ਲੋੜੈ ਦਾਖ ਬਿਜਉਰੀਆਂ ….! /ਇੰਦਰਜੀਤ ਚੁਗਾਵਾਂ

ਸਾਡੇ ਸੱਭਿਆਚਾਰ ‘ਚ ਪਰਿਵਾਰਕ ਰਿਸ਼ਤੇ ਬਹੁਤ ਹੀ ਗੁੰਝਲਦਾਰ ਸ਼ੈਅ ਹਨ। ਵੱਡੀ ਬਹੁਗਿਣਤੀ ਲੋਕ ਆਪਣੇ ਖ਼ੁਦ ਦੇ ਕਿਰਦਾਰ ਦੇ ਉਲਟ ਆਪਣੇ ਰਿਸ਼ਤੇਦਾਰਾਂ, ਖਾਸਕਰ ਆਪਣੀ ਔਲਾਦ ਤੋਂ ਆਸ ਰੱਖਦੇ ਹਨ। ਆਪਣੇ ਬਜ਼ੁਰਗ ਮਾਂ-ਬਾਪ/ ਸੱਸ-ਸਹੁਰੇ ਦੀ ਬੇਕਦਰੀਕਰਨ ਵਾਲੇ ਆਪਣੇ ਪੁੱਤਰ ਤੋਂ ‘ਸਰਵਣ’ ਬਣਨ ਦੀ ਆਸ ਰੱਖਦੇ ਹਨ। ਅਕਸਰ ਕਿਹਾ ਜਾਂਦੈ ਕਿ ਪੁੱਤ ਕਪੁੱਤ ਹੋ ਸਕਦੇ ਹਨ, ਮਾਪੇ ਕੁਮਾਪੇ ਨਹੀਂ ਹੁੰਦੇ! ਇਹ ਅਖਾਉਤ ਕਿੰਨੀ ਕੁ ਦੇਰ ਸਹੀ ਸਿੱਧ ਹੁੰਦੀ ਰਹੀ ਹੋਵੇਗੀ, ਕਿਹਾ ਨਹੀਂ ਜਾ ਸਕਦਾ ਪਰ ਸੱਚ ਇਹੋ ਹੈ ਕਿ ਰਿਸ਼ਤਿਆਂ ਦੀ ਸੂਰਤ ਤੇ ਸੀਰਤ ਮਾਲਕੀ ਦਾ ਅਧਿਕਾਰ ਹੀ ਤੈਅ ਕਰਦਾ ਹੈ। ਇਸ ਅਧਿਕਾਰ ਨੂੰ ਜਦ ਵੀ ਖੋਰਾ ਲਗਦਾ ਪ੍ਰਤੀਤ ਹੁੰਦਾ ਹੈ ਤਾਂ ਰਿਸ਼ਤਿਆਂ ਦੀ ਵੱਖਰੀ ਹੀ ਤਸਵੀਰ ਸਾਹਮਣੇ ਆਉਂਦੀ ਹੈ ਜਿਸ ਨੂੰ ਉਹੀ ਮਹਿਸੂਸ ਕਰ ਸਕਦਾ ਹੈ ਜੋ ਹਾਲਾਤ ਦੀ ਚੱਕੀ ‘ਚ ਪਿਸ ਰਿਹਾ ਹੁੰਦਾ ਹੈ, ਉਹ ਕਿਸੇ ਨੂੰ ਕੁੱਝ ਦੱਸ ਵੀ ਨਹੀਂ ਸਕਦਾ ਜਾਂ ਇਸ ਪੱਖੋਂ ਸ਼ਰਮਾਅ ਜਾਂਦਾ ਹੈ ਕਿ ਲੋਕ ਕੀ ਕਹਿਣਗੇ! ਇਹ ਉਹ ਪਲ ਹੁੰਦੇ ਹਨ ਜਦ ਮਾਪੇ, ਮਾਪੇ ਨਾ ਹੋ ਕੇ ਮਾਲਕ ਬਣ ਕੇ ਸਾਹਮਣੇ ਆਉਂਦੇ ਹਨ!
ਮਾਲਕੀ ਦਾ ਇਹ ਅਧਿਕਾਰ ਸਿਰਫ ਆਪਣੀ ਪਸੰਦ ਦੇ ਰਿਸ਼ਤੇ ਨੂੰ ਹੀ ਪਰਵਾਨ ਕਰਦਾ ਹੈ, ਉਸ ਨੂੰ ਰਿਸ਼ਤੇ ਦਾ ਅਸਲ ਵਜੂਦ ਭਾਉਂਦਾ ਨਹੀਂ। ਜਦ ਵੀ ਉਹ ਰਿਸ਼ਤਾ ਸਹਿਵਨ ਹੀ ਆਪਣੇ ਅਧਿਕਾਰ ਦੀ ਗੱਲ ਕਰ ਬੈਠਦਾ ਹੈ ਤਾਂ ਤੂਫ਼ਾਨ ਉੱਠ ਖੜਦਾ ਹੈ। ਆਮ ਕਰਕੇ ਇਹ ਸਮੱਸਿਆ ਔਰਤ ਦੇ ਵਜੂਦ ਨਾਲ ਜੁੜੀ ਹੁੰਦੀ ਹੈ।
ਇਹ ਗੱਲ ਆਮ ਕਰਕੇ ਹੀ ਸੁਣੀ ਜਾਂਦੀ ਹੈ ਕਿ ਅਸੀਂ ਤਾਂ ਆਪਣੀ ਨੂੰਹ ਨੂੰ ਆਪਣੀ ਧੀ ਬਣਾ ਕੇ ਰੱਖਿਆ ਹੋਇਐ! ਪਹਿਲੀ ਨਜ਼ਰੇ ਇਸਕਥਨ ‘ਚ ਕੋਈ ਬੁਰਾਈ ਨਹੀਂ ਜਾਪਦੀ, ਬੇਗਾਨੀ ਨੂੰ ਆਪਣੀ ਸਮਝਣ ‘ਚ ਤਾਂ ਵਡੱਪਣ ਹੀ ਹੋਣਾ ਚਾਹੀਦੈ ਪਰ ਜ਼ਰਾ ਹਟਕੇ ਸੋਚੋ ਤਾਂ! ਜੇ ਤੁਹਾਡੇ ਪੁੱਤ ਦੀ ਪਤਨੀ, ਤੁਹਾਡੀ ਨੂੰਹ, ਨੂੰਹ ਬਣ ਕੇ ਰਹੇ ਤਾਂ ਇਸ ਵਿੱਚ ਕੀ ਹਰਜ ਹੈ? ਨਹੀਂ, ਨੂੰਹ ਬਣ ਕੇ ਰਹਿਣ ਦਾ ਮਤਲਬ ਹੈ ਕਿ ਆਪਣਾ ਹੱਕ ਮੰਗਣਾ, ਘਰ ‘ਚ ਆਪਣੇ ਲਈ ਬਣਦੀ ਥਾਂ ਮੰਗਣਾ! ਇਹ ਕਿਵੇਂ ਹੋ ਸਕਦੈ ਭਲਾ? ਤੁਸੀਂ ਤਾਂ ਘਰ ‘ਚ ਜਗ੍ਹਾ ਦੇਵੋਗੇ ਤਾਂ ਸਿਰਫ ਆਪਣੀ ਧੀ ਨੂੰ, ਨੂੰਹ ਕੌਣ ਹੁੰਦੀ ਹੈ ਜਗ੍ਹਾ ਮੰਗਣ ਵਾਲੀ?
ਗਲਤ ਫ਼ਹਿਮੀ ‘ਚ ਨਾ ਰਹਿਣਾ! ਧੀ ਲਈ ਵੀ ਓਨੀ ਦੇਰ ਹੀ ਜਗ੍ਹਾ ਹੈ, ਜਿੰਨੀ ਦੇਰ ਉਹ ਤੁਹਾਡੀ ਛਤਰ-ਸਾਇਆ ਹੇਠ ਰਹੇਗੀ! ਉਸ ਨੇ ਵੀਜਦ ਜ਼ਰਾ ਜਿੰਨਾ ਸਿਰ ਤੁਹਾਡੀ ਛੱਤਰੀ ‘ਚੋਂ ਬਾਹਰ ਕੱਢਿਆ ਤਾਂ ਜਗ੍ਹਾ ਉਸ ਲਈ ਵੀ ਨਹੀਂ ਬਚੇਗੀ! ‘ਅਣਖ ਦੀ ਖਾਤਰ ਕੁਰਬਾਨ’ ਕਰ ਦਿੱਤੀ ਜਾਵੇਗੀ ਉਹ! ਫੇਰ ਆਤਮਾ ਦੀ ਸ਼ਾਂਤੀ ਦੀ ਅਰਦਾਸ ਤੇ ਉਸ ਤੋਂ ਬਾਅਦ ਸਭ ਕੁੱਝ ਸ਼ਾਂਤ! ਅਜਿਹੇ ‘ਅਣਖੀਲੇ ਮਾਪੇ’ ਸਾਡੇ ‘ਨਾਇਕ’ ਵੀ ਬਣ ਜਾਂਦੇ ਹਨ ਅਕਸਰ। ਉਹ ਸੱਤਾ ਦੀ ਲਾਠੀ ਨਾਲ ਇਸਤਰੀ ਦਲ ਦੇ ਮੁਖੀਏ ਬਣਦੇ ਹਨ। ਸੱਤਾ ਜੇਲ੍ਹ ਅੰਦਰ ਵੀ ਉਨ੍ਹਾਂ ਨੂੰ ਪੂਰੀ ਸੁੱਖ ਸਹੂਲਤ ਦਿੰਦੀ ਹੈ। ਦੋ ਚਾਰ ਦਿਨ ਦੇ ਸ਼ੋਰ ਤੋਂ ਬਾਅਦ ਸਾਡਾ ਵੱਡਾ ਹਿੱਸਾ ਇਸ ਵਰਤਾਰੇ ਨੂੰ ‘ਰੱਬ ਦੀ ਰਜ਼ਾ’ ਵਾਂਗ ਪਰਵਾਨ ਕਰਕੇ ਆਖਦਾ ਪ੍ਰਤੀਤ ਹੁੰਦਾ ਹੈ, ”ਵਿਗੜੀ ਔਲਾਦ ਦਾ ਇਹੋ ਹਸ਼ਰ ਹੋਣਾ ਚਾਹੀਦੈ।”
ਮੇਰਾ ਇੱਕ ਦੋਸਤ ਪ੍ਰਗਤੀਸ਼ੀਲ ਵਿਚਾਰਧਾਰਾ ਨੂੰ ਪ੍ਰਣਾਇਆ ਹੋਇਆ ਹੈ। ਉਸ ਦੇ ਬੇਟੇ ਦੇ ਇੱਕ ਲੜਕੀ ਨਾਲ ਪ੍ਰੇਮ-ਸੰਬੰਧ ਸਨ। ਉਸ ਨੂੰ ਵੀ ਕੋਈ ਇਤਰਾਜ਼ ਨਹੀਂ ਸੀ। ਉਸ ਨੇ ਖ਼ੁਦ ਪਹਿਲ ਕਰਕੇ ਲੜਕੀ ਦੇ ਬਾਪ ਨਾਲ ਗੱਲ ਕੀਤੀ ਕਿ ਆਪਾਂ ਨੂੰ ਇਨ੍ਹਾਂ ਦਾ ਵਿਆਹ ਕਰ ਦੇਣਾ ਚਾਹੀਦੈ। ਉਹ ਦਿਨ ਵੀ ਆ ਗਿਆ ਜਦ ਇਸ ਰਿਸ਼ਤੇ ਨੂੰ ਪੱਕਾ ਕਰਨ ਲਈ ਲੜਕੀ ਵਾਲ਼ਿਆਂ ਦੇ ਘਰ ਪੁੱਜ ਗਏ। ਸਭ ਕੁੱਝ ਖ਼ੁਸ਼ੀ ਖ਼ੁਸ਼ੀ ਸਿਰੇ ਚੜ੍ਹ ਗਿਆ ਤਾਂ ਤੁਰਨ ਲੱਗਿਆਂ ਉਸ ਲੜਕੀ ਨੂੰ ਗਲ਼ ਲਾ ਕੇ ਮੇਰਾ ਦੋਸਤ ਕਹਿਣ ਲੱਗਾ, ”ਧੀ ਬਣ ਕੇ ਆਈਂ ਰਾਜੇ! ਧੀਆਂ ਵਾਂਗ ਰੱਖਾਂਗੇ, ਮਾਂ-ਬਾਪ ਦੀ ਕਮੀ ਮਹਿਸੂਸ ਨਹੀਂ ਹੋਣ ਦਿਆਂਗੇ!”
ਰਸਤੇ ‘ਚ ਮੈਂ ਉਸ ਦੀ ਇਸ ਗੱਲ ‘ਤੇ ਇਤਰਾਜ਼ ਜਤਾਇਆ ਪਰ ਗੱਲ ਉਸ ਦੀ ਸਮਝ ‘ਚ ਨਾ ਪਈ! ਮੈਂ ਉਸ ਨੂੰ ਸਮਝਾਇਆ ਕਿ ਤੇਰੇ ਕਥਨ ਪਿੱਛੇ ਕੋਈ ਮੰਦਭਾਵਨਾ ਨਹੀਂ ਹੈ ਪਰ ਉਸ ਦਾ ਅਰਥ ਇਹ ਹੈ ਕਿ ਧੀ ਤੋਂ ਬਿਨਾਂ ਤੇਰੇ ਘਰ ‘ਚ ਹੋਰ ਕਿਸੇ ਦੂਸਰੇ ਲਈ ਕੋਈ ਜਗ੍ਹਾ ਨਹੀਂ! ਦੂਸਰੇ ਅਰਥਾਂ ‘ਚ ਇਹ ਕਿ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਨੂੰਹ ਕਿਸੇ ਵੀ ਹਾਲ ‘ਚ ਚੰਗੀ ਨਹੀਂ ਹੋ ਸਕਦੀ। ਮਾਂ-ਬਾਪ ਦੀ ਕਮੀ ਮਹਿਸੂਸਨਾ ਹੋਣ ਦੇਣ ਦਾ ਅਸਲ ਅਰਥ ਇਹ ਹੁੰਦੈ ਕਿ ਸਾਡੀ ਮਰਜ਼ੀ ਮੁਤਾਬਕ ਨੂੰਹ ਚੱਲੇਗੀ ਤਾਂ ਸਭ ਠੀਕ, ਨਹੀਂ ਤਾਂ ਆਪਣੇ ਮਾਂ-ਬਾਪ ਨੂੰ ਯਾਦ ਵੀ ਨਹੀਂ ਕਰ ਸਕੇਗੀ, ਗੱਲ ਕਰਨੀ ਤਾਂ ਦੂਰ!
ਮੇਰਾ ਦੋਸਤ ਸੀ, ਮੈਂ ਉਸ ਨੂੰ ਆਪਣੀ ਗੱਲ ਸਮਝਾਉਣ ‘ਚ ਸਫਲ ਵੀ ਹੋ ਗਿਆ ਤੇ ਉਸ ਨੇ ਇਹ ਗੱਲ ਵੀ ਫਰਾਖਦਿਲੀ ਨਾਲ ਕਹੀ, ”ਯਾਰ, ਇਸ ਪਹਿਲੂ ਤੋਂ ਕਦੇ ਸੋਚਿਆ ਹੀ ਨਹੀਂ ਸੀ।” ਪਰ ਕਿੰਨੇ ਲੋਕ ਹਨ, ਜੋ ਇਸ ਵੱਡੀ ਖ਼ਾਮੀ ਨੂੰ ਬਿਨਾਂ ਸੰਕੋਚ ਮੰਨਣ ਦਾ ਹੌਸਲਾ ਰੱਖਦੇ ਹੋਣ?
ਮੇਰਾ ਇੱਕ ਦੋਸਤ ਹੈ, ਉਮਰ ‘ਚ ਕਾਫ਼ੀ ਛੋਟਾ ਪਰ ਬਹੁਤ ਹੀ ਸੰਜੀਦਾ। ਜੇ ਉਹ ਚਾਹੁੰਦਾ ਤਾਂ ਆਪਣੀ ਪਸੰਦ ਦੀ ਲੜਕੀ ਨਾਲ ਵਿਆਹ ਕਰਵਾ ਸਕਦਾ ਸੀ ਪਰ ਨਹੀਂ! ਮਾਪਿਆਂ ਦੀ ਪਸੰਦ ਨਾਲ ਵਿਆਹ ਕਰਵਾਇਆ। ਉਸ ਦਾ ਵਿਆਹੁਤਾ ਜੀਵਨ ਮਸਾਂ ਸਾਲ ਕੁ ਹੀ ਸੁੱਖੀਂ-ਸਾਂਦੀ ਲੰਘਿਆ ਤੇ ਫੇਰ ਖਿੱਚੋ-ਤਾਣ ਸ਼ੁਰੂ ਹੋ ਗਈ। ਮੀਆਂ-ਬੀਵੀ ‘ਚ ਨਹੀਂ, ਮਾਪਿਆਂ ਨਾਲ! ਕਾਰਨ, ਬੱਚਾ ਨਹੀਂ ਸੀ ਹੋ ਰਿਹਾ! ਆਪ ਪਸੰਦ ਕਰਕੇ ਲਿਆਂਦੀ ਨੂੰਹ ‘ਚ ਹੁਣ ਨੁਕਸ ਹੀ ਨੁਕਸ ਸਨ! ਕਦੇ ਕਹਿਣ ਕਿ ਇਹ ਮੋਟੀ ਬਹੁਤ ਐ, ਇਹਦੇ ਬੱਚਾ ਕਿੱਥੋਂ ਹੋ ਜਾਊ! ਕਦੇ ਕਹਿਣ ਕਿ ਇਹਦੀ ਮੱਤ ਬਹੁਤ ਮੋਟੀ ਐ। ਮੈਨੂੰ ਹੈਰਾਨੀ ਤੇ ਪਰੇਸ਼ਾਨੀ ਹੋ ਰਹੀ ਸੀ ਕਿ ਉਸ ਦਾ ਬਾਪ ਇੱਕ ਪੜ੍ਹਿਆ ਲਿਖਿਆ ਆਦਮੀ, ਜੋ ਰੇਡੀਓ ਸਟੇਸ਼ਨ ‘ਤੇ ਨੌਕਰੀ ਕਰ ਚੁੱਕਾ ਹੈ, ਇਸ ਤ ਰ੍ਹਾਂ ਕਿਵੇਂ ਕਰ ਸਕਦਾ ਹੈ! ਉਸ ‘ਤੇ ਤਲਾਕ ਲਈ ਜ਼ੋਰ ਪੈਣ ਲੱਗਾ ਪਰ ਉਹ ਨਹੀਂ ਮੰਨਿਆਂ! ਉਸ ਦਾ ਕਹਿਣਾ ਸੀ ਕਿ ਨੁਕਸ ਮੇਰੇ ‘ਚ ਵੀ ਤਾਂ ਹੋ ਸਕਦੈ। ਇਹ ਕੋਈ ਵੱਡਾ ਮੁੱਦਾ ਨਹੀਂ। ਅਸੀਂ ਇਲਾਜ ਵੀ ਕਰਵਾ ਸਕਦੇ ਹਾਂ ਪਰ ਮਾਂ-ਬਾਪ ਨੇ ਉਸ ਦਾ ਜਿਊਣਾ ਮੁਹਾਲ ਕਰਕੇ ਰੱਖ ਦਿੱਤਾ। ਭੈਣਾਂ ਵੀ ਮਾਪਿਆਂ ਨਾਲ ਸਨ। ਇੱਕੋ ਜ਼ਿੱਦ ਕਿ ਉਸ ਨੂੰ ਛੱਡ! ਇਸ ਤਣਾਅ ਭਰੇ ਮਾਹੌਲ ਕਾਰਨ ਮੇਰਾ ਦੋਸਤ ਸ਼ੂਗਰ ਦਾ ਮਰੀਜ਼ ਹੋ ਗਿਆ। ਮਾਂ-ਬਾਪ ਨੂੰ ਪਤਾ ਵੀ ਲੱਗ ਗਿਆ ਉਸ ਦੀ ਬਿਮਾਰੀ ਦਾ ਪਰ ਇੱਕ ਵਾਰ ਵੀ ਉਸ ਪ੍ਰਤੀ ਫਿਕਰਮੰਦੀ ਜ਼ਾਹਰ ਨਹੀਂ ਕੀਤੀ! ਉਨ੍ਹਾਂ ਤਾਂ ਲੱਤ ਥੱਲਿਓਂ ਲੰਘਾਉਣਾ ਸੀ, ਪੁੱਤ ਐ ਤਾਂ ਕੀ ਹੋਇਆ ਘਰ ਤਾਂ ਸਾਡਾ ਈ ਐ!
ਮੇਰੇ ਦੋਸਤ ਨੇ ਆਪਣੀ ਪਤਨੀ ਤਾਂ ਨਹੀਂ ਛੱਡੀ, ਆਪਣੇ ਮਾਂ-ਬਾਪ ਦਾ ਘਰ ਛੱਡ ਦਿੱਤਾ! ਆਪਣੇ ਦਮ ‘ਤੇ ਛੋਟਾ ਜਿਹਾ ਮਕਾਨ ਲੈ ਕੇ ਰਹਿਣ ਲੱਗ ਪਏ। ਪੜ੍ਹੀ-ਲਿਖੀ ਹੋਣ ਕਾਰਨ ਉਸ ਦੀ ਪਤਨੀ ਨੇ ਬੁਟੀਕ ਤੇ ਬਿਊਟੀਸ਼ਨ ਦਾ ਕੰਮ ਸ਼ੁਰੂ ਲਿਆ ਤੇ ਆਲੇ-ਦੁਆਲੇ ਆਪਣੀ ਥਾਂ ਬਣਾ ਲਈ। ਖ਼ੁਸ਼ੀ ਵਾਲੀ ਗੱਲ ਇਹ ਕਿ ਤਣਾਅ-ਮੁਕਤ ਮਾਹੌਲ ‘ਚ ਵੱਖਰੇ ਹੋ ਕੇ ਰਹਿਣ ਦੇ ਦੋ ਸਾਲ ਦੇ ਅੰਦਰ-ਅੰਦਰ ਉਨ੍ਹਾਂ ਦੀ ਝੋਲੀ ਇੱਕ ਬਹੁਤ ਹੀ ਪਿਆਰੀ ਧੀ ਨੇ ਭਰ ਦਿੱਤੀ! ਪਰ ਮਾਂ-ਬਾਪ ਅਜੇ ਵੀ ਪਿੱਘਲੇ ਨਹੀਂ। ਇਸ ਸਮੁੱਚੇ ਤਣਾਅ ਭਰੇ ਮਾਹੌਲ ‘ਚ ਮੈਂ ਆਪਣੇ ਇਸ ਮਿੱਤਰ ਦੇ ਮੂੰਹੋਂ ਇੱਕ ਵਾਰ ਵੀ ਆਪਣੇ ਮਾਪਿਆਂ ਖ਼ਿਲਾਫ਼ ਕੋਈ ਮੰਦਾ ਲਫ਼ਜ਼ ਨਹੀਂ ਸੁਣਿਆ! ਇਹੋ ਆਖਦੈ ਹਰ ਵਾਰ, ”ਉਨ੍ਹਾਂ ਦੀ ਮਰਜ਼ੀ ਭਾਜੀ, ਹੁਣ ਮਾਪਿਆਂ ਨਾਲ ਕਿਹੜਾ ਲੜੇ! ਮੈਂ ਤਾਂ ਆਪਣਾ ਹਿੱਸਾ ਵੀ ਤਿਆਗ ਦਿੱਤੈ। ਖੁਸ਼ ਰਹਿਣ ਬਸ!” ਇੱਥੇ ਕਿਸ ਰਿਸ਼ਤੇ ਅੱਗੇ ‘ਕ’ ਲਾਇਆ ਜਾਵੇ?
ਸਮੱਸਿਆ ਦੀ ਸਾਰੀ ਜੜ੍ਹ ਦਰਅਸਲ ਮਾਲਕੀ ਦਾ ਅਧਿਕਾਰ ਹੀ ਹੈ। ਹੋਣਾ ਤਾਂ ਇਹ ਚਾਹੀਦੈ ਕਿ ਹਰ ਰਿਸ਼ਤੇ ਨੂੰ ਉਸ ਦੀ ਬਣਦੀ ਜਗ੍ਹਾ ਦਿੱਤੀ ਜਾਵੇ, ਕਿਸੇ ਵੀ ਰਿਸ਼ਤੇ ‘ਤੇ ਆਪਣਾ ਹੀ ਹੱਕ ਨਾ ਜਤਾਇਆ ਜਾਵੇ। ਤੁਹਾਡੇ ਹੀ ਬੱਚੇ ਹਨ, ਉਨ੍ਹਾਂ ਨੂੰ ਪਾਲਣਾ ਤੁਹਾਡੀ ਜ਼ੁੰਮੇਵਾਰੀ ਹੈ ਪਰ ਇਹ ਕਦੇ ਵੀ ਨਾ ਸੋਚੋ ਕਿ ਉਹ ਤੁਹਾਡੇ ਵਾਂਗ ਹੀ ਸੋਚਣ!
ਆਪਣੇ ਰਿਸ਼ਤਿਆਂ ‘ਚ ‘ਅਸਹਿਮਤੀ’ ਲਈ ਜਗ੍ਹਾ ਜ਼ਰੂਰ ਰੱਖੋ! ਅਜਿਹਾ ਕਰਨ ਨਾਲ ਅਸੁਖਾਵੇਂ ਮੌਕਿਆਂ ਤੋਂ ਬਚ ਸਕਦੇ ਓ, ਕਿਉਂਕਿ ਤੁਸੀਂ ਪਹਿਲਾਂ ਹੀ ਆਪਣੇ ਆਪ ਨੂੰ ਤਿਆਰ ਕੀਤਾ ਹੋਇਐ ਕਿ ਤੁਹਾਡੀ ਗੱਲ ਮੰਨੀ ਜਾਣੀ ਜ਼ਰੂਰੀ ਨਹੀਂ! ਤੁਹਾਡੇ ਘਰ ਦਾ ਮਾਹੌਲ ਇਸ ਕਰਕੇ ਨਹੀਂ ਵਿਗੜੇਗਾ ਕਿ ਤੁਹਾਡੇ ਘਰ ਨੂੰਹ ਆਈ ਹੈ, ਉਹ ਤੁਹਾਡੇ ਲੜਕੇ ਕਰਕੇ ਵਿਗੜੇਗਾ ਜੋ ਤੁਹਾਡੀ ਪੈਦਾਵਾਰ ਹੈ। ਉਸ ਕੋਲ ਤੁਹਾਡ ੇਦਿੱਤੇ ਸੰਸਕਾਰ ਹਨ, ਨੂੰਹ ਦੇ ਆਉਂਦਿਆਂ ਹੀ ਜੇ ਉਹ ਬਦਲ ਗਿਆ ਹੈ ਤਾਂ ਕਸੂਰ ਨੂੰਹ ਦਾ ਨਹੀਂ। ਉਸ ‘ਤੇ ਤੁਹਾਡੀ ਸ਼ਖ਼ਸੀਅਤ ਦਾ ਪਰਛਾਵਾਂ ਹੈ!
ਜਿਹੋ ਜਿਹਾ ਵਿਹਾਰ ਤੁਸੀਂ ਆਪਣੇ ਮਾਂ-ਬਾਪ ਨਾਲ ਕਰਦੇ ਰਹੇ ਓ, ਆਪਣੇ ਬੱਚੇ ਤੋਂ ਉਸ ਤੋਂ ਵੱਖਰੇ ਦੀ ਆਸ ਨਾ ਰੱਖੋ!
ਬਿਹਤਰੀ ਇਸੇ ਵਿੱਚ ਹੈ ਕਿ ਆਪਣੇ ਬੱਚਿਆਂ ਨਾਲ ਵਕਤ ਗੁਜ਼ਾਰੋ! ਉਨ੍ਹਾਂ ਦੀ ਸੁਣੋ, ਉਨ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਵੋ! ਧੀ-ਪੁੱਤ ‘ਚ ਫਰਕ ਕਰਕੇ ਉਨ੍ਹਾਂ ਨੂੰ ਇੱਕ-ਦੂਜੇ ਦੇ ਸ਼ਰੀਕ ਨਾ ਬਣਾਓ! ਆਪਣੇ ਧੀਆਂ-ਪੁੱਤਰਾਂ ਨੂੰ ਘਰ ਵਿੱਚ ਆਪਣੀ ਮਾਂ, ਦਾਦਾ-ਦਾਦੀ, ਭੈਣਾਂ-ਭਰਾਵਾਂ ਨਾਲ ਆਦਰ-ਮਾਣ ਨਾਲ ਪੇਸ਼ ਆਉਣਾ ਸਿਖਾਓ ਤਾਂ ਕਿ ਉਹ ਘਰੋਂ ਬਾਹਰ ਇੱਕ ਵਧੀਆ ਇਨਸਾਨ ਦੇ ਰੂਪ ‘ਚ ਵਿਚਰਨ!
ਪਰਿਵਾਰ ਦੀ ਹਰ ਸਮੱਸਿਆ ਦੇ ਹੱਲ ‘ਚ ਆਪਣੇ ਧੀਆਂ-ਪੁੱਤਰਾਂ ਨੂੰ ਜ਼ਰੂਰ ਸ਼ਾਮਲ ਕਰੋ! ਉਨ੍ਹਾਂ ਨੂੰ ਜ਼ੁੰਮੇਵਾਰੀਆਂ ਵੰਡੋ, ਸੰਕਟ-ਨਿਵਾਰਨ ਦੀ ਜੁਗਤ ਸਿਖਾਓ ਤੇ ਉਨ੍ਹਾਂ ਤੋਂ ਵੀ ਸਮੇਂ ਦੇ ਹਾਣ ਦੀਆਂ ਨਵੀਂਆਂ ਜੁਗਤਾਂ ਸਿੱਖੋ! ਅਜਿਹਾ ਕਰਨ ਨਾਲ ਰਿਸ਼ਤਿਆਂ ਦੀ ਪਾਕੀਜ਼ਗੀ ਤਾਂ ਬਣੀ ਹੀਰਹੇਗੀ, ਇਨ੍ਹਾਂ ਦੀਆਂ ਨਸਾਂ ‘ਚ ਸਿਹਤਮੰਦ ਸੰਵੇਦਨਾ ਦਾ ਸੰਚਾਰ ਵੀ ਹੋਵੇਗਾ!
ਧੀਆਂ ਨੂੰ ਘਰ ‘ਚ ਉਨ੍ਹਾਂ ਦੀ ਬਣਦੀ ਥਾਂ ਦਿਓ, ਉਨ੍ਹਾਂ ਨੂੰ ਜ਼ਰੂਰ ਪੜ੍ਹਾਓ ਤੇ ਆਤਮ-ਨਿਰਭਰ ਬਣਨਾ ਸਿਖਾਓ, ਤਾਂ ਕਿ ਸਮਾਂ ਆਉਣ ‘ਤੇ ਬੇਚਾਰੀਆਂ ਬਣਨ ਦੀ ਥਾਂ ਹਾਲਾਤ ਦਾ ਸਵੈ-ਭਰੋਸੇ ਨਾਲ ਸਾਹਮਣਾ ਕਰ ਸਕਣ!
ਮੁੱਕਦੀ ਗੱਲ ਕਿ ਰਿਸ਼ਤਿਆਂ ਦੇ ਮਾਲਕ ਨਹੀਂ, ਰਿਸ਼ਤਿਆਂ ਦੇ ਪਾਲਕ ਬਣੋ! ਆਪਣੇ ਕਿਰਦਾਰ ਤੋਂ ਉਲਟ ਆਪਣੀ ਔਲਾਦ ਤੋਂ ਆਸ ਕਰਨਾ ਬਾਬਾ ਫਰੀਦ ਦੇ ਇਸ ਕਥਨ ਵਾਂਗ ਹੀ ਹੈ;
ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ।।
ranapamm@gmail.com