ਕਹਾਣੀ- ‘ਵਾਇਰਸ’ / ਗੁਰਦਿਆਲ ਦਲਾਲ

ਪੰਜ ਕੁ ਸਾਲ ਪਹਿਲਾਂ ਮੈਂ ਤੇ ਮੇਰੀ ਪਤਨੀ ਸ਼ਾਮਾਂ ਪੰਜਾਬ ਸਿਖਿਆ ਵਿਭਾਗ ‘ਚੋਂ ਰਿਟਾਇਰ ਹੋ ਗਏ ਸਾਂ। ਉਦੋਂ ਤੋਂ ਹੀ ਮੇਰੀ ਨੂੰਹ ਜਸ਼ਨਪ੍ਰੀਤ ਤੇ ਬੇਟਾ ਸਤਿੰਦਰ ਸਾਨੂੰ ਕਹਿੰਦੇ ਰਹੇ ਕਿ ਅਸੀਂ ਹੁਣ ਪਿੰਡ ਛੱਡ ਕੇ ਉਨ੍ਹਾਂ ਕੋਲ ਚੰਡੀਗੜ੍ਹ ਹੀ ਰਹਿਣਾ ਸ਼ੁਰੂ ਕਰ ਦੇਈਏ। ਉਥੇ ਉਹ ਦੋਵੇਂ ਸਰਕਾਰੀ ਨੌਕਰੀ ਕਰਦੇ ਸਨ ਤੇ ਉਨ੍ਹਾਂ ਦੇ ਜੋੜੇ ਬੱਚੇ ਸੰਗੀਤ ਤੇ ਰੀਆ ਕਿਸੇ ਅੰਗਰੇਜ਼ੀ ਸਕੂਲ ਦੀ ਪੰਜਵੀਂ ਜਮਾਤ ਵਿਚ ਪੜ੍ਹਦੇ ਸਨ। ਉਨ੍ਹਾਂ ਨੂੰ ਤਿੰਨ ਬੈੱਡਰੂਮ ਵਾਲਾ ਸਰਕਾਰੀ ਫਲੈਟ ਮਿਲਿਆ ਹੋਇਆ ਸੀ, ਜਿਸ ਦੇ ਸਾਹਮਣੇ ਬਹੁਤ ਵੱਡਾ ਪਾਰਕ ਸੀ। ਚੰਡੀਗੜ੍ਹ, ਅਸੀਂ ਉਨ੍ਹਾਂ ਕੋਲ ਤਿੰਨ-ਚਾਰ ਵਾਰੀ ਹਫ਼ਤਾ-ਹਫ਼ਤਾ ਰਹਿ ਕੇ ਦੇਖ ਆਏ ਸਾਂ ਤੇ ਇਹ ਸਿੱਟਾ ਕੱਢਿਆ ਸੀ ਕਿ ਉਹ ਕੱਚੀ ਜੇਲ੍ਹ ਸੀ, ਜਿਥੇ ਸਾਡਾ ਕਦੀ ਵੀ ਦਿਲ ਨਹੀਂ ਲੱਗ ਸਕੇਗਾ। ਦਰਅਸਲ ਅਸੀਂ ਪੇਂਡੂ ਜੀਵਨ ਦੇ ਆਦੀ ਸਾਂ ਤੇ ਉਹੀ ਸਾਨੂੰ ਰਾਸ ਆਉਂਦਾ ਸੀ। ਬੱਚੇ ਸਕੂਲ ਚਲੇ ਜਾਂਦੇ ਤੇ ਉਹ ਆਪ ਡਿਊਟੀ ‘ਤੇ। ਸਾਨੂੰ ਹਦਾਇਤ ਕਰ ਜਾਂਦੇ ਕਿ ਆਂਢ-ਗੁਆਂਢ ਵਿਚ ਕਿਸੇ ਨਾਲ ਘਰ ਦੀ ਕੋਈ ਗੱਲ ਨਹੀਂ ਕਰਨੀ। ਕਵਾਰਟਰ ਦੀ ਕੁੰਡੀ ਅੰਦਰੋਂ ਬੰਦ ਰੱਖਣੀ ਹੈ। ਉਥੇ ਤਾਂ ਅੰਦਰ ਹੁੜਬਿਆਂ ਨੂੰ ਸਾਨੂੰ ਸਾਹ ਹੀ ਨਾ ਆਉਂਦਾ। ਅਸੀਂ ਪਿੰਡ ਨੂੰ ਯਾਦ ਕਰ-ਕਰ ਕੇ ਝੂਰਦੇ ਰਹਿੰਦੇ। ਪਤਾ ਨਹੀਂ ਉਨ੍ਹਾਂ ਦੇ ਕਿਹੜੇ ਕੰਮ ਸਨ ਕਿ ਡਿਊਟੀ ਤੋਂ ਵਾਪਸ ਆ ਕੇ ਉਹ ਦੋਵੇਂ ਬਣ ਫਬ ਕੇ ਗੱਡੀ ‘ਚ ਬੈਠ ਮੁੜ ਚਲੇ ਜਾਂਦੇ ਤੇ ਦੋਵੇਂ ਬੱਚੇ ਕੰਪਿਊਟਰਾਂ ਨੂੰ ਚੁੰਬੜੇ ਰਹਿੰਦੇ। ਇਹੀ ਕਾਰਨ ਸੀ ਕਿ ਜਦੋਂ ਉਨ੍ਹਾਂ ਦਾ ਪਿੰਡ ਫ਼ੋਨ ਆਉਂਦਾ ਤੇ ਉਹ ਸਾਨੂੰ ਚੰਡੀਗੜ੍ਹ ਆਉਣ ਲਈ ਕਹਿੰਦੇ ਤਾਂ ਅਸੀਂ ਪਹਿਲਾਂ ਹੀ ਕੋਈ ਨਾ ਕੋਈ ਬਹਾਨਾ ਸੋਚਿਆ ਹੁੰਦਾ। ਉਥੇ ਜਾ ਕੇ ਨਾ ਰਹਿਣ ਦਾ ਸਾਡਾ ਹਠ ਬਹੁਤੀ ਦੇਰ ਪੁੱਗ ਨਾ ਸਕਿਆ। ਇਸੇ ਸਾਲ ਮਈ ਦੇ ਆਖਰੀ ਸ਼ਨੀਵਾਰ ਸਵੇਰੇ ਹੀ ਉਨ੍ਹਾਂ ਦੀ ਕਾਰ ਪਿੰਡ ਪਹੁੰਚ ਗਈ, ਜਿਸ ‘ਚੋਂ ਸਾਡੇ ਨੂੰਹ-ਪੁੱਤ ਤੇ ਦੋਵੇਂ ਬੱਚੇ ਬਾਹਰ ਨਿਕਲੇ। ਉਨ੍ਹਾਂ ਨੇ ਸਾਡਾ ਕੋਈ ਬਹਾਨਾ ਨਾ ਸੁਣਿਆ ਤੇ ਅਗਲੇ ਦਿਨ ਹੀ ਪਿੰਡ ਦੇ ਘਰ ਨੂੰ ਤਾਲ਼ਾ ਲਾਇਆ ਤੇ ਸਾਨੂੰ ਅਗਵਾ ਕਰ ਕੇ ਚੰਡੀਗੜ੍ਹ ਲੈ ਗਏ। ਇਹ ਤਾਂ ਸਾਨੂੰ ਉਥੇ ਜਾ ਕੇ ਹੀ ਪਤਾ ਲੱਗਾ ਕਿ ਚਾਰ ਪੰਜ ਦਿਨਾਂ ਤਕ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਹੋ ਜਾਣੀਆਂ ਸਨ ਤੇ ਪਿਛੇ ਘਰ ਵਿਚ ਅਸੀਂ ਉਨ੍ਹਾਂ ਨੂੰ ਸਾਂਭਣਾ ਸੀ। ਅਸੀਂ ਉਸ ਪੱਥਰਾਂ ਦੇ ਸ਼ਹਿਰ ਵਿਚ ਫਿਰ ਕੈਦ ਹੋ ਗਏ ਸਾਂ। ਚਾਰ ਪੰਜ ਦਿਨ ਤਾਂ ਇਹੀ ਸੋਚਦੇ ਰਹੇ ਕਿ ਇਸ ਪਿੰਜਰੇ ‘ਚੋਂ ਕਿਵੇਂ ਨਿਕਲੀਏ, ਪਰ ਜਦੋਂ ਬੱਚਿਆਂ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਤਾਂ ਜਿਵੇਂ ਖਿਜ਼ਾ ਵਿਚ ਕੁਝ-ਕੁਝ ਫੁੱਲ ਖਿੜਨੇ ਸ਼ੁਰੂ ਹੋ ਗਏ। ਦਰਅਸਲ ਪਹਿਲਾਂ ਜਦ ਵੀ ਅਸੀਂ ਚੰਡੀਗੜ੍ਹ ਆਉਂਦੇ ਰਹੇ ਸੀ ਤਾਂ ਬੱਚਿਆਂ ਨਾਲ ਸਾਡਾ ਕੋਈ ਰਾਬਤਾ ਹੀ ਨਹੀਂ ਸੀ ਬਣ ਸਕਿਆ। ਉਨ੍ਹਾਂ ਨੂੰ ਸਕੂਲ, ਟਿਊਸ਼ਨ ਤੇ ਹੋਮਵਰਕ ਦੇ ਚੱਕਰ ਵਿਚ ਘੁੰਮਦਿਆਂ ਹੀ ਰਾਤ ਪੈ ਜਾਇਆ ਕਰਦੀ ਸੀ।
ਹੁਣ ਬੱਚਿਆਂ ਨਾਲ ਖੁੱਲ੍ਹਾ ਸਮਾਂ ਮਿਲਿਆ ਤਾਂ ਮੈਂ ਉਨ੍ਹਾਂ ਨੂੰ ਪਿੱਠੂ, ਬੰਟੇ, ਬਾਂਦਰ ਕੀਲਾ, ਗੁੱਲੀ ਡੰਡਾ ਵਰਗੀਆਂ ਪੇਂਡੂ ਖੇਡਾਂ ਸਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਸ਼ਾਮਾ ਸਾਰਾ ਦਿਨ ਘਰ ਦੇ ਕੰਮ ‘ਚ ਰੁਝੀ ਰਹਿੰਦੀ ਤੇ ਅਸੀਂ ਪਾਰਕ ਵਿਚ ਜਾ ਕੇ ਖੇਡਾਂ ਖੇਡਦੇ ਰਹਿੰਦੇ। ਮੈਂ ਬੱਚਿਆਂ ਵਿਚ ਬੱਚਾ ਬਣ ਜਾਂਦਾ। ਉਨ੍ਹਾਂ ਵਾਂਗ ਹੀ ਹੱਸ -ਹੱਸ ਲੋਟ-ਪੋਟ ਹੁੰਦਾ, ਰੁੱਸਦਾ, ਅੜੀ ਕਰਦਾ ਤੇ ਰੋਂਢ ਕਰਦਾ। ਹਾਰਨ ਵਾਲੇ ਨੂੰ ਅੱਖਾਂ ਬੰਨ੍ਹ ਕੇ ਇੱਟ ਲੱਭਣੀ ਪੈਂਦੀ ਜਾਂ ਮੁਰਗਾ ਬਣ ਕੇ ਗੇੜਾ ਦੇਣਾ ਪੈਂਦਾ। ਬੱਚੇ ਇਸ ਸਜ਼ਾ ‘ਚੋਂ ਬਹੁਤ ਲੁਤਫ਼ ਲੈਂਦੇ। ਮੈਂ ਹਾਰਦਾ ਤਾਂ ਉਹ ਚੀਕਦੇ ਤੇ ਕਹਿੰਦੇ – ਬਣ ਜਾਓ ਵੱਡੇ ਪਾਪਾ ਮੁਰਗਾ! ਲੱਭੋ ਇੱਟ ਨੂੰ ਅੱਖਾਂ ਬੰਨ੍ਹ ਕੇ। ਮੈਂ ਉਨ੍ਹਾਂ ਵਲੋਂ ਸੁਣਾਈ ਸਜ਼ਾ ਭੁਗਤਦਾ। ਪਾਰਕ ਕੋਲੋਂ ਲੰਘਦੇ ਜਾਂ ਅਪਣੇ ਘਰਾਂ ਦੀਆਂ ਖਿੜਕੀਆਂ ‘ਚੋਂ ਝਾਕਦੇ ਲੋਕ ਵੀ ਸਾਡੀ ਖੇਡ ‘ਚੋਂ ਆਨੰਦ ਲੈਂਦੇ। ਮੇਰੀ ਦੁਰਗਤ ਹੋ ਰਹੀ ਦੇਖ ਕੇ ਅਪਣੇ ਕੰਮਾਂ-ਕਾਰਾਂ ਨੂੰ ਭੁੱਲ ਔਰਤਾਂ ਖਿੜ-ਖਿੜ ਹੱਸਦੀਆਂ। ਉਥੇ ਕਿਹੜਾ ਮੈਨੂੰ ਕੋਈ ਜਾਣਦਾ ਸੀ ਕਿ ਮੈਂ ਸ਼ਰਮ ਮਹਿਸੂਸ ਕਰਦਾ। ਇੰਜ ਇਸ ਨਵੇਂ ਮਾਹੌਲ ਵਿਚ ਪਿੰਡ ਦੀ ਖਿੱਚ ਤੇ ਭੌਂ-ਹੇਰਵਾ ਕੁਝ-ਕੁਝ ਘੱਟਣ ਲੱਗ ਪਿਆ।
ਇਕ ਦਿਨ ਡਿਊਟੀ ਤੋਂ ਵਾਪਸ ਆਉਂਦਿਆਂ ਮੇਰੀ ਨੂੰਹ ਤੇ ਬੇਟਾ ਵੱਡਾ ਸਾਰਾ ਕੇਕ ਲੈ ਆਏ। ਉਸ ‘ਤੇ ਚਾਕਲੇਟ ਨਾਲ ‘ਹੈਪੀ ਬਰਥ ਡੇ’ ਲਿਖ ਕੇ ਮੇਰਾਂ ਨਾਂ ਵੀ ਦਰਜ ਕੀਤਾ ਹੋਇਆ ਸੀ। ਮੈਂ ਹੈਰਾਨ ਹੋਇਆ ਕਿ ਉਨ੍ਹਾਂ ਨੇ ਅਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਮੇਰਾ ਜਨਮ ਦਿਨ ਕਿਵੇਂ ਯਾਦ ਰੱਖ ਲਿਆ ਸੀ। ਮੈਨੂੰ ਤੇ ਸ਼ਾਮਾਂ ਨੂੰ ਤਾਂ ਇਸ ਬਾਰੇ ਚਿੱਤ-ਚੇਤਾ ਵੀ ਨਹੀਂ ਸੀ। ਜਨਮ ਦਿਨ ਤਾਂ ਦੂਰ ਦੀ ਗੱਲ ਅਸੀਂ ਤਾਂ ਅਪਣੇ ਵਿਆਹ ਦੀ ਵਰ੍ਹੇਗੰਢ ਵੀ ਕਦੀ ਨਹੀਂ ਸੀ ਮਨਾਈ। ਦਰਅਸਲ ਅਸੀਂ ਪੜ੍ਹੇ ਲਿਖੇ ਦੇਸੀ ਬੰਦੇ ਸਾਂ। ਪਹਿਣਨ-ਖਾਣ ਰਹਿਣ-ਸਹਿਣ ਸਭ ਦੇਸੀ ਸੀ। ਜਨਮ ਦਿਨ ਮਨਾਉਣ ਵੇਲੇ ਜਿਹੜੀ ਵਿਸ਼ੇਸ਼ ਗੱਲ ਹੋਈ, ਉਹ ਸੀ ਮੇਰੀ ਨੂੰਹ ਜਸ਼ਨਪ੍ਰੀਤ ਵਲੋਂ ਮੈਨੂੰ ਮੋਬਾਈਲ ਫੋਨ ਪਰੈਜ਼ੈਂਟ ਕਰਨਾ। ਪਿੰਡ ਲੈਂਡ ਲਾਈਨ ਟੈਲੀਫ਼ੋਨ ਲੱਗਾ ਸੀ, ਮੋਬਾਈਲ ਫ਼ੋਨ ਦੀ ਲੋੜ ਹੀ ਮਹਿਸੂਸ ਨਹੀਂ ਸੀ ਹੋਈ। ਮੈਂ ਬਥੇਰਾ ਕਿਹਾ ਕਿ ਮੈਨੂੰ ਇਹ ਖਿਡਾਉਣਾ ਵਰਤਣਾ ਨਹੀਂ ਆਉਂਦਾ, ਪਰ ਕਿਸੇ ਨੇ ਗੱਲ ਹੀ ਨਾ ਸੁਣੀ। ਸੰਗੀਤ ਤੇ ਰੀਆ ਨੂੰ ਇਸ ਗੱਲ ਦਾ ਵੀ ਚਾਅ ਚੜ੍ਹ ਗਿਆ ਕਿ ਉਹ ਵੱਡੇ ਪਾਪਾ ਨੂੰ ਮੋਬਾਈਲ ਦੀ ਵਰਤੋਂ ਕਰਨੀ ਸਿਖਾਉਣਗੇ। ਬਹੁਤੀ ਆਸ ਤਾਂ ਇਹ ਸੀ ਕਿ ਗ਼ਲਤੀ ਕਰਨ ‘ਤੇ ਸਜ਼ਾ ਦੇਣਗੇ।
ਅਗਲੇ ਦਿਨ ਹੀ ਬੱਚਿਆਂ ਨੇ ਮੇਰੀ ਕਲਾਸ ਲਾਉਣੀ ਸ਼ੁਰੂ ਕਰ ਦਿੱਤੀ। ਦੂਜੀਆਂ ਆਊਟ ਡੋਰ ਖੇਡਾਂ ਵਿਚ ਇਹ ਇਨਡੋਰ ਖੇਡ ਵੀ ਸ਼ਾਮਲ ਹੋ ਗਈ। ਨੂੰਹ-ਪੁੱਤ ਡਿਊਟੀ ‘ਤੇ ਨਿਕਲਦੇ ਤਾਂ ਦੋਵੇਂ ਬੱਚੇ ਮੋਬਾਈਲ ਫ਼ੋਨ ਚੁੱਕ ਕੇ ਮੇਰੇ ਦੁਆਲੇ ਹੋ ਜਾਂਦੇ। ਫ਼ੋਨ ਕਿਵੇਂ ਸੁਣਨਾ ਹੈ, ਕਿਸੇ ਦਾ ਨੰਬਰ ਤੇ ਨਾਂ ਕਿਵੇਂ ਫ਼ੀਡ ਕਰਨਾ ਹੈ, ਸੰਦੇਸ਼ ਕਿਵੇਂ ਭੇਜਣਾ ਹੈ, ਅਲਾਰਮ ਕਿਵੇਂ ਲਾਉਣਾ ਹੈ ਤੇ ਕੋਈ ਗੇਮ ਕਿਵੇਂ ਖੇਡਣੀ ਹੈ, ਵਗੈਰਾ-ਵਗੈਰਾ ਸਟੈੱਪ ਵਾਈਜ਼ ਮੇਰੇ ਲੈਸਨ ਸਨ। ਮੈਂ ਹੈਰਾਨ ਹੁੰਦਾ ਕਿ ਪੰਜਵੀਂ ਜਮਾਤ ਵਿਚ ਪੜ੍ਹਦੇ ਇਹ ਨਿੱਕੇ ਬੱਚੇ ਤਾਂ ਉਸਤਾਦ ਸਨ। ਕਿਸੇ ਵੀ ਲੈਸਨ ਨੂੰ ਵਿਸਥਾਰ ਨਾਲ ਸਮਝਾ ਕੇ ਉਹ ਮੇਰੀ ਪ੍ਰੀਖਿਆ ਲੈਂਦੇ। ਜੇ ਮੈਂ ਗ਼ਲਤ ਹੁੰਦਾ ਤਾਂ ਸ਼ੋਰ ਕਰਦੇ ਇਕੱਠੇ ਹੀ ਬੋਲਦੇ, ”ਬਣ ਜਾਓ ਵੱਡੇ ਪਾਪਾ ਮੁਰਗਾ!” ਕਿੰਨੀ ਸ਼ਾਨਦਾਰ ਸਜ਼ਾ ਸੀ ਇਹ, ਕਿ ਮਨ ਬਾਗ਼ੋ-ਬਾਗ਼ ਹੋ ਜਾਂਦਾ ਤੇ ਮੈਂ ਅਪਣੇ ਬਚਪਨ ਨੂੰ ਯਾਦ ਕਰ ਕੇ ਲੁਤਫ਼ ਲੈਂਦਾ।
ਮੁਰਗਾ ਬਣ ਕੇ ਭਾਵੇਂ ਮੇਰੀਆਂ ਵਿੰਗੀਆਂ ਲੱਤਾਂ ਵਿਚ ਅਸਹਿ ਪੀੜ ਹੁੰਦੀ। ਗਿੱਟਿਆਂ ਵੱਲ ਨੂੰ ਪਸੀਨਾ ਵੀ ਵਗਣ ਲਗਦਾ ਪਰ ਮਿਲਣ ਵਾਲੇ ਸਕੂਨ ਦੇ ਸਾਹਮਣੇ ਇਹ ਤਕਲੀਫ਼ ਕੁਝ ਵੀ ਨਹੀਂ ਸੀ। ਮੈਂ ਰੋਣ ਵਰਗਾ ਮੂੰਹ ਬਣਾ ਕੇ ਬੱਚਿਆਂ ਨੂੰ ਕਹਿੰਦਾ, ”ਛੱਡ ਦਵਾਂ ਜੀ ਕੰਨ! ਮੁੜ ਕੇ ਗ਼ਲਤੀ ਨਹੀਂ ਕਰਾਗਾ।”
ਉਹ ਹੱਸਦੇ, ਤਾੜੀਆਂ ਮਾਰਦੇ ਤੇ ਨੱਚਣ-ਟੱਪਣ ਲੱਗ ਜਾਂਦੇ। ਇਹ ਸਿਲਸਿਲਾ ਕਈ ਦਿਨ ਚਲਦਾ ਰਿਹਾ। ਮੈਂ ਸਾਰੇ ਫ਼ੰਕਸ਼ਨ ਸਿੱਖ ਗਿਆ। ਸਤਿੰਦਰ ਮੋਬਾਈਲ ਫ਼ੋਨ ਵਿਚ ਮੁਹੰਮਦ ਰਫ਼ੀ, ਲਤਾ, ਮਹਿੰਦਰ ਕਪੂਰ ਆਦਿ ਦੇ ਕਿੰਨੇ ਹੀ ਗਾਣੇ ਫੀਡ ਕਰਵਾ ਲਿਆਇਆ ਤੇ ਬੱਚਿਆਂ ਨੇ ਗਾਣੇ ਸੁਣਨ ਲਈ ਸਾਰੀ ਵਿਧੀ ਮੈਨੂੰ ਸਿਖਾ ਦਿੱਤੀ। ਗਾਣੇ ਤੇ ਉਹ ਵੀ ਪੁਰਾਣੇ, ਸ਼ਾਮਾਂ ਦੀ ਤਾਂ ਰੂਹ ਖਿੜ੍ਹ ਗਈ। ਘਰ ਵਿਚ ਵੱਖਰਾ ਹੀ ਮਾਹੌਲ ਸਿਰਜਿਆ ਗਿਆ।
ਸਾਡੇ ਵਿਆਹ ਦੀ ਵਰ੍ਹੇਗੰਢ ਵੀ ਉਨ੍ਹਾਂ ਤੋਂ ਛੁਪੀ ਨਾ ਰਹਿ ਸਕੀ। ਨੂੰਹ-ਪੁੱਤ ਨੇ ਸਾਨੂੰ ਲੈਪਟਾਪ ਭੇਟ ਕੀਤਾ। ਕੰਪਿਊਟਰ ਤਾਂ ਪਹਿਲਾਂ ਹੀ ਘਰ ਵਿਚ ਸੀ, ਜਿਸ ਦੀ ਵਰਤੋਂ ਬੱਚੇ ਖ਼ੂਬ ਕਰਦੇ ਸਨ। ਉਹ ਮੈਨੂੰ ਵੀ ਸਿੱਖਣ ਲਈ ਕਹਿੰਦੇ ਆਏ ਸਨ, ਪਰ ਮੈਂ ਟਾਲਦਾ ਆ ਰਿਹਾ ਸਾਂ। ਮੇਰਾ ਖ਼ਿਆਲ ਸੀ ਕਿ ਇਸ ਬਲਾਅ ਦੀ ਵਰਤੋਂ ਮੈਨੂੰ ਕਦੀ ਵੀ ਸਮਝ ਨਹੀਂ ਆ ਸਕੇਗੀ। ਹੁਣ ਲੈਪਟਾਪ ਆਇਆ ਤਾਂ ਬੱਚਿਆਂ ਨੇ ਫਿਰ ਮੇਰੀ ਕਲਾਸ ਲਾਉਣੀ ਸ਼ੁਰੂ ਕਰ ਦਿੱਤੀ। ਪਤਾ ਨਹੀਂ ਕਿੰਨੀ ਵਾਰੀ ਮੈਂ ਮੁਰਗਾ ਬਣ-ਬਣ ਸਜ਼ਾ ਭੁਗਤਦਾ ਰਿਹਾ। ਲੈਪਟਾਪ ਦੀ ਵਰਤੋਂ ਸਿੱਖਣ ਮਗਰੋਂ ਬੜੀ ਹੈਰਾਨੀ ਹੋਈ ਕਿ ਇਸ ਵਿਚ ਤਾਂ ਦੁਨੀਆ ਭਰ ਦੀ ਸਾਰੀ ਜਾਣਕਾਰੀ ਮੌਜੂਦ ਸੀ। ਬੱਚਿਆਂ ਨੇ ਫੇਸਬੁੱਕ ‘ਤੇ ਮੇਰੇ ਨਾਂ ਦਾ ਖਾਤਾ ਖੋਲ੍ਹ ਦਿੱਤਾ। ਨਿੱਤ ਹੀ ਮੈਂ ਲੈਪਟਾਪ ‘ਤੇ ਅਪਣੇ ਮਨਪਸੰਦ ਅਖ਼ਬਾਰ, ਮੈਗਜ਼ੀਨ ਪੜ੍ਹਦਾ ਤੇ ਅਪਣੇ ਪੁਰਾਣੇ ਮਿੱਤਰ ਲੱਭਣ ਬੈਠ ਜਾਂਦਾ। ਹੌਲੀ-ਹੌਲੀ ਫੇਸਬੁਕ ‘ਤੇ ਮੈਂ ਸੌ ਤੋਂ ਵੀ ਵੱਧ ਅਪਣੇ ਫਰੈਂਡ ਬਣਾ ਲਏ, ਜਿਨ੍ਹਾਂ ਵਿਚ ਮੁੰਡੇ-ਕੁੜੀਆਂ, ਮਰਦ ਔਰਤਾਂ ਸਭ ਸ਼ਾਮਲ ਸਨ। ਮੈਨੂੰ ਇਸ ਗੱਲ ਦੀ ਵੀ ਹੈਰਾਨੀ ਹੁੰਦੀ ਕਿ ਉਨ੍ਹਾਂ ਸਾਰਿਆਂ ਵਿਚ ਮੇਰੀ ਉਮਰ ਸਭ ਤੋਂ ਵੱਧ ਸੀ। ਫਰੈਂਡਾਂ ਵਿਚ ਸ਼ਾਮਲ ਮੁੰਡੇ ਕੁੜੀਆਂ ਜਿਸ ਖੁਲ੍ਹਦਿਲੀ ਨਾਲ ਫੇਸਬੁਕ ਰਾਹੀਂ ਅਪਣੇ ਮਨ ਦੀਆਂ ਗੱਲਾਂ ਸਾਂਝੀਆਂ ਕਰ ਲੈਂਦੇ, ਉਹ ਸ਼ਾਇਦ ਮਾਂ, ਬਾਪ ਤੇ ਰਿਸ਼ਤੇਦਾਰਾਂ ਨਾਲ ਕਰਨੀਆਂ ਸੰਭਵ ਨਾ ਹੁੰਦੀਆਂ ਹੋਣ। ਅਗਲਾ ਅਪਣਾ ਦਿਲ ਖੋਲ੍ਹ ਕੇ ਮੇਰੇ ਅੱਗੇ ਰੱਖ ਦਿੰਦਾ ਤਾਂ ਖ਼ੁਸ਼ੀ ਹੁੰਦੀ। ਮੈਂ ਅਪਣੇ ਪੁਰਾਣੇ ਦੋਸਤਾਂ ਦੇ ਨਾਂ ਭਰ-ਭਰ ਕੇ ਥੱਕ ਗਿਆ ਸਾਂ ਪਰ ਮੈਨੂੰ ਅਜੇ ਤੀਕ ਕੋਈ ਨਹੀਂ ਸੀ ਲੱਭਾ। ਮੈਂ ਇਹ ਗੱਲ ਸੋਚ ਕੇ ਉਦਾਸ ਵੀ ਹੁੰਦਾ ਕਿ ਮੈਨੂੰ ਸ਼ਾਇਦ ਹੀ ਕੋਈ ਪੁਰਾਣਾ ਮਿੱਤਰ ਲੱਭੇਗਾ। ਮੈਂ ਤਰੇਂਹਠ ਸਾਲ ਤੋਂ ਟੱਪ ਚੁੱਕਾ ਸਾਂ, ਕਿੰਨੇ ਕੁ ਮਿੱਤਰ ਬਚੇ ਹੋਣਗੇ। ਸਭ ਦੀ ਇਹ ਬੋਨਸ ਦੀ ਜ਼ਿੰਦਗੀ ਸੀ। ਜੋ ਬਚੇ ਵੀ ਹੋਣਗੇ ਤਾਂ ਕਿੰਨਿਆਂ ਕੁ ਨੂੰ ਇਸ ਬਲਾਅ ਬਾਰੇ ਜਾਣਕਾਰੀ ਹੋਵੇਗੀ। ਮੇਰੀ ਉਮਰ ਦੇ ਬਹੁਤੇ ਬੰਦਿਆਂ ਨੂੰ ਤਾਂ ਮੋਬਾਈਲ ਫ਼ੋਨ ਵਰਤਣਾ ਵੀ ਨਹੀਂ ਸੀ ਆਉਂਦਾ।
ਇਕ ਦਿਨ ਲੈਪਟਾਪ ਨਾਲ ਖੇਡਦਿਆਂ ਮੈਨੂੰ ਮੇਰੇ ਪੁਰਾਣੇ ਮਿੱਤਰ ਹਰਮਿਲਾਪ ਸ਼ੰਭੂ ਦਾ ਚੇਤਾ ਆ ਗਿਆ, ਜਿਸ ਨਾਲ ਕਦੀ ਮੈਂ ਗਵਾਲੀਅਰ ਦੇ ਕਾਲਜ ਵਿਚ ਪੜ੍ਹਿਆ ਸਾਂ ਤੇ ਪੰਜਾਬੀ ਹੋਣ ਕਰ ਕੇ ਅਸੀਂ ਦੋਸਤ ਬਣ ਗਏ ਸਾਂ। ਪੜ੍ਹਾਈ ਪੂਰੀ ਹੋਣ ਮਗਰੋਂ ਉਹ ਬਿਜ਼ਨਸ ਵਿਚ ਪੈ ਗਿਆ ਸੀ ਤੇ ਮੈਂ ਪੰਜਾਬ ਆ ਗਿਆ ਸਾਂ। ਮੈਂ ਸ਼ੰਭੂ ਨੂੰ ਲੱਭਣ ਲਈ ਉਹ ਦਾ ਨਾਂ ਐਂਟਰ ਕੀਤਾ। ਮੈਨੂੰ ਖ਼ੁਸ਼ੀ ਹੋਈ ਕਿ ਉਸ ਦੀ ਫੇਸਬੁੱਕ ਵੀ ਬਣੀ ਹੋਈ ਸੀ। ਮੈਂ ਉਥੇ ਕਲਿਕ ਕਰ ਕੇ ਫੇਸਬੁੱਕ ਵਾਲਾ ਪੇਜ ਕੱਢ ਲਿਆ ਤੇ ਅਪਣਾ ਈ-ਮੇਲ ਐਡਰੈਸ ਭਰ ਕੇ ਪਾਸਵਰਡ ਐਂਟਰ ਕਰ ਦਿੱਤਾ। ਕਲਿਕ ਕੀਤਾ ਤਾਂ ਹਰਮਿਲਾਪ ਸ਼ੰਭੂ ਨਾਂ ਦੇ ਭਾਰੇ-ਭਰਕਮ ਬੰਦੇ ਦੀ ਫ਼ੋਟੋ ਵੀ ਆ ਗਈ ਤੇ ਫੇਸਬੁੱਕ ਵੀ ਖੁਲ੍ਹ ਗਈ। ਉਹ ਮੇਰੀ ਪਛਾਣ ਵਿਚ ਨਹੀਂ ਸੀ ਆ ਰਿਹਾ। ਮੈਂ ਉਸ ਦੇ ਸਾਰੇ ਵੇਰਵੇ ਦੇਖੇ ਤਾਂ ਵਿਸ਼ਵਾਸ ਹੋ ਗਿਆ।
ਬੇਟਾ ਤੇ ਨੂੰਹ ਡਿਊਟੀ ਤੋਂ ਵਾਪਸ ਆਏ ਤਾਂ ਮੈਂ ਉਨ੍ਹਾਂ ਨੂੰ ਇਹ ਸਾਰੀ ਗੱਲਬਾਤ ਦੱਸੀ ਕਿ ਤਿੰਨ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਵਿਛੜੇ ਦੋ ਦੋਸਤਾਂ ਨੂੰ ਲੈਪਟਾਪ ਨੇ ਮਿਲਾ ਦਿੱਤਾ ਸੀ। ਉਹ ਦੋਵੇਂ ਇਹ ਗੱਲ ਸੁਣ ਕੇ ਖ਼ੁਸ਼ ਹੋਏ, ਪਰ ਜਦੋਂ ਆਉਂਦੇ ਐਤਵਾਰ ਸ਼ਾਮੀ ਤਿੰਨ ਵਜੇ ਦੀ ਗੱਡੀ ਸ਼ੰਭੂ ਦੇ ਚੰਡੀਗੜ੍ਹ ਪਹੁੰਚਣ ਦਾ ਫ਼ੋਨ ਆਇਆ ਤਾਂ ਉਨ੍ਹਾਂ ਦੇ ਚਿਹਰੇ ਮੁਰਝਾ ਗਏ। ਉਨ੍ਹਾਂ ਲਈ ਇਹ ਖਾਮ-ਖਾਹ ਦੀ ਆਪ ਸਹੇੜੀ ਮੁਸੀਬਤ ਸੀ। ਮੇਰੀ ਨੂੰਹ ਨੂੰ ਆਪਦਾ ਕੰਮ ਵੱਧ ਜਾਣ ਦੀ ਚਿੰਤਾ ਸੀ। ਉਸ ਨੇ ਮਲਵੀਂ ਜੀਭ ਨਾਲ ਮੈਨੂੰ ਇਹ ਆਖ ਵੀ ਦਿੱਤਾ ਕਿ ਮੈਂ ਉਨ੍ਹਾਂ ਲਈ ਅਜਿਹੇ ਸਿਰ ਦਰਦ ਪੈਦਾ ਨਾ ਕਰਿਆਂ ਕਰਾਂ। ਸ਼ੰਭੂ ਨੇ ਮੈਨੂੰ ਫ਼ੋਨ ‘ਤੇ ਇਹ ਵੀ ਦੱਸਿਆ ਕਿ ਉਸ ਕੋਲ ਸਾਮਾਨ ਹੈ, ਅਸੀਂ ਉਸ ਨੂੰ ਸਟੇਸ਼ਨ ਤੋਂ ਲੈ ਕੇ ਜਾਈਏ।
ਐਨੇ ਸਾਲਾਂ ਬਾਅਦ ਅਸੀਂ ਮਿਲਣਾ ਸੀ। ਸ਼ੰਭੂ ਦੀ ਪੂਰੇ ਮੋਹ ਨਾਲ ਖ਼ਾਤਰਦਾਰੀ ਕਰਨਾ ਮੇਰਾ ਫ਼ਰਜ਼ ਬਣਦਾ ਸੀ। ਮੈਂ ਨੂੰਹ-ਪੁੱਤ ਨੂੰ ਕਹਿਣ ਦੀ ਥਾਂ ਐਤਵਾਰ ਸਵੇਰੇ ਹੀ ਮਠਿਆਈ ਤੇ ਹੋਰ ਕਾਫ਼ੀ ਕੁਝ ਖਾਣ-ਪੀਣ ਲਈ ਲੈ ਆਇਆ। ਡਰਾਈ ਫਰੂਟ ‘ਤੇ ਵੀ ਪੰਜ ਸੌ ਰੁਪਏ ਖ਼ਰਚ ਦਿੱਤੇ। ਮੇਰੀ ਨੂੰਹ ਜ਼ਰੂਰ ਸੋਚਦੀ ਹੋਵੇਗੀ ਕਿ ਮੈਂ ਉਨ੍ਹਾਂ ਵਾਸਤੇ ਤਾਂ ਕਦੀ ਕੁਝ ਖ਼ਰੀਦ ਕੇ ਨਹੀਂ ਸੀ ਲਿਆਇਆ। ਅੱਜ ਦੋਸਤ ਨੇ ਆਉਣਾ ਸੀ ਤਾਂ ਖ਼ਜ਼ਾਨਾ ਹੀ ਲੁਟਾ ਦਿੱਤਾ। ਮੈਂ ਤੇ ਬੇਟਾ ਸਤਿੰਦਰ ਟਰੇਨ ਆਉਣ ਤੋਂ ਪਹਿਲਾਂ ਉਸ ਨੂੰ ਲੈਣ ਲਈ ਰੇਲਵੇ ਸਟੇਸ਼ਨ ‘ਤੇ ਪੁੱਜ ਗਏ। ਉਸ ਦੀ ਮੌਜੂਦਾ ਫ਼ੋਟੋ ਇੰਟਰਨੈਟ ‘ਤੇ ਅਸੀਂ ਦੇਖ ਚੁੱਕੇ ਸਾਂ, ਗੱਡੀ ਆਈ ਤਾਂ ਉਤਰਦਿਆਂ ਸਾਰ ਹੀ ਮੈਂ ਉਸ ਨੂੰ ਪਛਾਣ ਲਿਆ। ਉਹ ਵੱਡਾ ਬੈਗ ਆਪਣੇ ਮੋਢੇ ਨਾਲ ਲਮਕਾਈ ਪਹੀਆਂ ਵਾਲੇ ਵੱਡੇ ਸੂਟਕੇਸ ਨੂੰ ਪਲੇਟਫ਼ਾਰਮ ‘ਤੇ ਖਿੱਚੀ ਆ ਰਿਹਾ ਸੀ। ਮੈਂ ਉਸ ਦੀ ਭਾਰੀ ਦੇਹ ‘ਤੇ ਲਟਕਿਆ ਪੇਟ ਦੇਖ ਕੇ ਬਹੁਤ ਹੈਰਾਨ ਹੋਇਆ। ਕਾਲਜ ਵਾਲਾ ਹਰਮਿਲਾਪ ਸ਼ੰਭੂ ਹੁਣ ਉਸ ਸਰੀਰ ਵਿਚ ਕਿਧਰੇ ਵੀ ਨਹੀਂ ਸੀ। ਜੱਫ਼ੀ ਤਾਂ ਉਸ ਨੂੰ ਕੀ ਪੈਣੀ ਸੀ, ਮੈਂ ਹੱਥ ਮਿਲਾ ਕੇ ਉਸ ਦਾ ਹਾਲ-ਚਾਲ ਪੁੱਛਿਆ। ਸਤਿੰਦਰ ਨੇ ਉਸ ਦੇ ਪੈਰਾਂ ਵੱਲ ਨੂੰ ਝੁਕ ਕੇ ਸੂਟਕੇਸ ਦਾ ਕੁੰਡਾ ਉਸ ਦੇ ਹੱਥੋਂ ਫੜ ਲਿਆ। ਮੈਂ ਸਤਿੰਦਰ ਨਾਲ ਉਸ ਦੀ ਜਾਣ-ਪਛਾਣ ਕਰਵਾਈ ਤੇ ਦੱਸਿਆ ਕਿ ਜਦੋਂ ਅਸੀਂ ਵਿਛੜੇ ਸਾਂ ਤਾਂ ਅਸੀਂ ਸਤਿੰਦਰ ਦੀ ਉਮਰ ਨਾਲੋਂ ਵੀ ਛੋਟੇ ਸਾਂ। ਵਕਤ ਕਿੰਨੀ ਤੇਜ਼ ਗਤੀ ਨਾਲ ਬੀਤ ਗਿਆ ਸੀ। ਸ਼ੰਭੂ ‘ਹਾ ਹਾ’ ਕਰ ਕੇ ਹੱਸਣ ਲੱਗਾ ਤਾਂ ਉਸ ਦਾ ਲਟਕਿਆ ਪੇਟ ਹਿੱਲਣ ਲੱਗਾ। ਇਕ ਵਾਰੀ ਹੱਸਣਾ ਬੰਦ ਕਰ ਕੇ ਉਸ ਨੇ ਸਾਹ ਲਿਆ ਤੇ ਮੁੜ ਪਹਿਲਾਂ ਨਾਲੋਂ ਵੀ ਉਚੀ ਹੱਸਿਆ। ਸਟੇਸ਼ਨ ਤੋਂ ਬਾਹਰ ਨਿਕਲ ਅਸੀਂ ਗੱਡੀ ਵਿਚ ਸਾਮਾਨ ਰੱਖ ਲਿਆ। ਰਸਤੇ ‘ਚੋਂ ਪਨੀਰ ਪਕੌੜੇ ਅਤੇ ਸਮੋਸੇ ਖਰੀਦ ਅਸੀਂ ਘਰ ਪੁੱਜ ਗਏ। ਮੇਰੀ ਨੂੰਹ ਉਸ ਦੇ ਪੈਰਾਂ ਵੱਲ ਨੂੰ ਝੁਕੀ ਤਾਂ ਉਸ ਨੇ ਅਪਣੇ ਦੋਵਾਂ ਹੱਥਾਂ ਨਾਲ ਉਸ ਨੂੰ ਰੋਕਿਆ। ਸ਼ਾਮਾਂ ਨੇ ਵੀ ਉਸ ਨੂੰ ਨਮਸਤੇ ਕਹੀ। ਮੈਂ ਸਾਰਿਆਂ ਦਾ ਤੁਆਰਫ਼ ਕਰਾਇਆ।
ਸ਼ੰਭੂ ਦੇ ਠਹਿਰਣ ਲਈ ਅਸੀਂ ਬੱਚਿਆਂ ਦਾ ਪੜ੍ਹਨ ਵਾਲਾ ਕਮਰਾ ਪਹਿਲਾਂ ਹੀ ਖਾਲੀ ਕਰ ਦਿੱਤਾ ਸੀ। ਉਥੇ ਹੀ ਸਤਿੰਦਰ ਨੇ ਉਸ ਦਾ ਸੂਟਕੇਸ ਤੇ ਬੈਗ ਰੱਖ ਦਿੱਤੇ। ਸ਼ੰਭੂ ਨੱਕ ਚੜ੍ਹਾਉਂਦਾ ਬੋਲਿਆ, ‘ਬਾਥਰੂਮ ਕਿਧਰ ਏ?’
ਬਾਥਰੂਮ ਕਮਰੇ ਦੇ ਨਾਲ ਹੀ ਅਟੈਚਡ ਸੀ। ਉਹ ਅੰਦਰ ਜਾ ਵੜਿਆ। ਦੋਵੇਂ ਬੱਚੇ ਜਿਹੜੇ ਉਸ ਵੱਲ ਦੂਰੋਂ ਹੀ ਦੇਖ ਰਹੇ ਸਨ, ਮੇਰੇ ਲਾਗੇ ਆ ਗਏ। ਸੰਗੀਤ ਮੂੰਹ ‘ਤੇ ਹੱਥ ਰੱਖ ਕੇ ਹੱਸਿਆ ਤੇ ਅੰਗਰੇਜ਼ੀ ‘ਚ ਬੋਲਿਆ, ”ਵੱਡੇ ਪਾਪਾ ਇਹ ਗੈਂਡਾ ਤੁਹਾਡਾ ਕਲਾਸ ਫੈਲੋ ਸੀ?”
”ਬੇਟੇ ਇੰਜ ਨਹੀਂ ਆਖਦੇ। ਰਿਸਪੈਕਟ ਕਰਨੀ ਸਿੱਖੋ।” ਮੈਂ ਕਿਹਾ।
ਉਹ ਬਾਥਰੂਮ ‘ਚੋਂ ਕਾਫ਼ੀ ਸਮਾਂ ਲਾ ਕੇ ਨਿਕਲਿਆ। ਜਸ਼ਨਪ੍ਰੀਤ ਨੇ ਜਦ ਨੂੰ ਖਾਣ-ਪੀਣ ਦਾ ਸਾਮਾਨ ਮੇਜ ‘ਤੇ ਟਿਕਾ ਦਿੱਤਾ ਸੀ। ਸ਼ੰਭੂ ਬੋਲਿਆ, ”ਯਾਰ, ਐਨੀ ਖੇਚਲ ਕਰਨ ਦੀ ਕਿਹੜੀ ਲੋੜ ਸੀ।”
”ਇਸ ਵਿਚ ਖੇਚਲ ਵਾਲੀ ਕਿਹੜੀ ਗੱਲ ਏ ਭਰਾਵਾ, ਚਿਰਾਂ ਬਾਅਦ ਮਿਲੇ ਹਾਂ।” ਮੈਂ ਕਿਹਾ।
ਮੈਂ ਉਸ ਨੂੰ ਸੋਫ਼ੇ ‘ਤੇ ਬੈਠਣ ਲਈ ਕਿਹਾ। ਮੇਰਾ ਬੇਟਾ ਤੇ ਨੂੰਹ ਵੀ ਸਾਡੇ ਨਾਲ ਆ ਬੈਠੇ। ਬੱਚੇ ਰਸੋਈ ਵਿਚ ਹੀ ਖਾ ਪੀ ਰਹੇ ਸਨ। ਮੈਂ ‘ਲਓ ਜੀ’ ਕਹਿ ਕੇ ਪਲੇਟ ਅਤੇ ਚਮਚ ਸ਼ੰਭੂ ਨੂੰ ਫੜਾ ਦਿੱਤੇ। ਸ਼ਾਇਦ ਲੰਮਾ ਸਫ਼ਰ ਹੋਣ ਕਰ ਕੇ ਉਸ ਨੂੰ ਕਾਫ਼ੀ ਭੁੱਖ ਲੱਗੀ ਹੋਈ ਸੀ। ਦੋ ਸਮੋਸੇ, ਪੰਜ ਸੱਤ ਪਨੀਰ ਪਕੌੜੇ ਖਾਣ ਮਗਰੋਂ ਉਹ ਕਾਫ਼ੀ ਸਾਰੀ ਮਠਿਆਈ ਵੀ ਖਾ ਗਿਆ। ਮੇਰੀ ਨੂੰਹ ਉਠੀ ਤੇ ਬੋਲੀ, ”ਡੈਡੀ ਜੀ, ਮੈਂ ਚਾਹ ਬਣਾ ਲਿਆਂਵਾਂ?”
”ਇਕ ਮਿੰਟ ਰੁਕੋ ਬੇਟੀ।” ਸ਼ੰਭੂ ਬੋਲਿਆ। ਉਹ ਆਪਣੇ ਬੈਗ ‘ਚੋਂ ਇਕ ਚੌਰਸ ਡੱਬੀ ਕੱਢ ਲਿਆਇਆ ਜਿਸ ‘ਤੇ ਕਿਸੇ ਰਿਸ਼ੀ ਦੀ ਫ਼ੋਟੋ ਬਣੀ ਹੋਈ ਸੀ। ਉਸ ਨੇ ਦੱਸਿਆ ਕਿ ਇਸ ਡੱਬੀ ਵਿਚ ‘ਅਫ਼ਗ਼ਾਨਿਸਤਾਨੀ ਚਾਹ ਮਸਾਲਾ’ ਸੀ। ਚਾਹ ਵਿਚ ਦੋ ਚੁਟਕੀਆਂ ਪਾਓ ਤੇ ਦੇਖੋ ਚਾਹ ਦਾ ਟੇਸਟ। ਜਸ਼ਨਪ੍ਰੀਤ ਡੱਬੀ ਫੜ ਕੇ ਰਸੋਈ ਵਿਚ ਚਲੀ ਗਈ। ਉਸ ਦੇ ਮਸਾਲੇ ਨੇ ਚਾਹ ਐਨੀ ਬਕਵਾਸ ਬਣਾ ਦਿੱਤੀ ਸੀ ਕਿ ਮੈਂ ਪਹਿਲਾਂ ਘੁੱਟ ਹੀ ਮਸਾਂ ਨਿਘਾਰਿਆ। ਚਾਹ ਵਿਚੋਂ ਤਮਾਕੂ ਵਰਗੀ ਗੰਧ ਆਉਣ ਲੱਗ ਪਈ ਸੀ। ਸਤਿੰਦਰ ਵੀ ਕੱਪ ਚੁੱਕ ਕੇ ਰਸੋਈ ਵੱਲ ਚਲਾ ਗਿਆ। ਚਾਹ ਪੀਂਦਾ ਸ਼ੰਭੂ ਆਪਣੇ ਮਸਾਲੇ ਦੇ ਗੁਣਗਾਣ ਕਰਦਾ ਰਿਹਾ।
ਚਾਹ ਪੀਣ ਮਗਰੋਂ ਉਸ ਨੇ ਆਪਣਾ ਸੂਟਕੇਸ ਖੋਲ੍ਹ ਲਿਆ। ਸਾਰੇ ਉਸ ਵੱਲ ਬੜੀ ਉਤਸੁਕਤਾ ਨਾਲ ਦੇਖਣ ਲੱਗੇ। ਉਹ ਇਕੱਲੀ ਇਕੱਲੀ ਚੀਜ਼ ਕੱਢ ਕੇ ਸਾਨੂੰ ਦਿਖਾਉਂਦਾ ਤੇ ਉਸ ਦੀ ਕਾਰਜ ਵਿਧੀ ਦੱਸਦਾ। ਇਹ ਘਰਾਂ ਵਿਚ ਕੰਮ ਆਉਣ ਵਾਲੇ ਕੁਝ ਅਜਿਹੇ ਔਜਾਰ ਸਨ, ਜਿਹੜੇ ਮੈਨੂਅਲ ਸਨ। ਉਸ ਨੇ ਸਾਨੂੰ ਜੋ ਕੁਝ ਵੀ ਦਿਖਾਇਆ ਮੇਰੀ ਨੂੰਹ ਨੂੰ ਰਸੋਈ ਵਿਚ ਲੈ ਜਾਣ ਲਈ ਕਹਿੰਦਾ ਰਿਹਾ। ਉਸ ਦੇ ਔਜਾਰਾਂ ਵਿਚ ਆਟਾ ਗੁੰਨ੍ਹਣ ਵਾਲੀ ਮਸ਼ੀਨ, ਮੁਸੰਮੀ ਜੂਸਰ, ਰੋਟੀ ਮੇਕਰ, ਪਿਆਜ਼ ਕੱਟਣ ਤੇ ਲੱਸਣ ਛਿੱਲਣ ਵਾਲੀ ਮਸ਼ੀਨ, ਸਲਾਦ ਕਟਰ, ਮਸਾਲੇ ਮਿਰਚਾਂ ਪੀਹਣ ਵਾਲਾ ਗਰਾਈਂਡਰ, ਟੋਸਟਰ, ਚਿਪਸ ਮੇਕਰ ਤੇ ਹੋਰ ਕਾਫ਼ੀ ਕੁਝ ਸੀ। ਮੇਰੀ ਨੂੰਹ ਤੇ ਪੋਤਾ-ਪੋਤੀ ਇਹ ਸਾਰਾ ਸਾਮਾਨ ਚੁੱਕੀ ਗਏ। ਉਹ ਹੈਰਾਨ ਵੀ ਹੋਏ ਕਿ ਮੇਰਾ ਦੋਸਤ ਉਨ੍ਹਾਂ ਲਈ ਦੁਨੀਆ ਭਰ ਦਾ ਸਾਮਾਨ ਲੈ ਕੇ ਆਇਆ ਸੀ।
ਉਸ ਨੇ ਆਪਣੇ ਕਮਰੇ ਨਾਲ ਬਣੇ ਬਾਥਰੂਮ ਵਿਚ ਇਸ਼ਨਾਨ ਕੀਤਾ ਤੇ ਕਮੀਜ ਪਜ਼ਾਮਾ ਪਾ ਲਿਆ। ਹੁਣ ਉਹ ਹੋਰ ਵੀ ਮੋਟਾ ਲੱਗਣ ਲੱਗਾ। ਕਾਲਜ ਸਮੇਂ ਦੀਆਂ ਗੱਲਾਂ ਕਰਦਾ-ਕਰਦਾ ਉਹ ਆਪਣੇ ਬਿਜ਼ਨਸ ਦੀਆਂ ਗੱਲਾਂ ਕਰਨ ਲੱਗਾ। ਜਿਹੜੀਆਂ ਚੀਜ਼ਾਂ ਉਸ ਨੇ ਸਾਨੂੰ ਦਿੱਤੀਆਂ ਸਨ, ਉਹ ਗਵਾਲੀਅਰ ਦੇ ਆਲੇ-ਦੁਆਲੇ ਦੇ ਪਿੰਡਾਂ ਕਸਬਿਆਂ ਦੇ ਦੁਕਾਨਦਾਰਾਂ ਕੋਲ ਘੁੰਮ ਕੇ ਉਨ੍ਹਾਂ ਦੇ ਆਰਡਰ ਲਿਆ ਕਰਦਾ ਸੀ। ਮੈਨੂਅਲ ਹੋਣ ਕਰ ਕੇ ਸ਼ਹਿਰਾਂ ਵਿਚ ਉਸ ਦੇ ਸਾਮਾਨ ਦੀ ਉਕਾ ਹੀ ਕੋਈ ਮੰਗ ਨਹੀਂ ਸੀ। ਪਿੰਡਾਂ ਦੇ ਲੋਕ ਹੀ ਇਸ ਮਾਲ ਨੂੰ ਪਸੰਦ ਕਰਦੇ ਸਨ, ਕਿਉਂਕਿ ਉਥੇ ਬਿਜਲੀ ਘੱਟ-ਵੱਧ ਹੀ ਰਹਿੰਦੀ ਸੀ। ਉਸ ਦੇ ਚਾਰ ਮੁੰਡੇ ਤੇ ਦੋ ਜਵਾਈ ਵੀ ਇਸੇ ਕਾਰੋਬਾਰ ਵਿਚ ਲੱਗੇ ਹੋਏ ਸਨ ਤੇ ਉਨ੍ਹਾਂ ਨੇ ਵੱਖ-ਵੱਖ ਸ਼ਹਿਰਾਂ ਨਾਲ ਜੁੜੇ ਕਸਬੇ ਅਤੇ ਪਿੰਡ ਸਾਂਭੇ ਹੋਏ ਸਨ। ਇਸ ਕੰਮ ‘ਚੋਂ ਸ਼ੰਭੂ ਲੱਖਾਂ ਰੁਪਏ ਕਮਾ ਚੁੱਕਾ ਸੀ। ਹੁਣ ਉਹ ਚਾਹੁੰਦਾ ਸੀ ਕਿ ਉਹ ਆਪਣਾ ਕੰਮ ਪੰਜਾਬ ਦੇ ਪਿੰਡਾਂ ਕਸਬਿਆਂ ਤਕ ਲੈ ਕੇ ਜਾਵੇ ਤੇ ਗਵਾਲੀਅਰ ਦਾ ਇਲਾਕਾ ਆਪਣੇ ਭਤੀਜਿਆਂ ਨੂੰ ਸੰਭਾਲ ਦੇਵੇ। ਮੈਨੂੰ ਉਸ ਦੀਆਂ ਇਨ੍ਹਾਂ ਵਪਾਰਕ ਗੱਲਾਂ ਵਿਚ ਕੋਈ ਦਿਲਚਸਪੀ ਨਹੀਂ ਸੀ। ਫਿਰ ਵੀ ਮਹਿਮਾਨ-ਮਿੱਤਰ ਨਾਤੇ ਮੈਂ ਉਸ ਦੀਆਂ ਬੇਹੁਦਾ ਗੱਲਾਂ ਸ਼ਾਮ ਤਕ ਸੁਣੀ ਗਿਆ। ਮੈਂ ਬੋਰ ਵੀ ਹੋਣ ਲੱਗਾ ਤੇ ਪਛਤਾਉਣ ਵੀ ਕਿ ਸਮੇਂ ਦੇ ਲੰਘਣ ਨਾਲ ਬੰਦਾ ਕੀ ਦਾ ਕੀ ਬਣ ਜਾਂਦਾ ਹੈ। ਜਿਵੇਂ ਕੁਦਰਤ ਵਿਚ ਹਰ ਪਲ ਤਬਦੀਲੀ ਆਉਂਦੀ ਰਹਿੰਦੀ ਹੈ, ਉਵੇਂ ਬੰਦੇ ਦੇ ਹਾਲਾਤ ਉਸ ਦੀ ਸੋਚ ਨੂੰ ਬਦਲ ਕੇ ਰੱਖ ਦਿੰਦੇ ਹਨ। ਇਹ ਗੱਲ ਮੈਨੂੰ ਹੁਣ ਸਮਝ ਆਈ। ਹਨੇਰਾ ਹੋਣ ਵਾਲਾ ਸੀ, ਮੈਂ ਉਸ ਨੂੰ ਪੁੱਛਿਆ, ”ਯਾਰ ਹਰਮਿਲਾਪ, ਅੱਜ ਸ਼ਾਮੀ ਤੇਰੀ ਪਸੰਦ ਦਾ ਖਾਣਾ ਬਣੇਗਾ। ਜੋ ਤੂੰ ਪਸੰਦ ਕਰਦਾ ਏਂ ਦੱਸ?”
”ਬਈ ਮਿੱਤਰਾ, ਮੈਂ ਵਿਸਕੀ ਦਾ ਇਕ ਹਾਫ਼ ਲਵਾਂਗਾ ਤੇ ਫਰਾਈ ਕੀਤਾ ਇਕ ਚਿਕਨ ਖਾਵਾਂਗਾ। ਉਸ ਮਗਰੋਂ ਜੋ ਵੀ ਦਾਲ-ਸਬਜ਼ੀ ਬਣੀ ਉਸ ਨਾਲ ਚਾਰ ਫੁਲਕੇ ਖਾ ਕੇ ਲਵਾਂਗਾ। ਬਹੁਤ ਤਕੱਲਫ਼ ਕਰਨ ਦੀ ਲੋੜ ਨਹੀਂ।” ਉਸ ਨੇ ਪੈਂਦੀ-ਸੱਟੇ ਅਪਣਾ ਮੀਨੂੰ ਦੱਸ ਦਿੱਤਾ।
ਇਹ ਮੇਰੇ ਲਈ ਨਵੀਂ ਪ੍ਰੇਸ਼ਾਨੀ ਵਾਲੀ ਗੱਲ ਸੀ। ਫਿਰ ਵੀ ਮੈਂ ਹੌਸਲਾ ਕਰ ਕੇ ਕਿਹਾ, ”ਯਾਰ ਸ਼ੰਭੂ ਅਸੀਂ ਤਾਂ ਵੈਸ਼ਨੂੰ ਬੰਦੇ ਹਾਂ। ਮੀਟ-ਦਾਰੂ ਸਾਡੇ ਘਰ ਨਹੀਂ ਚਲਦੇ।”
”ਇੰਜ ਕਰਾਂਗੇ। ਸ਼ਹਿਰ ਕਿਸੇ ਹੋਟਲ ਵਿਚ ਚਲੇ ਚੱਲਾਂਗੇ। ਰੋਟੀ ਘਰ ਆ ਕੇ ਖਾ ਲਵਾਂਗੇ।” ਉਹ ਬੋਲਿਆ।
ਮੈਂ ਉਠ ਕੇ ਅਪਣੇ ਬੇਟੇ ਸਤਿੰਦਰ ਕੋਲ ਗਿਆ ਤੇ ਉਸ ਨੂੰ ਸਾਰੀ ਗੱਲ ਦੱਸੀ। ਉਹ ਬੋਲਿਆ, ”ਸ਼ਰਾਬਾਂ ਪਿਆਉਣੀਆਂ ਤੇ ਮੁਰਗੇ ਖੁਆਉਣੇ ਕੋਈ ਜ਼ਰੂਰੀ ਨਹੀਂ ਡੈਡ। ਜੋ ਘਰ ਬਣਦਾ ਏ ਉਸ ਨੂੰ ਦੇਵੋ।”
”ਚੱਲ ਕੋਈ ਨਾ। ਇਕ ਰਾਤ ਦੀ ਗੱਲ ਏ ਬੇਟਾ। ਕੱਲ੍ਹ ਉਸ ਨੇ ਚਲਿਆ ਜਾਣਾ ਹੈ। ਚਾਰ ਪੰਜ ਸੌ ਰੁਪਏ ਲੱਗ ਜਾਣਗੇ, ਕੋਈ ਫ਼ਰਕ ਨਹੀਂ ਪੈਂਦਾ। ਉੁਹ ਅਪਣੇ ਲਈ ਐਨਾ ਸਾਮਾਨ ਵੀ ਲੈ ਆਇਆ ਏ।”
”ਆਪਾਂ ਇਹ ਸਮਾਂ ਵਿਹਾ ਚੁੱਕੇ ਸਾਮਾਨ ਨੂੰ ਸਿਰ ‘ਚ ਮਾਰਨਾ ਏ? ਅਪਣੇ ਕੋਲ ਬਿਜਲੀ ਨਾਲ ਚੱਲਣ ਵਾਲਾ ਕੀ ਨਹੀਂ? ਮੱਥੇ ਮਾਰੋ ਉਸ ਦੇ। ਇਹ ਸਾਮਾਨ ਵਰਤਣਾ ਤਾਂ ਸਾਇੰਸ ਦੀ ਤਰੱਕੀ ਨੂੰ ਪੁੱਠਾ ਗੇੜਾ ਦੇਣਾ ਏਂ।” ਉਹ ਬੋਲਿਆ ਤਾਂ ਮੈਂ ਘਬਰਾ ਗਿਆ। ਐਵੇਂ ਘਰ ਬੈਠਾ ਬਿਠਾਇਆ ਫੇਸਬੁੱਕ ਰਾਹੀਂ ਫਸ ਗਿਆ ਸਾਂ। ਯਾਦ ਹੀ ਨਹੀਂ ਸੀ ਰਿਹਾ ਕਿ ਐਥੇ ਮੇਰਾ ਨਹੀਂ ਸਗੋਂ ਨੂੰਹ-ਪੁੱਤ ਦਾ ਰਾਜ ਸੀ। ਬੇਨਤੀ ਦੇ ਲਹਿਜ਼ੇ ਵਿਚ ਮੈਂ ਉਸ ਨੂੰ ਕਿਹਾ, ”ਕੋਈ ਨਾ ਪੁੱਤ ਸਤਿੰਦਰ। ਗ਼ਲਤੀ ਮੈਥੋਂ ਹੋ ਗਈ। ਇਹ ਕਿਹੜਾ ਬਾਰ-ਬਾਰ ਹੋਣੀ ਏਂ। ਬੋਤਲਾਂ ‘ਚੋਂ ਭੂਤ ਕੱਢ ਬੈਠਾਂ, ਹੁਣ ਮੁੜ ਅੰਦਰ ਤਾਂ ਵਾੜਨਾ ਹੀ ਪਊ। ਖ਼ਰਚ ਮੈਂ ਸਾਰਾ ਕਰੂੰ। ਤੂੰ ਬੱਸ ਗੱਡੀ ‘ਚ ਲੈ ਚੱਲ। ਤੇਰਾ ਅਹਿਸਾਨ ਨਹੀਂ ਭੁੱਲਦਾ।”
ਵਿਗੜੇ ਹੋਏ ਮੂਡ ਵਿਚ ਹੀ ਸਤਿੰਦਰ ਸਾਨੂੰ ਢਾਬੇ ਕੋਲ ਲੈ ਗਿਆ। ਅਸੀਂ ਦੋਵੇਂ ਜਣੇ ਗੱਡੀ ‘ਚੋਂ ਉਤਰ ਢਾਬੇ ‘ਚ ਜਾ ਵੜੇ। ਜਿਹੜੀ ਸ਼ਰਾਬ ਸ਼ੰਭੂ ਕਹਿੰਦਾ ਸੀ, ਢਾਬੇ ਵਾਲੇ ਨੂੰ ਆਖ ਮੰਗਵਾਉਣੀ ਚਾਹੀ। ਉਹ ਕੰਨਾਂ ਨੂੰ ਹੱਥ ਲਾਉਂਦਾ ਬੋਲਿਆ, ”ਕਿਸੇ ਢਾਬੇ ‘ਚ ਬਹਿ ਕੇ ਪੀਣ ਦੀ ਗੱਲ ਤਾਂ ਦੂਰ, ਐਥੇ ਤਾਂ ਪੁਲੀਸ ਗੱਡੀ ‘ਚ ਬਹਿ ਕੇ ਪੀਣ ਵਾਲਿਆਂ ਨੂੰ ਵੀ ਫੜ ਕੇ ਲੈ ਜਾਂਦੀ ਏ।”
ਉਸ ਨੇ ਲਾਗਲੇ ਸੈਕਟਰ ਵਿਚ ਕਿਸੇ ਅੰਗਰੇਜ਼ੀ ਠੇਕੇ ਦੀ ਦੱਸ ਪਾਈ, ਜਿਸ ਦੇ ਨਾਲ ਹੀ ਸ਼ਰਾਬ ਪੀਣ ਦਾ ਅਹਾਤਾ ਸੀ। ਅਸੀਂ ਮੁੜ ਗੱਡੀ ਕੋਲ ਗਏ ਤਾਂ ਸਤਿੰਦਰ ਸ਼ਟੇਅਰਿੰਗ ‘ਤੇ ਮੱਥਾ ਟਿਕਾਈ ਬੈਠਾ ਸੀ। ਸਾਡੇ ਕਹਿਣ ‘ਤੇ ਉਹ ਸਾਨੂੰ ਉਸ ਠੇਕੇ ‘ਤੇ ਲੈ ਗਿਆ। ਸ਼ਰਾਬ ਦਾ ਅਧੀਆ ਲੈ ਕੇ ‘ਹਾਤੇ ਦੇ ਬੈਂਚ ‘ਤੇ ਜਾ ਬੈਠੇ। ਸੋਡਾ, ਪਾਣੀ ਅਤੇ ਫਿਰ ਚਿਕਨ ਵੀ ਛੇਤੀ ਹੀ ਆ ਗਿਆ। ਹਰ ਵਾਰੀ ਜਦੋਂ ਉਹ ਪੈੱਗ ਲਾਉਂਦਾ, ਮੈਨੂੰ ਪੁੱਛਦਾ, ”ਤੂੰ ਜਮ੍ਹਾਂ ਈ ਨੀਂ ਪੀਂਦਾ?” ਚਿਕਨ ਖਾਣ ਲੱਗਾ ਪੁੱਛਦਾ, ”ਤੂੰ ਜਮ੍ਹਾਂ ਈ ਨੀਂ ਖਾਂਦਾ?”
ਉਹ ਇਹ ਗੱਲ ਦੱਸਣ ਵਿਚ ਵੀ ਅਪਣੀ ਵਡਿਆਈ ਸਮਝਦਾ ਸੀ ਕਿ ਉਸ ਨੇ ਕਾਲਜ ਛੱਡਣ ਮਗਰੋਂ ਪੀਣ ਦਾ ਕੋਈ ਨਾਗਾ ਨਹੀਂ ਸੀ ਪਾਇਆ ਤੇ ਸ਼ਰਾਬ ਦੀ ਕਿਰਪਾ ਨਾਲ ਹੀ ਉਸ ਦੀ ਸਿਹਤ ਐਨੀ ਚੰਗੀ ਸੀ। ਅਧੀਆ ਅਤੇ ਚਿਕਨ ਉਸ ਨੇ ਛੇਤੀ ਹੀ ਬਿਲੇ ਲਾ ਦਿੱਤਾ। ਮੈਂ ਅਹਾਤੇ ਵਾਲੇ ਦੀ ਪੇਮੈਂਟ ਕੀਤੀ ਤਾਂ ਉਹ ਬੋਲਿਆ, ”ਇਕ ਪਊਆ ਹੋਰ ਲੈ ਚੱਲ। ਰੋਟੀ ਤੋਂ ਪਹਿਲਾਂ ਲੋੜ ਪਵੇਗੀ।”
‘ਸ਼ੰਭੂ ਭਾਈ ਸਾਡੇ ਘਰ ਵਿਚ ਸ਼ਰਾਬ ਪੀਣੀ ਬਿਲਕੁਲ ਮਨ੍ਹਾ ਏ। ਨੂੰਹ-ਪੁੱਤ ਬੁਰਾ ਮਨਾਉਣਗੇ।’
”ਇਹ ਕਿਹੜਾ ਬੋਲਦੀ ਏ। ਬਾਥਰੂਮ ‘ਚ ਵੜ ਕੇ ਪੀ ਲਵਾਂਗਾ।” ਉਹ ਬੋਲਿਆ ਤਾਂ ਮੈਂ ਪਊਆ ਖ਼ਰੀਦ ਕੇ ਉਸ ਨੂੰ ਦੇ ਦਿੱਤਾ। ਗੱਡੀ ‘ਚ ਬਹਿ ਕੇ ਉਹ ਦੰਦਾਂ ‘ਚ ਟੁੱਥ ਪਿੰਨ ਫੇਰਨ ਲੱਗ ਪਿਆ। ਸਤਿੰਦਰ ਨੇ ਏæਸੀæ ਬੰਦ ਕਰ ਕੇ ਗੱਡੀ ਦੇ ਸ਼ੀਸ਼ੇ ਖੋਲ੍ਹ ਦਿੱਤੇ ਸ਼ੰਭੂ ਨੇ ਮੁੜ ਅਪਣੇ ਕਾਰੋਬਾਰ ਦੀਆਂ ਗੱਲਾਂ ਛੇੜ ਲਈਆਂ। ਅਸੀਂ ਦੋਵਾਂ ਨੇ ਕਿਸੇ ਵੀ ਗੱਲ ਦਾ ਹੁੰਗਾਰਾ ਨਾ ਭਰਿਆ।
ਘਰ ਜਾ ਕੇ ਜਦੋਂ ਰੋਟੀ ਪਾ ਦਿੱਤੀ ਤਾਂ ਉਹ ਬਾਥਰੂਮ ‘ਚ ਜਾ ਵੜਿਆ। ਵਾਪਸ ਆ ਕੇ ਖਾਲੀ ਪਊਆ ਮੈਨੂੰ ਫੜਾਉਂਦਾ ਬੋਲਿਆ, ”ਲੈਅ ਇਹਨੂੰ ਬਾਹਰ ਸੁੱਟ ਆ।”
ਰੋਟੀ ਖਾਣ ਮਗਰੋਂ ਉਹ ਸੋਫ਼ੇ ‘ਤੇ ਅਧਲੇਟਿਆ ਹੋ ਗਿਆ ਤੇ ਅਪਣੀ ਡਾਇਰੀ ਤੇ ਕੁਝ ਲਿਖਣ ਲੱਗ ਪਿਆ। ਜਦੋਂ ਉਹ ਉਠਿਆ ਹੀ ਨਾ ਤਾਂ ਮੈਂ ਉਸ ਨੂੰ ‘ਗੁੱਡ ਨਾਈਟ’ ਕਹਿ ਕੇ ਸੌਣ ਲਈ ਆ ਗਿਆ। ਸਵੇਰੇ ਸ਼ਾਮਾਂ ਸਭ ਤੋਂ ਪਹਿਲਾਂ ਉਠੀ। ਉਹ ਰਸੋਈ ਦਾ ਕੰਮ ਕਰਨ ਲੱਗ ਪਈ। ਹੌਲੀ-ਹੌਲੀ ਅਸੀਂ ਸਾਰੇ ਉਠ ਕੇ ਨਹਾਉਣ-ਧੋਣ ਦਾ ਕੰਮ ਮੁਕਾਉਣ ਲੱਗੇ। ਅਸੀਂ ਸਾਰਿਆਂ ਨੇ ਨਾਸ਼ਤਾ ਕੀਤਾ ਤੇ ਲਾਗਲੇ ਕਮਰੇ ‘ਚੋਂ ਅਸੀਂ ਆ ਰਹੇ ਸ਼ੰਭੂ ਦੇ ਘੁਰਾੜੇ ਵੀ ਸੁਣਦੇ ਰਹੇ। ਸ਼ਾਮਾਂ ਨੂੰਹ-ਪੁੱਤ ਦੇ ਟਿਫ਼ਨ ਤਿਆਰ ਕਰ ਕੇ ਘਰ ਦੀਆਂ ਸਫ਼ਾਈਆਂ ਵਿਚ ਰੁਝ ਗਈ। ਸਾਡੇ ਚੰਡੀਗੜ੍ਹ ਆਉਣ ਮਗਰੋਂ ਸ਼ਾਮਾਂ ਨੇ ਆਪ ਹੀ ਇਹ ਸਾਰੇ ਕੰਮ ਅਪਣੇ ਜਿੰਮੇ ਪਾ ਲਏ ਸਨ। ਮੈਂ ਮਹਿਸੂਸ ਕੀਤਾ ਕਿ ਉਹ ਵਿਚਾਰੀ ਤਾਂ ਬਿਨਾਂ ਵਜ੍ਹਾ ਹੀ ਚੰਡੀਗੜ੍ਹ ਆ ਕੇ ਫਸ ਗਈ ਸੀ।
ਸ਼ੰਭੂ ਨੌ ਵਜੇ ਉਠਿਆ। ਧਰਤੀ ਨੂੰ ਪੈਰ ਲਾਉਣ ਤੋਂ ਪਹਿਲਾਂ ਉਸ ਨੇ ਚਾਹ ਮੰਗੀ। ਫਿਰ ਨਹਾ ਧੋ ਕੇ ਤਿਆਰ ਹੋ ਗਿਆ। ਸ਼ਾਮਾਂ ਨੇ ਉਸ ਲਈ ਆਲੂਆਂ ਵਾਲੇ ਪਰੌਂਠੇ ਲਾਹ ਦਿੱਤੇ। ਨਾਸ਼ਤਾ ਕਰਨ ਮਗਰੋਂ ਉਸ ਨੇ ਦੱਸਿਆ ਕਿ ਉਹ ਸਾਮਾਨ ਦਾ ਆਰਡਰ ਲੈਣ ਲਈ ਮੋਰਿੰਡੇ ਤਕ ਦੇ ਤਿੰਨ-ਚਾਰ ਕਸਬਿਆਂ ਦਾ ਗੇੜਾ ਲਾਵੇਗਾ। ਜੇ ਚੰਗੇ ਆਰਡਰ ਮਿਲ ਗਏ ਤਾਂ ਹੀ ਪੰਜਾਬ ਦੇ ਹੋਰ ਕਸਬਿਆਂ ਵਿਚ ਜਾਵੇਗਾ। ਉਸ ਨੇ ਸਤਿੰਦਰ ਵਾਲਾ ਸਕੂਟਰ ਮੰਗਦਿਆਂ ਕਿਹਾ, ”ਤੇਲ ਮੈਂ ਪਵਾ ਦਿਆਂਗਾ। ਚਾਰ ਛੇ ਘੰਟੇ ਵਿਚ ਵਾਪਸ ਵੀ ਆ ਜਾਵਾਂਗਾ।”
”ਤੂੰ ਪਹਿਲਾਂ ਦੱਸ ਦਿੰਦਾ ਸਕੂਟਰ ਬਾਰੇ ਤਾਂ ਸਤਿੰਦਰ ਨੂੰ ਪੁੱਛ ਲੈਂਦੇ।”
”ਲੈਅ ਨਿੱਕੀ ਜਿਹੀ ਗੱਲ, ਪਿਓ ਚੰਗਾ ਲਗਦਾ ਏ ਮੁੰਡੇ ਨੂੰ ਪੁੱਛਦਾ? ਮੈਂ ਗਿਆ ਤੇ ਆਇਆ।”
ਮੈਂ ਸੋਚਿਆ ਕਿ ਇਕ ਦਿਨ ਦੀ ਗੱਲ ਹੈ, ਜਿਥੇ ਐਨਾ ਕੀਤਾ ਹੈ ਇਹ ਵੀ ਸਹੀ। ਮੈਂ ‘ਹਾਂ’ ਕਰ ਦਿੱਤੀ ਤਾਂ ਸ਼ਾਮਾਂ ਮੈਨੂੰ ਅੰਦਰ ਸੱਦ ਕੇ ਕਹਿਣ ਲੱਗੀ, ”ਸਤਿੰਦਰ ਤੁਹਾਡੇ ਗਲ਼ ਪਵੇਗਾ। ਸਕੂਟਰ ਦੇਣ ਦੀ ਕੀ ਲੋੜ ਏ?”
ਮੈਂ ਸ਼ਾਮਾਂ ਨੂੰ ਵੀ ਚੁੱਪ ਕਰਾ ਦਿੱਤਾ। ਜਦੋਂ ਸਕੂਟਰ ਪਿਛੇ ਅਪਣਾ ਸੂਟਕੇਸ ਬੰਨ੍ਹ ਕੇ ਤੇ ਮੁਹਰੇ ਬੈਗ ਰੱਖ ਕੇ ਉਹ ਆਪ ਬੈਠਣ ਲੱਗਾ ਤਾਂ ਸੀਟ ‘ਤੇ ਥਾਂ ਹੀ ਨਹੀਂ ਸੀ ਬਚੀ। ਉਹ ਪਤਾ ਨਹੀਂ ਕਿਵੇਂ ਫਸ ਕੇ ਬੈਠ ਗਿਆ ਤੇ ਕਿਕ ਮਾਰ ਕੇ ਚਲਾ ਗਿਆ। ਸ਼ਾਮਾਂ ਬੋਲੀ, ”ਇਹ ਤਾਂ ਮਾਰੂ ਕਿਤੇ ਸਕੂਟਰ। ਹੋਰ ਨਾ ਭੰਨ੍ਹ ਦੇਵੇ।”
”ਜੇ ਮਾਰੇਗਾ ਤਾਂ ਆਪ ਵੀ ਮਰੂ।”
”ਉਹ ਆਪ ਮਰੇ ਚਾਹੇ ਜੀਵੇ। ਸਾਡੇ ਸਕੂਟਰ ਨੂੰ ਕੁਝ ਨਾ ਹੋਵੇ।” ਉਹ ਬੋਲੀ।
”ਬਹੁਤਾ ਬਕਵਾਸ ਨੀਂ ਕਰੀਦਾ।” ਮੈਂ ਕਿਹਾ।
ਮੈਂ ਸਤਿੰਦਰ ਨੂੰ ਫ਼ੋਨ ‘ਤੇ ਸਾਰੀ ਗੱਲ ਦੱਸੀ ਤਾਂ ਉਹ ਮੈਨੂੰ ਇੰਜ ਡਾਂਟਣ ਲੱਗਾ, ਜਿਵੇਂ ਮੈਂ ਕੋਈ ਬੱਚਾ ਹੋਵਾਂ। ਉਸ ਨੇ ਕਿਹਾ ਕਿ ਉਸ ਨੂੰ ਤਾਂ ਸਕੂਟਰ ਦੀ ਹਰ ਵੇਲੇ ਲੋੜ ਰਹਿੰਦੀ ਐ, ਉਹ ਵਾਰ-ਵਾਰ ਕਾਰ ਕਿਵੇਂ ਕੱਢੇਗਾ। ਉਸ ਨੇ ਇਸ ਗੱਲ ਦਾ ਵੀ ਮੈਨੂੰ ਫ਼ਿਕਰ ਪਾ ਦਿੱਤਾ ਕਿ ਉਹ ਹੁਣ ਮੁੜ ਕੇ ਨਹੀਂ ਆਉਣ ਲੱਗਾ। ਇਹੋ ਜਿਹੇ ਫੇਸਬੁੱਕੀਆਂ ਤੋਂ ਮੈਂ ਪਰਹੇਜ਼ ਕਰਿਆ ਕਰਾਂ। ਸਤਿੰਦਰ ਠੀਕ ਹੀ ਕਹਿ ਰਿਹਾ ਸੀ। ਸ਼ੰਭੂ ਸ਼ਾਮ ਨੂੰ ਮੁੜਿਆ ਹੀ ਨਾ। ਰਾਤ ਨੂੰ ਉਸ ਨੇ ਫ਼ੋਨ ‘ਤੇ ਅਪਣੇ ਸੱਤ ਦਿਨਾਂ ਟੂਰ-ਪ੍ਰੋਗਰਾਮ ਦੀ ਸੂਚਨਾ ਵੀ ਦੇ ਦਿੱਤੀ। ਇਹ ਵੀ ਦੱਸਿਆ ਕਿ ਉਸ ਨੂੰ ਚੀਜ਼ਾਂ ਸਪਲਾਈ ਕਰਨ ਦੇ ‘ਵਾਹਵਾ’ ਆਰਡਰ ਮਿਲ ਰਹੇ ਸਨ।
”ਪਰ ਸ਼ੰਭੂ ਸਾਨੂੰ ਸਕੂਟਰ ਦੀ ਲੋੜ ਏ। ਮੇਰਾ ਬੇਟਾ ਗੁੱਸੇ ਹੋ ਰਿਹਾ ਏ। ਪਲੀਜ਼ ਸਕੂਟਰ ਵਾਪਸ ਕਰ ਜਾ।” ਮੈਂ ਤਰਲੇ ਨਾਲ ਕਿਹਾ।
”ਇਹਦਾ ਮਤਲਬ ਤੇਰਾ ਬੇਟਾ ਤੇਰੇ ਕਹਿਣੇ ‘ਚ ਨਹੀਂ? ਮੇਰੇ ਚਾਰ ਪੁੱਤ ਨੇ, ਕੋਈ ਸਾਹ ਨਹੀਂ ਕੱਢ ਸਕਦਾ ਮੇਰੇ ਅੱਗੇ।”
”ਐਸੀ ਗੱਲ ਨੀਂ ਸ਼ੰਭੂ! ਉਹ ਆਗਿਆਕਾਰ ਏ। ਅਸਲ ਵਿਚ ਸਕੂਟਰ ਬਿਨਾਂ ਸਾਡਾ ਸਰਦਾ ਨਹੀਂ।”
”ਤੁਸੀਂ ਯਾਰ ਕਿਸੇ ਤਰ੍ਹਾਂ ਸਾਰ ਲੈਣਾ। ਮੇਰਾ ਕਿਹੜਾ ਸਰਦਾ ਏ? ਹੁਣ ਇਸ ਬੁਢਾਪੇ ਵਿਚ ਮੈਂ ਦੁਕਾਨਾਂ ‘ਤੇ ਪੈਦਲ ਘੁੰਮਾਂਗਾ?” ਕਹਿ ਕੇ ਉਸ ਨੇ ਫ਼ੋਨ ਕੱਟਿਆ ਹੀ ਨਹੀਂ, ਸਗੋਂ ਬੰਦ ਵੀ ਕਰ ਦਿੱਤਾ। ਮੇਰੇ ਬੇਟੇ ਅਤੇ ਮੇਰੀ ਨੂੰਹ ਨੇ ਮੇਰੀ ਮੂਰਖਮਤੀ ‘ਤੇ ਮੈਨੂੰ ਖ਼ੂਬ ਲਾਅਣਤਾਂ ਪਾਈਆਂ। ਚੁੱਪ ਰਹਿ ਕੇ ਸਭ ਸੁਣਨ ਤੋਂ ਸਿਵਾਏ ਕੋਈ ਚਾਰਾ ਹੀ ਨਹੀਂ ਸੀ। ਸਤਿੰਦਰ ਨੂੰ ਮੈਂ ਪਹਿਲੀ ਵਾਰੀ ਸ਼ੰਭੂ ਦਾ ਨਾਂ ਲੈ ਲੈ ਗੰਦੀਆਂ ਗਾਲ੍ਹਾਂ ਬਕਦੇ ਸੁਣਿਆ। ਮੈਨੂੰ ਲੱਗ ਰਿਹਾ ਸੀ ਕਿ ਉਹ ਉਸ ਨੂੰ ਨਹੀਂ, ਮੈਨੂੰ ਗਾਲ੍ਹਾਂ ਕੱਢ ਰਿਹਾ ਹੋਵੇ। ਉਸ ਮਗਰੋਂ ਸਤਿੰਦਰ ਮੇਰੇ ਨਾਲ ਬੋਲਣੋਂ ਹੀ ਹਟ ਗਿਆ। ਉਹ ਅਪਣੀ ਮਾਂ ਨੂੰ ਕਹਿੰਦਾ ਰਹਿੰਦਾ ਕਿ ਉਹ ਬੰਦਾ ਤਾਂ ਠੱਗ ਸੀ। ਹੁਣ ਸਕੂਟਰ ਕਦੀ ਨਹੀਂ ਮੋੜੇਗਾ। ਉਹ ਸੱਠ ਹਜ਼ਾਰ ਦੀ ਲੁੱਪੀ ਲਾ ਗਿਆ ਸੀ। ਸਤਿੰਦਰ ਨੇ ਮੇਰਾ ਲੈਪਟਾਪ ਵੀ ਕਿਧਰੇ ਭਸਮ ਕਰ ਦਿੱਤਾ। ਉਹ ਇਹ ਵੀ ਕਹਿ ਰਿਹਾ ਸੀ ਕਿ ਜੇ ਉਹ ਹਫ਼ਤੇ ਅੰਦਰ ਵਾਪਸ ਨਾ ਆਇਆ ਤਾਂ ਉਹ ਉਸ ਵਿਰੁੱਧ ਥਾਣੇ ਵਿਚ ਰਿਪੋਰਟ ਦਰਜ ਕਰਵਾ ਦੇਵੇਗਾ। ਸ਼ੰਭੂ ਨੇ ਅਪਣਾ ਫ਼ੋਨ ਮੁੜ ਚਲਾਇਆ ਹੀ ਨਹੀਂ ਸੀ। ਜਦੋਂ ਹਫ਼ਤੇ ਮਗਰੋਂ ਵੀ ਸ਼ੰਭੂ ਵਾਪਸ ਨਾ ਆਇਆ ਤਾਂ ਮੈਂ ਸਤਿੰਦਰ ਨੂੰ ਕਿਹਾ ਕਿ ਉਹ ਉਸ ਵਿਰੁੱਧ ਰਿਪੋਰਟ ਨਾ ਲਿਖਾਵੇ। ਨਵਾਂ ਸਕੂਟਰ ਖ਼ਰੀਦ ਲਵੇ। ਸਾਰੀ ਪੇਮੈਂਟ ਮੈਂ ਕਰ ਦਿਆਂਗਾ। ਉਸ ਦਾ ਫ਼ੋਨ ਬੰਦ ਰਹਿਣ ਕਰ ਕੇ ਮੈਨੂੰ ਇਹ ਸ਼ੱਕ ਵੀ ਹੋਇਆ ਕਿ ਉਸ ਦਾ ਜ਼ਰੂਰ ਐਕਸੀਡੈਂਟ ਹੋ ਗਿਆ ਹੋਵੇਗਾ। ਘਰ ਵਿਚ ਐਨਾ ਤਣਾਅ ਹੋ ਗਿਆ ਕਿ ਮੇਰੀ ਨੀਂਦ ਹੀ ਉਡ ਗਈ। ਭੈੜੇ-ਭੈੜੇ ਸੁਪਨੇ ਮੈਨੂੰ ਤੰਗ ਕਰਨ ਲੱਗੇ। ਫਿਰ ਇਕ ਦਿਨ ਫ਼ੋਨ ਮਿਲ ਗਿਆ। ਉਸ ਦਾ ਫ਼ੋਨ ਚਾਰਜ ਨਾ ਹੋ ਸਕਣ ਕਰ ਕੇ ਬੰਦ ਰਿਹਾ ਸੀ। ਉਹ ਦੋ ਦਿਨਾਂ ਤਕ ਚੰਡੀਗੜ੍ਹ ਆ ਰਿਹਾ ਸੀ।
ਸੋਲਵੇਂ ਦਿਨ ਸ਼ਾਮੀਂ ਪੰਜ ਕੁ ਵਜੇ ਉਹ ਸਾਡੇ ਕੋਲ ਪੁੱਜਾ। ਮੈਂ ਪ੍ਰਮਾਤਮਾ ਦਾ ਲੱਖ-ਲੱਖ ਸ਼ੁਕਰ ਕੀਤਾ। ਮੇਰੀ ਨੂੰਹ ਨੇ ਦੱਸਿਆ ਕਿ ਸਕੂਟਰ ਦੀ ਕਾਠੀ ਟੁੱਟੀ ਹੋਈ ਸੀ ਤੇ ਸਟਿੱਪਣੀ ਗ਼ਾਇਬ ਸੀ। ਮੈਂ ਸ਼ੰਭੂ ਨੂੰ ਪੁੱਛਿਆ ਤਾਂ ਉਹ ਕਹਿਣ ਲੱਗਾ ਕਿ ਉਸ ਨੇ ਕੋਹਾੜੇ ਕਸਬੇ ਦੇ ਚੌਕ ਵਿਚ ਇਕ ਦੁਕਾਨ ਤੋਂ ਪੈਂਚਰ ਲੁਆਇਆ ਸੀ। ਸਟਿੱਪਣੀ ਉਸੇ ਦੁਕਾਨ ‘ਤੇ ਰਹਿ ਗਈੇ। ਮੈਂ ਕਿਸੇ ਦਿਨ ਜਾ ਕੇ ਚੁੱਕ ਲਿਆਵਾਂ। ਬੁਝੇ ਮਨ ਨਾਲ ਮੈਂ ਅਪਣੀ ਨੂੰਹ ਨੂੰ ਦੋ ਕੱਪ ਚਾਹ ਬਣਾਉਣ ਲਈ ਕਿਹਾ। ਮੱਥੇ ਵਿਚ ਤਿਊੜੀਆਂ ਪਾਈ ਉਹ ਜਦੋਂ ਟਰੇਅ ਵਿਚ ਚਾਹ ਦੇ ਦੋ ਕੱਪ ਰੱਖ ਕੇ ਕਮਰੇ ‘ਚ ਵੜਨ ਲੱਗੀ ਤਾਂ ਸਤਿੰਦਰ ਵੀ ਕਿਧਰੋਂ ਆ ਨਿਕਲਿਆ। ਚਾਹ ਵਾਲੀ ਟਰੇਅ ਜਸ਼ਨਪ੍ਰੀਤ ਦੇ ਹੱਥੋਂ ਫੜ ਕੇ ਉਸ ਨੇ ਸ਼ੰਭੂ ਵੱਲ ਘੂਰ ਕੇ ਵੇਖਿਆ ਤੇ ਬੋਲਿਆ, ”ਇਸ ਬੰਦੇ ਲਈ ਚਾਹ ਬਣਾਉਣ ਲਈ ਤੈਨੂੰ ਕਿਸ ਨੇ ਆਖਿਆ?”
ਜਸ਼ਨਪ੍ਰੀਤ ਕੁਝ ਨਾ ਬੋਲੀ। ਉਹ ਟਰੇਅ ਰਸੋਈ ਵਿਚ ਰੱਖ ਆਇਆ ਤੇ ਦਰ ‘ਚ ਖੜ੍ਹ ਕੇ ਲੰਮੀ ਬਾਂਹ ਕੱਢਦਾ ਸ਼ੰਭੂ ਨੂੰ ਕਹਿਣ ਲੱਗਾ, ”ਆਊਟæææ ਇਕ ਮਿੰਟ ‘ਚ ਐਥੋਂ ਦਫ਼ਾ ਹੋ ਜਾ।”
ਉਸ ਦਾ ਅਜਿਹਾ ਵਿਹਾਰ ਦੇਖ ਕੇ ਮੈਂ ਸੁੰਨ ਹੋ ਗਿਆ। ਸ਼ੰਭੂ ਨੇ ਅਪਣੇ ਬੈਗ ‘ਚੋਂ ਡਾਇਰੀ ਕੱਢੀ ਤੇ ਬੋਲਿਆ, ”ਸਤਾਈ ਸੌ ਰੁਪਏ ਦੇ ਬਿਲ ਦਾ ਭੁਗਤਾਨ ਕਰ ਦਿਓ, ਚਲਾ ਜਾਂਦਾ ਹਾਂ।”
”ਕਾਹਦਾ ਬਿਲ?” ਸਤਿੰਦਰ ਕੜਕ ਕੇ ਬੋਲਿਆ।
”ਜੋ ਸਾਮਾਨ ਤੁਸੀਂ ਲਿਆ ਏ। ਉਸ ਦੇ ਸਤਾਈ ਸੌ ਬਣਦੇ ਨੇ।”
ਸਤਿੰਦਰ ਰਸੋਈ ਵਿਚ ਗਿਆ। ਉਸ ਵਾਲਾ ਜਿੰਨਾ ਕੁ ਸਾਮਾਨ ਚੁੱਕ ਹੋਇਆ, ਚੁੱਕ ਲਿਆਇਆ। ਗੇਟ ਖੋਲ੍ਹਿਆ ਤੇ ਸੜਕ ‘ਤੇ ਵਗਾਹ ਮਾਰਿਆ। ਉਸ ਨੇ ਦੋ ਗੇੜੇ ਹੋਰ ਰਸੋਈ ਦੇ ਲਾਏ ਤੇ ਸਾਮਾਨ ਬਾਹਰ ਸੁੱਟ ਦਿੱਤਾ। ਫਿਰ ਉਸ ਵੱਲ ਨੂੰ ਬਾਂਹ ਕੱਢ ਕੇ ਬਹੁਤ ਉਚੀ ਆਵਾਜ਼ ‘ਚ ਕਿਹਾ, ”ਆਊਟ।”
ਸ਼ੰਭੂ ਅਪਣਾ ਬੈਗ ਤੇ ਸੂਟਕੇਸ ਚੁੱਕ ਬਾਹਰ ਨਿਕਲ ਗਿਆ। ਸਾਡਾ ਸਾਰਾ ਟੱਬਰ ਸੜਕ ਤੋਂ ਸਾਮਾਨ ਚੁਕਦੇ ਸ਼ੰਭੂ ਵੱਲ ਦੇਖਦਾ ਰਿਹਾ। ਜਦੋਂ ਉਹ ਅਪਣਾ ਸੂਟਕੇਸ ਖਿੱਚਦਾ ਸੜਕ ‘ਤੇ ਜਾ ਰਿਹਾ ਸੀ ਤਾਂ ਮੇਰਾ ਪੋਤਾ ਸੰਗੀਤ ਸਤਿੰਦਰ ਨੂੰ ਕਹਿਣ ਲੱਗਾ, ”ਡੈਡੀ ਜੀ, ਅਪਣੇ ਕੰਪਿਊਟਰ ‘ਚ ਵਾਇਰਸ ਆ ਗਿਆ ਏ। ਕੱਲ੍ਹ ਚੱਲਿਆ ਨਹੀਂ।”
ਉਸ ਦੀ ਗੱਲ ਸੁਣ ਕੇ ਸਤਿੰਦਰ ਮੁਸਕਰਾਇਆ ਤੇ ਬੋਲਿਆ, ”ਇਕ ਵਾਇਰਸ ਘਰੋਂ ਕੱਢ ਦਿੱਤਾ ਏ। ਤੇਰੇ ਕੰਪਿਊਟਰ ਵਾਲਾ ਵੀ ਕੱਢ ਦਿਆਂਗੇ ਮੱਲਾ।”
ਮੋਬਾਈਲ : 98141-85363