ਮਾਲਵੇ ਤੋਂ ਮੈਲਬਰਨ ਅਤੇ ਬਠਿੰਡਾ ਤੋਂ ਬੀਜਿੰਗ ਤੱਕ ਛਾਈ ਨਿਸ਼ਾਨੇਬਾਜ਼ ਅਵਨੀਤ ਕੌਰ ਸਿੱਧੂ/ਨਵਦੀਪ ਸਿੰਘ ਗਿੱਲ

ਅਵਨੀਤ ਕੌਰ ਸਿੱਧੂ ਅੱਵਲ ਨੰਬਰ ਦੀ ਨਿਸ਼ਾਨੇਬਾਜ਼ ਹੈ ਜਿਸ ਨੇ ਮਾਲਵੇ ਦੇ ਟਿੱਬਿਆਂ ਤੋਂ ਮੈਲਬਰਨ ਦੀਆਂ ਸ਼ੂਟਿੰਗ ਰੇਂਜਾਂ ਅਤੇ ਬਠਿੰਡਾ ਤੋਂ ਬੀਜਿੰਗ ਤੱਕ ਆਪਣੇ ਪੱਕੇ ਨਿਸ਼ਾਨਿਆਂ ਦੀ ਧਾਂਕ ਜਮਾਈ। ਉਹ ਹਰ ਗੱਲ ਵਿੱਚ ਅੱਵਲ ਰਹੀ। ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਵਿੱਚ ਤਮਗਾ ਜਿੱਤਣ ਵਾਲੀ ਉਹ ਪਹਿਲੀ ਪੰਜਾਬਣ ਨਿਸ਼ਾਨੇਬਾਜ਼ ਹੈ। ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਿੱਚ ਵੀ ਅੱਵਲ, ਅਰਜੁਨਾ ਐਵਾਰਡ ਜਿੱਤਣ ਵਾਲੀ ਵੀ ਪਲੇਠੀ ਪੰਜਾਬਣ ਨਿਸ਼ਾਨੇਬਾਜ਼। ਨਿਸ਼ਾਨੇਬਾਜ਼ੀ ਕਰਦਿਆਂ ਵੀ ਉਸ ਨੇ 400 ਵਿੱਚੋਂ 400 ਸਕੋਰ ਬਣਾਉਂਦਿਆਂ ਵਿਸ਼ਵ ਦੇ ਅੱਵਲ ਸਕੋਰ ਦੀ ਬਰਾਬਰੀ ਕੀਤੀ। ਇਕ ਦਰਜਨ ਤਾਂ ਉਹ ਵਿਸ਼ਵ ਕੱਪ ਖੇਡ ਚੁੱਕੀ ਹੈ। ਨਿਸ਼ਾਨੇਬਾਜ਼ੀ ਵਿੱਚ ਨਾਮ ਰੌਸ਼ਨ ਕੀਤਾ ਤਾਂ ਉਸ ਨੂੰ ਪੰਜਾਬ ਸਰਕਾਰ ਨੇ ਸਿੱਧਾ ਡੀ.ਐਸ.ਪੀ. ਭਰਤੀ ਕਰ ਲਿਆ। ਪੁਲਿਸ ਦੀ ਸਖਤ ਟਰੇਨਿੰਗ ਵਿੱਚ ਵੀ ਉਹ ਅੱਵਲ ਆਈ। ਪੁਲਿਸ ਖੇਡਾਂ ਵਿੱਚ ਹਿੱਸਾ ਲਿਆ ਤਾਂ ਪਿਛਲੇ ਚਾਰ ਸਾਲ ਤੋਂ ਉਹ ਅੱਵਲ ਹੀ ਆ ਰਹੀ ਹੈ। ਪੂਰੀ ਦੁਨੀਆਂ ਦੀਆਂ ਪੁਲੀਸ ਬਲਾਂ ਦੀਆਂ ਖੇਡਾਂ ਹੋਈਆਂ ਤਾਂ ਉਥੇ ਵੀ ਉਹ ਅੱਵਲ ਆਈ।

ਖੇਡਾਂ ਵਿੱਚ ਝੰਡੇ ਗੱਡਣ ਤੋਂ ਪਹਿਲਾਂ ਉਹ ਪੜ੍ਹਾਈ ਵਿੱਚ ਵੀ ਅੱਵਲ ਹੀ ਆਉਂਦੀ ਰਹੀ। ਬੀ.ਸੀ.ਏ. ਤੇ ਐਮ.ਏ. (ਅੰਗਰੇਜ਼ੀ) ਦੀ ਟੌਪਰ ਅਵਨੀਤ ਯੁਵਕ ਮੇਲਿਆਂ ਵਿੱਚ ਕੁਇਜ਼ ਮੁਕਾਬਲਿਆਂ ਵਿੱਚ ਵੀ ਅੱਵਲ ਆਈ। ਜਦੋਂ ਉਸ ਲਈ ਵਰ ਲੱਭਿਆ ਤਾਂ ਉਹ ਵੀ ਅੱਵਲ ਦਰਜੇ ਦਾ ਹਾਕੀ ਖਿਡਾਰੀ ਰਾਜਪਾਲ ਸਿੰਘ ਚੁਣਿਆ ਗਿਆ। ਖੇਡ ਜੋੜੀਆਂ ਵਿੱਚੋਂ ਵੀ ਉਹ ਅੱਵਲ ਦਰਜੇ ਦੀ ਜੋੜੀ ਹੈ। ਇਕੱਲੀ ਡਾਕਟਰੀ ਦੀ ਪ੍ਰੀਖਿਆਂ ਵਿੱਚ ਉਹ ਅੱਵਲ ਨਹੀਂ ਆ ਸਕੀ। ਇਸ ਗੱਲ ਦਾ ਖੇਡ ਪ੍ਰੇਮੀ ਹੁਣ ਸ਼ੁਕਰ ਮਨਾਉਂਦੇ ਹਨ ਕਿਉਂਕਿ ਜੇ ਉਹ ਉਥੇ ਅੱਵਲ ਆ ਜਾਂਦੀ ਤਾਂ ਭਾਰਤ ਨੂੰ ਨਿਸ਼ਾਨੇਬਾਜ਼ੀ ਖੇਡ ਵਿੱਚ ਅਵਨੀਤ ਵਰਗੀ ਖਿਡਾਰਨ ਨਹੀਂ ਮਿਲਣੀ ਸੀ। ਛੋਟੇ ਹੁੰਦਿਆਂ ਤੋਂ ਹੀ ਡਾਕਟਰ ਬਣਨ ਦੀ ਤਾਂਘ ਪਾਲਣ ਵਾਲੀ ਅਵਨੀਤ ਦਾ ਪੀ.ਐਮ.ਈ.ਟੀ. ਪ੍ਰੀਖਿਆ ਵਿੱਚ ਰੈਂਕ ਥੋੜਾ ਪਿੱਛੇ ਰਹਿ ਗਿਆ ਜਿਸ ਕਾਰਨ ਉਸ ਨੇ ਚੰਗਾ ਕਾਲਜ ਨਾ ਮਿਲਦਾ ਦੇਖ ਕੇ ਡਾਕਟਰੀ ਦੀ ਪੜ੍ਹਾਈ ਛੱਡ ਕੇ ਕੰਪਿਊਟਰ ਐਪਲੀਕੇਸ਼ਨ ਦੀ ਗਰੈਜੂਏਸ਼ਨ ਵਿੱਚ ਦਸ਼ਮੇਸ਼ ਕਾਲਜ ਬਾਦਲ ਵਿਖੇ ਦਾਖਲਾ ਲੈ ਲਿਆ। ਇਸੇ ਕਾਲਜ ਤੋਂ ਹੀ ਹੀ ਉਸ ਦੀ ਤਕਦੀਰ ਬਦਲ ਗਈ ਅਤੇ ਫੇਰ ਉਸ ਨੇ ਬਹੁਤ ਛੋਟੇ ਅਰਸੇ ਵਿੱਚ ਦੁਨੀਆਂ ਜਿੱਤ ਕੇ ਸਾਹ ਲਿਆ। ਉਂਝ ਅਵਨੀਤ ਦਾ ਸੁਫਨਾ ਸਿਵਲ ਸਰਵਿਸਜ਼ ਦੀ ਪ੍ਰੀਖਿਆ ਪਾਸ ਕਰਕੇ ਆਈ.ਏ.ਐਸ.ਬਣਨਾ ਸੀ। ਹੁਣ ਵੀ ਉਹ ਪੀ.ਪੀ.ਐਸ. ਬਣ ਕੇ ਜਨਤਕ ਸੇਵਾ ਨਿਭਾ ਰਹੀ ਹੈ। ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਉਸ ਵੱਲੋਂ ਨਿਭਾਈਆਂ ਬੇਮਿਸਾਲ ਸੇਵਾਵਾਂ ਬਦਲੇ ਪੰਜਾਬ ਦੇ ਡੀ.ਜੀ.ਪੀ. ਨੇ ਉਸ ਨੂੰ ਪ੍ਰਸੰਸਾ ਪੱਤਰ ਨਾਲ ਸਨਮਾਨਿਆ।

ਮਾਲਵੇ ਦੀ ਇਹ ਸੁੱਘੜ, ਸਿਆਣੀ ਤੇ ਹੋਣਹਾਰ ਨਿਸ਼ਾਨੇਬਾਜ਼ ਪੰਜਾਬ ਦੀਆਂ ਮਹਿਲਾ ਨਿਸ਼ਾਨੇਬਾਜ਼ਾਂ ਦੀ ਝੰਡਾਬਰਦਾਰ ਹੈ। ਉਹ ਪੰਜਾਬ ਵਿੱਚ ਛੋਟੀ ਉਮਰ ਦੀਆਂ ਲੜਕੀਆਂ ਲਈ ਰਾਹ ਦਸੇਰਾ ਬਣੀ ਅਤੇ ਉਸ ਨੂੰ ਦੇਖੋ-ਦੇਖ ਪੰਜਾਬ ਵਿੱਚ ਕਈ ਕੁੜੀਆਂ ਨਿਸ਼ਾਨੇਬਾਜ਼ੀ ਦੀ ਖੇਡ ਵੱਲ ਪ੍ਰੇਰਿਤ ਹੋਈਆਂ। ਅਵਨੀਤ ਤੋਂ ਪਹਿਲਾਂ ਪੰਜਾਬ ਵਿੱਚ ਇੱਕਾ-ਦੁੱਕਾ ਹੀ ਸਟੇਟ ਪੱਧਰ ਦੀਆਂ ਨਿਸ਼ਾਨੇਬਾਜ਼ ਕੁੜੀਆਂ ਸਨ ਪਰ ਉਸ ਦੀ ਸੁਨਹਿਰੀ ਪ੍ਰਾਪਤੀ ਤੋਂ ਬਾਅਦ ਪੰਜਾਬ ਵਿੱਚ ਇਸ ਖੇਡ ਵਿੱਚ ਕ੍ਰਾਂਤੀ ਹੀ ਆ ਗਈ। ਉਸ ਦੇ ਨਾਲ ਹੀ ਹਰਵੀਨ ਸਰਾਓ ਉੱਠੀ ਅਤੇ ਫੇਰ ਹਿਨਾ ਸਿੱਧੂ ਤੇ ਮਲਾਇਕਾ ਗੋਇਲ ਨੇ ਕਮਾਨ ਸੰਭਾਲਦਿਆਂ ਕੌਮਾਂਤਰੀ ਪਿੜ ਵਿੱਚ ਦੇਸ਼ ਦਾ ਨਾਂ ਚਮਕਾਇਆ। ਅਵਨੀਤ ਉਸ ਖੇਤਰ ਦੀ ਜੰਮਪਲ ਤੇ ਰਹਿਣ ਵਾਲੀ ਹੈ ਜਿੱਥੇ ਹਥਿਆਰਾਂ ਨੂੰ ਰੱਖਣਾ ਸ਼ੌਕ ਹੈ ਪਰ ਉਸ ਨੇ ਸ਼ੌਕ ਤੋਂ ਅਗਾਂਹ ਵਧਦਿਆਂ ਨਿਸ਼ਾਨੇਬਾਜ਼ੀ ਖੇਡ ਅਪਣਾ ਕੇ ਅਜਿਹੀ ਪ੍ਰਪੱਕਤਾ ਹਾਸਲ ਕੀਤੀ ਕਿ ਹਰ ਪੰਜਾਬੀ ਉਸ ‘ਤੇ ਮਾਣ ਕਰਨ ਲੱਗਿਆ। ਅਵਨੀਤ ਨੇ ਜਿਸ ਅੰਜਲੀ ਤੋਂ ਪ੍ਰੇਰਨਾ ਅਤੇ ਉਸ ਦੀਆਂ ਤਸਵੀਰਾਂ ਆਪਣੇ ਕਮਰੇ ਵਿੱਚ ਲਗਾ ਕੇ ਇਸ ਖੇਡ ਦੀ ਸ਼ੁਰੂਆਤ ਕੀਤੀ, ਇਕ ਦਿਨ ਉਸ ਨੇ ਉਸੇ ਅੰਜਲੀ ਭਾਗਵਤ ਨੂੰ ਹਰਾਇਆ। ਬਾਦਲ ਪਿੰਡ ਦੀ ਨਿਸ਼ਾਨੇਬਾਜ਼ੀ ਰੇਂਜ ਤੋਂ ਗੁਰ ਸਿੱਖ ਕੇ ਓਲੰਪਿਕ ਦੇ ਅਖਾੜੇ ਤੱਕ ਪੁੱਜਣ ਵਾਲੀ ਅਵਨੀਤ ਨੇ ਪੰਜਾਬ ਦੇ ਪਿੰਡਾਂ ਦੀਆਂ ਆਮ ਪਰਿਵਾਰਾਂ ਦੀਆਂ ਕੁੜੀਆਂ ਵਿੱਚ ਕੁਝ ਕਰ ਗੁਜ਼ਰਨ ਦੀ ਚਿਣਗ ਲਾ ਦਿੱਤੀ। ਅਵਨੀਤ ਨੇ ਪੰਜਾਬ ਦੀਆਂ ਕੁੜੀਆਂ ਨੂੰ ਨਿਸ਼ਾਨੇਬਾਜ਼ੀ ਦਾ ਅਜਿਹਾ ਜਾਗ ਲਗਾਇਆ ਕਿ ਅੱਜ ਸੈਂਕੜੇ ਦੀ ਗਿਣਤੀ ਵਿੱਚ ਛੋਟੀ ਉਮਰ ਦੀਆਂ ਬੱਚੀਆਂ ਹੱਥ ਵਿੱਚ ਰਾਈਫਲ ਜਾਂ ਪਿਸਟਲ ਚੁੱਕੀ ਨਿਸ਼ਾਨੇਬਾਜ਼ੀ ਰੇਂਜ ਵਿੱਚ ਸੁਨਹਿਰੇ ਪੰਜਾਬ ਦਾ ਭਵਿੱਖ ਬਣਾ ਰਹੀਆਂ ਹਨ।

ਅਵਨੀਤ ਦੀ ਕਾਮਯਾਬੀ ਦੀ ਕਹਾਣੀ ਇਕ ਪਿਓ ਵੱਲੋਂ ਆਪਣੀ ਧੀ ਲਈ ਸੰਜੋਏ ਸੁਫਨਿਆਂ ਦੇ ਸੱਚ ਹੋਣ ਦੀ ਦਾਸਤਾਂ ਹੈ। ਕਿਸੇ ਵੇਲੇ ਪਛੜੇ ਖੇਤਰ ਨਾਲ ਜਾਣਿਆ ਜਾਂਦਾ ਬਠਿੰਡਾ ਅੱਜ ਅਵਨੀਤ ਦੀ ਸਫਲਤਾ ਦੇ ਸ਼ੋਰ ਨੇ ਮੋਹਰਲੀਆਂ ਸਫਾਂ ਵਿੱਚ ਲਿਆਂਦਾ ਹੈ। ਅਵਨੀਤ ਦੇ ਪਿਤਾ ਅੰਮ੍ਰਿਤਪਾਲ ਸਿੰਘ ਸਿੱਧੂ (ਬਰਾੜ) ਨੇ ਕੁੱਲ ਦੁਨੀਆਂ ਦੇ ਪੰਜਾਬੀਆਂ ਨੂੰ ਸੁਨੇਹਾ ਦਿੱਤਾ ਕਿ ਜੇਕਰ ਧੀਆਂ ਨੂੰ ਪੁੱਤਾਂ ਤੋਂ ਵੱਧ ਕੇ ਪਾਲਿਆ ਅਤੇ ਉਨ੍ਹਾਂ ਦੇ ਸੁਫਨਿਆਂ ਨੂੰ ਪੂਰਾ ਕਰਨ ਲਈ ਜਾਨੂੰਨ ਦੀ ਹੱਦ ਤੱਕ ਜਾਇਆ ਜਾਵੇ ਤਾਂ ਧੀਆਂ ਵੀ ਮਾਪਿਆਂ ਦਾ ਨਾਂ ਰੌਸ਼ਨ ਕਰ ਸਕਦੀਆਂ ਹਨ। ਪਿਤਾ ਵੱਲੋਂ ਜਨਮ ਦਿਨ ਦੇ ਤੋਹਫੇ ‘ਤੇ ਵਿਦੇਸ਼ੋਂ ਮੰਗਵਾਈ ਮਹਿੰਗੀ ਰਾਈਫਲ ਦਾ ਮੁੱਲ ਧੀ ਨੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਤਮਗਿਆਂ ਦਾ ਸੈਂਕੜਾ ਪੂਰਾ ਕਰਕੇ ਮੋੜਿਆ। ਪਿਓ ਦੇ ਜਾਨੂੰਨ ਤੇ ਧੀ ਦੀ ਲਗਨ ਨੇ ਇਸ ਧਾਰਨਾ ਨੂੰ ਖਤਮ ਕੀਤਾ ਕਿ ਨਿਸ਼ਾਨੇਬਾਜ਼ੀ ਵਰਗੀ ਖੇਡ ਵਿੱਚ ਛੋਟੇ ਸ਼ਹਿਰਾਂ ਦੇ ਸਾਧਾਰਣ ਪਰਿਵਾਰਾਂ ਦੀਆਂ ਧੀਆਂ ਇਸ ਮਹਿੰਗੀ ਸਮਝੀ ਜਾਂਦੀ ਖੇਡ ਵਿੱਚ ਆਪਣਾ ਕਰੀਅਰ ਨਹੀਂ ਬਣਾ ਸਕਦੀਆਂ। ਅਵਨੀਤ ਜਿਹੀ ਸੰਸਕਾਰੀ ਧੀ ਸਦੀਆਂ ਵਿੱਚ ਹੀ ਜੰਮਦੀ ਹੈ ਜੋ ਮਾਪਿਆਂ ਦਾ ਸਿਰ ਫਖਰ ਨਾਲ ਉਚਾ ਕਰਦੀ ਹੈ।

ਅਵਨੀਤ ਦਾ ਜੱਦੀ ਪਿੰਡ ਬਠਿੰਡਾ ਜ਼ਿਲੇ ਵਿੱਚ ਚੱਕ ਅੱਤਰ ਸਿੰਘ ਵਾਲਾ ਹੈ। ਅਵਨੀਤ ਦਾ ਜਨਮ 30 ਅਕਤੂਬਰ 1981 ਨੂੰ ਹੋਇਆ। ਪਰਿਵਾਰ ਦੀ ਰਿਹਾਇਸ਼ ਬਠਿੰਡਾ ਦੀ ਅਜੀਤ ਰੋਡ ‘ਤੇ ਸੀ ਅਤੇ ਬਾਰ੍ਹਵੀਂ ਤੱਕ ਮੈਡੀਕਲ ਦੀ ਪੜ੍ਹਾਈ ਬਠਿੰਡਾ ਦੇ ਸੇਂਟ ਜੋਸਫ ਕਾਨਵੈਂਟ ਸਕੂਲ ਤੋਂ ਪੂਰੀ ਕੀਤੀ। ਪੂਰੇ ਮਾਲਵੇ ਦੇ ਲੋਕ ਡਾਕਟਰੀ ਦੀ ਪ੍ਰੀਖਿਆ ਲਈ ਤਿਆਰੀ ਕਰਨ ਲਈ ਬਠਿੰਡੇ ਜਾਂਦੇ ਹਨ। ਅਵਨੀਤ ਵੀ ਡਾਕਟਰ ਬਣਨ ਦੀ ਰੀਝ ਪਾਲੀ ਬੈਠੀ ਸੀ। ਉਸ ਵੇਲੇ ਤੱਕ ਅਵਨੀਤ ਨੂੰ ਨਿਸ਼ਾਨੇਬਾਜ਼ੀ ਦਾ ਉੱਕਾ ਹੀ ਪਤਾ ਨਹੀਂ ਸੀ। ਮਿਲੇਨੀਅਮ ਤੇ ਸਦੀ ਦਾ ਆਖਰੀ ਵਰ੍ਹਾ 1999 ਸੀ। ਬਾਰ੍ਹਵੀਂ ਤੋਂ ਬਾਅਦ ਇਕ ਸਾਲ ਡਰੌਪ ਹੋ ਕੇ ਉਸ ਨੇ ਪੀ.ਐਮ.ਈ.ਟੀ. ਦੀ ਤਿਆਰੀ ਵਿੱਢੀ। ਰੈਂਕ ਥੋੜਾਂ ਪਿੱਛੇ ਆਇਆ ਜਿਸ ਕਾਰਨ ਚੰਗੇ ਕਾਲਜ ਵਿੱਚ ਐਮ.ਬੀ.ਬੀ.ਐਸ. ਦਾ ਦਾਖਲਾ ਖੁੰਝ ਗਿਆ। ਕੁਦਰਤ ਨੇ ਅਵਨੀਤ ਲਈ ਕੁਝ ਹੋਰ ਜੋ ਸੋਚਿਆ ਹੋਇਆ ਸੀ। ਅਵਨੀਤ ਦੇ ਮਾਤਾ ਇੰਦਰਜੀਤ ਕੌਰ ਦਸ਼ਮੇਲ ਗਰਲਜ਼ ਕਾਲਜ ਬਾਦਲ ਵਿਖੇ ਲਾਇਬ੍ਰੇਰੀਅਨ ਸਨ। ਨਵੇਂ ਮਿਲੇਨੀਅਮ ਤੇ ਸਦੀ ਦੇ ਪਹਿਲੇ ਹੀ ਸਾਲ 2000 ਵਿੱਚ ਅਵਨੀਤ ਨੇ ਦਸ਼ਮੇਸ਼ ਕਾਲਜ ਵਿਖੇ ਬੀ.ਸੀ.ਏ. ਵਿੱਚ ਦਾਖਲਾ ਲੈ ਲਿਆ। ਉਸ ਵੇਲੇ ਅਵਨੀਤ ਦਾ ਛੋਟਾ ਭਰਾ ਮਨਮੀਤ ਸ਼ੂਟਿੰਗ ਖੇਡ ਦੀ ਸ਼ੁਰੂਆਤ ਕਰ ਚੁੱਕਾ ਸੀ ਅਤੇ ਉਸ ਨੇ ਸਟੇਟ ਪੱਧਰ ਦੇ ਮੁਕਾਬਲਿਆਂ ਵਿੱਚ ਵੀ ਹਿੱਸਾ ਲਿਆ। ਕਾਲਜ ਵਿੱਚ ਅਤਿ-ਆਧੁਨਿਕ ਸ਼ੂਟਿੰਗ ਰੇਂਜ ਸੀ ਅਤੇ ਕੋਚਿੰਗ ਲਈ ਵੀਰਪਾਲ ਕੌਰ ਜਿਹੀ ਸਮਰਪਿਤ ਕੋਚ। ਅਵਨੀਤ ਨੇ ਹਾਲੇ ਸ਼ੌਕੀਆ ਖੇਡ ਵੱਲ ਕਦਮ ਵਧਾਏ ਹੀ ਸੀ ਕਿ ਉਨ੍ਹਾਂ ਦਿਨਾਂ ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਦੀ ਨਵੀਂ ਰੇਂਜ ਦੇ ਉਦਘਾਟਨ ਲਈ ਦੇਸ਼ ਦੀ ਉਘੀ ਨਿਸ਼ਾਨੇਬਾਜ਼ ਅੰਜਲੀ ਭਾਗਵਤ ਤੇ ਜਸਪਾਲ ਰਾਣਾ ਅਵਨੀਤ ਦੇ ਕਾਲਜ ਪੁੱਜੇ। ਅਵਨੀਤ ਅੰਜਲੀ ਤੋਂ ਬਹੁਤ ਪ੍ਰਭਾਵਿਤ ਹੋਈ। ਉਸ ਨੇ ਆਪਣੇ ਕਮਰੇ ਵਿੱਚ ਅੰਜਲੀ ਦੇ ਪੋਸਟਰ ਵੀ ਚਿਪਕਾ ਲਏ। ਅੰਜਲੀ ਵਰਗੀ ਬਣਨ ਦੀ ਤਮੰਨਾ ਨੇ ਹੀ ਉਸ ਅੰਦਰ ਨਿਸ਼ਾਨੇਬਾਜ਼ੀ ਖੇਡ ਦੀ ਚਿਣਗ ਲਾ ਦਿੱਤੀ। ਅਵਨੀਤ ਨੇ ਸ਼ੁਰੂਆਤੀ ਦਿਨਾਂ ਵਿੱਚ ਪਿਸਟਲ ਈਵੈਂਟ ਦੀ ਸ਼ੁਰੂਆਤ ਕੀਤੀ। ਉਹ ਡੰਮੀ ਪਿਸਟਲਾਂ ਨਾਲ ਅਭਿਆਸ ਕਰਨ ਲੱਗੀ। ਉਨ੍ਹਾਂ ਦਿਨਾਂ ਵਿੱਚ ਕਾਲਜ ਦੀ ਟੀਮ ਦੇ ਟਰਾਇਲ ਸਨ ਅਤੇ ਅਵਨੀਤ ਦਾ ਉਸ ਦਿਨ ਜਨਮ ਦਿਨ ਸੀ। ਅਵਨੀਤ ਨੇ ਆਖਰਕਾਰ ਭਰੇ ਮਨ ਨਾਲ ਜਨਮ ਦਿਨ ਮਨਾਉਣ ਦੀ ਬਜਾਏ ਟਰਾਇਲਾਂ ਵਿੱਚ ਹਿੱਸਾ ਲਿਆ। ਕੋਚ ਵੀਰਪਾਲ ਕੌਰ ਨੇ ਕਾਲਜ ਦੀ ਟੀਮ ਚੁਣਦਿਆਂ ਉਸ ਨੂੰ ਪਿਸਟਲ ਦੀ ਬਜਾਏ ਰਾਈਫਲ ਈਵੈਂਟ ਲਈ ਚੁਣਿਆ।

ਅਵਨੀਤ ਦੇ ਪਿਤਾ ਧੀ ਦੀ ਲਗਨ ਨੂੰ ਪਛਾਣ ਲਿਆ। ਉਨ੍ਹਾਂ ਅਗਲੇ ਹੀ ਸਾਲ 2001 ਅਵਨੀਤ ਦੇ ਜਨਮ ਦਿਨ ‘ਤੇ ਜਰਮਨੀ ਤੋਂ ਸਭ ਤੋਂ ਮਹਿੰਗੇ ਭਾਅ ਦੀ ਰਾਈਫਲ ਮੰਗਵਾ ਕੇ ਤੋਹਫਾ ਦਿੱਤਾ। ਉਸ ਰਾਈਫਲ ਦੀ ਕੀਮਤ ਅੱਸੀ ਹਜ਼ਾਰ ਰੁਪਏ ਦੇ ਕਰੀਬ ਸੀ। ਅਵਨੀਤ ਦੀ ਨਵੀਂ ਰਾਈਫਲ ਨੇ ਉਸ ਦੇ ਸੁਫਨਿਆਂ ਨੂੰ ਸਮਝੋਂ ਖੰਭ ਹੀ ਲਾ ਦਿੱਤੇ। ਇਕ ਮਹੀਨੇ ਬਾਅਦ ਹੀ ਉਸ ਨੇ ਪ੍ਰੀ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਜੋ ਉਸ ਦਾ ਪਹਿਲਾ ਮੁਕਾਬਲਾ ਸੀ। 2002 ਵਿੱਚ ਅਵਨੀਤ ਨੇ ਨਤੀਜੇ ਦੇਣੇ ਸ਼ੁਰੂ ਕਰ ਦਿੱਤੇ। ਉਸ ਨੇ ਪਹਿਲਾ ਸਟੇਟ ਜਿੱਤੀ ਅਤੇ ਫੇਰ ਕਾਲਜ ਵੱਲੋਂ ਖੇਡਦਿਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਚੈਂਪੀਅਨ ਬਣੀ। ਇੰਦੌਰ ਵਿਖੇ ਹੋਈ ਨੈਸ਼ਨਲ ਵਿੱਚ ਉਹ ਭਾਵੇਂ 11ਵੇਂ ਨੰਬਰ ‘ਤੇ ਰਹਿ ਗਈ ਪਰ ਉਸ ਦਾ ਨਾਂ ਨਿਸ਼ਾਨੇਬਾਜ਼ੀ ਦੀਆਂ ਕੌਮੀ ਸਫਾਂ ਵਿੱਚ ਗੂੰਜਣ ਲੱਗ ਗਿਆ। ਸਾਲ ਦੇ ਅਖੀਰ ਵਿੱਚ ਹੈਦਰਾਬਾਦ ਵਿਖੇ ਹੋਈਆਂ ਕੌਮੀ ਖੇਡਾਂ ਵਿੱਚ ਉਹ ਥੋੜੇਂ ਜਿਹੇ ਫਰਕ ਨਾਲ ਤਮਗੇ ਤੋਂ ਖੁੰਝ ਗਈ ਪਰ ਉਸ ਨੂੰ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਮਿਲੀ ਕਿ ਅੰਜਲੀ ਭਾਗਵਤ ਨੇ ਨਿੱਜੀ ਤੌਰ ‘ਤੇ ਉਸ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ। ਅੰਜਲੀ ਦੀ ਹੱਲਾਸ਼ੇਰੀ ਨਾਲ ਅਵਨੀਤ ਅਗਲੇ ਦੋ ਸਾਲ ਪੰਜਾਬ ਯੂਨੀਵਰਸਿਟੀ ਵੱਲੋਂ ਖੇਡਦਿਆਂ ਆਲ ਇੰਡੀਆ ਇੰਟਰ ‘ਵਰਸਿਟੀ ਚੈਂਪੀਅਨ ਬਣੀ। ਅਵਨੀਤ ਬੀ.ਸੀ.ਏ. ਵਿੱਚ ਟਾਪਰ ਰਹੀ। ਫੇਰ ਉਸ ਨੇ ਮੁਕਤਸਰ ਵਿਖੇ ਪੰਜਾਬ ਯੂਨੀਵਰਸਿਟੀ ਦੇ ਰਿਜ਼ਨਲ ਕੈਂਪਸ ਵਿਖੇ ਅੰਗਰੇਜ਼ੀ ਦੀ ਐਮ.ਏ. ਵਿੱਚ ਦਾਖਲਾ ਲੈ ਲਿਆ। ਉਸ ਵੇਲੇ ਅਵਨੀਤ 400 ਵਿੱਚੋਂ 388 ਦਾ ਸਕੋਰ ਬਣਾ ਲੈਂਦੀ ਜਿਸ ਕਾਰਨ ਉਸ ਨੂੰ ਨਿਸ਼ਾਨੇਬਾਜ਼ੀ ਖੇਡ ਵਿੱਚ ਆਪਣਾ ਭਵਿੱਖ ਨਜ਼ਰ ਆਉਣ ਲੱਗਾ ਸੀ। ਸਾਲ 2004 ਦਾ ਵਰ੍ਹਾ ਸੀ ਕਿ ਪੱਛਮੀ ਬੰਗਾਲ ਦੇ ਅਸਨਸੋਲ ਵਿਖੇ ਇਕ ਮੁਕਾਬਲੇ ਦੌਰਾਨ ਭਾਰਤੀ ਨਿਸ਼ਾਨੇਬਾਜ਼ੀ ਨੂੰ ਸਿਖਰਾਂ ‘ਤੇ ਲਿਜਾਣ ਵਾਲੇ ਹੰਗਰੀ ਦੇ ਪ੍ਰਸਿੱਧ ਕੋਚ ਲੈਜ਼ਲੋ ਨੂੰ ਅਵਨੀਤ ਵਿੱਚ ਭਵਿੱਖ ਦੀ ਨਿਸ਼ਾਨੇਬਾਜ਼ ਦੇ ਗੁਣ ਨਜ਼ਰ ਆਏ। ਉਸ ਵੇਲੇ ਉਨ੍ਹਾਂ ਭਾਰਤੀ ਨਿਸ਼ਾਨੇਬਾਜ਼ੀ ਟੀਮ ਤੋਂ ਬਿਨਾਂ ਦੇਸ਼ ਦੇ ਉਭਰਦੇ ਨਿਸ਼ਾਨਚੀਆਂ ਦਾ ਇਕ ਅਣ-ਅਧਿਕਾਰਤ ਕੈਂਪ ਲਗਾਉਣ ਦਾ ਫੈਸਲਾ ਕੀਤਾ ਜਿਸ ਲਈ ਅਵਨੀਤ ਨੂੰ ਵੀ ਚੁਣਿਆ ਗਿਆ। ਉਸ ਕੈਂਪ ਦਾ ਖਰਚਾ ਨਿਸ਼ਾਨਚੀ ਨੇ ਖੁਦ ਉਠਾਉਣਾ ਸੀ। ਅਵਨੀਤ ਨੇ ਦੋ ਹਫਤਿਆਂ ਦੇ ਉਸ ਕੈਂਪ ਵਿੱਚ ਬਹੁਤ ਲਗਨ ਤੇ ਮਿਹਨਤ ਨਾਲ ਹਿੱਸਾ ਲਿਆ। ਉਹ ਕੋਚ ਨੂੰ ਹਰ ਸਵਾਲ ਪੁੱਛਦੀ ਜੋ ਉਸ ਦੇ ਦਿਮਾਗ ਵਿੱਚ ਆਉਂਦਾ। ਅਵਨੀਤ ਦੇ ਸਿਰੜ ਤੇ ਉਤਸੁਕਤਾ ਨੂੰ ਦੇਖਦਿਆਂ ਕੋਚ ਨੂੰ ਉਸ ਵਿੱਚ ਬਹੁਤ ਸੰਭਾਵਨਾਵਾਂ ਨਜ਼ਰ ਆਈਆਂ। ਇਕ ਦਿਨ ਕੋਚ ਨੇ ਅਵਨੀਤ ਨੂੰ ਕਿਹਾ ਕਿ ਉਹ ਬਹੁਤ ਅਹਿਮ ਤੇ ਜ਼ਰੂਰੀ ਸਵਾਲ ਪੁੱਛਦੀ ਹੈ ਅਤੇ ਜੇ ਉਹ ਇਸੇ ਸਿਰੜ ਨਾਲ ਲੱਗੀ ਰਹੀ ਤਾਂ ਇਕ ਦਿਨ 400 ਵਿੱਚੋਂ 400 ਸਕੋਰ ਲਵੇਗੀ। ਅਵਨੀਤ ਨੂੰ ਭਾਵੇਂ ਉਸ ਵੇਲੇ ਕੋਚ ਦੀ ਭਵਿੱਖਬਾਣੀ ਉਤੇ ਯਕੀਨ ਨਹੀਂ ਆਇਆ ਪਰ ਹੱਲਾਸ਼ੇਰੀ ਮਿਲਣ ਨਾਲ ਉਹ ਜਬਰਦਸਤ ਹੌਸਲੇ ਨਾਲ ਬਠਿੰਡਾ ਪਰਤੀ।

ਸਾਲ 2005 ਵਿੱਚ ਅਵਨੀਤ ਅੰਗਰੇਜ਼ੀ ਦੀ ਐਮ.ਏ. ਦੇ ਦੂਜੇ ਸਾਲ ਦੇ ਇਮਤਿਹਾਨ ਦੇ ਰਹੀ ਸੀ। ਆਖਰੀ ਇਕ ਇਮਤਿਹਾਨ ਰਹਿੰਦਾ ਸੀ ਕਿ ਉਸ ਨੂੰ ਭਾਰਤੀ ਨਿਸ਼ਾਨੇਬਾਜ਼ੀ ਟੀਮ ਵਿੱਚ ਚੁਣੇ ਜਾਣ ਦਾ ਸੱਦਾ ਆ ਗਿਆ। ਅਵਨੀਤ ਤੋਂ ਖੁਸ਼ੀਂ ਸਾਂਭੀ ਨਹੀਂ ਜਾ ਰਹੀ ਸੀ। ਉਸ ਨੇ ਆਖਰੀ ਇਮਤਿਹਾਨ ਦੇਣ ਦੀ ਆਗਿਆ ਲੈਣ ਤੋਂ ਬਾਅਦ ਕੈਂਪ ਜੁਆਇਨ ਕਰ ਲਿਆ। ਸਾਲ 2006 ਵਿੱਚ ਮੈਲਬਰਨ ਵਿਖੇ ਰਾਸ਼ਟਰਮੰਡਲ ਖੇਡਾਂ ਹੋਣੀਆਂ ਸਨ ਅਤੇ ਹੈਦਰਾਬਾਦ ਵਿਖੇ ਭਾਰਤੀ ਟੀਮ ਦੇ ਟਰਾਇਲ ਚੱਲ ਰਹੇ ਸਨ। ਅਵਨੀਤ ਨੇ ਟਰਾਇਲਾਂ ਵਿੱਚ ਕ੍ਰਿਸ਼ਮਾ ਕਰਦਿਆਂ 400 ਵਿੱਚੋਂ 400 ਸਕੋਰ ਲੈ ਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ। ਹਾਲਾਂਕਿ ਕੌਮੀ ਟਰਾਇਲਾਂ ਕਰਕੇ ਇਸ ਸਕੋਰ ਨੂੰ ਵਿਸ਼ਵ ਰਿਕਾਰਡ ਵੱਲੋਂ ਅਧਿਕਾਰਤ ਮਾਨਤਾ ਨਹੀਂ ਪਰ ਅਵਨੀਤ ਲਈ ਇਹ ਬਹੁਤ ਵੱਡੀ ਪ੍ਰਾਪਤੀ ਸੀ। ਕੋਚ ਦੇ ਕਹੇ ਬੋਲਾਂ ਨੂੰ ਸੱਚ ਕਰਦਿਆਂ ਅਵਨੀਤ ਨੇ ਆਪਣੀ ਆਦਰਸ਼ ਅੰਜਲੀ ਭਾਗਵਤ ਨੂੰ ਹਰਾ ਕੇ ਭਾਰਤੀ ਟੀਮ ਵਿੱਚ ਜਗ੍ਹਾਂ ਪੱਕੀ ਕੀਤੀ। ਤਿੰਨ ਸਾਲ ਪਹਿਲਾਂ ਇਸੇ ਅੰਜਲੀ ਨੇ ਮਾਨਚੈਸਟਰ ਰਾਸ਼ਟਰਮੰਡਲ ਖੇਡਾਂ ਵਿੱਚ ਚਾਰ ਸੋਨੇ ਦੇ ਤਮਗੇ ਜਿੱਤੇ ਸਨ। ਮੈਲਬਰਨ ਰਾਸ਼ਟਰਮੰਡਲ ਖੇਡਾਂ ਲਈ ਅਵਨੀਤ ਤੇ ਤੇਜੱਸਵਨੀ ਸਾਵੰਤ ਚੁਣੀਆਂ ਗਈਆਂ।

ਸਾਲ 2006 ਅਵਨੀਤ ਲਈ ਸੁਨਹਿਰੀ ਸਾਲ ਬਣ ਕੇ ਚੜ੍ਹਿਆ। ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਭਾਰਤੀ ਨਿਸ਼ਾਨੇਬਾਜ਼ੀ ਟੀਮ ਨੇ ਮੈਲਬਰਨ ਵਿਖੇ ਮਹੀਨੇ-ਡੇਢ ਮਹੀਨੇ ਦਾ ਕੈਂਪ ਲਾਇਆ ਤਾਂ ਜੋ ਨਿਸ਼ਾਨਚੀ ਮਾਹੌਲ ਅਨੁਸਾਰ ਢਲ ਜਾਣ। ਭਾਰਤੀ ਟੀਮ ਦੀਆਂ ਉਮੀਦਾਂ ਨੂੰ ਉਸ ਵੇਲੇ ਬੂਰ ਪਿਆ ਜਦੋਂ ਅਵਨੀਤ ਨੇ 10 ਮੀਟਰ ਏਅਰ ਰਾਈਫਲ ਈਵੈਂਟ ਦੇ ਪੇਅਰ ਮੁਕਾਬਲੇ ਵਿੱਚ ਤੇਜੱਸਵਨੀ ਨਾਲ ਮਿਲ ਕੇ ਕੁੱਲ 791 ਸਕੋਰ ਨਾਲ ਸੋਨੇ ਦਾ ਤਮਗਾ ਫੁੰਡ ਲਿਆ। ਕੈਨੇਡਾ ਤੇ ਸਿੰਗਾਪੁਰ ਦੀ ਜੋੜੀ 781 ਸਕੋਰ ਨਾਲ ਬਹੁਤ ਪਿੱਛੇ ਰਹਿ ਗਈ। ਵਿਅਕਤੀਵਰਗ ਵਿੱਚ ਤੇਜੱਸਵਨੀ ਨੇ ਸੋਨੇ ਤੇ ਅਵਨੀਤ ਨੇ ਚਾਂਦੀ ਦਾ ਤਮਗਾ ਜਿੱਤਿਆ। ਅਵਨੀਤ ਦੀ ਦੋਹਰੀ ਪ੍ਰਾਪਤੀ ਨੇ ਮਾਲਵੇ ਤੋਂ ਮੈਲਬਰਨ ਤੱਕ ਧੁੰਮਾਂ ਪਾ ਦਿੱਤੀਆਂ। ਰਾਸ਼ਟਰਮੰਡਲ ਖੇਡਾਂ ਵਿੱਚ ਤਮਗਾ ਜਿੱਤਣ ਵਾਲੀ ਉਹ ਪਹਿਲੀ ਪੰਜਾਬਣ ਨਿਸ਼ਾਨੇਬਾਜ਼ ਬਣੀ। ਆਸਟਰੇਲੀਆ ਤੋਂ ਅਵਨੀਤ ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਬਣ ਕੇ ਪਰਤੀ। ਇਸੇ ਸਾਲ ਕਰੋਏਸ਼ੀਆ ਦੇ ਸ਼ਹਿਰ ਜ਼ਗਰੇਬ ਵਿਖੇ ਹੋਈ 49ਵੀਂ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਅਵਨੀਤ ਨੇ 400 ਵਿੱਚੋਂ 397 ਸਕੋਰ ਦੇ ਨਾਲ ਛੇਵਾਂ ਸਥਾਨ ਹਾਸਲ ਕਰਕੇ ਓਲੰਪਿਕ ਕੋਟਾ ਹਾਸਲ ਕਰ ਲਿਆ। ਓਲੰਪਿਕ ਖੇਡਾਂ ਲਈ ਕੁਆਲੀਫਾਈ ਹੋਣ ਵਾਲੀ ਉਹ ਪੰਜਾਬ ਦੇ ਖੇਡ ਇਤਿਹਾਸ ਦੀ ਪਹਿਲੀ ਮਹਿਲਾ ਨਿਸਾਨੇਬਾਜ਼ ਸੀ। ਸਾਲ ਦੇ ਅਖੀਰ ਵਿੱਚ ਦੋਹਾ ਵਿਖੇ ਏਸ਼ਿਆਈ ਖੇਡਾਂ ਹੋਣੀਆਂ ਸਨ। ਉਥੇ 10 ਮੀਟਰ ਏਅਰ ਰਾਈਫਲ ਈਵੈਂਟ ਵਿੱਚ ਅਵਨੀਤ ਸਾਥੀ ਨਿਸ਼ਾਨੇਬਾਜ਼ ਤੇਜੱਸਵਨੀ ਤੇ ਸ਼ੁਮਾ ਸਿਰੁਰ ਨਾਲ ਹਿੱਸਾ ਲੈ ਰਹੀ ਸੀ। ਭਾਰਤੀ ਟੀਮ ਨੇ 1181 ਸਕੋਰ ਨਾਲ ਕਾਂਸੀ ਦਾ ਤਮਗਾ ਜਿੱਤ ਲਿਆ। ਇਸ ਸਕੋਰ ਵਿੱਚ ਸਭ ਤੋਂ ਵੱਧ ਯੋਗਦਾਨ ਅਵਨੀਤ ਦਾ 396 ਸੀ। ਉਸ ਤੋਂ ਬਾਅਦ ਤੇਜੱਸਵਨੀ ਦਾ ਸਕੋਰ 395 ਤੇ ਸ਼ੁਮਾ ਦਾ 390 ਸੀ। ਵਿਅਕਤੀਗਤ ਮੁਕਾਬਲੇ ਵਿੱਚ ਅਵਨੀਤ ਸਿਰਫ ਇਕ ਸਕੋਰ ਨਾਲ ਇਕ ਹੋਰ ਤਮਗੇ ਤੋਂ ਖੁੰਝ ਗਈ। ਉਸ ਨੇ 396 ਸਕੋਰ ਬਣਾਇਆ ਜਦੋਂ ਕਿ ਚਾਂਦੀ ਦਾ ਤਮਗਾ ਜਿੱਤਣ ਵਾਲੀ ਨਿਸ਼ਾਨੇਬਾਜ਼ ਦਾ ਸਕੋਰ 397 ਸੀ।

ਅਗਲੇ ਹੀ ਸਾਲ 2007 ਵਿੱਚ ਅਵਨੀਤ ਨੇ ਗੁਹਾਟੀ ਵਿਖੇ ਕੌਮੀ ਖੇਡਾਂ ਵਿੱਚ ਪੰਜਾਬ ਲਈ ਦੋ ਚਾਂਦੀ ਦੇ ਤਮਗੇ ਜਿੱਤੇ। ਭਾਰਤ ਵਿੱਚ ਨਿਸ਼ਾਨੇਬਾਜ਼ੀ ਖੇਡ ਦੇ ਸਖਤ ਮੁਕਾਬਲਿਆਂ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਅਵਨੀਤ ਹਾਲੇ ਨੈਸ਼ਨਲ ਚੈਂਪੀਅਨ ਨਹੀਂ ਬਣੀ ਸੀ। ਅਹਿਮਦਾਬਾਦ ਵਿਖੇ 51ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਅਵਨੀਤ ਨੇ ਇਹ ਸੁਫਨਾ ਪੂਰਾ ਕੀਤਾ ਜਦੋਂ ਉਹ ਅੰਜਲੀ ਨੂੰ ਹਰਾ ਕੇ ਨੈਸ਼ਨਲ ਚੈਂਪੀਅਨ ਬਣੀ। ਸੋਨੇ ਦਾ ਤਮਗਾ ਜਿੱਤਣ ਵਾਲੀ ਅਵਨੀਤ ਨੇ 497.8 ਸਕੋਰ ਬਣਾਇਆ ਜਦੋਂ ਕਿ ਦੂਜੇ ਨੰਬਰ ‘ਤੇ ਆਈ ਅੰਜਲੀ ਨੇ 496.2 ਤੇ ਤੀਜੇ ਨੰਬਰ ‘ਤੇ ਸੁਮਾ ਸ਼ਿਰੁਰ ਨੇ 494.5 ਸਕੋਰ ਬਣਾਇਆ। ਇਸੇ ਸਾਲ ਕੁਵੈਤ ਵਿਖੇ 11ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਂਦਿਆਂ ਅਵਨੀਤ ਨੇ ਕਾਂਸੀ ਦਾ ਤਮਗਾ ਜਿੱਤਿਆ। ਸਾਲ 2007 ਲਈ ਪੰਜਾਬ ਸਰਕਾਰ ਨੇ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਲਈ ਚੁਣਿਆ।

ਸਾਲ 2008 ਅਵਨੀਤ ਲਈ ਬਹੁਤ ਅਹਿਮ ਸੀ। ਉਹ ਆਪਣੀ ਪਹਿਲੀ ਓਲੰਪਿਕਸ ਵਿੱਚ ਭਾਗ ਲੈਣ ਵਾਲੀ ਸੀ। ਸਾਲ ਦੀ ਸ਼ੁਰੂਆਤ ਵਧੀਆ ਰਹੀ। ਉਸ ਨੇ ਸਿਡਨੀ ਵਿਖੇ ਹੋਏ ਏ.ਆਈ.ਐਸ.ਐਲ. ਆਸਟਰੇਲੀਆ ਕੱਪ ਵਿੱਚ ਸੋਨ ਤਮਗਾ ਫੁੰਡਿਆ। ਅਗਸਤ ਮਹੀਨੇ ਬੀਜਿੰਗ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਉਹ ਪੁੱਜੀ ਹੀ ਸੀ ਕਿ ਉਸੇ ਦਿਨ ਭਾਰਤ ਵਿੱਚ ਕੌਮੀ ਖੇਡ ਐਵਾਰਡਾਂ ਦਾ ਐਲਾਨ ਹੋਇਆ। ਮੇਰੇ ਉਹ ਪਲ ਭਲੀਭਾਂਤ ਚੇਤੇ ਹਨ ਜਦੋਂ ਮੈਂ ਵੀ ਓਲੰਪਿਕਸ ਕਵਰ ਕਰਨ ਲਈ ਬੀਜਿੰਗ ਪੁੱਜਿਆ ਹੋਇਆ ਸੀ। ਅਥਲੈਟਿਕਸ ਵਿਲੇਜ਼ ਵਿਖੇ ਭਾਰਤੀ ਖੇਡ ਦਲ ਦੇ ਸਵਾਗਤੀ ਸਮਾਰੋਹ ਦੌਰਾਨ ਜਦੋਂ ਮੈਂ  ਅਵਨੀਤ ਨੂੰ ਵਧਾਈ ਦਿੱਤੀ ਤਾਂ ਉਸ ਨੇ ਵਧਾਈ ਕਬੂਲਦਿਆਂ ਮੈਨੂੰ ਵੀ ਪਹਿਲੀ ਵਾਰ ਕਵਰੇਜ਼ ਲਈ ਓਲੰਪਿਕ ਖੇਡਾਂ ਵਿੱਚ ਆਉਣ ਦੀ ਵਧਾਈ ਦਿੱਤੀ। ਮੈਂ ਉਸ ਨੂੰ ਕਿਹਾ ਕਿ ਇਹ ਵਧਾਈ ਤਾਂ ਅਰਜੁਨਾ ਐਵਾਰਡੀ ਬਣਨ ਦੀ ਹੈ ਤਾਂ ਉਸ ਨੇ ਬੜੇ ਅਦਬ ਨਾਲ ਕਿਹਾ ਕਿ ਇਹ ਦੋਹਰੀ ਖੁਸ਼ੀ ਦਾ ਮੌਕਾ ਹੈ ਪਰ ਫਿਰ ਵੀ ਅਰਜੁਨਾ ਐਵਾਰਡ ਨਾਲੋਂ ਓਲੰਪੀਅਨ ਬਣਨ ਦੀ ਵੱਡੀ ਖੁਸ਼ੀ ਹੈ। ਅਵਨੀਤ ਨੇ ਬੀਜਿੰਗ ਵਿਖੇ 10 ਮੀਟਰ ਏਅਰ ਰਾਈਫਲ ਅਤੇ 50 ਮੀਟਰ ਰਾਈਫਲ ਥ੍ਰੀ ਪੁਜੀਸ਼ਨ ਦੋ ਈਵੈਂਟਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਅਵਨੀਤ ਆਪਣੇ ਖੇਡ ਕਰੀਅਰ ਵਿੱਚ ਬੀਜਿੰਗ ਦੇ ਪ੍ਰਦਰਸ਼ਨ ਨੂੰ ਨਿਰਾਸ਼ਾਜਨਕ ਮੰਨਦੀ ਹੈ ਕਿਉਂਕਿ ਉਹ ਉਥੇ ਆਪਣੀ ਪ੍ਰਤਿਭਾ ਨਾਲ ਨਿਆਂ ਨਹੀਂ ਕਰ ਸਕੀ। ਉਹ ਮੰਨਦੀ ਹੈ ਕਿ ਓਲੰਪਿਕਸ ਦਾ ਦਬਾਅ ਵੀ ਬਹੁਤ ਹੁੰਦਾ ਹੈ। ਕੁੱਲ 40 ਸਕੋਰਾਂ ਵਿੱਚੋਂ ਉਹ ਪਹਿਲੇ 24 ਸਕੋਰਾਂ ਤੱਕ ਉਹ ਠੀਕ ਚੱਲ ਰਹੀ। ਉਦੋਂ ਤੱਕ ਉਸ ਦੇ ਸਿਰਫ ਦੋ ਨਿਸ਼ਾਨੇ 9-9 ਵਾਲੇ ਲੱਗੇ ਸੀ, ਬਾਕੀ ਸਭ 10 ਵਾਲੇ ਸਨ। ਉਦੋਂ ਅਵਨੀਤ ਨੇ ਆਪਣੇ ਉਪਰ ਉਂਝ ਹੀ ਦਬਾਅ ਬਣਾ ਲਿਆ ਕਿ ਹੁਣ 9 ਵਾਲਾ ਨਿਸ਼ਾਨਾ ਨਹੀਂ ਲਗਾਉਣਾ। ਇਸੇ ਦਬਾਅ ਨਾਲ ਉਸ ਦੇ ਅਗਲੇ ਦੋ ਨਿਸ਼ਾਨੇ 9-9 ਵਾਲੇ ਲੱਗੇ ਜਿੱਥੋਂ ਉਸ ਦੀ ਲੈਅ ਵਿਗੜ ਗਈ। ਪਰ ਫੇਰ ਵੀ ਓਲੰਪੀਅਨ ਬਣਨਾ ਕੋਈ ਛੋਟੀ ਗੱਲ ਨਹੀਂ ਸੀ।

ਅਵਨੀਤ ਨੇ ਆਪਣੇ ਖੇਡ ਕਰੀਅਰ ਦੀ ਸ਼ੁਰੂਆਤ ਵਿੱਚ ਏਅਰ ਇੰਡੀਆ ਵੱਲੋਂ 2003 ਤੋਂ 2008 ਤੱਕ 750 ਰੁਪਏ ਪ੍ਰਤੀ ਮਹੀਨਾ ਸ਼ਕਾਲਰਸ਼ਿਪ ਮਿਲਦੀ ਸੀ। ਅਵਨੀਤ ਦੀਆਂ ਸੁਨਹਿਰੀ ਪ੍ਰਾਪਤੀਆਂ ਨੂੰ ਦੇਖਦਿਆਂ 2008 ਵਿੱਚ ਏਅਰ ਇੰਡੀਆ ਨੇ ਉਸ ਨੂੰ ਸਹਾਇਕ ਮੈਨੇਜਰ ਦੀ ਨੌਕਰੀ ਦੇ ਦਿੱਤੀ। ਅਵਨੀਤ ਨੇ ਵਿਸ਼ਵ ਕੱਪ ਮੁਕਾਬਲਿਆਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਜਾਰੀ ਰੱਖੀ। ਉਸ ਨੇ ਕੁੱਲ 12 ਵਿਸ਼ਵ ਕੱਪ ਮੁਕਾਬਲਿਆਂ ਵਿੱਚ ਹਿੱਸਾ ਲਿਆ। ਰੀਓ ਵਿਸ਼ਵ ਕੱਪ ਦੇ ਉਹ ਫਾਈਨਲ ਤੱਕ ਪੁੱਜੀ। ਸਾਲ 2011 ਵਿੱਚ ਅਵਨੀਤ ਨੂੰ ਪੰਜਾਬ ਪੁਲਿਸ ਵਿੱਚ ਸਿੱਧਾ ਡੀ.ਐਸ.ਪੀ. ਭਰਤੀ ਕਰ ਲਿਆ। ਇਸੇ ਸਾਲ ਉਸ ਦਾ ਵਿਆਹ ਭਾਰਤੀ ਹਾਕੀ ਟੀਮ ਦੇ ਕਪਤਾਨ ਰਾਜਪਾਲ ਸਿੰਘ ਨਾਲ ਹੋ ਗਿਆ। ਰਾਜਪਾਲ ਸਿੰਘ ਵੀ ਪੰਜਾਬ ਪੁਲਿਸ ਵਿੱਚ ਡੀ.ਐਸ.ਪੀ. ਭਰਤੀ ਹੋ ਗਿਆ ਸੀ। ਰਾਜਪਾਲ ਹਾਕੀ ਵਿੱਚ ਤੇ ਅਵਨੀਤ ਨਿਸ਼ਾਨੇਬਾਜ਼ੀ ਵਿੱਚ ਪੰਜਾਬ ਪੁਲਿਸ ਦਾ ਨਾਂ ਰੌਸ਼ਨ ਕਰਦੀ। 2013 ਵਿੱਚ ਇਸ ਖਿਡਾਰੀ ਜੋੜੇ ਦੇ ਘਰ ਬੇਟੀ ਨੇ ਜਨਮ ਲਿਆ ਜਿਸ ਦਾ ਨਾਂ ਫਤਹਿਰੀਤ ਕੌਰ ਰੱਖਿਆ ਗਿਆ। ਜਿਸ ਦੇ ਮਾਤਾ-ਪਿਤਾ ਖੇਡ ਮੈਦਾਨ ਫਤਹਿ ਕਰਦੇ ਹੋਣ, ਉਸ ਦੀ ਬੇਟੀ ਦਾ ਇਸ ਤੋਂ ਢੁੱਕਵਾਂ ਹੋਰ ਕੀ ਨਾਂ ਹੋ ਸਕਦਾ ਸੀ। ਅਵਨੀਤ ਨੇ ਲਗਾਤਾਰ ਚਾਰ ਵਾਰ ਹੋਈਆਂ ਆਲ ਇੰਡੀਆ ਪੁਲਿਸ ਖੇਡਾਂ ਵਿੱਚ ਚੈਂਪੀਅਨ ਬਣਦਿਆਂ ਕੁੱਲ 14 ਤਮਗੇ ਜਿੱਤੇ ਜਿਸ ਵਿੱਚ ਅੱਠ ਸੋਨੇ, ਪੰਜ ਚਾਂਦੀ ਤੇ ਇਕ ਕਾਂਸੀ ਦਾ ਤਮਗਾ ਸ਼ਾਮਲ ਸੀ। 2017 ਵਿੱਚ ਲਾਂਸ ਏਜਲਸ ਵਿਖੇ ਵਿਸ਼ਵ ਪੁਲਿਸ ਖੇਡਾਂ ਹੋਈਆਂ ਤਾਂ ਅਵਨੀਤ ਭਾਰਤੀ ਪੁਲਿਸ ਟੀਮ ਵੱਲੋਂ ਹਿੱਸਾ ਲੈਣ ਗਈ। ਉਥੇ ਉਸ ਨੇ ਮੈਡਲਾਂ ਦਾ ਚੌਕਾ ਲਗਾਇਆ। ਅਵਨੀਤ ਨੇ ਇਕ ਸੋਨੇ, ਦੋ ਚਾਂਦੀ ਤੇ ਇਕ ਕਾਂਸੀ ਦਾ ਤਮਗਾ ਜਿੱਤਿਆ। ਅਵਨੀਤ ਨੇ ਆਪਣਾ ਡੇਢ ਦਹਾਕਾ ਖੇਡ ਕਰੀਅਰ ਦੌਰਾਨ 100 ਤੋਂ ਵੱਧ ਕੌਮੀ ਤੇ ਕੌਮਾਂਤਰੀ ਤਮਗੇ ਜਿੱਤੇ ਹਨ।

ਸ਼ੁਰੂਆਤ ਵਿੱਚ ਅਵਨੀਤ ਨੇ ਜਦੋਂ ਨਿਸ਼ਾਨੇਬਾਜ਼ੀ ਸ਼ੁਰੂ ਕੀਤੀ ਤਾਂ ਬਹੁਤੇ ਜਾਣ-ਪਛਾਣ ਵਾਲਿਆਂ ਨੂੰ ਇਸ ਦਾ ਪਤਾ ਹੀ ਨਾ ਲੱਗਣਾ। ਜਦੋਂ ਉਸ ਨੇ ਸ਼ੂਟਿੰਗ ਉਤੇ ਅਭਿਆਸ ਕਰਨ ਜਾਣ ਬਾਰੇ ਦੱਸਣਾ ਤਾਂ ਸਾਹਮਣੇ ਵਾਲਾ ਫਿਲਮ ਦੀ ਸ਼ੂਟਿੰਗ ਸਮਝਣ ਲੱਗ ਜਾਂਦਾ। ਉਨਾਂ ਦਿਨਾਂ ਦੀ ਗੱਲ ਹੈ ਜਦੋਂ ਉਹ ਆਲ ਇੰਡੀਆ ਇੰਟਰ ‘ਵਰਸਿਟੀ ਖੇਡਣ ਲਈ ਰੇਲ ਰਾਹੀਂ ਸਫਰ ਕਰ ਰਹੀ ਸੀ। ਉਨ੍ਹਾਂ ਦੀਆਂ ਵੱਡੀਆਂ ਰਾਈਫਲਾਂ ਲੱਕੜ ਦੇ ਬਕਸਿਆਂ ਵਿੱਚ ਪੈਕ ਸਨ। ਰੇਲ ਦੇ ਹੋਰ ਯਾਤਰੀ ਇਹ ਸਮਝਣ ਲੱਗੇ ਕਿ ਸ਼ਾਇਦ ਕਿਤੇ ਇਹ ਬੈਂਡ ਪਾਰਟੀ ਹੈ। ਅਵਨੀਤ ਨੂੰ ਮਾਣ ਹੈ ਕਿ ਜੋ ਸੁਫਨਾ ਉਸ ਨੇ ਆਪਣੇ ਪਿਤਾ ਨਾਲ ਮਿਲ ਕੇ ਸੰਜੋਇਆ ਸੀ, ਉਹ ਅੱਜ ਪੂਰਾ ਹੋ ਗਿਆ ਹੈ। ਅਵਨੀਤ ਦੱਸਦੀ ਹੈ ਕਿ ਦੋਸਤਾਂ ਤੋਂ ਬਾਅਦ ਵਿੱਚ ਪਤਾ ਲੱਗਿਆ ਕਿ ਉਸ ਦੇ ਪਿਤਾ ਜੀ ਘੰਟਿਆਂ ਬੱਧੀ ਸਾਈਬਰ ਕੈਫੇ ਉਪਰ ਬੈਠੇ ਰਾਈਫਲਾਂ, ਕਾਰਤੂਸ, ਨਿਸ਼ਾਨੇਬਾਜ਼ੀ ਖੇਡ ਬਾਰੇ ਰਿਸਰਚ ਕਰਦੇ ਰਹਿੰਦੇ ਸਨ। ਅਵਨੀਤ ਦੇ ਪਿਤਾ ਹਰ ਛੋਟੇ-ਵੱਡੇ ਸਮਾਗਮ ਵਿੱਚ ਆਪਣੀ ਧੀ ਦੇ ਨਾਲ ਜਾਂਦੇ ਹਨ। ਸਾਲ 2009 ਵਿੱਚ ਮੇਰੇ ਵਿਆਹ ਉਤੇ ਜਦੋਂ ਦੋਵਾਂ ਨੇ ਸ਼ਮੂਲੀਅਤ ਕੀਤੀ ਤਾਂ ਮੇਰੇ ਪਿਤਾ ਜੀ ਦੇ ਕਈ ਦੋਸਤ ਅਵਨੀਤ ਦੇ ਪਿਤਾ ਨੂੰ ਮਿਲ ਕੇ ਬਹੁਤ ਖੁਸ਼ ਹੋਏ ਅਤੇ ਅੱਜ ਵੀ ਉਹ ਗਾਹੇ-ਬਗਾਹੇ ਉਨ੍ਹਾਂ ਦਾ ਜ਼ਿਕਰ ਕਰਦੇ ਰਹਿੰਦੇ ਹਨ।

ਅਵਨੀਤ ਨੇ ਖੇਡ ਸ਼ੁਰੂ ਕੀਤੀ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਖੇਡ ਲਈ ਸਭ ਤੋਂ ਵੱਧ ਲੋੜ ਮਾਨਸਿਕ ਤੌਰ ‘ਤੇ ਤਕੜੇ ਹੋਣ ਦੀ ਹੈ ਜਿਸ ਲਈ ਉਸ ਨੇ ਸਖਤ ਮਿਹਨਤ ਕੀਤੀ। 10 ਮੀਟਰ ਏਅਰ ਰਾਈਫਲ ਉਸ ਦਾ ਪਸੰਦੀਦਾ ਈਵੈਂਟ ਸੀ। 50 ਮੀਟਰ ਥ੍ਰੀ ਪੁਜੀਸ਼ਨ ਉਤੇ ਸਿਰਫ ਗੋਡਿਆਂ ਸਹਾਰੇ ਬੈਠ ਕੇ ਨਿਸ਼ਾਨਾ ਲਗਾਉਣ ਸਮੇਂ ਉਹ ਆਪਣੇ ਆਪ ਨੂੰ ਕਮਜ਼ੋਰ ਸਮਝਦੀ ਸੀ। ਕੋਚ ਨੇ ਇਸ ਪੱਖ ਉਤੇ ਕੰਮ ਕੀਤਾ ਤਾਂ ਉਸ ਦੀ ਸਿਰੜ ਨੇ ਇਸੇ ਈਵੈਂਟ ਲਈ ਓਲੰਪਿਕ ਕੋਟਾ ਦਿਵਾਇਆ। ਨਿਸ਼ਾਨੇਬਾਜ਼ ਹੋਰਨਾਂ ਖੇਡਾਂ ਜਿਵੇਂ ਕਿ ਅਥਲੈਟਿਕਸ, ਹਾਕੀ ਆਦਿ ਦੇ ਖਿਡਾਰੀਆਂ ਮੁਕਾਬਲੇ ਫਿਜ਼ੀਕਲ ਉਨੇ ਫਿੱਟ ਨਹੀਂ ਹੁੰਦੇ। ਪੰਜਾਬ ਪੁਲਿਸ ਦੀ ਕਮਾਂਡੋ ਟਰੇਨਿੰਗ ਵਿਖੇ ਸ਼ੁਰੂਆਤ ਵਿੱਚ ਉਸ ਨੂੰ ਅਥਲੀਟਾਂ ਤੇ ਹਾਕੀ ਖਿਡਾਰੀਆਂ ਮੁਕਾਬਲੇ ਔਖਾ ਲੱਗਣਾ ਪਰ ਇਥੇ ਵੀ ਉਸ ਨੇ ਆਪਣੀ ਸਖਤ ਮਿਹਨਤ ਤੇ ਦ੍ਰਿੜ ਨਿਸ਼ਚੇ ਨਾਲ ਫਤਹਿ ਪਾਈ। ਫਿਲੌਰ ਵਿਖੇ ਪੁਲਿਸ ਟਰੇਨਿੰਗ ਦੇ ਐਵਾਰਡ ਸਮਾਰੋਹ ਦੌਰਾਨ ਅਵਨੀਤ ਨੂੰ ‘ਆਲ ਰਾਊਂਡ ਫਸਟ ਇਨ ਟਰੇਨਿੰਗ’ ਚੁਣਿਆ ਗਿਆ ਅਤੇ ਸਨਮਾਨ ਵਿੱਚ ਉਸ ਨੂੰ ‘ਸਵੌਰਡ ਆਫ ਆਨਰ’ ਭਾਵ ਕਿਰਪਾਨ ਮਿਲੀ।

ਅਵਨੀਤ ਨਿਸ਼ਾਨੇਬਾਜ਼ੀ ਖੇਡ ਨਾਲ ਪੂਰੀ ਤਰ੍ਹਾਂ ਗੜੁੱਚ ਰਹਿੰਦੀ ਹੈ। ਉਹ ਚਾਹੇ ਕਿਸੇ ਮੁਕਾਬਲੇ ਵਿੱਚ ਹਿੱਸਾ ਨਾ ਵੀ ਲੈ ਰਹੀ ਹੋਵੇ ਫੇਰ ਵੀ ਉਹ ਹਰ ਮੁਕਾਬਲੇ ਨੂੰ ਨਾ ਸਿਰਫ ਨੀਝ ਨਾਲ ਦੇਖਦੀ ਹੈ ਬਲਕਿ ਫੇਸਬੱਕ ਉਪਰ ਮੁਕਾਬਲਿਆਂ ਦੀ ਰਿਪੋਰਟਿੰਗ ਵੀ ਕਰਦੀ ਰਹਿੰਦੀ ਹੈ। ਉਸ ਵਿੱਚ ਖੇਡ ਪੱਤਰਕਾਰੀ ਵਾਲੇ ਸਾਰੇ ਗੁਣ ਮੌਜੂਦ ਹੈ। ਅਵਨੀਤ ਬਾਰੇ ਕੁੱਝ ਲਿਖਣਾ ਹੋਵੇ ਜਾਂ ਇੰਟਰਵਿਊ ਕਰਨੀ ਹੋਵੇ ਤਾਂ ਸਾਹਮਣੇ ਵਾਲੇ ਖੇਡ ਪੱਤਰਕਾਰ ਦਾ ਕੰਮ ਉਹ ਸੁਖਾਲਾ ਕਰ ਦਿੰਦੀ ਹੈ। ਇਸ ਕਾਲਮ ਲਈ ਇੰਟਰਵਿਊ ਦੇਣ ਤੋਂ ਪਹਿਲਾਂ ਮੇਰੀ ਵੀ ਬਹੁਤ ਮੱਦਦ ਕੀਤੀ ਜਿਸ ਕਰਕੇ ਉਸ ਬਾਰੇ ਲਿਖਣ ਲਈ ਮੈਨੂੰ ਸਭ ਤੋਂ ਘੱਟ ਮਿਹਨਤ ਕਰਨੀ ਪਈ ਹੋਵੇ। ਉਂਝ ਵੀ ਅਵਨੀਤ ਨਾਲ ਮੇਰੀ ਇਕ ਗੱਲ ਸਾਂਝੀ ਹੈ ਕਿ ਸਾਲ 2006 ਵਿੱਚ ਦੋਹਾ ਏਸ਼ਿਆਈ ਖੇਡਾਂ ਤੇ ਸਾਲ 2008 ਵਿੱਚ ਬੀਜਿੰਗ ਓਲੰਪਿਕ ਖੇਡਾਂ ਵਿੱਚ ਉਸ ਨੇ ਬਤੌਰ ਖਿਡਾਰੀ ਹਿੱਸਾ ਲਿਆ ਅਤੇ ਮੈਂ ਬਤੌਰ ਖੇਡ ਪੱਤਰਕਾਰ ਕਵਰ ਕੀਤਾ। ਬਠਿੰਡਾ ਆਪਣੇ ਘਰ ਵਿੱਚ ਬਣਾਈ 10 ਮੀਟਰ ਦੀ ਰੇਂਜ ਤੋਂ ਲੈ ਕੇ ਓਲੰਪਿਕ ਦੀ ਰੇਂਜ ਤੱਕ ਅਵਨੀਤ ਨੂੰ ਨਿਸ਼ਾਨੇ ਲਾਉਂਦਿਆਂ ਮੈਨੂੰ ਅੱਖੀ ਦੇਖਣ ਦਾ ਮੌਕਾ ਮਿਲਿਆ। ਨਿਸ਼ਾਨੇਬਾਜ਼ੀ ਦੇ ਨਾਲ ਅਵਨੀਤ ਹੋਰਨਾਂ ਖੇਡਾਂ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਉਂਦੀ ਰਹਿੰਦੀ ਹੈ। ਸੋਸ਼ਲ ਮੀਡੀਆ ਉਪਰ ਬਹੁਤ ਐਕਟਿਵ ਅਵਨੀਤ ਬਹੁਤ ਹੀ ਕੋਮਲ ਤੇ ਸੂਖਮ ਸੁਭਾਅ ਦੀ ਹੈ। ਸਮਾਜ ਵਿੱਚ ਵਿਚਰਦੀ ਹਰ ਹਿਰਦੇਵੇਦਕ ਘਟਨਾ ਉਸ ਨੂੰ ਵਲੂੰਧਰ ਦਿੰਦੀ ਹੈ। ਹਾਲ ਹੀ ਵਿੱਚ ਚੀਨ ਦੀ ਸਰਹੱਦ ਉਤੇ ਸ਼ਹੀਦ ਹੋਏ ਭਾਰਤੀ ਸੈਨਿਕਾਂ ਦਾ ਦੁੱਖ ਉਸ ਨੇ ਆਪਣੀ ਪੋਸਟ ਰਾਹੀਂ ਸਾਂਝਾ ਕੀਤਾ। ਹੈਦਰਾਬਾਦ ਵਿਖੇ ਜਦੋਂ ਛੋਟੀ ਬੱਚੀ ਨਾਲ ਜਬਰ ਜਨਾਹ ਦੀ ਘਟਨਾ ਵਾਪਰੀ ਤਾਂ ਪੂਰੇ ਦੇਸ਼ ਵਾਂਗ ਉਸ ਦਾ ਹਿਰਦਾ ਵੀ ਵਲੂੰਧਰਿਆ ਗਿਆ। ਪੁਲਿਸ ਐਨਕਾਊਂਟਰ ਵਿੱਚ ਮਾਰੇ ਗਏ ਮੁਲਜ਼ਮਾਂ ਉਤੇ ਉਸ ਨੇ ਤਸੱਲੀ ਪ੍ਰਗਟਾਈ। ਉਹ ਅੱਪ ਟੂ ਡੇਟ ਵੀ ਰਹਿੰਦੀ ਹੈ ਤੇ ਹਰ ਮੁੱਦੇ ‘ਤੇ ਖੁੱਲ੍ਹ ਕੇ ਵਿਚਾਰ ਰੱਖਣਾ ਉਸ ਦੇ ਸੁਭਾਅ ਦਾ ਹਿੱਸਾ ਹੈ। ਅਧਿਆਪਕ ਦਿਵਸ ਹੋਵੇ ਤਾਂ ਉਹ ਆਪਣੀ ਕੋਚ ਵੀਰਪਾਲ ਕੌਰ ਸਣੇ ਹੋਰਨਾਂ ਕੋਚਾਂ ਤੇ ਅਧਿਆਪਕਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਹੈ। ਮਦਰਜ਼ ਡੇਅ ਹੋਵੇ ਜਾਂ ਡੌਟਰਜ਼ ਡੇਅ, ਅਵਨੀਤ ਤੇ ਉਸ ਦੀ ਮਾਤਾ ਜੀ ਇੰਦਰਜੀਤ ਕੌਰ ਦੋਵੇਂ ਇਕ-ਦੂਜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਪਰ ਸਾਂਝੀਆਂ ਕਰਦੇ ਹਨ। ਪਿਤਾ ਅੰਮ੍ਰਿਤਪਾਲ ਸਿੰਘ ਤਾਂ ਉਹਦੇ ਨਾਲ ਹੀ ਹਰ ਸਮਾਗਮ ਦਾ ਹਿੱਸਾ ਬਣ ਕੇ ਖੁਸ਼ ਹੁੰਦੇ ਹਨ।

ਲੌਕਡਾਊਨ ਵਿੱਚ ਉਸ ਨੂੰ ਕਈ ਸਿੱਖਿਆ ਸੰਸਥਾਵਾਂ ਅਤੇ ਖੇਡ ਸੰਸਥਾਵਾਂ ਨੇ ਆਨਲਾਈਨ ਵੈਬੀਨਾਰ ਉਤੇ ਲਾਈਵ ਲੈਂਦਿਆਂ ਉਸ ਦੇ ਵਿਚਾਰ ਸੁਣੇ। ਨਵੀਂ ਉਮਰ ਦੇ ਖਿਡਾਰੀਆਂ ਤੇ ਵਿਦਿਆਰਥੀਆਂ ਲਈ ਉਸ ਦੇ ਬੋਲ ਪ੍ਰੇਰਨਾ ਦਾ ਕੰਮ ਕਰਦੇ ਹਨ ਇਸੇ ਲਈ ਹਰ ਕੋਈ ਸੰਸਥਾ ਉਸ ਨੂੰ ਆਪਣਾ ਮੁੱਖ ਮਹਿਮਾਨ ਬਣਾਉਣਾ ਲੋਚਦੀ ਹੈ। ਡੀ.ਐਸ.ਪੀ. ਲੱਗੀ ਅਵਨੀਤ ਨਾਲ ਕਈ ਵਾਰ ਇੰਝ ਵੀ ਵਾਪਰ ਜਾਂਦਾ ਹੈ ਕਿ ਉਹ ਕਿਸੇ ਸਮਾਗਮ ਦੀ ਮੁੱਖ ਮਹਿਮਾਨ ਹੁੰਦੀ ਹੈ ਪਰ ਅੱਗੇ ਸਮਾਗਮ ਵਿੱਚ ਦੂਜੇ ਨੰਬਰ ‘ਤੇ ਮਹਿਮਾਨ ਐਸ.ਐਸ.ਪੀ., ਡੀ.ਆਈ.ਜੀ. ਜਾਂ ਆਈ.ਜੀ. ਰੈਂਕ ਦਾ ਅਫਸਰ ਬੁਲਾਇਆ ਹੁੰਦਾ ਹੈ। ਖੇਡ ਪ੍ਰੇਮੀ ਜਾਣਦੇ ਹਨ ਕਿ ਖੇਡਾਂ ਵਿੱਚ ਅਵਨੀਤ ਤੋਂ ਵੱਧ ਕਿਸੇ ਕੋਲ ਰੈਂਕ ਨਹੀਂ। ਅਵਨੀਤ ਨੂੰ ਮੈਂ ਵੀ ਕਈ ਵਾਰ ਆਪਣੇ ਜਾਣਕਾਰਾਂ ਦੇ ਸਮਾਗਮਾਂ ਲਈ ਮੁੱਖ ਮਹਿਮਾਨ ਲਈ ਸੱਦਾ ਦਿੱਤਾ ਜਿਸ ਨੂੰ ਉਹ ਨਿਮਰਤਾ ਨਾਲ ਕਬੂਲਦੀ ਹੈ। ਹਸੂੰ ਹਸੂੰ ਕਰਦੀ ਅਵਨੀਤ ਕਦੇ ਵੀ ਕੋਈ ਨਖਰਾ ਜਾਂ ਆਕੜ ਨਹੀਂ ਦਿਖਾਉਂਦੀ। ਉਸ ਦੀ ਸਾਦਗੀ ਦੀ ਇਕ ਗੱਲ ਮੇਰੇ ਹੁਣ ਵੀ ਚੇਤੇ ਹੈ। ਮੇਰੇ ਰਿਸ਼ਤੇਦਾਰ ਮਨਿੰਦਰ ਸਿੰਘ ਢਿੱਲੋਂ ਹੁਰਾਂ ਨੇ ਅਵਨੀਤ ਨੂੰ ਮਹਾਂ ਸਿੰਘ ਇੰਜਨੀਅਰਿੰਗ ਕਾਲਜ ਮੁਕਤਸਰ ਦੇ ਖੇਡ ਮੇਲੇ ਉਤੇ ਮੁੱਖ ਮਹਿਮਾਨ ਬੁਲਾਇਆ ਸੀ। ਜਦੋਂ ਉਸ ਦੇ ਪਹੁੰਚਣ ਦਾ ਸਮਾਂ ਹੋਇਆ ਤਾਂ ਪ੍ਰਬੰਧਕੀ ਕਮੇਟੀ ਹਾਰ ਤੇ ਗੁਲਦਸਤੇ ਲੈ ਕੇ ਗੇਟ ਉਪਰ ਖੜ੍ਹੀ ਸੀ। ਐਨੇ ਨੂੰ ਅਵਨੀਤ ਜੋ ਖੁਦ ਕਾਰ ਚਲਾ ਕੇ ਆ ਰਹੀ ਸੀ, ਕਾਰ ਵਿੱਚੋਂ ਉਤਰੀ ਤਾਂ ਖੇਡਾਂ ਤੋਂ ਅਣਜਾਨ ਕੁਝ ਕੁ ਪ੍ਰਬੰਧਕਾਂ ਨੂੰ ਯਕੀਨ ਨਾ ਆਵੇ ਕਿ ਇਹ ਓਲੰਪੀਅਨ ਤੇ ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਦੀ ਚੈਂਪੀਅਨ ਨਿਸ਼ਾਨੇਬਾਜ਼ ਹੈ। ਵੱਡੀ ਖਿਡਾਰਨ ਦੀ ਸਾਦਗੀ ਤੇ ਨਿਮਰਤਾ ਦੇਖ ਕੇ ਹਰ ਮੇਜ਼ਬਾਨ ਦੰਗ ਰਹਿ ਜਾਂਦਾ ਹੈ। ਮੇਰੇ ਛੋਟੇ ਜਿਹੇ ਸੱਦੇ ਉਤੇ ਅਵਨੀਤ ਕੋਟਲਾ ਸ਼ਾਹੀਆ (ਬਟਾਲਾ) ਵਿਖੇ ਕਮਲਜੀਤ ਖੇਡਾਂ ਮੌਕੇ ਐਵਾਰਡ ਹਾਸਲ ਕਰਨ ਲਈ ਸਨਮਾਨਤ ਸਖਸ਼ੀਅਤ ਵਜੋਂ ਪੁੱਜੀ ਅਤੇ ਖੇਡਾਂ ਦੀ ਮਸ਼ਾਲ ਮਾਰਚ ਸ਼ੁਰੂ ਕਰਵਾਉਣ ਲਈ ਵੀ। ਉਹ ਹਰ ਸਮਾਗਮ ਲਈ ਸੱਦਾ ਖਿੜੇ-ਮੱਥੇ ਕਬੂਲਦੀ ਹੈ। ਇਸੇ ਲਈ ਨਿੱਤ ਦਿਨ ਕਦੇ ਕਿਸੇ ਅਥਲੈਟਿਕਸ ਮੀਟ, ਇਨਾਮ ਵੰਡ ਸਮਾਰੋਹ, ਮੈਰਾਥਨ ਆਦਿ ਸਮਾਗਮ ਵਿੱਚ ਉਸ ਦੀ ਸ਼ਿਰਕਤ ਕਰਨ ਦੀਆਂ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਹਨ। ਭਾਸ਼ਣ ਦੀ ਕਲਾ ਵੀ ਉਸ ਵਿੱਚ ਕਮਾਲ ਦੀ ਹੈ। ਕਾਲਜ ਪੜ੍ਹਦਿਆਂ ਉਹ ਯੁਵਕ ਮੇਲਿਆਂ ਵਿੱਚ ਕੁਇਜ਼ ਮੁਕਾਬਲੇ ਜਿੱਤਦੀ ਰਹੀ ਹੈ। ਖੇਡਾਂ, ਪੜ੍ਹਾਈ ਤੇ ਸਹਿ ਵਿਦਿਅਕ ਗਤੀਵਿਧੀਆਂ ਕਰਕੇ ਹੀ ਉਸ ਨੂੰ ਕਾਲਜ ਕਲਰ ਤੇ ਯੂਨੀਵਰਸਿਟੀ ਕਲਰ ਨਾਲ ਸਨਮਾਨਿਆ ਗਿਆ। ਸਭ ਤੋਂ ਵੱਡਾ ਸਨਮਾਨ ਉਹ ਇਹ ਮੰਨਦੀ ਹੈ ਕਿ ਉਸ ਦੇ ਨਾਂ ਉਤੇ ਕਈ ਮਾਪਿਆਂ ਨੇ ਆਪਣੀ ਬੇਟੀ ਦਾ ਨਾਂ ਅਵਨੀਤ ਰੱਖਿਆ। ਜਦੋਂ ਵੀ ਕਿਤੇ ਉਹ ਮਾਪੇ ਉਸ ਨੂੰ ਮਿਲ ਕੇ ਇਹ ਗੱਲ ਦੱਸਦੇ ਹਨ ਤਾਂ ਉਸ ਨੂੰ ਸਭ ਤੋਂ ਵੱਧ ਮਾਣ ਮਹਿਸੂਸ ਹੁੰਦਾ ਹੈ।

ਅਵਨੀਤ ਨੂੰ ਜ਼ਿੰਦਗੀ ਦਾ ਹਰ ਪਲ ਜਿਉਣਾ ਹੀ ਨਹੀਂ ਸਗੋਂ ਮਾਣਨਾ ਵੀ ਆਉਂਦਾ। ਕੋਈ ਦਿਨ-ਤਿਉਹਾਰ, ਪਰਿਵਾਰ, ਸਮਾਜ ਜਾਂ ਖੇਡ ਜਗਤ ਵਿੱਚ ਕੁਝ ਵੀ ਵਾਪਰ ਰਿਹਾ ਹੋਵੇ, ਹਰ ਪਲ ਨੂੰ ਆਪਣੇ ਦੋਸਤਾਂ, ਸਨੇਹੀਆਂ ਤੇ ਪ੍ਰਸੰਸਕਾਂ ਨਾਲ ਸਾਂਝੀ ਕਰਦੀ ਹੈ। ਹਰ ਖੁਸ਼ੀਂ ਮਨਾਉਣੀ ਉਸ ਕੋਲੋਂ ਸਿੱਖੇ। ਛੋਟੇ-ਛੋਟੇ ਪਲਾਂ ਨੂੰ ਉਹ ਆਪਣੀ ਜ਼ਿੰਦਗੀ ਦੀ ਵੱਡੀ ਪੂੰਜੀ ਮੰਨਦੀ ਹੈ। ਅਜਿਹੇ ਹੀ ਕਈ ਪਲਾਂ ਨੂੰ ਸਾਂਝਾ ਕਰਕੇ ਉਸ ਦੇ ਚਿਹਰੇ ਉਤੇ ਅਜੀਬ ਜਿਹੀ ਖੁਸ਼ੀ ਤੇ ਸਕੂਨ ਨਜ਼ਰ ਆਉਂਦਾ ਹੈ। ਉਹ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਵੀ ਉਨੀ ਖੁਸ਼ ਸੀ ਜਿੰਨੀ ਆਪਣੇ ਪਿੰਡ ਦੇ ਬੋਹੜ ਥੱਲੇਂ ਪੀਂਘਾ ਝੂਟਦੀ ਜਾਂ ਖੇਤ ਟਰੈਕਟਰ ਦੇ ਮਗਰ ਸੁਹਾਗੇ ‘ਤੇ ਖੜ੍ਹੀ ਖੁਸ਼ ਹੁੰਦੀ ਹੈ। ਉਹ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਜਿੱਤ ਕੇ ਬਠਿੰਡਾ ਪੁੱਜੀ ਤਾਂ ਉਸ ਦੇ ਪਿੰਡੋਂ ਅੱਸੀ ਕੁ ਵਰ੍ਹਿਆਂ ਦਾ ਬਜ਼ੁਰਗ ਉਸ ਨੂੰ ਵਧਾਈ ਦੇਣ ਪੁੱਜਾ। ਸਾਧਾਰਣ ਜਿਹੇ ਪਰਿਵਾਰ ਦੇ ਬਜ਼ੁਰਗ ਕੋਲੋਂ ਆਪਣੇ ਪਿੰਡ ਦੀ ਧੀ ਦੇ ਜਿੱਤਣ ਦੀ ਖੁਸ਼ੀ ਸਾਂਭੀ ਨਹੀਂ ਜਾ ਰਹੀ ਸੀ। ਉਹ ਸ਼ਾਬਾਸ ਦਿੰਦਾ ਹੋਇਆ ਜਾਂਦਾ ਹੋਇਆ 10 ਰੁਪਏ ਇਨਾਮ ਦੇ ਗਿਆ। ਅਵਨੀਤ ਨੇ ਅੱਜ ਤੱਕ ਉਸ ਦੇ 10 ਰੁਪਏ ਦਾ ਨੋਟ ਸਾਂਭ ਕੇ ਰੱਖਿਆ ਹੈ ਜੋ ਉਸ ਲਈ ਅਰਜੁਨਾ ਐਵਾਰਡ ਜਿੰਨੀ ਹੀ ਅਹਿਮੀਅਤ ਰੱਖਦਾ ਹੈ। ਅਵਨੀਤ ਆਪਣੇ ਦਾਦੇ ਦੀ ਵੀ ਲਾਡਲੀ ਪੋਤੀ ਸੀ। ਜਦੋਂ ਉਹ 2008 ਵਿੱਚ ਓਲੰਪਿਕਸ ਖੇਡਣ ਜਾ ਰਹੀ ਸੀ ਤਾਂ ਉਸ ਕੋਲੋ ਕੈਂਪ ਤੋਂ ਬਾਅਦ ਬਠਿੰਡਾ ਆਉਣ ਦਾ ਸਮਾਂ ਨਹੀਂ ਸੀ। ਉਸ ਦੇ ਮਾਤਾ-ਪਿਤਾ ਦਿੱਲੀ ਮਿਲਣ ਆਏ। ਉਹ ਆਪਣੇ ਨਾਲ ਅਵਨੀਤ ਦੇ ਦਾਦਾ ਜੀ ਵੱਲੋਂ ਰਿਕਾਰਡ ਕੀਤੇ ਵੀਡਿਓ ਸੰਦੇਸ਼ ਨੂੰ ਲੈ ਕੇ ਆਏ ਜਿਸ ਵਿੱਚ ਉਨ੍ਹਾਂ ‘ਦੇਹ ਸ਼ਿਵਾ ਵਰ ਮੋਹਿ’ ਉਚਾਰਦਿਆਂ ਤਕੜੀ ਹੋ ਕੇ ਮੁਕਾਬਲਾ ਕਰਨ ਦੀ ਪ੍ਰੇਰਨਾ ਦਿੱਤੀ ਸੀ। ਉਹ ਅੱਜ ਵੀ ਆਪਣੇ ਦਾਦਾ ਦੀ ਉਹ ਵੀਡਿਓ ਸੁਣਦੀ ਹੈ। ਅਵਨੀਤ ਭਾਵੇਂ ਕਾਨਵੈਂਟ ਸਕੂਲ ਵਿੱਚ ਪੜ੍ਹੀ ਅਤੇ ਪੜ੍ਹਾਈ ਵੀ ਅੰਗਰੇਜ਼ੀ ਦੀ ਐਮ.ਏ. ਕੀਤੀ ਪਰ ਪੰਜਾਬੀ ਨਾਲ ਉਸ ਦਾ ਸ਼ੁਰੂ ਤੋਂ ਲਗਾਓ ਰਿਹਾ। ਇਹ ਗੁਣ ਉਸ ਦੇ ਦਾਦਾ ਕਰਕੇ ਹੈ ਜਿਨ੍ਹਾਂ ਨੇ ਉਸ ਨੂੰ ਸਕੂਲੇ ਪੜ੍ਹਨ ਭੇਜਣ ਤੋਂ ਪਹਿਲਾਂ ਹੀ ਗੁਰਮੁਖੀ ਦਾ ਕੈਦਾ ਸਿਖਾ ਦਿੱਤਾ।

ਰਾਜਪਾਲ ਨਾਲ ਵਿਆਹ ਦੀਆਂ ਗੱਲਾਂ ਕਰਦੀ ਹੋਈ ਦੱਸਦੀ ਹੈ ਕਿ ਸਾਲ 2010 ਤੋਂ ਪਹਿਲਾਂ ਉਸ ਨੇ ਰਾਜਪਾਲ ਨੂੰ ਖੇਡਦਿਆਂ ਜ਼ਿਆਦਾ ਨੋਟਿਸ ਨਹੀਂ ਕੀਤਾ ਸੀ। ਹਾਲਾਂਕਿ 2006 ਵਿੱਚ ਮੈਲਬਰਨ ਰਾਸ਼ਟਰਮੰਡਲ ਖੇਡਾਂ ਤੇ ਦੋਹਾ ਏਸ਼ਿਆਈ ਖੇਡਾਂ ਦੌਰਾਨ ਉਹ ਦੋਵੇਂ ਹੀ ਹਿੱਸਾ ਲੈਣ ਗਏ ਸਨ ਪਰ ਕੋਈ ਮੇਲ ਨਹੀਂ ਹੋਇਆ। ਅਵਨੀਤ ਦੱਸਦੀ ਹੈ ਕਿ ਹਾਕੀ ਵਿੱਚ ਉਹ ਗਗਨ ਅਜੀਤ ਸਿੰਘ ਤੇ ਜੁਗਰਾਜ ਸਿੰਘ ਦੀ ਪ੍ਰਸੰਸਕ ਸੀ। ਦੋਹਾ ਵਿਖੇ ਉਸ ਨੂੰ ਪਤਾ ਲੱਗਿਆ ਕਿ ਇਹ ਦੋਵੇਂ ਖਿਡਾਰੀ ਤਾਂ ਟੀਮ ਵਿੱਚ ਹੀ ਨਹੀਂ ਹਨ। ਉਸ ਨੇ ਰਾਜਪਾਲ ਨੂੰ ਪਹਿਲੀ ਵਾਰ ਉਥੇ ਖੇਡਦਿਆਂ ਦੇਖਿਆ। ਸਾਲ 2010 ਵਿੱਚ ਰਾਜਪਾਲ ਨਵੀਂ ਦਿੱਲੀ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਟੀਮ ਦਾ ਕਪਤਾਨ ਸੀ ਅਤੇ ਅਵਨੀਤ ਉਸ ਵੇਲੇ ਸਟਾਰ ਨਿਊਜ਼ ਉਤੇ ਖੇਡ ਮਾਹਿਰ ਵਜੋਂ ਰੋਜ਼ਾਨਾ ਪੈਨਲ ਚਰਚਾ ਵਿੱਚ ਹਿੱਸਾ ਲੈਂਦੀ ਸੀ। ਉਸ ਤੋਂ ਬਾਅਦ ਜਦੋਂ ਭਗਵੰਤ ਮਾਨ ਨੂੰ ਅਵਨੀਤ ਤੇ ਰਾਜਪਾਲ ਦੇ ਵਿਆਹ ਦੀ ਖਬਰ ਦਾ ਪਤਾ ਲੱਗਿਆ ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਸ ਨੇ ਉਸ ਵੇਲੇ ਦੋਵਾਂ ਨੂੰ ਵਧਾਈ ਦਿੱਤੀ ਕਿਉਂਕਿ ਉਹ ਦੋਵਾਂ ਦਾ ਹੀ ਫੈਨ ਸੀ। ਰਾਜਪਾਲ ਨੂੰ ਨਿਸ਼ਾਨੇਬਾਜ਼ੀ ਖੇਡ ਬਾਰੇ ਅਵਨੀਤ ਕਾਰਨ ਹੀ ਪਤਾ ਲੱਗਣ ਲੱਗਿਆ ਹਾਲਾਂਕਿ ਅਵਨੀਤ ਹਾਕੀ ਬਾਰੇ ਬਹੁਤ ਕੁਝ ਜਾਣਦੀ ਸੀ। ਵਿਆਹ ਤੋਂ ਪਹਿਲਾਂ ਰਾਜਪਾਲ ਤੇ ਪ੍ਰਭਜੋਤ ਸਿੰਘ ਪੁਣੇ ਵਿਖੇ ਅਵਨੀਤ ਨੂੰ ਕੈਂਪ ਵਿੱਚ ਮਿਲਣ ਗਏ ਤਾਂ ਉਥੇ ਰਾਈਫਲ ਈਵੈਂਟ ਦੇ ਇਕ ਨਿਸ਼ਾਨੇਬਾਜ਼ ਦੇ ਜੈਕਟ ਪਾਈ ਦੇਖ ਕੇ ਰਾਜਪਾਲ ਨੂੰ ਲੱਗਿਆ ਕਿ ਸ਼ਾਇਦ ਉਸ ਦੇ ਸੱਟ ਲੱਗੀ ਹੈ। ਫੇਰ ਜਦੋਂ ਉਸ ਨੇ ਸ਼ੂਟਿੰਗ ਰੇਂਜ ਵਿੱਚ ਅਵਨੀਤ ਸਣੇ ਸਾਰੇ ਨਿਸ਼ਾਨਚੀਆਂ ਦੇ ਜੈਕਟ ਪਾਈ ਦੇਖੀ ਤਾਂ ਫੇਰ ਪਤਾ ਲੱਗਾ ਕਿ ਇਹ ਤਾਂ ਖੇਡ ਦੀ ਕਿੱਟ ਹੈ। ਅਸਲ ਵਿੱਚ ਨਿਸ਼ਾਨੇਬਾਜ਼ੀ ਵਿੱਚ ਪਿਸਟਲ ਤੇ ਟਰੈਪ ਸ਼ੂਟਰ ਜੈਕਟ ਵਾਲੀ ਕਿੱਟ ਨਹੀਂ ਪਾਉਂਦੇ ਸਿਰਫ ਰਾਈਫਲ ਸ਼ੂਟਰਾਂ ਨੂੰ ਹੀ ਇਕਾਗਰਤਾ ਬਣਾਉਣ ਲਈ ਕਿੱਟ ਪਾਉਣੀ ਪੈਂਦੀ ਹੈ ਜੋ ਕਿ ਹਾਕੀ ਦੇ ਗੋਲਚੀ ਦੀ ਕਿੱਟ ਤੋਂ ਵੀ ਭਾਰੀ ਹੁੰਦੀ ਹੈ। ਉਂਝ ਵੀ ਅਭਿਨਵ ਬਿੰਦਰਾ, ਅੰਜਲੀ ਭਾਗਵਤ ਤੇ ਅਵਨੀਤ ਤੋਂ ਪਹਿਲਾਂ ਭਾਰਤ ਵਿੱਚ ਟਰੈਪ ਤੇ ਪਿਸਟਲ ਸ਼ੂਟਰ ਹੀ ਜ਼ਿਆਦਾ ਮਕਬੂਲ ਹੋਏ ਜਿਨ੍ਹਾਂ ਵਿੱਚ ਕਰਨੀ ਸਿੰਘ, ਰਾਜਾ ਰਣਧੀਰ ਸਿੰਘ, ਜਸਪਾਲ ਰਾਣਾ, ਰਾਜਵਰਧਨ ਰਾਠੌਰ, ਮਾਨਵਜੀਤ ਸਿੰਘ ਸੰਧੂ, ਰੰਜਨ ਸੋਢੀ ਆਦਿ ਪ੍ਰਮੁੱਖ ਹਨ।

ਅਵਨੀਤ ਆਪਣੇ ਵਿਆਹ ਦਾ ਇਕ ਹੋਰ ਕਿੱਸਾ ਵੀ ਦੱਸਦੀ ਹੈ ਕਿ ਜਦੋਂ ਉਨ੍ਹਾਂ ਉਸ ਵੇਲੇ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਵਿਆਹ ਦਾ ਸੱਦਾ ਦਿੱਤਾ ਤਾਂ ਉਹ ਅੱਗਿਓ ਰਾਜਪਾਲ ਸਿੰਘ ਨਾਲ ਜੋੜੀ ਸੁਣ ਕੇ ਇੰਨੇ ਖੁਸ਼ ਹੋਏ ਕਿ ਇਹ ਕਹਿ ਦਿੱਤਾ ਕਿ ਵਿਆਹ ਦੀ ਪਾਰਟੀ ਸੀ.ਐਮ.ਰਿਹਾਇਸ਼ ‘ਤੇ ਹੀ ਰੱਖ ਲਓ। ਅਵਨੀਤ ਤੇ ਰਾਜਪਾਲ ਦੀ ਜੋੜੀ ਜਿੱਥੇ ਵੀ ਜਾਂਦੀ ਹੈ ਉਥੇ ਹੀ ਖਿੱਚ ਦਾ ਕੇਂਦਰ ਬਣ ਜਾਂਦੀ ਹੈ। ਦੋਵਾਂ ਦੇ ਵਿਆਹ ਉਤੇ ਮਸ਼ਹੂਰ ਗਾਇਕ ਜਸਬੀਰ ਜੱਸੀ ਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਆਪਣਾ ਸ਼ੋਅ ਘੱਟ ਕੀਤਾ, ਦੋਵਾਂ ਦੀਆਂ ਪ੍ਰਾਪਤੀਆਂ ਦੇ ਕਸੀਦੇ ਜ਼ਿਆਦਾ ਪੜ੍ਹੇ। ਪਿਛਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਤਕਨੀਕੀ ਯੂਨੀਵਰਸਿਟੀ ਕਪੂਰਥਲਾ ਵਿਖੇ ਚੋਟੀ ਦੀਆਂ ਪੰਜਾਬ ਦੀਆਂ ਸਖਸ਼ੀਅਤਾਂ ਨੂੰ ਸਨਮਾਨਤ ਕੀਤਾ ਤਾਂ ਰਾਜਪਾਲ ਤੇ ਅਵਨੀਤ ਦੀ ਜੋੜੀ ਪ੍ਰਮੁੱਖ ਸਨ। ਉਥੇ ਲੋਕੀਂ ਕਲਾਕਾਰਾਂ ਨਾਲ ਫੋਟੋ ਖਿਚਵਾਉਣ ਨੂੰ ਉਤਾਵਲੇ ਸਨ ਪਰ ਬੀਨੂੰ ਢਿੱਲੋਂ ਵਰਗੇ ਕਲਾਕਾਰ ਇਸ ਖੇਡ ਜੋੜੀ ਨਾਲ ਤਸਵੀਰ ਖਿਚਵਾ ਰਹੇ ਸਨ। ਉਥੇ ਇਕ ਹੋਰ ਖੇਡ ਜੋੜੀ ਮਨਜੀਤ ਕੌਰ ਤੇ ਗੁਰਵਿੰਦਰ ਸਿੰਘ ਚੰਦੀ ਵੀ ਖਿੱਚ ਦਾ ਕੇਂਦਰ ਸੀ। ਮਾਲਵੇ ਦੇ ਹਰ ਆਗੂ ਨੂੰ ਅਵਨੀਤ ਉਤੇ ਮਾਣ ਹੈ। ਪਿਛਲੇ ਦਿਨੀਂ ਜਦੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਜੀ ਗੁਰਦਾਸ ਸਿੰਘ ਬਾਦਲ ਦਾ ਦੇਹਾਂਤ ਹੋਇਆ ਤਾਂ ਅਵਨੀਤ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਗੱਲ ਸੁਣਾਈ, ”ਦਾਸ ਜੀ ਜਦੋਂ ਵੀ ਮੈਨੂੰ ਮਿਲਦੇ ਸਨ ਤਾਂ ਹਮੇਸ਼ਾ ਹੈਰਾਨ ਹੋ ਕੇ ਪੁੱਛਦੇ ਬੀਬਾ ਤੂੰ ਨਿਸ਼ਾਨਾ ਕਿਵੇਂ ਲਾ ਲੈਂਦੀ ਐ।” ਅਵਨੀਤ ਨੂੰ ਜਦੋਂ ਅਰਜੁਨਾ ਐਵਾਰਡ ਮਿਲਿਆ ਤਾਂ ਖੇਡ ਐਵਾਰਡ ਸਮਾਰੋਹ ਵਿੱਚ ਹਾਕੀ ਓਲੰਪੀਅਨ ਮੁਖਬੈਨ ਸਿੰਘ ਨੂੰ ਵੀ ਧਿਆਨ ਚੰਦ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਆ ਗਿਆ। ਜਦੋਂ ਮੁਖਬੈਨ ਸਿੰਘ ਨੇ ਅਵਨੀਤ ਨੂੰ ਉਸ ਦੀ ਖੇਡ ਤੇ ਸ਼ਹਿਰ ਪੁੱਛਿਆ ਤਾਂ ਉਹ ਨਿਸ਼ਾਨੇਬਾਜ਼ੀ ਤੇ ਬਠਿੰਡਾ ਸੁਣ ਕੇ ਹੱਕੇ ਬੱਕੇ ਹੀ ਰਹਿ ਗਏ। ਕਿੰਨਾ ਚਿਰ ਤਾਂ ਉਨ੍ਹਾਂ ਨੂੰ ਯਕੀਨ ਹੀ ਨਹੀਂ ਆਇਆ ਕਿ ਬਠਿੰਡੇ ਦੀ ਕੁੜੀ ਨਿਸ਼ਾਨੇਬਾਜ਼ੀ ਚੈਂਪੀਅਨ ਹੋ ਸਕਦੀ ਹੈ। ਅਵਨੀਤ ਨੇ ਮੈਟਰੋ ਸ਼ਹਿਰਾਂ ਦੀ ਖੇਡ ਨੂੰ ਛੋਟੇ ਸ਼ਹਿਰਾਂ ਦੀ ਖੇਡ ਬਣਾ ਦਿੱਤਾ।

ਅਵਨੀਤ ਦੀ ਪੋਸਟਿੰਗ ਪੀ.ਏ.ਪੀ. ਜਲੰਧਰ ਵਿਖੇ ਹੈ ਪਰ ਉਹ ਬਠਿੰਡਾ ਵਿਖੇ ਹੀ ਰਹਿ ਕੇ ਆਪਣੀ ਨਿਸ਼ਾਨੇਬਾਜ਼ੀ ਦੀ ਪ੍ਰੈਕਟਿਸ ਜਾਰੀ ਰੱਖ ਰਹੀ ਹੈ। ਉਹ ਇਸ ਗੱਲੋਂ ਆਪਣੇ ਆਪ ਨੂੰ ਕਿਸਮਤ ਵਾਲੀ ਸਮਝਦੀ ਹੈ ਕਿ ਪੇਕੇ ਪਰਿਵਾਰ ਵੱਲੋਂ ਮਿਲੇ ਸਹਿਯੋਗ ਤੋਂ ਬਾਅਦ ਵਿਆਹ ਉਪਰੰਤ ਸਹੁਰਾ ਪਰਿਵਾਰ ਵੀ ਉਸ ਨੂੰ ਖੇਡ ਜਾਰੀ ਰੱਖਣ ਵਿੱਚ ਮੱਦਦ ਕਰ ਰਿਹਾ ਹੈ। ਰਾਜਪਾਲ ਨਾਲ ਵਿਆਹੇ ਜਾਣ ਤੋਂ ਬਾਅਦ ਉਹ ਅਵਨੀਤ ਕੌਰ ਸਿੱਧੂ ਹੁੰਦਲ ਦੇ ਨਾਂ ਨਾਲ ਜਾਣੀ ਜਾਂਦੀ ਹੈ। ਖਿਡਾਰੀ ਪਤੀ ਨੂੰ ਪਤਾ ਹੈ ਕਿ ਕਿਵੇਂ ਉਸ ਨੂੰ ਖੇਡਾਂ ਲਈ ਮਾਹੌਲ ਦੇਣਾ ਹੈ। ਸ਼ੂਟਿੰਗ ਰੇਂਜ ‘ਤੇ ਵੀ ਜਿੱਥੇ ਉਹ ਕਿਤੇ ਕਿਤੇ ਇਕੱਠੇ ਨਜ਼ਰ ਆਉਂਦੇ ਹਨ ਉਥੇ ਕਈ ਵਾਰ ਪੁਲਿਸ ਡਿਊਟੀ ਜਾਂ ਟਰੇਨਿੰਗ ਦੌਰਾਨ ਵੀ ਉਨ੍ਹਾਂ ਦੀ ਇਕੱਠੀ ਡਿਊਟੀ ਲੱਗ ਜਾਂਦੀ ਹੈ। ਇਕ ਵਾਰ ਮੁਹਾਲੀ ਵਿਖੇ ਨਿਸ਼ਾਨੇਬਾਜ਼ੀ ਦੀ ਸਟੇਟ ਚੈਂਪੀਅਨਸ਼ਿਪ ਮੌਕੇ ਰਾਜਪਾਲ ਸਿੰਘ ਮੁਹਾਲੀ ਵਿਖੇ ਹੀ ਤਾਇਨਾਤ ਸੀ ਜਿਸ ਕਾਰਨ ਉਸ ਨੂੰ ਮੁੱਖ ਮਹਿਮਾਨ ਬੁਲਾ ਲਿਆ। ਅਵਨੀਤ ਨੇ ਸੋਨੇ ਦਾ ਤਮਗਾ ਫੁੰਡਿਆ ਅਤੇ ਤਮਗਾ ਵੀ ਉਸ ਨੂੰ ਰਾਜਪਾਲ ਕੋਲੋਂ ਪਹਿਨਾਇਆ ਗਿਆ। ਅਵਨੀਤ ਦੀ ਪੰਜਾਬ ਪੁਲਿਸ ਐਸ.ਪੀ. ਵਜੋਂ ਪ੍ਰਮੋਸ਼ਨ ਹੋਣੀ ਪੈਂਡਿੰਗ ਹੈ ਜੋ ਜਲਦ ਹੀ ਹੋਣ ਵਾਲੀ ਹੈ। ਆਪਣੇ ਭਵਿੱਖ ਦੀ ਯੋਜਨਾ ਬਾਰੇ ਉਹ ਦੱਸਦੀ ਹੈ ਕਿ ਭਾਵੇਂ ਉਸ ਨੂੰ ਪੁਲਿਸ ਡਿਊਟੀ ਕਰਨੀ ਪਵੇ ਪਰ ਉਹ ਆਪਣੀ ਮਹਿਬੂਬ ਖੇਡ ਨਿਸ਼ਾਨੇਬਾਜ਼ੀ ਜਾਰੀ ਰੱਖੇਗੀ। ਮੈਡਲ ਜਿੱਤਣ ਦੀ ਭੁੱਖ ਉਸ ਵਿੱਚ ਅੱਜ ਵੀ ਮੁੱਢਲੇ ਦਿਨਾਂ ਵਰਗੀ ਹੈ। ਘਰੇਲੂ ਤੇ ਪੁਲਿਸ ਦੀਆਂ ਡਿਊਟੀਆਂ ਦੇ ਨਾਲ ਨਿਸ਼ਾਨੇਬਾਜ਼ੀ ਲਈ ਉਹ ਸਮਾਂ ਕੱਢ ਹੀ ਲੈਂਦੀ ਹੈ। ਅਵਨੀਤ ਦਾ ਨਿਸ਼ਾਨਾ ਹਾਲੇ ਹੋਰ ਵੀ ਕਈ ਮੈਡਲ ਫੁੰਡਨ ਦਾ ਹੈ ਕਿਉਂਕਿ ਅਵਨੀਤ ਜੰਮੀ ਹੀ ਅੱਵਲ ਆਉਣ ਲਈ ਹੈ।

Email- navdeepsinghgill82@gmail.com

Mobile 97800- 36216

Leave a Reply

Your email address will not be published. Required fields are marked *