ਕਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਤ ਰਾਜਾਂ ਵਿਚ ਫੇਰ ਤੋਂ ਸਖ਼ਤੀ ਕੀਤੀ ਜਾਵੇ : ਡਾ. ਫਾੱਸੀ
ਵਾਸ਼ਿੰਗਟਨ : ਅਮਰੀਕਾ ਦੇ ਵਾਇਰਸ ਰੋਗ ਮਾਹਰ ਡਾ. ਐਂਥਨੀ ਸਟੀਫਨ ਫਾੱਸੀ ਨੇ ਕਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨਾਲ ਨਜਿੱਠਣ ਲਈ ਸਭ ਤੋਂ ਪ੍ਰਭਾਵਤ ਰਾਜਾਂ ਵਿਚ ਫੇਰ ਤੋਂ ਸਖ਼ਤੀ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਫਾੱਸੀ ਨੇ ਸੁਝਾਅ ਦਿੱਤਾ ਹੈ ਕਿ ਕਰੋਨਾ ਦੇ ਕੇਸਾਂ ਦੀ ਵਧਦੀ ਸੰਖਿਆ ਵਾਲੇ ਰਾਜਾਂ, ਖ਼ਾਸ ਤੌਰ ‘ਤੇ ਦੱਖਣੀ ਰਾਜਾਂ ਵਿਚ ਗਾਈਡਲਾਈਨਜ਼ ਦਾ ਸਖ਼ਤੀ ਨਾਲ ਪਾਲਣ ਕਰਨ ਦੀ ਜ਼ਰੂਰਤ ਹੈ।
ਬੱਚਿਆਂ ਨੂੰ ਸਕੂਲ ਵਿਚ ਰੱਖਣ ਦੇ ਚੰਗੇ ਯਤਨ ਹੋਣ
ਵਾਸ਼ਿੰਗਟਨ ਪੋਸਟ ਨੂੰ ਦਿੱਤੀ ਇੰਟਰਵਿਊ ਵਿਚ ਫਾੱਸੀ ਨੇ ਕਿਹਾ ਕਿ ਅਮਰੀਕਾ ਨੂੰ ਸਕੂਲ ਵਿਚ ਬੱਚਿਆਂ ਨੂੰ ਦੂਰ ਰੱਖਣ ਲਈ ਜਿੰਨਾ ਸੰਭਵ ਹੋ ਸਕੇ, ਓਨਾ ਚੰਗਾ ਯਤਨ ਕਰਨਾ ਚਾਹੀਦਾ ਹੈ। ਨਾਲ ਹੀ ਜ਼ੋਰ ਦੇ ਕੇ ਕਿਹਾ ਕਿ ਸਕੂਲ ਮੁੜ ਖੋਲ੍ਹਣ ਦਾ ਫ਼ੈਸਲਾ ਨਿੱਜੀ ਭਾਈਚਾਰਿਆਂ ਵਿਚ ਵਾਇਰਸ ਟਰਾਂਸਮਿਸ਼ਨ ਦੇ ਪੱਧਰ ‘ਤੇ ਨਿਰਭਰ ਰਹਿਣਾ ਚਾਹੀਦਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਚੋਣ ਮੁਹਿੰਮ ਵਿਚ ਸਕੂਲ ਖੋਲ੍ਹਣ ਨੂੰ ਆਪਣੀ ਸਰਵਉੱਚ ਤਰਜੀਹ ਵਿਚ ਰੱਖਿਆ ਹੈ। ਅਮਰੀਕਾ ਵਿਚ ਤਿੰਨ ਮਹੀਨੇ ਬਾਅਦ ਰਾਸ਼ਟਰਪਤੀ ਅਹੁਦੇ ਲਈ ਚੋਣ ਹੋਣੀ ਹੈ।
ਫਲੋਰੀਡਾ, ਟੈਕਸਾਸ ਤੇ ਕੈਲੀਫੋਰਨੀਆ ਵਿਚ ਸਭ ਤੋਂ ਬੁਰੇ ਹਾਲਾਤ
ਵਾਸ਼ਿੰਗਟਨ ਪੋਸਟ ਦੇ ਡੈਟਾ ਮੁਤਾਬਕ ਫਲੋਰੀਡਾ, ਟੈਕਸਾਸ ਅਤੇ ਕੈਲੀਫੋਰਨੀਆ ਵਿਚ ਸਭ ਤੋਂ ਜ਼ਿਆਦਾ ਬੁਰੇ ਹਾਲਾਤ ਹਨ। ਇਨ੍ਹਾਂ ਤਿੰਨਾਂ ਰਾਜਾਂ ਵਿਚ ਵੀਰਵਾਰ ਨੂੰ ਰਿਕਾਰਡ 500 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ। ਫਲੋਰੀਡਾ ਅਤੇ ਟੈਕਸਾਸ ਨੇ ਇਕ ਦਿਨ ਵਿਚ ਸਭ ਤੋਂ ਜ਼ਿਆਦਾ ਮੌਤਾਂ ਦਾ ਨਵਾਂ ਰਿਕਾਰਡ ਬਣਾਇਆ ਹੈ। ਵ੍ਹਾਈਟ ਹਾਉਸ ਦੇ ਕਰੋਨਾ ਵਾਇਰਸ ਟਾਸਕ ਫੋਰਸ ਦੇ ਕੋ-ਆਰਡੀਨੇਟਰ ਡੇਬਰੋ ਬ੍ਰਿਕਸ ਇਨ੍ਹਾਂ ਰਾਜਾਂ ਦੀ ਤੁਲਨਾ ਨਿਊਯਾਰਕ ਨਾਲ ਕਰ ਰਹੇ ਹਨ, ਜੋ ਪਹਿਲਾਂ ਅਮਰੀਕਾ ਦਾ ਐਪੀਸੈਂਟਰ ਸੀ।
ਰਾਹਤ ਪੈਕੇਜ ਖ਼ਤਮ ਹੋਣ ਤੋਂ ਬਾਅਦ ਛਾਂਟੀ ਵਿਚ ਵਾਧਾ
ਕਰੋਨਾ ਮਹਾਮਾਰੀ ਤੋਂ ਬਚਣ ਲਈ ਸ਼ੁਰੂ ਕੀਤਾ ਗਿਆ ਪੇ-ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਖ਼ਤਮ ਹੋ ਗਿਆ ਹੈ। ਰਾਹਤ ਪੈਕੇਜ ਖ਼ਤਮ ਹੋਣ ਤੋਂ ਬਾਅਦ ਪੂਰੇ ਦੇਸ਼ ਵਿਚ ਛਾਂਚੀ ਵਿਚ ਵਾਧਾ ਹੋਇਆ ਹੈ। ਕਈ ਮਹੀਨਿਆਂ ਬਾਅਦ ਪਿਛਲੇ ਮਹੀਨੇ ਨਵੇਂ ਬੇਰੁਜ਼ਗਾਰਾਂ ਦੀ ਗਿਣਤੀ ਵਿਚ ਵਾਧਾ ਹੋਇਆ ਸੀ। ਹੁਣ ਵ੍ਹਾਈਟ ਹਾਉਸ ਤੇ ਰਿਬਪਬਲੀਕਨਜ਼ ਇਕ ਨਵੇਂ ਰਾਹਤ ਪੈਕੇਜ ਨੂੰ ਲੈ ਕੇ ਮਿਹਨਤ ਕਰ ਰਹੇ ਹਨ।
20 ਫ਼ੀਸਦੀ ਲੋਕਾਂ ‘ਤੇ ਕਿਰਾਏ ਦਾ ਘਰ ਖਾਲੀ ਕਰਨ ਦਾ ਖ਼ਤਰਾ
ਬੇਰੁਜ਼ਗਾਰੀ ਵਧਣ ਦੇ ਨਾਲ ਫੈਡਰਲ ਵਲੋਂ ਦਿੱਤਾ ਗਿਆ ਬੇਦਖ਼ਲੀ ਦਾ ਮੋਰਾਟੋਰੀਅਮ ਵੀ ਖ਼ਤਮ ਹੋਣ ਦੇ ਨੇੜੇ ਪਹੁੰਚ ਗਿਆ ਹੈ। ਕਰੀਬ 110 ਮਿਲੀਅਨ ਅਮਰੀਕੀ ਕਿਰਾਏ ਦੇ ਘਰਾਂ ਵਿਚ ਰਹਿੰਦੇ ਹਨ। ਇਨ੍ਹਾਂ ਵਿਚੋਂ 20 ਫੀਸਦੀ ‘ਤੇ 30 ਸਤੰਬਰ ਤੱਕ ਘਰ ਖਾਲੀ ਕਰਨ ਦਾ ਖ਼ਤਰਾ ਬਣ ਰਿਹਾ ਹੈ।