ਅਮਰੀਕਾ ਵੰਦੇ ਭਾਰਤ ਮਿਸ਼ਨ ਦੀਆਂ ਉਡਾਣਾਂ ‘ਤੇ ਲਾਏਗਾ ਰੋਕ

ਨਵੀਂ ਦਿੱਲੀ : ਅਮਰੀਕਾ ਨੇ ਜਹਾਜ਼ ਆਵਾਜਾਈ ਨਾਲ ਸਬੰਧਤ ਮਾਮਲੇ ਵਿਚ ਭਾਰਤ ਸਰਕਾਰ ਦੇ ਰਵੱਈਏ ਨੂੰ ਭੇਦਭਾਵਪੂਰਨ ਕਰਾਰ ਦਿੱਤਾ ਹੈ। ਅਮਰੀਕਾ ਨੇ ਕਿਹਾ ਕਿ ਏਅਰ ਇੰਡੀਆ ਵੰਦੇ-ਭਾਰਤ ਮਿਸ਼ਨ ਤਹਿਤ ਖ਼ੁਦ ਉਡਾਣ ਭਰ ਰਿਹਾ ਹੈ ਪਰ ਅਮਰੀਕੀ ਜਹਾਜ਼ ਕੰਪਨੀਆਂ ਦੇ ਚਾਰਟਡ ਜਹਾਜ਼ਾਂ ਨੂੰ ਭਾਰਤ-ਅਮਰੀਕਾ ਮਾਰਗ ‘ਤੇ ਚੱਲਣ ਦੀ ਆਗਿਆ ਨਹੀਂ ਦੇ ਰਿਹਾ। ਇਸ ਦੇ ਬਦਲੇ ਵਿਚ ਅਮਰੀਕਾ ਨੇ ਵੀ 22 ਜੁਲਾਈ ਤੋਂ ਵੰਦੇ ਭਾਰਤ ਮਿਸ਼ਨ ਤਹਿਤ ਭਾਰਤੀ ਉਡਾਣਾਂ ‘ਤੇ ਰੋਕ ਲਾਉਣ ਦਾ ਐਲਾਨ ਕੀਤਾ ਹੈ।
ਅਮਰੀਕਾ ਦੇ ਹਵਾਈ ਵਿਭਾਗ (ਡੀ.ਓ.ਟੀ) ਦੇ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਨੂੰ ਧਿਆਨ ਵਿਚ ਰੱਖਦੇ ਹੋਏ ਏਅਰ ਇੰਡੀਆ ਦੇ ਕਿਸੇ ਵੀ ਚਾਰਟਡ ਜਹਾਜ਼ ਨੂੰ ਭਾਰਤ-ਅਮਰੀਕਾ ਮਾਰਗ ‘ਤੇ 22 ਜੁਲਾਈ ਤੋਂ ਉਦੋਂ ਤੱਕ ਉਡਾਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗਾ, ਜਦੋਂ ਤੱਕ ਵਿਭਾਗ ਖ਼ਾਸ ਤੌਰ ‘ਤੇ ਇਸ ਦੀ ਮਨਜ਼ੂਰੀ ਨਹੀਂ ਦੇ ਦਿੰਦਾ। ਜ਼ਿਕਰਯੋਗ ਹੈ ਕਿ ਭਾਰਤ ਵਿਚ ਕਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ 25 ਮਾਰਚ ਤੋਂ ਸਾਰੀਆਂ ਤੈਅ ਕੌਮਾਂਤਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।