ਕੁਸ਼ਤੀ ‘ਚ ਕਮਾਲਾਂ ਕਰਦਾ ਕਰਤਾਰ/ ਨਵਦੀਪ ਸਿੰਘ ਗਿੱਲ

ਕੁਸ਼ਤੀ ਵਿੱਚ ਕਰਤਾਰ ਨੇ ਕਮਾਲਾਂ ਹੀ ਕੀਤੀਆਂ ਹਨ। ਸੁਰ ਸਿੰਘ ਤੋਂ ਸਿਓਲ ਤੱਕ ਉਸ ਦੀ ਗੁੱਡੀ ਅਜਿਹੀ ਚੜ੍ਹੀ ਕਿ ਅੱਜ ਉਹ ਭਾਰਤੀ ਕੁਸ਼ਤੀ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਪ੍ਰਾਪਤੀਆਂ ਤੇ ਲੰਬਾ ਸਮਾਂ ਪਹਿਲਵਾਨੀ ਕਰਨ ਵਾਲਾ ਭਲਵਾਨ ਹੈ। ਦੋ ਵਾਰ ਏਸ਼ਿਆਈ ਖੇਡਾਂ ਦਾ ਚੈਂਪੀਅਨ ਬਣਨ ਵਾਲਾ ਉਹ ਇਕਲੌਤਾ ਭਾਰਤੀ ਪਹਿਲਵਾਨ ਹੈ। ਵੀਹ ਵਾਰ ਵੈਟਰਨ ਵਿਸ਼ਨ ਚੈਂਪੀਅਨ ਬਣਨ ਦਾ ਵਿਸ਼ਵ ਰਿਕਾਰਡ ਵੀ ਉਸ ਦੇ ਨਾਂ ਦਰਜ ਹੈ। ਪੰਜਾਬ ਕੇਸਰੀ ਤੋਂ ਰੁਸਤਮ-ਏ-ਜਮਾਂ, ਜ਼ਿਲਾ ਸਕੂਲੀ ਖੇਡਾਂ ਤੋਂ ਵਿਸ਼ਵ ਚੈਂਪੀਅਨਸ਼ਿਪ ਤੱਕ ਉਸ ਨੇ ਆਪਣੇ ਜ਼ੋਰ ਦਾ ਲੋਹਾ ਮਨਵਾਇਆ। ਵਿਸ਼ਵ ਚੈਂਪੀਅਨਸ਼ਿਪ ਵਿੱਚ ਇਕ ਚਾਂਦੀ ਤੇ ਇਕ ਕਾਂਸੀ ਦਾ ਤਮਗਾ, ਏਸ਼ਿਆਈ ਖੇਡਾਂ ਵਿੱਚ ਦੋ ਸੋਨੇ ਤੇ ਇਕ ਚਾਂਦੀ ਦਾ ਤਮਗਾ, ਰਾਸ਼ਟਰਮੰਡਲ ਖੇਡਾਂ ਵਿੱਚ ਇਕ ਚਾਂਦੀ ਤੇ ਇਕ ਕਾਂਸੀ ਦਾ ਤਮਗਾ, ਏਸ਼ੀਅਨ ਚੈਂਪੀਅਨਸ਼ਿਪ ਵਿੱਚ ਇਕ ਸੋਨੇ ਤੇ ਦੋ ਚਾਂਦੀ ਦੇ ਤਮਗੇ ਜਿੱਤੇ। ਚਾਲੀ ਵਰ੍ਹਿਆਂ ਦੀ ਉਮਰੇ ਜਦੋਂ ਭਲਵਾਨ ਹੱਡ-ਗੋਡਿਆਂ ਦੀਆਂ ਰਗੜਾਂ ਤੋਂ ਬਾਅਦ ਮੰਜੇ ਨੂੰ ਜੁੜੇ ਜਾਂਦੇ ਹਨ ਤਾਂ ਕਰਤਾਰ ਨੇ ਹੋਰ ਵੀ ਨਿੱਠ ਕੇ ਘੁਲਣਾ ਸ਼ੁਰੂ ਕਰ ਦਿੱਤਾ। ਕੁੱਲ ਦੁਨੀਆਂ ਵਿੱਚ ਕੋਈ ਵੀ ਅਜਿਹਾ ਭਲਵਾਨ ਨਹੀਂ ਜਿਸ ਨੇ ਉਸ ਜਿੰਨਾ ਘੁਲਿਆ ਹੋਵੇ। ਕਰਤਾਰ ਨੂੰ ਇਕੋ ਰੰਜ ਓਲੰਪਿਕ ਤਮਗੇ ਦਾ ਹੈ ਜੋ ਉਹ ਨਹੀਂ ਜਿੱਤ ਸਕਿਆ। ਕਰਤਾਰ ਨੇ ਤਿੰਨ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। ਇਕ ਵਾਰ ਉਹ ਪੰਜਵੇਂ ਸਥਾਨ ‘ਤੇ ਰਿਹਾ। ਕਰਤਾਰ ਦੀ ਇਹ ਰੀਝ 2008 ਦੀਆਂ ਬੀਜਿੰਗ ਓਲੰਪਿਕ ਖੇਡਾਂ ਵੇਲੇ ਉਸ ਸਮੇਂ ਪੂਰੀ ਹੋਈ ਜਦੋਂ ਸੁਸ਼ੀਲ ਨੇ ਜਦੋਂ ਕਾਂਸੀ ਦਾ ਤਮਗਾ ਜਿੱਤਿਆ ਤਾਂ ਕਰਤਾਰ ਭਾਰਤੀ ਕੁਸ਼ਤੀ ਟੀਮ ਦਾ ਮੈਨੇਜਰ ਸੀ। ਕਰਤਾਰ ਦੇ ਮੈਨੇਜਰ ਹੁੰਦਿਆਂ ਹੀ ਸੁਸ਼ੀਲ ਨੇ ਮਾਸਕੋ ਵਿਖੇ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਸੀ।
ਕਰਤਾਰ ਇਕੋ ਇਕ ਭਲਵਾਨ ਹੈ ਜਿਸ ਨੇ ਹਰ ਤਰ੍ਹਾਂ ਦੀ ਕੁਸ਼ਤੀ ਲੜੀ ਹੈ। ਮੈਟ ਉਤੇ ਫਰੀ ਸਟਾਈਲ ਅਤੇ ਗਰੀਕੋ ਰੋਮਨ ਦੋਵਾਂ ਵਿੱਚ ਹੀ ਉਹ ਏਸ਼ੀਆ ਦਾ ਚੈਂਪੀਅਨ ਬਣਿਆ। ਮਿੱਟੀ ਦੀਆਂ ਕੁਸ਼ਤੀਆਂ ਦੇ ਵੀ ਉਸ ਨੇ ਵੱਡੇ ਦੰਗਲ ਜਿੱਤੇ। ਦਾਰਾ ਸਿੰਘ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਨੁਮਾਇਸ਼ੀ ਫਰੀ ਸਟਾਈਲ ਕੁਸ਼ਤੀਆਂ ਵੀ ਲੜੀਆਂ। ਵੱਡੀ ਉਮਰੇ ਉਸ ਨੇ ਵੈਟਰਨ ਮੁਕਾਬਲਿਆਂ ਵਿੱਚ ਸਰਦਾਰੀ ਕੀਤੀ। ਭਲਵਾਨੀ ਦਾ ਜਾਨੂੰਨ ਹਾਲੇ ਵੀ ਉਸ ਵਿੱਚ ਸਿਖਾਂਦਰੂਆਂ ਵਰਗਾ ਹੈ। 67 ਵਰ੍ਹਿਆਂ ਦੀ ਉਮਰੇ ਵੀ ਕਰਤਾਰ ਰੋਜ਼ਾਨਾ ਦੋ ਘੰਟੇ ਜ਼ੋਰ ਕਰਦਾ ਹੈ। ਹੁਣ ਉਹ ਕੁਸ਼ਤੀ ਮੁਕਾਬਲੇ ਕਰਵਾਉਣ ਅਤੇ ਛਿੰਝ ਅਖਾੜਿਆਂ ਦਾ ਸਰਪ੍ਰਸਤ ਹੈ। ਕਰਤਾਰ ਨੇ ਪਹਿਲਾ ਦਾਰਾ ਸਿੰਘ ਨੂੰ ਗੁਰੂ ਧਾਰਿਆ ਅਤੇ ਫੇਰ ਦਾਰਾ ਸਿੰਘ ਦੀ ਪ੍ਰੇਰਨਾ ਨਾਲ ਹੀ ਗੁਰੂ ਹਨੂੰਮਾਨ ਦੀ ਦਸ ਵਰ੍ਹੇ ਸ਼ਾਗਿਰਦੀ ਕੀਤੀ। ਕਰਤਾਰ ਦੇ ਦੋਵੇਂ ਗੁਰੂਆਂ ਨੂੰ ਆਪਣੇ ਇਸ ਚੇਲੇ ਉਤੇ ਮਾਣ ਰਿਹਾ।
ਕੌਮੀ ਪੱਧਰ ‘ਤੇ ਡੇਢ ਦਹਾਕਾ ਉਸ ਦੇ ਜੋੜ ਦਾ ਕੋਈ ਭਲਵਾਨ ਨਹੀਂ ਹੋਇਆ। 15 ਸਾਲ ਲਗਾਤਾਰ ਉਹ ਕੌਮੀ ਚੈਂਪੀਅਨ ਅਤੇ 13 ਸਾਲ ਆਲ ਇੰਡੀਆ ਪੁਲਿਸ ਖੇਡਾਂ ਦਾ ਚੈਂਪੀਅਨ ਰਿਹਾ। ਦੇਸ਼ ਦਾ ਕੋਈ ਚੋਟੀ ਦਾ ਦੰਗਲ, ਛਿੰਝ ਨਹੀਂ ਜਿੱਥੇ ਕਰਤਾਰ ਨੇ ਆਪਣੀ ਝੰਡੀ ਨਾ ਗੱਡੀ ਹੋਵੇ। ਪੰਜਾਬ ਕੇਸਰੀ, ਭਾਰਤ ਕੁਮਾਰ, ਭਾਰਤ ਕੇਸਰੀ, ਮੋਤੀ ਲਾਲ ਨਹਿਰੂ ਟਰਾਫੀ, ਮਹਾਂਪੌਰ ਕੇਸਰੀ, ਬੰਬੇ ਮਹਾਂਪੌਰ ਕੇਸਰੀ, ਭਾਰਤ ਮੱਲ ਸਮਰਾਟ, ਰੁਸਤਮ-ਏ-ਹਿੰਦ, ਰੁਸਤਮ-ਏ-ਜਮਾਂ ਸਭ ਖਿਤਾਬ ਕਰਤਾਰ ਨੇ ਜਿੱਤੇ। ਕੁਸ਼ਤੀ ਦੇ ਸਿਰ ‘ਤੇ ਉਹ ਪੰਜਾਬ ਪੁਲਿਸ ਦੇ ਆਈ.ਜੀ. ਦੇ ਅਹੁਦੇ ਤੱਕ ਪੁੱਜਿਆ। ਪੰਜਾਬ ਦੇ ਖੇਡ ਵਿਭਾਗ ਦਾ ਡਾਇਰੈਕਟਰ ਅਤੇ ਪੰਜਾਬ ਕੁਸ਼ਤੀ ਸੰਘ ਦਾ ਪ੍ਰਧਾਨ ਤੇ ਭਾਰਤੀ ਕੁਸ਼ਤੀ ਸੰਘ ਦਾ ਜਨਰਲ ਸਕੱਤਰ ਬਣਿਆ। ਪਹਿਲੇ ਏਸ਼ਿਆਈ ਖੇਡਾਂ ਦੇ ਸੋਨ ਤਮਗੇ ਨਾਲ ਉਹ ਬੀ.ਐਸ.ਐਫ. ਵਿੱਚ ਇੰਸਪੈਕਟਰ ਤੋਂ ਡੀ.ਐਸ.ਪੀ. ਬਣਿਆ ਅਤੇ ਦੂਜੇ ਏਸ਼ਿਆਈ ਖੇਡਾਂ ਦੇ ਸੋਨ ਤਮਗੇ ਨਾਲ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਤੋਂ ਡੀ.ਐਸ.ਪੀ. ਬਣਿਆ। ਇੰਝ ਉਸ ਨੇ ਆਪਣੇ ਭਲਵਾਨੀ ਦੇ ਜ਼ੋਰ ਨਾਲ ਡੀ.ਐਸ.ਪੀ. ਦੀ ਪੋਸਟ ਹਾਸਲ ਕੀਤੀ।
ਭਾਰਤ ਸਰਕਾਰ ਨੇ ਕਰਤਾਰ ਨੂੰ ਪਦਮ ਸ੍ਰੀ ਤੇ ਅਰਜੁਨਾ ਐਵਾਰਡ ਨਾਲ ਸਨਮਾਨਿਆ ਅਤੇ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ। 1986 ਵਿੱਚ ਦੂਜੀ ਵਾਰ ਏਸ਼ਿਆਈ ਖੇਡਾਂ ਦਾ ਚੈਂਪੀਅਨ ਬਣ ਕੇ ਆਇਆ ਤਾਂ ਪੰਜਾਬ ਸਰਕਾਰ ਨੇ ਉਸ ਨੂੰ ਇਨਾਮ ਵਿੱਚ ਕਾਰ ਦਿੱਤੀ। ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹਰ ਖੇਤਰ ਦੀਆਂ ਚੋਟੀ ਦੀਆਂ ਹਸਤੀਆਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਵਿੱਚ ਕਰਤਾਰ ਸਿੰਘ ਦਾ ਨਾਂ ਮੋਹਰਲੀ ਕਤਾਰ ਵਿੱਚ ਸੀ। ਕਰਤਾਰ ਭਾਰਤੀ ਖੇਡਾਂ ਵਿੱਚ ਦੰਦ ਕਥਾਵਾਂ ਦਾ ਪਾਤਰ ਹੈ ਜਿਸ ਦਾ ਨਾਂ ਜ਼ੋਰ ਤੇ ਤਾਕਤ ਦੇ ਸੂਚਕ ਵਜੋਂ ਲਿਆ ਜਾਂਦਾ ਹੈ। ਕਰਤਾਰ ਨੇ ਸਾਧ ਬਣ ਕੇ ਅਖਾੜਿਆਂ ਵਿੱਚ ਤਪੱਸਿਆ ਕੀਤੀ ਅਤੇ ਆਪਣੇ ਜ਼ੋਰ ਤੇ ਜੁਗਤ ਨਾਲ ਕੁੱਲ ਦੁਨੀਆਂ ਜਿੱਤੀ। ਭਾਰਤੀ ਕੁਸ਼ਤੀ ਅੰਬਰ ਦਾ ਉਹ ਚਮਕਦਾ ਸਿਤਾਰਾ ਹੈ ਜਿਸ ਉਤੇ ਪੂਰੇ ਮੁਲਕ ਨੂੰ ਮਾਣ ਹੈ।
ਕਰਤਾਰ ਸਿੰਘ ਮਾਝੇ ਦੇ ਮਸ਼ਹੂਰ ਪਿੰਡ ਸੁਰ ਸਿੰਘ ਦਾ ਜੰਮਪਲ ਹੈ। ਭਾਈ ਬਿਧੀ ਚੰਦ ਇਸੇ ਪਿੰਡ ਦੇ ਰਹਿਣ ਵਾਲੇ ਸਨ। ਕਰਤਾਰ ਦਾ ਜਨਮ 15 ਜਨਵਰੀ 1953 ਨੂੰ ਕਰਨੈਲ ਸਿੰਘ ਦੇ ਘਰ ਮਾਤਾ ਪ੍ਰੀਤਮ ਕੌਰ ਦੀ ਕੁੱਖੋਂ ਹੋਇਆ। ਕਾਗਜ਼ਾਂ ਵਿੱਚ ਕਰਤਾਰ ਦੀ ਜਨਮ ਤਰੀਕ 7 ਅਕਤੂਬਰ 1953 ਹੈ। ਕਰਤਾਰ ਦੀ ਅਸਲ ਜਨਮ ਤਰੀਕ ਬਾਰੇ ਉਸ ਦੀ ਮਾਤਾ ਵੱਲੋਂ ਦੱਸੇ ਦੇਸੀ ਤਰੀਕੇ ਨਾਲ ਪਤਾ ਲੱਗਦਾ ਹੈ। ਕਰਤਾਰ ਦੀ ਮਾਤਾ ਦੱਸਦੀ ਹੁੰਦੀ ਸੀ ਕਿ ਮਾਘੀ ਤੋਂ ਤੀਜੇ ਦਿਨ ਤਾਰੇ ਦਾ ਜਨਮ ਹੋਇਆ ਸੀ। ਉਸ ਸਾਲ ਲੋਹੜੀ 12 ਜਨਵਰੀ ਤੇ ਮਾਘੀ 13 ਜਨਵਰੀ ਦੀ ਸੀ ਜਿਸ ਕਾਰਨ ਕਰਤਾਰ ਦਾ ਜਨਮ 15 ਜਨਵਰੀ ਨੂੰ ਮਨਾਇਆ ਜਾਂਦਾ ਹੈ। ਕਰਤਾਰ ਹੋਰੀ ਪੰਜ ਭਰਾ ਤੇ ਦੋ ਭੈਣਾਂ ਹਨ। ਕਰਤਾਰ ਨੂੰ ਪਹਿਲਵਾਨੀ ਦਾ ਜਾਗ ਆਪਣੇ ਤਾਏ ਦੇ ਮੁੰਡੇ ਜੋਗਿੰਦਰ ਸਿੰਘ ਨੂੰ ਦੇਖ ਕੇ ਲੱਗਿਆ। ਛੋਟਾ ਹੁੰਦਾ ਉਹ ਆਸ਼ਾ ਸਿੰਘ ਸ਼ਾਹ ਦੀ ਹਵੇਲੀ ਵਿੱਚ ਜੋਗਿੰਦਰ ਕੋਲ ਜੋੜ ਕਰਿਆ ਕਰਦਾ ਸੀ।
ਕਰਤਾਰ ਦਾ ਸਭ ਤੋਂ ਵੱਡੇ ਭਰਾ ਗੁਰਦਿਆਲ ਸਿੰਘ ਤੇ ਅਮਰ ਸਿੰਘ ਪਿਤਾ ਨਾਲ ਖੇਤੀਬਾੜੀ ਵਿੱਚ ਹੱਥ ਵੰਡਾਉਂਦੇ। ਅਮਰ ਸਿੰਘ ਅਖਾੜੇ ਵਿੱਚ ਵੀ ਕਰਤਾਰ ਨੂੰ ਜ਼ੋਰ ਕਰਵਾਉਂਦਾ ਰਿਹਾ। ਕਰਤਾਰ ਆਪਣੇ ਤੋਂ ਵੱਡੇ ਗੁਰਚਰਨ ਦੀ ਦੇਖ-ਰੇਖ ਵਿੱਚ ਹੀ ਸਕੂਲੇ ਪਾਇਆ ਅਤੇ ਉਹ ਹੀ ਉਸ ਨੂੰ ਦੇਸ਼-ਵਿਦੇਸ਼ ਦੇ ਮੁਕਾਬਲਿਆਂ ਵਿੱਚ ਲੈ ਕੇ ਜਾਂਦਾ। ਕਰਤਾਰ ਨੂੰ ਦੇਖੋ-ਦੇਖ ਸਭ ਤੋਂ ਛੋਟੇ ਸਰਵਣ ਸਿੰਘ ਨੇ ਵੀ ਕੁਸ਼ਤੀ ਸ਼ੁਰੂ ਕੀਤੀ ਜੋ ਬਾਅਦ ਵਿੱਚ ਸ਼ੇਰ-ਏ-ਹਿੰਦ ਬਣਿਆ। ਕਰਤਾਰ ਤੋਂ ਵੱਡਾ ਗੁਰਚਰਨ ਸਿੰਘ ਚੰਗਾ ਕੁਸ਼ਤੀ ਕੋਚ ਤੇ ਰੈਫਰੀ ਬਣਿਆ ਜਿਸ ਨੇ 1984 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਵਿੱਚ ਬਤੌਰ ਆਫੀਸ਼ਲ ਡਿਊਟੀ ਨਿਭਾਈ। ਕਰਤਾਰ ਦਾ ਭਤੀਜਾ ਤੇ ਅਮਰ ਸਿੰਘ ਦਾ ਬੇਟਾ ਰਣਧੀਰ ਧੀਰਾ ਕੁਸ਼ਤੀ ਵਿੱਚ ਜੂਨੀਅਰ ਵਿਸ਼ਵ ਚੈਂਪੀਅਨ ਬਣਿਆ। ਚਾਚੇ-ਭਤੀਜੇ ਦੀ ਜੋੜੀ ਦੀ ਇਕ ਹੋਰ ਸਾਂਝ ਵੀ ਹੈ। ਦੋਵੇਂ ਹੀ ਅਰਜੁਨਾ ਐਵਾਰਡੀ ਹਨ ਤੇ ਦੋਵਾਂ ਨੇ ਹੀ ਇਕੱਠਿਆਂ ਵੈਟਰਨ ਮੁਕਾਬਲਿਆਂ ਵਿੱਚ ਹਿੱਸਾ ਲੈਂਦਿਆਂ ਵੱਖ-ਵੱਖ ਉਮਰ ਤੇ ਭਾਰ ਵਰਗ ਵਿੱਚ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ। ਕਰਤਾਰ ਦੇ ਪੁੱਤਰ ਗੁਰਪ੍ਰੀਤ ਸਿੰਘ (ਜੀ.ਪੀ.) ਨੇ ਵੀ ਪਹਿਲਵਾਨੀ ਕੀਤੀ ਅਤੇ ਜੂਨੀਅਰ ਵਰਗ ਵਿੱਚ ਸਿੰਗਾਪੁਰ ਵਿਖੇ ਹੋਏ ਮੁਕਾਬਲੇ ਵਿੱਚ ਤਮਗਾ ਜਿੱਤਿਆ ਪਰ ਉਹ ਆਪਣੇ ਪਿਤਾ ਵਾਂਗ ਕੁਸ਼ਤੀ ਅੱਗੇ ਜਾਰੀ ਨਾ ਰੱਖ ਸਕਿਆ। ਕਰਤਾਰ ਦਾ ਛੋਟਾ ਭਤੀਜਾ ਅਤੇ ਸਰਵਣ ਸਿੰਘ ਦਾ ਪੁੱਤਰ ਗੁਰਪਾਲ ਸਿੰਘ ਵੀ ਨੈਸ਼ਨਲ ਚੈਂਪੀਅਨ ਬਣਿਆ। ਕਰਤਾਰ ਦਾ ਭਤੀਜ ਜੁਆਈ ਜਗਜੀਤ ਸਿੰਘ ਵੀ ਰੁਸਤਮ-ਏ-ਹਿੰਦ ਬਣਿਆ। ਪੂਰਾ ਪਰਿਵਾਰ ਹੀ ਕੁਸ਼ਤੀ ਵਿੱਚ ਗੜੁੱਚ ਹੈ।
ਅੱਜ ਦੇ ਕਾਲਮ ਦਾ ਪਾਤਰ ਕਰਤਾਰ ਹੈ, ਇਸ ਲਈ ਕਰਤਾਰ ਦੀਆਂ ਹੀ ਗੱਲਾਂ ਕਰਾਂਗੇ। ਕਰਤਾਰ ਸਿੰਘ 1968 ਵਿੱਚ 15 ਵਰ੍ਹਿਆਂ ਦੀ ਉਮਰੇ ਅਖਾੜੇ ਵਿਚ ਕੁੱਦਿਆ ਸੀ। ਉਸੇ ਸਾਲ ਉਸ ਨੇ ਸੁੱਖੀ ਨਗਰੀਆ ਨੂੰ ਹਰਾ ਕੇ ਆਪਣੀ ਪਹਿਲੀ ਕੁਸ਼ਤੀ ਜਿੱਤੀ ਸੀ ਜਿਸ ਤੋਂ ਅਗਲੇ ਦਿਨ ਉਸ ਦੇ ਭਤੀਜੇ ਧੀਰੇ ਦਾ ਜਨਮ ਹੋਇਆ ਸੀ। ਪਰਿਵਾਰ ਵਿੱਚ ਦੋਹਰੀ ਖੁਸ਼ੀ ਦਾ ਮਾਹੌਲ ਸੀ। ਜ਼ੋਨ ਖੇਡਾਂ ਵਿੱਚ ਕਰਤਾਰ ਨੇ ਸਾਰੀਆਂ ਖੇਡਾਂ ਵਿੱਚ ਹੀ ਨਾਂ ਲਿਖਵਾ ਦਿੱਤਾ। ਕੁਸ਼ਤੀ ਤਾਂ ਉਸ ਨੇ ਜਿੱਤ ਹੀ ਲਈ, ਲੱਗਦੇ ਹੱਥ ਹੀ ਸ਼ਾਟਪੁੱਟ ਤੇ ਹੈਮਰ ਥਰੋਅ ਵਿੱਚ ਵੀ ਜਿੱਤ ਗਿਆ। 1500 ਮੀਟਰ ਵਿੱਚ ਉਹ ਹੱਫ ਜਾਣ ਕਾਰਨ ਤਮਗਾ ਜਿੱਤਣ ਤੋਂ ਖੁੰਝ ਗਿਆ। ਫੇਰ ਉਸ ਨੂੰ ਅਹਿਸਾਸ ਹੋਇਆ ਕਿ ਇਕੱਲੀ ਕੁਸ਼ਤੀ ਵੱਲ ਹੀ ਧਿਆਨ ਦਿੱਤਾ ਜਾਵੇ। ਖਾਲਸਾ ਕਾਲਜੀਏਟ ਸਕੂਲ ਅੰਮ੍ਰਿਤਸਰ ਵਿਖੇ ਹੋਈਆਂ ਜ਼ਿਲਾ ਖੇਡਾਂ ਵਿੱਚ ਹਿੱਸਾ ਲੈਣ ਗਏ ਕਰਤਾਰ ਨੇ ਪਹਿਲੀ ਵਾਰ ਅੰਮ੍ਰਿਤਸਰ ਸ਼ਹਿਰ ਦੇਖਿਆ। ਉਥੇ ਉਹ ਫਾਈਨਲ ਵਿੱਚ ਪਰਗਟ ਨਾਂ ਦੇ ਭਲਵਾਨ ਤੋਂ ਹਾਰ ਗਿਆ।
ਪਹਿਲੀ ਹਾਰ ਨੇ ਕਰਤਾਰ ਨੂੰ ਬਹੁਤ ਝੰਜੋੜਿਆ। ਫੇਰ ਉਹ ਵਾਪਸ ਆ ਕੇ ਸਾਰਾ ਦਿਨ ਜ਼ੋਰ ਹੀ ਕਰਦਾ ਰਹਿੰਦਾ। ਘਰ ਵਾਲੇ ਉਸ ਦੀ ਖੁਰਾਕ ਦਾ ਧਿਆਨ ਰੱਖਦੇ। ਸਕੂਲੇ ਗੁਰਚਰਨ ਉਸ ਦਾ ਖਿਆਲ ਰੱਖਦਾ। ਪੇਂਡੂ ਛਿੰਝਾਂ ਵਿੱਚ ਉਸ ਨੇ ਆਪਣੇ ਤੋਂ ਵੱਡੇ ਵਜ਼ਨ ਦੇ ਰੋਡੇ ਭਲਵਾਨ ਨੂੰ ਚਿੱਤ ਕਰਕੇ ਇਲਾਕੇ ਵਿੱਚ ਬੱਲੇ-ਬੱਲੇ ਕਰਵਾਈ। 1970 ਵਿੱਚ ਉਹ ਜ਼ਿਲਾ, ਸਟੇਟ ਚੈਂਪੀਅਨ ਬਣਦਾ ਹੋਇਆ ਸਿੱਧਾ ਨੈਸ਼ਨਲ ਚੈਂਪੀਅਨ ਬਣਿਆ। ਤ੍ਰਿਵੇਂਦਰਮ (ਕੇਰਲਾ) ਵਿਖੇ ਹੋਈ ਇਸ ਨੈਸ਼ਨਲ ਲਈ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੁੰਦਿਆਂ ਉਹ ਵੱਡੇ ਭਰਾਵਾਂ ਅਮਰ ਸਿੰਘ ਤੇ ਗੁਰਚਰਨ ਸਿੰਘ ਤੋਂ ਵਿਛੜਦਾ ਬਹੁਤ ਰੋਇਆ। ਨੈਸ਼ਨਲ ਦੇ ਫਾਈਨਲ ਵਿੱਚ ਉਸ ਨੇ ਉਤਰ ਪ੍ਰਦੇਸ਼ ਦੇ ਬਿਜਲੀ ਭਲਵਾਨ ਨੂੰ ਚਿੱਤ ਕੀਤਾ। ਪੰਜਾਬ ਆ ਕੇ ਉਸ ਨੇ ਅੰਮ੍ਰਿਤਸਰ ਦੇ ਨੰਜੋ ਪਹਿਲਵਾਨ ਨੂੰ ਹਰਾ ਕੇ 50 ਰੁਪਏ ਦਾ ਪਹਿਲਾ ਵੱਡਾ ਇਨਾਮ ਜਿੱਤਿਆ। 1971 ਵਿੱਚ ਭਾਰਤ-ਪਾਕਿਸਤਾਨ ਜੰਗ ਕਾਰਨ ਨੈਸ਼ਨਲ ਨਾ ਹੋ ਸਕੀ। ਉਸ ਵੇਲੇ ਸਰਹੱਦ ਉਤੇ ਵਸੇ ਕਰਤਾਰ ਦੇ ਪਿੰਡ ਸੁਰ ਸਿੰਘ ਦੇ ਵਾਸੀ ਅਸਮਾਨ ਵਿੱਚ ਉਡਦੇ ਲੜਾਕੂ ਜਹਾਜ਼ ਦੇਖਦੇ ਪਰ ਕਰਤਾਰ ਸਭ ਕਾਸੇ ਤੋਂ ਅਣਜਾਨ ਅਖਾੜੇ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ।
ਕਰਤਾਰ ਨੇ ਅਗਲੇ ਸਾਲ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਦਾਖਲਾ ਲੈ ਲਿਆ ਜਿੱਥੇ ਉਹ ਡੀ.ਪੀ.ਈ. ਅਜਾਇਬ ਸਿੰਘ ਦੀ ਅਗਵਾਈ ਹੇਠ ਪਹਿਲਾ ਯੂਨੀਵਰਸਿਟੀ ਤੇ ਫੇਰ ਆਲ ਇੰਡੀਆ ਇੰਟਰ ਵਰਸਿਟੀ ਚੈਂਪੀਅਨ ਬਣ ਗਿਆ ਸੀ। ਖਾਲਸਾ ਕਾਲਜ ਵਿੱਚ ਕਰਤਾਰ, ਕੰਵਰ ਪਹਿਲਵਾਨ (ਪਰਮਿੰਦਰ ਸਿੰਘ ਢੀਂਡਸਾ ਦਾ ਸਹੁਰਾ) ਤੇ ਵਿਜੇ ਪਹਿਲਵਾਨ ਦੀ ਤਿੱਕੜੀ ਨੇ ਕਾਲਜ ਨੂੰ ਵੀ ਚੈਂਪੀਅਨ ਬਣਾਇਆ। 1972-73 ਵਿੱਚ ਆਗਰਾ ਵਿਖੇ ਉਹ ਕੌਮੀ ਪੱਧਰ ਦੇ ਫਾਈਨਲ ਮੁਕਾਬਲੇ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਵੇਦ ਪ੍ਰਕਾਸ ਤੋਂ ਹਾਰਿਆ। 1973 ਵਿੱਚ ਉਸ ਨੇ ਗੱਦੇ ਤੇ ਮਿੱਟੀ ਵਾਲੀ ਦੋਵੇਂ ਕੁਸ਼ਤੀਆਂ ਵਿੱਚ ਹਿੱਸਾ ਲਿਆ। ਮਿੱਟੀ ਵਾਲੀ ਕੁਸ਼ਤੀ ਵਿੱਚ ਉਹ ਪਹਿਲੀ ਵਾਰ ਕੌਮੀ ਚੈਂਪੀਅਨ ਬਣਿਆ। ਗੱਦੇ ਵਾਲੀ ਕੁਸ਼ਤੀ ਵਿੱਚ ਉਹ ਸੱਤਪਾਲ ਤੋਂ ਹਾਰ ਕੇ ਦੂਜੇ ਨੰਬਰ ‘ਤੇ ਰਹਿ ਗਿਆ। ਇਸੇ ਸਾਲ ਉਸ ਨੇ ਭਾਰਤ ਕੁਮਾਰ ਦਾ ਟਾਈਟਲ ਜਿੱਤਿਆ। 1973 ਵਿੱਚ ਹੀ ਕਰਤਾਰ ਨੇ ਮਾਸਕੋ ਵਿਖੇ ਹੋਈਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਹਿੱਸਾ ਲਿਆ। ਇਹ ਉਸ ਦਾ ਪਹਿਲਾ ਇੰਟਰਨੈਸ਼ਨਲ ਟੂਰ ਸੀ। 1974 ਵਿੱਚ ਉਹ ਨੈਸ਼ਨਲ ਚੈਂਪੀਅਨ ਬਣ ਗਿਆ। ਇਸੇ ਸਾਲ ਤਹਿਰਾਨ ਵਿਖੇ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਭਾਰਤੀ ਟੀਮ ਦੇ ਟਰਾਇਲਾਂ ਵਿੱਚ ਕਰਤਾਰ ਨਾਲ ਧੱਕਾ ਹੋ ਗਿਆ ਅਤੇ ਉਹ ਟੀਮ ਵਿੱਚ ਨਹੀਂ ਚੁਣਿਆ ਗਿਆ। ਇਸ ਧੱਕੇ ਨੇ ਉਸ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ।
1974 ਵਿੱਚ ਹੀ ਕਰਤਾਰ ਨੇ ਦਿੱਲੀ ਜਾ ਕੇ ਗੁਰੂ ਹਨੂੰਮਾਨ ਦੇ ਅਖਾੜੇ ਵਿੱਚ ਦਾਖਲਾ ਲੈ ਲਿਆ ਜਿੱਥੇ ਉਸ ਨੇ 10 ਸਾਲ ਅਖਾੜੇ ਵਿੱਚ ਜ਼ੋਰ ਕੀਤਾ। ਇਸ ਦੌਰਾਨ ਕਰਤਾਰ ਨੇ ਟਰਾਇਲਾਂ ਵਿੱਚ ਭਾਰਤ ਦੇ ਪ੍ਰਸਿੱਧ ਪਹਿਲਵਾਨ ਮੁਰਾਰੀ ਨੂੰ ਹਰਾ ਕੇ ਸਨਸਨੀ ਫੈਲਾ ਦਿੱਤੀ। ਮੁਰਾਰੀ 84 ਕਿਲੋ ਭਾਰ ‘ਚ ਘੁਲਦਾ ਸੀ ਤੇ ਕਰਤਾਰ 74 ਕਿਲੋ ਵਿੱਚ। ਦੋਵਾਂ ਨੇ 82 ਕਿਲੋ ਵਿੱਚ ਕੁਸ਼ਤੀ ਲੜੀ। ਕਰਤਾਰ ਦਾ ਕਹਿਣਾ ਹੈ ਕਿ ਇਥੋਂ ਹੀ ਉਸ ਦੀ ਲਾਈਨ ਬਦਲ ਗਈ। ਕਿਸੇ ਵੇਲੇ ਉਸ ਲਈ ਪਿੰਡਾਂ ਦੀਆਂ ਛਿੰਝਾਂ-ਅਖਾੜੇ ਹੀ ਨਿਸ਼ਾਨਾ ਸਨ ਪਰ ਹੁਣ ਉਸ ਲਈ ਓਲੰਪਿਕ/ਏਸ਼ਿਆਈ/ਰਾਸ਼ਟਰਮੰਡਲ ਖੇਡਾਂ ਨਿਸ਼ਾਨਾ ਬਣ ਗਈਆਂ। ਫੇਰ ਕਰਤਾਰ ਦੀ ਗੁੱਡੀ ਅਜਿਹੀ ਚੜ੍ਹੀ ਕਿ ਸੱਤਰਵਿਆਂ ਤੇ ਅੱਸੀਵਿਆਂ ਵਿੱਚ ਕੁਸ਼ਤੀ ਅਖਾੜਿਆਂ ਵਿੱਚ ਕਰਤਾਰ-ਕਰਤਾਰ ਹੀ ਹੁੰਦੀ ਰਹੀ। 1980 ਵਿੱਚ ਕਰਤਾਰ ਨੇ ਸੋਵੀਅਤ ਰੂਸ ਦੇ ਸ਼ਹਿਰ ਮਿੰਸਕ ਵਿਖੇ ਹੋਈ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਅਤੇ 1982 ਵਿੱਚ ਮੰਗੋਲੀਆ ਵਿਖੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ। 1978 ਦੀਆਂ ਬੈਂਕਾਕ ਤੇ 1986 ਦੀਆਂ ਸਿਓਲ ਏਸ਼ਿਆਈ ਖੇਡਾਂ ਵਿੱਚ ਉਸ ਨੇ ਸੋਨੇ ਦਾ ਤਮਗਾ ਜਿੱਤਿਆ। ਸਿਓਲ ਵਿਖੇ ਕਰਤਾਰ ਨੇ ਭਾਰਤੀ ਪੁਰਸ਼ਾਂ ਦੀ ਲਾਜ ਰੱਖੀ। ਇਹ ਗੱਲ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਕਹੀ ਸੀ। ਅਸਲ ਵਿੱਚ ਸਿਓਲ ਵਿਖੇ ਆਖਰੀ ਦਿਨ ਤੋਂ ਪਹਿਲਾਂ ਕਿਸੇ ਵੀ ਭਾਰਤੀ ਪੁਰਸ਼ ਖਿਡਾਰੀ ਨੇ ਕੋਈ ਸੋਨ ਤਮਗਾ ਨਹੀਂ ਜਿੱਤਿਆ ਸੀ। ਭਾਰਤ ਵੱਲੋਂ ਇਕੱਲੀ ਪੀ.ਟੀ.ਊਸ਼ਾ ਨੇ ਹੀ ਚਾਰ ਸੋਨ ਤਮਗੇ ਜਿੱਤੇ ਸਨ। ਉਸ ਵੇਲੇ ਦੇਸ਼ ਦੇ ਅਖਬਾਰਾਂ ਦੀਆਂ ਸੁਰਖੀਆਂ ਵੀ ਭਾਰਤੀ ਪੁਰਸ਼ਾਂ ਦੇ ਮਾੜੇ ਪ੍ਰਦਰਸ਼ਨ ਬਾਰੇ ਛਪੀਆਂ। ਕਰਤਾਰ ਨੇ ਆਖਰੀ ਦਿਨ ਸੋਨ ਤਮਗਾ ਜਿੱਤਿਆ। ਵਾਪਸੀ ਉਤੇ ਭਾਰਤੀ ਖੇਡ ਦਲ ਦੇ ਸਨਮਾਨ ਵਿੱਚ ਰੱਖੀ ਪਾਰਟੀ ਦੌਰਾਨ ਰਾਜੀਵ ਗਾਂਧੀ ਨੇ ਆਪਣੀ ਪਤਨੀ ਸੋਨੀਆ ਗਾਂਧੀ ਨਾਲ ਖਿਡਾਰੀਆਂ ਦੀ ਜਾਣ-ਪਛਾਣ ਕਰਵਾਉਂਦਿਆਂ ਜਦੋਂ ਕਰਤਾਰ ਬਾਰੇ ਦੱਸਿਆ ਤਾਂ ਇਹੋ ਕਿਹਾ, ”ਸੋਨੀਆ ਜੀ ਯੇ ਹੈ ਵੋ ਪਹਿਲਵਾਨ ਜਿਨੋ ਨੇ ਖੇਲੋਂ ਮੇਂ ਭਾਰਤੀ ਪੁਰਸ਼ਾਂ ਕੋ ਲਾਜ ਰੱਖੀ।” ਚਾਰ ਸਾਲ ਪਹਿਲਾਂ ਕਰਤਾਰ 1982 ਵਿੱਚ ਨਵੀਂ ਦਿੱਲੀ ਏਸ਼ਿਆਈ ਖੇਡਾਂ ਦੇ ਫਾਈਨਲ ਵਿੱਚ ਆਖਰੀ ਮੌਕੇ ਕੁਸ਼ਤੀ ਹਾਰਨ ਕਰਕੇ ਚਾਂਦੀ ਦਾ ਤਮਗਾ ਹੀ ਜਿੱਤ ਸਕਿਆ ਸੀ। ਕਰਤਾਰ ਨੇ ਇਹ ਕਸਰ ਸਿਓਲ ਵਿਖੇ ਕੱਢੀ। ਕਰਤਾਰ ਜਦੋਂ ਦਿੱਲੀ ਤੋਂ ਚੰਡੀਗੜ੍ਹ ਪੁੱਜਾ ਤਾਂ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਚੱਲ ਰਹੀ ਸੀ। ਉਸ ਵੇਲੇ ਸਕੱਤਰੇਤ ਵਿਖੇ ਮੀਟਿੰਗ ਹਾਲ ਵਿੱਚ ਕਰਤਾਰ ਦੇ ਪੁੱਜਦਿਆਂ ਹੀ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਸਣੇ ਸਾਰੀ ਕੈਬਨਿਟ ਨੇ ਖੜ੍ਹ ਕੇ ਕਰਤਾਰ ਦਾ ਸੁਆਗਤ ਕੀਤਾ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਵੱਡਾ ਸਮਾਗਮ ਕਰਵਾ ਕੇ ਕਰਤਾਰ ਸਿੰਘ ਨੂੰ ਕਾਰ ਇਨਾਮ ਵਿੱਚ ਦਿੱਤੀ। ਕਰਤਾਰ ਨੇ ਉਸ ਤੋਂ ਬਾਅਦ ਕਈ ਕਾਰਾਂ ਖਰੀਦਿਆਂ ਪਰ ਲਾਲ ਰੰਗ ਦੀ ਇਨਾਮ ਵਿੱਚ ਮਿਲੀ ਮਾਰੂਤੀ ਕਾਰ ਅੱਜ ਵੀ ਉਸ ਦੇ ਘਰ ਦਾ ਸ਼ਿੰਗਾਰ ਹੈ। ਉਸ ਵੇਲੇ ਐਕਟਰ ਧਰਮਿੰਦਰ ਨੇ ਵੀ ਕਰਤਾਰ ਸਿੰਘ ਤੇ ਪੀ.ਟੀ.ਊਸ਼ਾ ਨੂੰ 50-50 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਸੀ।
ਰਾਸ਼ਟਰਮੰਡਲ ਖੇਡਾਂ ਦੇ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਕਰਤਾਰ ਨੇ 1978 ਵਿੱਚ ਐਡਮਿੰਟਨ ਵਿਖੇ ਕਾਂਸੀ ਤੇ 1982 ਵਿਚ ਬ੍ਰਿਸਬੇਨ ਵਿਖੇ ਚਾਂਦੀ ਦਾ ਤਮਗਾ ਜਿੱਤਿਆ। 1979 ਵਿੱਚ ਸ਼ੁਰੂ ਹੋਈ ਪਹਿਲੀ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਉਸ ਨੇ ਸੱਟ ਲੱਗਣ ਦੇ ਬਾਵਜੂਦ ਚਾਂਦੀ ਦਾ ਤਮਗਾ ਜਿੱਤਿਆ। ਇਸ ਚੈਂਪੀਅਨਸ਼ਿਪ ਦੌਰਾਨ ਕਰਤਾਰ ਦਾ ਜਬਾੜਾ ਟੁੱਟ ਗਿਆ ਸੀ। ਦੰਦਾਂ ਵਾਲੇ ਡਾਕਟਰ ਨੇ ਤਾਰਾਂ ਨਾਲ ਜਬਾੜਾ ਬੰਨ੍ਹ ਕੇ ਕਈ ਹਫਤਿਆਂ ਦਾ ਅਰਾਮ ਕਰਨ ਨੂੰ ਕਹਿ ਦਿੱਤਾ। ਅਗਲੇ ਦਿਨ ਕਰਤਾਰ ਦੀ ਕੁਸ਼ਤੀ ਅਤੇ ਨਾਜ਼ਰ ਸਿੰਘ ਪਹਿਲਵਾਨ ਨੇ ਉਸ ਨੂੰ ਕੁਸ਼ਤੀ ਲੜਨ ਲਈ ਕਿਹਾ। ਕਰਤਾਰ ਕਹਿੰਦਾ ਜੇ ਕੁਸ਼ਤੀ ਲੜੀ ਤਾਂ ਸਾਰੀ ਉਮਰ ਲਈ ਬੋੜਾ ਹੋ ਜਾਓ। ਅੱਗੋਂ ਨਾਜ਼ਰ ਸਿੰਘ ਨੇ ਉਸ ਨੂੰ ਸਿੱਖ ਇਤਿਹਾਸ ਦੀਆਂ ਸੂਰਮਗਤੀ ਗਾਥਾਵਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ। ਕਰਤਾਰ ਨੂੰ ਜਦੋਂ ਉਸ ਨੇ ਬਾਬਾ ਦੀਪ ਸਿੰਘ ਦੀ ਸ਼ਹਾਦਤ, ਬੀਰ ਬਚਿੱਤਰ ਦੀ ਗਾਥਾ ਸੁਣਾਈ ਤਾਂ ਉਸ ਦਾ ਖੂਨ ਖੌਲਣ ਲੱਗ ਗਿਆ ਅਤੇ ਝੱਟ ਕੱਪੜੇ ਲਾਹ ਕੇ ਅਖਾੜੇ ਵਿੱਚ ਕੁੱਦ ਗਿਆ। ਕਰਤਾਰ ਨੇ ਇਰਾਨ ਦੇ ਵਿਸ਼ਵ ਚੈਂਪੀਅਨ ਸੁਲੇਮਾਨੀ ਨੂੰ ਨਾ ਸਿਰਫ ਚਿੱਤ ਕੀਤਾ ਬਲਕਿ ਉਸ ਦੀ ਛਾਤੀ ਉਤੇ ਬੈਠੇ ਕਰਤਾਰ ਦੀਆਂ ਅਗਲੇ ਦਿਨ ਛਪੀਆਂ ਤਸਵੀਰਾਂ ਦੀ ਕੈਪਸ਼ਨ ‘ਸ਼ੇਰ ਦੀ ਦਹਾੜ’ ਲਿਖੀ ਗਈ। ਕਰਤਾਰ ਦਾ ਇਹ ਚਾਂਦੀ ਦਾ ਤਮਗਾ ਸੋਨੇ ਤੋਂ ਵੀ ਵੱਧ ਚਮਕਿਆ। ਕਹਿੰਦੇ ਉਸ ਮੁਕਾਬਲੇ ਦੌਰਾਨ ਜਦੋਂ ਕਰਤਾਰ ਸੁਲੇਮਾਨੀ ਦੀ ਛਾਤੀ ਉਤੇ ਬੈਠਾ ਸੀ ਤਾਂ ਕੁਝ ਫੋਟੋਗ੍ਰਾਫਰਾਂ ਤਸਵੀਰਾਂ ਖਿੱਚਣ ਲੱਗੇ। ਉਸੇ ਵੇਲੇ ਹੀ ਕੋਲ ਖੜ੍ਹੀ ਇਰਾਨੀ ਭਲਵਾਨ ਦੀ ਮਹਿਲਾ ਦੋਸਤ ਨੇ ਕੈਮਰਾ ਖੋਹਣ ਦੀ ਕੋਸ਼ਿਸ਼ ਕੀਤੀ। ਕਰਤਾਰ ਦੀ ਉਸ ਕੁਸ਼ਤੀ ਨੇ ਉਸ ਨੂੰ ਸਦਾ ਲਈ ਅਮਰ ਕਰ ਦਿੱਤਾ। ਪਿਛਲੇ ਸਮਿਆਂ ਵਿੱਚ ਕਰਤਾਰ ਦੋ ਵਾਰ ਇਰਾਨ ਗਿਆ ਅਤੇ ਪਹਿਲਵਾਨੀ ਨੂੰ ਪਿਆਰ ਕਰਨ ਵਾਲੇ ਇਰਾਨ ਦੇ ਪਿੰਡਾਂ ਦੇ ਲੋਕ ਕਰਤਾਰ ਨੂੰ ਉਚੇਚੇ ਤੌਰ ‘ਤੇ ਦੇਖਣ ਆਏ ਕਿ ਕਿਹੜਾ ਉਹ ਸਿੰਘ ਸੀ ਜਿਸ ਨੇ ਸੱਟ ਦੇ ਬਾਵਜੂਦ ਸੁਲੇਮਾਨੀ ਦੀ ਛਾਤੀ ‘ਤੇ ਬੈਠ ਕੇ ਉਸ ਨੂੰ ਚਿੱਤ ਕੀਤਾ। ਕਰਤਾਰ ਇਰਾਨ ਵਿੱਚ ਬਹੁਤ ਹਰਮਨ ਪਿਆਰਾ ਹੈ। 1981 ਵਿੱਚ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਫੇਰ ਉਸ ਨੇ ਚਾਂਦੀ ਦਾ ਤਮਗਾ ਜਿੱਤਿਆ। 1983 ਵਿੱਚ ਉਸ ਨੇ ਏਸ਼ੀਅਨ ਚੈਂਪੀਅਨਸ਼ਿਪ ਦਾ ਵੀ ਸੋਨੇ ਦਾ ਤਮਗਾ ਜਿੱਤ ਲਿਆ।
ਕਰਤਾਰ ਸਿੰਘ ਨੇ ਤਿੰਨ ਓਲੰਪਿਕ ਖੇਡਾਂ ਵਿੱਚ ਭਾਰਤ ਕੁਸ਼ਤੀ ਟੀਮ ਦੀ ਅਗਵਾਈ ਕੀਤੀ। 1988 ਦੀਆਂ ਸਿਓਲ ਓਲੰਪਿਕ ਖੇਡਾਂ ਵਿੱਚ ਤਾਂ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਸੀ। 1984 ਵਿੱਚ ਲਾਸ ਏਂਜਲਸ ਓਲੰਪਿਕਸ ਵਿੱਚ ਉਹ ਨਿੱਠ ਕੇ ਉਤਰਿਆ ਪਰ ਉਥੇ ਵੀ ਉਹ ਤਮਗਾ ਨਾ ਜਿੱਤ ਸਕਿਆ ਅਤੇ ਪੰਜਵੇਂ ਸਥਾਨ ‘ਤੇ ਰਿਹਾ। ਲਾਸ ਏਂਜਲਸ ਦੀ ਇਕ ਕੁਸ਼ਤੀ ਦੀ ਵੀਡਿਓ ਸੋਸ਼ਲ ਮੀਡੀਆ ਉਤੇ ਬਹੁਤ ਵਾਇਰਲ ਹੈ ਜਿੱਥੇ ਕਰਤਾਰ ਵਿਰੋਧੀ ਭਲਵਾਨ ਦੀ ਬੁਰੀ ਤਰ੍ਹਾਂ ਹਰਾਉਂਦਾ ਹੈ। 1980 ਦੀਆਂ ਮਾਸਕੋ ਓਲੰਪਿਕ ਖੇਡਾਂ ਵੇਲੇ ਉਹ ਜਬਰਦਸਤ ਫਾਰਮ ਵਿੱਚ ਸੀ ਪਰ ਪਿੱਠ ‘ਤੇ ਫੋੜੇ ਕਾਰਨ ਉਸ ਦੀ ਮੁਹਿੰਮ ਨੂੰ ਧੱਕਾ ਲੱਗਿਆ। ਸਰਗਰਮ ਕੁਸ਼ਤੀ ਦੇ ਆਖਰੀ ਸਾਲਾਂ ਵਿੱਚ ਉਸ ਨੇ ਇੰਗਲੈਂਡ, ਅਮਰੀਕਾ, ਕੈਨੇਡਾ ਦੇ ਟੂਰ ਲਗਾਏ ਜਿੱਥੇ ਵੱਡੇ-ਵੱਡੇ ਭਲਵਾਨਾਂ ਨੂੰ ਚਿੱਤ ਕੀਤਾ। ਅਮਰੀਕਾ ਵਿਖੇ ਪੋਲੈਂਡ ਦੇ 130 ਕਿਲੋ ਵਜ਼ਨ ਦੇ ਸਾਢੇ ਛੇ ਫੁੱਟ ਲੰਬੇ ਭਲਵਾਨ ਦੀਆਂ ਗੋਡਣੀਆਂ ਲਾ ਕੇ ਕਰਤਾਰ ਨੇ ਆਪਣੇ ਬਾਹੂਬਲ ਦਾ ਸਿੱਕਾ ਜਮਾਇਆ। ਇਹੋ ਸਮਾਂ ਸੀ ਜਦੋਂ ਉਸ ਨੇ ਦਾਰਾ ਸਿੰਘ ਤੋਂ ਪ੍ਰਭਾਵਿਤ ਹੋ ਕੇ ਫਰੀ ਸਟਾਈਲ ਕੁਸ਼ਤੀਆਂ ਲੜੀਆਂ।
ਨੱਬਵਿਆਂ ਦੇ ਸ਼ੁਰੂ ਵਿੱਚ ਕਰਤਾਰ ਨੇ ਕੁਸ਼ਤੀ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਜ਼ਰੂਰ ਬੰਦ ਕਰ ਦਿੱਤਾ ਪਰ ਘੁਲਣਾ ਨੀ ਛੱਡਿਆ। ਆਮ ਤੌਰ ‘ਤੇ ਭਲਵਾਨਾਂ ਬਾਰੇ ਇਕ ਧਾਰਨਾ ਪ੍ਰਚੱਲਿਤ ਹੈ ਕਿ ਤਕੜੀਆਂ ਖਾਧੀਆਂ ਖੁਰਾਕਾਂ ਅਤੇ ਡੰਡ-ਬੈਠਕਾਂ ਤੇ ਵਾਧੂ ਜ਼ੋਰ ਲਾਉਣ ਕਰਕੇ ਵੱਡੀ ਉਮਰੇ ਭਲਵਾਨ ਬਹੁਤ ਔਖੇ ਹੁੰਦੇ ਹਨ। ਕਰਤਾਰ ਨੇ ਕੁਸ਼ਤੀ ਨੀ ਛੱਡੀ। ਉਹ ਤਾਂ ਜੰਮਿਆ ਹੀ ਘੁਲਣ ਵਾਸਤੇ ਸੀ। ਕੁਸ਼ਤੀ ਦਾ ਨਿੱਤ ਨੇਮ ਜਾਰੀ ਰੱਖਦਿਆਂ ਉਹ ਰੋਜ਼ ਜ਼ੋਰ ਲਾਉਂਦਾ। 1992 ਵਿੱਚ ਚਾਲੀ ਵਰ੍ਹਿਆਂ ਨੂੰ ਢੁੱਕੇ ਕਰਤਾਰ ਨੇ ਵੈਟਰਨ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਵੀ ਕਰੜਾ ਮੁਕਾਬਲਾ ਹੁੰਦਾ ਕਿਉਂਕਿ ਆਪਣੇ ਸਮੇਂ ਦੇ ਓਲੰਪਿਕ ਤੇ ਵਿਸ਼ਵ ਚੈਂਪੀਅਨ ਭਲਵਾਨ ਹਿੱਸਾ ਲੈਣ ਆਉਂਦੇ। ਪਹਿਲੇ ਹੀ ਸਾਲ ਕਰਤਾਰ ਵਿਸ਼ਵ ਚੈਂਪੀਅਨ ਬਣ ਗਿਆ। 1993 ਵਿੱਚ ਅਗਲੇ ਸਾਲ ਫੇਰ ਉਹ ਵਿਸ਼ਵ ਚੈਂਪੀਅਨ ਬਣਿਆ। 1994 ਵਿੱਚ ਤੀਜੇ ਸਾਲ ਉਹ ਚਾਂਦੀ ਦਾ ਤਮਗਾ ਹੀ ਜਿੱਤ ਸਕਿਆ। ਇਸ ਸਾਲ ਉਸ ਨੇ 90 ਕਿਲੋ ਦੀ ਬਜਾਏ 110 ਕਿਲੋ ਵਜ਼ਨ ਵਿੱਚ ਕੁਸ਼ਤੀ ਲੜੀ ਸੀ। ਲੋਕੀਂ ਆਖਣ ਲੱਗੇ ਕਿ ਜਿਵੇਂ ਏਸ਼ਿਆਈ ਖੇਡਾਂ ਵਿੱਚ ਉਹ ਹੈਟ੍ਰਿਕ ਤੋਂ ਖੁੰਝ ਗਿਆ ਉਵੇਂ ਹੀ ਵੈਟਰਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਹੈਟ੍ਰਿਕ ਤੋਂ ਵਾਂਝਾ ਰਹਿ ਗਿਆ। ਕਰਤਾਰ ਨੇ ਹਿੰਮਤ ਨਾ ਛੱਡੀ ਅਤੇ ਅਗਲੇ ਸਾਲ ਹੀ 1995 ਵਿੱਚ ਫੇਰ ਵਿਸ਼ਵ ਚੈਂਪੀਅਨ ਖਿਤਾਬ ਜਿੱਤ ਲਿਆ। ਫੇਰ ਕੀ ਸੀ। ਚੱਲ ਸੋ ਚੱਲ। ਕਰਤਾਰ ਹਰ ਸਾਲ ਵਿਸ਼ਵ ਚੈਂਪੀਅਨ ਬਣੀ ਜਾਂਦਾ ਅਤੇ ਉਸ ਦਾ ਵੱਡਾ ਭਰਾ ਗੁਰਚਰਨ ਮੀਡੀਆ ਨੂੰ ਪ੍ਰੈਸ ਨੋਟ ਜਾਰੀ ਕਰਦਾ ਸਿਰਫ ਸਾਲ ਅਤੇ ਟਾਈਟਲਾਂ ਦੀ ਗਿਣਤੀ ਬਦਲੀ ਜਾਂਦਾ। ਕਰਦੇ-ਕਰਦੇ ਕਰਤਾਰ ਨੇ ਹੈਟ੍ਰਿਕ ਵੀ ਜੜ ਦਿੱਤੀ। ਦਹਾਈ ਦਾ ਅੰਕੜਾ ਵੀ ਛੂਹ ਲਿਆ। ਅਖਬਾਰਾਂ ਦੇ ਸਿਰਲੇਖ ਲੱਗਦੇ, ‘ਕਮਾਲਾਂ ਕਰਦਾ ਕਰਤਾਰ’, ਕਰ ‘ਤੀ ਕਮਾਲ ਕਰਤਾਰ’, ਕਰਤਾਰ ਨੇ ਇਕ ਹੋਰ ਵਿਸ਼ਵ ਖਿਤਾਬ ਝੋਲੀ ਪਾਇਆ’, ‘ਕਰਤਾਰ ਮੁੜ ਵਿਸ਼ਵ ਚੈਂਪੀਅਨ’, ‘ਐਤਕੀਂ ਫੇਰ ਕਰਤਾਰ ਬਣਿਆ ਵਿਸ਼ਵ ਚੈਂਪੀਅਨ’। ਕਰਤਾਰ ਪੰਜਾਬ ਪੁਲਿਸ ਵਿੱਚ ਡੀ.ਐਸ.ਪੀ. ਤੋਂ ਆਈ.ਜੀ. ਦੀ ਪੋਸਟ ਤੱਕ ਪੁੱਜਾ। ਖੇਡ ਵਿਭਾਗ ਦੀ ਡਾਇਰੈਕਟਰੀ ਵੀ ਕਰ ਲਈ। ਕਰਤਾਰ ਦਾ ਵਿਸ਼ਵ ਚੈਂਪੀਅਨ ਬਣਨ ਦੀ ਭੁੱਖ ਨਾ ਮਿਟੀ। ਹਰ ਸਾਲ ਹੀ ਉਸ ਦਾ ਵਿਸ਼ਵ ਖਿਤਾਬ ਜਿੱਤਣਾ ਕੈਲੰਡਰ ਦਾ ਹਿੱਸਾ ਬਣ ਗਿਆ ਸੀ। ਕਰਤਾਰ ਕਦੇ ਵੀ ਸਰਕਾਰੀ ਡਿਊਟੀ ਜਾਂ ਹੋਰ ਕੰਮਕਾਜ ਕਿਤੇ ਵੀ ਗਿਆ ਹੁੰਦਾ ਤਾਂ ਆਪਣੀ ਵਰਜਿਸ਼ ਕਰਨੀ ਨਹੀਂ ਭੁੱਲਦਾ ਸੀ। ਕਈ ਮੌਕਿਆਂ ‘ਤੇ ਜੇ ਉਸ ਨੂੰ ਸਵੱਖਤੇ ਕਿਤੇ ਜਾਣਾ ਪੈਂਦਾ ਤਾਂ ਉਹ ਤਿੰਨ ਵਜੇ ਉਠ ਜ਼ੋਰ ਕਰਨ ਲੱਗ ਜਾਂਦਾ। ਕਈ ਵਾਰ ਤਾਂ ਉਸ ਨੇ ਹੋਟਲ ਦੇ ਕਮਰੇ ਵਿੱਚ ਹੀ ਦੋ ਘੰਟੇ ਡੰਡ-ਬੈਠਕਾਂ ਅਤੇ ਪੁਸ਼-ਅੱਪਸ ਲਗਾਈ ਜਾਣੀਆਂ। ਸਾਲ 2013 ਵਿੱਚ ਉਹ ਰਿਟਾਇਰ ਵੀ ਹੋ ਗਿਆ ਪਰ ਕੁਸ਼ਤੀਆਂ ਤੋਂ ਰਿਟਾਇਰਮੈਂਟ ਨਾ ਲਈ। 2015 ਵਿੱਚ ਉਸ ਨੇ 21ਵੀਂ ਵਾਰ ਹਿੱਸਾ ਲੈਂਦਿਆਂ ਆਪਣਾ 20ਵਾਂ ਖਿਤਾਬ ਜਿੱਤਿਆ। ਇਹ ਕਰਤਾਰ ਦਾ ਵਿਸ਼ਵ ਰਿਕਾਰਡ ਹੈ ਜੋ ਕਿਸੇ ਤੋਂ ਟੁੱਟਣਾ ਮੁਸ਼ਕਲ ਹੀ ਨਹੀਂ ਅਸੰਭਵ ਹੈ।
ਵਿਸ਼ਵ ਵੈਟਰਨ ਮੁਕਾਬਲੇ ਦੌਰਾਨ ਇਕ ਵੱਡੀ ਉਮਰ ਦੇ ਭਲਵਾਨ ਦੀ ਮੌਤ ਹੋਣ ਕਾਰਨ ਫੀਲਾ ਨੇ ਸਾਲ 2016 ਤੋਂ ਬਾਅਦ ਵੈਟਰਨ ਮੁਕਾਬਲਿਆਂ ਲਈ ਉਮਰ ਹੱਦ 60 ਸਾਲ ਕਰ ਦਿੱਤੀ। ਉਸ ਵੇਲੇ ਕਰਤਾਰ ਦੀ ਉਮਰ 63 ਸਾਲ ਸੀ ਜਿਸ ਕਾਰਨ ਮਜਬੂਰੀਬੱਸ ਉਸ ਨੂੰ ਮੁਕਾਬਲਿਆਂ ਵਿੱਚ ਹਿੱਸਾ ਲੈਣੋਂ ਹਟਣਾ ਪਿਆ। ਨਹੀਂ ਤਾਂ ਕਰਤਾਰ ਦੇ ਵਿਸ਼ਵ ਖਿਤਾਬਾਂ ਦੀ ਗਿਣਤੀ ਕਬੱਡੀ ਦੇ ਸਕੋਰ ਵਾਂਗ ਵਧਣੀ ਸੀ। ਖੇਡਾਂ ਨੂੰ ਪਿਆਰ ਤੇ ਖਿਡਾਰੀਆਂ ਦੀ ਸਰਪ੍ਰਸਤੀ ਕਰਨ ਵਾਲੇ ਡੀ.ਜੀ.ਪੀ. ਰਾਜਦੀਪ ਸਿੰਘ ਗਿੱਲ ਦੀ ਜਦੋਂ ਸੇਵਾ ਮੁਕਤੀ ਪਾਰਟੀ ਸੀ ਤਾਂ ਉਥੇ ਪੰਜਾਬ ਦੇ ਨਾਮੀਂ ਖਿਡਾਰੀ ਵੀ ਜੁੜੇ ਸਨ। ਉਸ ਸਮਾਗਮ ਵਿੱਚ ਰਾਜਦੀਪ ਸਿੰਘ ਗਿੱਲ ਹੁਰਾਂ ਨੇ ਨਵੀਂ ਉਮਰ ਦੇ ਖਿਡਾਰੀਆਂ ਨੂੰ ਤਾਅਨਾ ਮਾਰਿਆ ਸੀ ਕਿ ਉਹ ਆਪਣੀ ਪੋਸਟਿੰਗ ਦੇ ਚੱਕਰਾਂ ਵਿੱਚ ਜਲਦੀ ਹੀ ਖੇਡ ਛੱਡ ਜਾਂਦੇ ਹਨ ਪਰ ਕਰਤਾਰ ਦੇਖੋਂ 60 ਵਰ੍ਹਿਆਂ ਨੂੰ ਢੁੱਕਣ ਵਾਲਾ, ਹਾਲੇ ਵੀ ਪਹਿਲਵਾਨੀ ਨਹੀਂ ਛੱਡੀ।
ਕਰਤਾਰ ਸਿੰਘ ਨੇ ਕੁਸ਼ਤੀਆਂ ਲੜਨ ਦੇ ਨਾਲ-ਨਾਲ ਕੁਸ਼ਤੀ ਦੀ ਪ੍ਰਮੋਸ਼ਨ ਵਾਸਤੇ ਵੀ ਬਹੁਤ ਜਫ਼ਰ ਜਾਲੇ ਨੇ। ਇਥੋਂ ਤੱਕ ਕਿ ਉਸ ਨੇ ਘਰ ਫੂਕ ਤਮਾਸ਼ਾ ਵੀ ਦੇਖਿਆ ਹੈ। ਕਰਤਾਰ ਸਿੰਘ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਨਾਂ ਉਤੇ ਕੌਮਾਂਤਰੀ ਕੁਸ਼ਤੀ ਟੂਰਨਾਮੈਂਟ ਸ਼ੁਰੂ ਕਰਵਾਇਆ। ਪਹਿਲੇ ਸਾਲ ਫਿਲਮ ਅਭਿਨੇਤਾ ਧਰਮਿੰਦਰ ਸਿੰਘ ਉਚੇਚੇ ਤੌਰ ਉਤੇ ਆਇਆ ਅਤੇ ਖੇਡਾਂ ਦੀ ਮਸ਼ਾਲ ਸ਼ਹੀਦੇ ਆਜ਼ਮ ਦੇ ਖਟਕੜ ਕਲਾਂ ਸਥਿਤ ਜੱਦੀ ਘਰ ਤੋਂ ਜਲਾ ਕੇ ਕਾਫਲੇ ਦੇ ਰੂਪ ਵਿੱਚ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਲਿਜਾਈ ਗਈ। ਇਸ ਵੱਡੇ ਇਨਾਮੀ ਰਾਸ਼ੀ ਟੂਰਨਾਮੈਂਟ ਦਾ ਟਾਈਟਲ ਸਪਾਂਸਰ ਪਰਲ ਕੰਪਨੀ ਸੀ। ਬਾਅਦ ਵਿੱਚ ਜਦੋਂ ਇਸ ਕੰਪਨੀ ਦਾ ਮਾਲਕ ਕਥਿਤ ਧੋਖਾਧੜੀ ਦੇ ਦੋਸ਼ਾਂ ਨਾਲ ਗ੍ਰਿਫਤਾਰ ਹੋ ਗਿਆ ਤਾਂ ਟੂਰਨਾਮੈਂਟ ਦੀ ਸਪਾਂਸਰਸ਼ਿਪ ਰਾਸ਼ੀ ਵੀ ਰਾਹ ਵਿੱਚ ਰੁਕ ਗਈ। ਕਰਤਾਰ ਨੂੰ ਪੇਮੈਂਟਾਂ ਕਰਨ ਲਈ ਆਪਣਾ ਫਲੈਟ ਵੇਚਣਾ ਪਿਆ ਪਰ ਕੁਸ਼ਤੀ ਪ੍ਰਤੀ ਜਾਨੂੰਨ ਨਹੀਂ ਘਟਿਆ। ਉਹ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਕੁਸ਼ਤੀਆਂ, ਮੰਨਣਹਾਣੇ ਦੀ ਛਿੰਝ ਦੀ ਵੀ ਸਰਪ੍ਰਸਤੀ ਕਰਦਾ। ਪੁਰੇਵਾਲ ਖੇਡਾਂ ਦੌਰਾਨ ਕੁਸ਼ਤੀਆਂ ਮੁਕਾਬਲੇ ਉਸ ਦੀ ਦੇਖ-ਰੇਖ ਹੇਠ ਹੁੰਦੇ ਹਨ। ਸੁਰ ਸਿੰਘ ਉਹ ਸਾਲ ਵਿੱਚ ਦੋ ਵਾਰ ਦੰਗਲ ਕਰਵਾਉਂਦਾ ਹੈ। ਪਿਛਲੇ ਸਾਲ ਕਰਤਾਰ ਨੇ ਜਲੰਧਰ ਵਿਖੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਕਰਵਾਈ। ਪੰਜਾਬ ਨੇ ਇਸ ਟੂਰਨਾਮੈਂਟ ਦੀ 23 ਵਰ੍ਹਿਆਂ ਬਾਅਦ ਮੇਜ਼ਬਾਨੀ ਕੀਤੀ। 1996 ਵਿੱਚ ਵੀ ਕਰਤਾਰ ਨੇ ਪੰਜਾਬ ਕੁਸ਼ਤੀ ਸੰਸਥਾ ਦੇ ਪ੍ਰਧਾਨ ਹੁੰਦਿਆਂ ਇਹ ਚੈਂਪੀਅਨਸ਼ਿਪ ਕਰਵਾਈ ਸੀ। 2008 ਵਿੱਚ 300 ਸਾਲਾ ਗੁਰਤਾ ਗੱਦੀ ਦਿਵਸ ਮੌਕੇ ਕਰਤਾਰ ਨੇ ਆਪਣੇ ਦੋਸਤ ਪਹਿਲਵਾਨ ਕੰਵਰਜੀਤ ਸੰਧੂ ਨਾਲ ਮਿਲ ਕੇ ਹਜ਼ੂਰ ਸਾਹਿਬ ਵਿਖੇ ਦੰਗਲ ਕਰਵਾਇਆ।
ਕਰਤਾਰ ਦੀ ਸਾਦਗੀ, ਕੁਸ਼ਤੀ ਪ੍ਰਤੀ ਸਮਰਪਣ ਅਤੇ ਭੋਲੇਪਣ ਦੀਆਂ ਗੱਲਾਂ ਗੁਰੂ ਹਨੂੰਮਾਨ ਬਹੁਤ ਸੁਣਾਇਆ ਕਰਦੇ ਸਨ। ਉਹ ਦੱਸਦੇ ਹੁੰਦੇ ਸਨ ਕਿ ਇਕ ਵਾਰ ਕਰਤਾਰ ਸਿੰਘ ਨੂੰ ਉਹਦੇ ਪਿੰਡੋਂ ਕੁਝ ਬੰਦੇ ਮਿਲਣ ਆਏ। ਕਰਤਾਰ ਨੇ ਖੁਬ ਸੇਵਾ ਕੀਤੀ। ਸ਼ਾਮ ਨੂੰ ਉਹ ਕਹਿਣ ਲੱਗੇ, ”ਕਰਤਾਰ ਸਿਆਂ ਅਸਾਂ ਸਿਨੇਮਾ ਦੇਖਣਾ, ਜਾਹ ਟਿਕਟਾਂ ਈ ਲੈ ਆ।” ਕਰਤਾਰ ਨੇ ਸਿਨੇਮਾ ਕਦੇ ਦੇਖਿਆ ਨਹੀਂ ਸੀ ਪਰ ਮਹਿਮਾਨ ਨਿਵਾਜ਼ੀ ਦੀ ਲਾਜ ਰੱਖਣ ਲਈ ਉਹ ਟਿਕਟਾਂ ਲੈਣ ਤੁਰ ਪਿਆ। ਅਗਾਂਹ ਜਦੋਂ ਟਿਕਟ ਖਿੜਕੀ ਦੇ ਅੱਗੇ ਖੜ੍ਹੇ ਕਰਤਾਰ ਨੇ ਜਦੋਂ ਬਾਲਕਾਨੀ ਦੀਆਂ ਚਾਰ ਟਿਕਟਾਂ ਮੰਗੀਆਂ ਤਾਂ ਮੂਹਰੋਂ ਜਵਾਬ ਮਿਲਿਆ, ”ਜਵਾਨਾਂ ਕਾਹਦੀਆਂ ਟਿਕਟਾਂ ਲੈਣੀਆਂ?” ਕਰਤਾਰ ਕਹਿੰਦਾ, ”ਸਿਨੇਮੇ ਦੀਆਂ।” ਸਾਹਮਣੇ ਵਾਲਾ ਪਹਿਲਾ ਜ਼ੋਰ ਜ਼ੋਰ ਦੀ ਹੱਸਿਆ ਅਤੇ ਫੇਰ ਬੋਲਿਆ, ”ਜਵਾਨਾਂ ਇਹ ਤਾਂ ਰੇਲਵੇ ਸਟੇਸ਼ਨ ਹੈ, ਸਿਨੇਮਾ ਨਹੀਂ।” ਕਰਤਾਰ ਸਿਨੇਮੇ ਦੀ ਥਾਂ ਨਵੀਂ ਦਿੱਲੀ ਦੇ ਸਬਜ਼ੀ ਮੰਡੀ ਰੇਲਵੇ ਸਟੇਸ਼ਨ ਚਲਾ ਗਿਆ।
ਕਰਤਾਰ ਸਿੰਘ ਦੀ ਪਹਿਲੀ ਵਾਰ ਲੰਬੀ ਇੰਟਰਵਿਊ ਕਰਨ ਦਾ ਮੌਕਾ ਮੈਨੂੰ 2004 ਵਿੱਚ ਉਸ ਦੇ ਖੇਡ ਵਿਭਾਗ ਦੇ ਡਾਇਰੈਕਟਰ ਰਹਿੰਦਿਆਂ ਚੰਡੀਗੜ੍ਹ ਦੇ ਸੈਕਟਰ-39 ਸਥਿਤ ਉਸ ਦੀ ਸਰਕਾਰੀ ਰਿਹਾਇਸ਼ 3001 ਵਿੱਚ ਮਿਲਿਆ ਸੀ। ਉਸ ਵੇਲੇ ਮੈਂ ਸਿਨੇਮੇ ਦੀਆਂ ਟਿਕਟਾਂ ਵਾਲੀ ਗੱਲ ਪੁੱਛੀ ਤਾਂ ਕਰਤਾਰ ਸਿੰਘ ਨੇ ਦੱਸਿਆ ਕਿ ਸਾਡੇ ਗੁਰੂ ਜੀ ਸਾਨੂੰ ਬਹੁਤ ਪਿਆਰ ਕਰਦੇ ਸੀ ਅਤੇ ਸਾਡੀ ਸ਼ਾਨ ਵਧਾਉਣ ਲਈ ਕਈ ਵਾਰ ਕੁਝ ਗੱਲਾਂ ਕੋਲੋਂ ਜੁੜ ਕੇ ਵੀ ਸੁਣਾ ਦਿੰਦੇ ਸਨ। ਸਿਨੇਮੇ ਵਾਲੀ ਗੱਲ ਤਾਂ ਸੱਚੀ ਪਰ ਇਕ ਹੋਰ ਗੱਲ ਸਾਂਝੀ ਕਰਦਿਆਂ ਕਰਤਾਰ ਨੇ ਦੱਸਿਆ ਕਿ ਗੁਰੂ ਜੀ ਨੇ ਮਨੋਂ ਹੀ ਗੱਲ ਜੋੜ ਕੇ ਕਿਹਾ, ”ਇੱਕ ਵਾਰ ਮੈਂ ਕਰਤਾਰ ਨੂੰ ਕਿਹਾ ਕਿ ਆਹ ਦੁੱਧ ਨੂੰ ਗਰਮ ਕਰ ਦੇ। ਰਬੜ ਦੀ ਬਾਲਟੀ ਵਿੱਚ ਪਏ ਦੁੱਧ ਨੂੰ ਕਰਤਾਰ ਨੇ ਬਾਲਟੀ ਸਣੇ ਹੀ ਸਟੋਵ ਉੱਪਰ ਰੱਖ ਦਿੱਤਾ। ਬਾਅਦ ਵਿੱਚ ਕਰਤਾਰ ਕਹਿਣ ਲੱਗਾ ਆਹ ਗੁਰੂ ਜੀ ਦੁੱਧ ਉੱਪਰ ਦੀ ਬਜਾਏ ਹੇਠਾਂ ਨੂੰ ਹੀ ਜਾ ਰਿਹਾ ਹੈ।” ਗੁਰੂ ਜੀ ਇਕ ਗੱਲ ਹੋਰ ਵੀ ਸੁਣਾਉਂਦੇ ਹੁੰਦੇ ਹਨ, ”ਇਕੇਰਾਂ ਮੈਂ ਕਰਤਾਰ ਨੂੰ ਜਗਦਾ ਬੱਲਬ ਬੁਝਾਉਣ ਲਈ ਕਿਹਾ ਤਾਂ ਕਰਤਾਰ ਅੱਗੋ ਬੱਲਬ ਨੂੰ ਫੂਕਾਂ ਮਾਰਨ ਲੱਗਿਆ ਜਿਵੇਂ ਅੱਗ ਬੁਝਾਉਣੀ ਹੋਵੇ।” ਅਸਲ ਵਿੱਚ ਗੁਰੂ ਹਨੂੰਮਾਨ ਆਪਣੇ ਲਾਡਲੇ ਚੇਲੇ ਦੀ ਵਢਿਆਈ ਦੇ ਨਾਲ ਉਸ ਦੇ ਭੋਲੇਪਣ ਅਤੇ ਕੁਸ਼ਤੀ ਨੂੰ ਸਮਰਪਿਤ ਭਾਵਨਾ ਦੱਸਣ ਲਈ ਵੀ ਗੱਲਾਂ ਵਧਾ-ਚੜ੍ਹਾ ਕੇ ਕਰਦੇ ਸਨ। ਕਰਤਾਰ ਛੋਟਾ ਹੁੰਦਾ ਹੀ ਕੁਸ਼ਤੀ ਨੂੰ ਸਮਰਪਿਤ ਰਿਹਾ। ਸਕੂਲੇ ਦਸਵੀਂ ਪੜ੍ਹਦਿਆਂ ਇਕ ਵਾਰ ਕਿਸੇ ਕੁੜੀ ਨੇ ਸਕੂਲ ਦੇ ਹੈਡ ਮਾਸਟਰ ਨੂੰ ਕਰਤਾਰ ਦੀ ਸ਼ਿਕਾਇਤ ਲਾਈ ਕਿ ਉਹ ਉਸ ਦਾ ਪਿੱਛਾ ਕਰਦਾ ਹੈ। ਹੈਡ ਮਾਸਟਰ ਨੂੰ ਇਸ ਗੱਲ ਉਤੇ ਯਕੀਨ ਨਾ ਆਇਆ ਕਿ ਕਰਤਾਰ ਇਹ ਕੰਮ ਕਰ ਹੀ ਨਹੀਂ ਸਕਦਾ। ਵੈਸੇ ਇਹ ਗੱਲ ਦੀ ਪੁਸ਼ਟੀ ਲਈ ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਤਾਂ ਕਰਤਾਰ ਕਹਿੰਦਾ, ”ਛੱਡੋ ਜੀ ਇਹ ਗੱਲਾਂ ਨੂੰ, ਨਿਆਣੇ ਹੁੰਦੇ ਦੀਆਂ ਗੱਲਾਂ ਨੇ ਸਭ।” ਇਕ ਗੱਲ ਜ਼ਰੂਰੀ ਸੱਚੀ ਹੈ ਕਿ ਇਕੇਰਾਂ ਕਰਤਾਰ ਨੂੰ ਕਿਸੇ ਕੁੜੀ ਨੇ ਮਿਲਣ ਲਈ ਸਕੂਲ ਸਮੇਂ ਤੋਂ ਪਹਿਲਾਂ ਬੁਲਾ ਲਿਆ ਪਰ ਕਰਤਾਰ ਭਲਵਾਨੀ ਦਾ ਜ਼ੋਰ ਕਰਦਾ ਹੋਇਆ ਲੇਟ ਪੁੱਜਿਆ। ਜਦੋਂ ਨਾਲ ਦਿਆਂ ਮੁੰਡਿਆਂ ਨੇ ਪੁੱਛਿਆ ਕਿ ਉਹ ਪਹਿਲਾਂ ਕਿਉਂ ਨਾ ਆਇਆ, ਉਹ ਤਾਂ ਉਡੀਕ ਉਡੀਕ ਕਰਦੀ ਚਲੀ ਗਈ। ਕਰਤਾਰ ਅੱਗੋਂ ਬੋਲਿਆ, ”ਮੈਂ ਅਖਾੜੇ ਵਿੱਚ ਜ਼ੋਰ ਕਰਦਾ ਸੀ।” ਗੁਰਦਾਸ ਮਾਨ ਦੇ ਗਾਣੇ ਦੀਆਂ ਸਤਰਾਂ ”ਜੀਅ ਦਾਰੀ ਦੀ ਕੁਸ਼ਤੀ ਪੱਕਾ ਸਾਧ ਲੰਗੋਟੇ ਦਾ” ਕਰਤਾਰ ਉਪਰ ਪੂਰੀ ਤਰ੍ਹਾਂ ਢੁੱਕਦੀਆਂ ਹਨ। ਕਰਤਾਰ ਨੇ ਕੁਸ਼ਤੀ ਤੋਂ ਬਿਨਾਂ ਹੋਰ ਕੁਝ ਦੇਖਿਆ ਹੀ ਨਹੀਂ। ਕੁਸ਼ਤੀ ਨੇ ਵੀ ਉਸ ਨੂੰ ਕੁੱਲ ਦੁਨੀਆਂ ਦਿਖਾ ਦਿੱਤੀ। ਹਰ ਮਾਣ-ਸਨਮਾਨ, ਰੁਤਬਾ, ਅਹੁਦਾ ਕਰਤਾਰ ਕੋਲ ਆਪ ਚੱਲ ਕੇ ਆਇਆ। ਕਰਤਾਰ ਨੂੰ ਜਿੱਥੋਂ ਵੀ ਕੋਈ ਗੁਰ ਮਿਲਿਆ ਉਸ ਨੇ ਸਮਰਪਣ ਭਾਵਨਾ ਨਾਲ ਸਿੱਖਿਆ। ਦਾਰਾ ਸਿੰਘ ਕੋਲ ਤਾਂ ਉਹ ਮੇਰਠ ਵਿਖੇ ਸਵਾ ਰੁਪਏ ਤੇ ਪੱਗ ਦੇ ਕੇ ਸ਼ਾਗਿਰਦ ਬਣਿਆ ਸੀ। ਕਰਤਾਰ ਦੇ ਛੋਟੇ ਹੁੰਦਿਆਂ ਇਕ ਵਾਰ ਭਿੱਖੀਵਿੰਡ ਦੇ ਅੱਡੇ ਉਤੇ ਪਹਿਲਵਾਨ ਸੋਹਣ ਸਿੰਘ ਨੇ ਕਰਤਾਰ ਨੂੰ ਕੁਝ ਗੁਰ ਦੱਸਣਾ ਚਾਹਿਆ ਤਾਂ ਉਹ ਉਥੇ ਹੀ ਮੰਤਰ ਮੁਗਧ ਹੋ ਕੇ ਸਿੱਖਣ ਲੱਗ ਗਿਆ। ਟੰਗੀ ਦਾ ਦਾਅ ਉਸ ਨੇ ਭਿੱਖੀਵਿੰਡ ਦੇ ਅੱਡੇ ਉਤੇ ਸਿੱਖਿਆ ਸੀ।
ਕਰਤਾਰ ਨੇ ਸਹੀ ਮਾਅਨਿਆਂ ਵਿੱਚ ਸਾਧ ਬਣ ਕੇ ਭਲਵਾਨੀ ਕੀਤੀ ਹੈ। ਉਦੋਂ ਕਰਤਾਰ ਬੀ.ਐਸ.ਐਫ. ਵਿੱਚ ਡੀ.ਐਸ.ਪੀ. ਹੁੰਦਾ ਸੀ ਜਦੋਂ ਉਹ ਗੁਰੂ ਹਨੂੰਮਾਨ ਦੇ ਅਖਾੜੇ ਵਿੱਚ 10 ਜ਼ਰਬ 8 ਫੁੱਟ ਦੇ ਛੋਟੇ ਜਿਹੇ ਕਮਰੇ ਵਿੱਚ 8-9 ਭਲਵਾਨਾਂ ਨਾਲ ਰਹਿੰਦਾ ਸੀ। ਉਸੇ ਕਮਰੇ ਵਿੱਚ ਭਲਵਾਨਾਂ ਦੇ ਟਰੰਕ ਅਤੇ ਰੋਟੀ ਪਕਾਉਣ ਲਈ ਚਕਲੇ-ਵੇਲਣੇ, ਕੜਛੀਆ-ਕੌਲੀਆਂ, ਪਲੇਟਾਂ ਪਈਆਂ ਹੁੰਦੀਆਂ। ਕਰਤਾਰ ਹੁਰੀਂ ਉਪਰ-ਥੱਲੇ ਬਣੇ ਬੈਡਾਂ ਉਤੇ ਫਸ-ਫਸ ਕੇ ਮਸਾਂ ਸੌਣ ਲਈ ਜਗ੍ਹਾਂ ਬਣਾਉਂਦੇ। ਬਾਹਰੋਂ ਮਿਲਣ ਆਉਣ ਵਾਲਾ ਤਾਂ ਇਕ ਵਾਰ ਚੱਕਰ ਖਾ ਕੇ ਡਿੱਗ ਪੈਂਦਾ। ਕਰਤਾਰ ਨੇ ਇਸ ਮਾਹੌਲ ਵਿੱਚ ਕਈ ਵਰ੍ਹੇਂ ਗੁਜ਼ਾਰੇ। ਉਸ ਵੇਲੇ ਉਹ ਏਸ਼ੀਆ ਦਾ ਚੈਂਪੀਅਨ ਅਤੇ ਓਲੰਪਿਕ ਵਿੱਚ ਭਾਰਤੀ ਟੀਮ ਦਾ ਕਪਤਾਨ ਸੀ। ਕਰਤਾਰ ਨੂੰ ਕਦੇ ਵੀ ਆਪਣੀ ਪ੍ਰਾਪਤੀ ਅਤੇ ਅਹੁਦੇ ਦਾ ਅਹੰਕਾਰ ਨਹੀਂ ਹੋਇਆ। ਕਰਤਾਰ ਸਵੇਰੇ ਅਖਾੜਾ ਗੁੱਡਣ ਤੋਂ ਲੈ ਕੇ ਸ਼ਰਦਈ ਰਗੜਨ ਤੱਕ ਹਰ ਕੰਮ ਕਰਦਾ। ਅਖਾੜੇ ਵਿੱਚ ਭਲਵਾਨਾਂ ਨੂੰ ਰੇਡੀਓ ਉਤੇ ਗੀਤ ਸੁਣਨ ਦੀ ਵੀ ਮਨਾਹੀ ਸੀ। ਕਰਤਾਰ ਨੇ ਕਦੇ ਵੀ ਜਾਬਤਾ ਨਾ ਤੋੜਿਆ। ਕਰਤਾਰ ਗੁਰਦੁਆਰੇ ਕੀਰਤਨ ਸੁਣਨ ਜਾਇਆ ਕਰਦਾ ਸੀ। ਇਕ ਵਾਰ ਸਾਥੀ ਭਲਵਾਨਾਂ ਦੀ ਸ਼ਿਕਾਇਤ ਕਰਨ ‘ਤੇ ਜਦੋਂ ਗੁਰੂ ਜੀ ਨੇ ਉਸ ਦਾ ਪਿੱਛਾ ਕੀਤਾ ਤਾਂ ਅੱਗਿਓ ਕਰਤਾਰ ਕੀਰਤਨ ਸੁਣਨ ਵਿੱਚ ਲੀਨ ਸੀ। ਗੁਰੂ ਜੀ ਉਸ ਦਾ ਇਹ ਰੂਪ ਦੇਖ ਕੇ ਬਹੁਤ ਖੁਸ਼ ਹੋਏ। ਗੁਰੂ ਹਨੂੰਮਾਨ ਅਖਾੜੇ ਦੇ ਦੋ ਵੱਡੇ ਭਲਵਾਨ ਹੋਏ ਹਨ। ਕਰਤਾਰ ਤੇ ਸੱਤਪਾਲ। ਸੱਤਪਾਲ ਨੇ 1982 ਵਿੱਚ ਏਸ਼ੀਆ ਜਿੱਤੀ ਅਤੇ ਕਰਤਾਰ ਨੇ ਦੋ ਵਾਰ ਜਿੱਤੀ। ਗੁਰੂ ਜੀ ਅਤੇ ਸਾਥੀ ਭਲਵਾਨ ਅਕਸਰ ਕਹਿੰਦੇ ਸਨ ਕਿ ਜੇਕਰ ਅਖਾੜੇ ਦੇ ਭਲਵਾਨਾਂ ਦੀਆਂ ਵੋਟਾਂ ਪਵਾ ਲਈਆਂ ਜਾਣ ਤਾਂ ਕਰਤਾਰ ਵੱਡੇ ਫਰਕ ਨਾਲ ਜਿੱਤੇ।
ਕਰਤਾਰ ਨੇ ਕੁਸ਼ਤੀ ਲਈ ਪਸੀਨਾ ਹੀ ਨਹੀਂ ਸਗੋਂ ਆਪਣਾ ਖੂਨ ਵੀ ਵਹਾਇਆ ਹੈ। ਕਰਤਾਰ ਦੀ ਠੋਡੀ ਉਪਰ ਸੱਟ ਕਾਰਨ ਹੀ ਟੋਆ ਹੈ। ਖੱਬਾ ਕੰਨ ਵੀ ਧੌਲ ਮਾਰਨ ਕਾਰਨ ਨਾੜ ਪਾਟਣ ਦੇ ਕਾਰਨ ਮੋਟਾ ਹੈ। ਕਰਤਾਰ ਇਨ੍ਹਾਂ ਸੱਟਾਂ ਫੇਟਾਂ ਨੂੰ ਆਪਣੇ ਗਹਿਣੇ ਸਮਝਦਾ ਹੈ। ਗੋਰੇ ਨਿਛੋਹ ਰੰਗ ਦਾ ਕਰਤਾਰ ਕੁਸ਼ਤੀ ਲੜਦਿਆਂ ਜਦੋਂ ਪਸੀਨੇ ਨਾਲ ਤਰ-ਬਤਰ ਹੁੰਦਾ ਹੈ ਤਾਂ ਉਸ ਦੇ ਪਿੰਡੇ ਉਤੇ ਆਇਆ ਪਸੀਨੇ ਵੀ ਸੋਨੇ ਦੀ ਮਹਿਕ ਬਿਖੇਰਦਾ ਹੈ। ਕਰਤਾਰ ਨੂੰ ਆਪਣੇ ਸਰੀਰ ਨਾਲ ਬਹੁਤ ਪਿਆਰ ਹੈ। ਉਸ ਨੇ ਪਿਛਲੇ ਚਾਲੀ ਵਰ੍ਹਿਆਂ ਤੋਂ ਆਪਣਾ ਵਜ਼ਨ 90 ਤੋਂ 100 ਕਿਲੋ ਦੇ ਵਿਚਾਲੇ ਹੀ ਰੱਖਿਆ। ਖੇਡ ਵਿਭਾਗ ਦੇ ਡਾਇਰੈਕਟਰ ਹੁੰਦਿਆਂ ਇਕ ਵਾਰ ਵੈਟਰਨ ਮੁਕਾਬਲੇ ਤੋਂ ਪਹਿਲਾ ਉਸ ਦਾ ਵਜ਼ਨ ਆਪਣੇ ਵਰਗ ਤੋਂ 6-7 ਕਿਲੋ ਵਧ ਗਿਆ। ਕਰਤਾਰ ਨੇ ਦੋ ਦਿਨਾਂ ਵਿੱਚ ਹੀ ਸਖਤ ਵਰਜ਼ਿਸ਼ ਕਰ ਕੇ ਆਪਣਾ ਵਜ਼ਨ ਘਟਾ ਲਿਆ।
ਕਰਤਾਰ ਵਿੱਚ ਮਹਿਮਾਨਨਿਵਾਜ਼ੀ ਵੀ ਕੁੱਟ-ਕੁੱਟ ਭਰੀ ਹੋਈ ਹੈ। ਮੇਰੀ ਨਿੱਜੀ ਤੌਰ ‘ਤੇ ਉਨ੍ਹਾਂ ਨਾਲ ਪਿਛਲੇ 15 ਵਰ੍ਹਿਆਂ ਤੋਂ ਸਾਂਝ ਹੈ। ਉਨ੍ਹਾਂ ਦੇ ਘਰ ਕੋਈ ਵੀ ਪੁੱਜੇ ਤਾਂ ਉਹ ਖੁਰਾਕ-ਪਾਣੀ ਨਾਲ ਅਗਲੇ ਨੂੰ ਰਜਾ ਕੇ ਭੇਜਦੇ ਹਨ। ਭਲਵਾਨ ਤਾਂ ਉਂਝ ਵੀ ਖੁੱਲ੍ਹੀਆਂ ਖੁਰਾਕਾਂ ਲਈ ਜਾਣੇ ਜਾਂਦੇ ਹਨ। ਉਹ ਧੱਕੇ ਨਾਲ ਮਹਿਮਾਨ ਦੀ ਖਾਣ-ਪੀਣ ਵਾਸੀ ਸੇਵਾ ਕਰਦੇ ਹਨ। ਕਰਤਾਰ ਦੇ ਦੋਸਤੀ ਦੇ ਦਾਇਰੇ ਵਿੱਚ ਹਰ ਤਰ੍ਹਾਂ ਦੇ ਲੋਕ ਹਨ। ਪਹਿਲਵਾਨ, ਖਿਡਾਰੀ, ਕੋਚ, ਰਾਜਸੀ ਲੋਕ, ਪੁਲਿਸ ਤੇ ਸਿਵਲ ਅਫਸਰ, ਅਖਬਾਰਾਂ ਦੇ ਸੰਪਾਦਕ, ਲਿਖਾਰੀ, ਗਾਇਕ, ਫਿਲਮੀ ਐਕਟਰ। ਸਭ ਕਰਤਾਰ ਦੇ ਪ੍ਰਸੰਸਕ ਹਨ। ਕਰਤਾਰ ਫਿਲਮਾਂ ਵਾਲਿਆਂ ਵਿੱਚ ਧਰਮਿੰਦਰ ਅਤੇ ਗਾਉਣ ਵਾਲਿਆਂ ਵਿੱਚ ਗੁਰਦਾਸ ਮਾਨ ਦਾ ਪ੍ਰਸੰਸਕ ਹੈ। ਜਲੰਧਰ ਦੂਰਦਰਸ਼ਨ ਉਤੇ ਦਹਾਕਿਆਂ ਬੱਧੀ ਖਬਰਾਂ ਸੁਣਾਉਣ ਵਾਲੇ ਰਮਨ ਕੁਮਾਰ ਕਰਤਾਰ ਦੀਆਂ ਮਹਿਫਲਾਂ ਦਾ ਸ਼ਿੰਗਾਰ ਹੁੰਦੇ ਹਨ। ਕਰਤਾਰ ਦੇ ਮੁੰਡੇ ਦੇ ਵਿਆਹ ਉਤੇ ਰਮਨ ਕੁਮਾਰ, ਗੀਤਕਾਰ ਸ਼ਮਸ਼ੇਰ ਸੰਧੂ, ਫਿਲਮੀ ਐਕਟਰ ਵਿਜੇ ਟੰਡਨ, ਸਾਬਕਾ ਆਈ.ਏ.ਐਸ. ਕੈਪਟਨ ਨਰਿੰਦਰ ਸਿੰਘ ਤੇ ਕਹਾਣੀਕਾਰ ਵਰਿਆਮ ਸੰਧੂ ਸਭ ਭੰਗੜੇ ਪਾ ਰਹੇ ਸਨ। ਕਰਤਾਰ ਨੂੰ ਆਪਣੇ ਦਾਇਰੇ ਦੇ ਦੋਸਤਾਂ ਨਾਲ ਵਰਤਣਾ ਆਉਂਦਾ ਹੈ। ਇਕ ਵਾਰ ਉਨ੍ਹਾਂ ਭਦੌੜ ਵਿਖੇ ਕਿਸੇ ਕੁਸ਼ਤੀ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਆਉਣਾ ਸੀ। ਮੇਰੇ ਨਾਲ ਫੋਨ ਉਤੇ ਗੱਲ ਕਰਦਿਆਂ ਮੈਂ ਦੱਸਿਆ ਕਿ ਬਰਨਾਲਾ ਆਪਣੇ ਘਰ ਵੀ ਗੇੜਾ ਮਾਰ ਆਇਓ। ਕਰਤਾਰ ਸਿੰਘ ਮੇਰੀ ਗੈਰਹਾਜ਼ਰੀ ਦੇ ਬਾਵਜੂਦ ਆਪਣੇ ਸਖਤ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਮੇਰੇ ਮਾਤਾ-ਪਿਤਾ ਨੂੰ ਮਿਲਣ ਲਈ ਬਰਨਾਲਾ ਘਰ ਗਏ। ਕਰਤਾਰ ਸਿੰਘ ਵਿੱਚ ਨਿਮਰਤਾ ਵੀ ਬਹੁਤ ਹੈ ਅਤੇ ਉਹ ਛੇਤੀ ਕਿਤੇ ਕਿਸੇ ਨਾਲ ਗੁੱਸੇ ਗਿਲੇ ਵੀ ਨਹੀਂ ਹੁੰਦਾ। ਸਾਲ 2015 ਦੇ ਸਤੰਬਰ ਮਹੀਨੇ ਦੀ ਗੱਲ ਹੈ। ਕਰਤਾਰ ਸਿੰਘ ਖੇਡ ਵਿਭਾਗ ਦਾ ਡਾਇਰੈਕਟਰ ਸੀ। ਕਰਤਾਰ ਦੇ ਵਿਸ਼ਵ ਚੈਂਪੀਅਨ ਬਣ ਕੇ ਆਉਣ ਉਤੇ ਜਲੰਧਰ ਰੇਲਵੇ ਸਟੇਸ਼ਨ ਉਤੇ ਉਸ ਦਾ ਜ਼ੋਰਦਾਰ ਸਵਾਗਤ ਹੋਇਆ। ਉਸੇ ਸ਼ਾਮ ਅਥਲੀਟ ਮਨਜੀਤ ਕੌਰ ਇੰਚੇਓਨ ਵਿਖੇ ਏਸ਼ੀਅਨ ਚੈਂਪੀਅਨਸ਼ਿਪ ਵਿੱਚੋਂ ਦੋ ਸੋਨ ਤਮਗੇ ਜਿੱਤ ਕੇ ਵਾਪਸ ਆਈ। ਜਲੰਧਰ ਰੇਲਵੇ ਸਟੇਸ਼ਨ ਤੋਂ ਮਨਜੀਤ ਆਟੋ ਰਿਕਸ਼ਾ ਉਤੇ ਘਰ ਪੁੱਜੀ। ਮੈਂ ਉਸ ਵੇਲੇ ਸਟੋਰੀ ਕੀਤੀ ”ਕਰਤਾਰ ਨੂੰ ਹੱਥਾਂ ਉਤੇ ਚੁੱਕਿਆ, ਮਨਜੀਤ ਨੂੰ ਕਿਸੇ ਨਾ ਤੱਕਿਆ”। ਕਰਤਾਰ ਨੇ ਇਸ ਗੱਲ ਉਤੇ ਭੋਰਾ ਗਿਲਾ ਵੀ ਨਾ ਕੀਤਾ ਉਲਟਾ ਉਸ ਨੇ ਆਪਣੇ ਵਿਭਾਗ ਦੀ ਗਲਤੀ ਮੰਨਦਿਆਂ ਜ਼ਿਲਾ ਖੇਡ ਅਫਸਰ ਨੂੰ ਝਿੜਕਿਆ।
ਕਰਤਾਰ ਨੇ ਜਿੱਥੇ ਪੰਜਾਬ ਤੇ ਦਿੱਲੀ ਵਿੱਚ ਪਹਿਲਵਾਨੀ ਦੇ ਗੁਰ ਸਿੱਖੇ ਉਤੇ ਸਭ ਤੋਂ ਦੰਗਲ ਮਹਾਂਰਾਸ਼ਟਰ ਵਿੱਚ ਘੁਲੇ। ਉਥੇ ਉਹ ਕਈ ਕਈ ਮਹੀਨੇ ਰਹਿ ਕੇ ਅਖਾੜਿਆਂ ਵਿੱਚ ਘੁਲਦਾ ਅਤੇ ਵਾਪਸੀ ਉਤੇ ਗੁਰਜਾਂ ਅਤੇ ਨੋਟਾਂ ਨਾਲ ਜੇਬਾਂ ਭਰ ਕੇ ਆਉਂਦਾ। ਮਹਾਂਰਾਸ਼ਟਰ ਦੇ ਦੰਗਲਾਂ ਵਿੱਚ ਉਸ ਨੇ ਦੇਸ਼ ਸਮੇਤ ਪਾਕਿਸਤਾਨ ਦੇ ਵੀ ਕਈ ਵੱਡੇ ਭਲਵਾਨਾਂ ਦੀ ਪਿੱਠ ਲਾਈ। ਪੰਜਾਬ ਦੇ ਸਾਬਕਾ ਡੀ.ਜੀ.ਪੀ. ਐਸ.ਐਸ.ਵਿਰਕ ਜਦੋਂ ਪੁਣੇ ਵਿਖੇ ਕਮਿਸ਼ਨਰ ਸੀ ਤਾਂ ਉਨ੍ਹਾਂ ਸ਼ਹੀਦ ਪੁਲਿਸ ਜਵਾਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਦੰਗਲ ਰੱਖਿਆ। ਕਰਤਾਰ ਨੂੰ ਖੇਡਣ ਦੀ ਪੇਸ਼ਕਸ਼ ਕੀਤੀ ਤਾਂ ਉਸ ਨੇ ਮੁਫਤ ਵਿੱਚ ਹੀ ਖੇਡਣ ਨੂੰ ਹਾਂ ਕਰ ਦਿੱਤੀ। ਉਸ ਵੇਲੇ ਕੋਈ ਵੀ ਵੱਡਾ ਪਹਿਲਵਾਨ ਨਗਦ ਰਾਸ਼ੀ ਬਿਨਾਂ ਕੋਈ ਵੀ ਦੰਗਲ ਨਹੀਂ ਲੜਦਾ ਸੀ ਪਰ ਕਰਤਾਰ ਨੇ ਮੁਫਤ ਵਿੱਚ ਹੀ ਹਿੱਸਾ ਲਿਆ ਅਤੇ ਦੰਗਲ ਵੀ ਜਿੱਤਿਆ। ਵਾਪਸੀ ਉਤੇ ਕਰਤਾਰ ਨੂੰ ਨਗਦ ਰਾਸ਼ੀ ਦੇਣ ਦੀ ਬਹੁਤ ਕੋਸ਼ਿਸ਼ ਕੀਤੀ ਤਾਂ ਉਸ ਨੇ ਨਾਂਹ ਕਰ ਦਿੱਤੀ। ਫੇਰ ਵੀ ਐਸ.ਐਸ.ਵਿਰਕ ਨੇ ਕਰਤਾਰ ਦੇ ਨਾਂਹ ਨਾਂਹ ਕਰਦਿਆਂ ਪਹਿਲਾਵਾਨਾਂ ਦੇ ਖਾਣ-ਪੀਣ ਲਈ ਦਸ ਹਜ਼ਾਰ ਰੁਪਏ ਦੇ ਦਿੱਤੇ।
ਪਾਕਿਸਤਾਨ ਵਿੱਚ ਵੀ ਕਰਤਾਰ ਨੂੰ ਬਹੁਤ ਪਿਆਰ ਤੇ ਸਨਮਾਣ ਮਿਲਿਆ। ਇਕ ਵਾਰ ਉਹ ਉਥੇ ਘੁਲਣ ਗਿਆ। ਕੁਸ਼ਤੀਆਂ ਲੜਦਾ ਇੰਨਾ ਥੱਕ ਗਿਆ ਕਿ ਫਾਈਨਲ ਲਈ ਉਸ ਦਾ ਸਰੀਰ ਬਿਲਕੁਲ ਵੀ ਤਿਆਰ ਨਹੀਂ ਸੀ। ਕਰਤਾਰ ਦੇ ਪਾਕਿਸਤਾਨੀ ਦੋਸਤ ਵਹੀ ਭਲਵਾਨ ਨੇ ਕਰਤਾਰ ਦੀ ਜੰਮ ਕੇ ਮਾਲਸ਼ ਕੀਤੀ ਅਤੇ ਕਰਤਾਰ ਨੇ ਫਾਈਨਲ ਵਿੱਚ ਪਾਕਿਸਤਾਨੀ ਭਲਵਾਨ ਨੂੰ ਹਰਾ ਕੇ ਆਪਣੇ ਦੋਸਤ ਦੀ ਮਿਹਨਤ ਦੀ ਲਾਜ ਰੱਖੀ। ਕਰਤਾਰ ਨੂੰ ਪਾਕਿਸਤਾਨ ਗਏ ਨੂੰ ਸੁਰ ਸਿੰਘ ਦੇ ਪਿਛੋਕੜ ਵਾਲੇ ਬਹੁਤ ਬਜ਼ੁਰਗ ਮਿਲਦੇ ਅਤੇ ਪਿੰਡ ਦੀਆਂ ਗੱਲਾਂ ਸੁਣਦੇ। 2004 ਵਿੱਚ ਪਟਿਆਲਾ ਪਹਿਲੀਆਂ ਹਿੰਦ-ਪਾਕਿ ਪੰਜਾਬ ਖੇਡਾਂ ਵੇਲੇ ਬਸ਼ੀਰ ਭੋਲਾ ਤੇ ਪਲਵਿੰਦਰ ਚੀਮਾ ਦੀ ਕੁਸ਼ਤੀ ਖਤਮ ਹੋਣ ਤੋਂ ਬਾਅਦ ਪਾਕਿਸਤਾਨ ਪੰਜਾਬ ਦੇ ਪਹਿਲਵਾਨਾਂ ਨੇ ਜਦੋਂ ਰੌਲਾ ਪਾਇਆ ਤਾਂ ਕਰਤਾਰ ਦੇ ਸਮਝਾਉਣ ਨਾਲ ਸਾਰੇ ਸ਼ਾਂਤ ਹੋ ਗਏ। ਕਰਤਾਰ ਕਰਕੇ ਕਿਸੇ ਅਣਹੋਣੀ ਘਟਨਾ ਤੋਂ ਬਚਾਅ ਹੋ ਗਿਆ।
ਕਰਤਾਰ ਨੂੰ ਕੋਈ ਬਣਾਉਟੀ ਜਾਂ ਡਿਪਲੋਮੇਟ ਗੱਲ ਕਰਨੀ ਨਹੀਂ ਆਉਂਦੀ। ਅਸਲ ਵਿੱਚ ਉਸ ਨੂੰ ਭਾਸ਼ਣ ਦੇਣਾ ਵੀ ਨਹੀਂ ਆਉਂਦਾ। ਉਚ ਪ੍ਰਸ਼ਾਸਨਿਕ ਅਹੁਦਿਆਂ ਉਤੇ ਰਹਿਣ ਵਾਲੇ ਕਰਤਾਰ ਨੂੰ ਸਿਰਫ ਮਿਹਨਤ ਕਰਨੀ ਅਤੇ ਕੁਸ਼ਤੀ ਲੜਨੀ ਆਉਂਦੀ ਹੈ। ਸਿਓਲ ਤੋਂ ਵਾਪਸ ਆ ਕੇ ਜਦੋਂ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਉਸ ਦਾ ਸਨਮਾਨ ਰੱਖਿਆ ਤਾਂ ਪ੍ਰਬੰਧਕਾਂ ਨੇ ਕਰਤਾਰ ਅੱਗੇ ਮਾਇਕ ਕਰ ਦਿੱਤਾ। ਕਰਤਾਰ ਕਹਿੰਦਾ, ”ਭਰਾਵੋਂ ਬੋਲਣਾ ਨਹੀਂ ਆਉਂਦਾ ਮੈਨੂੰ, ਕੁਸ਼ਤੀ ਭਾਵੇਂ ਹੁਣੇ ਲੜਾ ਲਇਓ।” ਕਰਤਾਰ ਦੇ ਸੰਗਾਊ ਸੁਭਾਅ ਦੇ ਬਾਵਜੂਦ ਉਸ ਦੇ ਸੁਰਖੀਆਂ ਵਿੱਚ ਰਹਿਣ ਪਿੱਛੇ ਉਸ ਦੇ ਵੱਡੇ ਭਰਾ ਗੁਰਚਰਨ ਸਿੰਘ ਢਿੱਲੋਂ ਦਾ ਹੱਥ ਹੈ ਜੋ ਅੱਜ-ਕੱਲ੍ਹ ਅਮਰੀਕਾ ਦੇ ਸ਼ਹਿਰ ਸਿਆਟਲ ਰਹਿੰਦਾ ਹੈ। ਕਰਤਾਰ ਉਸ ਨੂੰ ਪਿਆਰ ਨਾਲ ‘ਸਰਦਾਰ ਜੀ’ ਕਹਿੰਦਾ ਹੈ। ਕਰਤਾਰ ਦੀ ਮੀਡੀਆ ਵਿੱਚ ਗੁੱਡੀ ਚੜ੍ਹਾਉਣ ਵਿੱਚ ਗੁਰਚਰਨ ਦੀ ਪੀ.ਆਰ.ਸਕਿੱਲ ਦਾ ਬਹੁਤ ਵੱਡਾ ਹੱਥ ਹੈ। ਵਰਿਆਮ ਸੰਧੂ ਵੀ ਲਿਖਦਾ ਹੈ ਕਿ ਜੇ ਕਰਤਾਰ ਤੇ ਸਰਵਣ ਨੂੰ ਕੁਸ਼ਤੀਆਂ ਲੜਨੀਆਂ ਆਉਂਦੀਆਂ ਸਨ ਤਾਂ ਉਨ੍ਹਾਂ ਦੇ ਸੁਰਮੇ ਨੂੰ ਮਟਕਾਉਣ ਦਾ ਵੱਲ ਗੁਰਚਰਨ ਕੋਲ ਸੀ। ਪਹਿਲੀ ਜਮਾਤ ਤੋਂ ਕਰਤਾਰ ਨੂੰ ਉਂਗਲ ਫੜ ਕੇ ਸਕੂਲੇ ਲਿਜਾਣ ਵਾਲਾ ਗੁਰਚਰਨ ਹੁਣ ਵੀ ਆਪਣੇ ਛੋਟੇ ਭਰਾ ਦੀ ਛੋਟੀ ਜਿਹੀ ਵੀ ਪ੍ਰਾਪਤੀ ਦੀ ਮਸ਼ਹੂਰੀ ਉਨੀ ਸ਼ਿੱਦਤ ਨਾਲ ਕਰਵਾਉਂਦਾ ਜਿੰਨੀ ਉਸ ਦੇ ਏਸ਼ੀਆ ਤੇ ਵਿਸ਼ਵ ਚੈਂਪੀਅਨ ਬਣਨ ਵੇਲੇ ਕਰਵਾਉਂਦਾ ਸੀ।
ਕਰਤਾਰ ਦਾ ਪਰਿਵਾਰ ਸਾਂਝੇ ਤੇ ਸਫਲ ਸੰਯੁਕਤ ਪਰਿਵਾਰ ਦੀ ਸਭ ਤੋਂ ਵੱਡੀ ਉਦਾਹਰਨ ਹੈ ਜਿੱਥੇ ਹਰ ਜੀਅ ਦੂਜੇ ਵਾਸਤੇ ਜਾਨ ਵਾਰਦਾ ਹੈ। ਜਲੰਧਰ ਮਿੱਠਾਪੁਰ ਰੋਡ ਉਤੇ ਚੀਮਾ ਨਗਰ ਵਿੱਚ ਸਾਰੇ ਭਰਾਵਾਂ ਦੀਆਂ ਇਕੱਠੀਆਂ ਕੋਠੀਆਂ ਹਨ ਜਿੱਥੇ ਕਿਸੇ ਵੀ ਬਾਹਰੋਂ ਮਿਲਣ ਆਏ ਨੂੰ ਛੇਤੀ ਛੇਤੀ ਪਤਾ ਨਹੀਂ ਲੱਗਦਾ ਕਿ ਕਿਹੜੇ ਭਰਾ ਦੀ ਕਿਹੜੀ ਕੋਠੀ ਹੈ। ਅਸਲ ਵਿੱਚ ਕਰਤਾਰ ਦੇ ਪਰਿਵਾਰ ਦੇ ਸੰਘਰਸ਼ ਨੇ ਹੀ ਉਨ੍ਹਾਂ ਨੂੰ ਜੋੜ ਕੇ ਰੱਖਿਆ। ਕਰਤਾਰ ਦਾ ਪਿਤਾ ਉਦੋਂ ਚਾਰ-ਪੰਜ ਮਹੀਨਿਆਂ ਦਾ ਹੀ ਜਦੋਂ ਉਸ ਦਾ ਦਾਦਾ ਗੁਜ਼ਰ ਗਿਆ ਸੀ। ਕਰਤਾਰ ਦੇ ਪਿਤਾ ਤੇ ਤਾਏ ਲਛਮਣ ਸਿੰਘ ਉਤੇ ਛੋਟੇ ਹੁੰਦਿਆਂ ਹੀ ਕਬੀਲਦਾਰੀ ਪੈ ਗਈ ਸੀ। ਅੱਗੇ ਕਰਤਾਰ ਦੇ ਵੱਡੇ ਭਰਾਵਾਂ ਗੁਰਦਿਆਲ ਸਿੰਘ ਤੇ ਅਮਰ ਸਿੰਘ ਨੇ ਪਿਤਾ ਦਾ ਸਾਥ ਨਿਭਾਇਆ। ਗੁਰਚਰਨ, ਕਰਤਾਰ ਤੇ ਸਰਵਣ ਸਿੰਘ ਨੇ ਅਫਸਰ ਬਣ ਕੇ ਪਰਿਵਾਰ ਦੀ ਮਹਿਮਾ ਨੂੰ ਚਾਰ ਚੰਨ ਲਾਏ। ਕਰਤਾਰ ਦੇ ਪਰਿਵਾਰ ਉਤੇ ਕਈ ਭੀੜਾਂ ਵੀ ਪਈਆਂ ਪਰ ਪਰਿਵਾਰ ਨੇ ਮਿਲ ਕੇ ਸਾਹਮਣਾ ਕੀਤਾ। ਜਦੋਂ ਕਰਤਾਰ ਹੁਰੀਂ ਨੌਕਰੀ ਕਰਨ ਕਰਕੇ ਥੋੜੇ ਸਰਦਾ ਪੁੱਜਦਾ ਹੋ ਗਏ ਤਾਂ ਕਰਤਾਰ ਦੇ ਪਿਤਾ ਨੂੰ ਖਾੜਕੂਆਂ ਤੋਂ ਫਿਰੌਤੀ ਦੀ ਧਮਕੀ ਮਿਲੀ। ਕਰਤਾਰ ਦੇ ਪਿਤਾ ਨੇ ਸਾਫ ਕਹਿ ਦਿੱਤਾ ਕਿ ਉਹ ਵੀ ਗੁਰੂ ਦਾ ਪੂਰਨ ਸਿੱਖ ਹੈ ਅਤੇ ਚਾਰ ਪੈਸੇ ਉਸ ਦੇ ਪੁੱਤਰਾਂ ਨੇ ਖੂਨ-ਪਸੀਨੇ ਦੀ ਕਮਾਈ ਨਾਲ ਜੋੜੇ ਹਨ, ਉਹ ਨਹੀਂ ਕੋਈ ਪੈਸੇ ਦੇ ਸਕਦਾ। 1984 ਵਿੱਚ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਪੁਲਿਸ ਜਾਂਚ ਕਰਦੀ ਗੁਰੂ ਹਨੂੰਮਾਨ ਦੇ ਅਖਾੜੇ ਵੀ ਪੁੱਜ ਗਈ ਸੀ। ਇੰਦਰਾ ਗਾਂਧੀ ਦਾ ਸੁਰੱਖਿਆ ਕਰਮੀ ਸਤਵੰਤ ਸਿੰਘ ਪਹਿਲਵਾਨਾਂ ਨਾਲ ਦੋਸਤੀ ਹੋਣ ਕਰਕੇ ਅਕਸਰ ਹੀ ਅਖਾੜੇ ਆਉਂਦਾ ਸੀ। ਪੁਲਿਸ ਨੇ ਕਰਤਾਰ ਸਮੇਤ ਕਈ ਪਹਿਲਵਾਨਾਂ ਤੋਂ ਪੁੱਛ-ਗਿੱਛ ਕੀਤੀ। ਕਰਤਾਰ ਬਿਲਕੁਲ ਨਹੀਂ ਡੋਲਿਆ ਹਾਲਾਂਕਿ ਇਕ ਸਾਲ ਉਹ ਘਬਰਾਇਆ ਰਿਹਾ। ਕਰਤਾਰ ਨੇ ਸਭ ਤੋਂ ਪਹਿਲਾਂ ਆਪਣੇ ਛੋਟੇ ਭਰਾ ਸਰਵਣ ਨੂੰ ਪਿੰਡ ਪੁੱਜਿਆ। ਆਖਰਕਾਰ ਖਿਡਾਰੀਆਂ ਨੂੰ ਪਿਆਰ ਕਰਨ ਵਾਲੇ ਇਕ ਡੀ.ਆਈ.ਜੀ. ਦੇ ਕਹਿਣ ਉਤੇ ਇਹ ਪੁੱਛ-ਗਿੱਛ ਬੰਦ ਹੋਈ। ਉਸ ਦਿਨ ਕਰਤਾਰ ਉਸ ਡੀ.ਆਈ.ਜੀ. ਨੂੰ ਆਪਣੇ ਵਿਆਹ ਦਾ ਸੱਦਾ ਦੇਣ ਗਿਆ ਸੀ। ਉਸ ਵੇਲੇ ਡੀ.ਆਈ.ਜੀ. ਨੇ ਹੱਸਦੇ ਹੋਏ ਕਿਹਾ ਸੀ, ”ਕਰਤਾਰ ਆਪ ਇਧਰ ਮਠਿਆਈ ਬਾਂਟ ਰਹੇ ਹੋ ਔਰ ਉਧਰ ਪੁਲਿਸ ਆਪ ਕੋ ਡੂੰਢ ਰਹੀ ਹੈ।”
ਕਰਤਾਰ ਸਿੰਘ ਦਾ ਵਿਆਹ 1985 ਦੇ ਜੂਨ ਮਹੀਨੇ ਪਟਿਆਲਾ ਦੀ ਗੁਰਿੰਦਰ ਕੌਰ ਨਾਲ ਹੋਇਆ। ਇਸ ਵਿਆਹ ਦੇ ਕਿੱਸੇ ਬਾਰੇ ਵੀ ਵਰਿਆਮ ਸੰਧੂ ਲਿਖਦੇ ਹਨ ਕਿ ਕਰਤਾਰ ਨੇ ਕੁੜੀ ਪਸੰਦ ਕਰਨ ਤੋਂ ਪਹਿਲਾਂ ਕਈ ਨਖਰੇ ਕੀਤੇ। ਪਹਿਲੀ ਵਾਰ ਤਾਂ ਕੁੜੀ ਨੂੰ ਚੱਜ ਨਾਲ ਨਾ ਦੇਖਣ ਕਰਕੇ ਦੂਜੀ ਵਾਰ ਦੇਖਣ ਲਈ ਕਿਹਾ। ਫੇਰ ਥੋੜੀਂ ਬਹੁਤੀ ਆਕੜ ਵਿੱਚ ਕਈ ਦਿਨ ਲੰਘੇ। ਆਖਰ ਧੁਰੋ ਜੁੜੇ ਸੰਜੋਗਾਂ ਨਾਲ ਕਰਤਾਰ ਦਾ ਵਿਆਹ ਹੋਇਆ ਅਤੇ ਅੱਜ ਉਸ ਦਾ ਹੱਸਦਾ ਵੱਸਦਾ ਪਰਿਵਾਰ ਹੈ। ਕਰਤਾਰ ਦੇ ਤਿੰਨ ਬੱਚੇ ਹਨ। ਲਵਲੀਨ ਕੌਰ, ਹਰਲੀਨ ਕੌਰ ਤੇ ਗੁਰਪ੍ਰੀਤ ਸਿੰਘ। ਤਿੰਨੋਂ ਹੀ ਵਿਆਹੇ ਹਨ। 1986 ਵਿੱਚ ਸਿਓਲ ਤੋਂ ਜਦੋਂ ਕਰਤਾਰ ਏਸ਼ਿਆਈ ਖੇਡਾਂ ਦਾ ਚੈਂਪੀਅਨ ਬਣ ਕੇ ਆਇਆ ਤਾਂ ਜਲੰਧਰ ਸਵਾਗਤ ਕਰਨ ਵਾਲਿਆਂ ਵਿੱਚ ਸਭ ਤੋਂ ਅੱਗੇ ਉਸ ਦੀ ਚਾਰ ਮਹੀਨਿਆਂ ਦੀ ਬੇਟੀ ਲਵੀ ਸੀ। ਬੇਟੇ ਗੁਰਪ੍ਰੀਤ ਦਾ ਵਿਆਹ ਇਸੇ ਸਾਲ ਜਨਵਰੀ ਮਹੀਨੇ ਕਰਤਾਰ ਸਿੰਘ ਦੇ ਜਨਮ ਦਿਨ ਵਾਲੇ ਦਿਨ ਹੋਇਆ। ਰਾਤ ਨੂੰ ਨਾਨਕੇ ਜਾਗੋ ਕੱਢ ਰਹੇ ਸਨ ਅਤੇ ਨਾਲ ਹੀ ਕਰਤਾਰ ਦੇ ਜਨਮ ਦਿਨ ਦਾ ਕੇਕ ਕੱਟਿਆ ਜਾ ਰਿਹਾ ਸੀ। ਕੇਕ ਵੀ ਕੁਸ਼ਤੀ ਅਖਾੜੇ ਦਾ ਬਣਾਇਆ ਸੀ ਜਿਸ ਉਤੇ ਚਾਕਲੇਟ ਦੇ ਬਣਾਏ ਰਿੰਗ ਅੰਦਰ ਪਹਿਲਵਾਨ ਬਣਾਇਆ ਸੀ।
ਕਰਤਾਰ ਦੀਆਂ ਕੁਸ਼ਤੀਆਂ ਨੇ ਚੋਟੀ ਦੇ ਕਹਾਣੀਕਾਰ ਵਰਿਆਮ ਸੰਧੂ ਨੂੰ ਵੀ ਕੀਲ ਲਿਆ। ਕਰਤਾਰ ਦੇ ਗਰਾਈਂ ਵਰਿਆਮ ਨੇ ਕਰਤਾਰ ਦੀ ਜੀਵਨੀ ‘ਕੁਸ਼ਤੀ ਦਾ ਧਰੂ ਤਾਰਾ’ ਲਿਖੀ। ਹਾਲਾਂਕਿ ਵਰਿਆਮ ਖਿਡਾਰੀਆਂ ਬਾਰੇ ਲਿਖਣ ਨੂੰ ਤਰਜੀਹ ਨਹੀਂ ਦਿੰਦਾ ਸੀ ਪਰ ਕਰਤਾਰ ਅੱਗੇ ਉਹ ਛੇਤੀ ਢਹਿ ਗਿਆ। ਕਰਤਾਰ ਦੀ ਜੀਵਨੀ ਨੂੰ ਉਸ ਨੇ ਅਜਿਹੀ ਸਾਹਿਤਕ ਰੰਗ ਵਿੱਚ ਲਿਖੀ ਕਿ ਅੱਜ ਇਹ ਜੀਵਨੀ ਸਾਹਿਤਕ ਹਲਕਿਆਂ ਵਿੱਚ ਖੇਡ ਹਲਕਿਆਂ ਜਿੰਨੀ ਹੀ ਸ਼ਿੱਦਤ ਨਾਲ ਪੜ੍ਹੀ ਜਾਂਦੀ ਹੈ। ਕਰਤਾਰ ਅੱਜ ਵੀ ਕੁਸ਼ਤੀ ਅਖਾੜਿਆਂ ਵਿੱਚ ਕੁੱਦਿਆ ਹੋਇਆ ਹੈ। ਕਰਤਾਰ ਦਾ ਸਮੁੱਚਾ ਖੇਡ ਜੀਵਨ ਨਵੀਂ ਉਮਰ ਦੇ ਭਲਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ। ਉਸ ਤੋਂ ਵੱਡਾ ਕੋਈ ਭਲਵਾਨ ਨਹੀਂ ਹੋਇਆ ਅਤੇ ਕਰਤਾਰ ਦੇ ਸੋਹਲੇ ਜੁੱਗੋ-ਜੁੱਗ ਗਾਏ ਜਾਂਦੇ ਰਹਿਣਗੇ।
navdeepsinghgill82@gmail.com
97800-36216