ਚੂੰਢੀਆਂ…. ਇਨਕਲਾਬ-ਜ਼ਿੰਦਾਬਾਦ / ਸੰਜੀਵਨ ਸਿੰਘ

ਪਹਿਲਾਂ ਤਾਂ ਪੰਜਾਬੀ ਪਿਆਰਿਆਂ, ਬੁੱਧੀਜੀਵੀਆਂ, ਆਲੋਚਕਾਂ, ਵਿਦਵਾਨਾਂ ਅਤੇ ਕਲਮਕਾਰਾਂ ਨੂੰ ਹਿੰਦੀ ਫਿਲਮਕਾਰਾਂ ਨਾਲ ਇਹ ਸ਼ਿਕਾਇਤ ਸੀ ਕਿ ਪੰਜਾਬੀ ਸਭਿਆਚਾਰ, ਭਾਸ਼ਾ ਤੇ ਇਤਿਹਾਸ ਨੂੰ ਫਿਲਮਾਂ ਵਾਲਿਆਂ ਨੇ ਅੱਖੋਂ-ਪਰੋਖ਼ੇ ਕੀਤਾ ਹੋਇਆ ਹੈ।ਪੰਜਾਬੀ ਸਭਿਆਚਾਰ ਤੇ ਇਤਿਹਾਸ ਦੀਆਂ ਬਰੀਕੀਆਂ ਨੂੰ  ਦਰਸਾਉਂਦੀ  ਫਿਲਮ ਕਿਸੇ ਸਿਰ ਕੱਢ ਤੇ ਸੂਝਵਾਨ ਪੰਜਾਬੀ ਫਿਲਮਕਾਰ ਨੂੰ ਬਣਾਉਣ ਦਾ ਕਦੇ ਚੇਤਾ ਹੀ ਨਹੀਂ ਆਉਂਦਾ। ਪੰਜਾਬੀ ਹੋਣ ਦਾ ਮਾਣ ਤਾਂ ਕਰਦੇ ਹਨ ਪਰ ਪੰਜਾਬੀਅਤ ਪ੍ਰਤੀ ਮੋਹ, ਹੇਜ ਤੇ ਸਤਿਕਾਰ ਦਾ ਪ੍ਰਗਾਟਾਵਾ ਕਦੇ ਮਿਆਰੀ ਪੰਜਾਬੀ ਫਿਲਮ ਬਣਾ ਕੇ ਨਹੀਂ ਕੀਤਾ। ਇਹ ਸ਼ਿਕਵਾ ਬਿਲਕੁਲ ਵਾਜ਼ਿਬ ਵੀ ਸੀ।
ਸ਼ਹੀਦ ਭਗਤ ਸਿੰਘ ਦੀ ਜਨਮ ਸ਼ਤਾਬਦੀ ਮੌਕੇ ਜਦ ਫਿਲਮਕਾਰਾਂ ਨੇ ਕਈ ਫਿਲਮਾਂ ਭਗਤ ਸਿੰਘ ਦੇ ਜੀਵਨ  ‘ਤੇ ਬਣਾ ਦਿੱਤੀਆਂ ਤਾਂ ਰਾਹ ਦਸੇਰਿਆਂ ਨੂੰ ਸ਼ਿਕਵਾ ਇਹ ਸੀ ਕਿ ਇਨ੍ਹਾਂ ਫਿਲਮਾਂ ਵਿਚ ਇਤਿਹਾਸ ਨਾਲ ਬੇਲੋੜੀ ਛੇੜਛਾੜ ਕੀਤੀ ਗਈ। ਕਈ ਕਾਲਪਨਿਕ ਦ੍ਰਿਸ਼ ਬਿਨ੍ਹਾਂ ਵਜਹ ਹੀ ਇਨ੍ਹਾਂ ਫਿਲਮਾਂ ਵਿਚ ਪਾਅ ਦਿੱਤੇ ਗਏ ਹਨ। ਫਿਲਮਕਾਰਾਂ ਨੇ ਪੈਸਾ ਕਮਾਉਣ ਦੀ ਮਨਸ਼ਾ ਨਾਲ ਫਿਲਮਾਂ ਬਣਾਈਆਂ ਹਨ, ਵਗੈਰਾ ਵਗੈਰਾ। ਬੇਸ਼ਕ ਉਹ ਸਭ ਦ੍ਰਿਸ਼ ਜੋ ਸ਼ਹੀਦ ਭਗਤ ਸਿੰਘ ਦੀ ਸ਼ਖਸ਼ੀਅਤ  ਨਾਲ  ਮੇਲ ਨਹੀਂ ਖਾਂਦੇ, ਉਨ੍ਹਾਂ  ਤੋਂ ਗੁਰੇਜ਼ ਕਰਨਾ ਚਾਹੀਦਾ ਸੀ। ਪਰ ਫੇਰ ਵੀ ਇਨ੍ਹਾਂ ਫਿਲਮਾਂ ਦੀ ਮਹੱਤਤਾ ਨੂੰ ਕਿਸੇ ਵੀ ਲਿਹਾਜ਼ ਨਾਲ ਘਟਾ ਕੇ ਨਹੀਂ ਦੇਖਣਾ ਚਾਹੀਦਾ। ਹੁਣ ਜੇ ਕੁੱਝ  ਫਿਲਮਕਾਰਾਂ ਨੇ ਬਹੁਤ ਵੱਡੇ ਬਜਟ ਵਾਲੀਆਂ  ਫਿਲਮਾਂ ਬਣਾਉਣ ਦੀ ਹਿੰਮਤ ਕੀਤਾ ਹੈ ਤਾਂ ਉਹਨਾਂ ਦੀਆਂ ਖਾਮੀਆਂ ਦੱਸਣ  ਕੇ ਤੋਏ-ਤੋਏ ਕਰ ਕੇ ਮਗਰ ਪੈਣ ਦੀ ਥਾਂ, ਖੂਬੀਆਂ ਦਾ ਸਵਾਗਤ ਵੀ ਕਰਨਾ ਚਾਹੀਦਾ ਸੀ। ਗਲਾਸ ਨੂੰ ਅੱਧਾ ਖਾਲੀ ਕਹਿਕੇ ਭੰਡਣ ਦੀ ਥਾਂ ਅੱਧਾ ਭਰਿਆ ਕਹਿਣ ਵਿਚ ਵੀ ਕੋਈ ਹਰਜ਼ ਨਹੀਂ ਸੀ। ਨਾਂਹ-ਪੱਖੀ ਪ੍ਰਭਾਵ ਦੇ ਨਾਲੋ ਨਾਲ, ਹਾਂ-ਪੱਖੀ ਅਸਰ ਦਾ ਵੀ ਜ਼ਿਕਰ ਕਰਨਾ ਚਾਹੀਦਾ ਸੀ।
 ਮੈਂ ਵੀ ਸਾਰੀਆਂ ਫਿਲਮਾਂ ਵੇਖੀਆ ਸਨ ਪਰ ਮੈਂ ਜ਼ਿਆਦਾ ਬੌਧਿਕ ਗੱਲਾਂ ਕਰਨ ਦੀ ਥਾਂ ਕੁੱਝ ਖੁੱਲੀਆਂ-ਡੁੱਲੀਆਂ ਗਲਾਂ ਹੀ ਕਰਾਂਗਾ। ਪਹਿਲਾਂ ਫਿਲਮ ਦੇਖਣ ਸਮੇਂ ਜੇ ਫਿਲਮ ਵਿਚ ਕੋਈ ਵਿਘਨ  ਪੈ ਜਾਂਦਾ ਜਾਂ ਲਾਈਟ ਚੱਲੇ ਜਾਣੀ ਤਾਂ ਦਰਸ਼ਕ ਗੰਦੇ ਤੇ ਅਸ਼ਲੀਲ ਫ਼ਿਕਰੇ ਕੱਸਦੇ, ਸੀਟੀਆਂ, ਕੂਕਾਂ, ਚੀਕਾਂ ਮਾਰਦੇ ਸਨ। ਸ਼ਹੀਦ ਭਗਤ ਸਿੰਘ ਫਿਲਮ ਦੇਖਦੇ ਲਾਈਟ ਜਾਣ ‘ਤੇ ਦਰਸ਼ਕ ਨਾਅਰੇ ਲਾ ਰਹੇ ਸਨ ‘ਇਨਕਲਾਬ ਜ਼ਿੰਦਾਬਾਦ’। ਘਰ ਆ ਕੇ ਮੇਰੀਆਂ ਦੋਵੇਂ ਬੇਟੀਆਂ ਕਹਿੰਦੀਆ ਫਿਰ ਰਹੀਆਂ ਸਨ ਭਗਤ ਸਿੰਘ ਜ਼ਿੰਦਾਬਾਦ।ਮੇਰਾ ਭਤੀਜਾ ਤੋਤਲੀ ਆਵਾਜ਼ ਵਿਚ ਗਾਉਂਦਾ ਫਿਰ ਰਿਹਾ ਸੀ, ”ਮੇਲਾ ਲੰਗਦੇ ਛੰਤੀ ਤੋਲਾ। (ਮੇਰਾ ਰੰਗ ਦੇ ਬਸੰਤੀ ਚੋਲਾ)
ਪਹਿਲਾਂ ਬੱਚੇ ਅੱਤਵਾਦੀ-ਅੱਤਵਾਦੀ ਖੇਡਦੇ ਸਨ। ਫੇਰ ਭਗਤ ਸਿੰਘ-ਭਗਤ ਸਿੰਘ ਖੇਡਣ ਲੱਗ ਪਏ। ਪਹਿਲਾ ਬੱਚੇ ਅੱਤਵਾਦੀ ਬਣਨਾ ਪਸੰਦ ਕਰਦੇ ਸਨ ਪੁਲਿਸ ਨਹੀਂ। ਫੇਰ ਭਗਤ ਸਿੰਘ ਬਣਨਾ ਪਸੰਦ ਕਰਨ ਲੱਗ ਪਏ। ਅੰਗਰੇਜ਼ ਸਿਪਾਹੀ ਨਹੀਂ। ਪਹਿਲਾ ਗੀਤ ਗਾਉਂਦੇ ਸਨ ”ਚੋਲੀ ਕੇ ਪੀਛੇ ਕਿਆ ਹੈ” ਫੇਰ ਗਾਉਂਣ ਲੱਗ ਪਏ ‘ਮੇਰਾ ਰੰਗਦੇ ਬਸੰਤੀ ਚੋਲਾ’। ਪਹਿਲਾ ਗਾਉਂਦੇ ਸਨ ‘ਮੇਰੀ ਪੈਂਟ ਵੀ ਹੈ ਸੈਕਸੀ, ਮੇਰੀ ਚਾਲ ਵੀ ਹੈ ਸੈਕਸੀ।’ਫੇਰ ਗਾਉਂਣ ਲੱਗ ਪਏ ‘ਸਰ ਫਿਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ। ਪਹਿਲਾ ਗਭਰੂ ਦਾੜੀ ਖੁੱਲੀ ਛੱਡ ਕੇ, ਕੇਸਰੀ ਪੱਗ ਬੰਨ ਕੇ ਕਾਲੀ ਲੋਈ ਲੈਂਦੇ ਸਨ। ਫੇਰ ਭਗਤ ਸਿੰਘ ਵਰਗੀ ਪੱਗ ਬੰਨਣ ਲੱਗ ਪਏ ਤੇ ਭਗਤ ਸਿੰਘ ਵਰਗਾ ਕੁੜਤਾ ਪਜਾਮਾ ਪਾਉਂਦੇ।
ਮੇਰਾ ਇਹ ਦਾਅਵਾ ਹਰਗਿਜ਼ ਵੀ ਨਹੀਂ ਹੈ ਕਿ ਇਨ੍ਹਾਂ ਫਿਲਮਾਂ ਦਾ ਪ੍ਰਭਾਵ ਸਮਾਜ ਉਪਰ ਸਥਾਈ ਤੌਰ ‘ਤੇ ਹੀ ਪੈ ਗਿਆ।ਉਸ ਤੋਂ ਬਾਅਦ ਬੱਚਿਆਂ ਤੇ ਨੌਜਵਾਨਾਂ ਨੇ ਹੋਰ ਪਾਸੇ ਮੋੜਾ ਨਹੀਂ ਕੱਟਿਆ। ਬੇਸ਼ਕ  ਵਕਤੀ ਤੌਰ ‘ਤੇ ਹੀ ਸਹੀ ਪਰ ਸਮਾਜ ਨੇ ਇਤਿਹਾਸ ਦਾ ਹਾਂ-ਪੱਖੀ ਪ੍ਰਭਾਵ ਜ਼ਰੂਰ ਕਬੁਲਿਆ ਸੀ। ਜ਼ੁੰਮੇਵਾਰੀ ਸਾਡੇ ਕਲਮਕਾਰਾਂ, ਵਿਦਵਾਨਾਂ, ਬੁੱਧੀਜੀਵੀਆਂ ਤੇ ਆਲੋਚਕਾਂ ਸਿਰ ਸੀ। ਸਮਾਜ ‘ਤੇ ਪਏ ਹਾਂ-ਪੱਖੀ ਪ੍ਰਭਾਵ ਦਾ ਕਿੰਨ੍ਹਾਂ ਕੁ ਲਾਹਾ ਲੈਣ ਵਿਚ ਕਾਮਯਾਬ ਹੋਏ ਸਮਾਜ ਦੇ ਰਾਹ-ਦਸੇਰਾ। ਬੇਸ਼ਕ ਉਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਬੱਚਿਆਂ ਨੂੰ ‘ਭਗਤ ਸਿੰਘ’,’ਬਸੰਤੀ ਚੋਲੇ’ ਤੇ ‘ਸਰ ਫਿਰੋਸ਼ੀ’ ਦੇ ਮਾਇਨੇ ਹੀ ਕੀ ਪਤਾ ਨੇ ਪਰ ਮੇਰਾ ਕਹਿਣਾ ਹੈ ਕਿ ਬੱਚਿਆ ਨੂੰ ਤਾਂ ਅੱਤਵਾਦੀ, ਚੋਲੀ ਕੇ ਪਿੱਛੇ ਤੇ ਸੈਕਸੀ ਪੈਂਟ ਦੇ ਵੀ ਅਰਥ  ਨਹੀਂ ਸੀ ਪਤਾ। ਇਨ੍ਹਾਂ ਦੇ ਅਰਥਾਂ-ਅਨਰਥਾਂ ਪ੍ਰਤੀ ਸੁਚੇਤ ਤਾਂ ਸਮਾਜ ਦੇ ਸੁਚੇਤ ਵਰਗ ਨੇ ਹੀ ਕਰਨਾ ਹੈ। ਇਨ੍ਹਾਂ ਦੇ ਦਿਮਾਗ ਤਾਂ ਮੱਥੇ ‘ਤੇ ਜਗਦੇ ਦੀਵੇ ਵਾਲਿਆਂ ਨੇ ਹੀ ਰੁਸ਼ਨਾਉਣੇ ਹਨ। ਇਨ੍ਹਾਂ ਦੀ ਜ਼ਿੰਦਗੀ ਵਿਚ  ਸੂਝ ਦਾ ਸਵੇਰਾ ਤਾਂ ਸੂਝਵਾਨਾਂ ਨੇ ਹੀ ਕਰਨਾ ਹੈ। ‘ਇਨਕਲਾਬ ਜ਼ਿੰਦਾਬਾਦ’ਦੇ ਅਰਥ ਤਾਂ ਤੀਸਰੇ ਨੇਤਰ ਵਾਲਿਆਂ ਨੇ ਸਮਝਾਉਣੇ ਹਨ।

ਸੰਜੀਵਨ ਸਿੰਘ

2249, ਫੇਸ – 10

ਮੁਹਾਲੀ (ਪੰਜਾਬ)

94174-60656

Leave a Reply

Your email address will not be published. Required fields are marked *