‘ਰਾਜੇ’ ਦੀ ਦਹਿਸ਼ਤ/ ਕਮਲ ਦੁਸਾਂਝ

ਲੁਕ-ਛਿਪ ਜਾਨਾ.. ਮਕਈ ਕਾ ਦਾਨਾ.. ਰਾਜੇ ਕੀ ਬੇਟੀ ਆਈ ਜੇ।
ਜਦੋਂ ਬੱਚੇ ਇਹ ਖੇਡ ਖੇਡਦੇ ਹਨ ਤਾਂ ਬੱਚਿਆਂ ਨੂੰ ਲੁਕਣ ਦਾ ਹੋਕਾ ਦੇ ਕੇ ਇਨ੍ਹਾਂ ਨੂੰ ਲੱਭਣ ਵਾਲਾ ਖਿਡਾਰੀ ਅਕਸਰ ਚਲਾਕੀਆਂ ਕਰਦਾ ਹੈ। ਉਹਦੀ ਚਲਾਕੀ ਦਾ ਜੇ ਕੋਈ ਰੌਲਾ ਪਾ ਦੇਵੇ ਤਾਂ ਬੱਸ ਧਰਿਆ ਜਾਂਦਾ ਹੈ ਗੋਡਿਆਂ ਹੇਠ। ਇਹ ਸਤਰਾਂ ਵੀ ‘ਰਾਜੇ’ ਦੀ ਦਹਿਸ਼ਤ ਦਰਸਾਉਂਦੀਆਂ ਹਨ ਕਿ ਰਾਜਾ ਜਾਂ ਉਹਦੀਆਂ ਫ਼ੌਜਾਂ ਜਿਧਰੋਂ ਲੰਘਣ ਲਗਦੀਆਂ ਹਨ ਤਾਂ ਉਹ ਆਪਣਾ ਅੰਨ-ਦਾਣਾ ਲੁਕੋ ਕੇ ਲੁਕ ਜਾਂਦੇ ਹਨ ਕਿ ਉਨ੍ਹਾਂ ਤੋਂ ਖੋਹਿਆ ਨਾ ਜਾਵੇ।
ਇਹ ਖੇਡ ਹੁਣ ਬੱਚਿਆਂ ਦੀ ਨਹੀਂ ਰਹੀ। ਉਨ੍ਹਾਂ ਦੇ ਹੱਥਾਂ ਵਿਚ ਤਾਂ ਮੋਬਾਈਲ ਫੜਾ ਦਿੱਤੇ ਗਏ ਹਨ।
ਅਸਲੀ ਖੇਡ ਤਾਂ ਸਿਆਸੀ ਖਿਡਾਰੀਆਂ ਦੀ ਹੈ। ਵੱਡੇ-ਵੱਡੇ ‘ਵਪਾਰਕ ਬਾਦਸ਼ਾਹਾਂ’ ਦੀ ਹਕੂਮਤ ਹੈ ਤੇ ‘ਮੋਦੀ ਸਰ ਜੀ’ ਵਰਗੇ ਉਨ੍ਹਾਂ ਦੇ ਹੁਕਮ ਬਰਦਾਰ ‘ਧੀਆਂ-ਪੁੱਤ’ ਹਨ। ‘ਮੋਦੀ ਸਰ ਜੀ’ ਨੇ ਆਪਣੇ ‘ਪਿਆਦਿਆਂ ਨੂੰ ਮੂਹਰੇ ਲਾ ‘ਰਾਸ਼ਟਰਵਾਦ..ਰਾਸ਼ਟਰਵਾਦ’ ਦੀ ਖੇਡੇ ਪਾਇਆ ਹੋਇਆ ਹੈ ਤੇ ਆਪ ਜਨਤਾ ਦੇ ਦਾਣੇ ਲੁੱਟ ਕੇ ‘ਬਾਦਸ਼ਾਹਾਂ’ ਦੇ ਭੜੋਲੇ ਭਰਨ ‘ਚ ਜੁੱਟ ਗਏ ਹਨ।
ਕਰੋਨਾ ਦੀ ਦਹਿਸ਼ਤ ਪਾ ਲੋਕਾਂ ਨੂੰ ਘਰਾਂ ‘ਚ ਤਾੜ ਦਿੱਤਾ.. ਰੁਜ਼ਗਾਰ ਖੋਹ ਲਏ.. ਕੰਮ ਘੰਟੇ ਵਧਾ ਦਿੱਤੇ.. ਤਨਖ਼ਾਹਾਂ ‘ਤੇ ਚੌਖੇ ਕੱਟ ਮਾਰ ਦਿੱਤੇ.. ਸਰਕਾਰੀ ਮੁਲਾਜ਼ਮਾਂ ਦੀਆਂ ਡਿਮੋਸ਼ਨਾਂ ਕਰ ਦਿੱਤੀਆਂ..। ਸਹਿਮੇ.. ਸਹਿਮੇ ਲੋਕ ਜਾਂ ਘਰਾਂ ‘ਚ ਦੁਬਕੇ ਬੈਠੇ ਹਨ ਜਾਂ ਜੋ ਬਚਿਆ ਹੈ, ਉਸੇ ਨੂੰ ਸਮੇਟਣ ‘ਚ ਦੂਹਰੇ-ਤੀਹਰੇ ਹੋ ਰਹੇ ਹਨ।
‘ਸਰ ਜੀ’ ਦੇ ਚਿਹਰੇ ‘ਤੇ ਮੁਸਕਾਨ ਹੈ.. ਕਿਉਂਕਿ ਪਰਜ਼ਾ ਹੁਣ ਸਵਾਲ ਨਹੀਂ ਕਰਦੀ.. ਜੋ ਸਵਾਲ ਕਰਦੇ ਸਨ.. ਉਹ ਜੇਲ੍ਹਾਂ ਵਿਚ ਸੁੱਟੇ ਦਿੱਤੇ ਜਾਂ ਸੁੱਟੇ ਜਾ ਰਹੇ ਹਨ।
‘ਸਰ ਜੀ’ ਨੇ ਹਾਲੇ ਕੱਲ ਹੀ ਟੈਕਸ ਅਦਾ ਕਰਨ ਵਾਲਿਆਂ ਦੀ ਵਾਹਵਾ ਤਾਰੀਫ਼ ਕੀਤੀ ਸੀ.. ਨਾਲ ਹੀ ਇਕ ਹੋਰ ਜੁਮਲਾ ਛੱਡਿਆ ਸੀ- ‘ਪਾਰਦਰਸ਼ੀ ਕਰਾਧਾਨ-ਇਮਾਨਦਾਰ ਦਾ ਸਨਮਾਨ’। ਟੈਕਸ ਅਦਾ ਕਰਨ ਵਾਲੇ ਵੀ ਮੋਢੇ ‘ਤੇ ਇਮਾਨਦਾਰੀ ਦਾ ਫ਼ੀਤਾ ਲਵਾ ਖ਼ੁਸ਼ ਹੋ ਗਏ। ‘ਸਰ ਜੀ’ ਨੇ ਭੇਤ ਵਾਲੀ ਗੱਲ ਤਾਂ ਦੱਸੀ ਹੀ ਨਾ।
ਹੁਣ ਟੈਕਸ ਅਦਾ ਕਰਨ ਵਾਲਿਆਂ ‘ਤੇ ਹੋਰ ਸਖ਼ਤ ਨਿਗਰਾਨੀ ਰੱਖੀ ਜਾਵੇਗੀ। ‘ਇੰਡੀਅਨ ਐਕਸਪ੍ਰੈੱਸ’ ਦੀ ਰਿਪੋਰਟ ਅਨੁਸਾਰ ਆਮਦਨ ਕਰ ਵਿਭਾਗ 20,000 ਰੁਪਏ ਤੋਂ ਵੱਧ ਦੇ ਹੋਟਲ ਭੁਗਤਾਨ, 50,000 ਰੁਪਏ ਤੋਂ ਵੱਧ ਦੇ ਜੀਵਨ ਬੀਮਾ ਪ੍ਰੀਮੀਅਮ ਭੁਗਤਾਨ ਅਤੇ 20,000 ਰੁਪਏ ਤੋਂ ਵੱਧ ਦੇ ਸਿਹਤ ਬੀਮਾ ਭੁਗਤਾਨ ਕਰਨ ਵਾਲਿਆਂ ਦੀ ਸੂਚੀ ਤਿਆਰ ਕਰੇਗੀ। ਇਹੀ ਨਹੀਂ, ਸਕੂਲ/ਕਾਲਜ ਦੀ ਫ਼ੀਸ ਵਿਚ ਇਕ ਲੱਖ ਰੁਪਏ ਤੋਂ ਵੱਧ ਦਾ ਦਾਨ ਤੇ ਭੁਗਤਾਨ, ਵਿਦੇਸ਼ ਯਾਤਰਾ, ਘਰੇਲੂ ਬਿਜ਼ਨਸ ਕਲਾਸ ਹਵਾਈ ਯਾਤਰਾ, ਇਕ ਲੱਖ ਰੁਪਏ ਤੋਂ ਵੱਧ ਦੇ ਗਹਿਣੇ ਤੇ ਪੇਂਟਿੰਗ, ਡੀਮੈਟ ਅਕਾਉਂਟ ਤੇ ਬੈਂਕ ਲਾੱਕਰ ਨੂੰ ਵੀ ਲੈਣ-ਦੇਣ ਦੀ ਰਿਪੋਰਟਿੰਗ ਸੂਚੀ ਵਿਚ ਸ਼ਾਮਲ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ। ਭਾਵੇਂ ਇਹ ਹਾਲੇ ਲਾਗੂ ਨਹੀਂ ਹੋਇਆ, ਮਹਿਜ਼ ਪ੍ਰਸਤਾਵ ਹੈ ਪਰ ਇਹਨੂੰ ਲਾਗੂ ਕਰਨ ਲਈ ਕਿਹੜਾ ਕਿਸੇ ਨੂੰ ਪੁੱਛਿਆ-ਦੱਸਿਆ ਜਾਣਾ ਹੈ।
ਪੁੱਛਿਆ ਤਾਂ ‘ਸਰ ਜੀ’ ਨੇ ਨੋਟਬੰਦੀ ਵੇਲੇ ਵੀ ਨਹੀਂ ਸੀ.. ਤੇ ਨਾ ਹੀ ਰਿਜ਼ਰਵ ਬੈਂਕ ਤੋਂ ਲੱਖਾਂ-ਕਰੋੜ ਰੁਪਏ ਲੈਣ ਵੇਲੇ। ਦੇਸ਼ ਨੂੰ ਕਰੋੜਾਂ-ਅਰਬਾਂ ਦਾ ਚੂਨਾ ਲਾ ਕੇ ਫ਼ਰਾਰ ਹੋਏ ‘ਗ਼ਦਾਰ ਮਿੱਤਰਾਂ’ ਬਾਰੇ ਵੀ ਕੁਝ ਦੱਸਿਆ ਨਹੀਂ। ‘ਕਰੋਨਾ’ ਸੰਕਟ ਲਈ ਇਕੱਤਰ ਹੋਏ ਪੈਸਿਆਂ, ਸਰਕਾਰੀ-ਗ਼ੈਰ-ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ‘ਚੋਂ ਕੱਟ ਮਾਰੇ ਪੈਸਿਆਂ ਦੀ ਵਰਤੋਂ ਕਿੱਥੇ ਹੋਈ.. ਬਾਰੇ ਵੀ ਕੁਝ ਨਹੀਂ ਦੱਸਿਆ। ਹੁਣ ਭਾਰਤੀ ਰਿਜ਼ਰਵ ਬੈਂਕ ਤੋਂ ‘ਸਰ ਜੀ’ ਨੇ 57,128 ਕਰੋੜ ਰੁਪਏ ਹੋਰ ਲੈਣੇ ਹਨ। ਪਿਛਲੇ ਸਾਲ ਆਰ.ਬੀ.ਆਈ. ਦੇ ਕੇਂਦਰੀ ਬੋਰਡ ਨੇ 1.76 ਲੱਖ ਕਰੋੜ ਰੁਪਏ ਦੇਣ ਦੀ ਮਨਜ਼ੂਰੀ ਦਿੱਤੀ ਸੀ। ਇਹਦੇ ‘ਚੋਂ 1.23 ਲੱਖ ਕਰੋੜ ਰੁਪਏ ਡਿਵੀਡੈਂਡ ਦੇ ਰੂਪ ਵਿਚ ਦਿੱਤੇ ਗਏ ਸਨ ਜਦਕਿ 52,640 ਕਰੋੜ ਰੁਪਏ ਸਰਪਲੱਸ ਕੈਪਟੀਲ ਰਾਹੀਂ ਦਿੱਤੇ ਗਏ ਸਨ।
ਲੋਕ ਤਾਂ ‘ਪਾਰਦਰਸ਼ਤਾ’ ਦਿਖਾ ਰਹੇ ਹਨ.. ਸਰਕਾਰ ਕਦੋਂ ਪਾਰਦਰਸ਼ੀ ਹੋਵੇਗੀ?
ਲੋਕਾਂ ਨੂੰ ‘ਲੁਕਣ’ ਥਾਵਾਂ ਤੋਂ ਬਾਹਰ ਨਿਕਲਣਾ ਪਏਗਾ.. ਨਹੀਂ ਤਾਂ ‘ਬਾਦਸ਼ਾਹਾਂ’ ਦੇ ‘ਪੁੱਤ’ ਅਵਾਮ ਦੀਆਂ ਪਾਟੀਆਂ ਜੇਬਾਂ ਦੀਆਂ ਲੀਰਾਂ ਵੀ ਖਿੱਚ ਲਿਜਾਣਗੇ।