ਟਰੈਕ ਦੀ ਮਲਿਕਾ ਗੋਲਡਨ ਗਰਲ ਮਨਜੀਤ ਕੌਰ/ – ਨਵਦੀਪ ਸਿੰਘ ਗਿੱਲ

ਟਰੈਕ ਦੀ ਮਲਿਕਾ ਮਨਜੀਤ ਕੌਰ ਭਾਰਤੀ ਅਥਲੈਟਿਕਸ ਦੀ ਗੋਲਡਨ ਗਰਲ ਹੈ ਜਿਸ ਤੋਂ ਵੱਧ ਪ੍ਰਾਪਤੀਆਂ ਕਿਸੇ ਭਾਰਤੀ ਅਥਲੀਟ ਦੇ ਹਿੱਸੇ ਨਹੀਂ ਆਈਆਂ। ਉਹ ਏਸ਼ਿਆਈ ਖੇਡਾਂ ਤੇ ਏਸ਼ੀਅਨ ਚੈਂਪੀਅਨਸ਼ਿਪ ਦੋਵਾਂ ਵਿੱਚ ਗੋਲਡਨ ਹੈਟ੍ਰਿਕ ਮਾਰਨ ਵਾਲੀ ਪਹਿਲੀ ਅਥਲੀਟ ਹੈ। ਮਨਜੀਤ ਨੇ ਕੌਮਾਂਤਰੀ ਪੱਧਰ ‘ਤੇ 22 ਅਤੇ ਕੌਮੀ ਪੱਧਰ ‘ਤੇ 29 ਸੋਨ ਤਮਗੇ ਜਿੱਤ ਕੇ ਸੁਨਹਿਰੀ ਅਰਧ ਸੈਂਕੜਾ ਲਗਾਇਆ ਹੈ। ਕੌਮਾਂਤਰੀ ਪੱਧਰ ‘ਤੇ ਉਹ ਇਕ ਦਹਾਕਾ ਅਥਲੈਟਿਕਸ ਟਰੈਕ ਉਤੇ ਛਾਈ ਰਹੀ। ਉਸ ਦਾ ਈਵੈਂਟ 400 ਮੀਟਰ ਸੀ ਜਿਸ ਦੀ ਉਹ ਡੇਢ ਦਹਾਕਾ ਕੌਮੀ ਰਿਕਾਰਡ ਹੋਲਡਰ ਵੀ ਰਹੀ। 4*400 ਮੀਟਰ ਰਿਲੇਅ ਟੀਮ ਦੀ ਉਹ ਜਿੰਦ-ਜਾਨ ਸੀ। ਉਸ ਨੂੰ ਰਿਲੇਅ ਟੀਮ ਦਾ ਬ੍ਰਹਮ ਅਸਤਰ ਕਿਹਾ ਜਾਂਦਾ ਸੀ ਜਿਹੜਾ ਕਦੇ ਵੀ ਅਚੂਕ ਨਹੀਂ ਗਿਆ। ਉਸੇ ਬਦੌਲਤ ਭਾਰਤੀ ਰਿਲੇਅ ਟੀਮ ਨੇ 10 ਸਾਲ ਏਸ਼ੀਆ ਦੀ ਸਰਦਾਰੀ ਕੀਤੀ। ਏਸ਼ੀਅਨ ਰਿਕਾਰਡ ਵੀ ਭਾਰਤੀ ਰਿਲੇਅ ਟੀਮ ਦੇ ਹਿੱਸੇ ਆਇਆ। ਮਹਿਲਾ ਅਥਲੈਟਿਕਸ ਵਿੱਚ ਜੇ ਪੀ.ਟੀ.ਊਸ਼ਾ ਨੂੰ ਕੇਰਲਾ ਐਕਸਪ੍ਰੈਸ ਕਿਹਾ ਜਾਂਦਾ ਹੈ ਤਾਂ ਮਨਜੀਤ ਕੌਰ ਵੀ ਪੰਜਾਬ ਮੇਲ ਹੈ। ਪੀ.ਟੀ.ਊਸ਼ਾ ਨੇ ਇਕੋ ਏਸ਼ਿਆਈ ਖੇਡਾਂ ਵਿੱਚ ਚਾਰ ਸੋਨ ਤਮਗੇ ਜਿੱਤੇ ਤਾਂ ਮਨਜੀਤ ਨੇ ਲਗਾਤਾਰ ਤਿੰਨ ਏਸ਼ਿਆਈ ਖੇਡਾਂ ਵਿੱਚ ਸੋਨ ਤਮਗੇ ਜਿੱਤੇ। ਇਕ ਚਾਂਦੀ ਦਾ ਤਮਗਾ ਵੀ ਜਿੱਤਿਆ। ਇਸ ਤੋਂ ਵੀ ਅਗਾਂਹ ਕਦਮ ਉਸ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਇਕ ਸੋਨੇ ਤੇ ਇਕ ਚਾਂਦੀ ਦਾ ਤਮਗਾ ਜਿੱਤਿਆ। ਮਨਜੀਤ ਤੋਂ ਪਹਿਲਾਂ ਭਾਰਤੀ ਅਥਲੈਟਿਕਸ ਵਿੱਚ ਸਿਰਫ ਮਿਲਖਾ ਸਿੰਘ ਇਕੋ ਵੇਲੇ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਦਾ ਚੈਂਪੀਅਨ ਬਣਿਆ ਸੀ। ਏਸ਼ੀਅਨ ਚੈਂਪੀਅਨਸ਼ਿਪ ਵਿੱਚ ਉਸ ਨੇ ਚਾਰ ਸੋਨੇ ਤੇ ਦੋ ਕਾਂਸੀ ਦੇ ਤਮਗੇ ਜਿੱਤੇ। ਏਸ਼ੀਅਨ ਪੱਧਰ ਦੀਆਂ ਮੀਟਾਂ ਵਿੱਚ ਉਸ ਨੇ ਅੱਠ ਸੋਨ ਤਮਗਿਆਂ ਸਣੇ ਕੁੱਲ 14 ਤਮਗੇ ਜਿੱਤੇ। ਉਹ ਏਸ਼ੀਅਨ ਆਲ ਸਟਾਰ ਮੀਟ ਦੀ ਚੈਂਪੀਅਨ ਅਥਲੀਟ ਹੈ। ਇਨਵੀਟੇਸ਼ਨ ਮੀਟ ਵਿੱਚ ਉਸ ਨੇ ਦੋ ਸੋਨ ਤਮਗਿਆਂ ਸਣੇ ਕੁੱਲ ਪੰਜ ਤਮਗੇ ਅਤੇ ਦੱਖਣ ਏਸ਼ਿਆਈ ਖੇਡਾਂ ਵਿੱਚ ਦੋ ਸੋਨੇ ਤੇ ਇਕ ਚਾਂਦੀ ਦਾ ਤਮਗਾ ਜਿੱਤਿਆ। ਚੜ੍ਹ•ਦੇ ਤੇ ਲਹਿੰਦੇ ਪੰਜਾਬ ਦੀਆਂ ਖੇਡਾਂ ਵਿੱਚ ਉਸ ਨੇ ਦੋ ਸੋਨ ਤਮਗੇ ਜਿੱਤੇ। ਮਨਜੀਤ ਨੇ ਦੋ ਵਾਰ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। ਇਕ ਵਾਰ ਤਾਂ ਉਹ ਫਾਈਨਲਿਸਟ ਵੀ ਰਹੀ। ਤਿੰਨ ਵਾਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਅਤੇ ਤਿੰਨੋਂ ਵਾਰ ਭਾਰਤੀ ਟੀਮ ਫਾਈਨਲ ਦੌੜੀ।

ਮਨਜੀਤ ਕੌਰ ਨੂੰ ਟਰੈਕ ਦੀ ਮਲਿਕਾ ਵੀ ਆਖਿਆ ਜਾਂਦਾ ਹੈ ਅਤੇ ਭਾਰਤੀ ਅਥਲੈਟਿਕਸ ਦੀ ਸ਼ਾਹ ਅਸਵਾਰ ਵੀ। ਉਹ ਸਿਰੜ ਤੇ ਸਿਦਕ ਦੀ ਮੁਜੱਸਮਾ ਹੈ। ਸਾਊ ਤੇ ਸ਼ਹਿਣਸ਼ੀਲ ਉਸ ਤੋਂ ਵੱਡੀ ਕੋਈ ਅਥਲੀਟ ਨਹੀਂ ਹੈ। ਉਸ ਨੇ ਸਭ ਤੋਂ ਲੰਬਾ ਸਮਾਂ ਅਤੇ ਸਭ ਤੋਂ ਵੱਧ ਟਰੈਕ ‘ਤੇ ਰਾਜ ਕੀਤਾ ਹੈ। ਜਦੋਂ ਉਹ ਆਪਣੀਆਂ ਲੰਬੀਆਂ-ਲੰਬੀਆਂ ਲੱਤਾਂ ਨਾਲ ਹਿਰਨ ਵਾਂਗ ਦੌੜਦੀ ਹੋਈ ਫਿਨਸ਼ਿੰਗ ਲਾਈਨ ‘ਤੇ ਪਹੁੰਚਣ ਵਾਲੀ ਹੁੰਦੀ ਹੈ ਤਾਂ ਉਸ ਦੀਆਂ ਅੱਖਾਂ ਵਿੱਚ ਸੰਤੁਸ਼ਟੀ ਦੇ ਨਾਲ ਨਾਲ ਜਿੱਤ ਦਾ ਸਰੂਰ ਵੀ ਹੁੰਦਾ ਹੈ। ਉਸ ਦੇ ਦੌੜਦੇ ਸਮੇਂ ਉਸ ਦੀ ਗੁੱਤ ਵੀ ਪਿੱਠ ਉੱਪਰ ਛਾਲਾਂ ਲਗਾ ਰਹੀ ਹੁੰਦੀ ਹੈ। 400 ਮੀਟਰ ਦੀ ਕਰਵ ਉਤੇ ਉਸ ਦੀ ਦੌੜ ਵਿੱਚ ਹੋਰ ਵੀ ਤੇਜ਼ੀ ਆ ਜਾਂਦੀ ਸੀ। ਉਸ ਨੇ ਕਹਿੰਦੀਆਂ ਕਹਾਉਂਦੀਆਂ ਅਥਲੀਟਾਂ ਨੂੰ ਇਸੇ ਕਰਵ ਉਤੇ ਮਾਤ ਦੇ ਕੇ ਆਪਣਾ ਸੋਨ ਤਮਗਾ ਪੱਕਾ ਕੀਤਾ ਹੈ। ਉਸ ਦੇ ਸਿਰੜ ਦੀ ਗੱਲ ਕਰੀਏ ਤਾਂ ਇਕ ਵਾਰ ਜ਼ਖਮਾਂ ਦੀ ਤਾਬ ਝਲਦੀ ਹੋਈ ਮਨਜੀਤ ਨੇ ਭਾਰਤ ਨੂੰ ਏਸ਼ਿਆਈ ਖੇਡਾਂ ਦਾ ਚੈਂਪੀਅਨ ਬਣਾਇਆ। ਮਨਜੀਤ ਦੇ ਘਰਦਿਆਂ ਨੇ ਜਦੋਂ ਉਸ ਲਈ ਮੁੰਡਾ ਲੱਭਿਆ ਤਾਂ ਉਹ ਵੀ ਏਸ਼ੀਆ ਦਾ ਚੈਂਪੀਅਨ। ਖੇਡ ਭਾਵੇਂ ਵੱਖਰੀ ਸੀ। ਮਨਜੀਤ ਦਾ ਪਤੀ ਗੁਰਵਿੰਦਰ ਸਿੰਘ ਚੰਦੀ ਹਾਕੀ ਓਲੰਪੀਅਨ ਹੈ ਜੋ 2014 ਵਿੱਚ ਇੰਚੇਓਨ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਣਣ ਵਾਲੀ ਭਾਰਤੀ ਟੀਮ ਦਾ ਅਹਿਮ ਮੈਂਬਰ ਸੀ। ਚੰਦੀ ਫਾਰਵਰਡ ਲਾਈਨ ਵਿੱਚ ਖੇਡਦਾ ਹੋਇਆ ਭਾਰਤੀ ਟੀਮ ਲਈ ਗੋਲ ਕਰਦਾ ਸੀ ਜਦੋਂ ਕਿ ਮਨਜੀਤ ਨੇ 400 ਮੀਟਰ ਟਰੈਕ ਉਤੇ ਦੌੜਦੀ ਭਾਰਤ ਨੂੰ ਜਿੱਤਾਂ ਦਿਵਾਉਂਦੀ ਸੀ। ਭਾਰਤੀ ਖੇਡ ਇਤਿਹਾਸ ਵਿੱਚ ਖਿਡਾਰੀ ਪਤੀ-ਪਤਨੀ ਦੀਆਂ ਇਹ ਦੁਰਲੱਭ ਜੋੜੀਆਂ ਵਿੱਚੋਂ ਇਕ ਹੈ ਜੋ ਕਿ ਦੋਵੇਂ ਹੀ ਓਲੰਪੀਅਨ ਅਤੇ ਏਸ਼ਿਆਈ ਖੇਡਾਂ ਦੇ ਚੈਂਪੀਅਨ ਹਨ। ਮਨਜੀਤ ਦਾ ਭਰਾ ਦਵਿੰਦਰ ਸਿੰਘ ਵੀ ਭਾਰਤੀ ਅਥਲੈਟਿਕਸ ਟੀਮ ਦਾ ਮੈਂਬਰ ਹੈ। ਉਸ ਦਾ ਈਵੈਂਟ ਵੀ 400 ਮੀਟਰ ਹੈ। ਦਵਿੰਦਰ ਸੈਫ ਖੇਡਾਂ ਦਾ ਚੈਂਪੀਅਨ ਹੈ। ਹਾਲਾਂਕਿ ਉਹ ਸ਼ੁਰੂਆਤ ਵਿੱਚ ਉਚੀ ਛਾਲ ਲਗਾਉਂਦਾ ਸੀ। ਮਨਜੀਤ ਕੌਰ ਜਿੱਥੇ ਅਰਜੁਨਾ ਐਵਾਰਡੀ ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਹੈ ਉਥੇ ਉਸ ਦੇ ਪਤੀ ਤੇ ਭਰਾ ਨੂੰ ਪਿਛਲੇ ਸਾਲ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਆ ਗਿਆ।

ਮਨਜੀਤ ਦਾ ਜਨਮ 4 ਅਪਰੈਲ 1982 ਨੂੰ ਪਿੰਡ ਸੈਣਪੁਰ ਵਿਖੇ ਹਰਭਜਨ ਸਿੰਘ ਦੇ ਘਰ ਮਾਤਾ ਬਲਦੇਵ ਕੌਰ ਦੀ ਕੁਖੋਂ ਹੋਇਆ। ਸੈਣੀਆਂ ਦੇ ਪਿੰਡ ਵਿੱਚ ਜਨਮੀ ਮਨਜੀਤ ਹੁਰੀਂ ਪੰਜਾਂ ਭੈਣਾਂ ਅਤੇ ਇਕ ਭਰਾ ਹਨ। ਮਨਜੀਤ ਤੋਂ ਵੱਡੀਆਂ ਤਿੰਨ ਭੈਣਾਂ ਹਨ। ਇਕ ਭੈਣ ਕੁਲਵਿੰਦਰ ਤੇ ਭਰਾ ਦਵਿੰਦਰ ਸਭ ਤੋਂ ਛੋਟੇ ਹਨ। ਮਨਜੀਤ ਦੇ ਘਰਦਿਆਂ ਨੇ ਕਦੇ ਵੀ ਉਸ ਨੂੰ ਮੁੰਡਿਆਂ ਤੋਂ ਘੱਟ ਨਹੀਂ ਸਮਝਿਆ। ਮਨਜੀਤ ਨੇ 1996 ਵਿੱਚ ਅਥਲੈਟਿਕਸ ਸ਼ੁਰੂ ਕੀਤੀ। ਸ਼ੁਰੂਆਤੀ ਸਮੇਂ ਵਿੱਚ ਆਪਣੇ ਪਰਿਵਾਰ ਦੇ ਨਜ਼ਦੀਕੀ ਨਵਤੇਜ ਸਿੰਘ ਨੂੰ ਮਨਜੀਤ ਨੇ ਗੁਰੂ ਧਾਰਿਆ। ਉਸ ਵੇਲੇ ਉਸ ਨੇ 100 ਮੀਟਰ ਈਵੈਂਟ ਵਿੱਚ ਹਿੱਸਾ ਲੈਂਦੀ ਸੀ। ਪਹਿਲੇ ਸਾਲ ਹੀ ਬਠਿੰਡੇ ਵਿਖੇ ਹੋਈਆਂ ਅੰਡਰ-14 ਪੰਜਾਬ ਸਕੂਲ ਖੇਡਾਂ ਵਿੱਚ ਉਹ 100 ਮੀਟਰ ਦੌੜ ਵਿੱਚ ਚੌਥੇ ਸਥਾਨ ‘ਤੇ ਰਹੀ। ਫੇਰ ਬੰਗਲੌਰ ਵਿਖੇ ਹੋਈਆਂ ਰਾਸ਼ਟਰੀ ਸਕੂਲ ਖੇਡਾਂ ਵਿੱਚ ਮਨਜੀਤ ਨੇ 100 ਮੀਟਰ ਦੌੜ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਮਨਜੀਤ ਦੇ ਪਿਤਾ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਹੋਣ ਕਰਕੇ ਗੁਰਦਾਸਪੁਰ ਤੋਂ ਜਲੰਧਰ ਆ ਕੇ ਵਸਣਾ ਉਸ ਲਈ ਵਰਦਾਨ ਸਾਬਤ ਹੋਇਆ।

1998 ਵਿੱਚ ਮਨਜੀਤ ਨੇ ਨਹਿਰੂ ਗਾਰਡਨ ਹੋਸਟਲ ਜਲੰਧਰ ਵਿਖੇ ਦਾਖਲਾ ਲਿਆ। ਮੁਕਤਸਰ ਦੇ ਰਹਿਣ ਵਾਲੇ ਆਰ.ਐਸ.ਸਿੱਧੂ ਦੀ ਦੇਖ-ਰੇਖ ਹੇਠ ਉਸ ਨੇ ਅਥਲੈਟਿਕਸ ਨੂੰ ਹੋਰ ਤਨਦੇਹੀ ਨਾਲ ਅਪਣਾਇਆ। ਕੋਚ ਨੇ ਪਹਿਲੀ ਨਜ਼ਰੇ ਮਨਜੀਤ ਨੂੰ 100 ਮੀਟਰ ਦੀ ਬਜਾਏ 400 ਮੀਟਰ ਦੌੜਨ ਲਈ ਆਖਿਆ। ਕੋਚ ਦਾ ਮੰਨਣਾ ਸੀ ਕਿ ਉਹ ਝੂਲ ਕੇ ਦੌੜਦੀ ਹੈ ਅਤੇ ਸਟਾਰਟ ਵੀ ਥੋੜਾਂ ਹੌਲੀ ਹੈ। 400 ਮੀਟਰ ਦੌੜ ਲਈ ਲੋੜੀਂਦਾ ਸਟੈਮਿਨਾ ਤੇ ਸਪੀਡ ਉਸ ਕੋਲ ਬਹੁਤ ਹੈ। ਕੱਦ ਲੰਬਾ ਅਤੇ ਝੂਲ ਕੇ ਦੌੜਨ ਕਰਕੇ 400 ਮੀਟਰ ਦੇ ਪੂਰੇ ਟਰੈਕ ਉਤੇ ਕਰਵ ਉਪਰ ਵੀ ਬਿਹਤਰ ਦੌੜ ਸਕਦੀ ਹੈ। ਇਥੋਂ ਹੀ ਕੋਚ ਦੇ ਇਕ ਫੈਸਲੇ ਨੇ ਮਨਜੀਤ ਅਤੇ ਭਾਰਤੀ ਅਥਲੈਟਿਕਸ ਦੀ ਤਕਦੀਰ ਬਦਲ ਦਿੱਤੀ। ਮਨਜੀਤ ਨੂੰ ਪਹਿਲੀ ਨਜ਼ਰੇ ਦੇਖਣ ਵਾਲੇ ਉਸ ਦੀ ਡੀਲ ਡੌਲ ਦੇਖ ਕੇ 100 ਮੀਟਰ ਦੀ ਫਰਾਟਾ ਦੌੜਾਕ ਦਾ ਭੁਲੇਖਾ ਖਾ ਲੈਂਦੇ ਹਨ। 400 ਮੀਟਰ ਸ਼ੁਰੂ ਕਰਦਿਆਂ ਹੀ ਮਨਜੀਤ ਨੇ ਧੁੰਮਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਸ਼ੁਰੂਆਤੀ ਦਿਨਾਂ ਵਿੱਚ ਉਹ ਓਪਨ ਸਟੇਟ ਤੇ ਕੌਮੀ ਸਕੂਲ ਖੇਡਾਂ ਵਿੱਚ ਤਿੰਨ-ਚਾਰ ਵਾਰ ਬੈਸਟ ਅਥਲੀਟ ਬਣੀ। ਕੌਮੀ ਸਕੂਲ ਖੇਡਾਂ ਦੇ ਇਕੋ ਮੁਕਾਬਲੇ ਵਿੱਚ ਉਸ ਨੇ ਚਾਰ ਸੋਨ ਤਮਗੇ ਜਿੱਤੇ।

2001 ਵਿੱਚ ਮਨਜੀਤ ਨੇ ਜੂਨੀਅਰ ਫੈਡਰੇਸ਼ਨ ਕੱਪ ਵਿੱਚ ਦੋ ਸੋਨ ਤਮਗੇ ਜਿੱਤੇ। ਇਸੇ ਸਾਲ ਮਨਜੀਤ ਨੇ ਪਹਿਲੀ ਵਾਰ ਅੰਤਰਰਾਸ਼ਟਰੀ ਪੱਧਰ ‘ਤੇ ਕਿਸੇ ਮੁਕਾਬਲੇ ਵਿੱਚ ਹਿੱਸਾ ਲਿਆ। ਬਰਨੂਈ ਵਿਖੇ ਹੋਈ ਜੂਨੀਅਰ ਏਸ਼ੀਆ ਵਿੱਚ ਮਨਜੀਤ ਨੇ 400 ਮੀਟਰ ਅਤੇ ਰਿਲੇਅ ਦੌੜ ਦਾ ਦੋਹਰਾ ਚਾਂਦੀ ਦਾ ਤਮਗਾ ਜਿੱਤਿਆ। ਮਨਜੀਤ ਨੇ 53.08 ਸਕਿੰਟ ਦਾ ਸਮਾਂ ਕੱਢਿਆ ਜੋ ਕਿ ਕੌਮੀ ਰਿਕਾਰਡ ਦੇ ਬਹੁਤ ਨੇੜੇ ਸੀ। 19 ਵਰਿ•ਆਂ ਦੀ ਉਮਰੇ ਮਨਜੀਤ ਭਾਰਤੀ ਸੀਨੀਅਰ ਟੀਮ ਵਿੱਚ ਚੁਣੀ ਗਈ। ਇੰਡੀਅਨ ਗ੍ਰਾਂ.ਪ੍ਰੀ. ਵਿੱਚ 400 ਮੀਟਰ ਵਿਅਕਤੀਗਤ ਦੌੜ ਵਿੱਚ ਮਨਜੀਤ ਨੇ ਚਾਂਦੀ ਦਾ ਤਮਗਾ ਜਿੱਤਿਆ। 2002 ਦੀਆਂ ਬੁਸਾਨ ਏਸ਼ਿਆਈ ਖੇਡਾਂ ਵਿੱਚ ਉਸ ਨੇ ਪਹਿਲੀ ਵਾਰ ਹਿੱਸਾ ਲਿਆ ਅਤੇ 4*400 ਮੀਟਰ ਰਿਲੇਅ ਦੌੜ ਵਿੱਚ ਭਾਰਤੀ ਟੀਮ ਨੇ ਸੋਨੇ ਦਾ ਤਮਗਾ ਜਿੱਤਿਆ। ਇਹ ਮਨਜੀਤ ਦੀ ਪਹਿਲੀ ਵੱਡੀ ਪ੍ਰਾਪਤੀ ਸੀ। ਸਾਲ 2003 ਵਿੱਚ ਮਨੀਲਾ ਵਿਖੇ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਮਨਜੀਤ ਨੇ ਕਾਂਸੀ ਦਾ ਤਮਗਾ ਜਿੱਤਿਆ। ਹੁਣ ਤੱਕ ਮਨਜੀਤ ਭਾਰਤੀ ਰਿਲੇਅ ਟੀਮ ਦੀ ਸਭ ਤੋਂ ਤੇਜ਼ ਦੌੜਾਕ ਬਣ ਗਈ ਸੀ। ਇਹ ਉਹ ਸਮਾਂ ਸੀ ਜਦੋਂ ਭਾਰਤੀ ਰਿਲੇਅ ਟੀਮ ਪੂਰੀ ਸਿਖਰਲੀ ਫਾਰਮ ਵਿੱਚ ਸੀ। ਸਾਲ 2004 ਵਿੱਚ ਪੈਰਿਸ ਵਿਖੇ ਹੋਈ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਂਦਿਆਂ ਭਾਰਤੀ ਰਿਲੇਅ ਟੀਮ ਸੱਤਵੇਂ ਸਥਾਨ ‘ਤੇ ਆਈ। ਇਸੇ ਸਾਲ ਥਾਈਲੈਂਡ, ਸ੍ਰੀਲੰਕਾ ਤੇ ਫਿਲਪਾਈਨਜ਼ ਵਿਖੇ ਹੋਈਆਂ ਤਿੰਨ ਏਸ਼ੀਅਨ ਗਰੈਂਡ ਪ੍ਰੀਕਸ (ਗ੍ਰਾਂ.ਪ੍ਰੀ.) ਮੁਕਾਬਲਿਆਂ ਵਿੱਚ ਭਾਰਤ ਨੇ ਰਿਲੇਅ ਟੀਮ ਨੇ ਤਿੰਨ ਸੋਨ ਤਮਗੇ ਜਿੱਤੇ। ਕੀਵ ਵਿਖੇ ਹੋਈ ਇਨਵੀਟੇਸ਼ਨ ਮੀਟ ਵਿੱਚ ਮਨਜੀਤ ਨੇ 400 ਮੀਟਰ ਦੌੜ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਇਕ ਹੋਰ ਇਨਵੀਟੇਸ਼ਨ ਮੀਟ ਵਿੱਚ ਉਸ ਨੇ 400 ਮੀਟਰ ਵਿਅਕਤੀਗਤ ਅਤੇ 4*400 ਮੀਟਰ ਰਿਲੇਅ ਦੌੜ ਵਿੱਚ ਦੋਹਰਾ ਸੋਨ ਤਮਗਾ ਜਿੱਤਿਆ। ਸਾਲ 2004 ਦੇ ਜੂਨ ਮਹੀਨੇ ਚੇਨਈ ਵਿਖੇ ਹੋਈ ਨੈਸ਼ਨਲ ਸਰਕਟ ਅਥਲੈਟਿਕਸ ਮੀਟ ਵਿੱਚ ਮਨਜੀਤ ਨੇ 51.05 ਸਕਿੰਟ ਦੇ ਸਮੇਂ ਨਾਲ 400 ਮੀਟਰ ਦੌੜ ਵਿੱਚ ਨਵਾਂ ਕੌਮੀ ਰਿਕਾਰਡ ਬਣਾਇਆ। ਮਨਜੀਤ ਨੇ ਕੇ.ਐਮ.ਬੀਨਾਮੋਲ ਦਾ ਰਿਕਾਰਡ ਤੋੜਿਆ ਸੀ। ਆਮ ਲੋਕ, ਇਥੋਂ ਤੱਕ ਕਿ ਖੇਡ ਪ੍ਰੇਮੀ ਵੀ ਬਹੁਤ ਘੱਟ ਜਾਣਦੇ ਹਨ ਕਿ ਬੀਨਾਮੋਲ ਉਹ ਅਥਲੀਟ ਹੈ ਜਿਸ ਨੇ 400 ਮੀਟਰ ਵਿੱਚ ਪੀ.ਟੀ.ਊਸ਼ਾ ਦਾ ਰਿਕਾਰਡ ਤੋੜਿਆ ਸੀ ਜਿਸ ਅੱਗੇ ਜਾ ਕੇ ਮਨਜੀਤ ਨੇ ਤੋੜਿਆ। ਮਨਜੀਤ ਨੂੰ ਵੀ ਇਸ ਗੱਲ ਉਤੇ ਬਹੁਤ ਦੁੱਖ ਹੁੰਦਾ ਹੈ ਜਦੋਂ ਆਮ ਪੰਜਾਬੀ ਲੋਕ ਮਨਜੀਤ ਨੂੰ ਸਾਹਮਣੇ ਬੈਠੀ  ਪਛਾਣਦੇ ਨਹੀਂ ਜਦੋਂ ਕਿ ਪੀ.ਟੀ.ਊਸ਼ਾ ਨੂੰ ਹਰ ਕੋਈ ਜਾਣਦਾ ਹੈ। ਸਾਡੀਆਂ ਖੇਡਾਂ ਤੇ ਖਿਡਾਰੀਆਂ ਦੀ ਇਹੋ ਤਰਾਸਦੀ ਹੈ। ‘ਘਰ ਦੇ ਜੋਗੀ ਜੋਗੜੇ’ ਵਾਲੀ ਕਹਾਵਤ ਸਾਡੇ ਅਥਲੀਟਾਂ ਉਤੇ ਢੁੱਕਦੀ ਹੈ। ਮਨਜੀਤ ਮੁੱਢ ਤੋਂ ਹੀ ਪੀ.ਟੀ.ਊਸ਼ਾ ਦੀ ਪ੍ਰਸੰਸਕ ਰਹੀ ਸੀ। ਮਨਜੀਤ ਦੇ ਕਮਰੇ ਵਿੱਚ ਪੀ.ਟੀ.ਊਸ਼ਾ ਦੇ ਪੋਸਟਰ ਲੱਗੇ ਹੁੰਦੇ ਸਨ।

ਸਾਲ 2004 ਵਿੱਚ ਮਨਜੀਤ ਨੇ ਓਲੰਪਿਕਸ ਦੇ ਜਨਮਦਾਤੇ ਸ਼ਹਿਰ ਏਥਨਜ਼ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। ਮਨਜੀਤ 22 ਵਰਿ•੍ਹਆਂ ਦੀ ਉਮਰੇ ਓਲੰਪੀਅਨ ਬਣ ਗਈ। ਏਥਨਜ਼ ਉਲੰਪਿਕ 2004 ਵਿੱਚ ਔਰਤਾਂ ਦੀ 4*400 ਮੀਟਰ ਰਿਲੇਅ ਦੌੜ ਲੱਗ ਰਹੀ ਸੀ। ਮਨਜੀਤ ਨੂੰ ਸਭ ਤੋਂ ਤਕੜੀ ਹੋਣ ਕਰ ਕੇ ਚੌਥੇ ਨੰਬਰ ‘ਤੇ ਅੰਤਿਮ ਗੇੜੇ ਲਈ ਰੱਖਿਆ ਹੋਇਆ ਸੀ। ਤੀਸਰੀ ਅਥਲੀਟ ਨੇ ਜਦੋਂ ਮਨਜੀਤ ਨੂੰ ਬੈਟਨ ਫੜਾਇਆ ਤਾਂ ਭਾਰਤੀ ਟੀਮ ਉਸ ਵੇਲੇ ਸੱਤਵੇਂ ਨੰਬਰ ‘ਤੇ ਸੀ। ਫਾਈਨਲ ਲਈ ਪਹਿਲੀਆਂ ਚਾਰ ਟੀਮਾਂ ਨੇ ਹੀ ਕੁਆਲੀਫਾਈ ਕਰਨਾ ਸੀ। ਉਸ ਸਮੇਂ ਮਨਜੀਤ ਦੇ ਦਿਲ ਅੰਦਰ ਜਵਾਰ ਭਾਟੇ  ਵਾਂਗ ਸੋਚਾਂ ਤੈਰ ਰਹੀਆਂ ਸਨ। ਜਿਉਂ ਹੀ ਮਨਜੀਤ ਦੇ ਹੱਥ ਬੈਟਨ ਲੱਗਿਆ ਤਾਂ ਉਹ ਬਿਜਲੀ ਦੀ ਤੇਜ਼ੀ ਨਾਲ ਹਵਾ ਨੂੰ ਚੀਰਦੀ ਹੋਈ ਆਪਣੀਆਂ ਲੱਤਾਂ ਨੂੰ ਟਰੈਕ ਉੱਪਰ ਤੇਜ਼ ਦੌੜਾਂਦੀ ਰਹੀ। ਉਸ ਨੇ ਵਿੱਤੋਂ ਵਧ ਕੇ ਜ਼ੋਰ ਲਗਾਇਆ। ਡਿੱਗਦੀ ਹੋਈ ਮਨਜੀਤ ਨੇ ਦੌੜ ਖ਼ਤਮ ਹੋਣ ਵੇਲੇ ਚੌਥੇ ਨੰਬਰ ‘ਤੇ ਫਿਨਸ਼ਿੰਗ ਲਾਈਨ ਨੂੰ ਪਾਰ ਕੀਤਾ। ਇਸ ਤਰ੍ਹ•ਾਂ ਭਾਰਤ ਨੂੰ ਫਾਈਨਲ ਲਈ ਕੁਆਲੀਫਾਈ ਕਰਵਾਇਆ। ਇਸ ਤੋਂ ਪਹਿਲਾਂ ਉਲੰਪਿਕ ਇਤਿਹਾਸ ਵਿਚ ਸਿਰਫ ਇਕ ਵਾਰ 1988 ਵਿੱਚ ਸਿਓਲ ਉਲੰਪਿਕ ਖੇਡਾਂ ਵਿੱਚ ਭਾਰਤ ਦੀ ਮਹਿਲਾ ਟੀਮ ਨੇ ਰਿਲੇਅ ਦੀ ਫਾਈਨਲ ਦੌੜ ਲਈ ਕੁਆਲੀਫਾਈ ਕੀਤਾ ਸੀ। ਦੂਸਰੀ ਵਾਰ ਇਹ ਕਾਰਨਾਮਾ ਮਨਜੀਤ ਦੇ ਪੈਰੋਂ ਹੀ ਹੋਇਆ। ਦੌੜ ਖ਼ਤਮ ਹੁੰਦਿਆਂ ਹੀ ਮਨਜੀਤ ਡਿੱਗ ਪਈ ਅਤੇ ਉਸ ਨੂੰ ਸਟੈਚਰ ‘ਤੇ ਚੁੱਕ ਕੇ ਲਿਜਾਇਆ ਗਿਆ। ਉਸ ਨੂੰ ਉਲਟੀਆਂ ਆਉਣ ਲੱਗੀਆ। ਭਾਰਤੀ ਰਿਲੇਅ ਟੀਮ ਨੇ 3.26.89 (3 ਮਿੰਟ ਤੇ 26 ਸਕਿੰਟ) ਦਾ ਸਮਾਂ ਕੱਢ ਕੇ ਨਵਾਂ ਏਸ਼ੀਅਨ ਰਿਕਾਰਡ ਬਣਾਇਆ। ਮਨਜੀਤ ਨੇ ਆਪਣੇ ਹਿੱਸੇ ਦੀ 400 ਮੀਟਰ 50 ਸਕਿੰਟ ਤੋਂ ਘੱਟ ਸਮੇਂ 49.85 ਸਕਿੰਟ ਵਿੱਚ ਦੌੜੀ ਸੀ ਜੋ ਕਿ ਮਨਜੀਤ ਵੱਲੋਂ ਆਪਣੇ ਬਣਾਏ ਕੌਮੀ ਰਿਕਾਰਡ (51.05) ਨਾਲੋਂ ਵੀ ਘੱਟ ਸਮਾਂ ਸੀ। ਰਿਲੇਅ ਦੌੜ ਵਿੱਚ ਵਿਅਕਤੀਗਤ ਸਮੇਂ ਨੂੰ ਨਾ ਗਿਣਦੇ ਹੋਣ ਕਰਕੇ ਮਨਜੀਤ ਦੇ ਇਸ ਰਿਕਾਰਡ ਵਿਅਕਤੀਗਤ ਰਿਕਾਰਡ ਵਿੱਚ ਨਹੀਂ ਦਰਜ ਕੀਤਾ ਗਿਆ। ਸੈਮੀਫਾਈਨਲ ਵਿੱਚ ਆਪਣੇ ਸਰੀਰ ਦੀ ਸਮਰੱਥਾ ਤੋਂ ਵੱਧ ਜ਼ੋਰ ਲਗਾਉਣ ਕਰਕੇ ਮਨਜੀਤ ਅਗਲੇ ਦਿਨ ਫਾਈਨਲ ਨਾ ਦੌੜ ਸਕੀ। ਭਾਰਤੀ ਟੀਮ ਫਾਈਨਲ ਵਿੱਚ ਸੱਤਵੇਂ ਨੰਬਰ ‘ਤੇ ਆਈ ਜੇਕਰ ਮਨਜੀਤ ਉਸ ਦੌੜ ਵਿੱਚ ਹਿੱਸਾ ਲੈਂਦੀ ਤਾਂ ਆਸ ਸੀ ਕਿ ਭਾਰਤੀ ਟੀਮ ਪਹਿਲੀਆਂ ਚਾਰ ਪੁਜੀਸ਼ਨਾਂ ਵਿੱਚ ਵੀ ਆ ਜਾਂਦੀ। ਓਲੰਪਿਕ ਖੇਡਾਂ ਵਿੱਚ ਇਹ ਭਾਰਤੀ ਰਿਲੇਅ ਟੀਮ ਦਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਹੈ। ਇਸੇ ਸਾਲ ਉਸ ਨੇ ਏਸ਼ੀਅਨ ਆਲ ਸਟਾਰ ਮੀਟ ਵਿੱਚ ਸੋਨੇ ਦਾ ਤਮਗਾ ਜਿੱਤਿਆ।

ਸਾਲ 2004 ਦਾ ਅੰਤ ਵੀ ਮਨਜੀਤ ਲਈ ਸੁਨਹਿਰੀ ਰਿਹਾ। ਪਟਿਆਲਾ ਵਿਖੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਪਹਿਲੀਆਂ ਖੇਡਾਂ ਕਰਵਾਈਆਂ ਗਈਆਂ। ਮਨਜੀਤ ਨੇ 200 ਤੇ 400 ਮੀਟਰ ਦੋਵੇਂ ਦੌੜਾਂ ਵਿੱਚ ਹਿੱਸਾ ਲਿਆ ਅਤੇ ਦੋਵੇਂ ਜਿੱਤ ਕੇ ਮਿਲਖਾ ਸਿੰਘ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ। ਮਿਲਖਾ ਸਿੰਘ ਨੇ ਵੀ ਭਾਰਤ-ਪਾਕਿ ਅਥਲੈਟਿਕਸ ਮੀਟ ਵਿੱਚ ਇਨ੍ਹਾਂ ਦੋਵੇਂ ਦੌੜਾਂ ਨੂੰ ਜਿੱਤ ਤੇ ਆਪਣੀ ਗੁੱਡੀ ਚੜ੍ਹਾਈ ਸੀ। ਉਸ ਵੇਲੇ ਮਿਲਖਾ ਨੇ ਏਸ਼ੀਆ ਦਾ ਤੂਫਾਨ ਕਹੇ ਜਾਂਦੇ ਅਬਦੁਲ ਖਾਲਿਕ ਨੂੰ ਹਰਾਇਆ ਸੀ ਜਦੋਂ ਉਸ ਨੂੰ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਜਨਰਲ ਅਯੂਬ ਖਾਨ ਨੇ ‘ਉਡਣਾ ਸਿੱਖ’ ਦਾ ਖਿਤਾਬ ਦਿੱਤਾ ਸੀ। ਮਨਜੀਤ ਵੀ ਉਡਣੀ ਸਿੰਘਣੀ ਬਣ ਕੇ ਦੌੜੀ ਅਤੇ ਦੋਹਰਾ ਸੋਨ ਤਮਗਾ ਜਿੱਤਿਆ। ਸਾਲ 2005 ਵਿੱਚ ਵਿਅਕਤੀਗਤ ਅਤੇ ਰਿਲੇਅ ਦੌੜ ਵਿੱਚ ਮਨਜੀਤ ਦੇ ਮੁਕਾਬਲੇ ਦੀ ਏਸ਼ੀਆ ਵਿੱਚ ਕੋਈ ਅਥਲੀਟ ਨਹੀਂ ਸੀ। ਸਤੰਬਰ ਮਹੀਨੇ ਇੰਚੇਓਨ ਵਿਖੇ ਹੋਈ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਨਜੀਤ ਨੇ 400 ਮੀਟਰ ਵਿਅਕਤੀਗਤ ਅਤੇ 4*400 ਮੀਟਰ ਰਿਲੇਅ ਦੌੜ ਵਿੱਚ ਦੋਹਰਾ ਸੋਨ ਤਮਗਾ ਜਿੱਤਿਆ। ਏਸ਼ੀਆ ਵਿੱਚ ਦੋਹਰੀ ਸਰਦਾਰੀ ਹਾਸਲ ਕਰਕੇ ਮਨਜੀਤ ਬੜੇ ਸਾਦਗੀ ਤਰੀਕੇ ਨਾਲ ਜਲੰਧਰ ਪੁੱਜੀ। ਉਸ ਵੇਲੇ ਮੈਂ ਜਲੰਧਰ ਤੋਂ ਖੇਡ ਪੱਤਰਕਾਰੀ ਕਰਦਾ ਹੁੰਦਾ ਸੀ ਅਤੇ ਮਨਜੀਤ ਦੇ ਆਟੋ ਰਿਕਸ਼ੇ ਉਤੇ ਰੇਲਵੇ ਸਟੇਸ਼ਨ ਤੋਂ ਘਰ ਜਾਣ ਬਾਰੇ ਸਟੋਰੀ ਵੀ ਕੀਤੀ ਸੀ। ਚਾਰ ਦਿਨਾਂ ਬਾਅਦ ਹੀ ਪੀ.ਏ.ਪੀ. ਵਿਖੇ ਆਲ ਇੰਡੀਆ ਪੁਲਿਸ ਖੇਡਾਂ ਦੇ ਮੁੱਖ ਮਹਿਮਾਨ ਬਣ ਕੇ ਆਏ ਉਸ ਵੇਲੇ ਦੇ ਡੀ.ਜੀ.ਪੀ. ਐਸ.ਐਸ. ਵਿਰਕ ਨੇ ਮਨਜੀਤ, ਰਾਜਵਿੰਦਰ ਕੌਰ ਗਿੱਲ, ਜਗਦੀਸ਼ ਬਿਸ਼ਨੋਈ ਤੇ ਨਵਪ੍ਰੀਤ ਸਿੰਘ ਨੂੰ ਤਰੱਕੀ ਦੇ ਸਟਾਰ ਲਗਾਏ।

ਸਾਲ 2006 ਵਿੱਚ ਦੀ ਸ਼ੁਰੂਆਤ ਵਿੱਚ ਮਨਜੀਤ ਨੇ ਮੈਲਬਰਨ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲਿਆ। ਮਨਜੀਤ ਤੇ ਰਾਜਵਿੰਦਰ ਕੌਰ ਦੋ ਪੰਜਾਬਣਾਂ ਦੀ ਸ਼ਮੂਲੀਅਤ ਵਾਲੀ ਭਾਰਤੀ ਟੀਮ ਨੇ 4*400 ਮੀਟਰ ਰਿਲੇਅ ਦੌੜ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਰਾਸ਼ਟਰਮੰਡਲ ਖੇਡਾਂ ਵਿੱਚ ਇਹ ਮਨਜੀਤ ਦਾ ਪਹਿਲਾ ਤਮਗਾ ਸੀ। ਇਸੇ ਸਾਲ ਏਥਨਜ਼ ਵਿਖੇ ਹੋਈ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤੀ ਰਿਲੇਅ ਟੀਮ ਅੱਠਵੇਂ ਸਥਾਨ ਉਤੇ ਰਹੀ। ਮਨਜੀਤ ਨੇ ਰਿਲੇਅ ਦੇ ਨਾਲ ਵਿਅਕਤੀਗਤ ਦੌੜ ਉਤੇ ਵੀ ਧਿਆਨ ਕੇਂਦਰਿਤ ਕੀਤਾ। ਇਸੇ ਸਾਲ ਉਸ ਨੇ ਪੁਣੇ, ਬੈਂਕਾਕ ਤੇ ਬੰਗਲੌਰ ਵਿਖੇ ਹੋਈਆਂ ਤਿੰਨ ਏਸ਼ੀਅਨ ਗ੍ਰਾਂ.ਪ੍ਰੀ. ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਤਿੰਨੇ ਥਾਂ ਉਸ ਨੇ 400 ਮੀਟਰ ਵਿਅਕਤੀਗਤ ਦੌੜ ਵਿੱਚ ਕਾਂਸੀ ਦੇ ਤਮਗੇ ਜਿੱਤੇ। ਸਾਲ 2006 ਦੇ ਅਖਰੀਲੇ ਮਹੀਨੇ ਦਸੰਬਰ ਵਿੱਚ ਦੋਹਾ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਮਨਜੀਤ ਆਪਣੇ ਖੇਡ ਦੇ ਸਿਖਰ ‘ਤੇ ਸੀ। ਉਹ 400 ਮੀਟਰ ਦੀ ਕੌਮੀ ਰਿਕਾਡਰ ਹੋਲਡਰ ਵੀ ਸੀ ਅਤੇ 4*400 ਮੀਟਰ ਰਿਲੇਅ ਦੌੜ ਵਿੱਚ ਏਸ਼ੀਅਨ ਰਿਕਾਰਡ ਹੋਲਡਰ।

ਦੋਹਾ ਵਿਖੇ ਮੈਂ ਉਸ ਦਾ ਸਿਰੜ ਤੇ ਸਿਦਕ ਅੱਖੀਂ ਵੇਖਿਆ। ਮੇਰੇ ਲਈ ਵੀ ਇਹ ਪਹਿਲਾ ਕੌਮਾਂਤਰੀ ਮੁਕਾਬਲਾ ਸੀ ਜਿਸ ਨੂੰ ਜਾ ਕੇ ਕਵਰੇਜ਼ ਕਰਨ ਦਾ ਮੌਕਾ ਮਿਲਿਆ ਸੀ ਮਨਜੀਤ ਨੇ ਦੋਹਾ ਵਿਖੇ ਰਿਲੇਅ ਦੌੜ ਵਿੱਚ ਸੋਨੇ ਦਾ ਤਮਗਾ ਅਤੇ 400 ਮੀਟਰ ਵਿਅਕਤੀਗਤ ਦੌੜ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਵਿਅਕਤੀਗਤ ਦੌੜ ਵਿੱਚ ਇਹ ਉਸ ਦਾ ਏਸ਼ਿਆਈ ਜਾਂ ਰਾਸ਼ਟਰਮੰਡਲ ਖੇਡਾਂ ਵਿੱਚ ਇਕਲੌਤਾ ਤਮਗਾ ਹੈ। ਮਨਜੀਤ 400 ਮੀਟਰ ਦੌੜ ਵਿੱਚ ਕਜ਼ਾਕਸਿਤਾਨ ਦੀ ਅਥਲੀਟ ਤੋਂ ਥੋੜੇ ਜਿਹੇ ਫਾਸਲੇ ਨਾਲ ਪਿੱਛੇ ਰਹਿ ਗਈ ਸੀ। ਦੋਹਾ ਵਿਖੇ 4*400 ਮੀਟਰ ਰਿਲੇਅ ਦੌੜ ਦੇ ਫਾਈਨਲ ਤੋਂ ਪਹਿਲਾ ਅਥਲੀਟ ਪਿੰਡ ਵਿਖੇ ਦੁਪਹਿਰ ਦਾ ਖਾਣਾ ਖਾਂਦੇ ਹੋਏ ਉਬਲਦਾ ਹੋਇਆ ਗਰਮ ਸੂਪ ਮਨਜੀਤ ਦੇ ਪੱਟਾਂ ਉਤੇ ਡੁੱਲ• ਗਿਆ। ਥੋੜੀਂ ਦੇਰ ਵਿੱਚ ਉਸ ਦੇ ਛਾਲੇ ਪੈ ਗਏ ਅਤੇ ਜਦੋਂ ਉਹ ਅਭਿਆਸ ਲਈ ਦੌੜਨ ਲੱਗੀ ਤਾਂ ਛਾਲੇ ਫੁੱਟਣ ਕਾਰਨ ਖੂਨ ਰਿਸਣ ਲੱਗਾ। ਡੇਢ ਲੱਖ ਦਰਸ਼ਕਾਂ ਨਾਲ ਲਬਾਲਬ ਭਰੇ ਖਲੀਫਾ ਸਟੇਡੀਅਮ ਵਿੱਚ ਫਾਈਨਲ ਦੌੜਨ ਲਈ ਮਨਜੀਤ ਆਪਣੀ ਸਾਥਣਾਂ ਚਿਤਰਾ, ਸੱਤੀ ਗੀਤਾ ਤੇ ਪਿੰਕੀ ਪਰਮਾਨਿਕ ਨਾਲ ਪੁੱਜੀ। ਉਸ ਦੇ ਹੌਸਲੇ ਬੁਲੰਦ ਸੀ ਅਤੇ ਆਪਣੇ ਜ਼ਖਮਾਂ ਦੀ ਉਸ ਨੂੰ ਕੋਈ ਪ੍ਰਵਾਹ ਨਹੀਂ ਸੀ। ਮਨਜੀਤ ਰਿਲੇਅ ਟੀਮ ਦਾ ਬ੍ਰਹਮ ਅਸਤਰ ਹੋਣ ਕਰਕੇ ਉਸ ਨੂੰ ਫਿਨਸ਼ਿੰਗ ਲਈ ਚੌਥੇ ਨੰਬਰ ‘ਤੇ ਦੌੜਾਇਆ ਜਾਂਦਾ ਸੀ। ਦੋਹਾ ਵਿਖੇ ਵੀ ਉਹ ਚੌਥੇ ਨੰਬਰ ‘ਤੇ ਦੌੜੀ। ਉਸ ਨੂੰ ਜਦੋਂ ਬੈਟਨ ਮਿਲਿਆ ਤਾਂ ਭਾਰਤੀ ਟੀਮ ਚੌਥੇ ਨੰਬਰ ‘ਤੇ ਚੱਲ ਰਹੀ ਸੀ। ਬੈਟਨ ਫੜਦਿਆਂ ਬਿਜਲੀ ਦੀ ਤੇਜ਼ੀ ਨਾਲ ਦੌੜਦੀ ਮਨਜੀਤ ਨੇ ਪਹਿਲੇ 20 ਮੀਟਰ ਵਿੱਚ ਹੀ ਤੀਜੇ ਨੰਬਰ ਦੀ ਅਥਲੀਟ ਨੂੰ ਕੱਟ ਦਿੱਤਾ। ਇਸ ਤੋਂ ਬਾਅਦ ਟਰੈਕ ‘ਤੇ ਕਰਵ ਪੂਰੀ ਕਰਨ ਤੋਂ ਬਾਅਦ ਅਗਲੇ 100 ਮੀਟਰ ਵਿੱਚ ਉਸ ਨੇ ਦੂਜੇ ਨੰਬਰ ਦੀ ਅਥਲੀਟ ਨੂੰ ਵੀ ਕੱਟ ਦਿੱਤਾ। ਕਰਵ ਉਤੇ ਦੌੜਨ ਵਿੱਚ ਉਸ ਦਾ ਕੋਈ ਸਾਨੀ ਨਹੀਂ ਹੈ। ਆਖਰੀ 150 ਮੀਟਰ ਦਾ ਫਾਸਲਾ ਪੂਰਾ ਕਰਦਿਆਂ ਇਕ ਪਾਸੇ ਮਨਜੀਤ ਦੀਆਂ ਲੱਤਾਂ ਉਤੇ ਛਾਲਿਆਂ ਦਾ ਖੂਨ ਤਰਾਲਾਂ ਬਣ ਕੇ ਰਿਸ ਰਿਹਾ ਸੀ ਉਧਰ ਮਨਜੀਤ ਇਕ ਇਕ ਵਧਦੇ ਕਦਮਾਂ ਨਾਲ ਪਹਿਲੀ ਅਥਲੀਟ ਦੇ ਨੇੜੇ ਪੁੱਜ ਰਹੀ ਸੀ। ਖਲੀਫਾ ਸਟੇਡੀਅਮ ਦਾ ਟਰੈਕ ਜਿੱਥੇ ਬਾਕੀ ਖਿਡਾਰੀਆਂ ਦੇ ਪਸੀਨੇ ਨਾਲ ਸਿੰਜਿਆ ਜਾ ਰਿਹਾ ਸੀ ਉਥੇ ਮਨਜੀਤ ਆਪਣੇ ਲਹੂ ਨਾਲ ਸਿੰਜ ਰਹੀ ਸੀ। ਮਨਜੀਤ ਨੇ ਪਹਿਲੇ ਨੰਬਰ ‘ਤੇ ਫਿਨਸ਼ਿੰਗ ਲਾਈਨ ਪਾਰ ਕਰਦਿਆਂ ਭਾਰਤੀ ਅਥਲੈਟਿਕਸ ਨੂੰ 55 ਸਾਲਾਂ ਦੇ ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਨਮੋਸੀ ਤੋਂ ਬਚਾ ਲਿਆ। ਦੋਹਾ ਵਿਖੇ ਭਾਰਤੀ ਅਥਲੈਟਿਕਸ ਦਲ ਨੇ ਇਕੋ ਇਕ ਸੋਨ ਤਮਗਾ ਜਿੱਤਿਆ ਸੀ ਜੋ ਮਹਿਲਾਵਾਂ ਦੀ 4*400 ਮੀਟਰ ਰਿਲੇਅ ਟੀਮ ਨੇ ਜਿੱਤਿਆ। ਭਾਰਤੀ ਅਥਲੈਟਿਕਸ ਟੀਮ ਕਿਤੇ ਵੀ ਏਸ਼ਿਆਈ ਖੇਡਾਂ ਵਿੱਚ ਬਿਨਾਂ ਸੋਨ ਤਮਗੇ ਤੋਂ ਘਰ ਨਹੀਂ ਪਰਤੀ ਸੀ। ਦੋਹਾ ਦੀਆਂ ਏਸ਼ਿਆਈ ਖੇਡਾਂ ਮਨਜੀਤ ਕਰਕੇ ਜਾਣੀਆਂ ਜਾਂਦੀਆਂ ਹਨ।

       ਸਾਲ 2007 ਵਿੱਚ ਜਪਾਨ ਵਿਖੇ ਹੋਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤੀ ਰਿਲੇਅ ਟੀਮ ਨੇ ਸੱਤਵਾਂ ਸਥਾਨ ਹਾਸਲ ਕੀਤਾ। ਜੌਰਡਨ ਦੀ ਰਾਜਧਾਨੀ ਅਮਾਨ ਵਿਖੇ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਭਾਰਤੀ ਰਿਲੇਅ ਟੀਮ ਨੇ ਸੋਨੇ ਦਾ ਤਮਗਾ ਜਿੱਤਿਆ। ਗੁਹਾਟੀ ਤੇ ਪੁਣੇ ਵਿਖੇ ਦੋ ਏਸ਼ੀਅਨ ਗ੍ਰਾਂ.ਪ੍ਰੀ. ਮੁਕਾਬਲੇ ਹੋਏ। ਦੋਵੇਂ ਮੌਕਿਆਂ ‘ਤੇ ਭਾਰਤੀ ਰਿਲੇਅ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ। ਸਾਲ 2008 ਵਿੱਚ ਮਨਜੀਤ ਦੀ ਸ਼ਮੂਲੀਅਤ ਵਾਲੀ ਭਾਰਤੀ ਰਿਲੇਅ ਟੀਮ ਨੇ ਫੇਰ ਧੁੰਮਾਂ ਪਾ ਦਿੱਤੀਆਂ। ਦੋਹਾ ਵਿਖੇ ਹੋਈ ਏਸ਼ੀਅਨ ਇੰਡੋਰ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ। ਵੀਅਤਨਾਮ, ਬੈਂਕਾਕ ਤੇ ਬੀਜਿੰਗ ਵਿਖੇ ਹੋਈਆਂ ਚਾਰ ਏਸ਼ੀਅਨ ਗਰੈਂਡ ਪ੍ਰੀਕਸ ਮੀਟਾਂ ਵਿੱਚ ਭਾਰਤੀ ਰਿਲੇਅ ਟੀਮ ਨੇ ਹਿੱਸਾ ਲਿਆ ਅਤੇ ਚਾਰੋਂ ਵਾਰ ਸੋਨ ਤਮਗੇ ਜਿੱਤੇ। ਦੱਖਣੀ ਏਸ਼ਿਆਈ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਮਨਜੀਤ ਨੇ 4*100 ਮੀਟਰ ਤੇ 4*400 ਮੀਟਰ ਦੋ ਰਿਲੇਅ ਦੌੜਾਂ ਵਿੱਚ ਹਿੱਸਾ ਲੈਂਦਿਆਂ ਦੋਹਰਾ ਸੋਨ ਤਮਗਾ ਜਿੱਤਿਆ ਜਦੋਂ ਕਿ 400 ਮੀਟਰ ਦੌੜ ਵਿੱਚ ਚਾਂਦੀ ਖੱਟੀ। ਇਸੇ ਸਾਲ ਉਸ ਨੇ ਬੀਜਿੰਗ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਵੀ ਹਿੱਸਾ ਲਿਆ ਜਿੱਥੇ ਉਸ ਨੇ 400 ਮੀਟਰ ਤੇ 4*400 ਮੀਟਰ ਰਿਲੇਅ ਦੌੜ ਦੋਵਾਂ ਵਿੱਚ ਹਿੱਸਾ ਲਿਆ। ਸਾਲ 2009 ਵਿੱਚ ਭਾਰਤੀ ਰਿਲੇਅ ਟੀਮ ਦੀ ਗੁਆਂਗਜ਼ੂ ਵਿਖੇ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਜਿੱਤ ਨਾਲ ਮਨਜੀਤ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਗੋਲਡਨ ਹੈਟ੍ਰਿਕ ਪੂਰੀ ਕੀਤੀ। ਮਨਜੀਤ ਨੇ 400 ਮੀਟਰ ਦੌੜ ਵਿੱਚ ਵੀ ਕਾਂਸੀ ਦਾ ਤਮਗਾ ਜਿੱਤਿਆ।

ਮਨਜੀਤ ਨੇ ਆਪਣੇ ਡੇਢ ਦਹਾਕਾ ਲੰਬੇ ਅਥਲੈਟਿਕਸ ਕਰੀਅਰ ਨੂੰ ਸਾਲ 2010 ਵਿੱਚ ਉਸ ਵੇਲੇ ਸਿਖਰ ‘ਤੇ ਪਹੁੰਚਾਇਆ ਜਦੋਂ ਉਸ ਨੇ ਨਵੀਂ ਦਿੱਲੀ ਵਿਖੇ ਰਾਸ਼ਟਰਮੰਡਲ ਖੇਡਾਂ ਅਤੇ ਗੁਆਂਗਜ਼ੂ ਵਿਖੇ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਇਹ ਸੁਨਹਿਰੀ ਪ੍ਰਾਪਤੀ ਮਿਲਖਾ ਸਿੰਘ ਨੇ 1958 ਵਿੱਚ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਦਾ ਚੈਂਪੀਅਨ ਬਣ ਕੇ ਹਾਸਲ ਕੀਤੀ ਸੀ। ਏਸ਼ਿਆਈ ਖੇਡਾਂ ਵਿੱਚ ਤਾਂ ਉਹ ਪਹਿਲਾਂ ਵੀ ਦੋ ਸੋਨ ਤਮਗੇ ਜਿੱਤ ਚੁੱਕੀ ਸੀ ਪ੍ਰੰਤੂ ਰਾਸ਼ਟਰਮੰਡਲ ਖੇਡਾਂ ਵਿੱਚ ਉਸ ਦਾ ਪਹਿਲਾ ਸੋਨ ਤਮਗਾ ਸੀ। ਉਸ ਤੋਂ ਚਾਰ ਸਾਲ ਪਹਿਲਾਂ ਮੈਲਬਰਨ ਰਾਸ਼ਟਰਮੰਡਲ ਖੇਡਾਂ-2006 ਵਿੱਚ ਮਨਜੀਤ ਨੇ ਚਾਂਦੀ ਦਾ ਤਮਗਾ ਜਿੱਤਿਆ ਸੀ ਜਿਸ ਦੀ ਕਸਰ ਉਸ ਨੇ ਨਵੀਂ ਦਿੱਲੀ ਵਿਖੇ ਪੂਰੀ ਕੀਤੀ। ਇਸ ਤੋਂ ਪਹਿਲਾਂ ਰਿਲੇਅ ਟੀਮ ਦੀ ਫਿਨਿਸ਼ ਮਨਜੀਤ ਕਰਦੀ ਹੁੰਦੀ ਸੀ ਤੇ ਸ਼ੁਰੂਆਤ ਰਾਜਵਿੰਦਰ ਕੌਰ ਗਿੱਲ। 2010 ਵਿੱਚ ਮਨਜੀਤ ਨੂੰ ਸਟਾਰਟ ਦਾ ਜ਼ਿੰਮਾ ਸੌਂਪਿਆ ਅਤੇ ਉਸ ਦੀ ਇਕ ਹੋਰ ਪੰਜਾਬਣ ਸਾਥਣ ਮਨਦੀਪ ਕੌਰ ਨੂੰ ਫਿਨਿਸ਼ ਦਾ। ਉਸ ਵੇਲੇ ਮਨਜੀਤ 4*400 ਮੀਟਰ ਰਿਲੇਅ ਦੌੜ ਦੀ ਸਭ ਤੋਂ ਸੀਨੀਅਰ ਤੇ ਤਜ਼ਰਬੇਕਾਰ ਮੈਂਬਰ ਸੀ।

ਨਵੀਂ ਦਿੱਲੀ ਵਿਖੇ 60,000 ਦਰਸ਼ਕਾਂ ਨਾਲ ਨੱਕੋਂ-ਨੱਕ ਭਰੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਮਨਜੀਤ ਨੇ 4*400 ਮੀਟਰ ਰਿਲੇਅ ਦੌੜ ਦੌੜਦਿਆਂ ਆਪਣੀ ਪੂਰੀ ਵਾਹ ਲਗਾ ਦਿੱਤੀ। ਹਾਲਾਂਕਿ ਉਹ ਇਕ ਸਾਲ ਤੋਂ ਫਿਟਨੈਸ ਦੀ ਸਮੱਸਿਆ ਨਾਲ ਜੂਝ ਰਹੀ ਸੀ ਪਰ ਆਪਣੇ ਵਿਹੜੇ ਵਿੱਚ ਪਹਿਲੀ ਵਾਰ ਕਰਵਾਈਆਂ ਜਾ ਰਹੀਆਂ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਬਣਨ ਦੀ ਕਸਕ ਨੇ ਉਸ ਸਭ ਦੁੱਖ-ਦਰਦ ਭੁਲਾ ਦਿੱਤੇ ਸਨ। ਸਟੇਡੀਅਮ ਵਿੱਚ ਉਸ ਦੀ ਹੱਲਾਸ਼ੇਰੀ ਲਈ ਉਸ ਦੇ ਦੋ ਮਸੀਹਾ ਮਨਹੋਰ ਸਿੰਘ ਗਿੱਲ ਤੇ ਰਾਜਦੀਪ ਸਿੰਘ ਗਿੱਲ ਵੀ ਮੌਜੂਦ ਸੀ। ਮਨਜੀਤ ਨੇ ਆਪਣੀਆਂ ਸਾਥਣਾਂ ਮਨਦੀਪ ਕੌਰ, ਸਿਨੀ ਜੋਸ ਤੇ ਅਸ਼ਵਨੀ ਦੇ ਨਾਲ ਮਿਲ ਕੇ ਭਾਰਤੀ ਅਥਲੈਟਿਕਸ ਨੂੰ ਸਭ ਤੋਂ ਸੁਨਹਿਰੀ ਪ੍ਰਾਪਤੀ ਦਿਵਾਈ। ਇਨ•ਾਂ ਰਾਸ਼ਟਰਮੰਡਲ ਖੇਡਾਂ ਵਿੱਚ ਕ੍ਰਿਸ਼ਨਾ ਪੂਨੀਆ ਨੇ ਡਿਸਕਸ ਥਰੋਅ ਵਿੱਚ ਸੋਨ ਤਮਗਾ ਜਿੱਤਿਆ ਸੀ। ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਨੇ ਅਥਲੈਟਿਕਸ ਵਿੱਚ 42 ਵਰਿ•ਆਂ ਬਾਅਦ ਸੋਨ ਤਮਗਾ ਜਿੱਤਿਆ ਸੀ, ਉਹ ਵੀ ਦੋ ਸੋਨ ਤਮਗੇ ਜਿੱਤੇ। ਅਥਲੈਟਿਕਸ ਵਿੱਚ ਰਾਸ਼ਟਰਮੰਡਲ ਖੇਡਾਂ ਦਾ ਤਮਗਾ ਜਿੱਤਣ ਓਲੰਪਿਕਸ ਤੋਂ ਘੱਟ ਨਹੀਂ ਹੁੰਦਾ ਕਿਉਂਕਿ ਕੈਨੇਡਾ, ਇੰਗਲੈਂਡ, ਆਸਟਰੇਲੀਆ ਸਣੇ ਅਫਰੀਕਨ ਤੇ ਕੈਰੇਬਿਆਈ ਮੁਲਕਾਂ ਦੀ ਸ਼ਮੂਲੀਅਤ ਨਾਲ ਅਥਲੈਟਿਕਸ ਮੁਕਾਬਲਿਆਂ ਦਾ ਪੱਧਰ ਓਲੰਪਿਕਸ ਜਾਂ ਵਿਸ਼ਵ ਚੈਂਪੀਅਨਸ਼ਿਪ ਜਿੰਨਾ ਹੀ ਹੁੰਦਾ ਹੈ। ਦਿੱਲੀ ਵਿਖੇ ਭਾਰਤੀ ਰਿਲੇਅ ਟੀਮ ਨੇ ਇੰਗਲੈਂਡ, ਕੈਨੇਡਾ, ਆਸਟਰੇਲੀਆ, ਸਕਾਟਲੈਂਡ, ਬੋਤਸਵਾਨਾ, ਯੂਗਾਂਡਾ ਤੇ ਨਾਈਜੀਰੀਆ ਦੀਆਂ ਅਥਲੀਟਾਂ ਨੂੰ ਮਾਤ ਦਿੱਤੀ।

ਸਾਲ 2010 ਦੇ ਅੰਤ ਵਿੱਚ ਮਨਜੀਤ ਨੇ ਚੀਨ ਦੇ ਸ਼ਹਿਰ ਗੁਆਗਜ਼ੂ ਵਿਖੇ ਆਪਣੀ ਤੀਜੀ ਤੇ ਆਖਰੀ ਏਸ਼ੀਅਨ ਗੇਮਜ਼ ਵਿੱਚ ਹਿੱਸਾ ਲਿਆ। ਮਨਜੀਤ, ਸਿਨੀ, ਅਸ਼ਵਨੀ ਤੇ ਮਨਦੀਪ ਨਾਲ ਸਜੀ ਭਾਰਤੀ ਰਿਲੇਅ ਟੀਮ ਨੇ 3.29.02 ਦਾ ਸਮਾਂ ਕੱਢ ਕੇ ਨਵੇਂ ਗੇਮਜ਼ ਰਿਕਾਰਡ ਨਾਲ ਸੋਨ ਤਮਗਾ ਜਿੱਤਿਆ ਅਤੇ ਮਨਜੀਤ ਨੇ ਏਸ਼ਿਆਈ ਖੇਡਾਂ ਦੀ ਗੋਲਡਨ ਹੈਟ੍ਰਿਕ ਪੂਰੀ ਕੀਤੀ। ਖੇਡਾਂ ਦੇ ਵੱਡੇ ਮੰਚ ‘ਤੇ ਕਿਸੇ ਅਥਲੀਟ ਲਈ ਇਸ ਤੋਂ ਸੁਪਨਮਈ ਤੇ ਸ਼ਾਨਦਾਰ ਵਿਦਾਇਗੀ ਨਹੀਂ ਹੋ ਸਕਦੀ। ਉਸ ਨੇ ਤਿੰਨ ਏਸ਼ਿਆਈ ਖੇਡਾਂ ਵਿੱਚ ਹਿੱਸਾ ਲਿਆ ਅਤੇ ਤਿੰਨੋਂ ਵਾਰ ਸੋਨੇ ਤਮਗੇ ਤੋਂ ਬਿਨਾਂ ਘਰ ਨਹੀਂ ਪਰਤੀ। ਮਨਜੀਤ ਨੇ ਅਥਲੈਟਿਕਸ ਨੂੰ ਅਲਵਿਦਾ ਆਖਣ ਤੋਂ ਪਹਿਲਾਂ ਆਖਰੀ ਵਾਰ ਸਾਲ 2011 ਵਿੱਚ ਇੰਗਲੈਂਡ ਅਤੇ 2012 ਵਿੱਚ ਅਮਰੀਕਾ ਵਿਖੇ ਇਨਵੀਟੇਸ਼ਨ ਮੀਟ ਵਿੱਚ ਹਿੱਸਾ ਲਿਆ। ਇੰਗਲੈਂਡ ਵਿੱਚ ਉਸ ਨੇ 400 ਮੀਟਰ ਵਿਅਕਤੀਗਤ ਦੌੜ ਅਤੇ ਅਮਰੀਕਾ ਵਿੱਚ 4*400 ਮੀਟਰ ਰਿਲੇਅ ਦੌੜ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਮਨਜੀਤ 10 ਸਾਲ ਜਾਨ ਹਲੂਣਵੀ ਖੇਡ ਅਥਲੈਟਿਕਸ ਵਿੱਚ ਲਗਾਤਾਰ ਭਾਰਤ ਦੀ ਪ੍ਰਤੀਨਿਧਤਾ ਕੀਤੀ। ਓਲੰਪਿਕ, ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਦੇ ਕੈਂਪਾਂ ਅਤੇ ਏਸ਼ੀਅਨ ਪੱਧਰ ਦੇ ਮੀਟ ਮੁਕਾਬਲਿਆਂ ਵਿੱਚ ਹਿੱਸਾ ਲੈਣ ਕਾਰਨ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਦਾ ਉਸ ਨੂੰ ਘੱਟ ਹੀ ਮੌਕਾ ਮਿਲਦਾ। ਵਿਸ਼ਵ ਪੁਲਿਸ ਖੇਡਾਂ ਵਿੱਚ ਕਈ ਵਾਰ ਚੁਣੇ ਜਾਣ ਦੇ ਬਾਵਜੂਦ  ਆਲ ਇੰਡੀਆ ਪੁਲਿਸ ਖੇਡਾਂ ਵਿੱਚ ਉਸ ਨੂੰ ਪੰਜ ਵਾਰ ਹਿੱਸਾ ਲਿਆ ਅਤੇ ਹਰ ਵਾਰ ਚੈਂਪੀਅਨ ਹੀ ਰਹੀ। ਤਿੰਨ ਵਾਰ ਤਾਂ ਉਹ ਖੇਡਾਂ ਦੀ ਬੈਸਟ ਅਥਲੀਟ ਰਹੀ। ਦੋ ਵਾਰ ਤਾਂ ਉਸ ਨੇ ਗੋਲਡਨ ਹੈਟ੍ਰਿਕ ਲਗਾਈ। ਕੌਮੀ ਚੈਂਪੀਅਨਸ਼ਿਪ, ਕੌਮੀ ਖੇਡਾਂ, ਫੈਡਰੇਸ਼ਨ ਕੱਪ, ਇੰਟਰ-ਸਟੇਟ ਮੀਟ, ਨੈਸ਼ਨਲ ਸਰਕਟ ਮੀਟ ਆਦਿ ਮੁਕਾਬਲਿਆਂ ਵਿੱਚ ਤਾਂ ਉਹ ਢੇਰਾਂ ਤਮਗੇ ਜਿੱਤ ਚੁੱਕੀ ਹੈ।

ਮਨਜੀਤ ਦੀਆਂ ਇਹ ਸੁਨਹਿਰੀ ਪ੍ਰਾਪਤੀਆਂ ਉਸ ਦੀ ਤਕੜੀ ਸਾਧਨਾ ਤੇ ਤਪੱਸਿਆ ਦਾ ਹੀ ਫਲ ਹੈ। ਉਹ ਮਹੀਨਿਆਂ ਬੱਧੀ ਘਰੋਂ ਦੂਰ ਕੈਂਪ ਵਿੱਚ ਰਹਿੰਦੀ। ਉਸ ਨੇ ਪਤਾ ਨਹੀਂ ਕਿੰਨੀਆਂ ਦੀਵਾਲੀਆਂ, ਦੁਸਹਿਰੇ ਤੇ ਲੋਹੜੀਆਂ ਘਰ ਤੋਂ ਬਾਹਰ ਮਨਾਈਆਂ। ਜਲੰਧਰ ਦੇ ਪੱਤਰਕਾਰੀ ਦੇ ਦਿਨਾਂ ਵਿੱਚ ਜਦੋਂ ਵੀ ਮੈਂ ਮਨਜੀਤ ਦੇ ਘਰ ਜਾਣਾ ਤਾਂ ਉਸ ਦੀ ਮਾਤਾ ਨੂੰ ਕਈ ਵਾਰ ਆਪਣੀ ਲਾਡਲੀ ਦੇ ਘਰੋਂ ਬਾਹਰ ਕਾਰਨ ਉਦਾਸ ਹੁੰਦੇ ਵੀ ਦੇਖਿਆ। ਕਈ ਵਾਰ ਉਸ ਦੀ ਮਾਂ ਦੇ ਹੰਝੂ ਵੀ ਵਹੇ। ਉਸ ਵੇਲੇ ਮਨਜੀਤ ਦੀ ਰਿਹਾਇਸ਼ ਪੀ.ਏ.ਪੀ. ਜਲੰਧਰ ਸੀ। ਮਨਜੀਤ ਦੇ ਜੇਤੂ ਬਣ ਕੇ ਘਰ ਪੁੱਜਣ ‘ਤੇ ਉਸ ਦੀ ਮਾਂ ਕੋਲੋਂ ਚਾਅ ਨਾ ਚੁੱਕਿਆ ਜਾਣਾ। ਇਧਰ ਮਨਜੀਤ ਦੀ ਇੰਟਰਵਿਊ ਲੈਣ ਲਈ ਪੱਤਰਕਾਰਾਂ ਦੀ ਭੀੜ ਲੱਗੀ ਹੋਣੀ, ਉਧਰ ਮਾਂ ਆਪਣੇ ਧੀ ਦਾ ਮੱਥਾ ਚੁੰਮਣ ਲਈ ਉਡੀਕਦੀ ਹੁੰਦੀ। ਮਨਜੀਤ ਦਾ ਹਮੇਸ਼ਾ ਮੈਂ ਆਪਣੀਆਂ ਭੈਣਾਂ ਵਾਂਗ ਸਤਿਕਾਰ ਕੀਤਾ ਹੈ ਅਤੇ ਮਨਜੀਤ ਅਤੇ ਉਸ ਦੇ ਪਰਿਵਾਰ ਨੇ ਵੀ ਮੈਨੂੰ ਆਪਣੇ ਪਰਿਵਾਰਕ ਮੈਂਬਰ ਵਾਂਗ ਸਮਝਿਆ। ਮਨਜੀਤ ਦੇ ਮਾਪੇ, ਭੈਣਾਂ,ਜੀਜੇ ਤੇ ਭਰਾ ਸਭਨਾਂ ਵਿੱਚ ਬੈਠਿਆਂ ਮੈਨੂੰ ਆਪਣਾ ਪਰਿਵਾਰ ਹੀ ਮਹਿਸੂਸ ਹੁੰਦਾ ਹੈ। ਮਨਜੀਤ ਦੀ ਮਾਂ ਦੇ ਹੱਥਾਂ ਦੀਆਂ ਬਾਜਰੇ ਦੀਆਂ ਰੋਟੀਆਂ ਦਾ ਮੈਂ ਕਈ ਵਾਰ ਸਵਾਦ ਚਖਿਆ। ਉਹ ਵੀ ਮੈਨੂੰ ਪਿਆਰ ਤੇ ਅਪਣੱਤ ਨਾਲ ਹਰ ਵਾਰ ਕਹਿੰਦੇ, ”ਪੁੱਤ ਉਪਰਾ ਨਾ ਸਮਝਿਆ ਕਰ, ਜਦੋਂ ਵੀ ਦਿਲ ਕਰੇ ਤਾਂ ਘਰੇ ਰੋਟੀ ਖਾਣ ਆ ਜਾਇਆ ਕਰ।” ਮਨਜੀਤ ਜਦੋਂ ਵੀ ਕੋਈ ਕੌਮਾਂਤਰੀ ਮੁਕਾਬਲੇ ਵਿੱਚ ਤਮਗਾ ਜਿੱਤ ਕੇ ਆਉਂਦੀ ਤਾਂ ਉਸ ਦੇ ਘਰ ਵਿਆਹ ਵਰਗਾ ਮਾਹੌਲ ਬਣ ਜਾਂਦਾ। ਮਨਜੀਤ ਦੀ ਖੁਸ਼ੀ ਦੇ ਅਣਗਿਣਤ ਪਲਾਂ ਦਾ ਮੈਨੂੰ ਗਵਾਹ ਬਣਨ ਦਾ ਮੌਕਾ ਮਿਲਿਆ। ਮਨਜੀਤ ਦੇ ਚੈਂਪੀਅਨ ਬਣਨ ਤੋਂ ਲੈ ਕੇ ਉਸ ਦੇ ਪਿਤਾ ਜੀ ਦੀ ਰਿਟਾਇਰਮੈਂਟ ਪਾਰਟੀ ਅਤੇ ਮਨਜੀਤ ਦੇ ਵਿਆਹ ਦੇ ਜਸ਼ਨਾਂ ਦਾ ਮੈਂ ਗਵਾਹ ਰਿਹਾ। ਮਨਜੀਤ ਦਾ ਵਿਆਹ ਹਾਕੀ ਓਲੰਪੀਅਨ ਗੁਰਵਿੰਦਰ ਸਿੰਘ ਚੰਦੀ ਨਾਲ ਹੋਇਆ ਕਰਕੇ ਉਸ ਦਾ ਵਿਆਹ ਸਮਾਗਮ ਘੱਟ ਕੋਈ ਸਪੋਰਟਸ ਮੀਟ ਵੱਧ ਜਾਪ ਰਿਹਾ ਸੀ।

ਮਨਜੀਤ ਨੂੰ ਮੈਂ ਉਨ•ਾਂ ਖਿਡਾਰੀਆਂ ਵਿੱਚੋਂ ਇਕ ਮੰਨਦਾ ਹੈ ਜਿਸ ਨੂੰ ਮੈਂ ਸਭ ਤੋਂ ਨੇੜਿਓ ਖੇਡਦਿਆਂ ਅਤੇ ਪ੍ਰੈਕਟਿਸ ਕਰਦਿਆਂ ਦੇਖਿਆ। ਉਹ ਮੇਰੀ ਹਮਉਮਰ ਵੀ ਸੀ। ਮੇਰੀ ਖੇਡ ਪੱਤਰਕਾਰੀ ਦਾ ਸਫਰ ਵੀ ਉਸ ਦੇ ਅਥਲੈਟਿਕਸ ਕਰੀਅਰ ਦੇ ਨਾਲ ਚੱਲਿਆ। ਉਸ ਸਮੇਂ ਮੈਨੂੰ 2004 ਵਿੱਚ ਹਿੰਦ-ਪਾਕਿ ਪੰਜਾਬ ਖੇਡਾਂ, 2006 ਵਿੱਚ ਦੋਹਾ ਏਸ਼ਿਆਈ ਖੇਡਾਂ, 2008 ਵਿੱਚ ਬੀਜਿੰਗ ਓਲੰਪਿਕ ਖੇਡਾਂ ਤੇ 2010 ਵਿੱਚ ਨਵੀਂ ਦਿੱਲੀ ਰਾਸ਼ਟਰਮੰਡਲ ਖੇਡਾਂ ਕਵਰ ਕਰਨ ਦਾ ਮੌਕਾ ਮਿਲਿਆ। ਮਨਜੀਤ ਨੇ ਇਨ•ਾਂ ਸਾਰੇ ਮੁਕਾਬਲਿਆਂ ਵਿੱਚ ਹਿੱਸਾ ਲਿਆ। ਉਸ ਨੂੰ ਸਟੇਡੀਅਮ ਵਿੱਚ ਬੈਠ ਕੇ ਕੀਰਤੀਮਾਨ ਸਥਾਪਤ ਕਰਦਿਆਂ ਮੈਂ ਅੱਖੀ ਵੇਖਿਆ। ਦੋਹਾ ਏਸ਼ਿਆਈ ਖੇਡਾਂ ਵੇਲੇ ਤਾਂ ਉਹ ਫਿਨਸ਼ਿੰਗ ਲਾਈਨ ਪੂਰੀ ਕਰਕੇ ਮੇਰੇ ਕੋਲ ਆਈ ਅਤੇ ਜੇਤੂ ਗੇੜਾ ਲਾਉਣ ਲਈ ਮੇਰੇ ਹੱਥ ਫੜਿਆ ਤਿਰੰਗਾ ਝੰਡਾ ਮੰਗਿਆ। ਇਹ ਤਿਰੰਗਾ ਝੰਡਾ ਮੈਨੂੰ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਕਬੱਡੀ ਟੀਮ ਦੇ ਮੈਂਬਰ ਮਨਪ੍ਰੀਤ ਮਾਨਾ ਨੇ ਦਿੱਤਾ ਪੱਟਾਂ ਉਤੇ ਛਾਲਿਆਂ ਦੇ ਫੁੱਟਣ ਕਾਰਨ ਲਹੂ ਲੁਹਾਣ ਹੋਈ ਮਨਜੀਤ ਨੇ ਜਦੋਂ ਤਿਰੰਗਾ ਲੈ ਕੇ ਸਾਥਣ ਅਥਲੀਟਾਂ ਨਾਲ ਜੇਤੂ ਗੇੜਾ ਲਾਇਆ ਤਾਂ ਝੰਡਾ ਵੀ ਉਸ ਦੇ ਵਹਾਏ ਖੂਨ ਨਾਲ ਲੱਥ-ਪੱਥ ਹੋ ਗਿਆ ਜੋ ਅੱਜ ਵੀ ਮੇਰੇ ਕੋਲ ਸਾਂਭ ਕੇ ਰੱਖਿਆ ਹੋਇਆ ਹੈ। ਮੇਰੀ ਬੇਟੀ ਮਨਸਾਂਝ ਨੂੰ ਮੈਂ ਇਸ ਦੀ ਕਹਾਣੀ ਦੱਸੀ ਹੋਈ ਹੈ, ਇਸ ਕਰਕੇ ਜਦੋਂ ਵੀ ਉਹ ਝੰਡਾ ਵੇਖਦੀ ਹੈ ਜਾਂ ਮਨਜੀਤ ਦੀ ਫੋਟੋ ਦੇਖਦੀ ਹੈ ਤਾਂ ਮੈਨੂੰ ਉਸ ਘਟਨਾ ਬਾਰੇ ਪੁੱਛਣ ਲੱਗ ਜਾਂਦੀ ਹੈ।

ਮਨਜੀਤ ਨੂੰ ਭਾਰਤ ਸਰਕਾਰ ਨੇ ਅਰਜੁਨਾ ਐਵਾਰਡ ਅਤੇ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ। ਇਸ ਤੋਂ ਇਲਾਵਾ ਉਸ ਨੂੰ ਅਨੇਕਾਂ ਮਾਣ-ਸਨਮਾਨ ਅਤੇ ਪੁਰਸਕਾਰ ਮਿਲੇ ਹਨ। ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਨਮਾਨਤ ਕੀਤੀਆਂ 550 ਪ੍ਰਸਿੱਧ ਸਿੱਖ ਹਸਤੀਆਂ ਵਿੱਚ ਮਨਜੀਤ ਨੂੰ ਵੀ ਸਨਮਾਨਤ ਕੀਤਾ ਗਿਆ। ਮਨਜੀਤ ਮਿਲੇ ਹੋਰ ਸਨਮਾਨਾਂ ਵਿੱਚ ਪੰਜਾਬ ਰੂਰਲ ਸਪੋਰਟਸ ਕੌਂਸਲ ਨੇ ‘ਪੰਜਾਬ ਖੇਡ ਰਤਨ’, ਕਲਪਨਾ ਚਾਵਲਾ ਯਾਦਗਾਰੀ ਸੰਸਥਾ ਪੈਕ ਚੰਡੀਗੜ੍ਹ• ਨੇ ‘ਕਲਪਨਾ ਚਾਵਲਾ ਐਵਾਰਡ’, ਕੋਟਲਾ ਸ਼ਾਹੀਆ ਵਿਖੇ ਕਮਲਜੀਤ ਖੇਡਾਂ ਦੌਰਾਨ ‘ਮਾਝੇ ਦਾ ਮਾਣ’, ਜਰਖੜ ਤੇ ਪੁਰੇਵਾਲ ਦੀਆਂ ਖੇਡਾਂ ਉਤੇ ਵਿਸ਼ੇਸ਼ ਸਨਮਾਨ ਹੈ। ਰਾਜਦੀਪ ਸਿੰਘ ਗਿੱਲ ਨੇ ਹਰ ਵਾਰ ਉਸ ਦੀ ਪ੍ਰਾਪਤੀ ਤੋਂ ਬਾਅਦ ਸਨਮਾਨਤ ਕੀਤਾ। ਏਸ਼ੀਅਨ ਚੈਂਪੀਅਨਸ਼ਿਪ ਵਿੱਚ ਦੋਹਰਾ ਸੋਨ ਤਮਗਾ ਜਿੱਤ ਕੇ ਆਈ ਤਾਂ ਉਸ ਵੇਲੇ ਦੇ ਰਾਜ ਸਭਾ ਮੈਂਬਰ ਡਾ.ਮਨੋਹਰ ਸਿੰਘ ਗਿੱਲ (ਸਾਬਕਾ ਕੇਂਦਰੀ ਖੇਡ ਮੰਤਰੀ) ਨੇ ਦੋ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ। ਪੰਜਾਬ ਪੁਲਿਸ ਵਿੱਚ ਉਹ ਸਿੱਧਾ ਡੀ.ਐਸ.ਪੀ. ਭਰਤੀ ਹੋਣ ਤੋਂ ਪਹਿਲਾਂ ਕਈ ਰੈਂਕਾਂ ਉਤੇ ਸੇਵਾ ਨਿਭਾ ਚੁੱਕੀ ਹੈ। ਉਸ ਨੇ ਛੋਟੀ ਹੁੰਦਿਆਂ ਹੀ ਪੰਜਾਬ ਪੁਲਿਸ ਜੁਆਇਨ ਕਰ ਲਈ ਸੀ। ਉਸ ਨੇ ਹਰ ਪ੍ਰਮੋਸ਼ਨ ਆਪਣੀ ਸਖਤ ਮਿਹਨਤ ਅਤੇ ਪ੍ਰਾਪਤੀ ਸਦਕਾ ਹਾਸਲ ਕੀਤੀ। ਏਸ਼ੀਅਨ ਚੈਂਪੀਅਨਸ਼ਿਪ ਜਿੱਤਣ ‘ਤੇ ਉਸ ਨੂੰ ਇੰਸਪੈਕਟਰ ਦੇ ਸਟਾਰ ਲੱਗੇ ਅਤੇ ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਦੀ ਦੋਹਰੀ ਪ੍ਰਾਪਤੀ ਤੋਂ ਬਾਅਦ ਡੀ.ਐਸ.ਪੀ. ਸਿੱਧਾ ਭਰਤੀ ਕੀਤਾ। ਅੱਜ-ਕੱਲ• ਉਹ ਹੁਸ਼ਿਆਰਪੁਰ ਵਿਖੇ ਐਸ.ਪੀ. ਵਜੋਂ ਤਾਇਨਾਤ ਹੈ। ਜਲੰਧਰ ਵਿਖੇ ਡੀ.ਐਸ.ਪੀ. ਟ੍ਰੈਫਿਕ ਰਹਿੰਦਿਆਂ ਉਸ ਨੇ ਆਪਣੇ ਸਖਤ ਅਨੁਸ਼ਾਸਨ ਅਤੇ ਨਿਗਰਾਨੀ ਸਦਕਾ ਜੋਤੀ ਚੌਕ ਵਰਗੇ ਸਭ ਤੋਂ ਭੀੜ ਵਾਲੇ ਇਲਾਕੇ ਵਿੱਚ ਟੈਫ੍ਰਿਕ ਨੂੰ ਸੁਚਾਰੂ ਤਰੀਕੇ ਨਾਲ ਚਲਾ ਦਿੱਤਾ ਸੀ। ਉਸ ਨੇ ਸੀ.ਐਮ. ਸਕਿਓਰਟੀ ਵਿੱਚ ਵੀ ਸੇਵਾਵਾਂ ਨਿਭਾਈਆਂ। ਉਸ ਦਾ ਪਤੀ ਗੁਰਵਿੰਦਰ ਸਿੰਘ ਚੰਦੀ ਡੀ.ਐਸ.ਪੀ. ਲੱਗਿਆ ਹੈ ਜਿਸ ਦੀ ਤਾਇਨਾਤੀ ਪੀ.ਏ.ਪੀ. ਜਲੰਧਰ ਵਿਖੇ ਹੈ। ਉਸ ਦੀ ਚਾਰ ਵਰ੍ਹਿ•ਆਂ ਦੀ ਬੇਟੀ ਮਨਸੀਰਤ ਐਲ.ਕੇ.ਜੀ. ਵਿੱਚ ਪੜ੍ਹ•ਦੀ ਹੈ। ਮਨਜੀਤ ਦੇ ਡਿਊਟੀ ਦੇ ਰੁਝੇਵਿਆਂ ਅਤੇ ਮੇਰੀ ਵੀ ਡਿਊਟੀ ਕਾਰਨ ਹੁਣ ਉਸ ਨੂੰ ਕਦੇ ਕਦਾਈਂ ਮੇਲ ਹੁੰਦਾ।

ਮਨਜੀਤ ਜਿੰਨੀ ਸਾਦਗੀ ਅਤੇ ਸਰਲਤਾ ਵੱਡੇ ਖਿਡਾਰੀਆਂ ਵਿੱਚ ਘੱਟ ਹੀ ਮਿਲਦੀ ਹੈ। ਉਹ ਕਦੇ ਵੀ ਆਪਣੀ ਵਢਿਆਈ ਜਾਂ ਪ੍ਰਾਪਤੀ ਆਪਣੇ ਮੂੰਹੋਂ ਨਹੀਂ ਦੱਸਦੀ। ਉਹ ਹਮੇਸ਼ਾ ਲੁਕੀ ਹੋਈ ਰਹਿੰਦੀ ਹੈ। ਇਹੋ ਕਾਰਨ ਹੈ ਕਿ ਭਾਰਤੀ ਅਥਲੈਟਿਕਸ ਵਿੱਚ ਸਭ ਤੋਂ ਵੱਧ ਪ੍ਰਾਪਤੀਆਂ ਖੱਟਣ ਵਾਲੀ ਅਥਲੀਟ ਹਾਲੇ ਤੱਕ ਰਾਜੀਵ ਗਾਂਧੀ ਖੇਲ ਰਤਨ ਅਤੇ ਪਦਮ ਸ੍ਰੀ ਜਿਹੇ ਪੁਰਸਕਾਰਾਂ ਤੋਂ ਵਾਂਝੀ ਰਹਿ ਗਈ। ਉਸ ਨੇ ਕਦੇ ਆਪਣੀਆਂ ਪ੍ਰਾਪਤੀਆਂ ਦਾ ਪ੍ਰਚਾਰ ਜਾਂ ਕੋਈ ਗਿਲਾ ਸ਼ਿਕਵਾ ਜ਼ਾਹਰ ਨਹੀਂ ਕੀਤਾ। ਇਕੇਰਾਂ ਸਾਨੂੰ ਪੰਜਾਬ ਸਰਕਾਰ ਵੱਲੋਂ ਲਗਾਏ ਇਕ ਟ੍ਰੇਨਿੰਗ ਪ੍ਰੋਗਰਾਮ ਵਿੱਚ ਇਕੱਠਿਆ ਹਿੱਸਾ ਲੈਣ ਦਾ ਮੌਕਾ ਮਿਲਿਆ। ਮੈਗਸੀਪਾ ਚੰਡੀਗੜ੍ਹ• ਵਿਖੇ ਲੱਗੇ ਇਸ ਪ੍ਰੋਗਰਾਮ ਵਿੱਚ ਉਸ ਦੀ ਡਿਊਟੀ ਪੰਜਾਬ ਪੁਲਿਸ ਅਤੇ ਮੇਰੀ ਲੋਕ ਸੰਪਰਕ ਵਿਭਾਗ ਵੱਲੋਂ ਲੱਗੀ ਸੀ। ਮਨਜੀਤ ਨੇ ਜਾਣ-ਪਛਾਣ ਸੈਸ਼ਨ ਦੌਰਾਨ ਸਿਰਫ ਆਪਣਾ ਅਹੁਦਾ ਦੱਸਿਆ, ਕੋਈ ਖੇਡ ਪ੍ਰਾਪਤੀ ਨਾ ਦੱਸੀ। ਟ੍ਰੇਨਿੰਗ ਦੇ ਆਖਰੀ ਦਿਨ ਜਦੋਂ ਮੈਂ ਉਸ ਦੀਆਂ ਪ੍ਰਾਪਤੀਆਂ ਦੀ ਸੂਚੀ ਸੁਣਾਈ ਤਾਂ ਟ੍ਰੇਨਿੰਗ ਫੈਲੋ ਦੇ ਨਾਲ ਮੈਗਸੀਪਾ ਦੇ ਪ੍ਰਬੰਧਕ ਵੀ ਹੈਰਾਨ ਰਹਿ ਗਏ। ਉਹ ਮਨਜੀਤ ਦੀ ਸਾਦਗੀ ਤੋਂ ਬਹੁਤ ਹੈਰਾਨ ਹੋਏ। ਉਨ•ਾਂ ਨੂੰ ਇਹ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਇੰਨੀ ਵੱਡੀ ਖਿਡਾਰਨ ਆਮ ਸਰਕਾਰੀ ਅਧਿਕਾਰੀ ਵਾਂਗ ਪੰਜ ਦਿਨ ਟ੍ਰੇਨਿੰਗ ਵਿੱਚ ਹਿੱਸਾ ਲੈਂਦੀ ਰਹੀ, ਉਪਰੋਂ ਆਪਣੀ ਕੋਈ ਵੀ ਪ੍ਰਾਪਤੀ ਨਹੀਂ ਦੱਸੀ। ਸਾਡੇ ਤਾਂ ਇੱਥੇ ਕੋਈ ਸਟੇਟ ਚੈਂਪੀਅਨ ਬਣ ਜਾਵੇ, ਉਹ ਸਾਰੀ ਉਮਰ ਆਪਣਾ ਗੁਣਗਾਣ ਕਰਦਾ ਨਹੀਂ ਥੱਕਦਾ।

ਮਨਜੀਤ ਨੂੰ ਸ਼ੁਰੂਆਤੀ ਦਿਨਾਂ ਵਿੱਚ ਮੈਂ ਐਨ.ਆਈ.ਐਸ. ਪਟਿਆਲਾ ਵਿਖੇ ਪ੍ਰੈਕਟਿਸ ਕਰਦਿਆਂ ਦੇਖਿਆਾ ਸੀ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੱਤਰਕਾਰੀ ਦੀ ਐਮ.ਏ. ਕਰਦਾ ਸੀ। ਉਸ ਸਮੇਂ ਮਨਜੀਤ ਬੁਸਾਨ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤ ਕੇ ਆਈ ਸੀ। ਉਥੇ ਮਨਜੀਤ ਨੂੰ ਸਖਤ ਮਿਹਨਤ ਤੋਂ ਬਾਅਦ ਹੋਸਟਲ ਜਾਂਦਿਆਂ ਆਪਣੀ ਸਾਥਣ ਅਥਲੀਟਾਂ ਨਾਲ ਸ਼ਰਾਰਤਾਂ ਕਰਦੇ ਵੀ ਦੇਖਦਾ। ਉਹ ਕਿਤੇ ਆਪਣੇ ਕੋਚਾਂ ਦੇ ਬੂਟ ਲੁਕਾ ਦਿੰਦੀਆਂ ਤੇ ਕਿਤੇ ਕੋਈ ਚੀਜ਼। ਭਾਰਤੀ ਰਿਲੇਅ ਟੀਮ ਵਿੱਚ ਪੰਜਾਬਣਾਂ ਦਾ ਹੀ ਬੋਲਬਾਲਾ ਸੀ। ਰਿਲੇਅ ਦੌੜ ਲਈ ਅਥਲੀਟਾਂ ਵਿਚਾਲੇ ਟੀਮ ਖੇਡ ਵਾਂਗ ਤਾਲਮੇਲ ਦੀ ਲੋੜ ਹੁੰਦੀ ਹੈ। ਬੈਟਨ ਬਦਲਣ ਲੱਗੇ ਤਾਲਮੇਲ ਹੀ ਜਿੱਤ-ਹਾਰ ਦਾ ਫਰਕ ਪਾਉਂਦਾ ਹੈ। ਓਲੰਪਿਕ ਖੇਡਾਂ ਵਿੱਚ ਅਮਰੀਕਾ ਦੀ ਰਿਲੇਅ ਟੀਮ ਨੂੰ ਬੈਟਨ ਡਿੱਗਣ ਕਾਰਨ ਲੁੜਕਦੇ ਦੇਖਿਆ ਹੈ ਪਰ ਭਾਰਤੀ ਮਹਿਲਾ ਰਿਲੇਅ ਟੀਮ ਵਿਚਾਲੇ ਇੰਨਾ ਜਬਰਦਸਤ ਤਾਲਮੇਲ ਹੁੰਦਾ ਸੀ ਕਿਤੇ ਵੀ ਇਨ੍ਹਾਂ ਕੋਲੋਂ ਫਾਊਲ ਨਹੀਂ ਹੋਇਆ। ਭਾਰਤੀ ਰਿਲੇਅ ਟੀਮ ਵਿੱਚ ਮਨਜੀਤ ਦੇ ਨਾਲ ਦੋ ਹੋਰ ਪੰਜਾਬਣ ਅਥਲੀਟਾਂ ਸਾਗਰਦੀਪ ਕੌਰ ਤੇ ਰਾਜਵਿੰਦਰ ਕੌਰ ਗਿੱਲ ਵੀ ਭਾਰਤੀ ਟੀਮ ਵਿੱਚ ਸ਼ਾਮਲ ਸਨ। ਫੇਰ ਚੌਥੀ ਅਥਲੀਟ ਮਨਦੀਪ ਕੌਰ ਇਸ ਈਵੈਂਟ ਵਿੱਚ ਮਨਜੀਤ ਦੀ ਵਾਰਸ ਬਣ ਕੇ ਆਈ। ਸਾਗਰਦੀਪ ਨੇ ਸੈਫ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ, ਰਾਜਵਿੰਦਰ ਕੌਰ ਨੇ ਇੰਚੇਓਨ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨੇ ਅਤੇ ਮੈਲਬਰਨ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਮਨਦੀਪ ਕੌਰ ਨੇ ਦੋਹਾ, ਗੁਆਂਗਜ਼ੂ ਤੇ ਇੰਚੇਓਨ ਵਿਖੇ ਤਿੰਨ ਵਾਰ ਏਸ਼ਿਆਈ ਖੇਡਾਂ ਅਤੇ ਦਿੱਲੀ ਵਿਖੇ ਇਕ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ। ਐਨ.ਆਈ.ਐਸ. ਕੈਂਪ ਦੇ ਦਿਨਾਂ ਵੇਲੇ 400 ਮੀਟਰ ਦੌੜ ਵਿੱਚ ਮਨਜੀਤ ਤੇ ਰਾਜਵਿੰਦਰ ਹੀ ਹਮੇਸ਼ਾ ਇੱਕ ਦੂਜੇ ਦੀਆਂ ਵਿਰੋਧੀਆਂ ਹੁੰਦੀਆਂ ਸਨ ਪਰ ਦੋਵਾਂ ਵਿੱਚ ਦੋਸਤੀ ਵੀ ਬਹੁਤ ਗੂੜ੍ਹੀ ਸੀ। ਮਨਜੀਤ ਹਮੇਸ਼ਾ ਰਾਜਵਿੰਦਰ ਨੂੰ ‘ਰਾਜ ਦੀਦੀ’ ਕਹਿ ਕੇ ਸੰਬੋਧਨ ਕਰਦੀ ਸੀ। ਆਪਸੀ ਦੋਸਤੀ ਸਬੰਧੀ ਗੱਲ ਦੱਸਦੀ ਹੋਈ ਉਹ ਕਹਿੰਦੀ ਹੈ ਕਿ, ”ਮੈਂ ਤੇ ਰਾਜ ਦੀਦੀ ਇੱਕੋ ਦੌੜ ਵਿੱਚ ਹਿੱਸਾ ਲੈਂਦੀਆਂ ਹਾਂ। ਜਦੋਂ ਅਸੀਂ ਦੋਵੇਂ ਫਿਨਸ਼ਿੰਗ ਲਾਈਨ ਦੇ ਨਜ਼ਦੀਕ ਹੋਣ ਵਾਲੀਆਂ ਹੁੰਦੀਆਂ ਹਾਂ ਤਾਂ ਮੈਨੂੰ ਇਹ ਹੀ ਹੁੰਦਾ ਹੈ ਕਿ ਚਾਹੇ ਮੈਂ ਜਿੱਤਾਂ ਤੇ ਚਾਹੇ ਰਾਜ ਦੀਦੀ, ਗੱਲ ਇਕੋ ਹੀ ਹੈ ਪਰੰਤੂ ਅਸੀਂ ਦੋਵੇਂ ਜ਼ੋਰ ਪੂਰਾ ਲਾਉਂਦੀਆਂ ਹਾਂ।” ਰਿਲੇਅ ਟੀਮ ਵਿੱਚ ਸਾਗਰਦੀਪ ਬਹੁਤ ਸ਼ਰਾਰਤੀ ਹੁੰਦੀ ਸੀ। ਪਿੱਛੇ ਜਿਹੇ ਸਾਗਰਦੀਪ ਦਾ ਜਦੋਂ ਸੜਕੀ ਹਾਦਸੇ ਵਿੱਚ ਦੇਹਾਂਤ ਹੋਇਆ ਤਾਂ ਮਨਜੀਤ ਨੇ ਉਸ ਨੂੰ ਯਾਦ ਕਰਦਿਆਂ ਯਾਦਾਂ ਦੀ ਲੜੀ ਤੋਰ ਲਈ। ਕੈਂਪ ਦੇ ਦਿਨਾਂ ਵਿੱਚ ਸਾਗਰਦੀਪ ਜਦੋਂ ਮਨਜੀਤ ਹੁਰਾਂ ਨਾਲ ਐਕਟਿਵਾ ਉਤੇ ਬਾਜ਼ਾਰ ਜਾਂਦੀਆਂ ਤਾਂ ਮੈਂ ਅਕਸਰ ਉਨ੍ਹਾਂ ਨੂੰ ਕਹਿਣਾ ਕਿ ਕੋਈ ਸਕਿਓਰਟੀ ਗਾਰਡ ਲੈ ਜਾਇਓ ਕਿਤੇ ਬਾਹਰ ਪ੍ਰਸੰਸਕਾਂ ਦੀ ਭੀੜ ਮਿਲ ਜਾਵੇ। ਸਾਗਰਦੀਪ ਦਾ ਜਵਾਬ ਹੁੰਦਾ ਕਿ ਸਾਨੂੰ ਇਥੇ ਤਾਂ ਐਨ.ਆਈ.ਐਸ. ਵਿੱਚ ਕੋਈ ਪਛਾਣਦਾ ਨੀਂ, ਬਾਹਰ ਕਿਸ ਨੇ ਪਛਾਣਨਾ। ਇੰਝ ਉਹ ਗੱਲੀ-ਗੱਲੀਂ ਅਥਲੈਟਿਕਸ ਖੇਡ ਨੂੰ ਅੱਖੋਂ-ਪਰੋਖੇ ਕਰਨ ਉਤੇ ਰੰਜ ਵੀ ਕਰਨਾ। ਸਾਗਰਦੀਪ ਤੇ ਮਨਜੀਤ ਵਿਹਲੇ ਸਮੇਂ ਹੋਸਟਲ ਵਿੱਚ ਤਾਸ਼ ਖੇਡ ਕੇ ਮਨੋਰੰਜਨ ਕਰਦੀਆਂ। ਸੁਨਾਮ ਦੀ ਸਾਗਰਦੀਪ ਹੱਸਦੀ ਹੋਈ ਮਨਜੀਤ ਹੁਰਾਂ ਨੂੰ ਕਹਿੰਦੀ ਜਦੋਂ ਉਹ ਡੀ.ਐਸ.ਪੀ. ਬਣੀ ਤਾਂ ਉਹ ਉਸ ਦੇ ਨਾਂ ਲੈ ਕੇ ਰੋਅਬ ਮਾਰਿਆ ਕਰੋ। ਅੱਜ ਮਨਜੀਤ ਐਸ.ਪੀ. ਵੀ ਗਈ ਪਰ ਉਸ ਦੀ ਤਰੱਕੀ ਦੇ ਸੁਫਨੇ ਲੈਣ ਵਾਲੀ ਸਾਥੀ ਅਥਲੀਟ ਉਨ੍ਹਾਂ ਕੋਲੋਂ ਵਿਛੜ ਗਈ। ਮਨਜੀਤ ਸਾਗਰਦੀਪ ਦੇ ਤੁਰ ਜਾਣ ਨੂੰ ਬਹੁਤ ਵੱਡਾ ਦੁਖਦਾਈ ਪਲ ਮੰਨਦੀ ਹੈ।

ਪੀ.ਟੀ.ਊਸ਼ਾ ਦੀ ਮੁਰੀਦ ਰਹੀ ਮਨਜੀਤ ਅਮਰੀਕੀ ਦੌੜਾਕ ਮਾਰੀਅਨ ਜੋਨਜ਼ ਨੂੰ ਵੀ ਆਪਣਾ ਆਦਰਸ਼ ਮੰਨਦੀ ਸੀ। ਗਾਈਡੈਂਸ ਵਜੋਂ ਉਸ ਨੇ ਕੇ.ਐਮ. ਬੀਨਾਮੋਲ ਤੋਂ ਵੀ ਗੁਰ ਸਿੱਖੇ। ਮਨਜੀਤ ਨੂੰ ਉਸ ਵੇਲੇ ਬੜਾ ਦੁੱਖ ਹੋਇਆ ਜਦੋਂ ਉਸ ਦੇ ਕੌਮੀ ਰਿਕਾਰਡ ਤੋੜਨ ਤੋਂ ਬਾਅਦ ਪੀ.ਟੀ.ਊਸ਼ਾ ਨੇ ਬਿਆਨ ਦਿੱਤਾ ਸੀ ਕਿ ਉਹ ਹਾਲੇ ਵੀ ਮਨਜੀਤ ਨਾਲੋਂ ਬਿਹਤਰ ਹੈ। ਮਨਜੀਤ ਦਾ ਉਦੋਂ ਦਿਲ ਹੀ ਟੁੱਟ ਗਿਆ ਅਤੇ ਕਮਰੇ ਵਿੱਚ ਲੱਗੇ ਉਸ ਮਹਾਨ ਅਥਲੀਟ ਦੇ ਪੋਸਟਰ ਉਤਾਰ ਦਿੱਤੇ। ਮਨਜੀਤ ਕਹਿੰਦੀ ਮਹਾਨ ਅਥਲੀਟ ਹੋਣਾ ਇਕ ਗੱਲ ਹੈ ਪਰ ਚੰਗਾ ਇਨਸਾਨ ਹੋਣਾ ਦੂਜਾ ਪੱਖ ਹੈ। ਇਸ ਵਰਤਾਰੇ ਨੂੰ ਖੇਡ ਪ੍ਰੇਮੀਆਂ ਨੇ ਉਵੇਂ ਹੀ ਲਿਆ ਜਿਵੇਂ ਪਰਮਜੀਤ ਸਿੰਘ ਵੱਲੋਂ ਮਿਲਖਾ ਸਿੰਘ ਦਾ ਰਿਕਾਰਡ ਤੋੜਨ ਵੇਲੇ ਤੰਗ ਦਿਲੀ ਦਿਖਾਈ ਸੀ। ਇਸ ਮਾਮਲੇ ਵਿੱਚ ਗੁਰਬਚਨ ਸਿੰਘ ਰੰਧਾਵਾ ਵੱਡੇ ਦਿਲ ਦਾ ਅਥਲੀਟ ਸੀ ਜਿਸ ਨੇ 110 ਮੀਟਰ ਹਰਡਲਜ਼ ਵਿੱਚ ਆਪਣਾ ਰਿਕਾਰਡ ਤੋੜਨ ਵਾਲੇ ਗੁਰਪ੍ਰੀਤ ਸਿੰਘ ‘ਦੋਧੀ’ ਨੂੰ ਗਲਵਕੜੀ ਵਿੱਚ ਲੈ ਲਿਆ ਸੀ। ਮਨਜੀਤ ਨੇ ਵੀ ਉਸ ਵੇਲੇ ਵੱਡਾ ਦਿਲ ਦਿਖਾਇਆ ਜਦੋਂ ਉਸ ਦਾ ਰਿਕਾਰਡ ਹਿਮਾ ਦਾਸ ਨੇ ਤੋੜਿਆ ਤਾਂ ਮਨਜੀਤ ਨੇ ਇਸ ਦਾ ਸਵਾਗਤ ਕੀਤਾ। ਮਨਜੀਤ ਨੂੰ ਦੇਖੋ-ਦੇਖ ਉਸ ਦੇ ਛੋਟੇ ਭਰਾ ਦਵਿੰਦਰ ਨੇ ਵੀ ਅਥਲੈਟਿਕਸ ਸ਼ੁਰੂ ਕੀਤੀ। ਛੋਟਾ ਹੁੰਦਾ ਦਵਿੰਦਰ ਆਪਣੀ ਭੈਣ ਦੀਆਂ ਪ੍ਰਾਪਤੀਆਂ ਦੀ ਫਾਈਲ ਬਣਾ ਕੇ ਰੱਖ ਲੈਂਦਾ ਸੀ। ਉਸ ਕੋਲ ਮਨਜੀਤ ਦੀ ਹਰ ਤਸਵੀਰ ਤੇ ਅਖਬਾਰ ਵਿੱਚ ਛਪੀ ਖਬਰ ਸਾਂਭ ਕੇ ਰੱਖੀ ਹੋਈ ਹੈ। ਮਨਜੀਤ ਬਾਰੇ ਲਿਖਣ ਲਈ ਜਦੋਂ ਮੈਂ ਉਸ ਕੋਲੋਂ ਕੁਝ ਤਸਵੀਰਾਂ ਤੇ ਰਿਕਾਰਡ ਮੰਗਿਆ ਤਾਂ ਅੱਗਿਓ ਮੈਨੂੰ ਮਨਜੀਤ ਤੋਂ ਪਹਿਲਾਂ ਦਵਿੰਦਰ ਨੇ ਭੇਜ ਦਿੱਤਾ।

ਮਨਜੀਤ ਨੇ ਆਪਣੇ ਖੇਡ ਕਰੀਅਰ ਵਿੱਚ 79 ਤਮਗੇ ਜਿੱਤੇ ਹਨ ਜਿਨ•ਾਂ ਵਿੱਚੋਂ ਕੌਮਾਂਤਰੀ ਪੱਧਰ ‘ਤੇ 36 ਅਤੇ ਕੌਮੀ ਪੱਧਰ ‘ਤੇ ਜਿੱਤੇ 43 ਤਮਗੇ ਸ਼ਾਮਲ ਹਨ। ਇਨ•ਾਂ ਵਿੱਚੋਂ 49 ਤਾਂ ਉਸ ਦੇ ਗੋਲਡ ਮੈਡਲ ਹੀ ਹਨ। ਕੌਮਾਂਤਰੀ ਪੱਧਰ ‘ਤੇ ਉਸ ਨੇ 22 ਸੋਨੇ, 7 ਚਾਂਦੀ ਤੇ 7 ਕਾਂਸੀ ਦੇ ਤਮਗੇ ਜਿੱਤੇ। ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਉਸ ਨੇ 29 ਸੋਨੇ, 8 ਚਾਂਦੀ ਤੇ 6 ਕਾਂਸੀ ਦੇ ਤਮਗੇ ਜਿੱਤੇ ਹਨ। ਮਨਜੀਤ ਨੇ ਪੂਰ ਖੇਡ ਕਰੀਅਰ ਸਿਖਰਲਾ ਸਥਾਨ ਹੀ ਮੱਲੀ ਰੱਖਿਆ। ਉਸ ਨੇ ਏਸ਼ੀਆ ਦੀ ਚੈਂਪੀਅਨ ਬਣਨ ਤੋਂ ਆਪਣਾ ਖੇਡ ਕਰੀਅਰ ਸ਼ੁਰੂ ਕੀਤਾ ਸੀ ਅਤੇ ਏਸ਼ਿਆਈ ਖੇਡਾਂ ਦੇ ਗੋਲਡ ਮੈਡਲ ਤੋਂ ਹੀ ਬਾਅਦ ਹੀ ਖੇਡ ਨੂੰ ਅਲਵਿਦਾ ਆਖਿਆ। ਸਿਖਰ ‘ਤੇ ਬਣੇ ਰਹਿਣ ਦਾ ਹੁਨਰ ਉਸ ਵਿੱਚ ਬਾਕਮਾਲ ਸੀ। ਮਨਜੀਤ ਭਾਰਤੀ ਅਥਲੈਟਿਕਸ ਦੀ ਮਾਣਮੱਤੀ ਅਥਲੀਟ ਹੈ ਜਿਸ ਉਤੇ ਨਾ ਸਿਰਫ ਹਰ ਪੰਜਾਬੀ ਬਲਿਕ ਪੂਰੇ ਦੇਸ਼ ਨੂੰ ਮਾਣ ਹੈ। ਉਹ ਸੱਚਮੁੱਚ ਗੋਲਡਨ ਗਰਲ ਹੈ ਜਿਸ ਦੀਆਂ ਸੁਨਹਿਰੀ ਪ੍ਰਾਪਤੀਆਂ ਆਉਣ ਵਾਲੇ ਅਥਲੀਟਾਂ ਲਈ ਚੁਣੌਤੀ ਵੀ ਹੋਣਗੀਆਂ ਅਤੇ ਪ੍ਰੇਰਨਾ ਸ੍ਰੋਤ ਵੀ।

navdeepsinghgill82@gmail.com

Cell no. 97800-36216

Leave a Reply

Your email address will not be published. Required fields are marked *