊ ਵਿਚ ਸਾਫ਼ ਕੀਤਾ ਗਿਆ ਹੈ ਕਿ ਵਿਤੀ ਵਰ੍ਹੇ ਦੇ ਅੰਤ ਵਿਚ ਇਕ ਆਡਿਟ ਕੀਤਾ ਜਾਵੇਗਾ ਅਤੇ ਇਹ 27 ਮਾਰਚ, 2020 ਨੂੰ ਨਵੀਂ ਦਿੱਲੀ ਵਿਚ ਜਨਤਕ ਧਰਮਾਰਥ ਟਰਸਟ ਦੇ ਰੂਪ ਵਿਚ ਰਜਿਸਟਰਡ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਪੀ.ਐਮ. ਕੇਅਰਸ ਫੰਡ ਨੂੰ ਲੈ ਕੇ ਉਚ ਪੱਧਰ ਦੀ ਗੋਪਨੀਅਤਾ ਵਰਤ ਰਹੀ ਹੈ ਅਤੇ ਇਸ ਨੂੰ ਲੈ ਕੇ ਦਾਇਰ ਕੀਤੇ ਗਏ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਅਰਜ਼ੀਆਂ ਨੂੰ ਇਸ ਆਧਾਰ ‘ਤੇ ਖਾਰਜ ਕੀਤਾ ਜਾ ਰਿਹਾ ਹੈ ਕਿ ਪੀ.ਐਮ. ਕੇਅਰਜ਼ ਆਰ.ਟੀ.ਆਈ. ਐਕਟ, 2005 ਤਹਿਤ ਪਬਲਿਕ ਅਥਾਰਟੀ ਨਹੀਂ ਹੈ।
ਇਸ ਫੰਡ ਦੀ ਕਾਰਜਪ੍ਰਣਾਲੀ ਨੂੰ ਗੁਪਤ ਰੱਖਣ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ ਨੇ ਆਰ.ਟੀ.ਆਈ. ਤਹਿਤ ਇਹ ਜਾਣਕਾਰੀ ਵੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਕਿਸ ਤਰੀਕ ਨੂੰ ਇਸ ਫੰਡ ਨੂੰ ਟਰੱਸਟ ਦੇ ਰੂਪ ਵਿਚ ਰਜਿਸਟਰ ਕੀਤਾ ਗਿਆ ਅਤੇ ਕਿਸ ਤਰੀਕ ਤੋਂ ਇਸ ਨੂੰ ਚਾਲੂ ਕੀਤਾ ਗਿਆ।