ਨਿਕਾਰਾਗੁਈ ਕਵਿਤਾ/ ਸੈੱਲਫ਼ੋਨ/ ਅਰਨੈਸਤੋ ਕਾਰਦੇਨਾਲ

ਤੁਸੀਂ ਆਪਣੇ ਸੈੱਲਫ਼ੋਨ ‘ਤੇ ਗੱਲ ਕਰਦੇ ਓ
ਕਰਦੇ ਰਹਿੰਦੇ ਓ
ਕਰੀ ਜਾਂਦੇ ਓ
ਤੇ ਹੱਸਦੇ ਓ ਆਪਣੇ ਸੈੱਲਫ਼ੋਨ ‘ਤੇ
ਇਹ ਨਾ ਜਾਣਦਿਆਂ ਹੋਇਆਂ ਵੀ
ਕਿ ਇਹ ਕਿਵੇਂ ਬਣਿਆ ਸੀ
ਸਗੋਂ ਇਹ ਵੀ ਨਾ ਜਾਣਦਿਆਂ
ਕਿ ਇਹ ਕਿਵੇਂ ਕੰਮ ਕਰਦਾ ਹੈ
ਪਰ ਇਹਦੇ ਨਾਲ ਫ਼ਰਕ ਕੀ ਪੈਂਦਾ ਹੈ
ਪ੍ਰੇਸ਼ਾਨੀ ਤਾਂ ਏਸ ਗੱਲ ਦੀ ਹੈ
ਕਿ
ਤੁਸੀਂ ਨਹੀਂ ਜਾਣਦੇ
ਜਿਵੇਂ ਮੈਂ ਵੀ ਨਹੀਂ ਸੀ ਜਾਣਦਾ
ਕਿ ਕਾਂਗੋ ‘ਚ ਮੌਤ ਦੇ ਸ਼ਿਕਾਰ ਹੁੰਦੇ ਨੇ
ਬਹੁਤ ਸਾਰੇ ਲੋਕ
ਹਜ਼ਾਰਾਂ ਹਜ਼ਾਰ
ਏਸੇ ਸੈੱਲਫ਼ੋਨ ਦੀ ਵਜ੍ਹਾ ਨਾਲ
ਉਹ ਮੌਤ ਦੇ ਜਬਾੜ੍ਹਿਆਂ ‘ਚ ਚਲੇ ਜਾਂਦੇ ਨੇ
ਕਾਂਗੋ ‘ਚ
ਉਥੋਂ ਦੇ ਪਹਾੜਾਂ ‘ਚ ਹੁੰਦੈ ਕੋਲਟਨ
(ਸੋਨੇ ਅਤੇ ਹੀਰੇ ਤੋਂ ਇਲਾਵਾ)
ਜੋ ਕੰਮ ਆਉਂਦੈ ਸੈੱਲਫ਼ੋਨ ਦੇ
ਕੰਡੈਂਸਰਾਂ ‘ਚ।

ਖਣਿਜਾਂ ‘ਤੇ ਕਬਜ਼ਾ ਕਰਨ ਲਈ
ਬਹੁਕੌਮੀ ਕੰਪਨੀਆਂ
ਛੇੜੀ ਰੱਖਦੀਆਂ ਨੇ ਇਕ ਅੰਤਹੀਣ ਜੰਗ
15 ਸਾਲ ‘ਚ 50 ਲੱਖ ਮੌਤਾਂ।
ਉਹ ਨਹੀਂ ਚਾਹੁੰਦੇ ਕਿ ਇਹ ਗੱਲ
ਪਤਾ ਲੱਗੇ ਲੋਕਾਂ ਨੂੰ
ਵਿਸ਼ਾਲ ਸੰਪਤੀ ਵਾਲਾ ਮੁਲਕ
ਜਿਸ ਦੀ ਆਬਾਦੀ ਝੰਭੀ ਪਈ ਹੈ ਗ਼ਰੀਬੀ ਨਾਲ
ਦੁਨੀਆ ਦੇ 80 ਫ਼ੀਸਦੀ ਕੋਲਟਨ ਦੇ
ਭੰਡਾਰ ਹਨ ਕਾਂਗੋ ‘ਚ
ਉਥੋਂ ਦੇ ਪਹਾੜਾਂ ਦੇ ਗਰਭ ‘ਚ
ਪਿਆ ਹੈ ਕੋਲਟਨ
30 ਹਜ਼ਾਰ ਲੱਖ ਸਾਲਾਂ ਤੋਂ
ਨੋਕੀਆ, ਮਟਰੋਲਾ, ਕੰਪਾਕ, ਸੋਨੀ
ਖ਼ਰੀਦਦੇ ਹਨ ਕੋਲਟਨ
ਪੈਂਟਾਗਨ ਵੀ
ਤੇ ਨਿਊਯਾਰਕ ਟਾਈਮਜ਼ ਕਾਰਪੋਰੇਸ਼ਨ ਵੀ
ਉਹ ਇਸ ਦਾ ਪਤਾ ਨਹੀਂ ਲੱਗਣ ਦੇਣਾ ਚਾਹੁੰਦੇ
ਉਹ ਨਹੀਂ ਚਾਹੁੰਦੇ ਕਿ ਯੁੱਧ ਹੋਵੇ ਖ਼ਤਮ
ਤਾਂ ਜੋ ਕੋਲਟਨ ਨੂੰ ਹਥਿਆਇਆ ਜਾਣਾ ਜਾਰੀ ਰਹਿ ਸਕੇ

7 ਤੋਂ 10 ਸਾਲ ਤੱਕ ਦੇ ਬੱਚੇ
ਪਹਾੜਾਂ ‘ਚੋਂ ਕੱਢਦੇ ਨੇ ਕੋਲਟਨ
ਕਿਉਂਕਿ ਛੋਟੇ ਮਘੋਰਿਆਂ ‘ਚ
ਸੌਖਿਆਂ ਹੀ ਸਮਾ ਜਾਂਦੇ ਨੇ
ਉਨ੍ਹਾਂ ਦੇ ਨਿੱਕੇ ਸਰੀਰ
25 ਸੈਂਟ ਰੋਜ਼ਾਨਾ ਦੀ ਮਜ਼ਦੂਰੀ ‘ਤੇ
ਤੇ ਝੁੰਡਾਂ ਦੇ ਝੁੰਡ ਮਰ ਜਾਂਦੇ ਨੇ ਬੱਚੇ
ਕੋਲਟਨ ਪਾਊਡਰ ਕਾਰਨ
ਜਾਂ ਚਟਾਨਾਂ ਦੇ ਹੇਠ ਦੱਬੇ ਜਾਣ ਕਰਕੇ
ਜੋ ਡਿੱਗ ਪੈਂਦੀਆਂ ਨੇ ਉਨ੍ਹਾਂ ਦੇ ਉੱਤੇ।
ਨਿਊਯਾਰਕ ਟਾਈਮਜ਼ ਵੀ
ਨਹੀਂ ਚਾਹੁੰਦਾ ਕਿ ਇਹ ਗੱਲ ਪਤਾ ਲੱਗੇ
ਤੇ ਇਸ ਤਰ੍ਹਾਂ ਲੁਕਿਆ ਹੀ ਰਹਿੰਦਾ ਹੈ
ਬਹੁਕੌਮੀ ਕੰਪਨੀਆਂ ਦਾ
ਇਹ ਜਥੇਬੰਦਕ ਅਪਰਾਧ।
ਬਾਈਬਲ ਵਿਚ ਪਛਾਣਿਆ ਗਿਆ ਹੈ
ਸੱਚ ਅਤੇ ਨਿਆਂ
ਤੇ ਪ੍ਰੇਮ ਅਤੇ ਸੱਚ
ਉਦੋਂ ਸੱਚ ਦੀ ਅਹਿਮੀਅਤ ਵਿਚ
ਜੋ ਸਾਨੂੰ ਮੁਕਤ ਕਰੇਗਾ
ਸ਼ਾਮਲ ਹੈ ਕੋਲਟਨ ਦਾ ਸੱਚ ਵੀ
ਕੋਲਟਨ ਜੋ ਤੁਹਾਡੇ ਸੈੱਲਫ਼ੋਨ ਦੇ ਅੰਦਰ ਹੈ
ਜਿਸ ‘ਤੇ ਤੁਸੀਂ ਗੱਲ ਕਰਦੇ ਓ
ਕਰੀ ਜਾਂਦੀ ਓ
ਤੇ ਖਿੜ-ਖਿੜ ਹੱਸਦੇ ਓ
ਸੈੱਲਫ਼ੋਨ ‘ਤੇ ਗੱਲ ਕਰਦਿਆਂ।
ਹਿੰਦੀ ਤੋਂ ਅਨੁਵਾਦ- ਸੁਸ਼ੀਲ ਦੁਸਾਂਝ
ਅੰਗਰੇਜ਼ੀ ਤੋਂ ਹਿੰਦੀ- ਮੰਗਲੇਸ਼ ਡਬਰਾਲ
* ਕਾਂਗੋ- ਅਤਿ ਦਾ ਗ਼ਰੀਬ ਅਫ਼ਰੀਕੀ ਮੁਲਕ।
