ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਮੈਂਬਰਾਂ ਨੇ ਕਰੋਨਾ ਮਹਾਮਾਰੀ ‘ਤੇ ਚਿੰਤਾ ਪ੍ਰਗਟੀ
ਕੈਲਗਰੀ- ਜੋਰਾਵਰ ਬਾਂਸਲ:– ਪੰਜਾਬੀ ਲਿਖਾਰੀ ਸਭਾ ਕੈਲਗਰੀ ਨੇ ਸਰਕਾਰੀ ਤੇ ਸਿਹਤ ਹਦਾਇਤਾਂ ਨੂੰ ਮੱਦੇ ਨਜ਼ਰ ਰੱਖ ਕੇ ਜੁਲਾਈ ਮਹੀਨੇ ਦੀ ਮੀਟਿੰਗ ਨੂੰ ਨਿਯਮਾਂ ਦੀ ਪਾਲਨਾ ਕਰਦਿਆਂ ਨੇਪਰੇ ਚਾੜ੍ਹਿਆ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਸਾਰੇ ਮੈਂਬਰਾਂ ਨੂੰ ਜੀ ਆਇਆਂ ਆਖਿਆ। ਕੁਝ ਸੂਚਨਾਵਾਂ ਦੇ ਬਾਅਦ ਸ਼ੌਕ ਮਤੇ ਸਾਂਝੇ ਕਰਦਿਆਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਰਪ੍ਰਸਤ ਸ਼ਾਇਰ ਹਰਭਜਨ ਸਿੰਘ ਬੈਂਸ ਬਾਰੇ ਖ਼ੁਲਾਸਾ ਕੀਤਾ ਜੋ 15 ਜੁਲਾਈ 2020 ਨੂੰ ਸਿਆਟਲ (ਅਮਰੀਕਾ) ਵਿਚ ਦਿਲ ਦੀ ਧੜਕਣ ਬੰਦ ਹੋਣ ਕਰਕੇ ਸਦੀਵੀ ਵਿਛੋੜਾ ਦੇ ਗਏ। ਬੈਂਸ ਪੰਜਾਬੀ ਮਾਂ ਬੋਲੀ ਦੇ ਅਲੰਬਰਦਾਰ, ਉਸਤਾਦ ਗ਼ਜ਼ਲਗੋ, ਕਈ ਕਿਤਾਬਾਂ ਦੇ ਰਚੇਤਾ, ਕਈ ਭਾਸ਼ਾਵਾਂ ਦੇ ਗਿਆਤਾ ਤੇ ਮਹਾਨ ਵਿਦਵਾਨ ਸਨ। ਉਹ ਕੈਨੇਡਾ ਵਿਚ ਛਪਦੇ ਸਪਤਾਹਿਕ ਅਖ਼ਬਾਰ ‘ ਚੜ੍ਹਦੀ ਕਲਾ’ ਦੇ ਸੰਪਾਦਕ ਵੀ ਰਹੇ। ਪੰਜਾਬੀ ਲਿਖਾਰੀ ਸਭਾ ਦੇ ਸਾਲਾਨਾ ਸਮਾਗਮਾਂ ਵਿਚ ਵੀ ਉਨ੍ਹਾਂ ਸ਼ਿਰਕਤ ਕੀਤੀ। ਇਕ ਹੋਰ ਦੁੱਖ ਦੀ ਖ਼ਬਰ ਸਾਂਝੀ ਕਰਦਿਆਂ ਲਹਿੰਦੇ ਪੰਜਾਬ ਦੇ ਬਾ-ਕਮਾਲ ਸ਼ਾਇਰ ਅਲੀਮ ਸ਼ਕੀਲ ਦੇ ਜਹਾਨੋਂ ਤੁਰ ਜਾਣ ਦਾ ਜ਼ਿਕਰ ਕੀਤਾ। ਪੰਜਾਬੀ ਲਿਖਾਰੀ ਸਭਾ ਕੈਲਗਰੀ ਨੇ ਇਹਨਾਂ ਹਸਤੀਆਂ ਦੇ ਸਵਰਗਵਾਸ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਕੋਵਿਡ- 19 ਦੇ ਅੰਕੜੇ ਵੀ ਸਾਂਝੇ ਕੀਤੇ ਗਏ। ਬਲਜਿੰਦਰ ਸੰਘਾ ਨੇ ਇਸ ਮਹਾਂਮਾਰੀ ਨਾਲ ਪ੍ਰਭਾਵਿਤ ਲੋਕਾਂ ਦੀ ਗੱਲ ਕੀਤੀ। ਮਹਿੰਦਰ ਪਾਲ ਐਸ ਪਾਲ ਨੇ ਇਸੇ ਸੰਦਰਭ ਵਿਚ ਸਭਾ ਦੇ ਰੱਦ ਕੀਤੇ ਤੇ ਨਾ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਗੱਲ ਕੀਤੀ। ਰਣਜੀਤ ਸਿੰਘ ਨੇ ਕਰੋਨਾ ਤੋਂ ਬਚਾਅ ਲਈ ਬਣੇ ਨਿਯਮਾਂ ਦੀ ਪਾਲਨਾ ਕਰਨ ਤੇ ਜ਼ੋਰ ਦਿੱਤਾ। ਤਰਲੋਚਨ ਸੈਂਭੀ ਨੇ ਸਾਲਾਨਾ ਸਮਾਗਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦ ਤੱਕ ਇਸ ਮਹਾਂਮਾਰੀ ਤੋਂ ਬਚਾਅ ਦਾ ਉਪਾਅ ਨਹੀਂ ਨਿਕਲਦਾ ਸਭਾ ਆਪਣੇ ਸਮਾਗਮ ਰੱਦ ਰੱਖੇਗੀ ਕਿਉਂ ਕਿ ਲੋਕਾਂ ਦੀ ਸਿਹਤ- ਸੁਰੱਖਿਆ ਪਹਿਲੀ ਜ਼ਿੰਮੇਵਾਰੀ ਹੈ। ਬਲਵੀਰ ਗੋਰਾ, ਮੰਗਲ ਚੱਠਾ ਤੇ ਖ਼ਜ਼ਾਨਚੀ ਗੁਰਲਾਲ ਰੁਪਾਲੋਂ ਨੇ ਇਸੇ ਲੜੀ ਵਿਚ ਆਪਣੇ ਵਿਚਾਰ ਦਿੱਤੇ ਤੇ ਸਾਰੇ ਮੈਂਬਰਾਂ ਨੇ ਆਪਣੀਆਂ ਲਿਖਤਾਂ (ਗੀਤ, ਗ਼ਜ਼ਲਾਂ, ਕਵਿਤਾਵਾਂ ਆਦਿ) ਨਾਲ ਵੀ ਹਾਜ਼ਰੀ ਲਵਾਈ। ਅਖੀਰ ਵਿਚ ਪ੍ਰਧਾਨ ਦਵਿੰਦਰ ਮਲਹਾਂਸ ਨੇ ਕਿਹਾ ਸਭਾ ਆਪਣੀਆਂ ਮਹੀਨਾਵਾਰ ਮੀਟਿੰਗ ਨਿਯਮਾਂ ਦੀ ਪਾਲਨਾ ਕਰਦਿਆਂ ਇਸੇ ਤਰ੍ਹਾਂ ਜਾਰੀ ਰੱਖੇਗੀ ਪਰ ਆਮ ਲੋਕਾਂ ਦੀ ਸਿਹਤ ਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਸਾਲਾਨਾ ਸਮਾਗਮ ਤੇ ਬੱਚਿਆ ਵਿਚ ਪੰਜਾਬੀ ਬੋਲਣ ਦੀ ਮੁਹਾਰਤ ਸਮਾਗਮ ਅਣਮਿਥੇ ਸਮੇਂ ਲਈ ਰੱਦ ਰਹੇਗਾ। ਅਖੀਰ ਵਿਚ ਹਾਲਤਾਂ ਦੇ ਜਲਦੀ ਸੁਧਰਨ ਦੀ ਕਾਮਨਾ ਕੀਤੀ ਗਈ। ਧੰਨਵਾਦਦਦਦਦਦ