ਮੈਂ ਸਦਾ ਮਨੁੱਖਤਾ ਦੇ ਭਲੇ ਦਾ ਮੋਰਚਾ ਮੱਲਿਐ/ ਜਸਵੰਤ ਸਿੰਘ ਕੰਵਲ

‘ਹੁਣ’ ਵਿਚੋਂ ਧੰਨਵਾਦ ਸਹਿਤ/ ਮੁਲਾਕਾਤੀ- ਅਵਤਾਰ ਜੰਡਿਆਲਵੀ/ ਸੁਸ਼ੀਲ ਦੁਸਾਂਝ

ਥੋੜ੍ਹੀ ਜਿਹੀ ਰਾਤ
ਹੁਣ – ਬਹੁਤ ਸਾਲ ਪਹਿਲਾਂ ਦੀ ਗੱਲ ਹੈ, ਤੁਸੀਂ ਸਟੇਜਾਂ ਤੋਂ ਤਰੱਨੁੰਮ ਵਿਚ ਗਾਉਂਦੇ ਹੁੰਦੇ ਸੀ, ਜੀਹਦਾ ਪਹਿਲਾ ਸ਼ੇਅਰ ਇਹ ਸੀ :-
ਨਾ ਕਰ ਗਿਲਾ ਸੱਜਨੀ, ਗਮਾਂ ਦੀ ਇਹ ਰਾਤ ਥੋੜ੍ਹੀ ਹੈ,
ਮੇਰੇ ਜ਼ਖ਼ਮਾਂ ਨੇ ਤੱਕ ਉਠ ਕੇ ਸਮੇਂ ਦੀ ਵਾਗ ਮੋੜੀ ਹੈ।
ਏਨੇ ਸਾਲ ਗੁਜ਼ਰ ਜਾਣ ਬਾਅਦ ਕੀ ਤੁਹਾਨੂੰ ਹੁਣ ਇਹ ਹੈਰਾਨੀ ਨਹੀਂ ਹੁੰਦੀ ਕਿ ਥੋੜ੍ਹੀ ਜਿਹੀ ਰਾਤ ਵੀ ਗੁਜ਼ਰਨ ਵਿਚ ਹੀ ਨਹੀਂ ਆਉਂਦੀ ?
ਕੰਵਲ – ਤੁਸੀਂ ਠੀਕ ਕਹਿੰਦੇ ਹੋ, ਪਰ ਜ਼ਿੰਦਗੀ ਨੂੰ ਮੋੜਾਂ ਘੋੜਾਂ ਵਿਚ ਡਿੱਗੀ-ਢੱਠੀ ਵੀ ਨਹੀਂ ਰਹਿਣ ਦੇਣਾ ਚਾਹੀਦਾ। ਉਮਰ ਦਾ ਪੰਧ ਬਹੁਤ ਲੰਮਾ ਹੈ। ਮਨੁੱਖ ਦਿਲ ਢਾਹੇਗਾ ਤਾਂ ਪੰਧ ਹੋਰ ਹੋਰ ਲੰਮਾ ਹੁੰਦਾ ਜਾਵੇਗਾ। ਦੁੱਖਾਂ ਦੀਆਂ ਹਨ੍ਹੇਰੀਆਂ ਆਉਂਦੀਆਂ ਹਨ : ਬੜਾ ਕੁਝ ਢਾਹ-ਢੇਰੀ ਕਰ ਜਾਂਦੀਆਂ ਹਨ : ਪਰ ਮਨੁੱਖ ਨੇ ਔਖੇ ਪੰਧਾਂ ਅੱਗੇ ਢੇਰੀ ਨਹੀਂ ਢਾਹੀ, ਉਹ ਔਖੇ ਰਾਹਾਂ ਨੂੰ ਦਰੜਦਾ ਅੱਗੇ ਵਧਦਾ ਰਿਹਾ ਹੈ। ਔਖਿਆਈਆਂ ਮਨੁੱਖ ਨੂੰ ਵੰਗਾਰਦੀਆਂ ਰਹੀਆਂ ਹਨ ਪਰ ਉਸ ਨੇ ਦਿਲ ਨਹੀਂ ਹਾਰਿਆ, ਜ਼ਿੰਦਗੀ ਦੇ ਹਾਸਲ ਲਈ ਇਕ ਤੋਂ ਬਾਅਦ ਦੂਜੀ ਜਿੱਤ ਹਾਸਲ ਕਰਦਾ ਵਧਦਾ ਹੀ ਰਿਹਾ ਹੈ, ਕਮਜ਼ੋਰੀਆਂ ਨੂੰ ਦਲੇਰੀਆਂ ਵਿੱਚ ਬਦਲਦਾ ਰਿਹਾ ਹੈ। ਨਤੀਜਾ, ਜੰਗਲੀ ਦਰਖਤਾਂ ਤੋਂ ਉਤਰ ਅਤੇ ਖੱਡਾਂ – ਗਾਰਾਂ ਵਿਚੋਂ ਨਿਕਲ ਕੇ ਅੱਜ ਦੇ ਵਿਚ ਪਹੁੰਚ ਗਿਆ ਹੈ। ਅਸਲ ਗੱਲ ਮਾਛੀਵਾੜੇ ਵਿਚ ਵੀ ਲੋਕ ਮੁਕਤੀ ਬਾਰੇ ਆਸਵੰਦ ਰਹਿਣ ਦੀ ਹੈ।

ਨਾਨਕ ਸਿੰਘ ਦੀ ਥਾਪੀ
ਹੁਣ – ਤੁਸਾਂ ਦੱਸਿਆ ਸੀ, ਤੁਹਾਡਾ ‘ਪਾਲੀ’ ਨਾਵਲ ਪੜ੍ਹ ਕੇ ਨਾਨਕ ਸਿੰਘ ਨੇ ਤੁਹਾਨੂੰ ਵਧਾਈ ਦਿੱਤੀ : ਉਹਨਾਂ ਕੀ ਸਲਾਹ ਦਿੱਤੀ ਤੁਹਾਨੂੰ ?
ਕੰਵਲ – ਗੱਲ ਦਰਅਸਲ ਇਉਂ ਹੋਈ, ਮੈਂ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਵਿਚ ਉਦੋਂ ਨੱਬੇ ਰੁਪਏ ਮਹੀਨਾ ਤਨਖਾਹ ਉੱਤੇ ਮੁਲਾਜ਼ਮ ਸਾਂ। ਉੱਥੇ ਹੀ ਮੈਂ ਪਾਲੀ ਨਾਵਲ ਲਿਖਿਆ ਸੀ। ਇਕ ਮੇਰਾ ਮੂੰਹ-ਫੱਟ ਯਾਰ ਸੀ, ਉਸ ਬਜ਼ਾਰ ਜਾਂਦੇ ਸ੍ਰ. ਨਾਨਕ ਸਿੰਘ ਨੂੰ ਟਕੋਰ ਵਜੋਂ ਗੱਲ ਰੜਕਾਈ-”ਤੇਰਾ ਸ਼ਰੀਕ ਜੰਮ ਪਿਆ, ਜਸਵੰਤ ਸਿੰਘ ਕੰਵਲ, ਉਹਦਾ ‘ਪਾਲੀ’ ਨਾਵਲ ਪੜ੍ਹ ਲਵੀਂ।” ਸਾਊ ਸ੍ਰ. ਨਾਨਕ ਸਿੰਘ ਨੇ ਉਸ ਬੜਬੋਲੇ ਨੂੰ ਕੋਈ ਮੋੜ ਨਾ ਦਿੱਤਾ ਤੇ ਮਾਈ ਸੇਵਾ ਬਜ਼ਾਰ ਵਿਚੋਂ ਨਾਵਲ ਲਿਆ ਤੇ ਪੜ੍ਹ ਕੇ ਸ਼੍ਰੋਮਣੀ ਕਮੇਟੀ ਦਫ਼ਤਰ ਮੈਨੂੰ ਮਿਲਣ ਆ ਗਏ। ਮੈਂ ਕੁਰਸੀ ਛੱਡ ਕੇ ਪੈਰੀਂ ਹੱਥ ਲਾਏ। ਉਹਨਾਂ ਮੈਨੂੰ ਸ਼ਾਬਾਸ਼ ਨਾਲ ਹੌਸਲਾ ਵੀ ਦਿੱਤਾ ਮੈਂ ਚਾਹ ਮੰਗਵਾ ਲਈ। ਉਹਨਾਂ ਖੁਸ਼ ਹੋ ਕੇ ਆਖਿਆ, ”ਬਈ ਕੰਵਲ, ਮੈਂ ਤੇਰਾ ਨਾਵਲ ਪਾਲੀ ਪੜ੍ਹਿਆ, ਮੈਨੂੰ ਚੰਗਾ ਲੱਗਾ, ਤੈਨੂੰ ਵਧਾਈ ਦੇਣ ਆ ਗਿਆ, ਬਹੁਤ ਖ਼ੂਬ ਪਰ ਇਕ ਗੱਲ ਸੁਣ, ਲਿਖਣਾ ਨਾ ਛੱਡੀਂ ਤੇ ਅਕਾਲੀਆਂ ਦੇ ਝਾਂਸਿਆਂ ਤੋਂ ਦੂਰ ਰਹੀਂ। ਤੇਰੀ ਵਾਰਤਕ ਖਿੱਚ ਪਾਊ ਐ। “
ਮੈਂ ਉੱਤਰ ਦਿੱਤਾ, ”ਨਹੀਂ, ਮੈਂ ਅਕਾਲੀ ਝਾਂਸਿਆ ਤੋਂ ਖ਼ਬਰਦਾਰ ਆਂ। ਵੇਦਾਂਤ ਤੇ ਮਾਰਕਸੀ ਵਿਚਾਰਾਂ ਨੂੰ ਥੋੜ੍ਹਾ ਬਹੁਤ ਮੂੰਹ ਮਾਰਿਆ ਹੈ। ” ਨਾਨਕ ਸਿੰਘ ਮੇਰੇ ਉੱਤਰ ਨਾਲ ਹੱਸ ਹੱਸ ਲੋਟ ਪੋਟ ਹੋ ਗਏ। ਸ੍ਰ. ਨਾਨਕ ਸਿੰਘ ਪਹਿਲੇ ਲੇਖਕ ਸਨ, ਜਿਹਨਾਂ ਆਪ ਸ਼੍ਰੋਮਣੀ ਕਮੇਟੀ ਦੇ ਦਫਤਰ ਆ ਕੇ ਮੈਨੂੰ ਸ਼ਾਬਾਸ਼ ਤੇ ਹੌਸਲਾ ਦਿੱਤਾ ਸੀ।

ਹੁਣ – ਇਹ ਨਾਵਲ ਤੁਹਾਨੂੰ ਕਿਵੇਂ ਸੁੱਝਿਆ ਤੇ ਕਿਵੇਂ ਲਿਖਿਆ?
ਕੰਵਲ – ਜਿਉਂਦੇ ਵਰਤਮਾਨ ਵਿਚ ਬੜਾ ਕੁਝ ਵਾਪਰਦਾ ਹੈ – ਮਨੁੱਖ ਜਿਸ ਤੋਂ ਪ੍ਰਭਾਵ ਕਬੂਲਦਾ ਹੈ, ਉਹ ਸਾਕਾਰ ਹੋ ਜਾਂਦਾ ਹੈ, ਇਹ ਕੁਝ ਵੀ ਇਕ ਸੁਸ਼ੀਲ ਕੁੜੀ ਨਾਲ ਵਾਪਰਿਆ ਤੇ ਮੇਰੇ ਦਿਲ ਨੇ ਅਸਰ ਕਬੂਲ ਕਰ ਲਿਆ। ਇਹ ਸਭ ਉਸ ਸੁਸ਼ੀਲ ਕੁੜੀ ਨੇ, ਪੁੱਛਣ ‘ਤੇ ਆਪ ਸਭ ਕੁਝ ਦੱਸਿਆ ਤੇ ਮੈਂ ਪ੍ਰੇਰਿਆ ਗਿਆ। ਸਾਡੇ ਸਾਹਮਣੇ ਬੜਾ ਕੁਝ ਅਨਰਥ, ਆਏ ਦਿਨ ਵਾਪਰਦਾ ਹੀ ਰਹਿੰਦਾ ਹੈ, ਪਰ ਉਸ ਨੂੰ ਦੇਖ ਕੇ ਵੀ ਹਰ ਦਿਲ ਮਹਿਸੂਸ ਨਹੀਂ ਕਰਦਾ। ਮਹਿਸੂਸ ਕਰਨਾ, ਉਸ ਨੂੰ ਹੰਢਾਉਣਾ ਤੇ ਹੋਣੀਆਂ ਨਾਲ ਦੋ ਚਾਰ ਹੋਣਾ, ਕੁਝ ਇਕ ਮਨੁੱਖਾਂ ਦਾ ਫਰਜ਼ ਬਣ ਜਾਂਦਾ ਹੈ। ਜ਼ਿੰਦਗੀ ਦੀ ਵਿਗੜਦੀ ਲੀਹ ਨੂੰ ਸਾਰਥਕ ਰੱਖਣਾ, ਥੋੜ੍ਹਿਆਂ ਦੇ ਹਿੱਸੇ ਆਇਆ ਹੈ। ਉਹ ਵੀ ਜਿਹੜੇ ਜਬਰ ਨੂੰ ਬਰਦਾਸ਼ਤ ਨਾ ਕਰ ਸਕਣ।  ਇਕ ਲੇਖਕ ਉਹਨਾਂ ਵਿਚੋਂ ਪਹਿਲਾਂ ਚੇਤਨ ਬੁੱਧ ਮਨੁੱਖ ਹੈ, ਜਿਹੜਾ ਸੁਚੱਜੀ ਕਾਰ ਸੇਵਾ ਲਈ ਅੱਗੇ ਆਉਂਦਾ ਹੈ। ਆਥਣ ਸਵੇਰ ਬੜਾ ਕੁਝ ਗਲਤ ਵਾਪਰਦਾ ਹੈ; ਪਰ ਉਸ ਨੂੰ ਚੇਤਨ ਬੁੱਧ ਮਨੁੱਖ ਹੀ ਮਹਿਸੂਸ ਕਰਦਾ ਹੈ ਤੇ ਸਾਰਥਿਕ ਕਰਨ ਲਈ ਹੰਭਲਾ ਮਾਰਨ ਦੀ ਜੁਰੱਅਤ ਕਰਦਾ ਹੈ। ਦੁਖਾਂਤ ਘਟਨਾਵਾਂ ਪ੍ਰੇਰਨਾ ਦੇਂਦੀਆਂ ਹਨ ਤੇ ਚੇਤਨ ਬੁੱਧ ਪੁਰਸ਼ ਪ੍ਰਭਾਵ ਕਬੂਲ ਕੇ ਲਿਖ ਜਾਂਦੇ ਹਨ। ਅਨਿਆਂ ਤੇ ਜਬਰ ਹਰੇਕ ਨੂੰ ਝੰਜੋੜਦਾ ਹੈ। ਪਰ ਉਹਦੇ ਵਿਰੋਧ ਵਿਚ ਦੋ ਹੀ ਸੂਰਮੇ ਉਠਦੇ ਹਨ। ਇਕ ਹਥਿਆਰ ਚੁੱਕਦਾ ਹੈ ਤੇ ਦੂਜਾ ਕਲਮ। ਹਥਿਆਰਬੰਦ ਸੂਰਮਾ ਬਰਦਾਸ਼ਤ ਨਾ ਕਰਦਾ ਜਜ਼ਬਾਤੀ ਕਾਹਲੀ ਵਿਚ ਮਰਦਾ ਮਾਰਦਾ ਹੈ ਤੇ ਲੇਖਕ ਜ਼ੁਲਮ ਤੇ ਅਨਿਆਂ ਨੂੰ ਹਮੇਸ਼ਾ ਲਈ ਖ਼ਤਮ ਕਰਨ ਦੀ ਪ੍ਰੇਰਨਾ ਦੇਂਦਾ ਹੈ। ਇਤਿਹਾਸ ਇਹਨਾਂ ਦੋਹਾਂ ਨੂੰ ਜੱਗ ਜਿਊਂਦੇ ਕਰਦਾ ਹੈ।

ਹੁਣ – ਕੌਣ ਸੀ ਉਹ ਸੁਸ਼ੀਲ ਕੁੜੀ?
ਕੰਵਲ – ਉਹ ਇਕ ਸੱਚ ਸੀ; ਜਿਸ ਨੂੰ ਕਲਪਨਾ ਦੀ ਬੁਕਲ ਵਿਚ ਲੁਕਆ ਲਿਆ| ਸੱਚ ਨੂੰ ਨੰਗਾ ਕਰੋ, ਦੂਣ ਸਵਾਏ ਜ਼ਖਮ ਹੋਰ ਹੋਰ ਚੀਕਾਂ ਮਾਰ ਉਠਦੇ ਹਨ|
ਹੁਣ – ਤੁਸੀਂ ਪੰਜਾਬ ਦੇ ਇਕ ਨਿੱਕੇ ਜਿਹੇ ਪਿੰਡ ਦੇ ਜੰਮਪਲ ਹੋ ਕੇ ਵੀ…?
ਕੰਵਲ – ਨਈਂ ਨਈਂ ਮੇਰਾ ਪਿੰਡ ਨਿੱਕਾ ਜਿਹਾ ਨਈਂ : ਏਥੇ ਤਿੰਨ ਕਾਲਜ ਤੇ ਚਾਰ ਸਕੂਲ ਚਲਦੇ ਐ। ਖੇਡਾਂ ਵਿੱਚ ਬੱਲੇ ਬੱਲੇ।  ਫੀਰੋਜ਼ਪੁਰ ਡਵੀਜ਼ਨ ਵਿਚ ਸਭ ਤੋਂ ਪਹਿਲਾਂ ਖੇਡ ਸਟੇਡੀਅਮ ਅਸਾਂ ਬਣਾਇਆ ਸੀ। ਦੇਸ਼ ਦੀ ਅਜ਼ਾਦੀ ਦੇ ਯੋਧੇ ਫਾਂਸੀਆਂ ਚੜ੍ਹਨ ਵਾਲੇ ਤੇ ਕਾਲੇਪਾਣੀ ਜਾਣ ਵਾਲੇ ਬਹਾਦਰ ਸੂਰਮੇ ਵੀ ਹੋਏ ਐ। ਲਾਜਪਤ ਰਾਏ ਸਾਡੇ ਪਿੰਡ ਜਨਮਿਆ ਸੀ।  ਲੜਨ ਭਿੜਨ ਵਾਲੇ ਵੈਲੀਆਂ ਦਾ ਵੀ ਅੰਤ ਨਹੀਂ। ਬੜੇ ਕਤਲ ਹੋਏ ਤੇ ਫਾਂਸੀਆਂ ਲੱਗੇ।  ਸਿਆਸੀ ਪਲਟਾ ਆਇਆ ਗ਼ਦਰ ਪਾਰਟੀ ਦੀਆਂ ਕੁਰਬਾਨੀਆਂ ਸਦਕਾ।  ਸਾਡੇ ਢੁੱਡੀਕੇ ਤੇ ਨੇੜਲੇ ਚੂਹੜਚੱਕ ਪਿੰਡ ਉੱਤੇ ਨੌ ਵਰ੍ਹੇ, ਤਾਜ਼ੀਰੀ ਚੌਕੀ ਸਰ ਸਕੰਦਰ ਹਯਾਤ ਵੱਡੇ ਵਜ਼ੀਰ ਪੰਜਾਬ ਨੇ ਠੋਕੀ ਰੱਖੀ, ਜਿਹੜੀ ਦੇਸ਼ ਆਜ਼ਾਦ ਹੋਣ ਸਮੇਂ ਹੀ ਚੁੱਕੀ ਗਈ। ਇਸ ਪਿੰਡ ਤੇ ਬੜੇ ਝੱਖੜ ਹਨੇਰੀਆਂ ਝੁੱਲੀਆਂ। ਆਜ਼ਾਦੀ ਆ ਜਾਣ ‘ਤੇ ਪਿੰਡ ਨੂੰ ਉਸਾਰੂ ਮੋੜ ਦੇਣ ਵਾਸਤੇ ਮੈਂ ਨੌਜਵਾਨ ਮੁੰਡਿਆਂ ਦੀ ਇਕ ਸਭਾ ਬਣਾਈ ਤੇ ਲਾਜਪਤ ਰਾਏ ਤੇ ਗ਼ਦਰੀ ਬਾਬਿਆਂ ਦੇ ਨਾਂ ‘ਤੇ ਮੇਲਾ ਲਾਇਆ। ਉਸ ਮੇਲੇ ਤੇ ਮੈਂ ਦੁਆਬੀਏ ਸ੍ਰ. ਦਰਬਾਰਾ ਸਿੰਘ ਵਜ਼ੀਰ ਨੂੰ ਬੁਲਾਇਆ। ਉਹ ਨਾਲ ਦੋ ਹੋਰ ਵਜ਼ੀਰਾਂ ਨੂੰ ਲੈ ਆਇਆ। ਉਸ ਮੇਲੇ ਤੋਂ ਅਸਾਂ ਜੀ.ਟੀ.ਰੋਡ ਤੱਕ ਪੱਕੀ ਸੜਕ ਬਣਵਾ ਲਈ। ਫਿਰ ਲਾਜਪਤ ਰਾਇ ਯਾਦਗਾਰ ਕਮੇਟੀ ਖੜ੍ਹੀ ਕਰ ਲਈ। ਉਸ ਕਮੇਟੀ ਦਾ ਪ੍ਰਧਾਨ ਬਣਨਾ ਲਾਲ ਬਹਾਦਰ ਸ਼ਾਸਤਰੀ ਨੇ ਮੰਨ ਲਿਆ। ਲਾਜਪਤ ਰਾਏ ਦੀ ਸ਼ਤਾਬਦੀ ਆਈ ਤਾਂ ਅਸਾਂ ਭਾਰਤ ਦੇ ਪਹਿਲੇ ਰਾਸ਼ਟਰਪਤੀ ਰਾਜਿੰਦਰ ਪ੍ਰਸ਼ਾਦ ਨੂੰ ਬੁਲਾਇਆ ਤੇ ਲਾਜਪਤ ਰਾਏ ਕਾਲਜ ਦਾ ਐਲਾਨ ਕਰਵਾ ਲਿਆ। ਵਾਟਰ ਵਰਕਸ ਤੇ ਪ੍ਰਾਇਮਰੀ ਹੈਲਥ ਸੈਂਟਰ ਪਹਿਲਾਂ ਹੀ ਬਣ ਚੁੱਕੇ ਸਨ। ਇਹ ਸਾਰਾ ਕੁਝ ਮੈਂ 15 ਸਾਲ ਪੰਚਾਇਤ ਹੱਥ ਵਿਚ ਲੈ ਕੇ ਸਿਰੇ ਚਾੜ੍ਹਿਆ। ਬੀ.ਐਸ ਸੀ. ਤੱਕ ਕਾਲਜ ਬਣਾਉਣ ਸਮੇਂ ਲਾਜਪਤ ਕਮੇਟੀ ਵਾਲਿਆਂ ਥੋੜ੍ਹਾ ਰੌਲਾ ਪਾਇਆ। ਪਰ ਮੈਂ ਲਾਮਬੰਦ ਕਰਕੇ ਆਲੇ ਦੁਆਲੇ ਦੇ ਪਿੰਡਾਂ ਨੂੰ ਮੀਟਿੰਗ ਵਾਲੇ ਦਿਨ ਚਾੜ੍ਹ ਲਿਆਂਦਾ। ਆਲਾ ਦੁਆਲਾ ਕਾਲਜ ਦੇ ਨਾਂ ਦੇ ਹੁੰਮ ਹੁੰਮਾ ਕੇ ਨਾਅਰੇ ਮਾਰਦਾ ਚੜ੍ਹ ਆਇਆ। ਲਾਜਪਤ ਰਾਏ ਕਮੇਟੀ ਨੂੰ ਕਾਲਜ ਦਾ ਮਤਾ ਮਜਬੂਰੀ ਮੂੰਹ ਪਾਸ ਕਰਨਾ ਪੈ ਗਿਆ। ਰਾਸ਼ਟਰਪਤੀ ਦੇ ਢੁੱਡੀਕੇ ਆਉਣ ਨਾਲ ਸ਼ਰਧਾ, ਬਣੀਆਂ ਕਮੇਟੀਆਂ ਤੋਂ ਝੱਲੀ ਨਾ ਜਾਵੇ, ਮੈਂ ਤੇ ਮੇਰੇ ਸਾਥੀਆਂ ਸ਼ੁਕਰ ਮਨਾਇਆ ਕਿ ਕਾਲਜ ਪੱਕੇ ਪੈਰੀਂ ਹੋ ਗਿਆ। ਮੈਂ ਪਿੰਡ ਨੂੰ ਪਾਟਣ ਨਹੀਂ ਦਿੱਤਾ ਸੀ ਅਤੇ ਸ਼ਹਿਰ ਵਾਲੀਆਂ ਸਾਰੀਆਂ ਸਹੂਲਤਾਂ ਕਾਇਮ ਕਰਵਾ ਲਈਆਂ। ਇਹ ਇਸ ਕਰਕੇ ਹੋਇਆ, ਅਕਾਲੀ ਕਾਂਗਰਸੀ ਤੇ ਕਮਿਊਨਿਸਟਾਂ ਨੂੰ ਪਿੰਡ ਦੇ ਸਾਂਝੇ ਭਲੇ ਲਈ ਇਕ ਥਾਂ ਜੋੜੀ ਰੱਖਿਆ। ਮੈਂ ਮੁੱਢ ਤੋਂ ਹੁਸ਼ਿਆਰ ਰਿਹਾ ਸਾਂ। ਰਾਜਸੀ ਪਾਰਟੀਆਂ ਦੇ ਬਰਾਬਰ ਸਾਧਾਂ ਸੰਤਾਂ ਤੇ ਵੈਲੀ ਲਾਣੇ ਨੂੰ ਲੋਕਾਂ ਦੇ ਹਿੱਤਾਂ ਲਈ ਨਾਲ ਜੋੜੀ ਰੱਖਿਆ ਸੀ। ਫਿਰ ਮੈਂ ਪੰਚਾਇਤ ਦੀ ਸਰਦਾਰੀ ਛੱਡ ਕੇ ਪੁਰਾਣੇ ਸਾਹਿਤਕ ਪੈਂਤੜੇ ‘ਤੇ ਆ ਗਿਆ।

ਹੁਣ – ਤੁਸੀਂ ਅਪਣੇ ਪਿੰਡ ਦੇ ਗ਼ਦਰੀ ਬਾਬਿਆਂ ਦਾ ਜ਼ਿਕਰ ਛੇੜਿਆ ਹੈ ਤਾਂ ਦੱਸੋ ਕਿਹੋ ਜਿਹੇ ਸਨ ਇਹ ਬਾਬੇ।
ਕੰਵਲ -“ਵੇਹਣ ਪਾਏ ਦਰਿਆ ਨਾਹੀ ਕਦੇ ਮੁੜਦੇ; ਲੋਕੀ ਲਾ ਥਕੇ ਜ਼ੋਰ-ਜ਼ਾਰੀਆਂ ਨੀ – ਵਾਰਸ|”
ਉਹ ਵਤਨ ਦੀ ਆਜ਼ਾਦੀ ਦੀ ਹਿੰਡ ਵਿਚ ਸਿੱਧੇ ਫਾਂਸੀਆਂ ਤੇ ਕਾਲੇ ਪਾਣੀਆਂ ਨੂੰ ਗਏ| ਉਹ ਛਾਲਾਂ ਮਾਰਦੇ ਫਾਂਸੀਆਂ ਦੇ ਤਖਤੇ ਤੋੜਨ ਤਕ ਨਿਤਰੇ|

ਅਲਜਬਰੇ ਦੀ ਦਲਦਲ
ਹੁਣ – ਕਿਹੋ ਜਿਹੇ ਸੀ ਤੁਸੀਂ ਬਚਪਨ ਵਿੱਚ ? ਚੁਸਤ ਢਿੱਲੜ, ਸ਼ਰਾਰਤੀ ਜਾਂ ਸੋਚਾਂ ਵਿਚ ਡੁੱਬੇ ਰਹਿਣ ਵਾਲੇ ?
ਕੰਵਲ – ਮੈਂ ਢਿੱਲੜ ਪਹਿਲਾਂ ਤੋਂ ਹੀ ਨਹੀਂ ਸਾਂ। ਸਾਡੇ ਪਿੰਡ ਤੀਆਂ ਭਰਵੀਆਂ ਲਗਦੀਆਂ ਸਨ। ਦੋ ਅਗਵਾੜਾਂ ਦੀਆਂ ਕੁੜੀਆਂ ਚਿੜੀਆਂ ਰਲ ਕੇ ਗਿੱਧਾ ਪਾਉਂਦੀਆਂ ਤੇ ਜੋਟੀਆਂ ਬਣਾ ਕੇ ਨੱਚਦੀਆਂ। ਅਸੀਂ ਦੋਹਾਂ ਪੱਤੀਆਂ ਦੇ ਮੁੰਡੇ ਨਿੱਤ ਲੜਦੇ ਘੁਲਦੇ ਸਾਂ। ਸੱਟਾਂ ਲੱਗਦੀਆਂ, ਕਈ ਵਾਰ ਲੰਙੇ ਵੀ ਹੋ ਜਾਂਦੇ ਸਾਂ। ਛੋਟੇ ਹੁੰਦਿਆਂ ਦੀਆਂ ਖੇਡਾਂ ਵੀ ਚਲਦੀਆਂ ਸਨ ਤੇ ਕੁੱਟ ਕੁਟੱਈਆ ਵੀ ਹੁੰਦਾ ਸੀ, ਪਰ ਘਰ ਜਾ ਕੇ ਕੋਈ ਨਹੀਂ ਦੱਸਦਾ ਸੀ। ਦੱਸਿਆਂ ਘਰੋਂ ਵੀ ਕੁੱਟ ਪੈਂਦੀ ਸੀ। ਖਰਬੂਜੇ ਤੋੜਨ ਤੇ ਗੰਨੇ ਪੁੱਟਣ, ਟਿਕੀ ਰਾਤ ਤੋਂ ਬਾਹਰ ਅਪਣੇ ਹੀ ਚਾਚੇ ਤਾਏ ਦੇ ਖੇਤਾਂ ਨੂੰ ਜਾ ਪੈਂਦੇ ਸਾਂ। ਕਈ ਵਾਰ ਪੈਂਦੜ ਪੈ ਜਾਂਦੇ, ਕੁੱਟ ਖਾਂਦੇ, ਲਕੀਰਾਂ ਕਢਦੇ। ਘਰਦਿਆਂ ਨੂੰ ਪਤਾ ਲਗਦਾ ਤਾਂ ਦੋਹਰੀ ਕੁੱਟ ਪੈਂਦੀ। ਪਰ ਅਸੀਂ ਸਾਂ, ਚਿੱਤੜਾਂ ‘ਤੇ ਹੱਥ ਮਾਰਦੇ, ”ਦੋ ਪਈਆਂ ਵਿਸਰ ਗਈਆਂ, ਸਦਕੇ ਮੇਰੀ ਢੂਈ ਦੇ।” ਮੱਝੀਆਂ ਵੀ ਚਾਰੀਆਂ, ਛੱਪੜਾਂ ਵਿੱਚ ਪੁੱਠੀਆਂ ਸਿੱਧੀਆਂ ਤਾਰੀਆਂ ਵੀ ਲਾਈਆਂ। ਰਾਤਾਂ ਨੂੰ ਸੌਣ ਤੋਂ ਪਹਿਲਾਂ ਖਾਨਾ ਘੋੜ ਤੇ ਸ਼ੱਕਰ ਭਿੱਜੀ ਖੇਡਦੇ ਤੇ ਉਸ ਤਰ੍ਹਾਂ ਹੀ ਲਿਬੜੇ ਤਿਬੜੇ ਰਜਾਈਆਂ ਨਿੱਘੀਆਂ ਆ ਕਰਦੇ। ਮੇਰੇ ਯਾਰ ਬੁੱਧੂ ਜੁਲਾਹਾ, ਮਹਿੰਗਾ ਤੇਲੀ, ਸਰਾਜ ਮਰਾਸੀ ਅਤੇ ਹੋਰ ਪਾਕਿਸਤਾਨ ਬਣਨ ਵੇਲੇ ਓਧਰ ਚਲੇ ਗਏ।  ਪਿੰਡ ਅਸਲੋਂ ਵੀਰਾਨ ਹੋ ਗਿਆ।  ਹੁਣ ਨਾ ਉਹ ਰਾਤਾਂ ਰਹੀਆਂ ਨਾ ਦਿਨ। ਇਉਂ ਲਗਦਾ ਏ, ਜਿਵੇਂ ਪੰਜਾਬ ਦੇ ਪਿੰਡਾਂ ਵਿਚ ਹਾਅੜ ਬੋਲ ਗਿਆ ਹੋਵੇ।  ਪੜ੍ਹਦਿਆਂ ਇਲਤਾਂ ਕਰਕੇ ਵੀਹ ਵਾਰੀ ਕੁੱਟ ਖਾਧੀ। ਫੇਲ੍ਹ ਤਾਂ ਨਾ ਹੋਇਆ, ਪਰ ਸਦਾ ਮਿਡ ਆਕਰ ਹੀ ਰਿਹਾ। ਦਸਵੀਂ ‘ਚ ਆ ਕੇ ਗੱਡਾ ਅਲਜਬਰੇ ਦੀ ਦਲਦਲ ਵਿਚ ਚੱਜ ਨਾਲ ਹੀ ਖੁੱਭ ਗਿਆ ਤੇ ਯਾਰ ਲੋਕ ਪੜ੍ਹਾਈ ਛੱਡ, ਪਾਣੀ ਵਾਲੇ ਜਹਾਜ਼ ਚੜ ਕੇ ਮਲਾਇਆ ਦੇ ਉੱਤਰੀ ਜੰਗਲਾਂ ਵਿੱਚ ਜਾਗਾ ਕਰਨ ਜਾ ਲੱਗੇ। ਉਦੋਂ ਵਹਿਣ ਤਾਂ ਬੜੇ ਵਿਹਾਏ, ਪਰ ਰਾਸ ਕੋਈ ਨਾ ਆਇਆ, ਆਲਮੀ ਮੰਦਵਾੜਾ ਪੁੱਜ ਕੇ ਸੀ। ਤਨਖਾਹ ਪੰਦਰਾਂ ਡਾਲੇ ਤੇ ਮਲਾਇਆ ਦਾ ਡਾਲਾ ਇਕ ਰੁਪਈਆਂ ਨੌ ਆਨੇ ਦਾ। ਇਹ ਗੱਲ ਸੰਨ ਛੱਤੀ ਸੈਂਤੀ ਦੀ ਸੀ, ਪੁੱਜ ਕੇ ਮੰਦਵਾੜਾ।  ਉਦੋਂ ਮੈਂ ਉੱਚਾ ਲੰਮਾ ਸੁਹਣਾ ਸੁਨੱਖਾ ਸਾਂ। ਦੋ ਮਲਾਇਨਾਂ ਹੱਥ ਵਧਾਏ। ਨਾਲ ਦੇ ਦੋ ਸਾਥੀਆਂ ਕੰਨ ਖਿਚੇ-”ਸਾਲਿਆ! ਪਹਿਲਾਂ ਸੁੱਨਤ ਕਰਾਉਣਗੀਆਂ। ਉਹਨਾਂ ਤੋਂ ਬਚਿਆ ਚੀਨੀ ਕੁੜੀ ਆਖੇ ਪਿੰਡ ਨੂੰ ਨਾ ਜਾਹ, ਏਥੇ ਰਹਿ, ਮੈਂ ਤੇਰੇ ਨਾਲ ਵਿਆਹ ਕਰਾਵਾਂਗੀ। ”ਮੈਂ ਕਿਹਾ ਨਾਲ ਪੰਜਾਬ ਚਲ, ਉੱਥੇ ਵਿਆਹ ਕਰਵਾ ਲਵਾਂਗੇ। ਉਹਦੀ ਜ਼ਿੱਦ, ਏਥੇ ਰਹਿ, ਤੇਰੇ ਨਾਲ ਨਹੀਂ ਜਾਣਾ। ਮੈਂ ਵੀ ਜਵਾਬ ਦੇ ਦਿੱਤਾ, ”ਮੈਂ ਤੁਹਾਡੇ ਸੂਰ ਨਹੀਂ ਚਾਰਨੇ। ” ਬਸ ਯਾਰਾਂ ਉੱਤਰੀ ਮਲਾਇਆ ਦੇ ਜੰਗਲ ਤਿਆਗ ਦਿੱਤੇ। ਉਹ ਕਿਹੜੀ ਗਲੀ, ਜਿੱਥੇ ਫੱਤੋ ਨਹੀਂ ਖਲੀ।  ਜਿਹਾ ਗਿਆ ਸੀ, ਮੰਦੇ ਭਾਵਾਂ ਵਿਚ ਤਿੰਨ ਸਾਲਾਂ ਪਿਛੋਂ ਉਸ ਤਰ੍ਹਾਂ ਦਾ ਹੀ ਨੰਗ ਮਲੰਗ ਘਰ ਵਾਪਸ ਆ ਗਿਆ। ਇਕ ਗੱਲ ਚੰਗੀ ਰਹੀ, ਘਰਦਿਆਂ ਸਿੰਙ ਨਹੀਂ ਚੋਪੜੇ। ਇਕੋ ਖੱਟੀ, ਖੱਟੀ, ਲਿਖਣ ਦੀ ਚੇਟਕ ਓਥੋਂ ਲੈ ਆਇਆ। ਇਸ ਨੂੰ ਕਮਾਈ ਸਮਝ ਲਵੋ ਜਾਂ ਰੂਹ ਦੀ ਸ਼ਾਂਤੀ।

ਹੁਣ – ਤੁਹਾਡੇ ਮਾਤਾ ਪਿਤਾ ਦਾ ਤੁਹਾਡੇ ਨਾਲ ਵਤੀਰਾ ਕਿਹੋ ਜਿਹਾ ਸੀ। ਤੁਹਾਡੀਆਂ ਉਨ੍ਹਾਂ ਨਾਲ ਦਿਲ ਦੀਆਂ ਲਾ ਕੇ ਰੱਖਣ ਵਾਲੀਆਂ ਯਾਦਾਂ ਕਿਹੜੀਆਂ ਹਨ ?
ਕੰਵਲ – ਮੈਂ ਪੰਜ ਸਾਲ ਦਾ ਸਾਂ, ਜਦੋਂ ਮੇਰਾ ਬਾਪ ਮੋਹਰਕਾ ਤਾਪ ਨਾਲ ਚੜਾ੍ਹਈ ਕਰ ਗਿਆ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਹਾੜ੍ਹੀ ਦੀ ਰੁੱਤ ਵਿੱਚ ਵੱਡੀ ਕਿੱਕਰ ਵਾਲੇ ਖੇਤ, ਪਹਿਲਾਂ ਆਏ ਛੋਲੇ ਵੱਢ ਰਹੇ ਸਾਂ। ਉੱਥੇ ਮੇਰੇ ਬਾਪ, ਜਿਹਨੂੰ ਅਸੀਂ ਬਾਈ ਆਖਦੇ ਸਾਂ, ਨੂੰ ਬੁਖਾਰ ਚੜ੍ਹਿਆ ਸੀ। ਮੈਂ ਤੇ ਮੇਰਾ ਬਾਪ ਘੋੜੀ ‘ਤੇ ਚੜ੍ਹ ਕੇ ਘਰ ਆਏ ਸਾਂ। ਬੜਾ ਭੈੜਾ ਮੋਹਰਕਾ ਤਾਪ ਉਸ ਨੂੰ ਪੰਜ ਦਿਨ ਚੜ੍ਹਿਆ ਤੇ ਵੈਦਾਂ ਹਕੀਮਾਂ ਦੀਆਂ ਨਬਜ਼ਾਂ ਫੜੀਆਂ ਹੀ ਰਹਿ ਗਈਆਂ। ਸਾਰੇ ਪਿੰਡ ਵਿੱਚ ਦੋਹਾਈ ਫਿਰ ਗਈ। ਨੰਬਰਦਾਰ ਹੋਣ ਕਰਕੇ ਮੇਰਾ ਬਾਪ ਪਿੰਡ ਦੇ ਲੋਕਾਂ ਦਾ ਹਮਦਰਦ ਸੀ। ਸਾਰਾ ਪਿੰਡ ਅਫ਼ਸੋਸ ਵਿਚ ਡੁੱਬ ਗਿਆ। ਸਾਨੂੰ ਨਹੀਂ ਪਤਾ ਸਾਡੀ ਵੱਤ ਚੜ੍ਹ ਆਈ ਹਾੜ੍ਹੀ ਕੀਹਨੇ ਵੱਢੀ, ਗਾਹੀ, ਉਡਾਈ, ਲੋਕਾਂ ਦਾਣੇ ਤੂੜੀ ਸਾਡੇ ਘਰ ਢੋ ਧਰੇ। ਉਦੋਂ ਭਾਈਚਾਰਕ ਸਾਂਝ ਬੇਹੱਦ ਸੀ। ਸਾਰੇ ਪਿੰਡ ਨੇ ਸੋਗ ਮਨਾਇਆ। ਮੇਰਾ ਬਾਪ ਲੋਕਾਂ ਦੇ ਦੁੱਖ ਦਰਦ ਦਾ ਅਗਾਂਹ ਵਧੂ ਭਾਈਵਾਲ ਸੀ। ਅਸਲ ਵਿੱਚ ਉਦੋਂ ਭਾਈਚਾਰਕ ਸਾਂਝ ਬਹੁਤ ਹੀ ਜ਼ਿਆਦਾ ਸੀ। ਕਾਮੇ ਲੋਕ ਕਿਸੇ ਭਰਾ ਦੇ ਪਛੜੇ ਕੰਮ ਨੂੰ ਰਲ ਜੁੜ ਕੇ ਸਾਂਭ ਸੰਭਾਲ ਲੈਂਦੇ ਸਨ। ਮੈਂ ਉਦੋਂ ਪੰਜ ਸਾਲ ਦਾ ਸਾਂ ਤੇ ਮੈਨੂੰ ਸਭ ਕੁਝ ਇੰਨ ਬਿੰਨ ਵਾਪਰਿਆ ਯਾਦ ਹੈ।
ਪਹਿਲੀ ਉਮਰ ਵਿਚ ਮੈਂ ਥੋੜ੍ਹਾ ਇੱਲਤੀ ਸਾਂ। ਬਚਪਨ ਵਿੱਚ ਖੇਡਦਿਆਂ ਰਾਮ ਬਾਹਮਣ ਨੂੰ ਮੈਂ ਕੁੱਟਿਆ। ਉਹ ਮੇਰੀ ਪਿੱਤ ਨਹੀਂ ਦੇਂਦਾ ਸੀ। ਉਹਦੀ ਭੂਆ ਸਾਡੇ ਘਰ ਉਲਾਂਭਾ ਦੇਣ ਆਈ। ਓਹਦੇ ਜਾਣ ਪਿੱਛੋਂ ਬੇਜੀ ਨੇ ਮੈਨੂੰ ਬਹੁਤ ਕੁੱਟਿਆ, ਪਰ ਮੈਂ ਰੋਇਆ ਨਾ। ਫਿਰ ਉਹ ਮੈਨੂੰ ਬੁੱਕਲ ‘ਚ ਲੈ ਕੇ ਆਪ ਰੋਣ ਲਗ ਪਈ। ਉਸ ਦਿਨ ਤੋਂ ਮੈਂ ਖਰੂਦ, ਇਲਤਾਂ ਤੇ ਮਾਰ ਕੁਟਾਈ ਛੱਡ ਦਿੱਤੀ। ਮਾਵਾਂ ਦਾ ਪਿਆਰ ਆਪਣੇ ਬੱਚਿਆਂ ਨਾਲ ਬੇਹੱਦ ਹੁੰਦਾ ਏ। ਮੇਰੇ ਸੁਭਾ ਤੇ ਕੰਮਕਾਰ ਉੱਤੇ ਬੇਜੀ ਦਾ ਪ੍ਰਭਾਵ ਬੇਹੱਦ ਹੋ ਗਿਆ। ਉਹਦੀ ਲਗਨ ਤੇ ਪਿਆਰ ਕਾਰਨ ਘਰਦੇ ਬਾਹਰਲੇ ਕੰਮਾਂ ਵਿੱਚ ਹੱਥ ਵਟਾਉਣ ਲਗ ਪਿਆ। ਘਰ ਸੰਭਾਲਣ ਤੇ ਸਾਰਾ ਧੰਦਾ ਕਰਨ ਵਾਲੀ ਉਹ ਇਕੱਲੀ ਜਨਾਨੀ ਸੀ। ਪਰ ਉਸ ਨੇ ਘਰ ਦਾ ਸਾਰਾ ਧੰਦਾ ਸੰਭਾਲ ਕੇ ਦੋ ਦੋ ਮੀਲ ਤੱਕ ਬਾਹਰ ਕੰਮ ਕਰਦੇ ਬੰਦਿਆਂ ਦੀ ਰੋਟੀ ਪਹੁੰਚਦੀ ਕਰਨੀ। ਉਸ ਭਾਰੀ ਕੰਮ ਧੰਦੇ ਤੋਂ ਕਦੇ ਹਾਰ ਨਹੀਂ ਮੰਨੀ ਸੀ। ਮੈਂ ਉਸਨੂੰ ਸਾਰੀ ਉਮਰ ਕਦੇ ਤਾਪ ਸਰਬਾਹ ਨਾਲ ਮੰਜੇ ਪਈ ਨਹੀਂ ਵੇਖਿਆ ਸੀ। ਸਗੋਂ ਆਢਣਾਂ ਗੁਆਢਣਾਂ ਦਾ ਹੱਥ ਵਟਾਉਂਦਿਆਂ ਨਰੋਈ ਸਲਾਹ ਦੇਣੀ। ਮੇਰੀ ਜ਼ਿੰਦਗੀ ਬੇਜੀ ਦੀ ਪ੍ਰੇਰਨਾ ਸਦਕਾ ਹੀ ਉਸਾਰੀ ਰਾਹ ਪਈ ਹੈ। ਮੇਰੀ ਪਹਿਲੀ ਗੁਰੂ ਮੇਰੀ ਮਾਂ ਹੀ ਹੈ। ਉਸ ਔਖੇ ਭਾਰੇ ਕੰਮ ਤੋਂ ਵੀ ਕਦੇ ਹਾਰ ਨਹੀਂ ਮੰਨੀ ਸੀ।  ਮੇਰੀ ਉਠਾਣ ਤੇ ਬਣਤਰ ਵਿਚ ਮੇਰੀ ਬੇਜੀ ਦਾ ਵੱਡਾ ਹੱਥ ਤੇ ਪ੍ਰੇਰਨਾ ਹੈ। ਬੇਜੀ ਪੜ੍ਹੇ ਲਿਖੇ ਨਹੀਂ ਸਨ ਤੇ ਸਾਦਾ ਕਿਸਾਨੀ ਦੀ ਪੈਦਾਵਾਰ ਸਨ; ਪਰ ਉਸ ਮੈਨੂੰ ਪੜ੍ਹਨ ਲਈ ਕੁੱਟ ਤੱਕ ਪ੍ਰੇਰਿਆ। ਮੁੱਢ ਉਮਰ ਵਿਚ ਮੈਂ ਇੱਲਤੀ ਤੇ ਥੋੜ੍ਹਾ ਆਪ ਮੁਹਾਰਾ ਸਾਂ। ਪਰ ਬੇਜੀ ਦੀ ਸਖਤੀ, ਨਰਮੀ ਤੇ ਪਿਆਰ ਨੇ ਮੈਨੂੰ ਪੜ੍ਹਨ ਨਾਲ ਜੋੜ ਦਿੱਤਾ।
ਸਕੂਲੀ ਪੜ੍ਹਾਈ ਵਿਚ ਮੈਂ ਹੁਸ਼ਿਆਰ ਸਾਂ। ਪਰ ਦਸਵੀਂ ਵਿੱਚ ਅਲਜਬਰੇ ਨੇ ਰੋਕ ਸਿਆਪਾ ਆ ਖੜ੍ਹਾ ਕੀਤਾ। ਮੈਂ ਪੜ੍ਹਨੋਂ ਹੇਰਾਫੇਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕੰਮ ਅੜਦਾ ਵੇਖ ਕੇ ਘਰਦਿਆਂ ਇਕ ਰਿਸ਼ਤੇਦਾਰ ਕੋਲ ਮਲਾਇਆ ਨੂੰ ਤੋਰ ਦਿੱਤਾ। ਅਸਲ ਵਿੱਚ ਘਰਦਿਆਂ ਤੋਂ ਚੋਰੀ ਮੈਂ ਤੇ ਇਕ ਹੋਰ ਦੋਸਤ ਨੇ ਈਸਟ ਅਫਰੀਕਾ ਜਾਣ ਲਈ ਅਪਲਾਈ ਕੀਤਾ ਹੋਇਆ ਸੀ। ਚਾਲ ਚਲਣ ਤਸਦੀਕ ਕਰਨ ਆਏ ਸਿਪਾਹੀ ਤੋਂ ਸਾਡਾ ਭੇਤ ਖੁੱਲ੍ਹ ਗਿਆ। ਘਰਦਿਆਂ ਸਲਾਹ ਦਿੱਤੀ, ਜੇ ਪੜ੍ਹਨਾ ਨਹੀਂ, ਤਾਂ ਅਫਰੀਕਾ ਦੀ ਥਾਂ ਆਪਣੇ ਇਕ ਰਿਸ਼ਤੇਦਾਰ ਕੋਲ ਮਲਾਇਆ ਚਲਿਆ ਜਾਹ। ਮੈਨੂੰ ਹੋਰ ਕੀ ਚਾਹੀਦਾ ਸੀ, ਯਾਰ ਲੋਕ ਪੜ੍ਹਾਈ (ਅਲਜਬਰਾ) ਤੋਂ ਖਹਿੜਾ ਛੁਡਾਉਣਾ ਚਾਹੁੰਦੇ ਸੀ।
ਛੋਟੇ ਹੁੰਦਿਆਂ ਨੂੰ ਮਾਂ ਬਾਪ ਬਹੁਤ ਪਿਆਰ ਕਰਦੇ ਸਨ ; ਪਰ ਵੱਡੇ ਹੋ ਕੇ ਇਲਤਾਂ ਕਰਨ ਸਮੇਂ ਮਾਰ ਵੀ ਪੈਂਦੀ ਸੀ। ਅਸਲ ਵਿੱਚ ਬੇਜੀ ਨੇ ਇੱਲਤਾਂ ਕਰਦੇ ਨੂੰ ਕੁੱਟਿਆ ਵੀ, ਪਰ ਬੇਹੱਦ ਪਿਆਰ ਨਾਲ ਘੜ ਸਵਾਰ ਕੇ ਬੰਦਾ ਵੀ ਬਣਾਇਆ। ਸਮਝੋ, ਬੇਜੀ ਦੀ ਕੁੱਟ ਤੇ ਅਥਾਹ ਪਿਆਰ ਦਾ ਨਤੀਜਾ, ਮੈਂ ਇਕ ਲੇਖਕ ਹੋ ਨਿੱਬੜਿਆ। ਮੇਰੇ ਪਹਿਲੇ ਗੁਰੂ ਮੇਰੀ ਬੇਜੀ ਹਨ ; ਉਹਨਾਂ ਕੋਲ ਸਿਆਣਪ ਸੰਜਮ ਅਥਾਹ ਸੀ। ਉਹਨਾਂ ਦੀ ਇਕ ਗੱਲ ਤੋਂ ਮੈਂ ਬੇਹੱਦ ਪ੍ਰਭਾਵਿਤ ਸਾਂ, ਉਹ ਜ਼ਿੰਦਗੀ ਵਿੱਚ ਕਦੇ ਅੱਕੇ ਥੱਕੇ ਨਹੀਂ ਸਨ। ਉਹਨਾਂ ਦੇ ਸਿਦਕ ਯਕੀਨ ਸਦਕਾ ਘਰ ਪਰਵਾਰ ਮੁਸੀਬਤਾਂ ਵਿਚ ਵੀ ਡੋਲਿਆ ਨਹੀਂ। ਪਹਿਲੋਂ ਬੇਜੀ ਮੇਰਾ ਫ਼ਿਕਰ ਕਰਦੇ ਸਨ ਪਰ ਜਦੋਂ ਮੇਰੀ ‘ਪੂਰਨਮਾਸ਼ੀ’ ਤੇ ‘ਰਾਤ ਬਾਕੀ ਹੈ’ ਨਾਵਲ ਛਪੇ; ਬੇਜੀ ਮੈਨੂੰ ਥਾਪੀਆਂ ਦੇਣ ਲੱਗ ਪਏ।
ਮੇਰਾ ਬਾਪ ਸੁਲਾਹਕੁਲ ਨੰਬਰਦਾਰ ਸੀ। ਵਾਹ ਲਗਦੀ  ਉਹ ਕੋਈ ਝਗੜਾ ਥਾਣੇ ਨਹੀਂ ਜਾਣ ਦੇਂਦਾ ਸੀ; ਝਗੜਾਲੂਆਂ ਦੀਆਂ ਪਰ੍ਹੇ ਪੰਚਾਇਤ ਵਿੱਚ ਹੀ ਸੁਲਾਹ ਸਫ਼ਾਈਆਂ ਕਰਵਾ ਦੇਂਦਾ ਸੀ। ਮੇਰੀ ਮਾਂ ਨੇ  ਛੋਟੀ ਉਮਰ ਵਿਚ ਮੇਰੇ ਕੰਡੇ ਝਾੜ ਕੇ ਫੁੱਲ ਪੱਤਿਆਂ ਵਾਲਾ ਕੰਵਲ  ਲੋਕਾਂ ਦੇ ਪੇਸ਼ ਕਰ ਦਿੱਤਾ। ਉਸ ਸਖ਼ਤ ਕੰਮਾਂ ਤੋਂ ਹਾਰ ਨਹੀਂ ਮੰਨੀ ਸੀ ਤੇ ਅਪਣੇ ਬੱਚਿਆਂ ਨੂੰ ਤੱਤੀਆਂ ਠੰਡੀਆਂ ਹਵਾਵਾਂ ਤੋਂ ਬਚਾ ਕੇ ਸਖ਼ਤ ਮਿਹਨਤ ਵਲ ਤੋਰਿਆ ਤੇ ਬੰਦੇ ਬਣਾਇਆ। ਅਸੀਂ ਆਪਣੀ ਬੇਜੀ ਦਾ ਕਿੰਨਾ ਵੀ ਸ਼ੁਕਰਾਨਾ ਕਰੀਏ, ਥੋੜਾ ਹੀ ਥੋੜਾ ਐ। ਉਹ ਆਪਣੇ ਭਾਈਚਾਰੇ ਵਿਚ ਸਿਆਣੀ, ਸਾਊ ਤੇ ਮਿਹਨਤੀ ਮੰਨੀ ਜਾਂਦੀ ਸੀ।

ਮੇਰੇ ਬੇਜੀ
ਹੁਣ – ਤੁਹਾਡਾ ਬਚਪਨ ਦਾ ਸਭ ਤੋਂ ਚਹੇਤਾ ਜੀਅ ਘਰ ਵਿੱਚ ਕੌਣ ਸੀ ?
ਕੰਵਲ – ਸਵਾਲ ਉਲਝਾਵੇ ਦੇਣ ਵਾਲਾ ਹੈ। ਘਰ ਦੇ ਸਾਰੇ ਜੀਆਂ ਨੂੰ ਮੋਹੇ ਨਿਰਮੋਹੇ ਸਮਝਣਾ ਔਖਾ ਹੈ। ਪਰ ਨਜਿਝਕ ਆਖਾਂਗਾ, ਮੇਰੀ ਬੇਜੀ ਨੂੰ ਘਰ ਦਾ ਕੋਈ ਜੀਅ ਨਹੀਂ ਪਹੁੰਚ ਸਕਦਾ। ਉਹਦਾ ਸਾਰੀ ਉਮਰ ਦਾ ਸਖ਼ਤ ਕਮਾਂਦੜਾ ਸਾਨੂੰ ਸਾਰਿਆਂ ਨੂੰ ਸਿਰ ਨਹੀਂ ਚੁੱਕਣ ਦੇਂਦਾ ਸੀ। ਉਹਦੀ ਘਾਲਣਾ ਅੱਗੇ ਸਾਰੇ ਟੱਬਰ ਦਾ ਸਿਰ ਝੁਕਦਾ ਏ। ਅਸੀਂ ਤਾਂ ਅਸੀਂ, ਉਹਦੀ ਕਰਨੀ ਦਾ ਦੇਣ ਤਾਂ ਆਂਢ ਗਵਾਂਢ ਵੀ ਨਹੀਂ ਦੇ ਸਕਦਾ। ਮੇਰੀ ਜ਼ਿੰਦਗੀ ਦੀ ਉਡਾਰ, ਪਿਆਰ ਪ੍ਰਭਾਵ ਤੇ ਕੰਮਾਂ ਲਈ  ਹੱਲਾਸ਼ੇਰੀ ਉਹਦੇ ਪਰਾਂ ਸਦਕਾ ਹੀ ਬਣੀ ਐ, ਮੇਰੀ ਜ਼ਿੰਦਗੀ ਦੀ ਬੁਨਿਆਦ ਬੰਨ੍ਹਣ ਵਾਲੀ ਮੇਰੀ ਬੇਜੀ ਸਨ। ਭਾਵੇਂ ਉਸਾਰੀ ਵਿਚ ਪਿਛੋਂ ਹੋਰ ਵੀ ਹੱਥ ਬਹੁੜ ਪਏ ਸਨ। ਮਾਂ ਦਾ ਰੋਲ ਕਿਸੇ ਵੀ ਬੱਚੇ ਦੀ ਉਸਾਰੀ ਵਿੱਚ ਬੁਨਿਆਦੀ ਧਾਰਨਾਵਾਂ ਵਾਲਾ ਹੁੰਦਾ ਹੈ। ਉਸਾਰੀ ਕਰਨ ਵਾਲੇ ਹੋਰ ਬਹੁਤ ਹੁੰਦੇ ਹਨ; ਬੁਨਿਆਦ ਮਾਂ ਹੀ ਰੱਖਦੀ ਹੈ।

ਹੁਣ – ਟੈਗੋਰ ਬਾਰੇ ਮਸ਼ਹੂਰ ਐ ਕਿ ਉਹ ਸਕੂਲ ਵਿੱਚੋਂ ਨੱਸ ਜਾਂਦਾ ਸੀ। ਕੀ ਤੁਹਾਡੇ ਨਾਲ ਵੀ ਏਹੋ ਕੁਝ ਵਾਪਰਿਆ ?
ਕੰਵਲ – ਪਹਿਲਾ ਸਾਲ ਡੇਰਿਆਂ, ਧਰਮਸ਼ਾਲਾਂ ਵਿੱਚ ਪੰਜਾਬੀ ਦੀ ਪੈਂਤੀ ਸਿਖਦਿਆਂ ਗਾਲ਼ ਦਿੱਤਾ। ਸਾਡੇ ਘਰ ਦਾ ਇਕ ਦੋਸਤ, ਜਿਹੜਾ ਅਹਿਮਦਾਬਾਦ ਮਿਲ ਵਿਚ ਪਹਿਰੇਦਾਰ ਸੀ, ਮੈਨੂੰ ਸਕੂਲ ਪਾ ਗਿਆ ਤੇ ਮੈਂ ਪਤਾਸੇ ਵੰਡ ਕੇ ਸਕੂਲ ਦਾ ਚਹੇਤਾ ਬਣ ਗਿਆ। ਅੱਠਵੀਂ ਤੱਕ ਹੁਸ਼ਿਆਰ ਰਿਹਾ ਤੇ ਚਾਅ ਨਾਲ ਪੜਦਾ ਤੇ ਅੱਗੇ ਵਧਦਾ ਰਿਹਾ। ਮੋਗੇ ਦਸਵੀਂ ਵਿਚ ਅਲਜਬਰਾ ਸਾਲਾ ਗਲ ਘੋਟੂ ਸੱਪ ਬਣ ਗਿਆ। ਸੋ ਫੇਰ ਤਾਂ ਸਕੂਲੋਂ ਭੱਜਣਾ ਹੀ ਸੀ। ਸਕੂਲ ਛੁੱਟ ਗਿਆ ਫੇਰ ਸਮਝੋ ਮੈਨੂੰ ਜੱਟ ਧੱਕਿਆਂ ਨੇ ਹੀ ਪੜ੍ਹਾਇਆ।

ਹੁਣ – ਜੱਟ ਧੱਕਿਆਂ ਨੇ ਪਾਸ ਕੀਤਾ ਕਿ ਫੇਲ੍ਹ ?
ਕੰਵਲ – ਧੱਕੇ ਖਾਣ ਵਿਚ ਹੀ ਹੋਸ਼ ਆਈ। ਕੋਈ ਜ਼ਿੰਦਗੀ ਬਾਰੇ ਕੁਝ ਸਿਖਣਾ ਚਾਹੇ ਤਾਂ ਧੱਕੇ ਵੀ ਵਧੀਆ ਸਿੱਖਿਆ ਦੇਂਦੇ ਹਨ। ਇਕ ਸੰਤ ਦੀ ਆਥਣ ਦੀ ਰੋਟੀ ਸਿਵਿਆਂ ਵਿਚ ਦੀ ਲੰਘ ਕੇ ਪਹੁੰਚਦੀ ਕਰਦਾ ਰਿਹਾ। ਉਹਨੂੰ ਜਦੋਂ ਸੁੱਖਾ ਚੜ੍ਹ ਜਾਂਦਾ, ਰਬ ਨੂੰ ਉੱਚੀ ਉੱਚੀ ਹੋਕਰੇ ਮਾਰਦਾ। ਉਹਦੇ ਬੱਚੜਵਾਲ ਭਰਾ ਦੀ ਮੌਤ ਹੋ ਗਈ। ਉਹ ਅਫ਼ਸੋਸ ਕਰਨ ਗਿਆ।  ਜਦੋਂ ਵਾਪਸ ਆਉਣ ਲੱਗਾ; ਭਰਜਾਈ ਨੇ ਬੂਹਾ ਬੰਦ ਕਰ ਲਿਆ ਤੇ ਕੁਦਾੜ ਕੇ ਆਖਣ ਲੱਗੀ-
”ਉਹ ਤਾਂ ਰੱਬ ਨੇ ਸੱਦ ਲਿਆ; ਤੂੰ ਉਹਦਾ ਬਾਲ ਬੱਚੜ ਛੱਡ ਕੇ ਕਿਹੜੇ ਰੱਬ ਕੋਲ ਚਲਿਆ ਏਂ? ਇਹਨਾਂ ਨੂੰ ਪਾਲ ਤੇ ਘਰੇ ਹੀ ਵਾਹਗੁਰੂ ਵਾਹਗੁਰੂ ਕਰ।”
ਉਹ ਗੁਰੂ ਦਾ ਸਿੱਖ, ਘਰੇ ਈ ਜਨਾਨੀ ਦਾ ਸਿੱਖ ਬਣ ਗਿਆ। ਇਕ ਵਾਰ ਮੈਂ ਅਪਣੀ ਵੱਡੀ ਭੈਣ ਨੂੰ ਮਿਲਣ ਜਾ ਰਿਹਾ ਸੀ। ਉਸ ਸੰਤ ਦੇ ਪਿੰਡੋਂ ਲੰਘ ਕੇ ਪੈਹੇ ਪੈਹੇ ਜਾਣਾ ਪੈਂਦਾ ਸੀ; ਅੱਗੋਂ ਕਿਸੇ ਮੈਨੂੰ ਵੇਖ ਕੇ ਚਰ੍ਹੀ ਦੀ ਭਾਰੀ ਭਰੀ ਕਿੱਕਰ ਨਾਲ ਖੜ੍ਹੀ ਕਰ ਦਿੱਤੀ। ਇਹ ਤਾਂ ਉਹੀ ਸੰਤ ਸੀ, ਜਿਸ ਦੀ ਰੋਟੀ ਸਿਵਿਆਂ ਵਿੱਚ ਦੀ ਲੰਘ ਕੇ ਢੋਂਦਾ ਰਿਹਾ ਸੀ।  ਕਹਿੰਦਾ-
”ਮਾੜੇ ਕਰਮ ਰੰਡੀ ਭਰਜਾਈ ‘ਤੇ ਚਾਦਰ ਪਾ ਬੈਠਾ; ਹੁਣ ਨਰਕ ਭੋਗ ਰਿਹਾ ਆਂ।”
ਉਹਦੀ ਉੱਖੜੀ ਭਗਤੀ ਤੇ ਗਰਿਸਤ ਦੇ ਉਲਝਾਵੇ ਨੇ ਮੈਨੂੰ ਅਗਲੇ ਰਾਹ ਪਾ ਦਿੱਤਾ। ਮੁੰਡਾ ਨਚਾਉਣ ਵਾਲੇ ਮੇਲਿਆਂ ਨੇ ਵਾਹਵਾ ਮਧੋਲਿਆ। ਫਿਰ ਡੀਫੈਂਸ ਰੂਲਜ਼ ਰਾਹੀਂ ਅੰਗਰੇਜ਼ ਰਾਜ ਵਿੱਚ ਹਵਾਲਾਤ ਬੰਦ ਰਿਹਾ। ਦੇਸ਼ ਆਜ਼ਾਦ ਹੋਇਆ ਤਾਂ ਕਮਿਊਨਿਸਟ ਪਾਰਟੀ ਦੇ ਬੈਟਰਮੈਂਟ ਅੰਦੋਲਨ ਕਾਰਨ ਫੀਰੋਜ਼ਪੁਰ ਜੇਲ੍ਹ ਪਹੁੰਚ ਗਿਆ। ਜੇਲ੍ਹ ਦਾ ਡਾਕਟਰ ਮਿਲਣ ਆਇਆ। ਉਹ ”ਰਾਤ ਬਾਕੀ ਹੈ” ਦਾ ਪੱਟਿਆ ਸੀ। ਅੱਗੇ ਸਾਡੇ ਇਲਾਕੇ ਦੇ ਬੇਜੋੜ ਵੈਲੀ ਕਿਕਰ ਦੋਸਾਂਝ ਦੇ ਬੇੜੀ ਲੱਗੀ; ਤੁਰਿਆ ਨਾ ਜਾਵੇ, ਆਖਣ ਲੱਗਾ,
”ਡਾਕਟਰ ਤੇਰਾ ਯਾਰ ਐ, ਮੇਰੀ ਬੇੜੀ ਲੁਹਾਅ, ਬਹੁਤ ਔਖਾ ਆਂ। “
ਡਾਕਟਰ ਨੂੰ ਕਹਿ ਕੇ ਬੇੜੀ ਲੁਹਾਈ। ਉਹ ਜਾਂਦਾ ਜਾਂਦਾ ਚਾਰ ਬੰਦਿਆਂ ਦਾ ਦੁੱਧ ਲਾ ਗਿਆ। ਸਾਂਝੀ ਚਾਹ ਬਣਨ ਲੱਗੀ। ਜੇਲ੍ਹ ਵਿੱਚ ਸ਼ਾਨਦਾਰ ਧੂਤਕੜਾ ਪੈਂਦਾ ਰਿਹਾ। ਮੈਨੂੰ ਐਜੀਟੇਸ਼ਨ ਬਾਰੇ ਪਤਾ ਲੱਗਾ; ਕਮਿਊਨਿਸਟਾਂ ਚੀਫ ਮਨਿਸਟਰ ਸ੍ਰ. ਪ੍ਰਤਾਪ ਸਿੰਘ ਦੇ ਤਰਲੇ ਕੱਢ ਕੇ ਐਜੀਟੇਸ਼ਨ ਵਾਪਸ ਲਈ। ਸਾਨੂੰ ਆਗੂ ਕਹਿਣ ਅਪਣੀ ਜਿੱਤ ਹੋ ਗਈ। ਦੁਰ ਲਾਹਨਤ ਅਜਿਹੀ ਜਿੱਤ ਦੇ। ਕੁੜ ਕੁੜ ਕਿਤੇ, ਆਂਡੇ ਕਿਤੇ। ਲੋਕ-ਇਨਕਲਾਬ ਦੇ ਨਾਅਰੇ ਮਾਰਦੇ ਪ੍ਰਧਾਨਗੀਆਂ ਸਕੱਤਰੀਆਂ ਪਿੱਛੇ ਪਾਰਟੀ ਦੋ ਦੋ ਥਾਂ ਕਰ ਧਰਦੇ ਐ। ਖੁਰਸ਼ਚਏਵ ਦਾ ਨਾਅਰਾ, ”ਸ਼ਾਂਤੀ ਢੰਗਾਂ ਨਾਲ ਵੀ ਇਨਕਲਾਬ ਆ ਸਕਦਾ ਏ।” ਇਹ ਲੀਡਰ ਲੋਕ ਪਹਿਲਾਂ ਵੀ ਚਲਾਏ ਚਲਦੇ ਸਨ; ਹੁਣ ਵੀ ਥੱਕੇ ਟੁੱਟੇ ,ਲੈਨਿਨ ਮੁਤਾਬਕ ਇਕ ਪੈਰ ਅਗਾਂਹ ਤੇ ਦੋ ਪਿਛਾਂਹ ਦੀ ਚਾਲ, ਧੱਕੀਦੇ ਤੁਰੇ ਜਾ ਰਹੇ ਐ।  ਯਾ ਖੁਦਾ! ਤੇਰਾ ਵਾਸਤਾ, ਇਹਨਾਂ ਲਗਹਿਣਾਂ ਤੋਂ ਖਹਿੜਾ ਛੁਡਾਅ।  ਇਹ ਤਾਂ ਨਹਿੰਗ ਲਾਣੇ ਤੋਂ ਵੀ ਗਏ ਗੁਜ਼ਰੇ ਹੋ ਗਏ। ਇਹਨਾਂ ਚਿਟ ਕਪੜੀਏ ਸਾਧਾਂ ਸੰਤਾਂ ਨੂੰ, ਵਾਹਗੁਰੂ ਸਾਡੇ ਗਲੋਂ ਲਾਹ ਤੇ ਅਪਣੇ ਮਹਿਮਾਨਖਾਨੇ ਵਾੜ ਰਖ। ਇਹਨਾਂ ਚੋਪੜੀਆਂ ਖਾਣ ਵਾਲੇ ਮੁਫ਼ਤਖੋਰਾਂ ਨੇ ਤਾਂ ਸਾਡੀਆਂ ਮਿਹਨਤਾਂ ਦਾ ਵੀ ਮੁੱਲ ਨਹੀਂ ਮੋੜਿਆ। ਪੰਜਾਬ ਦੀ ਸੱਚੀ ਕਹੌਤ, ਭਰਾਵਾਂ ਅੰਨ੍ਹੀ ਨੂੰ ਬੋਲ਼ਾ ਧੂਹੀ ਖਿੱਚੀ ਫਿਰਦਾ ਏ। ਜਵਾਨੀ ਅਮਰੀਕਾ ਕਨੇਡਾ ਨੂੰ ਹੋਰ ਅਮੀਰ ਕਰਨ ਜਾ ਲੱਗੀ; ਬਾਕੀ ਠੇਕਿਆਂ, ਨਸ਼ਿਆਂ ਨੇ, ਖੁਦਕੁਸ਼ੀਆਂ ਤੇ ਸਿਵਿਆਂ ਦੇ ਰਾਹ ਪਾ ਦਿੱਤੇ। ਹੁਣ ਤਾਂ ਇਹ ਹੋਕਾ ਦੇਣਾ ਬਾਕੀ ਬਚਿਆ ਹੈ : ‘ਨਾ ਆਰ ਦੇ ਬਚਣ ਤੇ ਨਾ ਪਾਰ ਦੇ’ ਮੈਨੂੰ ਤਾਂ ਲਗਦਾ ਏ ਸਭ ਨੂੰ ਬਚਾਉਣ ਵਾਲਾ, ਝੂਠੇ ਨਸ਼ੇ ਪੱਤੇ ਖਾ ਕੇ ਕਿਸੇ ਭੋਰੇ ਵਿਚ ਘੁਰਾੜੇ ਮਾਰ ਰਿਹਾ ਹੈ।

ਹੁਣ – ਕੀ ਤੁਹਾਡੇ ਆਲੇ ਦੁਆਲੇ ਕਿਸੇ ਨੂੰ ਸਾਹਿਤਕ ਮੱਸ ਸੀ? ਜੇ ਨਹੀਂ ਤਾਂ ਤੁਸੀਂ ਇਸ ਦੇ ਘੇਰੇ ਵਿਚ ਕਿਵੇਂ ਆ ਗਏ ?
ਕੰਵਲ – ਮੇਰੇ ਪਿੰਡ ਫੰਨੇ ਖਾਂ ਬਦਮਾਸ਼ ਹੋਏ ਤੇ ਕਤਲ ਕੀਤੇ ਗਏ। ਫਾਂਸੀਆਂ ਵਾਲੇ, ਵੀਹ ਸਾਲੇ ਤੇ ਬਾਰਾਂ ਸਾਲੀਏ ਫੰਨੇ ਖਾਂ ਵੀ ਬੜੇ ਹੋਏ ਐ, ਪਰ ਇਹਦੇ ਮੁਕਾਬਲੇ ਦੇਸ਼ ਭਗਤਾਂ ਗੁਲ਼ਾਮੀ ਤੋੜਨ ਲਈ ਫਾਂਸੀਆਂ ਝੱਲੀਆਂ, ਕਾਲੇ ਪਾਣੀ ਹੰਢਾਏ। ਮੈਂ ਇਸ ਨੈਗੇਟਿਵ ਤੇ ਪਾਜ਼ੇਟਿਵ ਦੀ ਉਪਜ ਆਂ। ਵਾਰਸ ਦੀ ਹੀਰ ਨੇ ਮੇਰੀ ਹੋਂਦ ਪੱਕੀ ਇੱਟ ਦੀ ਥਾਂ ਖੰਘਰ ਧਰ ਦਿੱਤਾ। ਬਾਬਾ ਅਰੂੜ ਸਿੰਘ ਚੂਹੜਚੱਕ ਉਮਰ ਕੈਦ ਕੱਟ ਕੇ ਆਇਆ ; ਮੈਂ ਉਹਦੇ ਪੈਰ ਜਾ ਫੜੇ। ਲਫੰਡਰ ਸਾਧਾਂ ਸੰਤਾਂ ਦਾ ਮਿੱਥ ਕੇ ਖਹਿੜਾ ਛੱਡਿਆ। ਜੇਲ੍ਹ ਦੇ ਕੈਦੀ ਯਾਰਾਂ, ਮੇਰੇ ਜੇਰਾ ਜੁਰਅੱਤ ਦੀ ਚਕਰੀ ਘੁਮਾਈ। ਸਾਰੇ ਪਾਸਿਆਂ ਦੀ ਮਾਰ, ਮੈਨੂੰ ਦਿਨੋ ਦਿਨ ਪਤਲੀ ਪੈਂਦੀ ਜਾਂਦੀ ਕਿਸਾਨੀ ਨੇ ਹਲੂਣਿਆ ਹੀ ਨਹੀਂ, ਚੱਜ ਨਾਲ ਖਿੱਚਿਆ, ਝੰਜੋੜਿਆ। ਸਾਰਿਆਂ ਮਾਂਜ ਸਵਾਰ ਕੇ ਪੰਜਾਬੀ ਸਾਹਿਤ ਦੇ ਹਵਾਲੇ ਕਰ ਦਿੱਤਾ। ਫਾਂਡਰੂ ਲਾਣੇ ਦਾ ਕੱਢਿਆ ਵੱਢਿਆ ਰਾਂਝਾ, ਲੋਕਾਂ ਦੀ ਹੀਰ ਦੀਆਂ ਮੱਝਾਂ ਚਾਰਨ ਲੱਗ ਪਿਆ। ਹੀਰ ਦੀ ਚੂਰੀ ਦਾ ਨਸ਼ਾ ਸੁਆਦ ਵੀ ਚੜ੍ਹ ਗਿਆ। ਸੱਚ ਨੂੰ ਫਾਂਸੀ ਨਾਵਲ ਲਿਖਿਆ, ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਆਵਾਜ਼ ਮਾਰ ਕੇ ਨੌਕਰੀ ਦੇ ਦਿੱਤੀ। ਜੀਅ ਜਾਨ ਨਾਲ ਸੇਵਾ ਕੀਤੀ। ਪਾਲੀ ਨਾਵਲ ਲਿਖਿਆ ; ਪੜ੍ਹ ਕੇ ਸ੍ਰ. ਨਾਨਕ ਸਿੰਘ ਨੇ ਦਫ਼ਤਰ ਵਿਚ ਹੀ ਜੱਫੀ ਆ ਪਾਈ। ਮੇਰੇ ਬਾਪ ਦਾਦਾ ਹੀ ਅਨਪੜ੍ਹ ਨਹੀਂ ਸੀ, ਸਾਰਾ ਪਿੰਡ ਹੀ ਬੁਝੱਕੜ ਸੀ। ਮੇਰਾ ਅਹਿਸਾਸ ਇਕ ਤਰ੍ਹਾਂ ਜੁੰਮੇਵਾਰੀ ਨਾਲ ਵਿਆਹਿਆ ਗਿਆ। ਇਕ ਵਿਦਵਾਨ ਸੰਤ ਨੇ ਵਿਦਾਂਤ ਦੇ ਦੋ ਤਿੰਨ ਗ੍ਰੰਥ ਪੜ੍ਹ ਕੇ ਬ੍ਰਹਮ ਬਾਰੇ ਸਿਰ ਦੀ ਮੈਲ ਝਾੜ ਸੁੱਟੀ। ਮਾਰਕਸਿਜ਼ਮ ਨੇ ਆਪਣਾ ਪੱਕਾ ਸਾਇੰਸੀ ਗਿਆਨ ਖੜ੍ਹਾ ਕਰ ਦਿੱਤਾ। ਯਾਰ ਲੋਕ ਕਲਮ ਦੇ ਹਥਿਆਰ ਨਾਲ ਤਿਹੁੰ-ਤੇਰਾਂ ਦੀ ਕਤਾਰ ਵਿਚ ਡਟ ਕੇ ਖਲੋ ਗਏ। ਐਨਾ ਕੁ ਚਾਨਣ ਪੱਲੇ ਬੰਨਣ ਨਾਲ ਸਮਾਜਕ ਬੁਰਾਈਆਂ ਦੇ ਅੰਨ੍ਹੇਰੇ ਵਿਚ ਮੈਂ ਦੀਵਾ ਬਾਲ ਧਰਿਆ ਤੇ ਪਿੱਛੇ ਜਾਂਦੇ ਪਿੰਡ ਨੂੰ ਹਲੂਣਾ ਦੇਣ ਲਈ ਪੱਕਾ ਇਰਾਦਾ ਬਣਾਇਆ। ਸਭ ਤੋਂ ਪਹਿਲਾਂ ਮਾਰਕਸੀ ਵਿਚਾਰਧਾਰਾ ਦੇ ਤਿੰਨ ਦਿਨ ਲਗਾਤਾਰ ਲੈਕਚਰ ਦੇ ਕੇ ਦਸ ਬਾਰਾਂ ਨੌਜਵਾਨਾਂ ਨੂੰ ਅਪਣਾ ਸਾਥੀ ਬਣਾਇਆ ਅਤੇ ਪਿੰਡ ਦਾ ਗੰਦ ਧੋਣ ਲਈ ਕਲਚਰਲ ਸਭਾ ਬਣਾਈ।
ਸਾਹਿਤ ਦੀ ਪ੍ਰੇਰਨਾ ਦਿੱਤੀ ਵਾਰਸ ਦੀ ਹੀਰ ਨੇ। ਗੁਰਬਾਣੀ, ਹਾਂ ਹਾਲੀਆਂ ਤੇ ਪਾਲੀਆਂ ਦੇ ਲੋਕ ਗੀਤਾਂ ਤੇ ਸੂਫ਼ੀ ਸਾਹਿਤ ਦੇ ਸ਼ਬਦ ਭੰਡਾਰ ਨੇ ਮੇਰੀ ਸ਼ਬਦਾਵਲੀ ਭਰਪੂਰ ਕਰੀ ਰੱਖੀ। ਇਓਂ ਮੈਂ ਪੰਜਾਬੀ ਸਾਹਿਤ ਵਿਚ ‘ਤਿਹੁੰ-ਤੇਰਾਂ’ ਵਿਚ ਗਿਣਿਆ ਜਾਣ ਲੱਗਾ। ਫਿਰ ‘ਪੂਰਨਮਾਸ਼ੀ’ ਤੇ ‘ਰਾਤ ਬਾਕੀ ਹੈ’ ਨਾਵਲਾਂ ਨੇ ਪੰਜਾਬੀ ਸਾਹਿਤ ਵਿੱਚ ਮੇਰੇ ਪੈਰ ਲਗਦੇ ਕਰ ਦਿੱਤੇ ।

ਦਿਲ ਦਾ ਜਾਨੀ
ਹੁਣ – ਕਹਿੰਦੇ ਹਨ ਕਿ ਲੇਖਕ ਚੜ੍ਹਦੀ ਜਵਾਨੀ ਵਿਚ ਕਵੀ ਹੁੰਦਾ ਹੈ। ਕੀ ਤੁਸੀਂ ਵੀ ਨਾਵਲ ਨਵੀਸੀ ਤੋਂ ਪਹਿਲਾਂ ਕਵਿਤਾਵਾਂ ਲਿਖੀਆਂ ਤੇ ਕਿੰਨੀਆਂ ਕੁ ?
ਕੰਵਲ – ਹਾਂ, ਮੇਰੇ ਨਾਲ ਵੀ ਏਵੇਂ ਵਾਪਰੀ। ਪਹਿਲੀ ਉਮਰ ਵਿੱਚ ਅਲਜ਼ਬਰਾ ਨਾ ਆਉਣ ਕਾਰਨ ਮਲਾਇਆ ਨੂੰ ਭੱਜ ਗਿਆ ਸਾਂ। ਗੁਰੂ ਨਾਨਕ ਦੇ ਜਨਮ ਦਿਨ ‘ਤੇ ਕਿਸੇ ਗੁਰਦਵਾਰੇ ਕਵਿਤਾ ਪੜ੍ਹੀ, ਕਵਿਤਾ ਵਧੀਆ ਸੀ, ਪਰ ਪੜ੍ਹਨ ਵਾਲੇ ਨੇ ਜੜ੍ਹ ਮਾਰ ਕੇ ਰੱਖ ਦਿੱਤੀ, ਮੈਨੂੰ ਬੈਠੇ ਨੂੰ ਕਚੀਚੀਆਂ ਉਠਣ, ਕਾਸ਼ ਇਹ ਕਵਿਤਾ ਮੇਰੇ ਕੋਲ ਹੁੰਦੀ, ‘ਬਹਿਜਾ ਬਹਿਜਾ’ ਕਰਵਾ ਦਿੰਦਾ। ਅਸਲ ਵਿਚ ਪਹਿਲੀ ਉਮਰੇ ਮੈਂ ਵਾਰਸ ਦੀ ਹੀਰ ਬੜੀ ਰੂਹ ਨਾਲ ਪੜ੍ਹਦਾ ਸਾਂ। ਗੁਰੂ ਗੋਬਿੰਦ ਸਿੰਘ ਦੇ ਜਨਮ ਦਿਨ ਲਈ ਮੈਂ ਚਾਰ ਬੰਦ ਬੈਂਤ ਦੇ ਤਿਆਰ ਕਰ ਲਏ। ਗੁਰਦੁਆਰੇ ਪੜ੍ਹੇ ਤਾਂ ਮੇਰੀ ਵਾਹਵਾ ਵਾਹਵਾ ਹੋ ਗਈ। ਭਾਈ ਕੇ ਫਫੜੇ ਵਾਲੇ ਚੰਨਣ ਸਿੰਘ ਨੇ ਮੇਰੀ ਕਵਿਤਾ ਫੜ ਕੇ ਪੜ੍ਹੀ ਤੇ ਆਖਣ ਲੱਗਾ, ”ਵਜ਼ਨ ਠੀਕ ਨਹੀਂ, ਮਾਤਰਾਂ ਵੱਧ ਘੱਟ ਹਨ।” ਮੈਂ ਕਿਹਾ, ਮੈਨੂੰ ਮਾਤਰਾ ਦਾ ਕੋਈ ਗਿਆਨ ਨਹੀਂ, ਮੈਂ ਫਲਾਣੇ ਭਾਈ ਦੀ ਕਵਿਤਾ ਦੇ ਵਿਰੋਧ ਵਿਚ ਚਾਰ ਬੰਦ ਜੋੜੇ ਐ, ਉਸ ਮੈਨੂੰ ਪਿੰਗਲ ਤੇ ਦੋ ਤਿੰਨ ਕਿਤਾਬਾਂ ਹੋਰ ਦਿੱਤੀਆਂ। ਮੈਂ ਪਿੰਗਲ ਰਾਹੀਂ ਕਵਿਤਾਵਾਂ ਲਿਖੀਆਂ ਤਾਂ ਚੰਨਣ ਸਿੰਘ ਨੇ ਮੇਨੂੰ ਪਾਸ ਕਰ ਦਿੱਤਾ। ਮੈਂ ਉਹਦੇ ਕੋਲੋਂ ਪੰਦਰਾਂ ਵੀਹ ਕਿਤਾਬਾਂ ਹੋਰ ਪੜ੍ਹੀਆਂ। ਸਾਹਿਤ ਦੇ ਇਕ ਸ਼ੌਕ ਨੇ ਜਾਗਾ ਕਰਨਾ ਛੁਡਵਾ ਦਿੱਤਾ, ਰਹਿੰਦੀ ਕਸਰ ਲੈਨਿਨ ਦੀ ਜੀਵਨੀ ਨੇ ਕੱਢ ਦਿੱਤੀ ਤੇ ਯਾਰਾਂ ਮਲਾਇਆ ਹੀ ਤਿਆਗ ਦਿੱਤਾ। ਘਰ ਆ ਕੇ ਵਾਹੀ ਵਿੱਢ ਲਈ। ਨਵੀਂ ਨਵੀਂ ਚੱਲੀ ਮਾਲਵਾ ਬੱਸ ‘ਤੇ ਲਾਹੌਰ ਜਾਂਦਾ ਤੇ ਦਸ ਬਾਰਾਂ ਕਿਤਾਬਾਂ ਖਰੀਦ ਲਿਆਉਂਦਾ। ਓਥੇ ਅਨਾਰਕਲੀ ਬਜ਼ਾਰ ਦੇ ਮੁੱਢ ਵਿਚ ਮੁਹੰਮਦ ਇਕਬਾਲ ਨੂੰ ਦੇਖਿਆ, ਅਕੀਦਤ ਵਿਚ ਸਿਰ ਝੁਕ ਗਿਆ।  ਮੰਟੋ, ਕ੍ਰਿਸ਼ਨ ਚੰਦਰ ਅਤੇ ਹੋਰ ਅਦੀਬਾਂ ਨਾਲ ਵੀ ਬੈਠਕਾਂ ਹੁੰਦੀਆਂ।  ਉਸਤਾਦ ਦਾਮਨ ਦੀ ਸ਼ਾਇਰੀ ਅਤੇ ਸ਼ਖਸੀਅਤ ਨਾਲ ਵੀ ਵਾਹ ਪਿਆ।  ਇਸ ਚੇਟਕ ਨੇ ”ਜੀਵਨ ਕਣੀਆਂ” ਕਿਤਾਬ, ਸਹਿਜ ਸਹਿਜ ਲਿਖਵਾ ਮਾਰੀ। ਜਿਸ ਨੂੰ ਸਿੰਘ ਬ੍ਰਦਰਜ਼ ਲਾਹੌਰ ਵਾਲਿਆਂ ਨੇ ਛਾਪਿਆ ਸੀ। ਪਹਿਲੋਂ ਤੀਹ ਚਾਲ਼ੀ ਕਵਿਤਾਵਾਂ ਲਿਖੀਆਂ ਸਨ। ਫਿਰ ਵਾਰਤਕ ਦਾ ਚਸਕਾ ਪੈ ਗਿਆ ਤੇ ਯਾਰ ਲੋਕ ਕਵਿਤਾ ਤੋਂ ਅਗਾਹ ਵਾਰਤਕ ਦੇ ਮੋਹਰੀ ਹੋ ਗਏ। ਕਵਿਤਾਵਾਂ ਛੱਡ ਕੇ ਨਾਵਲ ਦੇ ਰਾਹ ਗਵਾਚ ਗਿਆ। ਪਰ ਪੰਦਰਾਂ ਸਾਲਾਂ ਪਿਛੋਂ ‘ਭਾਵਨਾ’ ਨਾਂ ਦੀ ਕਵਿਤਾ ਪੁਸਤਕ ਛਪਵਾਈ ਸੀ, ਜਿਹੜੀ ਦਿਲ ਦੇ ਜਾਨੀ ਨੂੰ ਬਹੁਤੀ ਕਰਕੇ ਸੰਬੋਧਨ ਸੀ।

ਹੁਣ – ਲਗਦੇ ਹੱਥ ਉਸ ਦਿਲ ਦੇ ਜਾਨੀ ਬਾਰੇ ਵੀ ਕੁਝ ਦੱਸੋ।
ਕੰਵਲ – ਮੈਂ ਸਵਰਗਵਾਸੀ ਡਾ. ਜਸਵੰਤ ਕੌਰ ਬਾਰੇ ਸਾਰੇ ਜਹਾਨ ਨੂੰ ਦਸ ਆਇਆ ਹਾਂ| ਉਸ ਸਿਹਤ ਵਗਿਆਨ ਤੇ ਤੇਰਾਂ ਪੁਸਤਕਾਂ ਲਿਖੀਆਂ ਹਨ| ਪੜ੍ਹੋ ਤੇ ਸਮਝ ਜਾਵੋਗੇ ਕਿ ਉਹ ਸਿਹਤ ਵਗਿਆਨ ਬਾਰੇ ਕਿੰਨੀ ਸ਼ੁਭ ਕਰਮਕਾਰੀ ਸੀ| ਉਸ ਨੂੰ ਉਹਦੀਆਂ ਰਚਨਾਵਾਂ ਵਿਚੋਂ ਜਾਣੋ|

ਹੁਣ – ਕਵਿਤਾ ਜਾਂ ਵਾਰਤਕ ਤੁਸੀਂ ਅਪਣੀ ਹੋਸ਼ ਵਾਲੀ ਪਹਿਲੀ ਸਾਹਿਤਕ ਰਚਨਾ ਕਿਸ ਨੂੰ ਮੰਨਦੇ ਹੋ ?
ਕੰਵਲ –  ਕਵਿਤਾ ਵਿਚ ਤਾਂ ਭਾਵਨਾ ਹੀ ਪੜ੍ਹਨ ਵਾਲੀ ਹੈ, ਜਿਹੜੀ ਦਿਲ ਦਮਾਗ ਦੀਆਂ ਧੜਕਣਾਂ ਨੁੰ ਥਾਪੜਾ ਦੇਂਦੀ ਹੈ। ਪਰ ਫੇਰ ਨਾਵਲਾਂ ਉੱਤੇ ਵਾਹਵਾ ਹੱਥ ਖੁੱਲ੍ਹ ਗਿਆ, ਪੂਰਨਮਾਸ਼ੀ ਤੇ ਰਾਤ ਬਾਕੀ ਹੈ ਨਾਵਲਾਂ ਨੇ ਮੈਨੂੰ ਪੰਜਾਬੀ ਸਾਹਿਤ ਵਿਚ ਵਾਹਵਾ ਪ੍ਰਸੰਸਾ ਦਿੱਤੀ ਸੀ। ਕਵਿਤਾ ਮੈਨੂੰ ਛੇੜਦੀ ਤਾਂ ਸੀ, ਪਰ ਪਿੜ ਪੱਲੇ ਕੁਝ ਨਹੀਂ ਪਾਉਂਦੀ ਸੀ। ਨਾਵਲਾਂ ਦੀ ਘੜਮਸ ਨੇ ਧੱਕੇ ਦੇ ਕੇ ਆਪਣੇ ਰਾਹ ਪਾਈ ਰੱਖਿਆ।

ਕਿਰਤ – ਕਮਾਈ
ਹੁਣ – ਤੁਸੀਂ ਅਪਣੇ ਮੁਢਲੇ ਵਰ੍ਹਿਆਂ ਵਿਚ ਸਭ ਤੋਂ ਵੱਧ ਪ੍ਰੇਰਨਾ ਦੇਣ ਵਾਲੀ ਕਿਹੜੀ ਕਿਤਾਬ ਪੜ੍ਹੀ ਸੀ ਤੇ ਉਸ ਬਾਰੇ ਕਿਵੇਂ ਮਹਿਸੂਸ ਕੀਤਾ ?
ਕੰਵਲ – ਵਾਰਸ ਦੀ ਹੀਰ, ਸੂਫ਼ੀਆਂ ਦੇ ਕਲਾਮ, ਗੁਰਬਾਣੀ ਤੇ ਮੁੰਡੇ ਕੁੜੀਆਂ ਦੇ ਗੀਤਾਂ ਨੇ ਮੇਰੇ ਸ਼ਬਦ ਭੰਡਾਰ ਨੂੰ ਤੋਟ ਨਹੀਂ ਆਉਣ ਦਿੱਤੀ। ਮੇਰੀ ਸਿਰੜੀ ਲਗਨ ਹੀ ਮੇਰੀ ਗੁਰੂ ਸੀ। ਵਿਦਾਂਤ ਦੀ ਉਕਤੀ ਯੁਗਤੀ ਪੜ੍ਹਨ ਤੋਂ ਬਆਦ ਭਰਥਰੀ ਹਰੀ ਦੇ ਸ਼ਤਕਾਂ ਹੋਰ ਮੋਹਰ ਲਾ ਦਿੱਤੀ। ਮਾਰਕਸਿਜ਼ਮ ਨੇ ਮੈਨੂੰ ਨਵੇਂ ਪੁਰਾਣੇ ਏੜਾਂ ਗੇੜਾਂ ਵਿਚੋਂ ਕੱਢ ਕੇ ਸਮਾਜਕ-ਰਾਜਨੀਤਿਕ ਵਿਹਾਰ ਦੇ ਸਿੱਧੇ ਰਾਹ ਪਾ ਦਿੱਤਾ। ਇਸ ਤਰ੍ਹਾਂ ਮੈਂ ਸਾਹਿਤ ਖੇਤਰ ਵਿਚ ਪਹਿਲਵਾਨੀ ਦੇ ਦਾਅ ਪੇਚਾਂ ਨੂੰ ਹੱਥ ਪੈਰ ਮਾਰਨ ਲਗ ਪਿਆ। ਕੁਰਬਾਨੀਆਂ ਹੋਰ ਕਰਦੇ ਰਹੇ।  ਰਾਜ ਭਾਗ ਕਾਂਗਰਸ ਸਾਂਭ ਕੇ ਧਨੇਸੂ ਬਣ ਬੈਠੀ। ਕਮਿਊਨਿਸਟ ਆਗੂ ਓਦੋਂ ਆਖਦੇ ਤਾਂ ਸੱਚ ਸੀ ; ਪਰ ਲੋਕਾਂ ਨੂੰ ਸੱਚ ਸਮਝਾ ਨਾ ਸਕੇ। ਪੰਜਾਬ ਨੇ ਆਜ਼ਾਦੀ ਲਈ ਸਿਰ ਤਾਂ ਬੇਪ੍ਰਵਾਹ ਦਿੱਤੇ ; ਪੰਜਾਬੀਆਂ ਨੂੰ ਤਾਂ ਬਹੁਤੀ ਵਾਰ ਲੁੱਟੇ ਪੁੱਟੇ ਜਾਣ ‘ਤੇ ਵੀ ਅਕਲ ਨਹੀਂ ਆਉਂਦੀ। ਇਹਨਾਂ ਤੋਂ ਹਲਵਾਹੀ ਦੇ ਸਖ਼ਤ ਕੰਮ ਕਰਵਾ ਲਵੋ, ਨਾਂਹ ਨਹੀਂ ਕਰਨਗੇ। ਪ੍ਰੇਰਨਾ ਦੇਣ ਵਾਲੀ ਵਾਰਸ ਦੀ ਹੀਰ ਨੂੰ ਹੀ ਸਮਝਦਾ ਆਂ। ਸੂਫ਼ੀ ਦੀ ਜ਼ੁਬਾਨ ਨਾਲ ਦਿਲ ਨੱਚਦਾ ਹੈ, ਮੈਂ ਓਹਨਾਂ ਦੀ ਸਾਦੀ ਬੋਲੀ ਰਾਹੀਂ ਗਹਿਰੀ ਰਮਜ਼ ਫੜਨ ਦੇ ਕਸਬ ਦਾ ਕਾਇਲ ਹਾਂ।  ਵਾਹ ਲਗਦੀ ਮੈਂ ਇਹ ਪੈਂਤੜਾ ਨਹੀ ਛੱਡਿਆ।

ਹੁਣ – ਕੰਵਲ ਜੀ!  ਸਵਾਲ ਤਾਂ ਪੁੱਛਿਆ ਸੀ, ਮੁਢਲੀ ਪ੍ਰੇਰਨਾ ਬਾਰੇ। ਤੁਸਾਂ ਪੰਜਾਬੀਆਂ ਦੇ ਸਿਰ ਦੇਣ ਦੀ ਗਲ ਤੋਰ ਲਈ ?
ਕੰਵਲ – ਬਈ ਚਾਰ ਨਾਵਲ ਕਿਤਾਬਾਂ ਲਿਖ ਕੇ ਲੇਖਕ ਜ਼ਰੂਰ ਬਣ ਗਿਆ ਆਂ, ਪਰ ਜੱਦੀ ਪੁਸ਼ਤੀ ਤਾਂ ਹਲ ਵਾਹ ਜੱਟ ਹੀ ਹਾਂ ਨਾਂਅ।  ਮੁੱਢ ਵਿਚ ਸੱਚੀ ਗੱਲ, ਮੈਂ ਤਾਂ ਸੋਚਿਆ ਈ ਨਹੀਂ ਸੀ, ਲੇਖਕ ਬਣਨਾ ਹੈ। ਅਜਿਹੇ ਧੱਕਿਆਂ ਤੋੜਿਆਂ ਵਿਚ ਦੀ ਗੁਜ਼ਰਦਿਆਂ, ਬਲਦਾਂ ਵਾਲੀ ਪੰਜਾਲ਼ੀ ਸੁੱਟ ਕੇ, ਪੜ੍ਹਨ ਲਿਖਣ ਦੀ ਲਗਨ ਅਫੀਮ ਵਾਂਗ ਚੁੰਬੜ ਗਈ। ਇਹਦੇ ਵਿਚ ਨਵਾਂ ਜਿਹਾ ਸੁਆਦ ਆਇਆ, ਯਾਰਾਂ ਦੀ ਲਗਨ ਨੇ ਇਸ ਪਾਸੇ ਨੂੰ ਮੋੜਾ ਪਾ ਲਿਆ। ਇਹ ਸਿਆਪਾ ਜੇ ਸਹੀ ਪੁੱਛੇ ਹੀਰ ਦੀ ਲਗਨ ਨੇ ਅਜਿਹਾ ਚੰਮੋੜਿਆ, ਫਿਰ ਵਹਿਣ ਪਏ ਦਰਿਆ ਨੇ ਮੋੜਾ ਈ ਨਾ ਪਾਇਆ। ਮੇਰਾ ਬੋਲ ਚੰਗਾ ਖਿੱਚ ਪਾਊ ਸੀ, ਦੂਜੇ ਵਾਰਸ ਦੇ ਬਹਿਰ ਨੇ ਮੇਰੀ ਲਹਿਰ ਨੂੰ ਦੀਵਾਨਗੀ ਬਖ਼ਸ ਦਿੱਤੀ। ਸਮਝ ਫਕੀਰੀਆਂ, ਦੀਵਾਨਗੀਆਂ ਤੇ ਲੋਕ ਲਹਿਰਾਂ ਵਿਚ ਦੀ ਯਾਰਾਂ ‘ਰਾਤ ਬਾਕੀ ਹੈ’ ਵਾਲਾ ਝੰਡਾ ਸਾਹਿਤ ਦੇ ਪਿੜ ਵਿੱਚ ਆ ਗੱਡਿਆ। ਫੇਰ ਲੋਕਾਂ ਦੀ ਵਾਹ ਵਾਹ ਨੇ ਐਨੀ ਫੂਕ ਭਰੀ, ਯਾਰਾਂ ਦਾ ਬਲੈਡਰ ਪਾਟਣ ‘ਤੇ ਆ ਗਿਆ। ਪ੍ਰਸੰਸਾ ਨਾਲ ਹੱਥ ਵੀ ਥੋੜ੍ਹਾ ਗਰਮ ਹੋਣ ਲਗ ਪਿਆ। ਸੱਚੀ ਗੱਲ, ਸਾਹਿਤਕ ਮੇਲੇ ਦੇ ਧੱਕਿਆਂ ਵਿਚ ਪਤਾ ਈ ਨਾ ਲੱਗਾ, ਕਦੋਂ ਪੈਰ ਚੁੱਕੇ ਗਏ। ਮੇਰੇ ਬਾਬੇ ਦਾ ਨਾਂ ਪੰਜਾਬ ਸਿੰਘ ਸੀ। ਉੱਚਾ ਲੰਮਾ ਕੱਦ, ਖੇਤੀ ਦੇ ਕੰਮਾਂ ਵਿਚ ਸੂਰਮਾ ਜੱਟ ਸੀ। ਵਾਢੀ ਵਿਚ ਕੋਈ ਉਸ ਦੀ ਬਾਂਹ ਨਹੀਂ ਫੜਦਾ ਸੀ। ਇਕ ਵਾਰ ਵਾਢੀ ਕਰਦਿਆਂ ਪਿੰਡੋਂ ਦੂਰ ਦਿਨ ਛਿਪ ਗਿਆ। ਬਾਬੇ ਨੇ, ਸਾਥੀ ਲਾਣਿਆਂ ਨੂੰ ਇਕ ਤਰ੍ਹਾਂ ਵੰਗਾਰਿਆ- ”ਜਵਾਨੋ! ਝੱਖ ਚੜ੍ਹੀ ਐ, ਹਨ੍ਹੇਰੀ ਆਉਣ ਦੇ ਆਸਾਰ ਬਣਦੇ ਜਾ ਰਹੇ ਐ। ਆਪਾਂ ਹੱਥੋ ਹੱਥੀ ਲਗ ਕੇ ਮੰਡਲੀਆਂ ਲਾ ਦੇਈਏ। ਜੇ ਹਨ੍ਹੇਰੀ ਆ ਗਈ, ਹੱਥ ਪੱਲੇ ਕੁਝ ਨਹੀਂ ਆਉਣਾ।”
ਲਾਣਿਆਂ ਸਾਰੀ ਦਿਹਾੜੀ ਦੇ ਥਕੇਵੇਂ ਦਾ ਬਹਾਨਾ ਲਾਇਆ ਤੇ ਪਿੰਡ ਨੂੰ ਤੁਰ ਗਏ। ਬਾਬੇ ਪੰਜਾਬ ਸਿੰਹੁ ਨੇ ਤੜ ਮਾਰੀ, ਮੈਂ ਤਾਂ ਸਾਲ ਭਰ ਦੀ ਕਮਾਈ ਵਾ ਮੁਹਾਰੇ ਨਹੀਂ ਉੱਡਣ ਦੇਣੀ। ਲੱਕ ਘੁੱਟ ਕੇ ਬੰਨ ਲਿਆ ਤੇ ਜੁਟ ਪਿਆ ਮੰਡਲੀਆਂ ਲਾਉਣ। ਸਾਰੀ ਦਿਹਾੜੀ ਦਾ ਥੱਕਿਆ, ਮੰਡਲ ਲਾਉਂਦਾ ਰਿਹਾ। ਦਿਨ ਚੜ੍ਹ ਗਿਆ ਤੇ ਬਾਬਾ ਵੀ ਪੌਣੇ ਦੋ ਘੁਮਾਂ ਦੀ ਕਣਕ ਦੇ ਮੰਡਲ ਲਾ ਕੇ ਦਾਤੀ ਹਲਾਉਂਦਾ ਪਿੰਡ ਨੂੰ ਤੁਰ ਪਿਆ। ਰਾਹ ਵਿਚ ਆਉਂਦੇ ਵਾਢੇ ਮਿਲ ਪਏ। ਉਹਨਾਂ ਨਾਲ ਸਾਰੀ ਰਾਤ ਦੀ ਖੇਚਲ ਦਾ ਭੰਨਿਆ, ਮੁੜ ਵਾਢੀ ਕਰਨ ਜਾ ਲੱਗਾ। ਮੇਰੇ ਅੰਦਰ ਅਜਿਹੇ ਕਿਰਤੀ ਸਾਹ ਲੈਂਦੇ ਨੇ।

ਹੁਣ – ਕੰਵਲ ਜੀ, ਅਪਣੀ ਮੁਢਲੀ ਪ੍ਰੇਰਨਾ ?
ਕੰਵਲ – ਯਾਰ ਮੈਂ ਦੱਸ ਤਾਂ ਰਿਹਾ ਹਾਂ, ਮੈਂ ਅਜਿਹੇ ਅਣਥੱਕ ਤੇ ਜਬ੍ਹੇ ਵਾਲੇ ਬਾਬੇ ਦਾ ਪੋਤਾ ਆ। ਧੱਕੜ ਕਿਸਾਨੀ ਛੱਡ ਕੇ ਸਾਹਿਤ ਪਿੜ ਵਿਚ ਪੈਰ ਆ ਗੱਡੇ। ਤੁਸੀਂ ਆਖੋਗੇ, ਫਰਾਟੇ ਮਾਰਦਾ ਆਂ; ਪਰ ਸ੍ਰ. ਨਾਨਕ ਸਿੰਘ ਦੇ ਥਾਪੜੇ ਨਾਲ ਇਕ ਵਾਰ ਸਾਹਿਤ ਦਾ ਝੰਡਾ ਮੈਦਾਨ ਵਿਚ ਗੱਡ ਦਿੱਤਾ ਸੀ। ਜਿਸ ਦੇ ਘਰ ਤੇ ਪਿੰਡ ਵਿਚ ਕੋਈ ਊੜੇ ਆੜੇ ਤੋਂ ਅਗਾਂਹ ਨਹੀਂ ਟੱਪਿਆ ਸੀ। ਤੁਸੀਂ ਥਾਪੜਾ ਦਿਓ ਜੱਟ ਨੂੰ, ਜਿਸ ਪੰਜਾਬ ਹੁੰਗਾਰਦਾ ਕਰ ਦਿੱਤਾ।

ਹੁਣ – ਅਪਣੇ ਮੂੰਹੋ ਸ਼ੇਖੀਆਂ ਚੰਗੀਆਂ ਨਹੀਂ ਹੁੰਦੀਆਂ।
ਕੰਵਲ – ਤੁਸੀਂ ਮੇਰੇ ਕਮਾਏ ਸੱਚ ਨੂੰ ਸ਼ੇਖੀਆਂ ਆਖਦੇ ਓ। ਪਤਾ ਏ ਪੂਰਨਮਾਸ਼ੀ, ਰਾਤ ਬਾਕੀ ਹੈ, ਹਾਣੀ ਤੇ ਲਹੂ ਦੀ ਲੋਅ ਦੀਆਂ ਦਸ-ਦਸ, ਬਾਰਾਂ-ਬਾਰਾਂ ਐਡੀਸ਼ਨਾਂ ਛਪ ਚੁੱਕੀਆਂ ਹਨ। ਲੋਕ ਰਾਤਾਂ ਜਾਗ ਜਾਗ ਪੜ੍ਹਦੇ ਐ।
ਹੁਣ – ਸਿਆਣੇ ਲੇਖਕ ਆਕੜ ਨਹੀਂ ਕਰਦੇ ਹੁੰਦੇ।
ਕੰਵਲ – ਯਾਰ! ਬੰਦਾ ਅਪਣੀ ਕਿਰਤ ਕਮਾਈ ਉਤੇ ਮਾਣ ਵੀ ਨਹੀਂ ਕਰ ਸਕਦਾ। ਹੌਸਲੇ ਬਿਨਾਂ ਤਾਂ ਬਹਾਦਰੀ ਵੀ ਖੂਹ ਪੈ ਜਾਂਦੀ ਐ। ਤੂੰ ਉਹਨਾਂ ਸਾਹਿਤਕ ਚੌਧਰੀਆਂ ਨੂੰ ਨਹੀਂ ਜਾਣਦਾ ; ਦਾਣੇ ਵੰਝਲੀ ਦੇ ਨਾਂ ‘ਤੇ ਘੁੱਗੂ ਵਜਾਉਂਦੇ ਫਿਰਦੇ ਐ ਸਰਕਾਰੇ ਦਰਬਾਰੇ। ਸੱਚ ਨੂੰ ਥੋੜ੍ਹੀ ਬਹੁਤ ਤਾਂ ਸ਼ਾਬਾਸ਼ ਮਿਲਣੀ ਚਾਹੀਦੀ ਐ। ਸੱਚ ਨੂੰ ਸਾਬਾਸ਼ ਨਾ ਦੇਣ ਵਾਲੇ ਬੁਜ਼ਦਿਲ ਹਿਜੜੇ ਹੁੰਦੇ ਐ। ਹਾਅ, ਆਲੇ ਦੁਆਲੇ ਲੋਕ ਬੋਲੀਆਂ ਦਾ ਤਾਂ ਮੀਂਹ ਵਰ੍ਹਦਾ ਸੀ, ਪਰ ਸਾਹਿਤ ਟੋਟਕਾ ਭਾਲਿਆਂ ਵੀ ਨਹੀਂ ਸੁਣਦਾ ਸੀ। ਹਾਅ ਇਕ ਚੋਟ ਯਾਦ ਆਈ :
ਸਿੰਧ ਸੂਬੇ ਦੇ ਨਵਾਬ ਸ਼ਾਹ ਸ਼ਹਿਰ ਵਿਚ ਭਰ ਜਵਾਨ ਤਵਾਇਫ਼ ਗਾ ਰਹੀ ਸੀ :
”ਅਕਲ ਚਬੇ ਦੀ ਇਸ਼ਕ ਨਾ ਕਰ।
ਇਸ਼ਕ ਚਬੇ, ਸਿਰ ਸੂਲੀ ਧਰ।”
ਮੈਂ ਤਾਂ ਥਾਏ ਫੱਟੜ ਹੋ ਗਿਆ। ਜੇਬ ‘ਚੋਂ ਚਾਂਦੀ ਦਾ ਰੁਪਈਆ ਕੱਢ ਕੇ ਤਵਾਇਫ਼ ਵੱਲ ਉੱਚਾ ਕੀਤਾ। ਉਹ ਸਿੱਖ ਨੌਜਵਾਨ ਦੀ ਬਾਂਹ ਉੱਚੀ ਵੇਖ ਕੇ ਬੜੀ ਹੈਰਾਨ ਹੋਈ ਤੇ ਨੇੜੇ ਆ ਕੇ ਬੋਲੀ,
”ਤੂੰ ਸਿੱਖਾ, ਅਕਲ ਇਸ਼ਕ ਦੇ ਮਾਅਨੇ ਜਾਣਦਾ ਏਂ?”
”ਬਿੱਲੋ, ਪੱਟਿਆ ਈ ਉਹਨਾਂ ਦੋਹਾਂ ਦਾ ਫਿਰਦਾ ਆਂ।” ਮੇਰੇ ਮੋੜ ਨਾਲ ਗਾਇਕਾ ਧੰਦਕ ਕੇ ਰਹਿ ਗਈ।
ਉਸ ਮੈਨੂੰ ਨਜ਼ਰਾਂ ਗੱਡ ਕੇ ਵੇਖਿਆ। ਯਾਰਾਂ ਦੀ ਅੰਦਰਲੀ ਤੱਕਣੀ ਨਾਲ ਉਹ ਝਟਕਾ ਖਾ ਗਈ। ਮੈਂ ਰੁਪਈਆ ਉਹਦੇ ਵੱਲ ਵਧਾਇਆ। ਉਹਦੀਆਂ ਨਜ਼ਰਾਂ ਮੇਰੇ ਅੰਦਰ ਖੁੱਭ ਕੇ ਰਹਿ ਗਈਆਂ। ਉਹਦੀ ਹੈਰਾਨੀ ਕਹਿ ਰਹੀ ਸੀ, ਇਕ ਹਲ ਵਾਹ ਸਿੱਖ ਨੌਜਵਾਨ ਇਸ਼ਕ ਦੀ ਅੰਦਰਲੀ ਤਹਿ ਤੱਕ ਕਿਵੇਂ ਜਾ ਸਕਦਾ ਏ? ਉਸ ਰੁਪਈਆ ਫੜਦਿਆਂ ਆਖਣਾ ਚਾਹਿਆ, ਮੁੜ ਥeਂੇ ਥੰਮ ਕੇ ਬੋਲੀ, ”ਪੱਟਿਆ ਲਗਦਾ ਏ ?”
”ਜ਼ਖ਼ਮ ਹੱਦੋਂ ਵੱਧ ਗਹਿਰਾ, ਦਵਾ ਕਿਤੋਂ ਨਹੀਂ ਮਿਲੀ।”
”ਇਹ ਇਸ਼ਕ ਭੈੜਾ ਘਾਇਲ ਹੀ ਕਰਦਾ ਹੈ, ਪੱਲੇ ਹਾਉਕੇ ਹਾਵੇ ਹੀ ਪਾਉਂਦਾ ਏ।” ਉਸ ਚਾਂਦੀ ਦਾ ਰੁਪਈਆ ਦੋ ਵਾਰ ਮੱਥੇ ਨੂੰ ਲਾਇਆ ਤੇ ਸਿਰ ਝੁਕਾਂਦੀ ਪਿਛਾਂਹ ਹਟ ਗਈ। ਮੇਰਾ ਜੀਅ ਕਰੇ, ਉਹਦੇ ਨਾਲ ਹੀ ਤੁਰ ਜਾਵਾਂ।  

ਹੁਣ – ਫੇਰ ਤੁਰੇ ਕਾਹਤੋਂ ਨਾ ?
ਕੰਵਲ – ਸ਼ਰੀਕਣੀ ਸਿੱਖੀ ਵੀ ਕੰਨ ਫੜੀ ਖਲੋਤੀ ਸੀ। ਨਾਲੇ ਪਤਾ ਨਹੀਂ ਤਵਾਇਫ਼ ਕਿੰਨੇ ਹੋਰ ਜ਼ਖ਼ਮ ਚੁੱਕੀ ਫਿਰਦੀ ਸੀ। ਜ਼ਖ਼ਮ ਬੇਪ੍ਰਵਾਹ ਪਰ ਦਵਾ ਕਿਤੇ ਨਹੀਂ। ਸਾਲੇ ਹਸਪਤਾਲਾਂ ਵਿਚ ਵੀ ਉੱਲੂ ਬੋਲਦੇ ਐ। ਇਹ ਜਨਮ, ਰਿਖੀ ਮੁਨੀ ਆਖਦੇ ਐ, ਇਕ ਵਾਰ ਹੀ ਮਿਲਦਾ ਏ ਤੇ ਅਸਾਧ ਰੋਗ ਦੇ ਕੇ ਪੂਰਾ ਹੋ ਜਾਂਦਾ ਹੈ। ਪਿਆਰ ਤਾਂ ਆਪ ਪ੍ਰਮਾਤਮਾ ਐ। ਇਹ ਪ੍ਰਮਾਤਮਾ ਵੀ ਭੁਲੇਖਾ ਦੇ ਕੇ ਸਾਹ ਖਿੱਚ ਲੈਂਦਾ ਐ। ਸ਼ਾਂਤੀ ਕਿਤੇ ਨਹੀਂ, ਮੈਨੂੰ ਲਗਦਾ ਏ ਮੁਕਤੀ ਵੀ ਝੂਠੀ ਅਫਵਾਹ ਐ। ਉਸ ਦੀ ਐਨੀ ਵੱਡੀ ਦਰਿੜਤਾ ਵੇਖ ਕੇ ਮੈਂ ਕੁਝ ਕਹਿਣ ਜੋਗਾ ਹੀ ਨਾ ਰਿਹਾ।

ਹੁਣ – ਤੁਸੀਂ ਬੜੀਆਂ ਅਨੋਖੀਆਂ ਤੇ ਅਸਚਰਜ ਘਟਨਾਵਾਂ ਵਿਚਦੀ ਗੁਜ਼ਰ ਕੇ ਆਏ ਹੋ। ਤੁਹਾਡੇ ਆਲੇ ਦੁਆਲੇ ਕਿਸੇ ਨੂੰ ਵੀ ਸਾਹਿਤਕ ਮੱਸ ਨਹੀਂ ਸੀ ? ਤੁਸੀਂ ਇਹਦੇ ਘੇਰੇ ਵਿੱਚ ਕਿਵੇਂ ਆ ਗਏ ?
ਕੰਵਲ – ਬਈ ਦੱਸਿਆ ਨਾ ਵਾਰਸ ਦੇ ਹਲੂਣਿਆਂ ਨਾਲ ਮੁੱਢ ਵਿਚ ਉਹਦਾ ਹੋ ਗਿਆ। ਪ੍ਰੋ. ਪੂਰਨ ਸਿੰਘ ਦੇ ਖੁੱਲ੍ਹੇ ਘੁੰਡ ਤੇ ਖੁੱਲ੍ਹੇ ਲੇਖਾਂ ਨੇ ਵਾਹਵਾ ਝੰਜੋੜਿਆ ਅਤੇ ਵਿਕਟਰ ਹਿਊਗੋ ਦਾ ਫਰਾਂਸੀਸੀ ਇਨਕਲਾਬ ਬਾਰੇ ਨਾਵਲ ‘ਲਾ ਮਿਜ਼ਰੇਬਲ’, ਜਿਸਦਾ ਪੰਜਾਬੀ ਅਨੁਵਾਦ ਪ੍ਰੋ. ਕਰਤਾਰ ਸਿੰਘ ਨੇ ਕੀਤਾ ਸੀ, ਨੇ ਮੈਨੂੰ ਨਾਵਲ ਲਿਖਣ ਦੀ ਵੱਡੀ ਪ੍ਰੇਰਨਾ ਦਿੱਤੀ। ਇਸ ਤਰ੍ਹਾਂ ਪੜ੍ਹਨ ਦੀ ਲਗਨ ਚੇਟਕ ਨੇ ਮੈਨੂੰ ਸਾਹਿਤ ਰਚਨਾ ਵੱਲ ਧੱਕੇ ਮਾਰ ਕੇ ਤੁਰਦਾ ਕਰ ਦਿੱਤਾ। ਹਾਂ, ਲਿਬਨਾਨ ਦੇ ਦਾਰਸ਼ਨਿਕ ਰਚਨਾਕਾਰ ਖਲੀਲ ਜਿਬਰਾਨ ਦੀਆਂ ਲਿਖਤਾਂ ਨੇ ਵੀ ਸ਼ੁਰੂ ਵਿੱਚ ਬਹੁਤ ਪ੍ਰਭਾਵਿਤ ਕੀਤਾ ਸੀ। ਮੈਂ ਸਭ ਤੋਂ ਪਹਿਲੀ ਪੁਸਤਕ ‘ਜੀਵਨ ਕਣੀਆਂ’ ਜਿਬਰਾਨ ਦੀਆਂ ਲਿਖਤਾਂ ਤੋਂ ਪ੍ਰੇਰਨਾ ਲੈ ਕੇ ਲਿਖੀ ਤੇ ਛਾਪੀ ਸੀ।

ਹੁਣ – ਤੁਸੀਂ ਅਪਣੇ ਮੁਢਲੇ ਵਰ੍ਹਿਆਂ ਵਿਚ ਸਭ ਤੋਂ ਵੱਧ ਗੌਲਣ ਯੋਗ ਕਿਤਾਬ ਕਿਹੜੀ ਪੜ੍ਹੀ ਸੀ ਅਤੇ ਉਸ ਬਾਰੇ ਕਿਵੇਂ ਮਹਿਸੂਸ ਕੀਤਾ ?
ਕੰਵਲ – ਪੰਜਾਬੀ ਲੇਖਕਾਂ ਵਿਚੋਂ ਪ੍ਰੋ. ਪੂਰਨ ਸਿਘ ਮੈਨੂੰ ਅਲਬੇਲਾ ਕਵੀ ਤੇ ਲੇਖਕ ਬਹੁਤ ਪ੍ਰੇਰਕ ਲੱਗਾ। ਉਹ ਅੰਦਰੋਂ ਬਾਹਰੋ ਸੱਚਾ ਸੁੱਚਾ ਪੰਜਾਬੀ ਸੀ। ਉਸ ਕਈ ਵਹਿਣ ਵਿਹਾਏ; ਪਰ ਪੰਜਾਬੀ ਦਾ ਉਹ ਸੂਰਮਾ ਲੇਖਕ ਸਾਬਤ ਹੋਇਆ। ਚਿਣਗ ਚੁਆਤੀ ਲਾਉਣ ਵਾਲਾ ਜੰਡਿਆਲੇ ਦਾ ਵਸਨੀਕ ਵਾਰਸ ਸ਼ਾਹ ਸੀ। ਉਹਦੀ ਜਨਮ ਭੂਮੀ ਦੀ ਦੋ ਵਾਰ ਜਿਆਰਤ ਵੀ ਕੀਤੀ ਅਤੇ ਉਸ ਮਸਜਿਦ ਦੇ ਵੀ ਦਰਸ਼ਨ ਕੀਤੇ ; ਜਿੱਥੇ ਬਹਿ ਕੇ ਉਸ ਹੀਰ ਲਿਖੀ ਸੀ। ਵਿਕਟਰ ਹਿਊਗੋ ਤੇ ਤਾਲਸਤਾਏ ਵੀ ਮੇਰੇ ਉਠਦੇ ਜਜ਼ਬਾਤ ਨੂੰ ਤਰਤੀਬ ਦੇਣ ਵਾਲਿਆਂ ਵਿੱਚੋਂ ਵੱਡੇ ਆਗੂ ਹੋਏ ਹਨ। ਵੈਸੇ ਵਿਦਵਾਨ ਹੀ ਨਹੀਂ, ਕਈ ਅਣਪੜ੍ਹ ਸਿਆਣੇ ਵੀ ਬੜੀ ਪਤੇ ਦੀ ਗੱਲ ਕਰਦੇ ਹਨ। ਪੁੱਠਾ ਜਾਂਦੇ ਨੂੰ ਸਿੱਧਾ ਰਾਹ ਪਾ ਜਾਂਦੇ ਹਨ। ਮੇਹਰੈਲਣ ਪੰਜਾਬਣ ਆਖਦੀ ਸੀ :
”ਯਾਰਾਂ ਦਾ ਕੀ ਪੁੱਛਣਾ, ਮੇਰੇ ਯਾਰਾਂ ਦੀ ਮੰਡਲੀ ਭਾਰੀ।”
ਇਉਂ ਸਾਧਾਂ ਸੰਤਾਂ ਤੋਂ ਲੈ ਕੇ ਛਟੇ ਬਦਮਾਸ਼ਾਂ ਤੱਕ ਸੰਗਤ ਮਾਣੀ। ਕੱਵਾਲੀ ਗਾਉਣ ਵਾਲੇ ਤੇ ਮੁੰਡਾ ਨਚਾਉਣ ਵਾਲੇ ਯਾਰਾਂ ਦੀ ਮੰਡਲੀ ਵਿਚ ਵੀ ਆਮਲ ਸ਼ਾਮਲ ਰਿਹਾ ਆਂ। ਤੁਸੀਂ ਸਮਝੋ, ਉਹ ਕਿਹੜੀ ਗਲੀ, ਜਿੱਥੇ ਫੱਤੋ ਨਹੀਂ ਖਲੀ। ਕੰਨ ਪਾੜ ਤੇ ਮੁੰਦਰਾਂ ਪਾ ਕੇ ਸਾਧ ਨੇ ਚੇਲੇ ਨੂੰ ਆਖਿਆ ਸੀ:
”ਜਾਹ ਬੱਚਾ ਮੰਗਦਾ ਖਾਂਦਾ ਫਿਰ, ਆਪ ਖਾਹ ਤੇ ਸਾਨੂੰ ਵੀ ਖੁਆ।”
ਸਮਝੋ, ਮੱਝਾਂ ਚਾਰਨ ਤੋਂ ਲੈ ਕੇ ਅਵਾਰਾਗਰਦੀ ਨੇ ਮਾਂਜ ਸਵਾਰ ਕੇ ਤੁਹਾਡੇ ਹਵਾਲੇ ਕਰ ਦਿੱਤਾ। ਪਰ ਮੇਰਾ ਅਨੁਭਵ ਬਲਵਾਨ ਹੀ ਨਹੀਂ, ਚੇਤੰਨ ਵੀ ਸੀ। ਸੰਤ ਗੁਰੂ ਨੇ ਵੇਦਾਂਤ ਪੜ੍ਹਾ ਕੇ ਆਖਿਆ ਸੀ :
”ਜਾਹ, ਹੁਣ ਤੇਰਾ ਜਨਮਾਂ ਦਾ ਭੁਲੇਖਾ ਚੁੱਕਿਆ ਗਿਆ। ਗਿਆਨ ਹੀ ਅਜਿਹੀ ਚੀਜ਼ ਹੈ, ਜਿਹੜੀ ਵੰਡਿਆਂ ਤਰਾ ਤਰੀ ਵਧਦੀ ਹੈ। ਬਾਕੀ ਸਾਰੀਆਂ ਰਾਸਾਂ ਮੁਕ ਜਾਂਦੀਆਂ ਹਨ। ਜਨਮ ਮਰਨ ਦਾ ਖ਼ੌਫ਼ ਵੀ ਪੁਰਾਣੇ ਜੁੱਲੜ ਵਾਂਗ ਲਹਿ ਜਾਂਦਾ ਹੈ, ਵਿਕਾਰਾਂ ਵਿਚ ਨਾ ਪਵੇਂ, ਤਾਂ ਸ਼ੋਭਾਵਾਨ ਹੋਵੇਂਗਾ।
ਗਿਆਨਵਾਨ ਆਪ ਹੀ ਨਹੀਂ ਤਰਦਾ, ਕੋੜਮਿਆਂ ਨੂੰ ਵੀ ਤਾਰਦਾ ਹੈ। “
ਜਦ ਅਸਲੀ ਦੁਨੀਆ ਵਿਚ ਆਇਆ ਤਾਂ ਭਰਾ ਭਾਈ, ”ਦਮਾਗ ਫਿਰ ਗਿਆ” ਆਖਣ ਲੱਗ ਪਏ। ਗੁਰੂ ਕੇ ਕੰਨ ਪਾੜਨ ਲਗ ਪਏ : ”ਮੂਰਖ ਨਾਲ ਨਾ ਲੁਝੀਏ। ” ਜਦ ਬ੍ਰਹਮ ਗਿਆਨ ਪਾ ਲਿਆ, ਤਾਂ ਇਉਂ ਜਾਪਣ ਲੱਗਾ, ਮੈਂ ਕਮਲਾ ਹੋ ਗਿਆ ਆਂ ਜਾਂ ਸਾਰੀ ਦੁਨੀਆ ਮੂਰਖਾਂ ਦਾ ਵਾੜਾ ਏ? ਮਨ ਨੇ ਸਾਧ ਹੋਣੋਂ ਇਨਕਾਰ ਕਰ ਦਿੱਤਾ ਤੇ ਮਾਰਕਸ ਦੇ ਗਿਆਨ ਨੇ ਮੂਰਖ ਲਾਣੇ ਵਿਚ ਰਹਿਣ ਜੂਝਣ ਲਈ ਮਜਬੂਰ ਕਰ ਦਿੱਤਾ। ਮੁਢਲੇ ਵਰ੍ਹਿਆਂ ਨੇ ਵਾਹਵਾ ਰਗੜ ਮਾਂਜ ਕੇ ਲੋਕਾਂ ਦੇ ਹਵਾਲੇ ਕਰ ਦਿੱਤਾ। ਜਿਥੋਂ ਤੱਕ ਗੌਲਣਯੋਗ ਕਿਤਾਬ ਦਾ ਜ਼ਿਕਰ ਹੈ, ਕਿਹੜੀ ਦਾ ਨਾ ਲਵਾਂ। ਅੰਬ ਵੇਚਣ ਵਾਲਾ ਆਖਦਾ ਸੀ, ਸਾਰੇ ਈ ਮਿਸ਼ਰੀ ਐ, ਕੋਈ ਚੱਕ ਲੈ। ਹੁੰਦਾ ਤਾਂ ਸਾਹਿਤ ਸੋਨਾ ਹੈ, ਪਰ ਹੁਣ ਦੇ ਸੁਨਿਆਰਿਆਂ ਵਿਚ ਖੋਟ ਪਾਉਣਾ ਸ਼ੁਰੂ ਕਰ ਦਿੱਤਾ। ਸਾਹਿਤ ਉਹ ਹੁੰਦਾ ਏ, ਪਹਿਲੀ ਸਤਰ ਪੜ੍ਹੀ ਹੈਰਾਨੀ ਜਾਗ ਪਈ। ਪਹਿਰਾ ਪੂਰਾ ਕੀਤਾ ਖਾਮੋਸ਼ ਸੋਚ ਸਾਰੇ ਫੈਲ ਗਈ। ਸਾਧ ਗੁਰੂ ਆਖਦਾ ਸੀ, ਮਨ ਸਦਾ ਚਪਲ ਬੁੱਧ ਰਿਹਾ ਹੈ, ”ਗਿਆਨ ਕਾ ਬੱਧਾ ਮਨ ਰਹੇ।” ਨਹਿਰੀ ਕੰਡਿਆਲੇ ਬਿਨਾਂ ਅੱਥਰਾ ਘੋੜਾ ਵਸ ਵਿਚ ਨਹੀਂ ਰਹਿੰਦਾ। ਬ੍ਰਹਮ ਗਿਆਨ ਤੇ ਮਾਰਕਸੀ ਵਿਚਾਰਧਾਰਾ ਵਿਚ ਮੈਂ ਜੇ ਨਾ ਆਇਆ ਹੁੰਦਾ, ਕੰਵਲ ਛੱਪੜ ਦੀ ਸੜਾਂਦ ਹੀ ਹੋ ਜਾਂਦਾ। ਸਾਧ ਬਣਦੇ ਬਣਦੇ ਨੂੰ ਸਾਇੰਸੀ ਗਿਆਨ ਨੇ ਬਚਾਇਆ।
ਸੰਤ ਵਸਾਖਾ ਸਿੰਘ ਸਾਧ ਹੋਣ ਦੇ ਬਾਵਜੂਦ ਮੇਰਾ ਯਾਰ ਸੀ। ਉਹਦੇ ਗੁਰਦਵਾਰੇ ਕਿਸ਼ਨਪੁਰੇ ਇਕ ਕਵੀ ਦਰਬਾਰ ਵਿੱਚ ਮੈਂ ਵੀ ਕਵਿਤਾ ਪੜ੍ਹ ਮਾਰੀ। ਉਹਦੀ ਪਹਿਲੀ ਪੰਗਤੀ ਸੀ :
”ਤੇਰੇ ਰੂਪ ਤੋਂ ਵਿਛੜੀ ਮੈਂ ਕਿਰਨ ਹਾਂ ਤੇਰੀ । “
ਅਗਲੇ ਦਿਨ ਸੰਤ ਗੁਰਬਚਨ ਸਿੰਘ ਭਿੰਡਰਾਂ ਵਾਲਿਆਂ ਦੇ ਪੇਸ਼ੀ ਹੋ ਗਈ। ਆਖਣ ਲੱਗੇ-
”ਰਾਤ ਵਾਲੀ ਕਵਿਤਾ ਤੇਰੀ ਨਹੀਂ ਹੋ ਸਕਦੀ ; ਕਿਸੇ ਦੀ ਚੁਰਾਈ ਹੋਈ ਐ?”
”ਕਵਿਤਾ ਤਾਂ ਮੇਰੀ ਆਪਣੀ ਹੈ, ਤੁਹਾਨੂੰ ਯਕੀਨ ਕਿਵੇਂ ਦੁਆਵਾਂ। ਮੈਂ ਪੂਰੀ ਦ੍ਰਿੜਤਾ ਨਾਲ ਉੱਤਰ ਦਿੱਤਾ।” ਜੇ ਪਾਣੀ ਦੀ ਬੂੰਦ ਸਾਗਰ ਦੀ ਧੀ ਹੋ ਸਕਦੀ ਐ, ਸੂਰਜ ਦੀ ਕਿਰਨ ਉਹਦਾ ਰੂਪ ਕਿਉਂ ਨਹੀਂ ਹੋ ਸਕਦੀ ?”
ਭਿੰਡਰਾਂ ਵਾਲੇ ਦੇ ਸੰਤ ਗੁਰਬਚਨ ਸਿੰਘ ਨੇ ਮੈਨੂੰ ਜੱਫੀ ਪਾ ਲਈ ਤੇ ਬੋਲੇ-
“ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਰਥ ਪੜ੍ਹ ਲੈ, ਬ੍ਰਹਮ ਗਿਆਨੀ ਹੋ ਜਾਵੇਂਗਾ।” ਉਹਨਾਂ ਮੈਨੂੰ ਅਪਣੀ ਲੀਹ ‘ਚ ਪਾਉਣਾ ਚਾਹਿਆ।  
”ਨਾ ਮਹਾਰਾਜ, ਮੈਂ ਤਾਂ ਵਿਚਾਰ ਸਾਗਰ ਦਾ ਛੱਪੜ ਤਰ ਕੇ ਮਸਾਂ ਕਿਨਾਰੇ ਲੱਗਾ ਆਂ; ਤੁਸੀਂ ਮੈਨੂੰ ਮਹਾਂਸਾਗਰ ਵਿਚ ਗੋਤੇ ਦੇਣਾ ਚਾਹੁੰਦੇ ਹੋ।” ਮੇਰੀ ਏਨੀ ਗੱਲ ਸੁਣ ਕੇ ਦੋਵੇ ਸੰਤ ਐਨਾ ਹੱਸੇ, ਉਨਾਂ ਨੂੰ ਹੱਥੂ ਆ ਗਿਆ।
ਭਿੰਡਰਾਂ ਵਾਲਿਆਂ ਮੈਨੂੰ ਬੁੱਕਲ ‘ਚ ਲੈ ਕੇ ਥਾਪੜਾ ਦਿੱਤਾ ਅਤੇ ਅਸ਼ੀਰਵਾਦ ਦੇ ਮਾਰੀ-
”ਜਾਹ, ਤੈਨੂੰ ਤੇਰਾ ਬ੍ਰਹਮ ਸਦਾ ਹਰਾ ਰੱਖੇਗਾ।” ਮੈਨੂੰ ਪਾਣੀ ਭਰਦੀਆਂ ਕੁੜੀਆਂ ਦੀ ਬੋਲੀ ਵੀ ਯਾਦ ਆ ਗਈ-
”ਇਹਨੂੰ ਘੜਾ ਨਾ ਚਕਾਇਉ ਕੁੜੀਓ; ਇਹਦੀ ਪਿੰਡ ਦੇ ਮੁੰਡਿਆਂ ਨਾਲ ਯਾਰੀ।”
”ਖਸਮਾਂ ਨੂੰ ਖਾਣ ਕੁੜੀਆਂ, ਘੜਾ ਚਕ ਲੂੰ ਮੌਣ ‘ਤੇ ਧਰ ਕੇ।”
ਇਹ ਬੇਪ੍ਰਵਾਹੀ ਮੈਨੂੰ ਖੁਆਰ ਵੀ ਕਰਦੀ ਰਹੀ ਤੇ ਵਿਸ਼ਵਾਸ਼ ਦੀ ਭਰਪੂਰਤਾ ਨਾਲ ਭਰਦੀ ਵੀ ਰਹੀ। ਮੈਂ ਹਰ ਲੰਡੇ ਲਾਟ ਦੀ ਪ੍ਰਵਾਹ ਛੱਡ ਕੇ ਬੇਪ੍ਰਵਾਹਾ ਹੀ ਉਮਰ ਭਰ ਵਗਦਾ ਰਿਹਾ।

ਹੁਣ – ਪਹਿਲੀਆਂ ਵਿਚ ਤੁਸੀਂ ਅੰਮ੍ਰਿਤਸਰ ਸ਼੍ਰੋਮਣੀ ਕਮੇਟੀ ਦੇ ਇਕ ਕਲਰਕ ਦੇ ਤੌਰ ‘ਤੇ ਕੰਮ ਕੀਤਾ। ਕੀ ਤੁਸੀਂ ਓਦੋਂ ਧਾਰਮਿਕ ਵਿਚਾਰਾਂ ਵਿਚ ਰੰਗੇ ਹੋਏ ਸੀ ?
ਕੰਵਲ – ਪਹਿਲੀ ਗੱਲ ਮੈਂ ਕਲਰਕ ਨਹੀਂ ਸਾਂ : ਪਰ ਤਨਖਾਹ ਕਲਰਕ ਦੇ ਗਰੇਡ ਵਿਚ ਹੀ ਸੀ। ਸ਼੍ਰੋਮਣੀ ਕਮੇਟੀ ਨੇ ਵੱਡੀ ਉਮਰ ਦੇ ਬਾਲਗਾਂ ਨੂੰ ਕੰਮ ਤੋਂ ਵੇਹਲੀ ਰੁੱਤ ਵਿਚ ਪੰਜਾਬੀ ਪੜ੍ਹਾਉਣ ਦੀ ਸਕੀਮ ਚਲਾਈ ਸੀ। ਉਹਦੇ ਲਈ ਮੈਂ ਲਿਖਾਰੀ ਦੇ ਤੌਰ ‘ਤੇ ਇਕ ਬਾਲ ਬੋਧ ਤੇ ਦੋ ਛੋਟੀਆਂ ਸੈਂਚੀਆਂ ਮੁਤਾਬਿਕ ਕਿਤਾਬਾਂ ਲਿਖੀਆਂ ਸਨ। ਇਹ ਗੱਲ ਪੰਜਤਾਲੀ ਤੇ ਛਿਆਲੀ ਸੰਨ ਦੀ ਹੈ। ਪਾਕਿਸਤਾਨ ਬਣਨ ਦੇ ਰੌਲੇ ਗੌਲੇ ਕਾਰਨ ਉਹ ਸਕੀਮ ਠੱਪ ਹੋ ਗਈ। ਪਰ ਉਹ ਵਿਹਲੀਆਂ ਰੁੱਤਾਂ ਵਿਚ ਗੁਰਦਵਾਰਿਆਂ ਵਿਚ ਹੀ ਪੰਜਾਬੀ ਪੜ੍ਹਾਉਣ ਦੀ ਸਕੀਮ ਚਾਲੂ ਕੀਤੀ ਸੀ; ਜਿਹੜੀ ਪਾਕਿਸਤਾਨ ਦੇ ਘੱਲੂਘਾਰੇ ਵਿਚ ਹੀ ਖ਼ਤਮ ਹੋ ਗਈ। ਧਾਰਮਕ ਰੰਗ ਤਾਂ ਓਦੋਂ ਹਰ ਸਿੱਖ ਘਰ ਵਿਚ ਹੀ ਚੜ੍ਹਿਆ ਹੋਇਆ ਸੀ। ਮੇਰਾ ਬਾਪ ਜੈਤੋ ਦੇ ਮੋਰਚੇ ਵਿਚ ਗਿਆ ਸੀ। ਮੋਰਚੇ ਵੇਲੇ ਹਾੜ੍ਹਾਂ ਦੀ ਰੁੱਤ ਵਿਚ ਕੋਠਿਆਂ ਉੱਤੇ ਸ਼ਬਦ ਚੌਂਕੀ ਲਗਦੀ ਹੁੰਦੀ ਸੀ। ਮੈਂ ਛੋਟੀ ਉਮਰ ਵਿਚ ਹੀ ਛੈਣੇ ਵਜਾਇਆ ਕਰਦਾ ਸਾਂ। ਓਦੋਂ ਧਾਰਮਿਕ ਮਾਹੌਲ ਸਾਰੇ ਪੰਜਾਬ ਵਿਚ ਹੀ ਜਨੂੰਨ ਵਾਂਗ ਛਾਇਆ ਹੋਇਆ ਸੀ।

ਹੁਣ – ਫੇਰ ਤੁਸੀਂ ਇਕ ਨਿੱਕੀ ਜੇਹੀ ਕਿਤਾਬ ‘ਜੀਵਨ ਕਣੀਆਂ’ ਛਾਪੀ, ਜਿਸ ਵਿਚ ਚਿੰਤਨ ਨਾਲ ਓਤ ਪੋਤ ਵਿਚਾਰ ਸਨ। ਇਹ ਸਾਰੇ ਵਿਚਾਰ ਵੇਦਾਂਤ ਤੋਂ ਪ੍ਰਭਾਵਿਤ ਸਨ। ਕੀ ਤੁਸੀਂ ਓਦੋਂ ਵਿਦਾਂਤੀ ਹੋ ਗਏ ਸੀ ?
ਕੰਵਲ – ਰਾਹੀ ਨੇ ਸਵਾਣੀ ਤੋਂ ਪਾਣੀ ਪੀ ਕੇ ਉਹਦੇ ਨਾਰੇ ਬਲਦ ਦੀ ਤਾਰੀਫ਼ ਕਰ ਮਾਰੀ-
”ਭਾਈ ਬੀਬੀ ਆਹ ਨਾਰਾ ਤਾਂ ਬੜਾ ਵਗਦਾ ਹੋਊ?”
”ਪੁੱਛ ਨਾ ਭਾਈ, ਏਸੇ ਦੀ ਰੰਡੀ ਕੀਤੀ ਆਂ।” ਸੁਆਣੀ ਨੇ ਪਾਣੀ ਵਾਲਾ ਜੂਠਾ ਛੰਨਾ ਚੁੱਕ ਲਿਆ।
ਵੇਦਾਂਤ ਦੇ ਦੋ ਤਿੰਨ ਗ੍ਰੰਥ ਪੜ੍ਹ ਕੇ ਮੈਂ ਸਾਧ ਹੋ ਜਾਣਾ ਚਾਹਿਆ ; ਪਰ ਮਾਰਕਸੀ ਵਿਚਾਰਧਾਰਾ ਨੇ ਹੱਥ ਖਿੱਚ ਕੇ ਬਚਾ ਲਿਆ। ਫੇਰ ਗ੍ਰਿਸਥ ਦੇ ਰਿੱਛ ਨੇ ਅਜਿਹੀ ਜੱਫੀ ਪਾਈ, ਨਾ ਘਰ ਦਾ ਰਿਹਾ ਨਾ ਘਾਟ ਦਾ। ਇਕ ਪ੍ਰਕਾਸ਼ਕ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਚ ਅੜਾ ਦਿੱਤਾ। ਪੱਚੀ ਵਰ੍ਹੇ ਤਜਰਬਿਆਂ ਵਿੱਚ ਹੀ ਗੁਜ਼ਰ ਗਏ। ਨਾ ਰਬ ਮਿਲਿਆ ਨਾ ਭਾਲਿਆਂ ਦਿਲ ਦਾ ਜਾਨੀ ਥਿਆਇਆ।  ਮੁਕਤੀਆਂ ਦੇਣ ਵਰਗੇ ਵਿਚਾਰ ਸਿਰ ਚੜ੍ਹੇ ਹੋਣ; ਪਰ ਬਰਾਬਰ ਦੇ ਹੁੰਗਾਰੇ ਵਾਲਾ ਸਾਥੀ ਨਾ ਮਿਲੇ, ਗਿਆਨਵਾਨ ਵੀ ਕਮਲਾ ਹੋ ਜਾਂਦਾ ਹੈ। ਪਿੰਡ ਫਾਂਸੀਆਂ ਤੋੜਨ ਵਾਲੇ ਦੇਸ਼ ਭਗਤਾਂ ਦਾ ਸੀ ; ਜਿਹੜਾ ਵੈਲੀਆਂ ਦੀ ਕਤਲੋਗ਼ਾਰਤ ਨੇ ਹੀਣਾ ਕਰਕੇ ਰੱਖ ਦਿੱਤਾ ਸੀ। ਮਨ ਨੇ ਸੋਚਿਆ ਪਿੰਡ ਦੀਆਂ ਦੇਸ਼ ਭਗਤੀਆਂ ਖੂਹ ਖਾਤੇ ਪੈ ਰਹੀਆਂ ਹਨ, ਇਹਨਾਂ ਵੈਲੀਆਂ ਤਾਂ ਪਿੰਡ ਦੀ ਦੇਸ਼ ਭਗਤੀ ਦੀ ਜੱਖਣਾ ਕੱਢ ਕੇ ਰਖ ਦਿੱਤੀ। ਮੈਂ ਪਿੰਡ ਦੇ ਦਸ ਬਾਰਾਂ ਪੜ੍ਹੇ ਲਿਖੇ ਮੁੰਡੇ ਜੋੜ ਕੇ ਮੜ੍ਹਾ ਬੰਨਿਆ ਤੇ ਪੁਰਾਣੀ ਪੰਚਾਇਤ ਖੁੰਢਾਂ ‘ਤੇ ਬੈਠਣ ਲਾ ਦਿੱਤੀ ਅਤੇ ਕਾਲਜ ਆਦਿ ਖੜ੍ਹੇ ਕਰਕੇ ਪਿੰਡ ਦਾ ਲਿਬੜਿਆ ਮੂੰਹ ਲਿਸ਼ਕਾ ਦਿਤਾ। ਫਿਰ ਮੇਰੇ ਨਾਵਲ ‘ਰਾਤ ਬਾਕੀ ਹੈ’ ਨੇ ਮੇਰੀ ਜ਼ਿੰਦਗੀ ਵਿਚ ਇਕ ਇਨਕਲਾਬ ਖੜ੍ਹਾ ਕਰ ਦਿੱਤਾ।  ਕੁਦਰਤ ਨੇ ਉਹ ਸੁਗਾਤ ਬਖਸ਼ੀ, ਜਿਸ ਬਿਨਾਂ ਕਦੇ ਸਾਧ ਤੇ ਕਦੇ ਕਮਲਾ ਹੋਣ ਨੂੰ ਫਿਰਦਾ ਸੀ। ਕੁਦਰਤ ਦੀ ਇਸ ਮਿਹਰਬਾਨੀ ਦਾ ਪਰਉਪਕਾਰ ਮੇਰੇ ਕੋਲੋਂ ਦਿਤਾ ਨਹੀਂ ਜਾ ਸਕਦਾ। ਇਹ ਸੱਚ ਐ ਵੇਦਾਂਤ ਨੇ ਸਾਧ ਬਣਾਉਣਾ ਚਾਹਿਆ, ਮਾਰਕਿਜ਼ਮ ਨੇ ਹੱਥ ਦੇ ਕੇ ਬਚਾਇਆ। ਪਰ ਡੋਲਦੇ ਫਿਰਦੇ ਨੂੰ ਡਾ.ਜਸਵੰਤ ਗਿੱਲ ਨੇ ਬਾਹੋਂ ਫੜ ਕੇ ਰੱਖ ਲਿਆ।
ਲੋਕਾਂ ਦੇ ਰੌਲੇ ਗੌਲੇ ਵਿਚੋਂ ਕੱਢ ਕੇ ਵੇਦਾਂਤ ਨੇ ਵਿਚਾਰਸ਼ੀਲ ਬਣਾਇਆ। ਫਿਰ ਮਾਰਕਸਿਜ਼ਮ ਨੇ ਧਰਮਰਾਜ ਦੀਆਂ ਦੇਣਦਾਰੀਆਂ ਤੇ ਜਮਾਂ ਦੀ ਧਮਕਾਰ ਪਰਾਂਹ ਵਗਾਹ ਮਾਰੀ। ਇਹਨਾਂ ਦੇ ਪਰਾਂ ਦੀ ਉਡਾਰ ਕਾਰਨ ਜਗਤ ਜਲੰਦੇ ਤੋਂ ਛੁਟਕਾਰਾ ਅਥਵਾ ਡਰ ਭੈ ਲਾਹ ਦਿੱਤਾ। ਪਰ ਜੀਣ ਦਾ ਜੰਜਾਲ ਹਾਲੇ ਸਾਹਮਣੇ ਖੜਾ ਸੀ। ਮਾਰਕਸਿਜ਼ਮ ਦੀ ਜੱਦੋਜਹਿਦ ਤੇ ਇਨਕਲਾਬ ਦੀ ਵੰਗਾਰ ਇਕ ਪਾਸੇ ਹਾਕਾਂ ਮਾਰ ਰਹੀ ਸੀ ਅਤੇ ਵੇਦਾਂਤ ਆਖਦਾ ਸੀ, ਇਹ ਜੋ ਦਿਸਦਾ ਸੰਸਾਰ ਐ, ਸਭ ਸੁਪਨੇ ਦਾ ਘੜਿਆ ਜੰਜਾਲ ਹੈ ਤੇ ਫਨਾਹ ਫਿਲਾ ਹੈ। ਗੁਰਬਾਣੀ ਵੀ ਆਵਾਗੌਣ ਵਿਚਦੀ ਖਿੱਚਦੀ ਸੀ। ਮਾਰਕਸੀ ਵਿਚਾਰਧਾਰਾ ਵੰਗਾਰਦੀ ਸੀ, ਆਹ ਜੱਗ ਮਿੱਠਾ ਅਗਲਾ ਕਿਸ ਡਿੱਠਾ। ਭਾਵੇਂ ਦੋਵੇਂ ਪੱਖ-ਰੱਖ, ਧੰਦਾਲਾਂ ‘ਚ ਫਸੀ ਰੂਹ ਨੂੰ ਵੰਗਾਰਦੇ ਉਡਾਂਦੇ ਸਨ। ਕੁਝ ਸਮਾਂ ਮੈਨੂੰ ਦੋਵੇ ਪੱਖਾਂ ਦੀਆਂ ਧੌਲ੍ਹਾਂ ਬੌਂਦਲਾਈ ਰੱਖਿਆ। ਸਾਧ ਹੋਣਾ ਤੇ ਕਾਮਰੇਡ ਬਣਨਾ ਮੇਰੇ ਸਾਹਮਣੇ ਦੋ ਵੰਗਾਰਾਂ ਸਨ। ਸੰਸਾਰ ਦੀਆਂ ਧੌਲ੍ਹਾਂ-ਧੰਦਾਰਾਂ ਨੇ ਮੈਨੂੰ ਥੋੜ੍ਹਾ ਹਲੂਣਿਆ। ਸਾਇੰਸ ਅੱਜ-ਕਲ੍ਹ ਦੇ ਸਾਰੇ ਵਹਿਮਾਂ ਭਰਮਾਂ ਦੀ ਕਲਿਆਣਕਾਰੀ ਐ। ਕਿਹੜਾ ਸਿਧਾਂਤ ਸੰਸਾਰ ਨੂੰ ਸੁਪਨਾ ਮੰਨਦਾ ਹੈ ; ਮਰਨ ਤੋਂ ਬਾਅਦ ਜੇ ਰੂਹ ਨੂੰ ਖਿੱਚ-ਧੂਹ ਹੋਈ ਫੇਰ ਭਲੀ-ਭਾਂਤ ਵੇਖਾਂਗੇ ; ਸਾਇੰਸ ਦਾ ਜਿਊਂਦਾ ਜਾਗਦਾ ਬੱਲੇ-ਬੱਲੇ ਮੇਲਾ ਤਾਂ ਟੌਅਰ ਨਾਲ ਵੇਖੀਏ। ਵੇਦਾਂਤ ਦੇ ਸੰਸਾਰ ਫਨਾਹ-ਫਿਲਾ ਤੋਂ ਪਹਿਲਾਂ, ਸਾਇੰਸੀ ਚਮਤਕਾਰ ਦੀ ਦੁਨੀਆ ਦੇ ਰੰਗ ਤਾਂ ਮਾਣੀਏ। ਮੈਨੂੰ ਝੂਠ ਦੇ ਵਪਾਰੀ ਸਾਧਾਂ ਸੰਤਾਂ ਦੇ ਜੂਠੇ ਭਾਂਡੇ ਮਾਂਜਣ ਦੀ ਵੀ ਕਰਿਜ ਚੜ੍ਹੀ ਹੋਈ ਸੀ। ਪਰ ”ਅਹੁੰ ਬ੍ਰਹਮ ਅਸਮੀ” ਦਾ ਗਿਆਨ ਮੰਤਰ ਸਿਰ ਵਿਚ ਖੁੱਭਿਆ ਪਲਸੇਟੇ ਮਾਰਨੋਂ ਨਹੀਂ ਹਟਦਾ ਸੀ। ਪਰ ਸਾਇੰਸ ਦੀ ਸਦਾ-ਸੱਚ ਸ਼ੁਕਰਮਤਾ ਨੇ ਦੁਨੀਆ ਦੀ ਜਗ ਮਗ ਦੇ ਹਾਣ ਦਾ ਕਰ ‘ਤਾ। ਮੈਂ ਫਸਲ ਗਹਾਈ ਦੀ ਮਿਹੜ ਵਿਚ ਉਤਲੇ ਬਲਦ ਵਾਂਗ ਵਗਣਾ ਸ਼ੁਰੂ ਕਰ ਦਿੱਤਾ।  ਸਾਇੰਸ ਦੇ ਚਾਨਣ ਨੇ ਜੀਵ ਆਤਮਾ ਦੀ ਉਤਪਤੀ ਅਤੇ ਕਰਮ-ਕਾਂਡਾਂ ਤੋਂ ਮੇਰੀ ਇਕ ਤਰ੍ਹਾਂ ਕਲਿਆਣ ਕਰ ਮਾਰੀ। ਮੈਂ ਚੌਰਾਸੀ ਲੱਖ ਜੂਨ ਦੇ ਜਨਮ ਮਰਨ ਤੋਂ ਇਕ ਤਰ੍ਹਾਂ ਸੁਖਾਲਾ ਹੋ ਗਿਆ। ਭਲਾ ਪਿਆ ਮੇਰਾ ਚਰਖਾ ਟੁੱਟਾ, ਜਿੰਦ ਅਜ਼ਾਬੋਂ ਛੁੱਟੀ।

Leave a Reply

Your email address will not be published. Required fields are marked *