ਦਹਿਸ਼ਤ ਦਾ ਵਪਾਰ / ਕਮਲ ਦੁਸਾਂਝ
‘ਕਰੋਨਾ ਵਾਇਰਸ’ ਦੀ ਦਹਿਸ਼ਤ ਨੇ ਸਾਰੀ ਦੁਨੀਆ ‘ਬੰਧਕ’ ਬਣਾਈ ਹੋਈ ਹੈ।
ਕੋਈ ‘ਫਲੂ’,’ਵਾਇਰਸ’ ਜਾਂ ਬਿਮਾਰੀ ਦੀ ਇਹ ਦਹਿਸ਼ਤ ਅਚਾਨਕ ਕਿਥੋਂ ਆ ਧਮਕਦੀ ਹੈ?
ਦਰਅਸਲ, ਖ਼ਤਰਾ ਸਿਰਫ਼ ‘ਕਰੋਨਾ ਵਾਇਰਸ’ ਤੋਂ ਹੀ ਨਹੀਂ ਹੋਰ ਬਹੁਤ ਸਾਰੀਆਂ ਅਜਿਹੀਆਂ ਬਿਮਾਰੀਆਂ ਤੋਂ ਵੀ ਹੈ, ਜਿਨ੍ਹਾਂ ਬਾਰੇ ਹਾਲੇ ਦੁਨੀਆ ਨੂੰ ਨਹੀਂ ਪਤਾ। ਇਹ ਅਜਿਹੀਆਂ ਬਿਮਾਰੀਆਂ ਹਨ, ਜੋ ਵਪਾਰਕ ਦੁਨੀਆ ਵਿਚ ਦਵਾਈਆਂ ਦੀਆਂ ਬਹੁਕੌਮੀ ਕੰਪਨੀਆਂ ਨੇ ਆਪੋ-ਆਪਣੀਆਂ ਪਟਾਰੀਆਂ ਵਿਚ ਨਾਗ ਵਾਂਗ ਪਾਲ ਕੇ ਰੱਖੀਆਂ ਹੋਈਆਂ ਹਨ। ਦਵਾ ਕੰਪਨੀਆਂ ਇਹ ਨਾਗ ਕਦੋਂ ਛੱਡਦੀਆਂ ਹਨ, ਇਹ ਉਨ੍ਹਾਂ ‘ਤੇ ਮੁਨੱਸਰ ਹੀ ਨਹੀਂ ਸਗੋਂ ਉਹ ਇਹਦੇ ਲਈ ਸਮਾਂ ਵੀ ਤੈਅ ਕਰ ਚੁੱਕੀਆਂ ਹੁੰਦੀਆਂ ਹਨ। ਸਾਲ 2023 ਵਿਚ ਕਿਸ ਨਵੀਂ ਬਿਮਾਰੀ ਨਾਲ ਦੁਨੀਆ ਭਰ ਦੇ ਲੋਕਾਂ ਨੂੰ ਭੈਅਭੀਤ ਕਰਨਾ ਹੈ ਤੇ ਸਾਲ 2027 ਵਿਚ ਕਿਹੜੀ ਨਵੀਂ ਬਿਮਾਰੀ ਆਪਣੀ ਦਵਾ ਮਾਰਕੀਟ ਵਿਚ ਭੇਜਣੀ ਹੈ, ਸਭ ਕੁਝ ਯੋਜਨਾਬੱਧ ਹੈ। ਸਾਫ਼ ਗੱਲ ਇਹ ਹੈ ਕਿ ਇਹ ਦਵਾ ਕੰਪਨੀਆਂ ਦਵਾਈਆਂ ਨਹੀਂ ਪਹਿਲਾਂ ਬਿਮਾਰੀਆਂ ਈਜਾਦ ਕਰਦੀਆਂ ਹਨ। ਇਨ੍ਹਾਂ ਬਿਮਾਰੀਆਂ ਦਾ ਭੈਅ ਪੈਦਾ ਕਰਕੇ ਫਿਰ ਉਹਦੇ ਲਈ ਤਿਆਰ ਕੀਤੀਆਂ ਦਰਜਨਾਂ ਦਵਾਈਆਂ ਅਤੇ ਵੈਕਸੀਨਾਂ ਮਾਰਕੀਟ ਵਿਚ ਭੇਜੀਆਂ ਜਾਂਦੀਆਂ ਹਨ। ਨਵੇਂ-ਨਵੇਂ ਟੀਕੇ, ਕੈਪਸੂਲ ਬਾਜ਼ਾਰ ਵਿਚ ਪਹੁੰਚਦੇ ਹਨ। ਡਰਿਆ, ਸਹਿਮਿਆ ਹੋਇਆ ਆਦਮੀ ਆਪਣੀ ਜ਼ਿੰਦਗੀ ਬਚਾਉਣ ਲਈ ਇਨ੍ਹਾਂ ਟੀਕਿਆਂ, ਦਵਾਈਆਂ, ਵੈਕਸੀਨਾਂ ਵੱਲ ਦੌੜਦਾ ਹੈ, ਜੇਬ ਖਾਲੀ ਕਰਦਾ ਹੈ ਤੇ ਸ਼ੁਕਰ ਮਨਾਉਂਦਾ ਹੈ ਕਿ ਡਾਕਟਰ ਦੀ ਲਿਖੀ ਇਸ ਦਵਾਈ ਨੇ ਉਸ ਨੂੰ ਬਚਾ ਲਿਆ ਹੈ। ਦਵਾ ਕੰਪਨੀਆਂ ਦੀਆਂ ਤਿਜੌਰੀਆਂ ਲਗਾਤਾਰ ਵਧਦੀਆਂ-ਫੁਲਦੀਆਂ ਜਾਂਦੀਆਂ ਹਨ। ਇਹੀ ਹੈ ਉਹ ਬੇਰੋਕ ਸਿਲਸਿਲਾ ਜਿਸ ਵਿਚ ਕਦੇ ਏਡਜ਼ ਦੀ ਬਿਮਾਰੀ ਆ ਧਮਕਦੀ ਹੈ ਤੇ ਕਦੇ ‘ਬਰਡ ਫਲੂ’, ‘ਸਵਾਈਨ ਫਲੂ’ ਅਤੇ ਹੁਣ ‘ਕਰੋਨਾ ਵਾਇਰਸ’।
ਲੋਟੂ ਦਵਾ ਕੰਪਨੀਆਂ ਦਵਾਈਆਂ ਦੇ ਨਾਂਅ ‘ਤੇ ਬਿਮਾਰੀਆਂ ਵੇਚਣ ਦੇ ਅਜਿਹੇ ਕਾਲ ਚੱਕਰ ਚਲਾ ਰਹੀਆਂ ਹਨ, ਜਿਨ੍ਹਾਂ ਦੇ ਚਲਦਿਆਂ ਮਨੁੱਖ ਜਾਤ ਹੀ ਨਹੀਂ ਸਗੋਂ ਧਰਤ ‘ਤੇ ਧੜਕਦੇ ਪੂਰੇ ਜੀਵਨ ਲਈ ਖ਼ਤਰੇ ਖੜ੍ਹੇ ਹੋ ਗਏ ਹਨ ਪਰ ਇਹਦੇ ਨਾਲ ਮੁਨਾਫ਼ਾਖੋਰ ਦਵਾ ਕੰਪਨੀਆਂ ਦਾ ਕੋਈ ਵਾਸਤਾ ਨਹੀਂ ਹੈ। ਸਵਾਲ ਹੋ ਸਕਦਾ ਹੈ ਕਿ ਦਵਾ ਕੰਪਨੀਆਂ ਦੀ ਮਨੁੱਖੀ ਸਿਹਤ ਨਾਲ ਇੰਝ ਖਿਲਵਾੜ ਕਰਨ ਦੀ ਹਿੰਮਤ ਕਿਵੇਂ ਪੈ ਗਈ? ਅਸਲ ਵਿਚ ਸੱਚ ਇਹ ਹੈ ਕਿ ਇਹ ਦਵਾ ਕੰਪਨੀਆਂ ਸਾਧਾਰਨ ਵਪਾਰੀਆਂ ਦੀਆਂ ਨਹੀਂ ਹਨ। ਇਨ੍ਹਾਂ ਬਹੁਕੌਮੀ ਦਵਾ ਕੰਪਨੀਆਂ ਵਿਚ ਅਮਰੀਕਾ ਸਣੇ ਹੋਰਨਾਂ ਅਮੀਰ ਮੁਲਕਾਂ ਦੇ ਉੱਚ ਸਿਆਸੀ ਆਗੂਆਂ ਦੇ ਹਿੱਸੇ ਹਨ। ਲੁੱਟ ਦਾ ਇਹ ਬਾਜ਼ਾਰ ਇਨ੍ਹਾਂ ਸਿਆਸਤਦਾਨਾਂ ਦੀ ਸਰਪ੍ਰਸਤੀ ਹੇਠ ਹੀ ਚੱਲ ਅਤੇ ਵੱਧ-ਫੁੱਲ ਰਿਹਾ ਹੈ। ਦਵਾ ਕੰਪਨੀਆਂ ਇਕ ਬਿਮਾਰੀ ਦਾ ਪ੍ਰਭਾਵ ਘੱਟ ਦਿਖਾਉਣ ਲਈ ਜ਼ਬਰਦਸਤ ਮੁਹਿੰਮ ਚਲਾ ਕੇ 10 ਹੋਰ ਨਵੀਆਂ ਬਿਮਾਰੀਆਂ ਸਾਨੂੰ ਦੇਈ ਜਾ ਰਹੀਆਂ ਹਨ।
ਇਕ ਅਜਿਹਾ ਖੋਜ ਕਾਰਜ ਵੀ ਸਾਹਮਣੇ ਆਇਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਸੰਸਾਰ ਵਿਚ ਸਭ ਤੋਂ ਜ਼ਿਆਦਾ ਲੋਕ ਕੁਪੋਸ਼ਣ ਅਤੇ ਭੁੱਖਮਰੀ ਨਾਲ ਮਰਦੇ ਹਨ ਪਰ ਇਹਦੇ ਲਈ ਵਿਸ਼ਵ ਸਿਹਤ ਸੰਗਠਨ ਵਲੋਂ ਕੋਈ ਵੀ ਗਰਾਂਟ ਜਾਰੀ ਨਹੀਂ ਕੀਤੀ ਜਾਂਦੀ ਜਦਕਿ ਡਾਇਰਿਆ ਦੀ ਰੋਕਥਾਮ ਲਈ ਉਹ ਲੱਖਾਂ ਅਮਰੀਕੀ ਡਾਲਰ ਗਰਾਂਟ ਦਿੰਦਾ ਹੈ। ਇਸ ਤੋਂ ਵੀ ਦਿਲਚਸਪ ਅਤੇ ਹੈਰਾਨ ਕਰਨ ਵਾਲਾ ਤੱਥ ਇਹ ਹੈ ਕਿ ਏਡਜ਼ ਨੂੰ ਰੋਕਣ ਦੇ ਨਾਂਅ ‘ਤੇ ਵਿਸ਼ਵ ਸਿਹਤ ਸੰਗਠਨ 20 ਕਰੋੜ ਅਮਰੀਕੀ ਡਾਲਰ ਦਿੰਦਾ ਹੈ ਤੇ ਨਾਲ ਹੀ ਇਹ ਵੀ ਪ੍ਰਵਾਨ ਕਰਦਾ ਹੈ ਕਿ ਏਡਜ਼ ਆਪਣੇ-ਆਪ ਵਿਚ ਕੋਈ ਬਿਮਾਰੀ ਨਹੀਂ ਹੈ। ਇਸ ਤੋਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਏਡਜ਼ ਆਦਿ ਬਿਮਾਰੀਆਂ ਨੂੰ ਕਿਵੇਂ ਪ੍ਰਚਾਰਤ ਕਰਨ ਦੇ ਉਚੇਚੇ ਯਤਨ ਕੀਤੇ ਜਾਂਦੇ ਹਨ। ਪ੍ਰਸਿੱਧ ਅਮਰੀਕੀ ਦਵਾ ਵਿਗਿਆਨੀ ਐਚæ ਨਾਲੇਸ ਕਦੇ ਆਪਣੀ ਇਕ ਅਧਿਐਨ ਰਿਪੋਰਟ ‘ਡੂਇੰਗ ਬੈਟਰ ਐਂਡ ਫੀਲਿੰਗ ਵਰਸ’ ਦੀ ਭੂਮਿਕਾ ਵਿਚ ਖੁਦ ਹੀ ਲਿਖਦਾ ਸੀ ਕਿ ਸਾਡੀਆਂ ਦਵਾ ਕੰਪਨੀਆਂ ਚੰਗਾ-ਮੋਟਾ ਵਪਾਰ ਕਰ ਰਹੀਆਂ ਹਨ ਤਾਂ ਇਸ ਦਾ ਕਾਰਨ ਹੈ ਕਿ ਦਵਾਈਆਂ ਨਾ ਸਿਰਫ਼ ਮਹਿੰਗੀਆਂ ਹਨ, ਸਗੋਂ ਇਕ ਬਿਮਾਰੀ ਦਾ ਪ੍ਰਭਾਵ ਘਟਾਉਂਦੀਆਂ-ਘਟਾਉਂਦੀਆਂ ਇਹ ਕਈ ਨਵੀਆਂ ਬਿਮਾਰੀਆਂ ਪੈਦਾ ਕਰ ਰਹੀਆਂ ਹਨ।
ਇਨ੍ਹਾਂ ਪ੍ਰਸਥਿਤੀਆਂ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਭਾਰਤ ਸਮੇਤ ਬਾਕੀ ਗਰੀਬ ਅਤੇ ਵਿਕਾਸਸ਼ੀਲ ਮੁਲਕਾਂ ਦਾ ਭਵਿੱਖ ਕੀ ਹੈ। ਦੁਖ ਵਾਲੀ ਗੱਲ ਇਹ ਹੈ ਕਿ ਆਪਣੇ ਮੁਲਕ ਸਮੇਤ ਦੁਨੀਆ ਦੇ ਤਿੰਨ ਚੋਥਾਈ ਮੁਲਕ ਅਮਰੀਕਾ ਦੀ ਜੀ-ਹਜ਼ੂਰੀ ਵਿਚ ਲੱਗੇ ਹੋਏ ਹਨ। ਅਵਾਮ ਇਕ ਬਿਮਾਰ ਮੁਲਕ ਵਿਚ ਤਬਦੀਲ ਹੁੰਦਾ ਜਾ ਰਿਹਾ ਹੈ। ਵਿਰੋਧ ਦੀ ਸੁਰ ਹੈ ਹੀ ਨਹੀਂ ਜੇ ਕਿਤੇ ਕੋਈ ਆਵਾਜ਼ ਉੱਠਦੀ ਵੀ ਹੈ ਤਾਂ ਬਹੁਤ ਹੀ ਮੱਠੀ। ਇਸ ਤਰ੍ਹਾਂ ਦੇ ਹਾਲਾਤ ਵਿਚ ਆਮ ਬੰਦੇ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਉਸ ਨੂੰ ਕਿਵੇਂ ਹੌਲੀ-ਹੌਲੀ ਮੌਤ ਵੱਲ ਧੱਕਿਆ ਜਾ ਰਿਹਾ ਹੈ। ਅਜਿਹੇ ਵਿਚ ਹਰ ਚਿੰਤਨਸ਼ੀਲ ਬੰਦੇ ਦੀ ਇਹ ਜ਼ੁੰਮੇਵਾਰੀ ਬਣ ਜਾਂਦੀ ਹੈ ਕਿ ਉਹ ਜਿੰਨਾ ਹੋ ਸਕੇ ਇਸ ਸੱਚ ਨੂੰ ਆਪਣੇ ਨੇੜੇ-ਤੇੜੇ ਲਿਜਾਣ ਦੀ ਕੋਸ਼ਿਸ਼ ਕਰੇ। ਇਕ ਤੋਂ ਭਲੇ ਦੋ ਅਤੇ ਇਕ ਤੇ ਇਕ ਗਿਆਰਾਂ ਹੋ ਜਾਇਆ ਕਰਦੇ ਹਨ।