ਭਾਰਤ ਵਿਚ ਜੇਲ੍ਹਾਂ ‘ਚ ਬੰਦ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ ਦੇ ਹੱਕ ਵਿਚ ਕੈਲਗਰੀ ‘ਚ ਰੋਸ ਪ੍ਰਦਰਸ਼ਨ
ਕੈਲਗਰੀ: ਪਿਛਲੇ ਕੁਝ ਸਾਲਾਂ ਤੋਂ ਭਾਰਤ ਦੀ ਮੋਦੀ-ਅਮਿਤ ਸ਼ਾਹ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਲੋਕ ਵਿਰੋਧੀ ਕਾਲੇ ਕਾਨੂੰਨਾਂ ਅਧੀਨ ਲੋਕ-ਪੱਖੀ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ, ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਤੇ ਜਿੱਥੇ ਵੱਡੀ ਪੱਧਰ ਤੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ, ਉੱਥੇ ਉਨ੍ਹਾਂ ਨੂੰ ਜੇਲ੍ਹੀਂ ਡੱਕਿਆ ਜਾ ਰਿਹਾ ਹੈ।ਪੰਜਾਬ ਸਮੇਤ ਸਮੁੱਚੇ ਭਾਰਤ ਵਿਚ ਲੋਕ ਪੱਖੀ ਸਮਾਜਿਕ ਤੇ ਰਾਜਨੀਤਕ ਜਥੇਬੰਦੀਆਂ ਵੱਲੋਂ ਉਨ੍ਹਾਂ ਦੀ ਰਿਹਾਈ ਤੇ ਝੂਠੇ ਕੇਸ ਵਾਪਸ ਲੈਣ ਲਈ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਇਸੇ ਲੜੀ ਤਹਿਤ ਗ੍ਰਿਫ਼ਤਾਰ ਤੇ ਝੂਠੇ ਕੇਸਾਂ ਦਾ ਸਾਹਮਣਾ ਕਰ ਰਹੇ ਬੁੱਧੀਜੀਵੀਆਂ ਅਤੇ ਸਮਾਜਿਕ ਤੇ ਰਾਜਨੀਤਕ ਕਾਰਕੁਨਾਂ ਦੇ ਹੱਕ ਵਿਚ ਕੈਲਗਰੀ ਨਾਰਥ ਈਸਟ ਦੇ ਜੈਨੇਸਿਸ ਸੈਂਟਰ ਦੇ ਬਾਹਰ ਮੰਗਲਵਾਰ ਜੁਲਾਈ 21 ਨੂੰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦਾ ਪ੍ਰਬੰਧ ਚਾਰ ਸੰਸਥਾਵਾਂ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਸਿੱਖ ਵਿਰਸਾ ਇੰਟਰਨੈਸ਼ਨਲ ਕੈਲਗਰੀ, ਪ੍ਰੋਗਰੈਸਿਵ ਕਲਾ ਮੰਚ ਕੈਲਗਰੀ, ਅਦਾਰਾ ਸਰੋਕਾਰਾਂ ਦੀ ਆਵਾਜ਼ ਟਰਾਂਟੋ ਵੱਲੋਂ ਕੀਤਾ ਗਿਆ ਸੀ। ਇਸ ਮੌਕੇ ਤੇ ਬੋਲਦਿਆਂ ਮਾਸਟਰ ਭਜਨ ਸਿੰਘ ਨੇ ਭਾਰਤ ਦੀ ਮੌਜੂਦਾ ਫਾਸ਼ੀ ਤੇ ਫ਼ਿਰਕੂ ਸਰਕਾਰ ਦੀਆਂ ਗੈਰ ਲੋਕਤੰਤਰੀ ਤੇ ਲੋਕ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ ਅਤੇ ਬੁੱਧੀਜੀਵੀਆਂ ਤੇ ਕਾਰਕੁਨਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੀ ਸ਼ਲਾਘਾ ਕੀਤੀ। ਸਿੱਖ ਵਿਰਸਾ ਦੇ ਸੰਪਾਦਕ ਹਰਚਰਨ ਸਿੰਘ ਪਰਹਾਰ ਵੱਲੋਂ ਮੁਜ਼ਾਹਰੇ ਵਿਚ ਸ਼ਾਮਿਲ ਸਭ ਦਾ ਧੰਨਵਾਦ ਕੀਤਾ ਗਿਆ ਅਤੇ ਫੜੇ ਹੋਏ ਤੇ ਝੂਠੇ ਕੇਸਾਂ ਦਾ ਸਾਹਮਣਾ ਕਰ ਰਹੇ ਬੁੱਧੀਜੀਵੀਆਂ, ਪੱਤਰਕਾਰਾਂ, ਕਾਰਕੁਨਾਂ ਦੀ ਤੁਰੰਤ ਰਿਹਾਈ ਤੇ ਝੂਠੇ ਕੇਸ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਤੇ ਪ੍ਰਦਰਸ਼ਨਕਾਰੀਆਂ ਵੱਲੋਂ ਜਿੱਥੇ ਫੜੇ ਹੋਏ ਤੇ ਝੂਠੇ ਕੇਸਾਂ ਦਾ ਸਾਹਮਣਾ ਕਰ ਰਹੇ ਬੁੱਧੀਜੀਵੀਆਂ ਤੇ ਕਾਰਕੁਨਾਂ ਦੇ ਹੱਕ ਵਿਚ ਜਮ ਕੇ ਨਾਅਰੇ ਲਗਾਏ ਗਏ, ਉੱਥੇ ਭਾਰਤ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਵੀ ਨਾਅਰੇ ਲਾਏ ਗਏ। ਇਸ ਮੌਕੇ ਤੇ ਮੁਜ਼ਾਹਰਾਕਾਰੀਆਂ ਵੱਲੋਂ ਕਰੋਨਾ ਨੂੰ ਮੁੱਖ ਰੱਖ ਕੇ ਜਿੱਥੇ ਫੇਸ ਮਾਸਕ ਪਾਏ ਹੋਏ ਸਨ, ਉੱਥੇ ਫਿਜ਼ੀਕਲ ਡਿਸਟੈਂਸ ਦਾ ਵੀ ਵੀ ਪੂਰਾ ਖ਼ਿਆਲ ਰੱਖਿਆ ਗਿਆ। ਮੁਜ਼ਾਹਰਾਕਾਰੀਆਂ ਵੱਲੋਂ ਬੁੱਧੀਜੀਵੀਆਂ ਦੀ ਰਿਹਾਈ ਤੇ ਕੇਸ ਵਾਪਸ ਲੈਣ ਨਾਲ ਸਬੰਧਤ ਪਲੈਕ ਕਾਰਡ ਚੁੱਕੇ ਹੋਏ ਸਨ ਤੇ ਜੈਨੇਸਸਿ ਸੈਂਟਰ ਦੇ ਬਾਹਰ ਮੇਨ ਰੋਡ ਦੇ ਨਾਲ-ਨਾਲ ਰੋਸ ਮਾਰਚ ਵੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਮੁਜ਼ਾਹਰੇ ਵਿਚ ਰੇਡੀਉ ਰੈੱਡ ਐਫ ਐਮ ਤੋਂ ਰਿਸ਼ੀ ਨਾਗਰ, ਨੌਜਵਾਨ ਲੇਖਕ ਬਲਜਿੰਦਰ ਸੰਘਾ, ਲੇਖਕਾ ਗੁਰਚਰਨ ਕੌਰ ਥਿੰਦ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਤੇ ਮਾਸਟਰ ਭਜਨ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ਼ ਵਿਚ ਰੈਨੋਵੇਸ਼ਨ ਦੀ ਆੜ ਵਿਚ ਸਰਕਾਰ ਵੱਲੋਂ ਸ਼ਹੀਦਾਂ ਦੀ ਫ਼ੋਟੋ ਗੈਲਰੀ ਵਿਚ ਆਰਟ ਦੇ ਨਾਮ ਤੇ ਅਰਧ ਨਗਨ ਔਰਤਾਂ ਦੀਆਂ ਤਸਵੀਰਾਂ ਲਗਾਉਣ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਇਹ ਸ਼ਹੀਦਾਂ ਦਾ ਅਪਮਾਨ ਹੈ।