‘ਮੈਂ ਬਹੁਤ ਸ਼ਾਤਰ ਹਾਂ’/ ਦਵਿੰਦਰ ਦਮਨ

ਮੁਲਾਕਾਤੀ – ਸੁਸ਼ੀਲ ਦੁਸਾਂਝ
ਹੁਣ: ਦਮਨ ਜੀ, ਤੁਸੀਂ ਚੜ੍ਹਦੀ ਉਮਰੇ ਗਾਇਕੀ ਦੇ ਖੇਤਰ ਵਿਚ ਆਏ, ਫਿਰ ਅਦਾਕਾਰ ਹੋ ਗਏ, ਫਿਰ ਨਾਟਕ ਲੇਖਕ ਤੇ ਫਿਰ ਨਿਰਦੇਸ਼ਕ। ਇਨ੍ਹਾਂ ਦਾ ਸੁਮੇਲ ਦਵਿੰਦਰ ਦਮਨ ਹੋ ਜਾਂਦਾ ਹੈ। ਦਵਿੰਦਰ ਨੇ ਇਨ੍ਹਾਂ ਚਾਰਾਂ ‘ਚੋਂ ਕਿਸ-ਕਿਸ ਦਾ ਬੁਰੀ ਤਰ੍ਹਾਂ ਦਮਨ ਕੀਤਾ ਤੇ ਕਿਸ-ਕਿਸ ਨੂੰ ਰੂਹ ਨਾਲ ਪਾਲਿਆ ਪੋਸਿਆ ਤੇ ਕਿਉਂ?
ਦਮਨ :  ਮੈਂ ਬਹੁਤ ਸ਼ਾਤਰ ਹਾਂ। ਮੈਂ ਕਿਸੇ ਦਾ ਦਮਨ ਨਹੀਂ ਹੋਣ ਦਿੱਤਾ। ਇਕ ਖੇਤਰ ਨਾਲ ਜੁੜ ਕੇ ਵੀ ਮੈਂ ਇਨ੍ਹਾਂ ਸਾਰਿਆਂ ਨਾਲ ਖ਼ੂਬ ਖੇਡਦਾ ਰਿਹਾ ਹਾਂ। ਉਹ ਇਸ ਤਰ੍ਹਾਂ ਕਿ ਗਾਇਕੀ ਦਾ ਸ਼ੌਕ ਪਾਲਦਿਆਂ ਹੀ ਮੈਨੂੰ ਜਲਦੀ ਸਮਝ ਆ ਗਈ ਕਿ ਇਕੱਲੀ ਗਾਇਕੀ ਜ਼ਿਆਦਾ ਦੇਰ ਸੰਤੁਸ਼ਟ ਨਹੀਂ ਰੱਖ ਸਕੇਗੀ। ਸਾਹਿਤ ਤੇ ਰੰਗਮੰਚ ਵੱਲ ਮੇਰਾ ਰੁਝਾਨ ਦਿਨੋਂ-ਦਿਨ ਵਧਦਾ ਜਾ ਰਿਹਾ ਸੀ। ਪਰ ਮੈਂ ਗਾਇਕੀ ਦਾ ਤਿਆਗ ਵੀ ਨਹੀਂ ਸੀ ਕਰਨਾ ਚਾਹੁੰਦਾ। ਫਿਰ ਮੈਨੂੰ ਸੁਝਿਆ ਕਿ ਰੰਗਮੰਚ ਹੀ ਮੇਰੇ ਲਈ ਠੀਕ ਰਸਤਾ ਹੈ ਜਿਸ ਵਿਚ ਮੇਰੇ ਅੰਦਰਲੇ ਸਾਰੇ ਗੁਣ ਸਮਾ ਸਕਦੇ ਹਨ। ਇਸ ਫੈਸਲੇ ਨਾਲ ਮੇਰੇ ਇਕੱਲੇ ਕਿਸੇ ਗੁਣ ਦਾ ਦਮਨ ਹੋਣੋਂ ਹੀ ਨਹੀਂ ਬਚ ਗਿਆ, ਸਗੋਂ ਸਾਰੇ ਹੀ ਗੁਣਾਂ ਦੀ ਇਕੋ ਛੱਤ ਹੇਠਾਂ ਪਾਲਣਾ-ਪੋਸ਼ਣਾ ਹੋਣ ਲੱਗੀ। ਇਹਦੇ ਨਾਲ ਹੋਰ ਵੀ ਕਈ ਮਸਲੇ ਹੱਲ ਹੋਣ ਲੱਗੇ। ਦਰਅਸਲ, ਰੰਗਮੰਚ ਸਾਡੇ ਵਰਗੇ ਮਲੰਗ ਲੋਕਾਂ ਦਾ ਜਨੂੰਨ ਹੈ। ਇਹਦੇ ਵਿਚ ਪੈਸੇ ਦੀ ਕੋਈ ਖੇਡ ਨਹੀਂ। ਹੁਣ ਤਾਂ ਸ਼ਾਇਦ ਥੋੜ੍ਹਾ-ਬਹੁਤ ਜੁਗਾੜ ਹੋ ਜਾਂਦਾ ਹੋਵੇ, ਪਰ ਉਨ੍ਹਾਂ ਵੇਲਿਆਂ ਵਿਚ ਤਾਂ Aੁੱਕਾ ਹੀ ਨਹੀਂ ਸੀ। ਕਲਾਕਾਰਾਂ ਨੂੰ ਦੇਣ ਲਈ ਪੈਸਾ ਨਹੀਂ ਸੀ ਹੁੰਦਾ, ਉਨ੍ਹਾਂ ਨੂੰ ਰੋਟੀ ਖੁਆ ਦੇਣੀ ਹੀ ਵੱਡੀ ਗੱਲ ਸੀ। ਕਲਾਕਾਰ ਵੀ ਕੋਈ ਪੈਸੇ ਕਰ ਕੇ ਨਹੀਂ, ਸ਼ੌਕ ਵਜੋਂ ਆਉਂਦੇ ਸਨ। ਪਰ ਬਹੁਤੇ ਕਲਾਕਾਰ ਮਿਲਦੇ ਵੀ ਨਹੀਂ ਸਨ, ਇਸ ਲਈ ਸਾਰੇ ਕੰਮ ਆਪ ਹੀ ਕਰ ਲਈਦੇ ਸਨ। ਆਪ ਗਾਇਕੀ ਆਉਣ ਕਾਰਨ, ਮੈਨੂੰ ਇਹਦਾ ਲਾਹਾ ਮਿਲ ਜਾਂਦਾ ਸੀ।


ਹੁਣ: ਆਲ ਇੰਡੀਆ ਰੇਡੀਓ ਦੇ ਮਾਨਤਾ ਪ੍ਰਾਪਤ ਗਾਇਕ ਹੋਣ ਦੇ ਬਾਵਜੂਦ ਤੁਹਾਨੂੰ ਪੰਜਾਬੀ ਗਾਇਕੀ ਦੇ ਉਸ ਸੁਨਹਿਰੇ ਦੌਰ ਵਿਚ ਗਾਇਕੀ ਰਾਸ ਕਿਉਂ ਨਹੀਂ ਆਈ?
ਦਮਨ : ਗਾਇਕੀ ਦਾ ਤਾਂ ਮੈਨੂੰ ਬਚਪਨ ਤੋਂ ਹੀ ਸ਼ੌਕ ਸੀ। ਪਾਰਟੀ ਕਾਨਫਰੰਸਾਂ ‘ਤੇ ਬੇਅੰਤ ਗਾਇਆ। ਮੈਂ ਲੋਕ ਗਾਇਕ ਦੇ ਤੌਰ ‘ਤੇ ਆਲ ਇੰਡੀਆ ਰੇਡੀਓ ਤਕ ਪੁੱਜ ਵੀ ਗਿਆ। ਪਰ ਮੈਨੂੰ ਅਪਣੀ ਕਲਾ ਵਿਚ ਘਾਟ ਲਗਦੀ ਸੀ। ਉਸੇ ਸਮੇਂ ਰੇਡੀਓ ਸਟੇਸ਼ਨ ‘ਤੇ ਮੈਨੂੰ ਕਿਸੇ ਰਾਗੀ ਸਿੰਘ ਨੇ ਕਲਾਸੀਕਲ ਸੰਗੀਤ ਸਿੱਖਣ ਦੀ ਸਲਾਹ ਦਿੱਤੀ। ਮੈਨੂੰ ਉਹਦੀ ਸਲਾਹ ਨੇਕ ਲੱਗੀ, ਸੋ ਕਲਾਸੀਕਲ ਸੰਗੀਤ ਸਿੱਖਣਾ ਸ਼ੁਰੂ ਕੀਤਾ। ਬੈਚੁਲਰ ਆਫ਼ ਮਿਊਜ਼ਕ ਦੀ ਡਿਗਰੀ ਵੀ ਹਾਸਲ ਕੀਤੀ। ਪਰ ਅਚਾਨਕ ਮੇਰਾ ਰੁਝਾਨ ਸਾਹਿਤ ਤੇ ਰੰਗਮੰਚ ਵੱਲ ਹੋ ਗਿਆ। ਉਂਜ ਤਾਂ ਨਾਟਕ ਦਾ ਮੈਨੂੰ ਸਕੂਲ ਦੇ ਸਮੇਂ ਤੋਂ ਹੀ ਸ਼ੌਕ ਸੀ। ਬਚਪਨ ਵਿਚ ਕਮਿਊਨਿਸਟ ਨਾਟਕ ਟੋਲਿਆਂ ਵਿਚ ਮੈਂ ਮੁਜ਼ਾਰੇ ਦੇ ਬੱਚੇ ਦਾ ਰੋਲ ਅਕਸਰ ਕਰਿਆ ਕਰਦਾ ਸੀ। ਜਦੋਂ ਮੈਂ ਪਹਿਲੀ ਵਾਰ ਸਕੂਲ ਵਿਚ ਨਾਟਕ ਖੇਡਿਆ ਤਾਂ ਕੁੜੀ ਦਾ ਰੋਲ ਕਰਨਾ ਪਿਆ। ਅਸਲ ਵਿਚ ਮੈਂ ਤੇ ਮੇਰੇ ਜਮਾਤੀ ਨੇ ਹੀ ਨਾਟਕ ਖੇਡਣ ਦਾ ਫੈਸਲਾ ਕਰ ਲਿਆ। ਇਹ ਨਾਟਕ ਵੀ ਭਗਤ ਸਿੰਘ ਬਾਰੇ ਸੀ। ਉਦੋਂ ਨਿਆਣੇ ਹੁੰਦੇ ਬਹੁਤੀ ਸਮਝ ਵੀ ਨਹੀਂ ਸੀ, ਬੱਸ ਮਨ ਵਿਚ ਆਈ, ਸੋ ਤਿਆਰੀ ਸ਼ੁਰੂ ਕਰ ਦਿੱਤੀ। ਉਨ੍ਹੀਂ ਦਿਨੀਂ ਸਕੂਲ ਵਿਚ ਇਕ ਕੁੜੀ, ਪੰਜਾਬੋਂ ਬਾਹਰੋਂ ਪੜ੍ਹਨ ਆਈ ਹੋਈ ਸੀ। ਉਹ ਭਗਤ ਸਿੰਘ ਦੀ ਮੰਗੇਤਰ ਦਾ ਰੋਲ ਕਰਨ ਲਈ ਮੰਨ ਗਈ। ਖ਼ੈਰ, ਇਹ ਵੀ ਗੱਲ ਬਾਅਦ ਵਿਚ ਸਮਝ ਆਈ ਕਿ ਭਗਤ ਸਿੰਘ ਦੀ ਮੰਗੇਤਰ ਵਾਲਾ ਕਿੱਸਾ ਵੀ ਲੋਕਾਂ ਆਪ ਹੀ ਘੜਿਆ ਹੋਇਆ ਸੀ। ਉਦੋਂ ਕੁੜੀਆਂ ਦਾ ਨਾਟਕਾਂ ਵਿਚ ਕੰਮ ਕਰਨਾ ਪਸੰਦ ਨਹੀਂ ਸੀ ਕੀਤਾ ਜਾਂਦਾ। ਜਦੋਂ ਉਸ ਕੁੜੀ ਦੇ ਘਰਦਿਆਂ ਨੂੰ ਪਤਾ ਲੱਗਾ, ਉਨ੍ਹਾਂ ਵੀ ਕੁੜੀ ਨੂੰ ਮਨ੍ਹਾ ਕਰ ਦਿੱਤਾ। ਸਾਨੂੰ ਫ਼ਿਕਰ ਪੈ ਗਿਆ ਕਿ ਹੁਣ ਕੁੜੀ ਦਾ ਰੋਲ ਕੌਣ ਕਰੇਗਾ। ਜਦੋਂ ਕੁੜੀ ਸਾਨੂੰ ਕਹਿਣ ਆਈ ਕਿ ਮੈਂ ਹੁਣ ਨਾਟਕ ਨਹੀਂ ਖੇਡ ਸਕਦੀ ਤਾਂ ਮੈਂ ਦਬਾਸੱਟ ਕਿਹਾ ਕਿ ਅਪਣਾ ਸੂਟ ਹੀ ਮੈਨੂੰ ਦੇ ਜਾ, ਅਸੀਂ ਕੁਝ ਆਪੇ ਕਰ ਲਵਾਂਗੇ। ਉਹ ਸੂਟ ਵੀ ਨਾ ਦੇ ਕੇ ਗਈ। ਫੇਰ ਮੈਂ ਅਪਣੀ ਭੈਣ ਦਾ ਸੂਟ ਪਾ ਕੇ ਭਗਤ ਸਿੰਘ ਦੀ ਮੰਗੇਤਰ ਦਾ ਰੋਲ ਕੀਤਾ। ਹਾ..ਹਾ.. (ਹਸਦੇ ਹੋਏ) ਇਉਂ ਕਹੋ, ਮੈਂ ਭਗਤ ਸਿੰਘ ਦੀ ਪਹਿਲੀ ਮੰਗੇਤਰ ਹਾਂ।
ਚੱਲੋ, ਇਹ ਤਾਂ ਸ਼ੁਗਲ ਦੀ ਗੱਲ ਸੀ। ਪਰ ਬਾਅਦ ਵਿਚ ਮੈਂ ਗੰਭੀਰਤਾ ਨਾਲ ਇਸ ਖੇਤਰ ਵੱਲ ਝੁਕ ਗਿਆ। ਕਾਮਰੇਡਾਂ ਨਾਲ ਸਟੇਜਾਂ ‘ਤੇ ਨਾਟਕ ਕਰਦਿਆਂ ਕਰਦਿਆਂ ਮੈਂ ਇਪਟਾ ਦੇ ਪ੍ਰਭਾਵ ਹੇਠ ਆ ਗਿਆ। ਉਦੋਂ ਪੰਜਾਬ ਵਿਚ ਰੰਗਮੰਚ ਦੀ ਲਹਿਰ ਪੂਰੇ ਜ਼ੋਰਾਂ ‘ਤੇ ਸੀ। ਰੰਗਮੰਚ ਨਾਲ ਜੁੜਨਾ ਵੀ ਅਪਣੇ ਆਪ ਵਿਚ ਵੱਡੀ ਗੱਲ ਸੀ। ਸੋ, ਮੈਂ ਗਾਇਕੀ ਛੱਡ ਕੇ ਰੰਗਮੰਚ ਨਾਲ ਜੁੜ ਗਿਆ। ਪਰ ਗਾਇਕੀ ਦਾ ਸ਼ੌਕ ਨਹੀਂ ਛੱਡਿਆ। ਉਹ ਤਾਂ ਮੈਂ ਹੁਣ ਵੀ ਕਦੇ-ਕਦੇ ਗੁਣਗੁਣਾ ਲੈਂਦਾ ਹਾਂ। ਤੁਹਾਡੇ ਵਰਗੇ ਦੋਸਤ-ਮਿੱਤਰ ਜਦੋਂ ਫ਼ਰਮਾਇਸ਼ ਕਰਦੇ ਹਨ, ਤਾਂ ਗਾਉਣਾ ਹੀ ਪੈਂਦਾ ਹੈ।
ਹੁਣ: ਗਾਇਕੀ ਤੋਂ ਅਚਾਨਕ ਰੰਗਮੰਚ ਵੱਲ ਮੋੜਾ, ਕਿਤੇ ਤੁਹਾਡੀ ਭਟਕਣ ਤਾਂ ਨਹੀਂ ਸੀ। ਸ਼ਾਇਦ ਮੰਜ਼ਲ ਦਾ ਪਤਾ ਨਹੀਂ ਸੀ ਲੱਗ ਰਿਹਾ?
ਦਮਨ : ਹਾਂ..ਹੋ ਸਕਦਾ ਹੈ..ਜਦੋਂ ਮੰਜ਼ਲ ਬਾਰੇ ਸਪਸ਼ਟਤਾ ਨਾ ਹੋਵੇ ਤਾਂ ਭਟਕਣਾ ਲਾਜ਼ਮੀ ਹੈ। ਨਾਲੇ ਉਦੋਂ ਸਾਡੇ ਵੇਲਿਆਂ ਵਿਚ ਨੌਕਰੀਆਂ ਲਈ ਆਪਾ-ਧਾਪੀ ਵਾਲਾ ਮਾਹੌਲ ਤਾਂ ਹੈ ਨਹੀਂ ਸੀ। ਮੇਰੀ ਕੋਈ ਪੜ੍ਹਾਈ ਵੀ ਬਹੁਤੀ ਨਹੀਂ ਸੀ ਕਿ ਕਿਤੇ ਅਫ਼ਸਰੀ ਕਰਨ ਬਾਰੇ ਸੋਚਦਾ। ਘਰ ਦਾ ਮਾਹੌਲ ਵੀ ਕੋਈ ਏਵੇਂ ਦਾ ਨਹੀਂ ਸੀ ਕਿ ਮੈਨੂੰ ਕੋਈ ਗਾਈਡ ਕਰਦਾ। ਪਰ ਇਹਦਾ ਮੈਨੂੰ ਕੋਈ ਅਫ਼ਸੋਸ ਵੀ ਨਹੀਂ ਹੈ। ਜੋ ਕੁਝ ਹੋਇਆ, ਚੰਗਾ ਹੀ ਹੋਇਆ। ਸ਼ਾਇਦ ਮੈਂ ਰੰਗਮੰਚ ਖੇਤਰ ਵਿਚ ਕੰਮ ਕਰਨ ਲਈ ਹੀ ਜਨਮ ਲਿਆ ਹੈ।
ਹੁਣ: ਦਵਿੰਦਰ ਦਮਨ ਅਦਾਕਾਰ ਤੋਂ ਨਾਟਕ ਲੇਖਨ ਵੱਲ ਕਿਵੇਂ ਤੇ ਕਦੋਂ ਆਇਆ?
ਦਮਨ :ਹਰਪਾਲ ਟਿਵਾਣਾ ਨੂੰ ਮਿਲਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਜਿੰਨਾ ਕੁ ਵੀ ਰੰਗਮੰਚ ਉਸਰਿਆ ਹੈ, ਪੰਜਾਬੀ ਨਾਟਕ ਉਸ ਦੇ ਹਾਣ ਦਾ ਨਹੀਂ। ਇਹ ਸਿਰਫ਼ ਮੈਂ ਹੀ ਨਹੀਂ ਸਾਂ ਸੋਚ ਰਿਹਾ-ਅੰਮ੍ਰਿਤਸਰ ਬੈਠੇ ਗੁਰਸ਼ਰਨ ਭਾਅ ਜੀ ਵੀ ਇਹੋ ਸੋਚ ਕੇ ਸ਼ਾਇਦ ਚੈਖ਼ਵ, ਗੋਰਕੀ, ਸੈਮੁਅਲ ਬੈਕਟ ਵਰਗੇ ਗ਼ੈਰ-ਭਾਰਤੀ ਭਾਸ਼ਾਵਾਂ ਦੇ ਨਾਟਕ ਖੇਡ ਰਹੇ ਸਨ। ਜਿਵੇਂ ਹਰਪਾਲ ਲੋਰਕਾ, ਸਟਰਿੰਡ ਬਰਗ, ਇਬਸਿਨ ਆਦਿ ਖੇਡ ਰਿਹਾ ਸੀ। ਸੁਰਜੀਤ ਸਿੰਘ ਸੇਠੀ ਦੇ ਸਾਰੇ ਨਾਟਕ ਹੀ ਪੱਛਮੀ ਨਾਟਕਾਰਾਂ ਦੀ ਬਣਤਰ ਦੇ ਸਨ। ਬਲਵੰਤ ਗਾਰਗੀ ਕੁਝ ਨਾਟਕਾਂ ਨੂੰ ਛੱਡ ਕੇ ਪੱਛਮੀ ਤੇ ਪੂਰਬੀ ਨਾਟਕਾਂ ਦੀ ਬਲੈਡਿੰਗ ਕਰ ਰਿਹਾ ਸੀ। ਓਦੋਂ ਅਜਮੇਰ ਔਲਖ, ਆਤਮਜੀਤ ਦਿਸਹੱਦੇ ‘ਤੇ ਪ੍ਰਗਟ ਨਹੀਂ ਹੋਏ ਸਨ। ਮੈਨੂੰ ਵਿਸ਼ੇ ਪੱਖੋਂ ਅਤੇ ਬਣਤਰ ਪੱਖੋਂ ਹਰ ਤਰ੍ਹਾਂ ਨਾਲ ਪੰਜਾਬੀ ਜੀਵਨ ਨਾਲ ਮਿਲਦੇ-ਜੁਲਦੇ ਨਾਟਕ ਦੀ ਤਲਾਸ਼ ਸੀ। ਮੈਂ ਸੋਚਿਆ ਬਿਗ਼ਾਨੀ ਭਾਸ਼ਾ ਦੇ ਆਸਰੇ ਪੰਜਾਬ ਰੰਗਮੰਚ ਦੀ ਉਸਾਰੀ ਅਸੰਭਵ ਹੈ। ਰੰਗਮੰਚ ਦੇ ਹਾਣ ਦੇ ਨਾਟਕ ਲਿਖਣੇ ਚਾਹੀਦੇ ਹਨ। ਸੋ, ਪਹਿਲਾਂ ਯਤਨ ਮੈਂ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਧਰਤੀ ਹੇਠਲਾ ਬੋਲਦ’ ਨੂੰ ਨਾਟਕੀ ਰੂਪ ਦੇਣ ਦਾ ਕੀਤਾ। ਦੂਜਾ ਮੈਂ ਅਪਣਾ ਨਾਟਕ ‘ਧਰਤੀ ਮਾਂ ਹੈ..’ (ਨਵਾਂ ਨਾਂਅ ਕਾਲਾ ਲਹੂ) ਲਿਖਿਆ। ਬਸ ਫਿਰ ਸਿਲਸਿਲਾ ਸ਼ੁਰੂ ਹੋ ਗਿਆ ਨਾਟਕ ਲਿਖਣ ਦਾ..।
ਹੁਣ: ਕਦੇ ਅਜਿਹਾ ਵੀ ਹੋਇਆ ਕਿ ਸਟੇਜ ਤਿਆਰ ਹੋਵੇ ਤੇ ਕੋਈ ਕਲਾਕਾਰ ਭੱਜ ਗਿਆ ਹੋਵੇ? ਜਾਂ ਜਗ੍ਹਾ ਹੀ ਨਾ ਮਿਲੀ ਹੋਵੇ?
ਦਮਨ : ਹਾਂ, ਇਹ ਭਿਆਨਕ ਘਟਨਾ ਪਿੱਛੇ ਜਿਹੇ ਮੇਰੇ ਨਾਲ ਵਪਾਰੀ ਹੈ। ਪਰ ਹੈਰਾਨੀ ਹੋਈ ਕਿ ਮੇਰੇ ਪਰੋਂਮਟਰ ਨੂੰ ਸਾਰਾ ਰੋਲ ਯਾਦ ਸੀ। ਉਸ ਨੇ ਆਸਾਨੀ ਨਾਲ ਸਾਰਾ ਰੋਲ ਨਿਭਾਅ ਦਿੱਤਾ। ਉਹ ਰਾਤੋ-ਰਾਤ ਹੀਰੋ ਬਣ ਗਿਆ।
ਹੁਣ: ਕੀ ਇਸ ਸਾਰੇ ਸੁਮੇਲ ਵਿਚ ਤੁਸੀਂ ਅਪਣੇ-ਆਪ ਨੂੰ ਸਫ਼ਲ ਸਮਝਦੇ ਹੋ?
ਦਮਨ :ਸਫ਼ਲ, ਅਸਫ਼ਲ ਦਾ ਤਾਂ ਮੈਨੂੰ ਪਤਾ ਨਹੀਂ, ਪਰ ਸੰਤੁਸ਼ਟ ਜ਼ਰੂਰ ਹਾਂ। ਮੈਂ ਜੋ ਵੀ ਕੀਤਾ, ਰੂਹ ਨਾਲ ਕੀਤਾ। ਉਂਜ, ਅੱਜ ਦੀ ਗਾਇਕੀ ਦਾ ਜੋ ਹਾਲ ਹੈ, ਤਾਂ ਮੈਂ ਕਿਸੇ ਬਜ਼ੁਰਗ ਗਾਇਕ ਵਾਂਗ ਘਰੇ ਬੈਠਾ ਹੁੰਦਾ। ਪਰ ਰੰਗਮੰਚ ਨੇ ਮੈਨੂੰ ਹੁਣ ਤਕ ਜਵਾਨ ਰੱਖਿਆ ਹੈ। ਮੇਰਾ ਦਿਮਾਗ ਹਰ ਵਕਤ ਕੁਝ ਨਵਾਂ ਕਰਨ ਲਈ ਚਲਦਾ ਰਹਿੰਦਾ ਹੈ। ਸਟੇਜ ‘ਤੇ ਕੁਝ ਨਵੇਂ ਤਜਰਬੇ ਕਰਨ ਲਈ ਹੁਣ ਵੀ ਦੁਨੀਆ ਭਰ ਦੇ ਵਰਤਾਰੇ ‘ਤੇ ਅਪਣੀ ਨਜ਼ਰ ਰੱਖਦਾ ਹਾਂ। ਮੇਰੇ ਸ਼ੌਕ ਦੇ ਸੁਮੇਲ ਨੇ ਮੈਨੂੰ ਖ਼ੂਬਸੂਰਤ ਜ਼ਿੰਦਗੀ ਦਿੱਤੀ ਹੈ।ਮਿੰਨੀ ਐਨ.ਐਸ਼ਡੀ.
ਹੁਣ: ਤੁਹਾਨੂੰ ਵਿਰਾਸਤ ਵਿਚ ਵੀ ਮਾਰਕਸਵਾਦੀ ਵਿਚਾਰਧਾਰਾ ਮਿਲੀ ਤੇ ਉਹ ਦਿਨ ਵੀ ਇਸੇ ਵਿਚਾਰਧਾਰਾ ਦੀ ਚੜ੍ਹਾਈ ਦੇ ਸਨ ਪਰ ਰੰਗਮੰਚ ਵੱਲ ਜਾਣ ਵੇਲੇ ਭਾਅ ਜੀ ਗੁਰਸ਼ਰਨ ਸਿੰਘ ਦੀ ਥਾਂ ਤੁਸੀਂ ਹਰਪਾਲ ਟਿਵਾਣਾ ਨੂੰ ਕਿਉਂ ਚੁਣਿਆ?
ਦਮਨ : ਤੁਹਾਡੀ ਗੱਲ ਸਹੀ ਹੈ ਕਿ ਮੇਰੇ ‘ਤੇ ਮਾਰਕਸੀ ਸੋਚ ਭਾਰੂ ਸੀ ਪਰ ਨਾਟਕ ਖੇਤਰ ਨਾਲ ਜੁੜਨ ਲੱਗਿਆਂ, ਗੱਲ ਸਿਰਫ਼ ਵਿਚਾਰਧਾਰਾ ਦੀ ਨਹੀਂ ਰਹੀ। ਇਹ ਨਹੀਂ ਕਿ ਮੈਂ ਇਸ ਵਿਚਾਰਧਾਰਾ ਤੋਂ ਦੂਰ ਚਲਾ ਗਿਆ ਸੀ। ਇਉਂ ਕਹਿ ਲਓ, ਗੱਲ ਮੌਕਾ-ਮੇਲ ਦੀ ਸੀ। ਉਦੋਂ ਗੁਰਸ਼ਰਨ ਸਿੰਘ ਹੋਰਾਂ ਨੰਗਲ ਤੋਂ ਥੀਏਟਰ ਸ਼ੁਰੂ ਕਰ ਕੇ ਅੰਮ੍ਰਿਤਸਰ ਪੁੱਜ ਚੁੱਕੇ ਸਨ। ਅੰਮ੍ਰਿਤਸਰ ਰਹਿੰਦਿਆਂ ਮੈਂ ਗਾਂਧੀ ਗਰਾਉਂਡ ਵਿਚ ਉਨ੍ਹਾਂ ਦੀਆਂ ਪੇਸ਼ਕਾਰੀਆਂ ਵੀ ਵੇਖੀਆਂ ਸਨ। ਉਨ੍ਹਾਂ ਵਿਚ ਗੋਰਕੀ ਦਾ ਪੈਟੀ ਬੁਰਜੋ ਆਜੀ… (ਆਲ੍ਹਣਾ ਤੀਲੋ-ਤੀਲ) ਵੀ ਸ਼ਾਮਲ ਸੀ। ਉਨ੍ਹਾਂ ਪੇਸ਼ਕਾਰੀਆਂ ਵਿਚ ਤਕਨੀਕ ਪੱਖੋਂ ਸੁਰੇਸ਼ ਪੰਡਤ ਦੀ ਦੇਣ ਜ਼ਿਆਦਾ ਸੀ। ਜਦੋਂ ਤੀਕ ਮੈਂ ਉਨ੍ਹਾਂ ਦੇ ਗਰੁੱਪ ਵਿਚ ਸ਼ਾਮਲ ਹੋਣ ਦਾ ਮਨ ਬਣਾਇਆ, ਉਦੋਂ ਮੇਰੀ ਸਰਕਾਰੀ ਮਹਿਕਮੇ ਵਿਚ ਫ਼ਿਰੋਜ਼ਪੁਰ ਤਬਦੀਲੀ ਹੋ ਗਈ। ਉਥੇ ਰੰਗਮੰਚ ਦਾ ਕੋਈ ਮਾਹੌਲ ਨਹੀਂ ਸੀ। ਆਖ਼ਰ ਪਟਿਆਲੇ ਬਦਲੀ ਕਰਵਾ ਕੇ 1964 ਵਿਚ ‘ਦੀ ਪ੍ਰਗਤੀ ਡਰਾਮਾਟਿਕ ਕਲੱਬ’ ਸਥਪਾਤ ਕੀਤਾ ਤੇ ਨਾਟਕ ਖੇਡਣੇ ਸ਼ੁਰੂ ਕੀਤੇ। 1966 ਵਿਚ ਹਰਪਾਲ ਟਿਵਾਣਾ, ਨੈਸ਼ਨਲ ਸਕੂਲ ਆਫ਼ ਡਰਾਮਾ ਤੋਂ ਪਾਸ ਹੋ ਕੇ ਪਟਿਆਲੇ ਆ ਗਏ। ਇਸ ਤੋਂ ਪਹਿਲਾਂ ਮੈਂ ਇਕ ਅੰਗਰੇਜ਼ੀ ਅਖ਼ਬਾਰ ਵਿਚ ਹਰਪਾਲ ਟਿਵਾਣਾ ਦੀ ਵੱਡੀ ਸਾਰੀ ਮੂਰਤ ਨਾਲ ਛਪਿਆ ਲੇਖ ਪੜ੍ਹਿਆ ਸੀ। ਪਰ ਮੈਨੂੰ ਇਹ ਉੱਕਾ ਹੀ ਪਤਾ ਨਹੀਂ ਸੀ ਕਿ ਹਰਪਾਲ ਕੌਣ ਹਨ। ਪੰਜਾਬ ਵਿਚ ਕਿਸ ਥਾਂ ਨਾਲ ਸਬੰਧ ਰੱਖਦੇ ਹਨ। ਪਰ ਇਹ ਬਹੁਤ ਖ਼ੁਸ਼ੀ ਹੋਈ ਕਿ ਨੈਸ਼ਨਲ ਸਕੂਲ ਆਫ਼ ਡਰਾਮਾ (ਐਨ.ਐਸ਼ਡੀ.) ਤੋਂ ਪੰਜਾਬ ਦਾ ਇਹ ਪਹਿਲਾ ਪਾਸ ਆਉਟ ਸੀ। ਸੋ, ਮਿਲਣ ਦੀ ਬਹੁਤ ਤਾਂਘ ਸੀ। ਮੇਰੇ ਇਕ ਮਿੱਤਰ ਬਲਕਾਰ (ਪ੍ਰੋ. ਬਲਕਾਰ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਤੋਂ ਪਤਾ ਲੱਗਾ ਕਿ ਹਰਪਾਲ ਟਿਵਾਣਾ ਪਟਿਆਲੇ ਦੇ ਹੀ ਹਨ। ਜਦੋਂ ਕਦੀ ਆਇਆ ਤਾਂ ਤੈਨੂੰ ਮਿਲਾ ਦਿਆਂਗਾ। ਅਚਾਨਕ ਇਕ ਦਿਨ ਹਰਪਾਲ ਹੋਰਾਂ ਦਾ ਖ਼ਤ ਮਿਲਿਆ। ਮੈਨੂੰ ਬੜਾ ਅਚੰਭਾ ਹੋਇਆ। ਅੰਗਰੇਜ਼ੀ ਵਿਚ ਖ਼ਤ ਦੀਆਂ ਮੁਖ਼ਤਸਰ ਲਾਈਨਾਂ ਸਨ-

My dear Davinder Daman,
My self and my wife are keen to meet you, please come and join us.


ਮੈਂ ਤਾਂ ਛਾਲਾਂ ਮਾਰਦਾ ਫਿਰਾਂ। ਫਟਾ-ਫੱਟ ਉਨ੍ਹਾਂ ਕੋਲ ਪੁੱਜ ਗਿਆ। ਅਸਲ  ਵਿਚ ਹਰਪਾਲ ਹੋਰੀਂ ਪੰਜਾਬ ਵਿਚ ਥੀਏਟਰ ਕਰਨਾ ਚਾਹੁੰਦੇ ਸਨ। ਉਨ੍ਹਾਂ ਨੂੰ ਸਹਿਯੋਗੀ ਲੋੜੀਂਦੇ ਸਨ। ਮੈਂ 1964 ਤੋਂ ਪਟਿਆਲਾ ਵਿਖੇ ਥੀਏਟਰ ਕਰ ਰਿਹਾ ਸਾਂ। ਹਰਪਾਲ 1966 ਵਿਚ ਇਹ ਉਪਰਾਲਾ ਕਰ ਰਹੇ ਸਨ। ਖ਼ੈਰ, ਉਨ੍ਹਾਂ ਪੰਜਾਬੀ ਫ਼ੌਕ ਥੀਏਟਰ ਬਣਾਇਆ ਅਤੇ ਸਫ਼ੌਕਲੀਜ਼ ਦਾ ਗਰੀਕ ਨਾਟਕ ‘ਕਿੰਗ ਇਡੀਪਸ’ ਖੇਡਿਆ। ਮੈਂ ਉਸ ਵਿਚ ਅੰਨ੍ਹੇ ਨਜੂਮੀ (ਟੈਰੀਸਜ਼) ਦੀ ਭੂਮਿਕਾ ਨਿਭਾਈ। ਫਿਰ ਹਰਪਾਲ ਵਾਪਸ ਦਿੱਲੀ ਚਲੇ ਗਏ ਕਿਉਂਕਿ ਨੀਨਾ ਜੀ (ਹਰਪਾਲ ਦੀ ਪਤਨੀ) ਦਾ ਇਕ ਸਾਲ ਐਨ.ਐਸ਼ਡੀ. ਵਿਚ ਬਾਕੀ ਰਹਿੰਦਾ ਸੀ। 1967 ਵਿਚ ਉਹ ਮੁੜ ਆਏ। ‘ਰੱਤਾ ਸਾਲੂ’ ਅਤੇ ‘ਇਤਿਹਾਸ ਜਵਾਬ ਮੰਗਦਾ ਹੈ’ (ਡਾ. ਹਰਚਰਨ ਸਿੰਘ) ਤਿਆਰ ਕੀਤੇ ਗਏ। ਮੈਂ ‘ਰੱਤਾ ਸਾਲੂ’ ਵਿਚ ਜੋਗੇ ਦਾ ਮੁੱਖ ਕਿਰਦਾਰ ਨਿਭਾਇਆ ਅਤੇ ਇਹਦੇ ਵਿਚ ਜਸਵੰਤ ਮੇਰੀ ਭੈਣ ਬਣੀ ਸੀ। ਪੰਜਾਬ ਵਿਚ ਕਈ ਥਾਵਾਂ ‘ਤੇ ਇਹਦੇ ਬਹੁਤ ਸਫ਼ਲ ਸ਼ੋਅ ਹੋਏ। 1966 ਤੋਂ 1968 ਤੀਕ ਹਰਪਾਲ ਹੋਰਾਂ ਨਾਲ ਮੇਰਾ ਸਫ਼ਰ ਏਨਾ ਹੀ ਰਿਹਾ। ਫੇਰ ਮੇਰੀ ਬਦਲੀ ਪਟਿਆਲੇ ਤੋਂ ਰੋਪੜ ਦੀ ਹੋ ਗਈ। ਸੋ, ਰੋਪੜ ਆ ਕੇ ਅਪਣਾ ਨਾਟਕੀ ਕੰਮ ਜਾਰੀ ਰੱਖਿਆ।
ਹੁਣ: ਚੱਲੋ, ਜਿੰਨਾ ਵੀ ਸਾਥ ਸੀ, ਪਰ ਇਸ ਦੌਰਾਨ ਤੁਹਾਡਾ ਉਨ੍ਹਾਂ ਨਾਲ ਰਿਸ਼ਤਾ ਕਿਹੋ ਜਿਹਾ ਰਿਹਾ?
ਦਮਨ : ਨੈਸ਼ਨਲ ਸਕੂਲ ਆਫ਼ ਡਰਾਮਾ ਤੋਂ ਹਰਪਾਲ ਹੋਰਾਂ ਨੇ ਨਿਰਦੇਸ਼ਕ ਵਜੋਂ ਨਹੀਂ, ਸਟੇਜ ਡਿਜ਼ਾਈਨਰ ਵਜੋਂ ਡਿਪਲੋਮਾ ਹਾਸਲ ਕੀਤਾ ਸੀ। ਤਿੰਨ ਸਾਲ ਐਨ.ਐਸ਼ਡੀ. ਵਿਚ ਰਹਿ ਕੇ ਬਾਕੀ ਰੰਗਮੰਚੀ ਪੱਖਾਂ ਤੋਂ ਬੰਦਾ ਜਾਣੂ ਹੋ ਹੀ ਜਾਂਦਾ ਹੈ। ਫਿਰ ਜਦੋਂ ਤੁਸੀਂ ਅਪਣਾ ਨਾਟ ਟੋਲਾ ਸਥਾਪਤ ਕਰਨਾ ਹੋਵੇ ਤਾਂ ਤੁਹਾਨੂੰ ਨਿਰਦੇਸ਼ਕ ਦਾ ਭਾਰ ਤਾਂ ਅਪਣੇ ਮੋਢਿਆਂ ‘ਤੇ ਚੁੱਕਣਾ ਹੀ ਪਵੇਗਾ। ਖ਼ਾਸ ਕਰ ਕੇ ਓਸ ਖਿਤੇ ਵਿਚ ਜਿਥੇ ਮਾਹਰ ਨਿਰਦੇਸ਼ਕ ਦੀ ਅਣਹੋਂਦ ਹੋਵੇ। ਇਸ ਪੱਖ ਤੋਂ ਹਰਪਾਲ ਟਿਵਾਣਾ ਪੰਜਾਬ ਦਾ ਪਹਿਲਾ ਟਰੇਂਡ ਨਿਰਦੇਸ਼ਕ ਸੀ, ਜਿਸ ਨੂੰ ਰੰਗਮੰਚ ਦੇ ਸਾਰੇ ਪੱਖਾਂ ਦੀ ਵਾਕਫ਼ੀ ਸੀ। ਪਰ ਹਰਪਾਲ ਨੇ ਕੁਝ ਕੁ ਪੰਜਾਬੀ ਨਾਟਕਾਂ ਨੂੰ ਛੱਡ ਕੇ ਬਾਕੀ ਸਾਰੇ ਨਾਟਕ ਐਨ.ਐਸ਼ਡੀ. ਵਾਲੇ ਹੀ ਖੇਡੇ-ਬਸ ਉਨ੍ਹਾਂ ਨਾਟਕਾਂ ਨੂੰ ਪੰਜਾਬੀ ਰੂਪ ਦਿੱਤਾ। ਹਰਪਾਲ ਨਾਲ ਕੰਮ ਕਰਦਿਆਂ ਮੈਂ ਪਹਿਲੀ ਵਾਰ ਰੰਗਮੰਚ ਪ੍ਰਤੀ ਪ੍ਰੋਫ਼ੈਸ਼ਨਲ ਅਪਰੋਚ ਤੋਂ ਵਾਕਫ਼ ਹੋਇਆ। ਰੰਗਮੰਚੀ ਅਨੁਸ਼ਾਸਨ ਨੂੰ ਸਮਝਿਆ। ਬੇਹਤਰ ਢੰਗ ਨਾਲ ਪ੍ਰਬੰਧ ਕਰਨਾ ਸਿਖਿਆ। ਰੰਗਮੰਚ ਦੇ ਵੱਖ-ਵੱਖ ਪਹਿਲੂਆਂ ਤੋਂ ਵਾਕਫ਼ ਹੋਇਆ। ਕੁੱਲ ਮਿਲਾ ਕੇ ਹਰਪਾਲ ਟਿਵਾਣਾ ਮੇਰੇ ਲਈ ਲਈ ਮੇਰਾ ਮਿੰਨੀ ਐਨ.ਐਸ਼ਡੀ. ਸੀ।

ਛਿਪਣ ਤੋਂ ਪਹਿਲਾਂ
ਹੁਣ: ਇਕ ਵਾਰ ਤੁਹਾਡੇ ਨਾਟਕ ‘ਛਿਪਣ ਤੋਂ ਪਹਿਲਾਂ’ ਦੀ ਪੇਸ਼ਕਾਰੀ ਤੋਂ ਬਾਅਦ ਭਾਅ ਜੀ ਗੁਰਸ਼ਰਨ ਸਿੰਘ ਨੇ ਦਰਸ਼ਕਾਂ ਨਾਲ ਖਚਾਖਚ ਭਰੇ ਹਾਲ ਵਿਚ ਆਖਿਆ ਕਿ ਪੰਜਾਬੀ ਵਿਚ ਸ਼ਹੀਦ ਭਗਤ ਸਿੰਘ ‘ਤੇ ਇਸ ਤੋਂ ਬੇਹਤਰ ਹਾਲੇ ਤਕ ਕੋਈ ਨਾਟਕ ਨਹੀਂ ਹੈ। ਤੁਹਾਨੂੰ ਫ਼ਖ਼ਰ ਹੋਵੇਗਾ ਹੀ ਇਸ ਗੱਲ ਦਾ। ਪਰ ਐਂ ਦੱਸੋਂ ਬਈ ਤੁਸੀਂ ਭਗਤ ਸਿੰਘ ਨੂੰ ਅਪਣੇ ਨਾਟਕ ਵਿਚ ਪੇਸ਼ ਕਰਦਿਆਂ ਕਿਹੜੀਆਂ ਖ਼ਾਸ ਗੱਲਾਂ ਦਾ ਖਿਆਲ ਰੱਖਿਆ ਕਿ ‘ਛਿਪਣ ਤੋਂ ਪਹਿਲਾਂ’ ਸਰਵੋਤਮ ਨਾਟਕ ਹੋ ਨਿਬੜਿਆ?
ਦਮਨ : ਅ..ਅ.. (ਜ਼ਰਾ ਕੁ ਅਟਕ ਕੇ) ਇਹਦਾ ਰਾਜ ਸੀ, ਇਸ ਸਰਵੋਤਮ ਨਾਟਕ ਦੀ ਕਹਾਣੀ!
ਹੁਣ: ਕਿਉਂ..? ਮੁਸਕਰਾ ਕਿਉਂ ਰਹੇ ਹੋ?
ਦਮਨ : ਸੱਚ! ਮੈਨੂੰ ਤਾਂ ਹਾਸਾ ਹੀ ਆਉਂਦਾਂ ਅਪਣੀ ਇਸ ਰਚਨਾ ‘ਤੇ। ਬੱਸ, ਇਹ ਕਹੋ ਮਜਬੂਰੀ ਵਿਚ ਹੀ ਲਿਖਿਆ ਸੀ ਮੈਂ ਇਹ ਨਾਟਕ। ਧੱਕੇ ਨਾਲ ਲਿਖਵਾਇਆ ਗਿਆ ਸੀ ਮੇਰੇ ਤੋਂ। ਸਮਾਂ ਤਾਂ ਹੈ ਨਹੀਂ ਸੀ ਲਿਖਣ ਲਈ, ਅਚਾਨਕ ਹੁਕਮ ਹੋਇਆ ਕਿ ਨਾਟਕ ਲਿਖੋ ਤੇ ਮੈਂ ਹੈਰਾਨ-ਪ੍ਰੇਸ਼ਾਨ ਹੋਏ ਨੇ ਦਵਾ-ਸੱਟ ਨਾਟਕ ਲਿਖ ‘ਤਾ। ਮੈਨੂੰ ਕੀ ਪਤਾ ਸੀ ਕਿ ਇਹ ਸਰਬੋਤਮ ਹੋ ਨਿਬੜੂ। ਚੱਲੋ, ਇਹ ਵੀ ਜ਼ਿੰਦਗੀ ਦਾ ਮਜ਼ੇਦਾਰ ਤਜ਼ਰਬਾ ਰਿਹਾ। ਜਾਂ ਇਹ ਕਹਿ ਲਓ, ਅਮਰੀਕਾ, ਕੈਨੇਡਾ ਦੇ ਚੱਕਰ ਵਿਚ ਲਿਖਣਾ ਪਿਆ।
ਹੁਣ: ਭਲਾ, ਤੁਹਾਨੂੰ ਕਿਹੜੀ ਅਜਿਹੀ ਮਜਬੂਰੀ ਪੈ ਗਈ ਸੀ?
ਦਮਨ :ਹਾ.. ਹਾ.. (ਹਸਦੇ ਹੋਏ) ਦਰਅਸਲ, ਬੜਾ ਦਿਲਚਸਪ ਕਿੱਸਾ ਹੈ ਇਹ। ਮੇਰੇ ਕਈ ਦੋਸਤ ਜਾਣਦੇ ਵੀ ਹਨ। ਅਕਸਰ ਏਸ ਨਾਟਕ ਦਾ ਜ਼ਿਕਰ ਹੁੰਦਾ ਹੀ ਰਹਿੰਦਾ ਹੈ ਤੇ ਖੇਡਿਆ ਵੀ ਜਾ ਰਿਹਾ ਹੈ। ਗੱਲ 1981 ਦੀ ਹੈ। ਅਸੀਂ ਦੋ ਨਾਟਕ (‘ਰਾਣੀ ਜਿੰਦਾ’ ਅਤੇ ‘ਜ਼ਫ਼ਰਨਾਮਾ’) ਲੈ ਕੇ ਅਮਰੀਕਾ ਤੇ ਕੈਨੇਡਾ ਜਾਣ ਦਾ ਪ੍ਰੋਗਰਾਮ ਬਣਾਇਆ ਸੀ। ਕੈਨੇਡਾ ਟੁਰਨ ਤੋਂ ਕੁਝ ਦਿਨ ਪਹਿਲਾਂ ਉਥੋਂ ਦੇ ਸਪੌਂਸਰਜ਼ ਨੇ ਸ਼ਰਤ ਰੱਖ ਦਿੱਤੀ ਕਿ ਲਾਜ਼ਮੀ ਤੌਰ ‘ਤੇ ਇਕ ਨਾਟਕ ਭਗਤ ਸਿੰਘ ਬਾਰੇ ਹੋਣਾ ਚਾਹੀਦੈ। ਨਹੀਂ ਤਾਂ ਨਾ ਆਇਓ। ਪ੍ਰਬੰਧਕਾਂ ਨੂੰ ਭਾਜੜਾਂ ਪੈ ਗਈਆਂ ਕਿਉਂਕਿ ਸਪੌਂਸਰਜ਼ ਨੇ ਭਗਤ ਸਿੰਘ ‘ਤੇ ਲਿਖੇ ਪਹਿਲੇ ਸਾਰੇ ਨਾਟਕ ਰੱਦ ਕਰ ਦਿੱਤੇ ਸੀ, ਜਿਨ੍ਹਾਂ ਵਿਚ ਡਾ. ਹਰਚਰਨ ਸਿੰਘ ਅਤੇ ਸਾਗਰ ਸਰਹੱਦੀ ਦੇ ਨਾਟਕ ਵੀ ਸ਼ਾਮਲ ਸਨ। ਸਾਡੇ ਟੂਰ ਦਾ ਜਿਹੜਾ ਫ਼ਾਇਨਾਂਸਰ ਸੀ, ਐਚ.ਐਸ਼ ਭੱਟੀ, ਉਹਨੂੰ ਪਤਾ ਨਹੀਂ ਕੀ ਓਹੜੀ, ਮੈਨੂੰ ਕਹਿੰਦਾ, ਐਂ ਕਰ ਫਟਾ-ਫੱਟ ਭਗਤ ਸਿੰਘ ‘ਤੇ ਨਾਟਕ ਲਿਖ।’ ਮੈਂ ਹੈਰਾਨ ਹੋ ਕੇ ਉਹਦਾ ਮੂੰਹ ਦੇਖਾਂ। ਬਈ, ਐਂ ਕਿਵੇਂ ਨਾਟਕ ਲਿਖ ਦਿਆਂ। ਇਹਦੇ ਲਈ ਪੂਰੀ ਮਿਹਨਤ ਦੀ ਲੋੜ ਹੈ। ਨਾਲੇ ਮੈਂ ਤਾਂ ਨਾਟਕ ‘ਜ਼ਫ਼ਰਨਾਮਾ’ ਤਿਆਰ ਕਰਵਾ ਰਿਹਾ ਸੀ ਤੇ ਦੂਜੇ ਪਾਸੇ ‘ਰਾਣੀ ਜਿੰਦਾਂ’ ਵਿਚ ਵੀ ਮੇਰੀ ਅਹਿਮ ਭੂਮਿਕਾ ਸੀ। ਇਹ ਨਾਟਕ ਮੋਹਨ ਮਹਾ ਰਿਸ਼ੀ ਨਿਰਦੇਸ਼ਤ ਕਰ ਰਹੇ ਸਨ। ਮੈਂ ਅਪਣਾ ਪਿੱਛਾ ਛੁਡਾਉਣ ਲਈ ਅਮਿਤੋਜ ਦੀਆਂ ਮਿੰਨਤਾਂ ਕਰਨ ਲੱਗਾ..
ਹੁਣ: ਅਮਿਤੋਜ? ਅਮਿਤੋਜ ਵਿਚੋਂ ਕਿੱਥੇ ਆ ਗਿਆ-ਉਹ ਤਾਂ ਨਾਟਕਕਾਰ ਨਹੀਂ ਸੀ?
ਦਮਨ :ਹਾ..ਹਾ.. (ਹਸਦੇ ਹੋਏ) ਇਕ-ਇਕ ਕਰ ਕੇ ਭੇਤ ਖੋਲ੍ਹਦਾਂ। ਇਹ ਵੀ ਅਪਣੇ-ਆਪ ਵਿਚ ਦਿਲਚਸਪ ਕਿੱਸਾ ਹੈ। ਅਮਿਤੋਜ ਉਦੋਂ ‘ਰਾਣੀ ਜਿੰਦਾਂ’ ਲਈ ਗੀਤ ਲਿਖ ਰਿਹਾ ਸੀ..
ਹੁਣ: ਗੀਤ ਤਾਂ ਠੀਕ ਹੈ.. ਪਰ ਨਾਟਕ..?
ਦਮਨ : ਕੋਈ ਨੀਂ.. ਇਹਤੋਂ ਵੀ ਪਰਦਾ ਚੁੱਕਦਾ ਹਾਂ.. ਮੈਨੂੰ ਵੀ ਪਤਾ ਸੀ ਕਿ ਅਮਿਤੋਜ ਨਾਟਕਕਾਰ ਨਹੀਂ ਹੈ ਪਰ ਮੈਨੂੰ ਉਸ ਦੇ ਨਾਟਕ ਲਿਖਣ ਦਾ ਪੱਖ ਵੀ ਉਦੋਂ ਹੀ ਪਤਾ ਚਲਿਆ ਸੀ..
ਹੁਣ: ਉਹ ਕਿਵੇਂ..? ਯਕੀਨ ਜਿਹਾ ਨਹੀਂ ਆ ਰਿਹਾ..
ਦਮਨ : ਹਾਂ, ਤੁਹਾਡਾ ਹੈਰਾਨ ਹੋਣਾ ਸਹੀ ਹੈ। ਅਸਲ ਵਿਚ ਹੋਇਆ ਇਸ ਤਰ੍ਹਾਂ ਕਿ ਜਦੋਂ ਬੰਬਈ ਵਿਚ ਮੈਂ ਨਾਟਕ ਖੇਡਣ ਗਿਆ ਹੋਇਆ ਸਾਂ ਤਾਂ ਉਦੋਂ ਫ਼ੈਸਲਾ ਹੋਇਆ ਸੀ ਕਿ ਅਮਰੀਕਾ, ਕੈਨੇਡਾ, ਇੰਗਲੈਂਡ ਵਿਚ ਨਾਟਕ ਖੇਡੇ ਜਾਣਗੇ। ਡਾ. ਹਰਚਰਨ ਸਿੰਘ ਨਾਟਕ ਲਿਖਣਗੇ ‘ਰਾਣੀ ਜਿੰਦਾ’..ਦਵਿੰਦਰ ਦਮਨ ਡਾਇਰੈਕਟ ਕਰੇਗਾ ਅਤੇ ਹੁਕਮ ਸਿੰਘ ਭੱਟੀ ਫ਼ਾਇਨਾਂਸ ਕਰੇਗਾ..ਪਰ ਬਾਅਦ ਵਿਚ ਡਾ. ਹਰਚਰਨ ਸਿੰਘ ਹੋਰਾਂ ਦਾ ਖ਼ਿਆਲ ਬਦਲ ਗਿਆ। ਉਹ ਤੇ ਹੁਕਮ ਸਿੰਘ ਭੱਟੀ ਅਲਕਾਜ਼ੀ ਕੋਲ ਪਹੁੰਚ ਗਏ। ਅਲਕਾਜ਼ੀ ਨੇ ਪੰਜਾਬ ਦੇ ਇਤਿਹਾਸ ‘ਤੇ ਸਭਿਆਚਾਰ ਬਾਰੇ ਅਪਣੀ ਜਾਣਕਾਰੀ ਨਾ ਹੋਣ ਦਾ ਬਹਾਨਾ ਬਣਾ ਕੇ ਨਾਟਕ ਡਾਇਰੈਕਟ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਆਖਿਆ ਕਿ ਕੋਈ ਪੰਜਾਬੀ ਨਿਰਦੇਸ਼ਕ ਤੋਂ ਨਿਰਦੇਸ਼ਨ ਕਰਵਾਓ। ਹਰਪਾਲ ਟਿਵਾਣਾ ਤੋਂ ਡਾ. ਸਾਹਿਬ ਡਾਇਰੈਕਟ ਕਰਵਾਉਣਾ ਨਹੀਂ ਸਨ ਚਾਹੁੰਦੇ। ਆਖ਼ਰ ਮੋਹਨ ਮਹਾ ਰਿਸ਼ੀ ਚੁਣ ਲਏ ਗਏ। ਡਾ. ਸਾਹਿਬ ਨੇ ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਵਿਭਾਗ ਵਿਚ ਨਾਟਕ ਪੜ੍ਹਿਆ। ਉਦੋਂ ਮੈਂ ਵੀ ਉਥੇ ਹੀ ਮੌਜੂਦ ਸੀ। ਡਾ. ਸਾਹਿਬ ਨੂੰ ਉਮੀਦ ਨਹੀਂ ਸੀ, ਮੇਰੇ ਹਾਜ਼ਰ ਹੋਣ ਦੀ- ਜਦੋਂ ਰਾਣੀ ਜਿੰਦਾਂ ਤੇ ਪੁੱਤਰ ਦਲੀਪ ਸਿੰਘ ਦੇ ਮਿਲਾਪ ਦਾ ਸੀਨ ਆਇਆ ਤਾਂ ਡਾ. ਸਾਹਿਬ ਮੇਰੇ ਵੱਲ ਵੇਖ ਕੇ ਕਹਿਣ ਲੱਗੇ ਆਹ ਤਾਂ ਮੈਂ ਤੁਹਾਡੇ ਵਾਲਾ ਸੀਨ ਹੀ ਰੱਖ ਲਿਆ..ਮੈਨੂੰ ਹੈਰਾਨੀ ਹੋਈ..ਮੈਂ ਕਿਹਾ ਡਾ. ਸਾਹਿਬ ਮੈਂ ਤਾਂ ‘ਰਾਣੀ ਜਿੰਦਾਂ’ ‘ਤੇ ਕੋਈ ਨਾਟਕ ਨਹੀਂ ਲਿਖਿਆ। ਡਾ. ਸਾਹਿਬ ਬੋਲੇ..’ ਉਹੋ ਹੀ, ਮੇਰਾ ਮਤਲਬ ਹੈ, ਜੋ ਤੁਸਾਂ ਸੰਤ ਸਿੰਘ ਸੇਖੋਂ ਦਾ ‘ਮੋਇਆਂ ਸਾਰ ਨਾ ਕਾਈ’ ਖੇਡਿਆ ਹੈ..ਅਸਲ ਵਿਚ ਡਾਕਟਰ ਸਾਹਿਬ ਨੇ ਸੇਖੋਂ ਦਾ ਮਾਂ-ਪੁੱਤਰ ਮਿਲਾਪ ਦਾ ਸਾਰਾ ਸੀਨ, ਹੂ-ਬ-ਹੂ ਅਪਣੇ ਨਾਟਕ ਵਿਚ ਚੇਪ ਦਿੱਤਾ ਸੀ- ਮੋਹਨ ਮਹਾ ਰਿਸ਼ੀ ਨੂੰ ਸਕਰਿਪਟ ਬਹੁਤ ਹੀ ਕਮਜ਼ੋਰ ਲੱਗੀ। ਉਸ ਨੇ ਅਮਿਤੋਜ ਨੂੰ, ਜੋ ਕਿ ਨਾਟਕ ਦੇ ਗੀਤ ਲਿਖਣ ਲਈ ਸੱਦਿਆ ਗਿਆ ਸੀ, ਨਾਟਕ ਦੀ ਸਕਰਿਪਟ ਸੋਧਣ ਲਈ ਮਨਾ ਲਿਆ। ਸੋ ਮੈਂ ਵੀ ਅਪਣਾ ਖਹਿੜਾ ਛੁਡਾਉਣ ਲਈ ਅਮਿਤੋਜ ਨੂੰ ਭਗਤ ਸਿੰਘ ‘ਤੇ ਨਾਟਕ ਲਿਖਣ ਲਈ ਪੇਸ਼ਕਸ਼ ਕੀਤੀ।
ਹੁਣ: ਫੇਰ ਅਮਿਤੋਜ ਨੇ ਲਿਖਿਆ?
ਦਮਨ : ..ਨਹੀਂ, ਅਮਿਤੋਜ ਬੜੇ ਨਖ਼ਰੇ ਨਾਲ ਆਖਣ ਲੱਗਾ..ਲਿਖਾ ਤਾਂ ਦਿਆਂਗਾ ਪਰ ਇਕ ਪੇਟੀ ਲੱਗੇਗੀ..ਮੈਂ ਕਿਹਾ, ‘ਠੀਕ ਹੈ..’ ਫਿਰ ਆਖਣ ਲੱਗਾ, ‘ਰਾਣੀ ਜਿੰਦਾਂ’ ਵਾਲਾ ਮੇਰਾ ਕੰਮ ਖ਼ਤਮ ਹੋ ਗਿਆ ਹੈ-ਹੁਣ ਮੇਰੇ ਕੋਲ ਰਹਿਣ ਨੂੰ ਜਗ੍ਹਾ ਨਹੀਂ। ਮੈਂ ਕਿਹਾ, ਮੇਰੇ ਘਰ ਆ ਜਾ..ਅਮਿਤੋਜ ਚਾਰ ਦਿਨ ਮੇਰੇ ਘਰ ਰਹਿ ਕੇ..ਚਾਰ ਕੁ ਬੋਤਲਾਂ ਦਾਰੂ ਦੀਆਂ ਪੀ ਕੇ ਜਲੰਧਰ ਖਿਸਕ ਗਿਆ। ਫ਼ੋਨ ‘ਤੇ ਸੁਨੇਹਾ ਦੇ ਦਿੱਤਾ ‘ਸੌਰੀ ਦਮਨ ਭਾਅ ਜੀ..ਕੁਝ ਸੁੱਝਿਆ ਨਹੀਂ..ਭਗਤ ਸਿੰਘ ‘ਤੇ ਨਾਟਕ ਲਿਖ ਨਹੀਂ ਪਾਵਾਂਗਾ।’..ਮੈਂ ਤਾਂ ਸੁੰਨ ਹੀ ਹੋ ਗਿਆ। ਉਧਰੋਂ ਕੈਨੇਡਾ ਤੋਂ ਭਗਤ ਸਿੰਘ ਉਪਰ ਨਾਟਕ ਦੀ ਮੰਗ ਹੋਰ ਪੱਕੀ ਹੋ ਰਹੀ ਸੀ। ਸਾਰਾ ਟੂਰ ਹੀ ਰੱਦ ਹੋਣ ਦੀ ਕਾਗਾਰ ‘ਤੇ ਆ ਗਿਆ। ਭੱਟੀ ਆਖਣ ਲੱਗਾ ਤੂੰ ਲਿਖ ਸਕਦਾ ਹੈਂ-ਲਿਖ ਲੈ..। ਮੈਂ ਕਿਹਾ, ਦੋ ਨਾਟਕਾਂ ਦੀ ਰਿਹਰਸਲਾਂ ਕਰਦਿਆਂ ਮੇਰੇ ਕੋਲ ਵਕਤ ਹੀ ਕਿੱਥੇ ਹੈ..? ਆਖ਼ਰ ਇਕ ਦਿਨ ਰਿਹਰਸਲਾਂ ਛੱਡੀਆਂ..ਅਪਣੇ ਇਕ ਕਲਾਕਾਰ ਜਸਪਾਲ ਢਿਲੋਂ ਜੋ ਕਿ ਸਟੈਨੋ ਸੀ, ਉਸ ਨੂੰ ਬਿਠਾ ਕੇ ਜੂਨ ਮਹੀਨੇ ਦੀ ਰੁੱਤੇ ਗਰਮੀ ਵਿਚ ਬਿਨਾਂ ਕੂਲਰ ਤੇ ਏ.ਸੀ. ਤੋਂ..ਨਾਟਕ ਡਿਕਟੇਟ ਕਰ ਕੇ ਸ਼ਾਮ ਦੇ 6 ਵਜੇ ਰੀਡਿੰਗ ਵੀ ਕਰ ਦਿੱਤੀ।
ਹੁਣ: ਬਿਨਾਂ ਕਿਸੇ ਤਿਆਰੀ ਦੇ..ਇਹ ਕਿਵੇਂ ਹੋ ਸਕਦਾ ਹੈ?
ਦਮਨ : ਅਸਲ ਵਿਚ ਮੈਂ ਭਗਤ ਸਿੰਘ ਬਾਰੇ ਬਹੁਤ ਪੜ੍ਹਿਆ ਹੋਇਆ ਸੀ-ਮੇਰੇ ਅੰਦਰ ਮੰਥਨ ਹੋ ਰਿਹਾ ਸੀ..। ਮੈਂ ਬਿਨਾਂ ਰੁਕਿਆਂ, ਡਿਕਟੇਟ ਕਰੀ ਗਿਆ। ਮੈਨੂੰ ਵੀ ਉਦੋਂ ਅੰਦਾਜ਼ਾ ਨਹੀਂ ਸੀ ਕਿ ਇਹ ਮੇਰੀ ਵੱਡੀ ਰਚਨਾ ਬਣ ਜਾਵੇਗੀ। ਜਦੋਂ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਤਾਂ ਮੇਰੀ ਖ਼ੁਸ਼ੀ ਦਾ ਵੀ ਕੋਈ ਟਿਕਾਣਾ ਨਾ ਰਿਹਾ। ਇਕ ਕਲਾਕਾਰ ਲਈ ਇਹ ਸਭ ਤੋਂ ਵੱਡਾ ਇਨਾਮ ਹੁੰਦਾ ਹੈ। ਅੱਜ ਵੀ ਜਦੋਂ ਇਸ ਨਾਟਕ ਦੇ ਕਿਤੇ ਖੇਡੇ ਜਾਣ ਬਾਰੇ ਸੁਣਦਾ-ਪੜ੍ਹਦਾ ਹਾਂ ਤਾਂ ਅਜੀਬ ਜਿਹੀ ਧਰਵਾਸ ਮਿਲਦੀ ਹੈ। ਇਸ ਨਾਟਕ ਨੂੰ ਪਾਕਿਸਤਾਨ ਵਿਚ ਤਿੰਨ ਨਾਟਕ ਟੋਲੇ ਖੇਡ ਰਹੇ ਹਨ। ਅਮਰੀਕਾ, ਕੈਨੇਡਾ ਅਤੇ ਬੰਗਲਾਦੇਸ਼ ਵਿਚ ਵੀ ਲਗਾਤਾਰ ਖੇਡਿਆ ਜਾ ਰਿਹਾ ਹੈ- ਭਾਰਤ ਵਿਚ ਕਈ ਪ੍ਰਾਂਤਾਂ ਵਿਚ ਆਪੋ-ਅਪਣੀਆਂ ਬੋਲੀਆਂ ਵਿਚ ਵੀ ਪ੍ਰਦਰਸ਼ਤ ਹੋ ਰਿਹਾ ਹੈ। ਜਲੰਧਰ ਦੂਰਦਰਸ਼ਨ ‘ਤੇ ਭਗਤ ਸਿੰਘ ਦੇ ਸ਼ਹਾਦਤ ਦਿਵਸ ‘ਤੇ ਲਗਾਤਾਰ ਪੰਜ ਸਾਲ ਪ੍ਰਸਾਰਤ ਹੋਇਆ। ਹਰਿਆਣਾ ਵਿਚ ਬਿਨਾਂ ਹੀ ਮੇਰੀ ਇਜਾਜ਼ਤ ਦੇ ਸ਼ਾਖਰਤਾ ਵਾਲਿਆਂ ਨੇ ਹਿੰਦੀ ਭਾਸ਼ਾ ਵਿਚ ਛਾਪ ਕੇ ਵੰਡਿਆ। ਨੈਸ਼ਨਲ ਬੁੱਕ ਟਰਸਟ ਨੇ ਮੇਰੇ ਕੋਲੋਂ ਇਸ ਨਾਟਕ ਸਦਕਾ ਹੀ ਪੰਜਾਬੀ ਵਿਚ ਭਗਤ ਸਿੰਘ ‘ਤੇ ਲਿਖੇ ਸਾਰੇ ਨਾਟਕ ਸੰਪਾਦਤ ਕਰਵਾ ਕੇ ਛਾਪੇ ਹਨ-‘ਭਗਤ ਸਿੰਘ:ਨਾਟਕੀ ਰੂਪ’। ਪੰਜਾਬ ਦਾ ਕੋਈ ਹੀ ਨਾਟਕ ਟੋਲਾ ਹੋਵੇਗਾ, ਜਿਸ ਨੇ ਇਹ ਨਾਟਕ ਨਾ ਖੇਡਿਆ ਹੋਵੇ। ਹਜ਼ਾਰਾਂ ਸ਼ੋਅ ਹੋ ਚੁੱਕ ਹਨੇ ਅਤੇ ਅਜੇ ਪ੍ਰਦਰਸ਼ਨ ਜਾਰੀ ਹੈ।

ਨਾਟਕ ਦੀ ਚੋਰੀ
ਹੁਣ: ਕੀ ਇਹ ਨਾਟਕ ਖੇਡਣ ਵਾਲੇ ਤੁਹਾਨੂੰ ਇਸ ਦੀ ਕੋਈ ਰਾਇਲਟੀ ਵੀ ਦਿੰਦੇ ਹਨ?
ਦਮਨ : ਵਿਦੇਸ਼ਾਂ ਵਾਲੇ ਦਿੰਦੇ ਹਨ। ਦੇਸ਼ ਵਾਲੇ ਬਹੁਤ ਟਾਵੇਂ-ਟਾਵੇਂ। ਅਸਲ ਵਿਚ ਮੈਨੂੰ ਰਾਇਲਟੀ ਨਾਲੋਂ ਇਸ ਗੱਲ ਦੀ ਜ਼ਿਆਦਾ ਤਸੱਲੀ ਹੈ ਕਿ ਲੋਕਾਂ ਤੀਕ ਭਗਤ ਸਿੰਘ ਦਾ ਸੁਨੇਹਾ ਪੁੱਜ ਰਿਹਾ ਹੈ। ਜਿਸ ਦੀ ਮੈਂ ਸਮਝਦਾ ਹਾਂ ਅੱਜ ਦੇ ਦੌਰ ਵਿਚ ਲੋੜ ਜ਼ਿਆਦਾ ਹੈ। ਮੈਨੂੰ ਇਸ ਗੱਲ ਦਾ ਮਾਣ ਵੀ ਮਹਿਸੂਸ ਹੁੰਦਾ ਹੈ ਕਿ ਮੈਂ ਇਹ ਸੁਨੇਹਾ ਲੋਕਾਂ ਤਕ ਪਹੁੰਚਾਉਣ ਲਈ ਜ਼ਰੀਆ ਬਣਿਆ ਹਾਂ।
ਬਾਅਦ ਵਿਚ ਮੈਂ ਇਸ ਨੂੰ ਫ਼ਿਲਮ ਦੇ ਰੂਪ ਵਿਚ ਵੀ ਢਾਲਣਾ ਚਾਹੁੰਦਾ ਸੀ। ਪਰ..ਸਾਰੀਆਂ ਇਛਾਵਾਂ ਪੂਰੀਆਂ ਤਾਂ ਨਹੀਂ ਹੋ ਸਕਦੀਆਂ ਨਾ..।
ਹੁਣ: ‘ਛਿਪਣ ਤੋਂ ਪਹਿਲਾਂ’ ਬਾਰੇ ਪਿਛੇ ਜਿਹੇ ‘ਨਵੇਂ ਜ਼ਮਾਨੇ’ ਵਿਚ ਤਸਕੀਨ ਦਾ ਲੇਖ ਪੜ੍ਹਿਆ ਸੀ ਕਿ ਸ਼ਾਹ ਨਦੀਮ (ਅਜੋਕਾ ਥੀਏਟਰ ਗਰੁੱਪ, ਪਾਕਿਸਤਾਨ) ਨੇ ਤੁਹਾਡਾ ਨਾਟਕ (‘ਛਿਪਣ ਤੋਂ ਪਹਿਲਾਂ’) ਚੋਰੀ ਕਰ ਕੇ ਉਸ ਨੂੰ ਵਿਗਾੜ ਕੇ ਨਵੇਂ ਹੀ ਅਰਥ ਦੇ ਦਿੱਤੇ ਹਨ। ਤੁਹਾਡਾ ਕੀ ਕਹਿਣਾ ਹੈ?
ਦਮਨ : ਮੈਂ ਕੀ ਕਹਿਣਾ ਹੈ। ਸਾਹਿਤ ਦੀ ਚੋਰੀ ਆਮ ਗੱਲ ਹੈ। ਕਦੇ ਸੁਚੇਤ ਤੌਰ ‘ਤੇ ਅਤੇ ਕਦੀ ਅਚੇਤ ਤੌਰ ‘ਤੇ। ਕੁਝ ਸਾਲ  ਪਹਿਲਾਂ ਇਕ ਬੀਬੀ ਜੋ ਨਵੀਂ-ਨਵੀਂ ਨਾਟਕ ਲਿਖਣ ਲੱਗੀ ਸੀ, ਨੇ ਇਹੋ ਨਾਟਕ  ਚੋਰੀ ਕਰ ਕੇ ਛਪਵਾ ਦਿੱਤਾ। ਇਥੇ ਹੀ ਬੱਸ ਨਹੀਂ, ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਤੋਂ ਨਾਟਕ ਦੇ ਸ਼ੋਅ ਲੈਣ ਲਈ ਅਰਜ਼ੀ ਵੀ ਦਾਖ਼ਲ ਕਰ ਦਿੱਤੀ।  ਵਿਭਾਗ ਨੇ ਮੈਨੂੰ ਮਾਹਰ ਵਜੋਂ ਸੱਦਿਆ ਅਤੇ ਪੁੱਛਿਆ ਕਿ ਕਿਸੇ  ਨੇ ਇਹ ਨਾਟਕ ਦੀ ਸਪਾਂਸਰਸ਼ਿਪ ਮੰਗੀ ਹੈ-ਤੁਸੀਂ ਨਾਟਕ ਪੜ੍ਹ ਕੇ ਸਾਡੀ ਮਦਦ ਕਰੋ ਕਿ ਇਸ ਨੂੰ ਸਪਾਂਸਰਸ਼ਿਪ ਦੇਣੀ ਚਾਹੀਦੀ ਹੈ ਜਾਂ ਨਹੀਂ। ਮੈਂ ਨਾਟਕ ਪੜ੍ਹਨਾ ਸ਼ੁਰੂ ਕੀਤਾ ਤਾਂ ਮੈਨੂੰ ਮਹਿਸੂਸ ਹੋਇਆ ਕਿ ਇਹ ਨਾਟਕ ਤਾਂ ਮੈਂ ਪਹਿਲਾਂ ਪੜ੍ਹਿਆ ਹੋਇਆ ਹੈ। ਜਦ ਅੱਗੇ ਪਿਛੇ ਝਾਕਿਆ, ਨਜ਼ਰ ਮਾਰੀ ਤਾਂ ਪਤਾ ਲੱਗਾ ਕਿ ਇਹ ਤਾਂ ਮੇਰੇ ਨਾਟਕ ਦਾ ਰੀਪਲਕਾ ਹੈ..ਵਿਭਾਗ ਵਾਲਿਆਂ ਨੂੰ ਪਤਾ ਸੀ। ਉਹ ਤਾਂ ਕੇਵਲ ਮੈਨੂੰ ਮਜ਼ਾਕੀਆ ਲਹਿਜ਼ੇ ਨਾਲ ਸੂਚਤ ਕਰਨਾ ਚਾਹੁੰਦੇ ਸਨ। ਅਸੀਂ ਬਹੁਤ ਹੱਸੇ। ਉਨ੍ਹਾਂ ਤਾਂ ਪਹਿਲਾਂ ਹੀ ਨਾਟਕਕਾਰ ਬੀਬੀ ਦੀ ਬੇਨਤੀ ਰੱਦ ਕਰ ਦਿੱਤੀ ਸੀ।
ਹੁਣ: ਸ਼ਾਇਰ ਸਵਿਤੋਜ ਨੇ ਇਕ ਵਾਰ ਤੁਹਾਡੇ ਬਾਰੇ ਲਿਖਿਆ, ‘ਦਮਨ ਜਾਣਦੈ ਕਿ ਕਿਵੇਂ ਕਿਸੇ ਮੰਤਰੀ ਨੂੰ ਨਾਟਕ ਦੇ ਉਦਘਾਟਨ ‘ਤੇ ਬੁਲਾ ਕੇ ਉਸ ਤੋਂ ਰੁਪਏ ਬਟੋਰੇ ਜਾ ਸਕਦੇ ਹਨ, ਕੀ ਇਹ ਗੱਲ ਸੱਚੀ ਹੈ ਜਾਂ ਐਵੇਂ ਸਵਿਤੋਜ ਨੇ ਹਾਸਾ ਠੱਠਾ ਹੀ ਕੀਤਾ ਸੀ?
ਦਮਨ : ਹਾਂ, ਸਵਿਤੋਜ ਦੀ ਇਹ ਗੱਲ ਤਾਂ ਸੱਚ ਹੈ। ਮੈਂ ਜਾਣਦਾ ਹਾਂ ਕਿ ਕਿਸੇ ਮੰਤਰੀ ਤੋਂ ਪੈਸੇ ਕਿਵੇਂ ਬਟੋਰੀਦੇ ਨੇ, ਕਿਉਂਕਿ ਮੈਂ ਲੋਕਾਂ ਨੂੰ ਬਟੋਰਦੇ ਦੇਖਿਆ ਹੈ। ਪਰ ਮੈਂ ਕਦੇ ਬਟੋਰੇ ਨਹੀਂ। ਇਕ ਵਾਰ ਇਕ ਵਿਤ ਮੰਤਰੀ ਨੇ ਦੋ ਹਜ਼ਾਰ ਰੁਪਏ ਦੇਣ ਦਾ ਐਲਾਨ ਕਰ ਦਿੱਤਾ। ਸਾਲ ਭਰ ਚੱਕਰ ਮਾਰਨ ਪਿਛੋਂ ਮਸਾਂ ਮੇਰੇ ਇਕ ਪ੍ਰਸੰਸਕ ਡਿਪਟੀ ਕਮਿਸ਼ਨਰ ਸਦਕਾ ਪ੍ਰਾਪਤ ਹੋਏ। ਪਿਛੋਂ ਉਸ ਰਕਮ ਦਾ ਹਿਸਾਬ ਰੱਖਣਾ ਵੀ ਬਹੁਤ ਕਜ਼ੀਆ ਸੀ..ਮੁੜ ਕੇ ਮੈਂ ਤਾਂ ਮੰਤਰੀਆਂ ਨੂੰ ਸੱਦਣਾ ਹੀ ਬੰਦ ਕਰ ਦਿੱਤਾ। ਜੇ ਕਿਸੇ ਨੇ ਆਉਣਾ ਵੀ ਚਾਹਿਆ ਤਾਂ ਮੈਂ ਸ਼ਰਤ ਰੱਖ ਦਿੱਤੀ ਕਿ ਸਮੇਂ ਸਿਰ ਆਉਣਾ। ਨਾਟਕ ਸਮੇਂ ਸਿਰ ਸ਼ੁਰੂ ਹੋ ਜਾਵੇਗਾ ਤੇ ਮੰਤਰੀ ਇਕ ਦਰਸ਼ਕ ਵਾਂਗ ਆਵੇਗਾ, ਕੋਈ ਖ਼ਾਸ ਸਵਾਗਤ ਨਹੀਂ ਹੋਵੇਗਾ। ਨਾਟਕ ਮਗਰੋਂ ਮੈਂ ਭਾਸ਼ਣ ਦੇ ਕਦਾਚਿਤ ਹੱਕ ਵਿਚ ਨਹੀਂ।

ਭ੍ਰਿਸ਼ਟ ਆਲਾ-ਦੁਆਲਾ
ਹੁਣ: ਸੁਣਿਐਂ ਪਾਇਲਟ ਬਣਦੇ-ਬਣਦੇ ਰਹਿ ਗਏ ਸੀ ਤੁਸੀਂ। ਕੀ ਹੋਇਆ ਸੀ?
ਦਮਨ :ਇਉਂ ਕਹਿ ਲਓ, ਇਹ ਵੀ ਜਵਾਨੀ ਦਾ ਜੋਸ਼ ਹੀ ਸੀ। ਇਹ 62ਕੁ ਵੇਲਿਆਂ ਦੀ ਗੱਲ ਹੈ। ਉਦੋਂ ਚੀਨ ਨਾਲ ਟਕਰਾਅ ਚੱਲ ਰਿਹਾ ਸੀ..ਅਖ਼ਬਾਰਾਂ ਵਿਚ ਦੋਵੇਂ ਮੁਲਕਾਂ ਦੇ ਜਹਾਜ਼ਾਂ ਦੇ ਟਕਰਾਉਣ ਦੀਆਂ ਫ਼ੋਟੋਆਂ ਛਪਦੀਆਂ ਸਨ। ਮੇਰੇ ਖੂਨ ਨੇ ਵੀ ਉਬਾਲ ਖਾਧਾ। ਪਾਇਲਟ ਵਜੋਂ ਚੋਣ ਹੋ ਗਈ। ਏਅਰ ਫ਼ੋਰਸ ਤੋਂ ਟਰੇਨਿੰਗ ਲਈ ਸੱਤ ਕਾਲਾਂ ਆਈਆਂ। ਉਦੋਂ ਤਕ ਲੜਾਈ ਬੰਦ ਹੋ ਗਈ ਸੀ। ਜਦੋਂ ਮੈਂ ਟਰੇਨਿੰਗ ਦੇ ਸ਼ਡਿਊਲ ‘ਤੇ ਨਜ਼ਰ ਮਾਰੀ ਤਾਂ ਪਤਾ ਲੱਗਾ ਕਿ ਅਪਣੇ ਸ਼ੌਕ ਲਈ ਕੋਈ ਵਕਤ ਨਹੀਂ। ਮੈਨੂੰ ਫ਼ਿਕਰ ਪੈ ਗਿਆ ਕਿ ਮੇਰੇ ਨਾਟਕਾਂ ਦਾ ਕੀ ਬਣੂੰ। ਬੱਸ ਉਥੇ ਹੀ, ਖੂਨ ਠੰਢਾ ਹੋ ਗਿਆ। ਸੋ, ਜੁਆਇਨ ਹੀ ਨਹੀਂ ਕੀਤਾ।
ਹੁਣ: ਫੇਰ ਜਾ ਫਸੇ ਮਹਾਭ੍ਰਿਸ਼ਟ ਮਹਿਕਮੇ ਫੂਡ ਸਪਲਾਈ ਵਿਚ। ਅਪਣੇ ਨਾਟਕਾਂ ਰਾਹੀਂ ਲੁੱਟ-ਖਸੁੱਟ ਰਹਿਤ ਸਮਾਜ ਸਿਰਜਣ ਦਾ ਸੁਨੇਹਾ ਦੇਣ ਵਾਲੇ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਦਵਿੰਦਰ ਦਮਨ ਦੀ ਰੂਹ ਨੇ ਕਿਵੇਂ ਬਰਦਾਸ਼ਤ ਕੀਤਾ ਅਪਣਾ ਭ੍ਰਿਸ਼ਟ ਆਲਾ-ਦੁਆਲਾ?
ਦਮਨ : ਕੀ ਕਰਦੇ..? ਹੋਰ ਕੋਈ ਚਾਰਾ ਹੀ ਨਹੀਂ ਸੀ। ਘਰਦਿਆਂ ਘਰੋਂ ਕੱਢ ਦਿੱਤਾ ਮਰਾਸੀ ਕਹਿ ਕੇ। ਸੱਤ ਸੌ ਰੁਪਏ ਬੇਸਿਕ ਤਨਖ਼ਾਹ ਛੱਡ ਕੇ 60 ਰੁਪਏ ਬੇਸਿਕ ਤਨਖ਼ਾਹ ਪ੍ਰਵਾਨ ਕਰ ਲਈ। ਠੀਕ ਹੈ, ਮਹਿਕਮਾ ਭ੍ਰਿਸ਼ਟ ਸੀ ਪਰ ਮੈਨੂੰ ਸਿਸਟਮ ਸਮਝ ਆ ਗਿਆ ਸੀ..ਪਰ ਅਪਣੇ-ਆਪ ਨੂੰ ਭ੍ਰਿਸ਼ਟ ਹੋਣ ਤੋਂ ਬਚਾਈ ਰੱਖਿਆ। ਇਥੋਂ ਤੀਕ ਕਿ ਜ਼ਿਲ੍ਹਿਆਂ ਵਿਚ ਆਡਿਟ ਕਰਨ ਲਈ ਦੌਰੇ ਸਮੇਂ ਅਪਣੀ ਸ਼ਰਾਬ ਵੀ ਚੰਡੀਗੜ੍ਹ ਤੋਂ ਆਪ ਹੀ ਲਿਜਾਂਦਾ ਰਿਹਾ। ਬਰਦਾਸ਼ਤ ਕਰਨਾ ਬਹੁਤ ਔਖਾ ਸੀ। ਜਦੋਂ ਹਰ ਸ਼ਾਮ ਘਰ ਮੁੜਦਾ ਸੀ ਤਾਂ ਲਗਦਾ ਸੀ, ਅੱਜ ਇਕ ਸੂਰਜ ਹੋਰ ਮਾਰ ਆਇਆ ਹਾਂ। ਇਕ ਦਿਨ ਤੁਰੇ ਆਉਂਦੇ ਨੇ ਹਿੰਦੀ ਵਿਚ ਕਵਿਤਾ ਹੀ ਲਿਖ ਮਾਰੀ।
‘ਬਹੁਤ ਛੋਟਾ ਸੋਚਾ ਥਾ ਮੈਨੇਂ ਰੋਟੀ ਕਾ ਅਕਾਰ,
ਇਸ ਮੇਂ ਤੋਂ ਮੇਰਾ ਪੂਰਾ ਬ੍ਰਹਿਮੰਡ ਸਮਾ ਗਿਆ ਹੈ।’
ਹੁਣ: ਆਮ ਧਾਰਨਾ ਹੈ ਕਿ ਭਾਰਤ ਵਿਚ ਹਰ ਬੰਦਾ ਹੀ ਅਚੇਤ-ਸੁਚੇਤ ਕਦੇ ਨਾ ਕਦੇ ਇਸ ਭ੍ਰਿਸ਼ਟ ਤੰਤਰ ਦਾ ਸ਼ਿਕਾਰ ਹੋ ਹੀ ਜਾਂਦਾ ਹੈ। ਫੂਡ ਸਪਲਾਈ ਮਹਿਕਮੇ ਵਿਚ ਕੰਮ ਕਰਦਿਆਂ ਕੋਈ ਹੋਈ ਵਾਪਰੀ?
ਦਮਨ : ਨਾ..ਨਾ..। ਇਸ ਬਾਰੇ ਮੈਂ ਪੂਰੀ ਤਰ੍ਹਾਂ ਸੁਚੇਤ ਸੀ। ਕਹਿ ਸਕਦੇ ਹੋ ਵਿਰਾਸਤ ਵਿਚ ਇਮਾਨਦਾਰੀ ਮਿਲੀ ਸੀ। ਇਹਦਾ ਹੀ ਸਬਰ ਬਹੁਤ ਸੀ। ਇਸੇ ਲਈ ਭ੍ਰਿਸ਼ਟਾਚਾਰ ਨੇੜੇ ਨਹੀਂ ਲੱਗਾ। ਬਹੁਤ ਵਾਰ ਅਫ਼ਸਰਾਂ ਨੇ ਦਫ਼ਤਰ ਅਜਿਹੀਆਂ ਸੀਟਾਂ ਦਾ ਕੰਮ ਮੈਨੂੰ ਇਸ ਵਾਸਤੇ ਸੌਂਪਿਆ ਕਿ ਆਪ ਵੀ ਕਮਾਏਗਾ ਤੇ ਸਾਨੂੰ ਵੀ ਕਮਾ ਕੇ ਦੇਵੇਗਾ ਪਰ ਜਦੋਂ ਆਸ ਪੂਰੀ ਨਾ ਹੋਈ ਤਾਂ ਉਨ੍ਹਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪਿਆ। ਤਰੱਕੀ ਵੀ ਇਸੇ ਕਰ ਕੇ ਨਹੀਂ ਹੋਈ। ਮੈਂ ਹਾਲਾਤ ਨਾਲ ਸਮਝੌਤਾ ਨਹੀਂ ਕੀਤਾ। ਜੇ ਮੈਂ ਚਾਹੁੰਦਾ ਤਾਂ ਅਫ਼ਸਰ ਬਣ ਕੇ ਰਿਟਾਇਰ ਹੁੰਦਾ। ਮੈਂ ਅਪਣੀ ਮਰਜ਼ੀ ਨਾਲ ਪ੍ਰੋਮੋਸ਼ਨ ਛੱਡੀ ਸੀ। ਬੱਸ, ਇਕੋ ਧੁੰਨ ਸੀ ਕਿ ਮੇਰੇ ਰੰਗਮੰਚ ‘ਤੇ ਕੋਈ ਅਸਰ ਨਾ ਪਏ। ਇਹੋ ਕਾਰਨ ਹੈ ਕਿ ਰਿਟਾਇਰਮੈਂਟ ਸਮੇਂ ਮੰਤਰੀ ਨੇ ਵਿਦਿਆਇਗੀ ਸਮੇਂ ਆਉਣਾ ਚਾਹਿਆ ਪਰ ਇਕ ਵੀ ਅਫ਼ਸਰ ਮੇਰੀ ਵਿਦਾਇਗੀ ਸਮੇਂ ਹਾਜ਼ਰ ਨਹੀਂ ਸੀ। ਜਦੋਂ ਕਿ ਮਹਿਕਮੇ ਦੇ ਤੀਜੇ ਤੇ ਚੌਥੇ ਦਰਜੇ ਦੇ ਸਾਰੇ ਕਰਮਚਾਰੀ ਤੇ ਪੱਤਰਕਾਰ ਮੌਜੂਦ ਸਨ। ਮੇਰੇ ਲਈ ਇਹ ਤਸੱਲੀ ਵਾਲੀ ਗੱਲ ਸੀ ਕਿ ਅਸਲ ਲੋਕ ਮੇਰੇ ਨਾਲ ਖੜੇ ਸੀ। ਮੈਂ ਕੋਠੀਆਂ ਤਾਂ ਨਹੀਂ ਖੜੀਆਂ ਕਰ ਸਕਿਆ, ਪਰ ਅਪਣੇ-ਆਪ ਨੂੰ ਅਪਣੇ ਪੈਰਾਂ ‘ਤੇ ਖੜਾ ਕਰੀ ਰੱਖਿਆ। ਸਕੂਨ ਵੀ ਮਿਲਦਾ ਹੈ ਕਿ ਲੋਕ ਮੈਨੂੰ ਮੇਰੇ ਕੰਮ ਕਰ ਕੇ ਜਾਣਦੇ ਹਨ।

ਆਲੋਚਕ ਦੀ ਭੂਮਿਕਾ
ਹੁਣ: ਕੀ ਤੁਸੀਂ ਪੰਜਾਬੀ ਨਾਟ-ਆਲੋਚਨਾ ਤੋਂ ਸੰਤੁਸ਼ਟ ਹੋ?
ਦਮਨ : ਮੈਂ ਆਲੋਚਨਾ ਘੱਟ ਹੀ ਪੜ੍ਹਦਾ ਹਾਂ। ਮੈਂ ਸਮਝਦਾ ਹਾਂ ਕਿ ਆਲੋਚਨਾ ਭਾਵੇਂ ਨਾਟ-ਸਾਹਿਤ ਦੀ ਹੋਵੇ, ਭਾਵੇਂ ਰੰਗਮੰਚ ਦੀ, ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਆਲੋਚਨਾ ਕਿਹੋ ਜਿਹੀ ਹੋ ਰਹੀ ਹੈ, ਜਿੰਨੀ ਕੁ ਹੋ ਰਹੀ ਹੈ, ਉਸ ਦਾ ਪੱਧਰ ਕਿੰਨਾ ਕੁ ਹੈ? ਕਿਸੇ ਵੀ ਆਲੋਚਨਾ ਦੇ ਪੱਧਰ ਨੂੰ ਰਚਨਾ ਦੀਆਂ ਉਪਰੋਕਤ ਗੱਲਾਂ ਦੇ ਆਧਾਰ ‘ਤੇ ਹੀ ਮਾਪਿਆ ਜਾ ਸਕਦਾ ਹੈ।
ਹੁਣ: ਤੇ ਅਪਣੀ ਆਲੋਚਨਾ ਤੋਂ?
ਦਮਨ : ਅਪਣੇ ਉਪਰ ਹੋਈ ਸਾਹਿਤਕ ਆਲੋਚਨਾ ਮੈਨੂੰ ਹਮੇਸ਼ਾ ਚੰਗੀ ਲਗਦੀ ਹੈ। ਮੈਂ ਹੋਰ ਚੰਗਾ ਤੇ ਸਪਸ਼ਟ ਹੋਣ ਲਈ ਉਤਸ਼ਾਹਤ ਹੁੰਦਾ ਹਾਂ। ਹੋਰ ਸਿੱਖਣ ਦਾ ਯਤਨ ਕਰਦਾ ਹਾਂ। ਕੇਵਲ ਆਲੋਚਨਾ ਖ਼ਾਤਰ ਕੀਤੀ ਗਈ ਆਲਚੋਨਾ ਦੀ ਮੈਂ ਪ੍ਰਵਾਹ ਨਹੀਂ ਕਰਦਾ। ਸ਼ਰਾਰਤੀ ਆਲੋਚਕ ਦੀ ਆਲੋਚਨਾ ਕੁਝ ਮਿੰਟ ਹੀ ਜੀਵੰਤ ਰਹਿੰਦੀ ਹੈ। ਮੈਂ ਹੱਸ  ਛੱਡਦਾ ਹਾਂ। ਬੇਸਮਝ ਆਲੋਚਕਾਂ ‘ਤੇ ਮੈਨੂੰ ਤਰਸ ਆਉਂਦਾ ਹੈਂ।
ਹੁਣ: ਕੀ ਤੁਹਾਡਾ ਅਪਣਾ ਵੀ ਕੋਈ ਆਲੋਚਕ ਹੈ?
ਦਮਨ : ਵਲੰਟੀਅਰਲੀ ਅਜੇ ਕੋਈ ਬਣਿਆ ਨਹੀਂ। ਹਾਇਰ ਕਰਨ ਲਈ ਨਾ ਤਾਂ ਮੇਰੇ ਕੋਲ ਸਮਾਂ ਹੈ ਤੇ ਨਾ ਹੀ ਪੈਸੇ।
ਹੁਣ: ਕਿਸੇ ਲਿਖਤ ਜਾਂ ਲੇਖਕ ਨੂੰ ਸਥਾਪਤ ਕਰਨ ਵਿਚ ਆਲੋਚਕ  ਦੀ ਕਿੰਨੀ ਕੁ ਭੂਮਿਕਾ ਹੁੰਦੀ ਹੈ?
ਦਮਨ : ਨਿਰਭਰ ਕਰਦਾ ਹੈ ਕਿ ਉਹ ਆਲੋਚਕ ਆਪ ਕਿੰਨਾ ਕੁ ਸਥਾਪਤ ਹੈ। ਕਈ ਲੇਖਕ ਅਪਣੇ ਯੁੱਗ ਤੋਂ ਬਾਅਦ ਦੇ ਆਲੋਚਕਾਂ ਰਾਹੀਂ ਸਥਾਪਤ ਹੋਏ ਹਨ। ਅਸਲ ਵਿਚ ਤਾਂ ਲੇਖਕ ਨੂੰ ਉਸ ਦਾ ਪਾਠਕ ਹੀ ਸਥਾਪਤ ਕਰਦਾ ਹੈ।
ਹੁਣ: ਪੰਜਾਬ ਵਿਚ ਇਕ ਨਾਟਕ ਆਵਾਮ ਦਾ ਹੈ। ਭਾਅ ਜੀ ਗੁਰਸ਼ਰਨ ਸਿੰਘ ਅਤੇ ਅਜਮੇਰ ਔਲਖ ਵਾਲਾ ਨਾਟਕ। ਇਕ ਨੀਲਮ ਮਾਨ ਸਿੰਘ ਦਾ ਨਾਟਕ ਹੈ; ਜਿਹਨੂੰ ਅਲੀਟ ਦਾ ਨਾਟਕ ਕਿਹਾ ਜਾਂਦੈ। ਆਤਮਜੀਤ ਇਨ੍ਹਾਂ ਦੋਵਾਂ ਦੇ ਵਿਚਕਾਰ ਦਿਖਾਈ ਦੇ ਰਹੇ ਹਨ। ਤੁਸੀਂ ਅਪਣੇ ਆਪ ਨੂੰ ਕਿਥੇ ਕੁ ਦੇਖਦੇ-ਮਹਿਸੂਸਦੇ ਹੋ?
ਦਮਨ : ਬੜਾ ਦਿਲਚਸਪ ਸਵਾਲ ਹੈ ਜੋ ਤੁਹਾਨੂੰ ਸਵੈ-ਵਿਸ਼ਲੇਸ਼ਣ ਕਰਨ ਲਈ ਮਜਬੂਰ ਕਰ ਦਿੰਦਾ ਹੈ। ਜਦੋਂ ਗੁਰਸ਼ਰਨ ਸਿੰਘ ਅਤੇ ਹਰਪਾਲ ਟਿਵਾਣਾ ਦੇ ਰੰਗਮੰਚ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਸੀ; ਉਦੋਂ ਵੀ ਮੈਨੂੰ ਇਹ ਸਵਾਲ ਕੀਤਾ ਜਾਂਦਾ ਸੀ ਕਿ ਮੈਂ ਕਿਸ ਵਰਗਾ ਰੰਗਮੰਚ ਕਰਦਾ ਹਾਂ। ਉਦੋਂ ਹਾਲੇ ਅਜਮੇਰ ਔਲਖ ਅਤੇ ਆਤਮਜੀਤ ਦਾ ਮੰਚ ਗਿਣਤੀ ਵਿਚ ਨਹੀਂ ਸੀ। ਮੇਰਾ ਜਵਾਬ ਹੁੰਦਾ ਸੀ-‘ਸੋਚ ਪਖੋਂ ਮੈਂ ਗੁਰਸ਼ਰਨ ਸਿੰਘ ਵਰਗਾ ਹਾਂ, ਤਕਨੀਕ ਪੱਖੋਂ ਹਰਪਾਲ ਟਿਵਾਣਾ ਵਰਗਾ, ਸਿਆਣਿਆਂ ਸਿੱਟਾ ਕੱਢਿਆ ਸੀ ਕਿ ਮੈਂ ਗੁਰਸ਼ਰਨ ਅਤੇ ਹਰਪਾਲ ਦਾ ਸੁਮੇਲ ਹਾਂ। ਮੈਂ ਇਸ  ਨਾਲ ਸਹਿਮਤ ਵੀ ਸਾਂ। ਅੱਜ ਵੀ ਮੈਂ ਕਹਿ ਸਕਦਾ ਹਾਂ ਕਿ ਜਦੋਂ ਮੈਂ ਬੰਬਈ ਪ੍ਰਿਥਵੀ ਥੀਏਟਰ ਵਿਚ ਦੋਸਤੋਵਸਕੀ ਦਾ ‘ਵ੍ਹਾਈਟ ਨਾਈਟਸ’, ਚੈਖਵ ਦਾ ‘ਮਖੌਟਾ’ ਜਾਂ ਭੀਸ਼ਮ ਸਾਹਨੀ ਦਾ ‘ਹਨੂਸ਼ਕ’ ਜਾਂ ਸੇਖੋਂ ਦਾ ‘ਮੋਇਆ ਸਾਰ ਨਾ ਕਾਈ’ ਖੇਡ ਰਿਹਾ ਹੁੰਦਾ ਹਾਂ ਤਾਂ ਅਲੀਟ ਵਰਗ ਦਾ ਪਰ ਵਿਸ਼ੇ ਦੀ ਜੜ ਆਵਾਮ ਦੀ ਹੁੰਦੀ ਹੈ। ਭਾਵੇਂ ਵੇਖ ਅਲੀਟ ਰਿਹਾ ਹੋਵੇ ਪਰ ਆਖ਼ਰੀ ਨਿਰਣਾ ਦਰਸ਼ਕਾਂ ਦਾ ਹੈ। ਮੈਂ ਹਮੇਸ਼ਾ ਸਪਸ਼ਟ ਰੂਪ ਵਿਚ ਅਪਣੇ ਦਰਸ਼ਕਾਂ ਨੂੰ ਵੇਖ ਕੇ ਨਾਟਕ ਦੀ ਚੋਣ ਕਰਦਾ ਹਾਂ। ਮੈਨੂੰ ਕਦੇ ਨਿਰਾਸ਼ ਨਹੀਂ ਹੋਣਾ ਪਿਆ। ਓਦਾਂ ਮੇਰੇ ਰੰਗਮੰਚ ਦੀ ਸਥਾਪਤੀ ਵਿਚ ਆਵਾਮ ਦਾ ਵੱਡਾ ਹਿੱਸਾ ਹੈ। 1973 ਵਿਚ ਬਠਿੰਡਾ ਦੀ ਕੁਲ ਹਿੰਦ ਕਿਸਾਨ ਕਾਨਫਰੰਸ  ਸਮੇਂ 70,000 ਲੋਕਾਂ ਸਾਹਮਣੇ ਕੀਤੀ ਸਫ਼ਲ ਪੇਸ਼ਕਾਰੀ ਨੂੰ ਮੈਂ ਕਦੀ ਨਹੀਂ ਭੁਲਾ ਸਕਦਾ, ਜਿਸ ਨੇ ਮੈਨੂੰ ਇਕ ਨਾਟਕਕਾਰ ਤੇ ਰੰਗਕਰਮੀ ਵਜੋਂ ਮਾਨਤਾ ਦਿਵਾਈ ਅਤੇ ਭਵਿੱਖ ਲਈ ਉਤਸ਼ਾਹਤ ਕੀਤਾ ਤੇ ਪ੍ਰੇਰਨਾ ਦਾ ਅਮੂਕ ਸੋਮਾ ਬਖ਼ਸ਼ਿਆ। ਮੇਰੇ ਨਾਟਕ ਅਤੇ ਰੰਗਮੰਚ ਦੀਆਂ ਜੜ੍ਹਾਂ ਹਮੇਸ਼ਾ ਆਵਾਮ ਵਿਚ ਹਨ ਤੇ ਰਹਿਣਗੀਆਂ ਵੀ।

ਨਾਟਕ ਤੇ ਰਾਜਸੀ ਪ੍ਰਤੀਬੱਧਤਾ
ਹੁਣ: ਭਾਰਤ ਦੇ ਲੋਕ ਸਭਿਆਚਾਰ ਵਿਚ ਇਪਟਾ ਦੀ ਵੱਡੀ ਭੂਮਿਕਾ ਰਹੀ ਹੈ। ਤੁਸੀਂ ਇਪਟਾ ਨਾਲ ਹਾਲੇ ਵੀ ਜੁੜੇ ਹੋਏੇ ਹੋ। ਇਪਟਾ ਦੇ ਹੌਲੀ-ਹੌਲੀ ਗ਼ੈਰ-ਪ੍ਰਸੰਗਕ ਹੋਣ ਦੇ ਕੀ ਕਾਰਨ ਲੱਭਦੇ ਹੋ?
ਦਮਨ : ਹਾਂ, ਮੈਂ ਅਜੇ ਵੀ ਇਪਟਾ  ਦੀ ਪੰਜਾਬ ਇਕਾਈ ਦਾ ਪ੍ਰਧਾਨ ਹਾਂ ਅਤੇ ਨੈਸ਼ਨਲ ਕੌਂਸਲ ਦਾ ਮੈਂਬਰ ਵੀ। ਅਸਲ  ਵਿਚ ਇਪਟਾ ਭਾਰਤੀ ਕਮਿਊਨਿਸਟ ਪਾਰਟੀ ਦੀ ਉਪਜ ਹੈ। ਇਹ ਕਲਾਕਾਰਾਂ ਦੀ ਆਵਾਮੀ ਜਥੇਬੰਦੀ ਹੈ। ਕਮਿਊਨਿਸਟ ਲਹਿਰ ਦੀ ਚੜ੍ਹਤ ਸਮੇਂ ਵੀ ਚੜ੍ਹਦੀ ਕਲਾ ਵਿਚ ਰਹੀ। ਭਾਰਤ ਦੇ ਚੋਟੀ ਦੇ ਸੰਗੀਤਕਾਰ, ਸਿਨੇਮਾ ਕਲਾਕਾਰ, ਗਾਇਕ ਨਾਟਕਕਾਰ ਇਸ ਦੀ ਉਪਜ ਦਾ ਸਿੱਟਾ ਬਣੇ। ਹੁਣ ਜਦੋਂ ਅੱਜ ਦੇ ਰਾਜਸੀ ਦ੍ਰਿਸ਼ ਵਿਚ ਜੋ ਕਮਿਊਨਿਸਟ ਲਹਿਰ ਦਾ ਰੋਲ ਨਜ਼ਰ ਆ ਰਿਹਾ ਹੈ, ਉਹੀ ਇਪਟਾ ਦਾ ਦ੍ਰਿਸ਼ ਹੈ। ਕਈ ਵੇਰਾਂ ਲੇਖਕਾਂ, ਕਲਾਕਾਰਾਂ ਦੀ ਰਾਜਸੀ ਪ੍ਰਤੀਬੱਧਤਾ ਲੇਖਕਾਂ ਤੇ ਕਲਾਕਾਰਾਂ ਲਈ ਬੋਝਲ ਵੀ ਹੋ ਜਾਂਦੀ ਹੈ ਜਦੋਂ ਕਾਫ਼ੀ ਸਮਾਂ ਲਗਾਮਾਂ ਲੀਡਰਾਂ ਦੇ ਹੱਥ ਵਿਚ ਰਹੀਆਂ ਹੋਣ। ਦੂਜੇ ਅੱਜ ਦੇ ਮੰਡੀਕਰਨ ਦੇ ਦੌਰ ਵਿਚ ਕਲਾਕਾਰਾਂ ਦੀ ਸੁਹਿਰਦਤਾ, ਪ੍ਰਤੀਬੱਧਤਾ ਵੀ ਪਹਿਲਾਂ ਵਾਲੀ ਨਹੀਂ ਰਹੀ। ਉਹ ਝੱਟ ਸਿਨੇਮੇ ਵੱਲ ਦੌੜਦੇ ਹਨ। ਹੁਣ ਪੰਜਾਬ ਵਿਚ ਮੁੱਢ ਤੋਂ ਜ਼ਿਲ੍ਹਾ ਪੱਧਰ ‘ਤੇ ਇਕਾਈਆਂ ਨੂੰ ਕਿਰਿਆਸ਼ੀਲ ਕਰਨ ਦਾ ਯਤਨ ਹੋ ਰਿਹਾ ਹੈ। ਹੁਣ ਪ੍ਰਤੀਬੱਧਤਾ ਰਾਜਸੀ ਨਹੀਂ-ਮਨੁੱਖਵਾਦੀ, ਸਮਾਜੀ ਜਬਰ ਦੇ ਖ਼ਿਲਾਫ਼ ਲੜਾਈ ਦੀ ਪ੍ਰੇਰਨਾ ਵਾਲੀ ਹੋਵੇਗੀ। ਸਾਫ਼ ਸੁਥਰਾ ਸਭਿਆਚਾਰ ਉਸਾਰਨ ਦੇ ਇਛੁੱਕ ਕਲਾਕਾਰ ਜੁੜ ਬੈਠਣਗੇ, ਇਸ ਦੀ ਉਮੀਦ ਹੈ।
ਹੁਣ: ਨਾਟਕ ਤੇ ਰਾਜਸੀ ਪ੍ਰਤੀਬੱਧਤਾ ਬਾਰੇ ਤੁਹਾਡੇ ਕੀ ਵਿਚਾਰ ਹਨ?
ਦਮਨ :ਨਾਟਕਕਾਰ ਦੀ ਰਾਜਸੀ ਪ੍ਰਤੀਬੱਧਤਾ ਹੁੰਦੀ ਹੈ। ਭਾਵੇਂ ਅਚੇਤ ਤੌਰ ‘ਤੇ ਹੋਵੇ ਜਾਂ ਸੁਚੇਤ ਤੌਰ ‘ਤੇ ਹੋਵੇ। ਵਿਚ-ਵਿਚਾਲੇ ਕੁਝ ਨਹੀਂ ਹੁੰਦਾ। ਮੇਰੇ ਖ਼ਿਆਲ ਵਿਚ ਇਹ ਜ਼ਰੂਰੀ ਹੈ। ਸਮਾਜ ਦਾ ਹਰ ਵਰਤਾਰਾ ਰਾਜਨੀਤੀ ਨੂੰ ਪ੍ਰਭਾਵਤ ਕਰਦਾ ਹੈ ਜਾਂ ਰਾਜਨੀਤੀ ਸਮਾਜ ਦੇ ਹਰ ਵਰਤਾਰੇ ‘ਤੇ ਅਸਰ ਪਾਉਂਦੀਂ ਹੈ। ਲੇਖਕ ਨੂੰ ਇਕ ਪੱਖ ਤਾਂ ਲੈਣਾ ਹੀ ਪਵੇਗਾ। ਇਹ ਨਾਟਕਕਾਰ ਦੀ ਜਾਗਰੂਕਤਾ ਅਤੇ ਉਸ ਦੇ ਦ੍ਰਿਸ਼ਟੀਕੋਨ ‘ਤੇ ਨਿਰਭਰ ਕਰਦਾ ਹੈ, ਉਸ ਨੇ ਕਿਹੜਾ ਪੱਖ ਲੈਣਾ  ਹੈ।
ਹੁਣ: ਨਾਟ ਸਿਰਜਣਾ ਵੇਲੇ ਰੰਗਮੰਚ ਦਾ ਧਿਆਨ ਧਰਦਿਆਂ ਕਿਹੜੀਆਂ-ਕਿਹੜੀਆਂ ਖਾਸ ਗੱਲਾਂ ਤੁਹਾਡੇ ਨਾਲ-ਨਾਲ ਚੱਲਦੀਆਂ ਹਨ?
ਦਮਨ : ਅੱਜ ਕੱਲ੍ਹ ਰੰਗਮੰਚ ਤਕਨੀਕ ਏਨੀ ਵਿਕਸਤ ਹੋ ਗਈ ਹੈ ਕਿ ਕਿਸੇ ਵੀ ਤਰ੍ਹਾਂ ਦਾ ਦ੍ਰਿਸ਼ ਮੰਚ ‘ਤੇ ਸਿਰਜਿਆ ਜਾ ਸਕਦਾ ਹੈ। ਪਰ ਮੈਂ ਨਾਟਕ ਇਸ ਢੰਗ ਨਾਲ ਸਿਰਜਣ ਦਾ ਯਤਨ ਕਰਦਾ ਹਾਂ ਕਿ ਬਹੁਤਾ ਖਿਲਾਰਾ ਨਾ ਪਵੇ। ਕਿਸੇ ਵੀ ਤਰ੍ਹਾਂ ਦੇ ਮੰਚ ਉਪਰ ਨਾਟਕ ਸਰਲਤਾ ਨਾਲ ਖੇਡਿਆ ਜਾ ਸਕੇ। ਘੱਟ ਤੋਂ ਘੱਟ ਅਦਾਕਾਰਾਂ ਦੀ ਜ਼ਰੂਰਤ ਪਵੇ ਅਤੇ ਮੰਚ ‘ਤੇ ਘੱਟ ਤੋਂ ਘੱਟ ਸਮੱਗਰੀ ਦੀ। ਅੱਗੇ ਨਿਰਦੇਸ਼ਕ ਦੀ ਪੇਸ਼ਕਾਰੀ ਦੀ ਤਕਨੀਕ ‘ਤੇ ਨਿਰਭਰ ਕਰਦਾ ਹੈ।

ਸੂਝ ਤੇ ਸੰਘਰਸ਼ ਦੀ ਸ਼ੈਲੀ
ਹੁਣ: ਤੁਸੀਂ ਸੰਸਾਰ ਭਰ ਦੇ ਨਾਟਕ ਨੂੰ ਬੜਾ ਨੇੜਿਓਂ ਜਾਣਿਆ, ਦੇਖਿਆ ਹੈ, ਪੰਜਾਬੀ ਨਾਟਕ ਕਿਥੇ ਕੁ ਖਲੋਂਦਾ ਹੈ?
ਦਮਨ : ਵਿਸ਼ਵ ਦੇ ਜਿੰਨੇ ਕੁ ਨਾਟਕ ਮੈਂ ਪੜ੍ਹੇ ਤੇ ਰੰਗਮੰਚ ‘ਤੇ ਵੇਖੇ ਹਨ, ਉਨ੍ਹਾਂ ਦੇ ਹਿਸਾਬ ਨਾਲ ਪੰਜਾਬੀ ਨਾਟਕ ਪਹਿਲਾਂ ਨਾਲੋਂ ਵਿਕਸਤ ਹੋਇਆ ਹੈ ਅਤੇ ਹੋਰ ਵਿਕਸਤ ਹੋ ਰਿਹਾ ਹੈ। ਸੰਸਾਰ ਭਰ ਵਿਚ ਅਮਰੀਕਾ, ਬਰਤਾਨੀਆ, ਸਪੇਨ, ਰੂਸ ਅਤੇ ਸਕੈਂਡੇਨੇਵੀਆ ਮੁਲਕਾਂ ਨੂੰ ਛੱਡ ਸਾਡਾ ਨਾਟਕ ਬਹੁਤ ਸਾਰੇ ਮੁਲਕਾਂ  ਦੇ ਮੁਕਾਬਲੇ ਚੰਗਾ ਹੈ।
ਹੁਣ: ਕਿਹੜੀ ਨਾਟ ਸ਼ੈਲੀ ਨੇ ਤੁਹਾਨੂੰ ਸਭ ਤੋਂ ਵੱਧ ਪ੍ਰਭਾਵਤ ਕੀਤਾ ਤੇ ਕਿਉਂ?
ਦਮਨ : ਸਾਰੀਆਂ ਨਾਟਕ ਸ਼ੈਲੀਆਂ ਬਹੁਤ ਚੰਗੀਆਂ ਹਨ, ਜੋ ਮਨੁੱਖ ਨੂੰ ਸੂਝ-ਬੂਝ ਦੇ ਸਕਣ, ਉਸ ਨੂੰ ਸੰਵੇਦਨਸ਼ੀਲ ਬਣਾਈ ਰੱਖਣ ਵਿਚ ਮਦਦ ਕਰਨ ਪਰ ਮੈਨੂੰ ਬਰਟੋਲਟ ਬ੍ਰੈਖਤ ਦੀ ਤਕਨੀਕ ਬਹੁਤ ਉਤਮ ਜਾਪਦੀ ਹੈ। ਖ਼ਾਸ ਕਰ ਕੇ ਸਾਡੇ ਵਰਗੇ ਦੇਸ਼ ਲਈ..ਕਿਉਂਕਿ ਇਸ  ਨੂੰ ਸਾਧਾਰਨ ਤੋਂ ਸਾਧਾਰਨ ਮੰਚ ‘ਤੇ ਗੱਲ ਕੀ ਹਰ ਤਰ੍ਹਾਂ ਦੇ ਮੰਚ ‘ਤੇ ਖੇਡਿਆ ਜਾ ਸਕਦਾ ਹੈ। ਪ੍ਰੋਸੀਨੀਅਮ ਥੀਏਟਰ ਤੋਂ ਲੈ ਕੇ ਸਟਰੀਟ ਤਕ। ਦੂਜਾ ਬ੍ਰੈਖਤ ਕਲਾਕਾਰ ਦੇ ਕਾਰਜ ‘ਤੇ ਬਹੁਤ ਜ਼ੋਰ ਦਿੰਦਾ ਹੈ-ਮੰਚ ਜੜ੍ਹਤ ਨੂੰ ਬਹੁਤੀ ਤਰਜੀਹ ਨਹੀਂ ਦਿੰਦਾ, ਜੋ ਬੇਲੋੜਾ ਹੀ ਪ੍ਰੋਡਕਸ਼ਨ ਦਾ ਖਰਚਾ ਵਧਾ ਦਿੰਦੀ ਹੈ। ਹੈਰਾਨੀ ਹੋਵੇਗੀ ਸੁਣ ਕੇ ਕਿ ਬ੍ਰੈਖਤ ਆਪ ਇਕ ਜਗ੍ਹਾ ਲਿਖਦਾ ਹੈ ਕਿ ਉਸ ਨੇ ਪੁਰਾਤਨ ਭਾਰਤੀ ਰੰਗਮੰਚ ਸ਼ੈਲੀ ਨੂੰ ਅਪਣਾਇਆ ਹੈ। ਉਸ ਨੇ ਰੰਗਮੰਚ ਦੀ ਇਸ ਸ਼ੈਲੀ ਨੂੰ ਐਪਿਕ ਥੀਏਟਰ ਦਾ ਨਾਂ ਦਿੱਤਾ ਹੈ। ਪਹਿਲੋਂ ਬ੍ਰੈਖਤ ਆਪ ਵੀ ਵੱਡੇ-ਵੱਡੇ ਸੈੱਟਾਂ ਦੀ ਵਰਤੋਂ ਕਰਿਆ ਕਰਦਾ ਸੀ। ਪ੍ਰੋਜੈਕਟਰ ਦੀ ਵਰਤੋਂ ਕਰ ਕੇ ਪਿਛੋਕੜ ਵਿਚ, ਸਮੁੰਦਰ ਵਿਚ ਚੱਲਦੇ ਜਹਾਜ਼ ਵੀ ਵਿਖਾਇਆ ਕਰਦਾ ਸੀ। ਪਰ ਜਲਦੀ ਹੀ ਉਸ ਨੇ ਮਹਿਸੂਸ ਕੀਤਾ ਕਿ ਸਿਨੇਮਾ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਰੰਗਮੰਚ ਦੀ ਵਿਧਾ ਹੀ ਵੱਖਰੀ ਹੈ। ਇਸ ਦੀ ਪੇਸ਼ਕਾਰੀ ਨਿਰੋਲ ਵੱਖਰੀ ਤਕਨੀਕ ਵਾਲੀ ਹੋਣੀ ਚਾਹੀਦੀ ਹੈ।
ਹੁਣ: ਇਸ ਬ੍ਰੈਖਤੀਅਨ ਸ਼ੈਲੀ ਦਾ ਆਧਾਰ ਕੀ ਹੈ? ਤੇ ਤੁਹਾਡੀ ਅਪਣੀ ਨਾਟ ਸ਼ੈਲੀ?
ਦਮਨ : ਐਪਿਕ ਥੀਏਟਰ ਵਿਚ ਜੋ ਮਹੱਤਵਪੂਰਨ ਗੱਲ ਹੈ, ਉਹ ਹੈ ਕਲਾਕਾਰ ਦੀ ਅਦਾਕਾਰੀ। ਉਸ ਨੇ ਇਸ ਅਦਾਕਾਰੀ ਨੂੰ ‘ਥਿਓਰੀ ਆਫ਼ ਐਲੀਨੇਸ਼ਨ’ ਦਾ ਨਾਂ ਦਿੱਤਾ ਹੈ। ਅਸਲ ਸ਼ੈਲੀ ਇਹੋ ਹੈ ਜੋ ਬ੍ਰੈਖਤ ਨੂੰ ਸੰਸਾਰ ਦੀਆਂ ਬਾਕੀ ਸ਼ੈਲੀਆਂ ਨਾਲੋਂ ਵੱਖ ਕਰਦੀ ਹੈ। ਉਹ ਇਸ ਤਰ੍ਹਾਂ ਹੈ ਕਿ ਬ੍ਰੈਖਤ ਇਕ ਸਥਿਤੀ ਪੈਦਾ ਕਰ ਕੇ, ਦਰਸ਼ਕਾਂ ਨੂੰ ਭਾਵੁਕ ਤੌਰ ‘ਤੇ ਏਨਾ ਉਭਾਰ ਲੈਂਦਾ ਹੈ ਕਿ ਰੋਣ ਕਿਨਾਰੇ ਹੋ ਜਾਂਦੇ ਹੋ। ਇਸ  ਤੋਂ ਪਹਿਲਾਂ ਕਿ ਹੰਝੂ  ਵਗਣ, ਭਾਵੁਕ ਕਰਨ ਵਾਲਾ ਪਾਤਰ ਝੱਟ ਕਲਾਕਾਰ ਵਿਚ ਤਬਦੀਲ ਹੋ ਜਾਂਦਾ ਹੈ। ਕੋਈ ਗੀਤ ਆਰੰਭ ਕਰ ਦਿੰਦਾ ਹੈ, ਜਿਸ ਨੂੰ ਸਾਰੇ ਕਲਾਕਾਰ ਕੋਰਸ ਰੂਪ ਵਿਚ  ਗਾ ਕੇ ਸਥਿਤੀ ਦਾ ਵਿਸ਼ਲੇਸ਼ਣ ਕਰ ਦਿੰਦੇ ਹਨ। ਉਹ ਕਥਾਰਸਿਸ ਨਹੀਂ ਹੋਣ ਦਿੰਦਾ। ਦਰਸ਼ਕ ਰੋ ਕੇ ਹਲਕਾ ਹੋ ਕੇ, ਜਾਂ ਦੁੱਖ ਲੈ ਕੇ ਘਰ ਪਰਤਣ ਦੀ ਬਜਾਏ ਸੂਝ ਅਤੇ ਸੰਘਰਸ਼ ਦਾ ਸੁਨੇਹਾ ਲੈ ਕੇ ਪਰਤਦਾ ਹੈ..ਜਿਥੋਂ ਤੀਕ ਮੇਰੀ ਸ਼ੈਲੀ  ਦਾ ਸਵਾਲ ਹੈ, ਮੇਰੀ ਕੋਈ ਖ਼ਾਸ ਸੈਲੀ ਨਹੀਂ। ਮੈਂ ਹਰ ਸ਼ੈਲੀ ਨੂੰ ਤਰਜੀਹ ਦਿੰਦਾ ਹਾਂ, ਜਿਸ ਵਿਚ ਮੈਨੂੰ ਅਪਣੀ ਗੱਲ ਕਹਿਣ ਵਿਚ ਸੌਖ ਹੋਵੇ ਜਾਂ ਦਰਸ਼ਕਾਂ ਤੀਕ ਸੁਖਾਲਿਆਂ ਪਹੁੰਚ ਸਕੇ। ਪਰ ਜੇ ਅਪਣੇ ਨਾਟਕਾਂ ‘ਤੇ ਝਾਤ ਮਾਰਾਂ ਤਾਂ ਮੇਰੇ ਉਪਰ ਸ਼ੁਰੂ ਤੋਂ ਹੀ ਅਚੇਤ ਤੌਰ ‘ਤੇ ਬ੍ਰੈਖਤੀਅਨ ਸ਼ੈਲੀ  ਦਾ ਪ੍ਰਭਾਵ ਸੀ। ਨਾਟਕ ‘ਸੂਰਜ ਦਾ ਕਤਲ’ ਤਾਂ ਮੈਂ ਸੁਚੇਤ ਤੌਰ ‘ਤੇ ਅਮਾਲ ਅਲਾਨਾ (ਸੰਸਾਰ ਪ੍ਰਸਿੱਧ ਰੰਗਮੰਚ ਨਿਰਦੇਸ਼ਕ ਅਬਰਾਹੀਮ ਅਲਕਾਜ਼ੀ ਦੀ ਧੀ) ਤੋਂ ਬ੍ਰੈਖਤ ਥੀਏਟਰ ਦੀ ਜਾਣਕਾਰੀ ਲੈ ਕੇ ਲਿਖਿਆ ਸੀ। ਅਮਾਲ ਉਦੋਂ ਜਰਮਨੀ ਵਿਚੋਂ ਬ੍ਰੈਖਤੀਅਨ ਉਪਰ ਤਿੰਨ ਸਾਲ,  ਅਧਿਐਨ ਕਰ ਕੇ ਪਰਤੀ ਸੀ।

ਬਗ਼ਾਵਤ ਦਾ ਅੰਸ਼
ਹੁਣ: ਚਲੋ ਹੁਣ ਥੋੜ੍ਹਾ ਆਰ-ਪਰਿਵਾਰ ਬਾਰੇ ਵੀ ਜਾਣੀਏ। ਐਂ ਦੱਸੋ ਬਈ ਤੁਹਾਡਾ ਭੈਣ-ਭਰਾਵਾਂ ਨਾਲ ਕਿਵੇਂ ਦਾ ਮੇਲ-ਮਿਲਾਪ ਰਿਹਾ ਹੈ?
ਦਮਨ : ਚਾਰ ਭੈਣ-ਭਰਾ ਹਾਂ। ਵੱਡੀ ਭੈਣ ਗੁਰਦੇਵ 15-16 ਸਾਲ ਮੇਰੇ ਤੋਂ ਵੱਡੀ ਹੈ। ਜਲਦੀ ਹੀ ਵਿਆਹੀ ਗਈ ਸੀ। ਮੇਰੇ ਤੋਂ ਦੋ ਸਾਲ ਛੋਟਾ ਰਜਿੰਦਰ, ਉਸ ਤੋਂ ਦੋ ਸਾਲ ਛੋਟੀ ਭੈਣ ਸੁਰਿੰਦਰ। ਸਭ ਆਪੋ-ਅਪਣੇ ਪਰਿਵਾਰਾਂ ਵਿਚ ਖ਼ੁਸ਼ ਹਨ। ਮੇਲ-ਮਿਲਾਪ ਠੀਕ ਹੈ।
ਹੁਣ : ਪੜ੍ਹਨ ਲਿਖਣ ਵਿਚ ਕਿਵੇਂ ਦੇ ਸੀ ਤੁਸੀਂ?
ਦਮਨ : ਮਹਾਂ ਨਾਲਾਇਕ..ਪੜ੍ਹਨਾ ਸੁਆਹ ਸੀ? ਕਦੇ ਕਿਸੇ ਰਿਸ਼ਤੇਦਾਰ ਕੋਲ,  ਕਦੇ ਕਿਸੇ ਪਿਤਾ ਦੇ ਦੋਸਤ ਦੇ ਘਰ। ਵਾਰ-ਵਾਰ ਸਕੂਲ ਬਦਲੇ ਜਾਂਦੇ ਰਹੇ। ਜਦੋਂ ਕੁਝ ਵੱਡਾ ਹੋਇਆ, ਫਿਰ ਆਪ ਤੋਂ ਛੋਟਿਆਂ ਦੀ ਸਵੇਰੇ ਰੋਟੀ ਪਕਾ ਕੇ ਪਿੰਡ ਤੋਂ ਚਾਰ ਮੀਲ ਦੂਰ ਪੜ੍ਹਨ ਜਾਂਦਾ ਸੀ ਪੈਦਲ਼..ਸਾਈਕਲ ਤਾਂ ਉਦੋਂ ਅਮੀਰਾਂ ਦੀ ਸਵਾਰੀ ਹੁੰਦੀ ਸੀ। ਜੇ ਪਿੰਡ ਵਿਚ ਕੋਈ ਸਾਈਕਲ ਖ਼ਰੀਦ ਕੇ ਲਿਆਉਂਦਾ ਸੀ ਤਾਂ ਸਾਰਾ ਪਿੰਡ ਉਸ ਨੂੰ ਵੇਖਣ ਜਾਂਦਾ ਸੀ। ਪਹਿਲਾਂ ਚੌਥੀ ਵਿਚ ਫੇਲ੍ਹ ਹੋਇਆ, ਫਿਰ ਦਸਵੀਂ ਵਿਚ। ਅੱਠਵੀਂ ਵਿਚ ਤਾਂ ਪੜ੍ਹਾਈ ਛੱਡਣ ਦਾ ਇਰਾਦਾ ਕਰ ਲਿਆ ਸੀ ਪਰ ਪਿਤਾ ਦੀ ਪ੍ਰੇਰਨਾ ਸਦਕਾ ਮੁੜ ਸਕੂਲ ਦਾਖ਼ਲ ਹੋ ਗਿਆ। ਓਦਾਂ ਮੇਰਾ ਚਿੱਤ ਕਾਲਜ ਅਧਿਆਪਕ ਬਣਨ ਨੂੰ ਤਾਂਘਦਾ ਸੀ। ਬੜੀ ਦੇਰ ਪਿਛੋਂ ਆ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗਿਆਨੀ ਕੀਤੀ। ਫਿਰ ਅਪਣੀ ਬੇਟੀ, ਜੋ ਕਿ ਬੀ.ਏ. ਵਿਚ ਪੜ੍ਹਦੀ ਸੀ, ਉਸ  ਦੀਆਂ ਚੋਰੀ- ਚੋਰੀ ਕਿਤਾਬਾਂ ਪੜ੍ਹ ਕੇ ਗਰੈਜੁਏਸ਼ਨ ਕੀਤੀ। ਉਸ ਤੋਂ ਪਹਿਲਾਂ ਸੰਗੀਤ ਦਾ ਡਿਪਲੋਮਾ ਪ੍ਰਯਾਗ ਸੰਗੀਤ ਸੰਮਤਿ ਇਲਾਹਾਬਾਦ ਤੋਂ ਕੀਤਾ ਸੀ ਅਤੇ ਬੈਚੁਲਰ ਆਫ਼ ਮਿਊਜ਼ਕ ਦੀ ਡਿਗਰੀ ਪ੍ਰਾਚੀਨ ਕਲਾ ਕੇਂਦਰ (ਯੂਨੀਵਰਸਿਟੀ ਆਫ ਮਿਊਜ਼ਕ ਐਂਡ ਡਾਂਸ), ਚੰਡੀਗੜ੍ਹ ਤੋਂ ਕਰ ਲਈ ਸੀ।
ਹੁਣ: ਬਚਪਨ ਕਿਹੋ ਜਿਹਾ ਸੀ? ਸ਼ਰਾਰਤੀ, ਸਾਊ ਜਾਂ ਬਾਗ਼ੀ?
ਦਮਨ : ਜਿਹੋ ਜਿਹਾ ਬਚਪਨ ਦਰਸਾ ਚੁੱਕਾ ਹਾਂ, ਉਸ ਵਿਚ ਸ਼ਰਾਰਤੀ ਹੋਣ ਦੀ ਗੁੰਜਾਇਸ਼ ਤਾਂ ਬਚਦੀ ਹੀ ਨਹੀਂ। ਹਾਂ, ਸਾਊ ਸਾਂ ਤੇ ਬਾਗ਼ੀ ਵੀ। ਸਾਊ ਏਨਾ  ਕਿ ਪਿੰਡ ਦੀਆਂ ਕੁੜੀਆਂ, ਬਹੂਆਂ ਨੇ ਮੇਰੀ ਅੱਲ ਬਾਬਾ ਪਾਈ ਹੋਈ ਸੀ। ਨਾ ਹਾਣ ਦੀਆਂ ਕੁੜੀਆਂ ਨਾਲ ਹਾਸਾ, ਨਾ ਕਿਸੇ ਭਰਜਾਈ, ਚਾਚੀ ਜਾਂ ਤਾਈ ਨੂੰ ਮਖੌਲ। ਮਤਰੇਈ ਮਾਂ ਦੇ ਵਰਤਾਓ ਨੇ ਬਾਗ਼ੀ ਜ਼ਰੂਰ ਬਣਾ ਦਿੱਤਾ। ਬਗ਼ਾਵਤ ਦਾ ਅੰਸ਼ ਪਿਤਾ ਵਲੋਂ ਵੀ ਆਇਆ ਹੋਵੇਗਾ। ਇਕ ਦਿਨ ਅੱਠਵੀਂ ਕਲਾਸ ਦੇ ਅਧਿਆਪਕ ਦੇ ਹੱਥੋਂ ਡੰਡਾ ਖੋਹ ਲਿਆ ਸੀ। ਫਿਰ ਹਾਈ ਸਕੂਲ ਵਿਚ ਨਵੇਂ ਤੱਪੜ ਦੀ ਪ੍ਰਾਪਤੀ ਲਈ ਵਿਦਿਆਰਥੀਆਂ ਤੋਂ ਹੜਤਾਲ ਕਰਵਾ ਦਿੱਤੀ ਤੇ ਥਾਣੇ ਅੱਗੇ ਜਾ ਕੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਉਥੇ ਨਾਇਬ ਤਹਿਸੀਲਦਾਰ ਦਾ ਦਫ਼ਤਰ ਸੀ ਤੇ ਅਸੀਂ ਉਸ ਨੂੰ ਹੀ ਸਰਕਾਰ ਸਮਝਦੇ ਸਾਂ। ਇਸ ਲਈ ਕਿਸੇ  ਸ਼ਰਾਰਤ ‘ਤੇ ਮੁਸਕਰਾਹਟ ਕੀ ਆਉਣੀ ਸੀ, ਦੁਖਾਂਤਕ ਯਾਦਾਂ ਜ਼ਰੂਰ ਪ੍ਰੇਸ਼ਾਨ ਕਰਦੀਆਂ ਹਨ।

ਪਿਤਾ ਦੀ ਸਿਆਸਤ
ਹੁਣ: ਤੁਹਾਡੇ ਪਿਤਾ ਜੀ ਕਾਮਰੇਡ ਦਲੀਪ ਸਿੰਘ ਭੱਟੀਵਾਲ ਵੀ ਇਕ ਪ੍ਰਤੀਬੱਧ ਸਿਆਸਤ ਨਾਲ ਅਪਣੇ ਆਖ਼ਰੀ ਪਲ ਤੱਕ ਨਿਭੇ। ਤੁਸੀਂ ਅਪਣੇ ਪਿਤਾ ਨੂੰ ਕਿੰਨਾ ਕੁ ਜਾਣਿਆ ਸਮਝਿਆ।
ਦਮਨ : ਪਿਤਾ ਬਹੁਤ ਸਿਆਣਾ ਅਤੇ ਸੂਝਵਾਨ ਵਿਅਕਤੀ ਸੀ। ਬਹੁਤ ਦਲੇਰ ਅਤੇ ਕੁਰਬਾਨੀ ਕਰਨ ਵਾਲਾ। ਸਾਰਾ  ਜੀਵਨ ਲੋਕਾਂ ਦੇ ਲੇਖੇ ਲਾ ਦਿੱਤਾ। ਤਾਮਰ ਪੱਤਰ ਅਤੇ ਪੈਨਸ਼ਨ ਲੈਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿ ਉਹ ਆਜ਼ਾਦੀ ਨਹੀਂ ਆਈ, ਜਿਸ ਲਈ ਅਸੀਂ ਜੂਝੇ ਸਾਂ ਅਤੇ ਜੇਲ੍ਹਾਂ ਕੱਟੀਆਂ ਸਨ। ਰੱਜੇ-ਪੁੱਜੇ ਜੱਟ ਪਰਿਵਾਰ ਵਿਚੋਂ ਸੀ। ਮੇਰਾ ਦਾਦਾ ਨਰਾਇਣ ਸਿੰਘ ਪਟਿਆਲਾ ਰਿਆਸਤ ਦੇ ਮਹਾਰਾਜਾ ਰਜਿੰਦਰ ਸਿੰਘ ਦਾ ਹਿਫ਼ਾਜ਼ਤੀ ਦਸਤੇ ਦਾ ਮੋਹਰੀ ਬਣ ਗਿਆ ਸੀ ਪਰ ਮਹਾਰਾਜਾ ਭੁਪਿੰਦਰ ਸਿੰਘ ਵੇਲੇ ਤਿਆਗ ਪੱਤਰ ਦੇ ਕੇ ਪਿੰਡ ਆ ਕੇ ਖੇਤੀਬਾੜੀ ਕਰਨ ਲੱਗ ਪਿਆ ਸੀ। ਉਹ ਉਰਦੂ, ਫ਼ਾਰਸੀ ਪੜ੍ਹਿਆ ਹੋਇਆ ਸੀ ਅਤੇ ਗੁਰਬਾਣੀ ਦਾ ਵੀ ਨਿਤਨੇਮੀ ਸੀ ਪਰ ਉਸ ਦੇ ਤਿੰਨੋਂ ਪੁੱਤਰ ਅਨਪੜ੍ਹ ਸਨ। ਉਨ੍ਹਾਂ ਤਿੰਨਾਂ ਵਿਚੋਂ ਸਭ ਤੋਂ ਛੋਟਾ ਦਲੀਪ ਸਿੰਘ ਮੇਰਾ ਪਿਤਾ ਸੀ। ਦੋ ਵੱਡੇ ਖੇਤੀਬਾੜੀ ਸੰਭਾਲਦੇ ਸਨ। ਮੇਰਾ ਪਿਤਾ ਘਰ ਦੇ 150-200 ਪਸ਼ੂਆਂ ਨੂੰ ਚਾਰਦਾ ਸੀ। ਇਕ ਵੇਰਾਂ ਸਾਡੇ ਪਿੰਡ ਇਕ ਕਵੀਸ਼ਰੀ ਜੱਥਾ ਆਇਆ, ਜਿਸ ਦਾ ਮੋਢੀ ਗਿਆਨੀ ਹਰੀ ਸਿੰਘ ਵਿਯੋਗੀ ਸੀ। ਪਿਤਾ ਕਵੀਸ਼ਰੀ ਤੋਂ ਬਹੁਤ ਪ੍ਰਭਾਵਤ ਹੋਇਆ ਅਤੇ ਹਰੀ ਸਿੰਘ ਵਿਯੋਗੀ ਨੂੰ ਪੁੱਛਣ ਲੱਗਾ ਕਿ ਕੀ ਮੈਂ ਨਹੀਂ ਤੁਹਾਡੇ ਜਥੇ ਵਿਚ ਸ਼ਾਮਲ ਹੋ ਸਕਦਾ? ਵਿਯੋਗੀ ਨੇ ਪੁੱਛਿਆ ਕਿ ਥੋੜ੍ਹਾ ਬਹੁਤ ਪੜ੍ਹ ਲਿਖ ਸਕਦਾ ਹੈਂ? ਪਿਤਾ ਦਾ ਨਾਹ ਪੱਖੀ ਉਤਰ ਸੁਣ ਕੇ ਉਸ ਨੇ ਨਸੀਹਤ ਦਿੱਤੀ ਕਿ ਕਵੀਸ਼ਰ ਬਣਨ ਲਈ ਥੋੜ੍ਹਾ ਬਹੁਤ ਪੜ੍ਹਨਾ ਜ਼ਰੂਰੀ ਆਉਣਾ ਚਾਹੀਦਾ ਹੈ। ਕਵੀਸ਼ਰ ਬਣਨ ਦੀ ਤੀਬਰ ਇੱਛਾ ਸਦਕਾ ਪਿਤਾ ਨੇ ਕਿਤੋਂ ਪੰਜਾਬੀ ਦਾ ਬਾਲ ਉਪਦੇਸ਼ ਪ੍ਰਾਪਤ ਕੀਤਾ ਅਤੇ ਘਰਦਿਆਂ ਤੋਂ ਚੋਰੀ, ਡੰਗਰ ਚਾਰਦੇ ਹੋਏ, ਟਿੱਬਿਆਂ ਦੇ ਰੇਤੇ  ‘ਤੇ ਉੜਾ-ਆੜਾ ਲਿਖਣਾ ਸਿਖਿਆ- ਆਖ਼ਰ ਕਵੀਸ਼ਰ ਬਣੇ। ਬਹੁਤ ਸਾਰੇ ਕਿੱਸੇ ਲਿਖੇ, ਬਹੁਤ ਸਾਰੇ ਮੁਰੀਦ ਬਣਾਏ। ਕਵੀਸ਼ਰੀ ਦੌਰਾਨ ਹੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਸ਼੍ਰੋਮਣੀ ਅਕਾਲੀ ਦਲ ਮਾਲਵਾ ਦੀ ਜਨਰਲ ਸਕੱਤਰੀ ਵੀ ਕੀਤੀ। ਅੰਗਰੇਜ਼ ਸਰਕਾਰ ਵਿਰੋਧੀ ਅਕਾਲੀ ਮੋਰਚਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ, ਡਾਂਗਾਂ ਖਾਧੀਆਂ, ਜੇਲ੍ਹ ਯਾਤਰਾਵਾਂ ਵੀ ਕੀਤੀਆਂ। ਫਿਰ ਪਤਾ ਨਹੀਂ ਕਦੋਂ ਮਾਲਵੇ ਵਿਚ ਜਗੀਰਦਾਰੀ ਵਿਰੁੱਧ ਚੱਲ ਰਹੀ ਪਰਜਾ ਮੰਡਲ ਦੀ ਲਹਿਰ ਵਿਚ ਸ਼ਾਮਲ ਹੋ ਗਏ ਅਤੇ 1948  ਵਿਚ ਕਮਿਊਨਿਸ਼ਟ ਪਾਰਟੀ ਵਿਚ ਸ਼ਾਮਲ ਹੋ ਗਏ। ਘਰ ਜ਼ਮੀਨ ਜਾਇਦਾਦ ਅਤੇ ਦੋ ਬਸਾਂ ਤਾਂ ਪਹਿਲਾਂ ਹੀ ਕੁਰਕ ਹੋ ਚੁੱਕੀਆਂ ਸਨ ਫਿਰ ਮੁਸ਼ਤਰਕਾ ਜੱਦੀ ਜਾਇਦਾਦ ‘ਤੇ ਵੀ ਕਰਜ਼ਾ ਚੜ੍ਹਨ ਲੱਗਾ, ਜਿਸ ਕਾਰਨ ਸ਼ਰੀਕਾਂ ਵੀ ਪਾਸਾ ਵੱਟ ਲਿਆ। ਫਿਰ ਕਿਸਾਨ ਅੰਦੋਲਨਾਂ ਦਾ ਦੌਰ ਸ਼ੁਰੂ ਹੋ ਗਿਆ। ਪਹਿਲਾਂ ਕਮਿਊਨਿਸਟ ਪਾਰਟੀ ਹੀ ਬੈਨ ਹੋ ਗਈ। ਪਾਰਟੀ ਮੈਂਬਰ ਰੂਸ ਦੇ ਏਜੰਟ ਗਰਦਾਨ ਦਿੱਤੇ ਗਏ। ਅੰਡਰਗਰਾਉੂਂਡ ਹੋ ਕੇ ਕੰਮ ਕਰਦੇ ਰਹੇ। ਲਗਭਗ 20-21 ਸਾਲ ਪਿੰਡ ਦੇ ਸਰਪੰਚ ਵੀ ਰਹੇ। ਪੈਪਸੂ ਮੁਜਾਰਾ ਲਹਿਰ ਵੇਲੇ ਕਾਤਲਾਨਾ ਹਮਲੇ ਵੀ ਹੋਏ। ਸਾਡੀ ਸੁਰੱਖਿਆ ਨੂੰ ਵੀ ਲਗਾਤਾਰ ਖ਼ਤਰਾ ਰਿਹਾ। ਪਿਤਾ ਦਾ ਸਾਰਾ ਜੀਵਨ ਲੋਕ ਸੰਘਰਸ਼ ਦਾ ਜੀਵਨ ਰਿਹਾ ਹੈ। ਸਾਡੇ ਪਿਤਾ ਬੱਚਿਆਂ ਨੂੰ ਬਹੁਤ ਘੱਟ ਝਿੜਕਦੇ ਸਨ, ਬਹੁਤ ਘੱਟ ਹੀ ਕਦੇ ਸਾਡੇ ‘ਤੇ ਹੱਥ ਉਠਾਇਆ ਹੋਵੇਗਾ। ਮੈਨੂੰ ਯਾਦ ਹੈ ਮੈਨੂੰ ਕੇਵਲ ਇਕ ਵਾਰ ਝੂਠ ਬੋਲਣ ਕਾਰਨ ਮੇਰੀ ਪਿੱਠ ‘ਤੇ ਮਾਰਿਆ ਸੀ। ਮੇਰਾ ਤਾਂ ਸਾਹ ਹੀ ਰੁਕ ਗਿਆ ਸੀ। ਉਹ ਸਰੀਰ ਦੇ ਬਹੁਤ ਮਜ਼ਬੂਤ ਸਨ ਅਤੇ ਸ਼ੌਕੀਆ ਅਖਾੜੇ ਵਿਚ ਭਲਵਾਨੀ ਵੀ ਕਰਦੇ ਸਨ। 88 ਵਰ੍ਹਿਆਂ ਦੀ ਉਮਰ ਤੀਕ ਉਹ ਸਾਈਕਲ ਚਲਾਉਂਦੇ ਪਾਰਟੀ ਦਾ ਕੰਮ ਕਰਦੇ ਰਹੇ। ਉਹ ਬਹੁਤ ਹੀ ਦਲੇਰ ਤੇ ਪਾਕਿ-ਸਾਫ਼ ਬੰਦਾ ਸੀ। ਲੋਕ ਉਨ੍ਹਾਂ ਦੀ ਬਹੁਤ ਇੱਜ਼ਤ ਕਰਦੇ ਸਨ। 1965 ਵਿਚ ਉਹ ਮਾਰਕਸੀ ਪਾਰਟੀ (ਸੀ.ਪੀ.ਐਮ.) ਵਿਚ ਸ਼ਾਮਲ ਹੋ ਗਏ। ਡੀਫ਼ੈਂਸ ਆਫ਼ ਇੰਡੀਆ ਤਹਿਤ ਤਿੰਨ ਸਾਲ ਮਫ਼ਰੂਰ ਰਹੇ ਅਖ਼ੀਰ ਬਿਮਾਰੀ ਦੀ ਹਾਲਤ ਵਿਚ ਮੈਨੂੰ ਪਟਿਆਲੇ ਮਿਲਣ ਆਏ ਫੜੇ ਗਏ। ਪੁਲੀਸ ਅਫ਼ਸਰ ਨੇਕ ਆਦਮੀ ਸੀ। ਉਸ ਨੇ ਗ੍ਰਿਫ਼ਤਾਰੀ ਮੇਰੇ ਘਰ ਤੋਂ ਬਾਹਰ ਸ਼ੋਅ ਕਰ ਕੇ ਮੇਰੀ ਨੌਕਰੀ ਬਚਾਈ। ਫਿਰ ਅੰਬਾਲਾ, ਤਿਹਾੜ ਅਤੇ ਹਿਸਾਰ ਜੇਲ੍ਹ ਦੀ ਯਾਤਰਾ ਕੀਤੀ। ਅਖ਼ੀਰ  ਡੀ. ਓ. ਆਈ. ਦੇ ਮੁਕੱਦਮੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖ਼ਾਰਜ ਕਰ ਦਿੱਤੇ। 87 ਕੁ ਸਾਲ ਦੀ ਉਮਰ ਤੀਕ ਕੁਝ ਸਰੀਰਕ ਕਮਜ਼ੋਰੀ ਮਹਿਸੂਸ ਕਰਨ ਲੱਗੇ ਅਤੇ ਮੇਰੇ ਛੋਟੇ ਭਰਾ ਰਜਿੰਦਰ ਕੋਲ ਫਗਵਾੜੇ ਰਹਿਣ ਲੱਗੇ। ਪਾਰਟੀ ਅਤੇ ਸਰਕਾਰ ਦੋਵਾਂ ਨੇ ਅਵੇਸਲੇ ਕਰ ਦਿੱਤੇ। ਇਕ ਦਿਨ ਅਚਾਨਕ ਸੀ.ਬੀ.ਆਈ. ਦੀ ਟੀਮ ਫਗਵਾੜੇ ਪੁੱਜ ਗਈ। ਉਨ੍ਹਾਂ ਦੱਸਿਆ ਕਿ ਸਰਕਾਰ ਨੂੰ ਕਈ ਸਾਲਾਂ ਤੋਂ ਤੁਹਾਡੀ ਉਘ-ਸੁੱਘ ਨਹੀਂ ਹੈ। ਇਸ ਲਈ ਤੁਹਾਡੇ ਬਾਰੇ ਰਿਪੋਰਟ ਕੇਂਦਰ ਸਰਕਾਰ ਨੂੰ ਭੇਜਣੀ ਹੈ। ਪਿਤਾ ਨੇ ਕਿਹਾ ਸ਼ੁਕਰੀਆ…. ਪਾਰਟੀ ਵਾਲਿਆਂ ਤੋਂ ਤਾਂ ਤੁਸੀਂ ਹੀ ਚੰਗੇ ਹੋ ਜੋ ਮੇਰੀ ਉਘ-ਸੁੱਘ ਤਾਂ ਲਈ ਪਾਰਟੀ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਮੈਂ ਇਸ ਧਰਤੀ ‘ਤੇ ਹਾਂ ਵੀ ਜਾਂ ਨਹੀਂ। ਆਖ਼ਰ 93 ਸਾਲ ਦੀ ਉਮਰ ਵਿਚ ਪਰਿਵਾਰ ਨੂੰ ਬਾਕਾਇਦਾ ਸਤਿ ਸ੍ਰੀ ਅਕਾਲ ਬੁਲਾ ਕੇ ਕੁਝ ਮਿੰਟਾਂ ਵਿਚ ਹੀ ਸੰਸਾਰ ਤੋਂ ਵਿਦਾ ਹੋ ਗਏ।
ਹੁਣ: ਤੁਸੀਂ ਅਪਣੇ ਪਿਤਾ ਦੀ ਸਖਸ਼ੀਅਤ ਦਾ ਕਿੰਨਾ ਕੁ ਅਸਰ ਕਬੂਲਿਆ ?
ਦਮਨ :ਪਿਤਾ ਤੋਂ ਮਿਥਿਹਾਸ, ਇਤਿਹਾਸ ਅਤੇ ਗੁਰਬਾਣੀ ਬਾਰੇ ਜਾਣਿਆ। ਪਰ ਪਿਤਾ ਜਿੰਨਾ ਦਲੇਰ ਨਹੀਂ ਬਣ ਸਕਿਆ। ਹਾਂ ਲੋਕ ਸੇਵਾ ਦਾ ਪ੍ਰਭਾਵ ਜ਼ਰੂਰ ਪਿਆ, ਜਿਸ ਕਾਰਨ ਸਰਕਾਰੀ ਨੌਕਰੀ ਵਿਚ ਯੂਨੀਅਨ ਵਿਚ ਕੰਮ ਕਰਦਿਆਂ ਮੁਲਾਜ਼ਮਾਂ ਦੀਆਂ 1971 ਦੀਆਂ ਹੜਤਾਲਾਂ ਵੇਲੇ ਵਾਰੰਟ ਵੀ ਕੱਟੇ..ਨਾਟਕ ਅੰਦਰ ਲੋਕ ਹਿਤੈਸ਼ੀ ਰੁਚੀ ਦਾ ਪ੍ਰਗਟਾਓ ਵੀ ਮੇਰੇ ਪਿਤਾ ਦੀ ਸ਼ਖ਼ਸੀਅਤ ਦੇ ਪ੍ਰਭਾਵ ਦਾ ਸਿੱਟਾ ਹੈ।

ਮਤਰੇਈ ਮਾਂ ਦੀ ਦਹਿਸ਼ਤ
ਹੁਣ: ਮਤਰੇਈ ਮਾਂ ਦੀ ਦਹਿਸ਼ਤ ਕੀ ਹਾਲੇ ਵੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਦੀ ਐ?
ਦਮਨ : ਹੁਣ ਤਾਂ ਨਹੀਂ, ਪਰ ਕਈ ਸਾਲ ਤੀਕ ਪ੍ਰੇਸ਼ਾਨ ਕਰਦੀ ਰਹੀ। ਜੁਆਨ ਹੋ ਕੇ ਵੀ ਕਮਰੇ ਦੇ ਦਰਵਾਜ਼ੇ ਨੂੰ ਅੰਦਰੋਂ ਕੁੰਡਾ ਮਾਰ ਕੇ ਸੌਣ ਦੀ ਆਦਤ ਪੈ  ਗਈ ਸੀ ਕਿਉਂਕਿ ਉਹ ਕਿੱਕਰ ਦੇ ਅਨਘੜ ਡੰਡੇ ਮਾਰ ਕੇ ਸੁੱਤੇ ਨੂੰ ਜਗਾਉਂਦੀ ਸੀ। ਪਰ ਉਸ ਦੇ ਜ਼ਾਲਮ ਵਰਤਾਓ ਨੇ ਲੰਬੇ ਸਮੇਂ ਲਈ ਡਿਪਰੈਸ਼ਨ ਤੇ ਅਸੁਰੱਖਿਅਤ ਭਾਵਨਾ ਵੱਲ ਧਕੇਲ ਦਿੱਤਾ, ਜਿਸ ਕਾਰਣ ਦਾਰੂ  ਪੀਣ ਨੂੰ ਇਲਾਜ ਸਮਝ ਲਿਆ। ਮਤਰੇਈ ਮਾਂ ਦਾ ਤਸ਼ੱਦਦ ਮੇਰੇ ਅਚੇਤ ਤੀਕ ਉਕਰਿਆ ਪਿਆ ਹੈ ਪਰ ਮੈਂ ਅਜਿਹੀਆਂ ਮਤਰੇਈਆਂ ਮਾਵਾਂ ਵੀ ਆਪਣੇ ਅੱਖੀਂ ਵੇਖੀਆਂ ਹਨ-ਜਿਨ੍ਹਾਂ ਆਪਣੇ ਬੱਚਿਆਂ ਤੋਂ ਕਿਤੇ ਵੱਧ ਕੇ ਮਤਰੇਏ ਧੀਆਂ-ਪੁੱਤਰਾਂ ਨੂੰ ਸੰਭਾਲਿਆ ਹੈ। ਅਸਲ ਵਿਚ ਮਤਰੇਆ ਸ਼ਬਦ ਅਜਿਹੇ ਮਾਂ-ਪਿਓ ਨੇ ਹੀ ਬਦਨਾਮ ਕੀਤਾ ਹੈ, ਜਿਨ੍ਹਾਂ ਵਿਚ ਮਾਨਵੀ ਸੰਵੇਦਨਸ਼ੀਲਤਾ ਦੀ ਘਾਟ ਜਾਂ ਅਸੁਰੱਖਿਆ ਦਾ ਸਹਿਮ ਵੱਧ ਸੀ। ਪਰ ਬੱਚਿਆਂ ਨੂੰ ਜ਼ੁਲਮ ਭੋਗਣਾ ਹੀ ਪੈਂਦਾ ਹੈ। ਮਾੜਾ ਵਰਤਾਉ, ਗਾਲੀ ਗਲੋਚ, ਕੁੱਟਮਾਰ ਇਹ ਤਾਂ ਨਿੱਤ ਦਾ ਕੰਮ ਸੀ- ਪਰ ਦੋ ਕੁ ਘਟਨਾਵਾਂ ਮੈਨੂੰ ਯਾਦ ਹਨ ਜਿਨ੍ਹਾਂ ਦੀ ਭਿਆਨਕਤਾ ਨੇ ਮੇਰੇ ਅਚੇਤ ‘ਤੇ ਡੂੰਘੇ ਨਿਸ਼ਾਨ ਛੱਡੇ ਹਨ। ਮੈਂ 7 ਕੁ ਸਾਲ ਦਾ ਹੋਵਾਂਗਾ। ਉਨ੍ਹਾਂ ਦਿਨਾਂ ਵਿਚ ਅਸੀਂ ਮਾਲੇਰਕੋਟਲੇ ਵਿਚ ਰਹਿੰਦੇ ਸਾਂ। ਸ਼ਾਮ ਦਾ ਵਕਤ ਸੀ ਅਤੇ ਸਾਉਣ ਦਾ ਮਹੀਨਾ ਸੀ। ਪਿਤਾ ਦਾ ਮਤਰੇਈ ਮਾਂ ਨਾਲ ਝਗੜਾ ਹੋ ਗਿਆ। ਉਹ ਅਕਸਰ ਝਗੜਾ ਕਰਦੀ ਰਹਿੰਦੀ ਸੀ। ਪਤਾ ਨਹੀਂ ਕੀ ਗੱਲ ਸੀ ਪਿਤਾ ਰੋਣ ਲੱਗ ਪਏ। ਇਕ ਚਟਾਨ ਵਰਗਾ ਬੰਦਾ ਜੋ ਨਾ ਕਿਸੇ ਅੱਗੇ ਕਦੇ ਝੁਕਿਆ ਸੀ ਨਾ ਗਿੜਗਿੜਾਇਆ ਸੀ ਉਹ ਮੇਰੀ ਮਤਰੇਈ ਮਾਂ ਅੱਗੇ ਬੇਬੱਸ ਹੋਇਆ ਮੈਂ ਵੇਖ ਰਿਹਾ ਸਾਂ। ਧਰਤੀ ‘ਤੇ ਇਕੋ-ਇਕ ਮੇਰੀ ਸੁਰੱਖਿਆ, ਮੇਰਾ ਪਿਤਾ ਜ਼ਾਰੋ-ਜ਼ਾਰ ਰੋ  ਰਿਹਾ ਸੀ। ਮੈਂ ਉਚੀ ਆਵਾਜ਼ ਵਿਚ ਰੋਇਆ ਸ਼ੋਰ ਪਾ ਦਿੱਤਾ, ‘ਹਾਏ ਓਏ ਮੇਰਾ ਬਾਪੂ ਰੋ ਰਿਹੈ… ਹਾਏ ਓਏ ਮੇਰਾ ਬਾਪੂ ਰੋ ਰਿਹਾ ਏ…’ ਮੇਰਾ ਪਿਤਾ ਬੱਸ ਰੋ ਰਿਹਾ ਸੀ ਤੇ ਮੈਂ ਚੀਖ਼-ਚੀਖ਼ ਕੇ ਪੁਕਾਰ ਰਿਹਾ ਸਾਂ। ਮੇਰੀ ਮਤਰੇਈ ਮਾਂ ਉਠੀ ਉਸ ਨੇ ਮੇਰੀ ਆਵਾਜ਼ ਬੰਦ ਕਰਨ ਲਈ ਮੇਰਾ ਗਲਾ ਓਨੀ ਦੇਰੀ ਤਕ ਦਬਾਈ ਰੱਖਿਆ ਜਦੋਂ ਤੀਕ ਮੇਰੀ ਆਵਾਜ਼ ਬੰਦ ਨਾ ਹੋ ਗਈ ਅਤੇ ਮੇਰੀਆਂ ਅੱਖਾਂ ਬਾਹਰ ਨਾ  ਨਿਕਲ ਆਈਆਂ। ਜਦੋਂ ਹੀ ਉਸ ਨੇ ਮੈਨੂੰ ਛੱਡਿਆ- ਮੈਂ ਆ ਵੇਖਿਆ ਨਾ ਤਾਅ ਬੂਹਾ ਖੋਲ੍ਹ ਕੇ ਚੁਬਾਰੇ ਦੀਆਂ ਪੌੜੀਆਂ ਉਤਰ ਗਿਆ। ਮੈਂ ਏਨਾ ਅਸੁਰੱਖਿਅਤ ਮਹਿਸੂਸ ਕਰ ਰਿਹਾ ਸਾਂ ਕਿ ਮੈਂ ਗਲੀਆਂ ਬਾਜ਼ਾਰਾਂ ‘ਚੋਂ ਭੱਜਿਆ ਜਾ ਰਿਹਾ ਸਾਂ ਅਤੇ ਨਾਲ ਹੀ ‘ਹਾਏ ਓਏ ਮੇਰਾ ਬਾਪੂ ਰੋ ਰਿਹੈ…’ ਵੀ ਚੀਖ਼ ਰਿਹਾ ਸਾਂ। ਇਕੋ ਸਾਹੇ ਮੈਂ ਉਦੋਂ ਹੀ ਦੌੜਿਆ ਹੋਵਾਂਗਾ। ਮੈਨੂੰ ਪਤਾ ਨਹੀਂ… ਮੈਨੂੰ ਉਦੋਂ ਹੀ ਪਤਾ ਲੱਗਾ ਜਦੋਂ ਮੈਂ ਸ਼ਹਿਰੋਂ ਬਾਹਰ ਰੇਲਵੇ ਲਾਈਨ ਤੀਕ ਪੁੱਜ ਗਿਆ ਸਾਂ। ਪਿਛੇ ਮੁੜ ਕੇ ਵੇਖਿਆ ਸ਼ਹਿਰ ਬਹੁਤ ਦੂਰ ਰਹਿ ਗਿਆ ਸੀ। ਮੈਂ ਮੂੰਹ ਵਿਚ ਹੀ ‘ਹਾਏ ਓਏ ਮੇਰਾ ਬਾਪੂ ਰੋ ਰਿਹੈ…’ ਕਹਿੰਦਾ ਰੇਲਵੇ ਲਾਈਨ ਦੇ ਨਾਲ ਨਾਲ ਦੌੜਿਆ ਜਾ ਰਿਹਾ ਸੀ ਅਤੇ ਅਚਾਨਕ ਠੇਡਾ ਖਾ ਕੇ ਡਿੱਗ ਪਿਆ। ਪਤਾ ਨਹੀਂ ਕਿੰਨੀ ਦੇਰ ਪਿਆ ਰਿਹਾ। ਜਦੋਂ ਹੋਸ਼ ਆਈ ਤਾਂ ਹਨੇਰਾ ਹੋ ਚੁੱਕਾ ਸੀ। ਕੋਲੋਂ ਲੰਘਦੀ ਤੇਜ਼ ਰੇਲ ਗੱਡੀ ਦੀ ਰੌਸ਼ਨੀ ਤੇ ਖੜਾਕ ਨੇ ਮੈਨੂੰ ਪੂਰੀ ਤਰ੍ਹਾਂ ਹੋਸ਼ ਵਿਚ ਲਿਆਂਦਾ। ਮੈਂ ਸੋਚਿਆ ਮੈਂ ਇਧਰ ਕਿਉਂ ਆਇਆ ਹਾਂ? ਰੇਲਵੇ ਲਾਈਨ ਦੇ ਨਾਲ ਜਾਂਦੇ ਅਸਲ ਵਿਚ ਇਕ ਰਸਤਾ ਫਟਦਾ ਸੀ ਜੋ ਮੇਰੇ ਪਿਤਾ ਦੇ ਇਕ ਸ਼ਗਿਰਦ ਦੇ ਪਿੰਡ ਵੱਲ ਜਾਂਦਾ ਸੀ। ਡਰ ਵਿਚ ਅਚੇਤ ਹੀ ਮੈਂ ਉਸ ਪਿੰਡ ਵਲ ਸੁਰੱਖਿਆ ਲੈਣ ਭੱਜ ਉਠਿਆ ਸਾਂ। ਪਰ ਮੈਂ ਰਸਤਾ ਭੁੱਲ ਗਿਆ ਸਾਂ। ਮੈਂ ਘਬਰਾ ਗਿਆ। ਉਜਾੜ ਵਿਚ, ਰੇਲਵੇ ਲਾਈਨ ਉਪਰ, ਹਨ੍ਹੇਰੇ ਵਿਚ ਮੈਂ ਇਕੱਲਾ ਸਾਂ।… ਤਦੇ ਮੈਨੂੰ ਦੂਰੋਂ ਕਿਸੇ ਬੰਦੇ ਦੇ ਗੀਤ ਜਿਹਾ ਗੁਣਗੁਣਾਉਣ ਦੀ ਆਵਾਜ਼ ਸੁਣਾਈ ਦਿੱਤੀ। ਆਵਾਜ਼ ਮੇਰੇ ਵੱਲ ਆ ਰਹੀ ਸੀ। ਮੈਂ ਬਹੁਤ ਹੀ ਡਰ ਗਿਆ ਸਾਂ। ਬੰਦਾ ਮੇਰੇ ਬਹੁਤ ਨਜ਼ਦੀਕ ਆ ਚੁੱਕਿਆ ਸੀ। ਮੇਰੇ ਸਾਹਮਣੇ ਖੜਾ ਮੈਨੂੰ ਨਿਹਾਰ ਰਿਹਾ ਸੀ। ਉਸ ਪੁੱਛਿਆ ਕੌਣ ਹੈ ਤੂੰ- ਮੈਂ ਕਿਹਾ, ”ਮੇਰਾ ਬਾਪੂ ਰੋ ਰਿਹੈ…” ਉਸ ਦੇ ਕੁਝ ਪੱਲੇ ਨਹੀਂ ਪਿਆ। ਉਸ ਪੁੱਛਿਆ ਤੂੰ ਇਕੱਲਾ ਏਂ? ਮੈਂ ਹਾਂ ਵਿਚ ਸਿਰ ਹਿਲਾਇਆ। ਉਸ ਪੁੱਛਿਆ ਤੂੰ ਕਿਥੇ ਜਾਣਾ ਹੈ। ਮੈਂ ਕਿਹਾ ‘ਨੌਧਰਾਣੀ’ (ਮੇਰੇ ਪਿਤਾ ਦੇ ਸ਼ਗਿਰਦ ਦੇ ਪਿੰਡ ਦਾ ਨਾਂ) ਮੈਨੂੰ ਰਸਤਾ ਭੁੱਲ ਗਿਆ-ਉਸ ਆਖਿਆ, ‘ਉਹ ਰਸਤਾ ਤਾਂ ਬਹੁਤ ਪਿੱਛੇ ਰਹਿ ਗਿਐ… ਤੂੰ ਮੇਰੇ ਨਾਲ ਚੱਲ ਮੈਂ ਸਵੇਰੇ ਤੈਨੂੰ ਛੱਡ ਆਵਾਂਗਾ।” ਪਤਾ ਨਹੀਂ ਕਿਉਂ ਮੈਨੂੰ ਉਸ ‘ਤੇ ਇਕਦਮ ਯਕੀਨ ਆ ਗਿਆ ਤੇ ਉਸ ਦੇ ਪਿਛੇ-ਪਿਛੇ ਟੁਰਦਾ ਉਸ ਦੇ ਪਿੰਡ, ਉਸ ਦੇ ਘਰ ਆ ਗਿਆ। ਮੈਨੂੰ ਯਾਦ ਹੈ। ਉਸ ਦੇ ਕੱਚੇ ਕੋਠੇ ਵਿਚ ਇਕ ਹੀ ਮੰਜਾ ਸੀ। ਸ਼ਾਇਦ ਉਨ੍ਹਾਂ ਦੇ ਘਰ ਵਿਚ ਕੋਈ ਬੱਚਾ ਨਹੀਂ ਸੀ। ਉਹ ਜਾਤ ਦਾ ਝਿਉਰ ਸੀ। ਉਸ ਦੀ ਬੀਵੀ ਭੱਠੀ ਲਾਉਂਦੀ ਸੀ ਤੇ ਉਹ ਲੋਕਾਂ ਦੇ ਘਰਾਂ ਵਿਚ ਮਸ਼ਕ ਨਾਲ ਪਾਣੀ ਭਰਦਾ ਸੀ (ਉਨ੍ਹਾਂ ਦਿਨਾਂ ਵਿਚ ਪਿੰਡ ਵਿਚ ਇਕ-ਦੋ ਖੂਹੀਆਂ ਹੀ ਹੁੰਦੀਆਂ ਸਨ ਜਿਥੋਂ ਲੋਕ ਘੜੇ ਭਰ ਕੇ ਅਪਣੇ-ਅਪਣੇ ਘਰਾਂ ਨੂੰ ਲਿਜਾਂਦੇ ਹੁੰਦੇ ਸਨ) ਉਨ੍ਹਾਂ ਮੈਨੂੰ ਮੋਟੀ ਜਿਹੀ ਰੋਟੀ ਤੇ ਗੁੜ ਆਫ਼ਰ ਕੀਤਾ ਮੈਂ ਨਹੀਂ ਖਾਧਾ। ਡਰ ਤੇ ਅਸੁਰੱਖਿਆ ਨੇ ਭੁੱਖ ਲਈ ਕੋਈ ਥਾਂ ਹੀ ਨਹੀਂ ਛੱਡੀ ਸੀ। ਸਵੇਰੇ ਮੈਂ ਚਾਹ ਪੀਤੀ। ਫਿਰ ਉਹ ਬੰਦਾ ਮੈਨੂੰ ਸੁਵੱਖਤੇ ਹੀ ਨੌਧਰਾਣੀ ਛੱਡ ਆਇਆ। ਮੈਂ ਪਿਤਾ ਦੇ ਸ਼ਗਿਰਦ (ਜੋਰਾ ਸਿੰਘ ਸੀ ਸ਼ਾਇਦ ਉਸ ਦਾ ਨਾਂ) ਨੂੰ ਸਾਰੀ ਕਹਾਣੀ ਸੁਣਾਈ ਅਤੇ ਨਾਲ ਹੀ ਕਿਹਾ ਮੈਂ ਤੁਹਾਡੇ ਕੋਲ ਹੀ ਰਹਾਂਗਾ। ਕਿਸੇ ਨੂੰ ਨਹੀਂ ਦੱਸਣਾ ਕਿ ਮੈਂ ਤੁਹਾਡੇ ਕੋਲ ਹਾਂ। ਉਨ੍ਹਾਂ ਪਿਤਾ ਨੂੰ ਸੁਨੇਹਾ ਪਹੁੰਚਾ ਦਿੱਤਾ ਕਿ ਮੈਂ ਉਨ੍ਹਾਂ ਦੇ ਕੋਲ ਹਾਂ। ਪਿਤਾ ਮੇਰੇ ਲਈ ਕਾਫ਼ੀ ਸਾਰੀ ਮਿਠਾਈ ਲੈ ਕੇ ਮੈਨੂੰ ਲੈਣ ਆਏ ਅਤੇ ਵਾਅਦਾ ਕੀਤਾ ਕਿ ਮੈਂ ਅੱਗੇ ਤੋਂ ਮਤਰੇਈ ਵਲੋਂ ਕਦੇ ਵੀ ਤੇਰੇ ਨਾਲ ਅਜਿਹਾ ਨਹੀਂ ਕਰਨ ਦੇਵਾਂਗਾ। ਮੈਂ ਪਿਤਾ ਨਾਲ ਮੁੜ ਵਾਪਸ ਘਰ ਆ ਗਿਆ।
ਦੂਜੀ ਘਟਨਾ : ਹੁਣ ਅਸੀਂ ਆਪਣੇ ਪਿੰਡ ਭੱਟੀਵਾਲ ਰਹਿਣ ਲੱਗ ਪਏ ਸਾਂ। ਉਸ ਘਟਨਾ ਬਾਅਦ ਮੇਰੀ ਮਤਰੇਈ ਮਾਂ ਨੇ ਮੈਨੂੰ ਕਦੀ ਨਹੀਂ ਮਾਰਿਆ। ਪਰ ਉਸ ਦੀ ਦੇਖਣੀ ਵਿਚ ਮੇਰੇ ਲਈ ਅਥਾਹ ਘਿਰਣਾ ਮੈਨੂੰ ਹਮੇਸ਼ਾ ਦਿਖਾਈ ਦਿੰਦੀ ਸੀ। ਉਹ ਸਾਨੂੰ ਦੋਵਾਂ ਭਰਾਵਾਂ ਨੂੰ ਅਕਸਰ ਅੱਕ ਦਾ ਦੁੱਧ ਚੋਣ ਭੇਜ ਦਿੰਦੀ ਸੀ। ਉਸ ਦਾ ਕਹਿਣਾ ਸੀ ਕਿ ਅੱਕ ਦਾ ਦੁੱਧ ਸਾਡੇ ਸਿਰਾਂ ਵਿਚ ਪਈਆਂ ਜੂੰਆਂ ਨੂੰ ਮਾਰਨ ਲਈ ਚਾਹੀਦਾ ਹੈ। ਉਹ ਅੱਕ ਦਾ ਦੁੱਧ ਸਰੋਂ ਦੇ ਤੇਲ ਵਿਚ ਮਿਲਾ ਕੇ ਸਾਡੇ ਸਿਰ ਵਿਚ ਜੂੰਆਂ ਮਾਰਨ ਦੇ ਨੁਸਖੇ ਵਜੋਂ ਅਕਸਰ ਵਰਤਦੀ ਸੀ। ਅਸੀਂ ਦੋਵੇਂ ਭਰਾ ਅਕਸਰ ਖੰਘਦੇ ਰਹਿੰਦੇ ਸਾਂ। ਭੋਜਨ ਪੂਰਾ ਨਾ ਤੇ ਘਟੀਆ ਮਿਲਣ ਕਾਰਨ ਅਸੀਂ ਬਹੁਤ ਕਮਜ਼ੋਰ ਹੋ ਗਏ ਸਾਂ। ਡਾਕਟਰਾਂ, ਹਕੀਮਾਂ ਨੂੰ ਵੀ ਸਮਝ ਨਹੀਂ ਸੀ ਪੈਂਦੀ। ਅਸੀਂ ਅਚਾਨਕ ਹੀ ਸਿਹਮੰਦ ਅਤੇ ਤੰਦਰੁਸਤ ਹੋਣ ਲੱਗ ਪਏ। ਡਾਕਟਰਾਂ ਸਮਝਿਆ ਕਿ ਉਨ੍ਹਾਂ ਦੀ ਦਵਾਈ ਦਾ ਅਸਰ ਹੈ। ਗੱਲ ਅਸਲ ਵਿਚ ਇਹ ਸੀ ਸਾਡੀ  ਮਤਰੇਈ ਮਾਂ ਦੁੱਧ ਵਿਚ ਸਾਨੂੰ ਅੱਕ ਦਾ ਦੁੱਧ ਮਿਲਾ ਕੇ ਦੇਣ ਲੱਗ ਪਈ। ਅੱਕ ਦੇ ਦੁੱਧ ਦੀ ਕੁੜੱਤਣ ਨੂੰ ਮਾਰਨ ਲਈ ਉਹ ਅਕਸਰ ਦੁੱਧ ਵਿਚ ਸ਼ੱਕਰ ਵੀ ਜ਼ਿਆਦਾ ਪਾਉਣ ਲੱਗ ਪਈ ਸੀ। ਬੱਸ ਇਹੋ ਫ਼ਾਰਮੂਲਾ ਹੀ ਸਾਡੇ ਲਈ ਰਾਮਵਾਣ ਸਾਬਤ ਹੋਇਆ। ਮਤਰੇਈ ਜ਼ਰੂਰ ਉਸ ਹਕੀਮ ਨਾਲ ਜਾ ਕੇ ਲੜੀ ਹੋਵੇਗੀ ਜਿਸ ਨੇ ਸਾਡੀ ੰਲੋੱ ਧeਅਟਹ ਲਈ ਉਸ ਨੂੰ ਨੁਸਖ਼ਾ ਸੁਝਾਇਆ ਸੀ।
ਸ਼ਾਇਦ ਉਸ ਨੇ ਹੀ ਉਸ ਨੂੰ ਅਗਲਾ ਨੁਸਖਾ ਦਿੱਤਾ ਸੀ। ਇਕ ਦਿਨ ਸਾਝਰੇ ਹੀ ਮੈਨੂੰ ਮੰਜੇ ਵਿਚ ਪਏ ਨੂੰ ਤਸਲੇ ਵਿਚ ਵਿਚ ਖੜਕਦੇ ਲੋਹੇ ਦੇ ਮੂਸਲ ਦੀ ਆਵਾਜ਼ ਸੁਣਾਈ ਦਿੱਤੀ। ਮੇਰੀ ਨੀਂਦ ਖੁਲ੍ਹੀ- ਇਹ ਸੋਚ ਕੇ ਮੈਂ ਮੁੜ ਸੌਂ ਗਿਆ ਕਿ ਮਤਰੇਈ ਆਪਣੇ ਲਈ ਕੋਈ ਦਵਾਈ ਤਿਆਰ ਕਰ ਰਹੀ ਹੈ। ਸਵੇਰ ਦੇ ਨਾਸ਼ਤੇ ਵਿਚ ਦਲੀਆ ਖਾਂਦਿਆਂ ਮੈਂ ਆਪਣੇ ਦੰਦਾਂ ਵਿਚ ਕਿਰਚ-ਕਿਰਚ ਮਹਿਸੂਸ ਕੀਤੀ। ਮੈਂ ਜਾਣ ਗਿਆ ਕਿ ਤਸਲੇ ਵਿਚ ਕੀ ਕੁੱਟਿਆ ਜਾ ਰਿਹਾ ਸੀ। ਨਾਲ ਬੈਠਾ ਭਰਾ ਵੀ ਦਲੀਆ ਖਾ ਰਿਹਾ ਸੀ। ਉਹ ਮਿੱਠੇ ਦਾ ਬਹੁਤ ਸ਼ੌਕੀਨ ਸੀ। ਮਤਰੇਈ ਨੇ ਬਾਟੀ ਵਿਚ ਪਹਿਲੋਂ ਕੁੱਟਿਆ ਹੋਇਆ ਕੱਚ ਪਾ ਕੇ, ਫਿਰ ਦਲੀਆ ਪਾ ਕੇ ਉਸ ਉਪਰ ਭਰਪੂਰ ਖੰਡ  ਪਾ ਦਿੱਤੀ ਸੀ। ਰਜਿੰਦਰ ਉਪਰੋਂ-ਉਪਰੋਂ ਖੰਡ ਖਾ ਕੇ ਮੁੜ ਖੰਡ ਦੀ ਮੰਗ ਕਰ ਦਿੱਤੀ ਸੀ ਪਰ ਮਤਰੇਈ ਕਹਿੰਦੀ ਸੀ ਤੂੰ ਇਕੱਲੀ ਖੰਡ ਖਾਈ ਜਾ ਰਿਹਾ ਏ ਦਲੀਏ ਵਿਚ ਚੰਗੀ ਤਰ੍ਹਾਂ ਮਿਲਾ ਕੇ ਖਾਹ। ਇਸ ਤੋਂ ਪਹਿਲਾਂ ਕਿ ਛੋਟਾ ਖੰਡ ਅਤੇ ਦਲੀਆ ਮਿਲਾਉਂਦਾ। ਮੈਂ ਸਵਾਲ ਖੜਾ ਕਰ ਦਿੱਤਾ ਕਿ ਛੋਟਾ ਹੇਠਾਂ ਪਿਸ਼ਾਬ ਕਰਨ ਗਿਆ ਡਿਉੜੀ ਦਾ ਦਰਵਾਜ਼ਾ ਖੁਲ੍ਹਾ ਛੱਡ ਆਇਆ ਹੈ, ਜਿਸ ਵਿਚ ਹਮੇਸ਼ਾ ਹੀ ਗਲੀ ਦੇ ਅਵਾਰਾ ਕੁੱਤੇ ਆ ਕੇ ਸੌਂ ਜਾਂਦੇ ਸਨ। ਮੈਂ ਉਸ ਨੂੰ ਡਿਉੜੀ ਦਾ ਦਰਵਾਜ਼ਾ ਬੰਦ ਕਰਨ ਲਈ ਹੇਠਾਂ  ਭੇਜ ਦਿੱਤਾ। ਬਸ ਉਸ ਦੇ ਜਾਣ ਦੀ ਦੇਰ ਸੀ। ਮੈਂ ਛਾਲ ਮਾਰ ਕੇ ਪੌੜੀਆਂ ਉਤਰ ਗਿਆ ਅਤੇ ਉਸ ਨੂੰ ਘੜੀਸ ਕੇ ਗਲੀ ਦੇ ਚੌਕ ਤਕ ਲੈ ਆਇਆ। ਉਸ ਨੂੰ ਸਮਝਾਇਆ ਕਿ ਉਸ ਦੇ ਦਲੀਏ ਵਿਚ ਪੀਠਿਆ ਹੋਇਆ ਕੱਚ ਹੈ। ਦਲੀਆ ਨਾ ਖਾਵੀਂ। ਅਸੀਂ ਦੋਵੇਂ ਭਰਾ ਘਰੋਂ ਦੌੜ ਗਏ ਅਤੇ ਪਿਤਾ ਆਉਣ ਤਕ ਸ਼ਰੀਕੇ ਵਿਚ ਇਕ ਤਾਈ ਦੇ ਘਰ ਰਹੇ। ਪਿੰਡ ਵਿਚ ਗੱਲ ਫ਼ੈਲ ਗਈ। ਪਿੰਡ ਦੇ ਲੋਕਾਂ ਨੇ ਪਿਤਾ ਨੂੰ ਇੰਨੀ ਨਮੋਸ਼ੀ ਦਿੱਤੀ ਕਿ ਪਿਤਾ ਨੇ ਉਸ ਔਰਤ ਨੂੰ, ਜੋ ਸਾਨੂੰ ਸਾਂਭਣ ਆਈ ਸੀ, ਕੁਝ ਦੇ ਦੁਆ ਕੇ ਘਰੋਂ ਕੱਢ ਦਿੱਤਾ ਤੇ ਸਾਨੂੰ ਨਵਾਂ ਜੀਵਨ ਮਿਲਿਆ।
ਹੁਣ: ਬਚਪਨ, ਜਵਾਨੀ ਜਾਂ ਹੁਣ, ਇਨ੍ਹਾਂ ਤਿੰਨਾਂ ਵਿਚੋਂ ਤੁਹਾਨੂੰ ਅਪਣਾ ਕਿਹੜਾ ਸਮਾਂ ਚੰਗਾ ਲਗਦੈ?
ਦਮਨ : ਬਚਪਨ ਬਹੁਤ ਦੁਖਦਾਈ ਸੀ, ਜਵਾਨੀ ਵੇਖੀ ਹੀ ਨਹੀਂ, ਹੁਣ ਅਜੋਕਾ ਸਮਾਂ ਮਸ਼ਰੂਫ਼ੀਅਤ ਵਿਚ ਮਾਣ ਰਿਹਾ ਹਾਂ, ਖ਼ੁਸ਼ ਹਾਂ। ਬਚਪਨ ਦੇ ਦੁੱਖ ਮੇਰਾ ਸਰਮਾਇਆ ਬਣ ਗਏ, ਜਿਸ ਨੂੰ ਮੇਰੇ ਨਾਟਕਾਂ ਦੇ ਪਾਤਰ ਵਾਰ-ਵਾਰ ਹੰਢਾਉਂਦੇ ਹਨ। ਮੇਰੇ ਨਾਟਕਾਂ ਨੂੰ, ਮੇਰੀ ਨਿਰਦੇਸ਼ਨਾਂ ਤੇ ਅਦਾਕਾਰੀ ਦੀ ਕਲਾ ਨੂੰ ਬਹੁਤ ਅਮੀਰੀ ਬਖ਼ਸ਼ੀ ਹੈ, ਮੇਰੇ ਬਚਪਨ ਵਿਚ ਹੰਢਾਏ ਦੁੱਖ ਨੇ।
ਹੁਣ: ਤੁਸੀਂ ਕਿਹਾ ਹੈ ਕਿ ਬਚਪਨ ਤੋਂ ਜਵਾਨੀ ਤਕ ਤੁਸੀਂ ਅਸੁਰੱਖਿਅਤ ਮਹਿਸੂਸ ਕਰਦੇ ਰਹੇ। ਕੀ ਹੁਣ ਵੀ ਕਰਦੇ ਹੋ? ਕੀ ਤੁਸੀਂ ਅਪਣੇ ਬੱਚਿਆਂ ਨੂੰ ਸੁਰੱਖਿਅਤ ਮਾਹੌਲ ਦਿੱਤਾ, ਭਾਵ ਪੂਰਾ ਧਿਆਨ ਦਿੱਤਾ?
ਦਮਨ : ਨਹੀਂ,  ਮੈਂ ਹੁਣ ਅਸੁਰੱਖਿਅਤ ਮਹਿਸੂਸ ਨਹੀਂ ਕਰਦਾ, ਉੱਕਾ ਹੀ ਨਹੀਂ। ਅਸੀਂ ਅਪਣੇ ਬੱਚਿਆਂ ਨੂੰ ਸੁਰੱਖਿਅਤ ਮਾਹੌਲ ਨਹੀਂ ਦੇ ਪਾਏ ਅਤੇ ਨਾ ਹੀ ਉਨ੍ਹਾਂ ਵੱਲ ਪੂਰਾ ਧਿਆਨ ਦੇ ਪਾਏ। ਪਰ ਫਿਰ ਵੀ ਬੱਚੇ, ਸਿਆਣੇ, ਸੁਹਿਰਦ ਅਤੇ ਹਰ ਤਰ੍ਹਾਂ ਨਾਲ ਕਾਮਯਾਬ ਹਨ।

ਜਸਵੰਤ ਨਾਲ ਮੇਲ
ਹੁਣ : ਜਸਵੰਤ ਹੋਰਾਂ ਨਾਲ ਕਿਵੇਂ ਮੇਲ ਹੋਇਆ?
ਦਮਨ : ਉਨ੍ਹਾਂ ਦਿਨਾ ‘ਚ ਸੱਜਰੇ ਪਿਆਰ ਦੇ ਟੁੱਟ ਜਾਣ ਦੀ ਤਾਜ਼ੀ-ਤਾਜ਼ੀ ਸੱਟ ਸਹਿ ਰਿਹਾ ਸੀ। ਉਮਰ ਹੀ ਐਸੀ ਸੀ। ਸੰਭਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਆਪਣੇ-ਆਪ ਨੂੰ ਨਾਟਕਾਂ ‘ਚ ਬਿਜ਼ੀ ਰੱਖਣ ਦੀ ਕੋਸ਼ਿਸ਼ ਕਰਦਾ ਸੀ। ਉਦੋਂ ਮੈਂ ਪਟਿਆਲੇ ਸੰਗੀਤ ਦੀ ਡਿਗਰੀ ਲੈ ਰਿਹਾ ਸੀ। ਮੇਰੀ ਛੋਟੀ ਭੈਣ ਸੁਰਿੰਦਰ ਤੇ ਛੋਟਾ ਭਰਾ ਰਜਿੰਦਰ ਮੇਰੇ ਕੋਲ ਹੀ ਰਹਿੰਦੇ ਸੀ। ਜਸਵੰਤ ਦੇ ਮਾਂ-ਬਾਪ ਤਾਂ ਕਾਮਰੇਡ ਸੀ ਪਰ ਬਾਕੀ ਰਿਸ਼ਤੇਦਾਰੀ ਰੂੜੀਵਾਦੀ ਵਿਚਾਰਾਂ ਦੀ ਸੀ। ਜਦੋਂ 1964 ‘ਚ ਸੀ.ਪੀ.ਆਈ. ਦੇ ਦੋ ਹਿੱਸੇ ਹੋਏ, ਤਾਂ ਜਸਵੰਤ ਦੇ ਪਿਤਾ ਕਾਮਰੇਡ ਇੰਦਰ ਸਿੰਘ ਸੀ.ਪੀ.ਐਮ. ਵਿਚ ਆ ਗਏ। ਉਹ ਪਾਰਟੀ ਦੇ ਕੁਲ ਵਕਤੀ ਮੈਂਬਰ ਸਨ। ਇਨ੍ਹਾਂ ਦੀ ਮਾਂ ਰੇਸ਼ਮ ਕੌਰ ਤਾਂ ਕਮਿਊਨਿਸਟਾਂ ਦੀਆਂ ਸਟੇਜਾਂ ‘ਤੇ ਇਨਕਲਾਬੀ ਗੀਤ ਗਾਉਂਦੀ ਹੁੰਦੀ ਸੀ। ‘ਵਾਜ ਬਹੁਤ ਚੰਗੀ ਸੀ ਉਨ੍ਹਾਂ ਦੀ। ਜਸਵੰਤ ਨੇ ਜਦੋਂ ਅੱਗੇ ਪੜ੍ਹਨ ਦੀ ਇੱਛਾ ਜ਼ਾਹਰ ਕੀਤੀ ਤਾਂ ਹੁਣ ਪਿੰਡ ਵਿਚ ਤਾਂ ਕੋਈ ਪ੍ਰਬੰਧ ਨਹੀਂ ਸੀ, ਸੋ ਪਟਿਆਲੇ ਭੇਜਣ ਦੀ ਸਲਾਹ ਬਣੀ। ਬਾਕੀ ਟੱਬਰ ਨੇ ਤਾਂ ਇਹਦਾ ਬੜਾ ਵਿਰੋਧ ਕੀਤਾ, ਫੇਰ ਹਾਰ ਕੇ ਇਨ੍ਹਾਂ ਦੇ ਪਟਿਆਲੇ ਰਹਿੰਦੇ ਚਚੇਰੇ ਭਰਾ ਬਲਵੰਤ ਸਿੰਘ ਕੋਲ ਰਹਿ ਕੇ ਪੜ੍ਹਨ ਲਈ ਭੇਜ ਦਿੱਤਾ। ਬਸ ਉਦੋਂ ਹੀ ਜਸਵੰਤ ਮੇਰੀ ਭੈਣ ਦੀ ਸਹੇਲੀ ਬਣ ਗਈ। ਅਕਸਰ ਘਰ ਆਉਣਾ ਜਾਣਾ ਹੋ ਗਿਆ। ਪ੍ਰੋਗਰੈਸਿਵ ਵਿਚਾਰਾਂ ਦੀ ਹੋਣ ਕਾਰਨ ਮੈਨੂੰ ਇਹਦਾ ਸਾਥ ਚੰਗਾ ਲਗਦਾ ਸੀ। ਮੇਰੀ ਭੈਣ ਇਹਤੋਂ ਬਹੁਤ ਖਿਝਦੀ ਸੀ। ਮੈਨੂੰ ਕਹਿੰਦੀ, ”ਐਵੇਂ ਨਾ ਏਸ ਕੁੜੀ ਨਾਲ ਪੰਗਾ ਲੈ ਲਈਂ, ਬਹੁਤ ਅੜਬ ਐ। ਥੱਪੜ ਤਾਂ ਊਈਂ ਜੜ ਦਿੰਦੀ ਐ। ਦੋ-ਤਿੰਨ ਵਾਰ ਬਾਜ਼ਾਰ ‘ਚ ਮੁੰਡੇ ਕੁੱਟ ਹਟੀ ਐ।” ਮੈਂ ਪਹਿਲਾਂ ਤਾਂ ਥੋੜ੍ਹਾ ਝਿਪ ਗਿਆ। ਮੈਂ ਕਿਹਾ, ”ਦਸ ਮੈਂ ਕੀ ਭਲਾ ਉਹਨੂੰ ਛੇੜਨ ਲੱਗਿਆਂ?” ਪਰ ਮਨ ਈ ਮਨ ਸੋਚਾਂ, ਆਖ਼ਰ ਐਹੋ ਜੀ ਵੀ ਕੀ ਗੱਲ ਐ ਕਿ ਇਹ ਬਿਨਾਂ ਗੱਲੋਂ ਲੜ ਪੈਂਦੀ ਐ। ਫੇਰ ਮੈਨੂੰ ਲਗਿਆ ਕਿ ਇਹਦਾ ਵੀ ਮੇਰੇ ਵਲ ਥੋੜ੍ਹਾ-ਥੋੜ੍ਹਾ ਝੁਕਾ ਹੋ ਰਿਹੈ, ਜਦੋਂ ਮੈਨੂੰ ਲੱਗਿਆ ਕਿ ਹੁਣ ਮੌਕਾ ਠੀਕ ਐ, ਤਾਂ ਮੈਂ ਸਿੱਧੀਓ ਗੱਲ ਕੀਤੀ, ”ਦੇਖ ਜਸਵੰਤ ਮੇਰੇ ਪਹਿਲੇ ਪਿਆਰ ਦੀ ਕਹਾਣੀ ਤਾਂ ਤੈਨੂੰ ਪਤਾ ਈ ਐ। ਰੁਮਾਂਸ-ਰਮੂਸ ਤਾਂ ਹੁਣ ਮੈਨੂੰ ਪਤਾ ਨਹੀਂ, ਨਾ ਹੀ ਮੈਥੋਂ ਕੋਈ ਆਸ ਰੱਖੀਂ। ਹਾਂ, ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਹਾਂ। ਜੇ ਤੂੰ ਰਾਜ਼ੀ ਐਂ ਤਾਂ ਦਸ ਆਪਾਂ ਘਰਦਿਆਂ ਨਾਲ ਗੱਲ ਕਰ ਲੈਂਦੇ ਆਂ।” ਜਸਵੰਤ ਦੀ ਹਾਂ ਸੁਣ ਕੇ ਨਾਲ ਹੀ ਮੈਂ ਕਹਿ ਦਿੱਤਾ, ”ਇਹ ਦੇਖ ਲੈ ਮੇਰੇ ਨਾਲ ਰਹਿ ਕੇ ਸਟੇਜਾਂ ‘ਤੇ ਨਾਟਕ ਵੀ ਕਰਨੇ ਪੈਣਗੇ।” ਇਹਨੇ ਉਹ ਵੀ ਮਨਜ਼ੂਰ ਕਰ ਲਏ। ਹੁਣ ਮੈਨੂੰ ਇਹ ਲਗਦਾ ਹੈ ਕਿ ਜਿੰਨਾ ਸ਼ਿੱਦਤ ਨਾਲ ਇਹਨੇ ਸਟੇਜਾਂ ‘ਤੇ ਕੰਮ ਕੀਤਾ, ਸ਼ਾਇਦ ਮੈਂ ਵੀ ਉਹ ਨਹੀਂ ਕਰ ਸਕਿਆ।ਪਹਿਲੇ ਪਿਆਰ ਦੀ ਟੀਸ
ਹੁਣ : ਵਿਆਹ ਤਾਂ ਫੇਰ ਸੌਖਾ ਨਿਬੜ ਗਿਆ ਹੋਊ?
ਦਮਨ : ਨਹੀਂ ਏਨਾ ਵੀ ਸੌਖਾ ਨਹੀਂ ਸੀ। ਮੇਰੀ ਭੈਣ ਨੇ ਬਹੁਤ ਵਿਰੋਧ ਕੀਤਾ। ਇਹ ਗੱਲ ਮੈਨੂੰ ਬਾਅਦ ‘ਚ ਸਮਝ ਆਈ ਕਿ ਉਹ ਜਸਵੰਤ ਤੋਂ ਖਿਝਦੀ ਕਿਉਂ ਸੀ। ਅਸਲ ਵਿਚ ਜਿਸ ਕੁੜੀ ਨੂੰ ਮੈਂ ਪਹਿਲਾਂ ਪਿਆਰ ਕਰਦਾ ਸੀ, ਉਹ ਉਹਦੀ ਖ਼ਾਸ ਸਹੇਲੀ ਸੀ। ਉਹ ਤਾਂ ਬਸ ਉਸੇ ਨੂੰ ਅਪਣੀ ਭਾਬੀ ਦੇ ਰੂਪ ਵਿਚ ਦੇਖਣਾ ਚਾਹੁੰਦੀ ਸੀ। ਉਧਰੋਂ ਇਨ੍ਹਾਂ ਦੇ ਭਰਾ ਬਲਵੰਤ ਸਿੰਘ ਨੇ ਵੀ ਬਹੁਤ ਰੌਲਾ ਪਾਇਆ। ਅਖੇ ਏਸੇ ਕੰਮ ਲਈ ਇਥੇ ਪੜ੍ਹਨ ਆਈ ਸੀ। ਸਾਡੇ ਘਰਾਂ ਦੀਆਂ ਕੁੜੀਆਂ ਇਹੋ ਜਿਹੇ ਕੰਮ ਨਈਂ ਕਰਨਗੀਆਂ। ਖ਼ੈਰ! ਬਾਕੀ ਸਾਰੇ ਰਾਜ਼ੀ ਸੀ, ਇਸ ਲਈ ਉਨ੍ਹਾਂ ਦੋਹਾਂ ਦੀ ਚੱਲੀ ਨਾ। ਬਸ ਫੇਰ ਵਿਆਹ ਹੋ ਗਿਆ।
ਹੁਣ : ਇਹ ਪਹਿਲੇ ਪਿਆਰ ਦੀ ਕਹਾਣੀ ਕੀ ਹੈ?
ਦਮਨ : ਕਾਹਨੂੰ ਫਰੋਲਦੇ ਓਂ ਜ਼ਖ਼ਮ? ਇਹ ਵਕਤ ਸੀ, ਬਸ ਲੰਘ ਗਿਆ। ਲੋਕਾਂ ਦੀਆਂ ਲੱਗੀਆਂ ਤਾਂ ਘਰੇਲੂ ਵਿਰੋਧ ਕਾਰਨ ਟੁੱਟਦੀਆਂ ਨੇ, ਪਰ ਸਾਡੀ ਤਾਂ ਸਿਆਸੀ ਦਖ਼ਲ ਕਾਰਨ ਹੀ ਟੁੱਟ ਗਈ।
ਹੁਣ : ਸਿਆਸੀ ਦਖ਼ਲ! ਉਹ ਕਿਵੇਂ?
ਦਮਨ : ਕੁੜੀ ਦਾ ਨਾਂਅ ਤਾਂ ਹੁਣ ਮੈਂ ਨਹੀਂ ਲੈਂਦਾ ਪਰ ਮੇਰੀ ਭੈਣ ਦੀ ਖ਼ਾਸ ਸਹੇਲੀ ਹੋਣ ਕਰ ਕੇ ਉਹਦੀ ਮੇਰੇ ਨਾਲ ਵੀ ਸਾਂਝ ਬਣ ਗਈ ਸੀ। ਖ਼ੈਰ, ਅੱਜ ਕੱਲ੍ਹ ਦੇ ਮੁੰਡੇ-ਕੁੜੀਆਂ ਵਾਂਗ ਅਸੀਂ ਬਾਗ਼ਾਂ ਵਿਚ ਨਹੀਂ ਮਿਲਦੇ ਸੀ। ਬਸ ਪਰਿਵਾਰਕ ਮਾਹੌਲ ਵਿਚ ਹੀ ਮਿਲਦੇ ਸੀ। ਉਦੋਂ ਤਾਂ ਅੱਖਾਂ-ਅੱਖਾਂ ਵਿਚ ਹੀ ਉਮਰਾਂ ਦਾ ਰਿਸ਼ਤਾ ਜੁੜ ਜਾਂਦਾ ਸੀ। ਅਸੀਂ ਵੀ ਜ਼ਿੰਦਗੀ ‘ਕੱਠਿਆਂ ਨਿਭਾਉਣ ਦੇ ਵਾਅਦੇ ਕਰ ਲਏ। ਉਹਦਾ ਪਰਿਵਾਰ ਕਾਂਗਰਸੀ ਸੀ। ਉਹਦੇ ਪਿਤਾ ਜੀ ਕਾਂਗਰਸ ਦੀ ਟਿਕਟ ਤੋਂ ਕਈ ਵਾਰ ਚੋਣ ਵੀ ਲੜੇ, ਪਰ ਕਦੇ ਜਿੱਤੇ ਨਹੀਂ, ਬਸ ਸੀਟ ਦਾ ਕੋਟਾ ਪੂਰਾ ਹੋ ਜਾਂਦਾ ਸੀ, ਉਦੋਂ ਉਨ੍ਹਾਂ ਦੇ ਵਿਰੋਧੀ ਕਾਮਰੇਡ ਜਾਂ ਅਕਾਲੀ ਹੀ ਜਿੱਤਦੇ ਸੀ। ਉਦੋਂ ਬਹੁਤੇ ਕਾਂਗਰਸੀ ਪ੍ਰੋਗਰੈਸਿਵ ਹੁੰਦੇ ਸਨ। ਇਹ ਵੀ ਦੇਸ਼ ਭਗਤਾਂ ਦਾ ਟੱਬਰ ਸੀ। ਇਸੇ ਚੱਕਰ ਵਿਚ ਇਨ੍ਹਾਂ ਦਾ ਸਭ ਕੁਝ ਕੁਰਕ ਹੋ ਗਿਆ। ਪਾਰਟੀ ਨੇ ਨਿਆਣਿਆਂ ਲਈ ਵਜ਼ੀਫ਼ੇ ਲਾਏ ਹੋਏ ਸੀ। ਸਾਡੀ ਪੂਰੇ ਪਰਿਵਾਰ ਨਾਲ ਬੜੀ ਸਾਂਝ ਸੀ। ਉਹਦੇ ਭੈਣ-ਭਰਾ ਤਾਂ ਮੈਨੂੰ ਬਹੁਤ ਪਸੰਦ ਕਰਦੇ ਸੀ। ਭਾਵੇਂ ਸਾਡਾ ਕੋਈ ਸ਼ਗਨ-ਸ਼ੁਗਨ ਨਹੀਂ ਸੀ ਹੋਇਆ, ਪਰ ਉਹਦੇ ਭੈਣ-ਭਰਾਵਾਂ ਨੇ ਮੈਨੂੰ ਜੀਜਾ ਜੀ ਵੀ ਕਹਿਣਾ ਸ਼ੁਰੂ ਕਰ ਦਿੱਤਾ। ਇਧਰੋਂ ਮੇਰੇ ਘਰ ਦੇ ਵੀ ਰਾਜ਼ੀ ਸੀ।
ਹੁਣ : ਜੇ ਸਾਰੇ ਈ ਰਾਜ਼ੀ ਸੀ ਤਾਂ ਫੇਰ ਭਾਨੀ ਕਿਹਨੇ ਮਾਰ ਦਿੱਤੀ?
ਦਮਨ :ਇਹਦੇ ਪਿਤਾ ਜੀ ਜਦੋਂ ਲਗਾਤਾਰ ਸੀਟ ਹਾਰਦੇ ਰਹੇ ਤਾਂ ਇਨ੍ਹਾਂ ਦੇ ਦੋਖੀ ਨੇ ਉਦੋਂ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਕੋਲ ਜਾ ਕੇ ਚੁਗਲੀ ਕਰ ਦਿੱਤੀ, ”ਲਓ ਜੀ ਹੁਣ ਆਹ ਵੀ ਸਮਾਂ ਆ ਗਿਆ। ਕਾਂਗਰਸੀ ਹੁਣ ਕਾਮਰੇਡਾਂ ਨਾਲ ਰਿਸ਼ਤੇ ਜੋੜਨ ਲੱਗੇ ਹੋਏ ਨੇ, ਬਸ ਜਲਦੀ ਹੀ ਕਾਮਰੇਡਾਂ ਨਾਲ ਰਲੇਵਾਂ ਹੋ ਜਾਵੇਗਾ।” ਉਹ ਬੰਦਾ ਮੈਨੂੰ ਜਾਣਦਾ ਤਕ ਨਹੀਂ ਸੀ, ਇਥੋਂ ਤਕ ਕਦੇ ਵੀ ਦੇਖਿਆ ਨਹੀਂ ਸੀ। ਬਸ ਉਹ ਉਸ ਸੀਟ ‘ਤੇ ਅਪਣਾ ਦਬਦਬਾ ਚਾਹੁੰਦਾ ਸੀ। ਕੈਰੋਂ ਨੂੰ ਵੀ ਉਹਦੀ ਗੱਲ ਜਚ ਗਈ। ਉਹਨੇ ਕੁੜੀ ਦੇ ਬਾਪ ਨੂੰ ਸੱਦ ਕੇ ਧਮਕੀ ਦੇ ਦਿੱਤੀ, ”ਤੁਸੀਂ ਦੇਸ਼ ਭਗਤਾਂ ਦੇ ਟੱਬਰ ‘ਚੋਂ ਹੋ, ਮੈਂ ਤੁਹਾਡੀ ਇੱਜ਼ਤ ਕਰਦਾਂ। ਤੁਸੀਂ  ਐ ਕੀ ਕੰਮ ਫੜਿਆ, ਅਪਣੀ ਕੁੜੀ ਨੂੰ ਕਾਮਰੇਡਾਂ ਵਿਚ ਵਿਆਹੁਣ ਲੱਗੇ ਹੋ। ਜਾਂ ਤਾਂ ਤੁਸੀਂ ਉਥੇ ਰਿਸ਼ਤਾ ਜੋੜ ਲਓ ਜਾਂ ਸਾਡੀ ਪਾਰਟੀ ਨਾਲ ਰਹੋ। ਪਰ ਜੇ ਤੁਸੀਂ ਉਨ੍ਹਾਂ ਨਾਲ ਰਿਸ਼ਤਾ ਜੋੜਿਆ ਤਾਂ ਤੁਹਾਡਾ ਵਜ਼ੀਫ਼ਾ ਬੰਦ ਕਰ ਦਿਆਂਗਾ।”
ਕੈਰੋਂ ਦਾ ਹੁਕਮ ਸੁਣ ਕੇ ਸਾਰਾ ਟੱਬਰ ਸਹਿਮ ਗਿਆ। ਪੱਲੇ ਕੁਝ ਰਿਹਾ ਨਹੀਂ ਸੀ। ਜੇ ਵਜ਼ੀਫ਼ਾ ਵੀ ਬੰਦ ਹੋ ਗਿਆ ਤਾਂ ਟੱਬਰ ਰੁਲ ਜਾਊਗਾ। ਬਾਪ ਨੇ ਜਦੋਂ ਕੁੜੀ ਨਾਲ ਗੱਲ ਕੀਤੀ ਤਾਂ ਓਹਨੇ ਜਿਵੇਂ ਕੁੜੀਆਂ ਕਰਦੀਆਂ ਈ ਹੁੰਦੀਆਂ ਨੇ, ਅਪਣੇ ਪਰਿਵਾਰ ਨਾਲ ਹੀ ਖੜਨਾ ਸੀ। ਇਕ ਦਿਨ ਉਹਦਾ ਖ਼ਤ ਮਿਲਿਆ, ਜਿਹਦੇ ‘ਚ ਉਹਨੇ ਲਿਖਿਆ ਸੀ ਕਿ ਅੱਜ ਤੋਂ ਬਾਅਦ ਅਪਣਾ ਰਿਸਤਾ ਖ਼ਤਮ। ਚਿੱਠੀ ‘ਤੇ ਹੰਝੂ ਡਿੱਗਣ ਕਾਰਨ ਕਿਤੇ-ਕਿਤੇ ਸਿਆਹੀ ਫੈਲੀ ਹੋਈ ਸੀ। ਮੈਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ ਕਿ ਇਹ ਅਚਾਨਕ ਕੀ ਹੋ ਗਿਆ। ਅਗਲੀ ਸਵੇਰੇ ਹੀ ਮੈਂ ਅਪਣੀ ਭੈਣ ਨੂੰ ਨਾਲ ਲੈ ਕੇ ਓਹਨੂੰ ਮਿਲਣ ਪਹੁੰਚ ਗਿਆ। ਉਹ ਹੋਸਟਲ ਵਿਚ ਪੜ੍ਹਦੀ ਸੀ। ਵਾਰਡਨ ਨੇ ਸਾਨੂੰ ਵੇਟਿੰਗ ਰੂਮ ਵਿਚ ਬਿਠਾਇਆ ਤੇ ਓਹਨੂੰ ਸੱਦਾ ਭੇਜ ਦਿੱਤਾ। ਮੇਰੀ ਬੇਚੈਨੀ ਵਧੀ ਜਾਵੇ। ਉਠ ਕੇ ਕਮਰੇ ਵਿਚ ਗੇੜੇ ਕੱਢੀ ਜਾਵਾਂ। ਜਦੋਂ ਉਹ ਆਈ ਤਾਂ ਭੈਣ ਦੇ ਗਲ ਲਗ ਕੇ ਰੋ ਪਈ। ਗੱਲ ਕੋਈ ਦੱਸੇ ਨਾ। ਅਸੀਂ ਬੜਾ ਪੁੱਛਿਆ ਕਿ ਆਖ਼ਰ ਗੱਲ ਕੀ ਹੋ ਗਈ। ਪਰ ਉਹ ਤਾਂ ਦੱਸੇ ਹੀ ਨਾ। ਬਸ ਇਕੋ ਰਟ ਲਾਈ ਰੱਖੀ, ”ਬਸ ਅੱਜ ਤੋਂ ਬਾਅਦ ਆਪਾਂ ਕਦੇ ਨਹੀਂ ਮਿਲਣਾ।” ਮੈਂ ਤਾਂ ਡੌਰ-ਭੌਰ ਹੋਇਆ ਉਹਦੇ ਵੱਲ ਦੇਖੀ ਜਾਵਾਂ। ਮੇਰਾ ਵੀ ਗਲ ਭਰ ਆਇਆ। ਕੁਝ ਬੋਲ ਹੀ ਨਾ ਹੋਵੇ। ਉਥੋਂ ਤਾਂ ਆ ਗਿਆ, ਪਰ ਘਰ ਆਉਂਦਾ ਹੀ ਫਿਸ ਪਿਆ। ਸਾਰੀ ਰਾਤ ਰੋਂਦਾ ਰਿਹਾ ਕਿ ਆਖ਼ਰ ਗੱਲ ਕੀ ਹੋ ਗਈ। ਫੇਰ ਕਈ ਦਿਨਾਂ ਬਾਅਦ ਪਤਾ ਕੀਤਾ ਤਾਂ ਇਹ ਸੱਚ ਪਤਾ ਲੱਗਾ। ਕਈ ਵਾਰ ਇਸ ਗੱਲ ‘ਤੇ ਯਕੀਨ ਵੀ ਨਾ ਹੋਇਆ, ਮਗਰੋਂ ਕਈ ਵਰ੍ਹਿਆਂ ਬਾਅਦ ਵੀ ਉਸੇ ਬੰਦੇ ਕੋਲੋਂ ਪੱਕਾ ਕੀਤਾ ਕਿ ਇਹ ਗੱਲ ਸੱਚ ਸੀ। ਹੁਣ ਉਹ ਬੰਦਾ ਮੈਨੂੰ ਤਾਂ ਜਾਣਦਾ ਨਹੀਂ ਸੀ, ਨਾ ਹੀ ਮੇਰਾ ਕੋਈ ਰੌਲਾ ਸੀ। ਇਹ ਤਾਂ ਬਸ ਸੀਟ ਦਾ ਰੌਲਾ ਸੀ। ਇਸ ਗੰਦੀ ਸਿਆਸਤ ਦੀ ਭੇਟ ਚੜ੍ਹ ਗਿਆ ਸਾਡਾ ਰਿਸ਼ਤਾ। ਮੇਰੀ ਭੈਣ ਉਹਨੂੰ ਕਦੇ ਭੁੱਲੀ ਨਹੀਂ। ਇਹਦੇ ਵਿਚ ਮੇਰੀ ਤਾਂ ਕੋਈ ਗ਼ਲਤੀ ਨਹੀਂ ਸੀ, ਫੇਰ ਵੀ ਓਹਨੇ ਮੇਰੇ ਨਾਲ ਬੋਲ-ਚਾਲ ਬੰਦ ਕਰ ਦਿੱਤੀ। ਹੁਣ ਤਕ ਵੀ ਉਹਨੇ ਸਾਡੇ ਨਾਲ ਮੇਲ-ਜੋਲ ਨਹੀਂ ਰੱਖਿਆ। ਜਸਵੰਤ ਨੂੰ ਤਾਂ ਉਹ ਬੁਲਾਉਂਦੀ ਵੀ ਨਹੀਂ। ਜੇ ਸਾਰਾ ਪਰਿਵਾਰ ‘ਕੱਠਾ ਹੋਇਆ ਹੋਵੇ ਤਾਂ ਵੀ ਸਾਡੇ ਨਾਲ ਬੋਲਦੀ ਨਹੀਂ। ਉਹਦਾ ਕਹਿਣਾ ਸੀ ਕਿ ਮੈਨੂੰ ਸਾਰੀ ਉਮਰ ਉਹਦੀ ਉਸ ਖਾਸ ਸਹੇਲੀ ਦਾ ਇੰਤਜ਼ਾਰ ਕਰਨਾ ਚਾਹੀਦਾ ਸੀ। ਚਲੋ, ਖ਼ੈਰ! ਇਹ ਓਹਦੀ ਭਾਵਨਾ ਹੈ, ਪਰ ਥੋਨੂੰ ਵੀ ਪਤਾ ਹੈ, ਜ਼ਿੰਦਗੀ ਏਦਾਂ ਤਾਂ ਸੌਖੀ ਨਹੀਂ ਨਿਕਲਦੀ। ਬੰਦੇ ਨੂੰ ਉਮਰ ਕੱਟਣ ਲਈ ਕੋਈ ਤਾਂ ਸਹਾਰਾ ਚਾਹੀਦਾ ਹੈ ਤੇ ਜਸਵੰਤ ਮੇਰਾ ਸਹਾਰਾ ਬਣੀ। ਹੁਣ ਤਕ ਸਾਡਾ ਸਾਥ ਵਧੀਆ ਨਿਭ ਰਿਹਾ ਹੈ। ਸ਼ਾਇਦ ਬਹੁਤ ਵਧੀਆ। ਜਿਵੇਂ ਜਸਵੰਤ ਨੇ ਮੇਰੇ ਨਾਲ ਸਟੇਜਾਂ ‘ਤੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ, ਸ਼ਾਇਦ ਕੋਈ ਹੋਰ ਨਾ ਕਰ ਸਕਦਾ।
ਹੁਣ : ਤੁਹਾਡੇ ਦਿਲ ‘ਚ ਉਸ ਰਿਸ਼ਤੇ ਦੀ ਹਾਲੇ ਵੀ ਕੋਈ ਟੀਸ ਹੈ?
ਦਮਨ :ਹਾਂ… ਬਸ ਕੀ ਪੁਛਦੇ ਹੋ ਹਾਲ ਫ਼ਕੀਰਾਂ ਦਾ… ਸ਼ਾਇਦ ਪਹਿਲਾ ਪਿਆਰ ਕਦੇ ਨਾ ਭੁੱਲਣ ਲਈ ਹੀ ਹੁੰਦਾ ਹੈ। ਭਾਵੇਂ ਜ਼ਿੰਦਗੀ ‘ਚ ਅੱਜ ਮੈਨੂੰ ਕੋਈ ਦੁੱਖ ਨਹੀਂ, ਪਰ ਉਸ ਪਿਆਰ ਦੀ ਟੀਸ ਜ਼ਰੂਰ ਉਠਦੀ ਹੈ। ਇਹ ਕਸਕ ਤਾਂ ਰਹਿਣੀ ਹੀ ਹੈ ਕਿ ਬਿਨਾਂ ਕਸੂਰੋਂ ਅਸੀਂ ਵੱਖ ਹੋ ਗਏ। ਛੱਡੋ, ਹੁਣ ਏਹਦੇ ਬਾਰੇ ਕੀ ਸੋਚਣਾ। ਇਹ ਤਾਂ ਮਨੁੱਖੀ ਫ਼ਿਤਰਤ ਹੈ। ਉਹਦੇ ਜਾਣ ਮਗਰੋਂ ਬੱਸ ਅਪਣੇ-ਆਪ ਨੂੰ ਨਾਟਕਾਂ ਵਿਚ ਹੀ ਖੋਭੀ ਰੱਖਿਆ।

ਵਿਆਹ ਵਿਚ ਨਾਟਕ
ਹੁਣ : ਵਿਆਹ ਦਾ ਦਿਨ ਤਾਂ ਸੌਖਾ ਲੰਘ ਗਿਆ?
ਦਮਨ : ਨਹੀਂ, ਉਦਾਂ ਤਾਂ ਕੋਈ ਮੁਸ਼ਕਲ ਨਹੀਂ ਆਈ। ਹੋਰ ਕਿਸੇ ਨੇ ਕੋਈ ਇਤਰਾਜ਼ ਨਾ ਕੀਤਾ। ਵਿਆਹ ਦੀ ਤਾਰੀਕ ਤੈਅ ਹੋ ਗਈ। ਜਸਵੰਤ ਦੇ ਬਾਪੂ ਜੀ ਵਲੋਂ ਇਕੋ ਬੇਨਤੀ ਸੀ ਕਿ ਬਰਾਤੀ ਸ਼ਰਾਬ ਨਹੀਂ ਪੀਣਗੇ। ਚਲੋ ਜੀ ਅਸੀਂ 13 ਬੰਦੇ ਬਰਾਤ ਲੈ ਕੇ ਪਹੁੰਚ ਗਏ। ਵਿਆਹ ਤੋਂ ਪਹਿਲੀ ਰਾਤ ਪਹਿਲਾਂ ਸਾਡੀ ਸੇਵਾ ਹੋਈ। ਖੁਲ੍ਹੇ ਖੇਤਾਂ ਵਿਚ ਅਸੀਂ ਮੰਜਿਆ ‘ਤੇ ਬੈਠੇ ਸੀ। ਠੰਢੀ-ਠੰਢੀ ਹਵਾ ਚਲੇ, ਕੋਲ ਬੰਬੀ ਦਾ ਪਾਣੀ ਵਗ੍ਹੇ। ਸਾਡਾ ਦਿਲ ਤਾਂ ਬੇਈਮਾਨ ਹੋ ਗਿਆ। ਬਸ ਦਾਰੂ ਦਾ ਦੌਰ ਸ਼ੁਰੂ ਹੋ ਗਿਆ। ਬਾਪੂ ਜੀ ਦੀ ਬੇਨਤੀ ਤਾਂ ਅਸੀਂ ਭੁੱਲ ਗਏ। ਮੇਰੀ ਸ਼ਰਾਬ ਪੀਤੀ ਤਾਂ ਫੇਰ ਬਹੁਤ ਮਾੜੀ ਐ। ਰਾਤ ਨੂੰ ਜਦੋਂ ਰੋਟੀ ਖਾਣ ਲੱਗੇ ਤਾਂ ਕਿਸੇ ਸਬਜ਼ੀ ‘ਚ ਮਿਰਚਾਂ ਜ਼ਿਆਦਾ ਸਨ। ਪਤਾ ਨਹੀਂ ਕੀ ਮਨ ‘ਚ ਆਈ ਚੱਕ ਕੇ ਭਾਂਡੇ ਭੰਨ੍ਹ ਦਿੱਤੇ। ਬਹਿਰਿਆਂ ਦਾ ਕੋਈ ਮੁੰਡਾ ਵੀ ਕੁੱਟ ਸੁੱਟਿਆ। ਮੇਰਾ ਹੱਥ ਵੀ ਜ਼ਖ਼ਮੀ ਹੋ ਗਿਆ। ਜਦੋਂ ਇਨ੍ਹਾਂ ਦੇ ਬਾਪੂ ਜੀ ਨੂੰ ਪਤਾ ਲੱਗਾ, ਉਹ ਤਾਂ ਅੜ ਗਏ ਕਿ ਮੈਂ ਤਾਂ ਨ੍ਹੀਂ ਵਿਆਹ ਕਰਦਾ। ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪਤਾ ਨਹੀਂ ਕਿਵੇਂ ਮੇਰੇ ਬਾਪੁ ਜੀ ਨੇ ਹੀ ਉਨ੍ਹਾਂ ਨੂੰ ਮਨਾਇਆ। ਫੇਰ ਜਦੋਂ ਡੋਲੀ ਤੋਰਨੀ ਸੀ ਤਾਂ ਇਨ੍ਹਾਂ ਦੇ ਘਰਦੇ ਦਾਜ-ਦੂਜ ਦਾ ਸਾਮਾਨ ਚੁੱਕੀ ਫਿਰਨ। ਅਸੀਂ ਇਨ੍ਹਾਂ ਨੂੰ ਪਹਿਲਾਂ ਹੀ ਮਨ੍ਹਾਂ ਕਰ ਕਰ ਚੁੱਕੇ ਸੀ ਕਿ ਦਾਜ ਨ੍ਹੀਂ ਲੈਣਾ। ਜਦੋਂ ਬਹੁਤ ਜ਼ੋਰ ਪੈਣ ਲੱਗਾ ਤਾਂ ਅਸੀਂ ਇਕ ਟਰਾਂਜਿਸਟਰ, ਇਕ ਪਲੰਘ, ਇਕ ਪੱਖਾ ਤੇ ਮਾੜੇ ਮੋਟੇ ਭਾਂਡੇ-ਟਿੰਡੇ ਉਥੋਂ ਲੈ ਕੇ ਆਏ।

ਨਾਟਕ ਦਾ ਜਨੂੰਨ
ਹੁਣ : ਨਾਟਕਾਂ ਦੇ ਜਨੂੰਨ ‘ਚ ਕਦੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਤੋਂ ਵੀ ਅਵੇਸਲੇ ਰਹੇ?
ਦਮਨ : ਅ… ਅ… (ਕੁਝ ਅਟਕ ਕੇ) ਕੀ ਦੱਸਾਂ ਹੁਣ ਮੈਂ ਥੋਨੂੰ! ਉਦੋਂ ਜ਼ਿੰਮੇਵਾਰੀਆਂ ਦਾ ਅਹਿਸਾਸ ਨਹੀਂ ਸੀ। ਗੱਲ ਸ਼ੁਰੂ ਤੋਂ ਦੱਸਦਾ ਹਾਂ। 67 ਵਿਚ ਸਾਡਾ ਵਿਆਹ ਹੋਇਆ 68 ਵਿਚ ਅਸੀਂ ਪਟਿਆਲੇ ਤੋਂ ਬਦਲੀ ਹੋ ਕੇ ਰੋਪੜ ਆ ਗਏ। ਇਹ ਬਦਲੀ ਵੀ ਸਿਆਸੀ ਹੀ ਕਹਿ ਸਕਦੇ ਹੋ। ਅਸਲ ਵਿਚ ਅਸੀਂ ਸ਼ਿਮਲੇ ਸਮਰ ਫ਼ੈਸਟੀਵਲ ਦੌਰਾਨ ਨਾਟਕ ਖੇਡਿਆ ਸੀ। ਬਾਕਾਇਦਾ ਗਰੁੱਪ ਗਿਆ ਸੀ, ਜਿਹਦੇ ‘ਚ ਓਮ ਪੁਰੀ, ਮਹਿੰਦਰ ਸੰਧੂ ਤੇ ਬਾਅਦ ਦਾ ਵਜ਼ੀਰ ਬ੍ਰਹਮ ਮਹਿੰਦਰਾ ਸੀ। ਅਸੀਂ ਬ੍ਰਹਮ ਮਹਿੰਦਰਾ ਨੂੰ ਗਰੁੱਪ ਦਾ ਇੰਚਾਰਜ ਬਣਾਇਆ ਹੋਇਆ ਸੀ। ਨਾਟਕ ਦੇਖਣ ਉਦੋਂ ਪੰਜਾਬ ਦੇ ਮੁੱਖ ਮੰਤਰੀ ਲੱਛਮਣ ਸਿੰਘ ਗਿੱਲ ਵੀ ਆਏ। ਉਹ ਬਹੁਤ ਪ੍ਰਭਾਵਤ ਹੋਏ ਸਾਡੇ ਤੋਂ। ਸ਼ਿਮਲਾ ਮਾਲ ‘ਤੇ ਤੁਰੇ ਜਾਂਦੇ ਸਾਨੂੰ ਮਿਲ ਗਏ। ਸਾਡੀ ਕਾਫ਼ੀ ਆਓ ਭਗਤ ਕੀਤੀ। ਉਦੋਂ ਹੀ ਉਹ ਰੋਪੜ ਵਿਚ ਫ਼ਿਲਮ ਸਿਟੀ ਬਣਾਉਣਾ ਚਾਹੁੰਦੇ ਸਨ। ਇਸੇ ਚੱਕਰ ਵਿਚ ਮੇਰੀ ਬਦਲੀ ਉਨ੍ਹਾਂ ਰੋਪੜ ਦੀ ਕਰਵਾਈ ਸੀ। ਸਾਡੇ ਮਾੜੇ ਭਾਗ ਕਹਿ ਲਓ ਜਾਂ ਹੋਰ, ਗਿੱਲ ਹੋਰਾਂ ਦੀ ਮਨਿਸਟਰੀ ਟੁੱਟ ਗਈ। ਮੈਂ ਫੇਰ ਚੰਡੀਗੜ੍ਹ ਆਉਣਾ ਚਾਹੁੰਦਾ ਸੀ, ਪਰ ਪ੍ਰਕਾਸ਼ ਸਿੰਘ ਬਾਦਲ ਹੋਰੀਂ ਮੇਰੀ ਬਦਲੀ ਨਾ ਕਰਨ ਕਿ ਇਹ ਤਾਂ ਲੱਛਮਣ ਸਿੰਘ ਗਿੱਲ ਦਾ ਬੰਦਾ ਹੈ। ਜਸਵੰਤ ਦੇ ਪਿਤਾ ਜੀ ਨੇ ਵੀ ਜ਼ੋਰ ਲਾਇਆ। ਉਨ੍ਹਾਂ ਇਕ ਮੰਤਰੀ ਗੁਰਮੀਤ ਸਿੰਘ ਰਾਹੀਂ ਵੀ ਸਿਫ਼ਾਰਸ਼ ਲਵਾਈ। ਅਖ਼ੀਰ ਕਹਿ-ਕੂਹਾ ਕੇ ਬਦਲੀ ਹੋ ਸਕੀ। ਚੰਡੀਗੜ੍ਹ ਆਉਣ ਲਈ ਮੈਂ ਅਪਣੀ 9 ਸਾਲ ਦੀ ਸਨਿਓਰਿਟੀ ਛੱਡੀ। ਮੈਨੂੰ ਬਹੁਤ ਕਿਹਾ ਗਿਆ ਕਿ ਇਥੋਂ ਤੂੰ ਐਡੀਸ਼ਨਲ ਡਾਇਰੈਕਟਰ ਬਣ ਕੇ ਰਿਟਾਇਰ ਹੋਵੇਂਗਾ। ਪਰ ਸਭ ਕੁਝ ਠੁਕਰਾ ਦਿੱਤਾ। ਮੈਨੂੰ ਲੱਗਿਆ ਜੇ ਮੈਂ ਇਥੇ ਹੀ ਰਹਿ ਗਿਆ ਤਾਂ ਮੇਰੇ ਨਾਟਕ ਰੁਲ ਜਾਣਗੇ।
ਸੋ 71 ਵਿਚ ਅਸੀਂ ਚੰਡੀਗੜ੍ਹ ਆ ਗਏ। ਇਥੇ ਆ ਕੇ ਨੋਰਾ ਰਿਚਰਡ ਰੰਗਮੰਚ ਕਾਇਮ ਕੀਤਾ। ਰੋਪੜ ਵੀ ਬਣਾਇਆ ਸੀ, ਪਰ ਉਥੇ ਬਹੁਤਾ ਕੰਮ ਨਹੀਂ ਹੋਇਆ। ਬੇਟੀ ਬਿੰਦੂ ਦਾ ਜਨਮ ਤਾਂ 69 ਵਿਚ ਰੋਪੜ ਹੀ ਹੋਇਆ ਸੀ ਤੇ 73 ਵਿਚ ਚੰਡੀਗੜ੍ਹ ਆ ਕੇ ਬੇਟੇ ਰਿਪੂ (ਰਿਪੂਤਾਪਨ ਦਮਨ) ਦਾ ਜਨਮ ਹੋਇਆ। Aਦੋਂ ਮੇਰੀ ਤਨਖਾਹ 198 ਰੁਪਏ ਸੀ। 95 ਰੁਪਏ ਵਿਚ ਦੋ ਕਮਰਿਆਂ ਵਾਲਾ ਘਰ ਕਿਰਾਏ ‘ਚ ਮਿਲ ਗਿਆ ਪਹਿਲੀ ਮੰਜਿਲ ‘ਤੇ। ਸੌ ਰੁਪਏ ਵਿਚ ਹੀ ਗੁਜ਼ਾਰਾ ਹੋ ਜਾਂਦਾ ਸੀ। ਕਦੇ-ਕਦੇ 25 ਪੈਸੇ ਦਾ ਕੋਕਾ ਕੋਲਾ ਵੀ ਪੀ ਲੈਂਦੇ ਸੀ। ਹੌਲੀ-ਹੋਲੀ ਡੀ.ਏ ਵੀ ਵਧਣ ਲੱਗਾ, ਪਰ ਫੇਰ ਵੀ ਚੰਡੀਗੜ੍ਹ ਵਰਗੇ ਸ਼ਹਿਰ ਵਿਚ ਰਹਿਣਾ ਕਿਹੜਾ ਸੌਖਾ ਸੀ। ਬੱਚਿਆਂ ਦੀਆਂ ਲੋੜਾਂ ਵੀ ਵਧਦੀਆਂ ਜਾ ਰਹੀਆਂ ਸਨ। ਮੇਰੀ ਬੇਟੀ ਨੂੰ ਤਾਂ ਇਸ ਗੱਲ ਦਾ ਹਮੇਸ਼ਾ ਗਿਲਾ ਰਿਹਾ ਕਿ ਤੁਸੀਂ ਸਾਡੇ ਵੱਲ ਧਿਆਨ ਨਹੀਂ ਦਿੱਤਾ। ਆਪਣੀ ਮਾਂ ਨਾਲ ਇਨ੍ਹਾਂ ਗੱਲਾਂ ਪਿਛੇ ਲੜਦੀ ਵੀ ਸੀ। ਫੇਰ ਜਸਵੰਤ ਨੂੰ ਪੰਜਾਬ ਦੀ ਡਰਾਮਾ ਰੈਪਟਰੀ (ਸਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਅਧੀਨ) ਨੌਕਰੀ ਮਿਲ ਗਈ। ਇਹਨੂੰ ਉਥੋਂ 800 ਰੁਪਏ ਮਹੀਨਾ ਮਿਲਣ ਲੱਗ ਪਿਆ। ਢਾਈ ਸਾਲ ਇਥੇ ਕੰਮ ਕੀਤਾ। ਵਿਚੇ ਨੌਕਰੀ, ਨਾਲੇ ਥੀਏਟਰ, ਸਾਨੂੰ ਦੋਹਾਂ ਨੂੰ ਹੋਰ ਕੁਝ ਸੁਝਦਾ ਹੀ ਨਹੀਂ ਸੀ। ਅਕਸਰ ਬੱਚਿਆਂ ਨੂੰ ‘ਕਲੇ ਹੀ ਰਹਿਣਾ ਪਿਆ।
ਆਪਣੀਆਂ ਪੜ੍ਹਾਈਆਂ ਇਨ੍ਹਾਂ ਨੇ ਆਪ ਹੀ ਕੀਤੀਆਂ। ਮੇਰਾ ਤਾਂ ਇਕ ਹੋਰ ਵੀ ਸ਼ੌਕ ਸੀ ਦਾਰੂ ਪੀਣਾ। ਘਰਦੇ ਖਿਝਦੇ ਸੀ। ਦੋਵੇਂ ਬੱਚੇ ਮਾਡਰਨ ਸਕੂਲ ‘ਚ ਪੜ੍ਹੇ। ਫ਼ੀਸਾਂ ਬਹੁਤੀਆਂ ਨਹੀਂ ਸਨ, ਇਸ ਕਰ ਕੇ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਲੱਗਿਆਂ ਇਨ੍ਹਾਂ ਗੱਲਾਂ ਦੀਆਂ ਤੰਗੀਆਂ ਨਹੀਂ ਆਈਆਂ। ਸਾਡੀ ਗ਼ਰੀਬੀ ਦੇਖ ਕੇ ਬਿੰਦੂ ਥੀਏਟਰ ਤੋਂ ਦੌੜੀ। ਬਹੁਤ ਡਰੀ ਹੋਈ ਸੀ ਉਹ ਇਸ ਖੇਤਰ ਤੋਂ। ਫੇਰ ਓਹਨੇ ਐਨ.ਸੀ.ਸੀ. ਜੁਆਇਨ ਕਰ ਲਈ। ਫੇਰ ਗਲਾਇਡਰ ਪਾਇਲਟ ਬਣੀ, ਮਗਰੋਂ ਕਮਰਸ਼ੀਅਲ ਪਾਇਲਟ ਦੀ ਟਰੇਨਿੰਗ ਲੈਣ ਲੱਗੀ। ਇਹਨੇ ਤਾਂ ਸੈਂਟਰਲ ਇਮਤਿਹਾਨ ਵੀ ਦਿੱਤਾ, ਬਹੁਤ ਸਖ਼ਤ ਹੁੰਦਾ ਸੀ ਇਹ ਇਮਤਿਹਾਨ। ਸਾਰੇ ਟੈਸਟ ਪਾਸ ਹੋ ਗਏ ਜਦੋਂ ਮੈਡੀਕਲ ਟੈਸਟ ਹੋਇਆ ਤਾਂ ਦਿਲ ਦੇ ਡਾਕਟਰ ਨੇ ਦੱਸਿਆ ਕਿ ਇਹਦੇ ਦਿਲ ਵਿਚ ਤਾਂ ਮਰਮਰ (Aਬਨੋਰਮਅਲ ਆਵਾਜ਼ ਦਾ ਆਉਣਾ) ਹੈ। (ਇਕ ਤਰ੍ਹਾਂ ਦਾ ਬੈਕਟੀਰੀਆ ਹੁੰਦੈ, ਜੋ ਗਲੇ ਵਿਚੋਂ ਉਤਰ ਕੇ ਦਿਲ ਵਿਚ ਆ ਜਾਂਦੇ। ਇਹ ਮਾਈਟਲ ਵਾਲਵ ਦਾ ਮੂੰਹ ਛੋਟਾ ਕਰ ਦਿੰਦਾ ਹੈ, ਜਿਸ ਨੇ ਖੂਨ ਬਾਕੀ ਸਰੀਰ ‘ਚ ਲਿਜਾਣਾ ਹੁੰਦਾ ਹੈ) ਇਹਦੀ ਸਿਲੈਕਸ਼ਨ ਨਾ ਹੋ ਸਕੀ। ਬਹੁਤ ਡਿਪਰੈਸ ਹੋ ਗਈ। ਫੇਰ ਚੰਡੀਗੜ੍ਹ ਆ ਕੇ ਪੀ.ਜੀ.ਆਈ. ਦਿਖਾਇਆ। ਇਹਦਾ ਆਪਰੇਸ਼ਨ ਹੋਇਆ, ਪਰ ਮੁੜ ਕੇ ਉਥੇ ਜੁਆਇਨ ਨਾ ਕਰ ਸਕੀ। ਉਨ੍ਹਾਂ ਨੇ ਮੈਡੀਕਲੀ ਅਨਫਿੱਟ ਕਰ ਦਿੱਤਾ। ਇਹਦਾ ਸੁਪਨਾ ਟੁੱਟ ਗਿਆ। ਸਾਲ ਭਰ ਕੋਈ ਕੰਮ ਨਾ ਕੀਤਾ। ਫੇਰ ਆਪ ਹੀ ਰਾਜਸਥਾਨ ਲਾਅ (ਕਾਨੂੰਨ ਦੀ ਪੜ੍ਹਾਈ) ਕਰਨ ਚਲੀ ਗਈ। ਫੇਰ ਇਹਨੇ ਹਾਈ ਕੋਰਟ ਵਿਚ 9 ਸਾਲ ਪ੍ਰੈਕਟਿਸ ਕੀਤੀ।
ਜਦੋਂ ਇਹ ਕਮਰਸ਼ੀਅਲ ਪਾਇਲਟ ਦੀ ਟਰੇਨਿੰਗ ਲੈ ਰਹੀ ਸੀ, ਉਸੇ ਦੌਰਾਨ ਉਥੇ ਇਕ ਦੋਸਤ ਬਣਿਆ। ਉਹਦੇ ਨਾਲ ਵਿਆਹ ਕਰਾਇਆ। ਉਹਦੇ ਘਰਦਿਆਂ ਨੂੰ ਲਵ ਮੈਰਿਜ ਪਸੰਦ ਨਹੀਂ ਸੀ। ਰੋਜ਼ ਕਲੇਸ਼ ਰਹਿੰਦਾ ਸੀ। ਹਾਰ ਕੇ ਸਾਡਾ ਦਾਮਾਦ ਉਚੇਰੀ ਪੜ੍ਹਾਈ ਦੇ ਬਹਾਨੇ ਵਿਦੇਸ਼ ਚਲਾ ਗਿਆ। ਬਿੰਦੂ ਵੀ ਬੱਚੇ ਸਾਡੇ ਕੋਲ ਛੱਡ ਕੇ ਵਿਦੇਸ਼ ਚਲੀ ਗਈ। ਉਥੇ ਇਹਨੇ ਤਿੰਨ ਸਾਲ ਡਟ ਕੇ ਇਮੀਗਰੇਸ਼ਨ ਦਾ ਕੰਮ ਕੀਤਾ। ਬਹੁਤ ਪੈਸਾ ਕਮਾਇਆ ਤੇ ਲਾਸ ਏਂਜਲਸ ਵਿਚ ਆਪਣਾ ਘਰ ਵੀ ਖਰੀਦ ਲਿਆ। ਵਿਚੋਂ ਕੁਝ ਕੇਸ ਗ਼ਲਤ ਹੋ ਗਏ ਤੇ ਐਫ਼ਬੀ.ਆਈ ਨੇ ਇਹਨੂੰ ਚਿਤਾਵਨੀ ਦੇ ਦਿੱਤੀ। ਜਵਾਈ ਵੀ ਸੈਟ ਹੋਣ ਲਈ ਸੰਘਰਸ਼ ਕਰਦਾ ਫਿਰਦਾ ਸੀ। ਇਥੇ ਓਹਨੇ ਪਾਇਲਟ ਹੋਣਾ ਸੀ, ਉਥੇ ਡਰਾਇਵਰੀ ਵੀ ਕਰਦਾ ਰਿਹਾ। ਇਕ ਤਰ੍ਹਾਂ ਨਾਲ ਰੁਲ ਗਏ ਉਥੇ ਜਾ ਕੇ। ਫਿਰ ਬਿੰਦੂ ਨੇ ਛੋਟੇ ਬੱਚਿਆਂ ਦੀ ਫਾਸਟ ਟਰੈਕ ਕਿਡਜ਼ ਪ੍ਰੋਗਰਾਮ ਤਹਿਤ ਅਕੈਡਮੀ ਖੋਲ੍ਹ ਲਈ। ਉਦੋਂ ਹੀ ਰਿਸੈਸ਼ਨ (ਵਿੱਤੀ ਸੰਕਟ) ਆ ਗਿਆ ਤੇ ਮਾਪਿਆਂ ਨੇ ਬੱਚੇ ਹਟਾ ਲਏ। ਇਨ੍ਹਾਂ ਨੂੰ ਘਾਟਾ ਪੈ ਗਿਆ। ਫੇਰ ਇਹ ਕੈਲੇਫੋਰਨੀਆ ਤੋਂ ਟੈਕਸਾਸ ਆ ਗਏ। ਘਰ ਵੇਚ ਕੇ ਅਪਣਾ ਪੈਟਰੋਲ ਪੰਪ ਲੈ ਲਿਆ। ਉਥੇ ‘ਕੱਲੇ ਪੈਟਰੋਲ ਪੰਪ ਵਿਚ ਕਮਾਈ ਦੀ ਕੋਈ ਗੁਜਾਇੰਸ਼ ਨਹੀਂ ਹੁੰਦੀ। ਉਸ ਇਲਾਕੇ ਵਿਚ ਜਿਨ੍ਹਾਂ ਕੋਲ ਜ਼ਿਆਦਾ ਪੈਟਰੋਲ ਪੰਪ ਸਨ, ਉਨ੍ਹਾਂ ਨੇ ਇਕ ਪੈਨੀ ਪੈਟਰੋਲ ਸਸਤਾ ਕਰ ਦਿੱਤਾ ਤੇ ਇਨ੍ਹਾਂ ਦੇ ਗਾਹਕ ਆਉਣੋਂ ਬੰਦ ਹੋ ਗਏ। ਹਾਰ ਕੇ ਬਿੰਦੂ ਨੇ ਇਹ ਰੈਸਟਰੋਰੈਂਟ ਵਿਚ ਬਦਲ ਲਿਆ। ਇਹਦੇ ਸਾਹਮਣੇ ਹੀ ਯੂਨੀਵਰਸਿਟੀ ਸੀ। ਸੋ, ਗੱਡੀ ਰਿੜ੍ਹ ਪਈ। ਇਕ ਦਿਨ ਟਰਕੀ (ਠੁਰਕਏ) ਦੀ ਕੋਈ ਵਿਦਿਆਰਥਣ ਆਈ ਤਾਂ ਬਿੰਦੂ ਨਾਲ ਇਹਦੀ ਸਾਂਝ ਹੋ ਗਈ। ਗੱਲਾਂਬਾਤਾਂ ਵਿਚ ਜਦੋਂ ਉਹਨੂੰ ਬਿੰਦੂ ਦਾ ਪਿਛੋਕੜ ਪਤਾ ਲੱਗਾ ਤਾਂ ਕਹਿੰਦੀ, ”ਤੂੰ ਕਮਲੀ ਐਂ, ਇਥੇ ਬੈਠੀ ਅਪਣਾ ਟਾਈਮ ਖਰਾਬ ਕਰ ਰਹੀ ਹੈਂ।” ਓਹਦੇ ਕਹਿਣ ‘ਤੇ ਬਿੰਦੂ ਨੇ ਫ਼ਿਲਮ ਲਾਈਨ ਵਿਚ ਯੂਨੀਵਰਸਿਟੀ ਦਾਖ਼ਲਾ ਲੈ ਲਿਆ।
ਇਹ ਗੱਲ ਮੈਨੂੰ ਦੱਸਣ ਦਾ ਚੇਤਾ ਨਹੀਂ ਰਿਹਾ, ਜਦੋਂ ਬਿੰਦੂ ਇੰਡੀਆ ਸੀ ਤਾਂ ਇਹਦੇ ਸ਼ੌਕ ਕਹਿ ਲਓ ਜਾਂ ਗੁੱਸਾ ਅਤਿਵਾਦ ‘ਤੇ ਇਕ  ਦਸਤਾਵੇਜ਼ੀ ਫ਼ਿਲਮ ਬਣਾਈ ਸੀ। ਭਾਵੇਂ ਇਹ ਥੀਏਟਰ ਤੋਂ ਭੱਜੀ ਸੀ ਪਰ ਪਤਾ ਨਹੀਂ ਇਦੇ ਮਨ ਵਿਚ ਕੀ ਆਈ। ਜਿਹੜੇ ਹੋਟਲ ਵਿਚ ਫ਼ਿਲਮ ਦਿਖਾਈ ਜਾ ਰਹੀ ਸੀ, ਪਹਿਲਾਂ ਹੀ ਉਹਦੀ ਚਰਚਾ ਹੋ ਗਈ। ਅੱਧੋਂ ਵੱਧ ਸੀਟਾਂ ਤਾਂ ਸੀ.ਆਈ.ਡੀ. ਦੇ ਬੰਦਿਆਂ ਨਾਲ ਭਰ ਗਈਆਂ। ਇਹਨੂੰ ਚਿਤਾਵਨੀਆਂ ਵੀ ਮਿਲੀਆ। ਦੋ ਕੁ ਸੀਰੀਅਲਾਂ ਵਿਚ ਵੀ ਕੰਮ ਕੀਤਾ। ਖ਼ੈਰ! ਅਮਰੀਕਾ ਜਾ ਕੇ ਇਹਨੇ ਫ਼ਿਲਮ ਦੀ ਟਰਮੀਨਲ ਡਿਗਰੀ ਲਈ। ਟਰੇਨਿੰਗ ਦੌਰਾਨ ਹੀ ਇਹਨੇ ਕਈ ਫ਼ਿਲਮਾਂ ਬਣਾਈਆਂ, ਜਿਨ੍ਹਾਂ ਦੀ ਉਥੇ ਚਰਚਾ ਹੁੰਦੀ ਸੀ। ਇਕ ਵਾਰ ਮਨਾਹੀ ਵਾਲੇ ਖੇਤਰ ਵਿਚ ਜਾ ਕੇ ਸ਼ੂਟ ਕਰ ਲਿਆਈ। ਜਦੋਂ ਇਤਰਾਜ਼ ਹੋਏ ਤਾਂ ਯੂਨੀਵਰਸਿਟੀ ਵਾਲਿਆਂ ਨੇ ਵਿਦਿਆਰਥਣ ਕਹਿ ਕੇ ਛੁਡਾਇਆ। ਇਕ ਵਾਰ ਇੰਟਰਨੈਸ਼ਨਲ ਕਾਨਫ਼ਰੰਸ ਦੌਰਾਨ ਇਹਦੀ ਫ਼ਿਲਮ ‘ਤੇ ਇਹਨੂੰ ਸਟੈਂਡਿੰਗ ਓਵੇਸ਼ਨ ਮਿਲੀ।
ਇਹ ਦਲੇਰ ਬਹੁਤ ਹੈ। ਦਿਲ ਦੀ ਬਿਮਾਰੀ ਅੱਗੇ ਡਟੀ ਰਹਿੰਦੀ ਹੈ। ਹੁਣ ਵੀ ਕਈ ਚਿਰ ਮਗਰੋਂ ਇਥੇ ਆਈ ਸੀ ਕਿ ਅਚਾਨਕ ਅਟੈਕ ਹੋ ਗਿਆ ਤੇ ਜ਼ੁਬਾਨ ਦਾ ਲਕਵਾ ਹੋ ਗਿਆ। ਹੁਣ ਬੋਲ ਨਾ ਸਕਣ ਕਰ ਕੇ ਪ੍ਰੇਸ਼ਾਨ ਹੈ। ਪਰ ਮੈਨੂੰ ਪਤਾ ਹੈ ਇਹ ਇਸ ਤਲਕੀਫ਼ ਮੂਹਰੇ ਵੀ ਡੱਟ ਕੇ ਖੜੇਗੀ।
ਬਾਕੀ ਰਹੀ ਬੇਟੇ ਦੀ ਗੱਲ, ਉਹ ਵੀ ਅੱਜਕਲ੍ਹ ਅਮਰੀਕਾ ਵਿਚ ਹੈ। ਮੇਮ ਨਾਲ ਵਿਆਹ ਕਰਵਾਇਆ ਤੇ ਤਿੰਨ ਬੱਚੇ ਨੇ। ‘ਛਿਪਣ ਤੋਂ ਪਹਿਲਾਂ’ ਨਾਟਕ ਵਿਚ ਉਸ ਨੇ ਭਗਤ ਸਿੰਘ ਦਾ ਰੋਲ ਕੀਤਾ। ਹਰਿਆਣਾ ਵਿਚ ਇਸ ਨਾਟਕ ਦੇ ਸਾਰੇ ਸ਼ੋਅ ਉਹਨੇ ਕੀਤੇ। ਆਪਣੇ ਬੇਟੇ ਕਰ ਕੇ ਨਹੀਂ ਕਹਿੰਦਾ ਪਰ ਸਚਮੁੱਚ ਬਹੁਤ ਚੰਗਾ ਕਲਾਕਾਰ ਹੈ। ਇਕ ਵਾਰ ਤਾਂ ਹਰਿਆਣਾ ‘ਚ ਨਾਟਕ ਮਗਰੋਂ ਉਹਦਾ ਏਨਾ ਜ਼ੋਰਦਾਰ ਸਵਾਗਤ ਹੋਇਆ ਕਿ ਸਾਊਥ ਦੇ ਮੁੰਡਿਆਂ ਨੇ ਉਹਦੇ ਪੈਰੀਂ ਹੱਥ ਲਾਏ। ਆਪਣੇ ਪੈਰਾਂ ‘ਤੇ ਆਪ ਹੀ ਖੜਾ ਹੋਇਆ। ਵਿਦੇਸ਼ ਜਾ ਕੇ ਉਹਨੇ ਵੀ ਪਹਿਲਾਂ ਡਰਾਇਵਰੀ ਕੀਤੀ। ਫਿਰ ਟਰਾਂਸਪੋਰਟ ਕੰਪਨੀ ‘ਚ ਸੁਪਰਵਾਈਜ਼ਰ ਬਣਿਆ। ਹੁਣ ਆਇਲ ਫ਼ੀਲਡ ਵਿਚ ਉਹ ਸੁਪਰਵਾਈਜ਼ਰ ਹੈ। ਸੋਹਣਾ ਕੰਮ ਹੈ ਉਹਦਾ। ਮੈਂ ਆਪਣੇ ਬੱਚਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੇਰੀ ਲਾਪ੍ਰਵਾਹੀ ਜਾਂ ਸ਼ਰਾਬ ਕਰ ਕੇ ਮੈਨੂੰ ਉਨ੍ਹਾਂ ਨੇ ਨਫ਼ਰਤ ਨਹੀਂ ਕੀਤੀ। ਬਹੁਤ ਪਿਆਰ ਕਰਦੇ ਨੇ। ਹਰ ਗੱਲ ਦਾ ਫ਼ਿਕਰ ਕਰਦੇ ਨੇ। ਹੁਣ ਵੀ ਮੈਂ ਜਦੋਂ ਉਹਦੇ ਕੋਲ ਜਾਵਾਂ ਤਾਂ ਵਧੀਆ ਤੋਂ ਵਧੀਆ ਦਾਰੂ ਪੇਸ਼ ਕਰਦਾ ਹੈ। ਕਹਿ ਸਕਦਾ ਹਾਂ ਕਿ ਜਿਵੇਂ ਅਸੀਂ ਬੱਚਿਆਂ ਦਾ ਖ਼ਿਆਲ ਨਹੀਂ ਰੱਖ ਸਕੇ, ਬੱਚੇ ਸਾਡਾ ਜ਼ਰੂਰ ਰਖਦੇ ਹਨ। ਇਨ੍ਹਾਂ ਨਾਲ ਮੇਰੇ ਦੋਸਤਾਨਾ ਸਬੰਧ ਹੀ ਰਹੇ। ਵਿਆਹ ਕਰਾਉਣ ਦੇ ਮਾਮਲੇ ਵਿਚ ਵੀ ਇਨ੍ਹਾਂ ਨੂੰ ਪੂਰੀ ਛੁੱਟੀ ਸੀ। ਬਸ ਇਕੋ ਗੱਲ ਕਹੀ ਸੀ ਕਿ ਕਦੇ ਸਾਡੇ ਤੋਂ ਲਕੋ ਨਾ ਰਖਣਾ। ਅਸਲ ਵਿਚ ਜੇ ਬੱਚੇ ਚੋਰੀ ਕਰਦੇ ਹਨ ਤਾਂ ਉਹਦੇ ‘ਚ ਕਿਤੇ ਨਾ ਕਿਤੇ ਮਾਂ-ਬਾਪ ਹੀ ਕਸੂਰਵਾਰ ਹੁੰਦੇ ਹਨ। ਬੱਚਿਆਂ ਨਾਲ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ। ਮੈਂ ਤਾਂ ਜਦੋਂ ਦਾਰੂ ਵੀ ਪੀਂਦਾ ਸੀ ਤਾਂ ਟੇਬਲ ‘ਤੇ ਬੋਤਲ ਰੱਖ ਕੇ ਕਹਿੰਦਾ ਹੁੰਦਾ ਸੀ, ”ਮੈਂ ਤਾਂ ਆਪਣਾ ਪੈਗ ਪਾ ਲਿਆ, ਜੇ ਕਿਸੇ ਹੋਰ ਨੇ ਪੀਣੀ ਹੈ ਤਾਂ ਪੀ ਲਓ। ਕੋਈ ਪਰਦਾ ਨਹੀਂ।” ਮੈਨੂੰ ਹੁੰਦਾ ਸੀ ਕਿ ਬੇਟਾ ਚੋਰੀ-ਚੋਰੀ ਨਾ ਪੀਵੇ ਘਰ ਬੈਠ ਕੇ ਮੇਰੇ ਸਾਹਮਣੇ ਪੀਏ।

ਸ਼ਰਾਬ ਦੇ ਪੁਆੜੇ
ਹੁਣ : ਤੁਹਾਡੀ ਸ਼ਰਾਬ ਦੇ ਬਹੁਤ ਚਰਚੇ ਹਨ। ਸ਼ਰਾਬ ਕਰ ਕੇ ਕਦੇ ਝਗੜਾ ਨਹੀਂ ਸੀ ਹੁੰਦਾ ਘਰ ਵਿਚ?
ਦਮਨ : ਝਗੜਾ? ਮੈਂ ਕਿਹਾ ਜੀ ਪੁੱਛੋ ਨਾ। ਕੁਟ ਕੁਟਾਪਾ ਹੋ ਜਾਂਦਾ ਸੀ। ਮੈਨੂੰ ਪੀ ਕੇ ਸੁਰਤ ਨਹੀਂ ਸੀ ਰਹਿੰਦੀ ਤੇ ਜਿਹੜਾ ਸਾਹਮਣੇ ਆ ਗਿਆ, ਉਹਦੀ ਖ਼ੈਰ ਨਹੀਂ ਸੀ ਹੁੰਦੀ। ਇਕ ਵਾਰ ਮੇਰੀ ਸਾਲੀ ਦੇ ਘਰ ਦੀ ਚੱਠ ਸੀ। ਰਾਤ ਨੂੰ ਦਾਰੂ ਪੀ ਕੇ ਕਰਤਾ ਕੰਮ। ਪਤਾ ਨਹੀਂ ਕਿਹੜੀ ਗੱਲੋਂ ਗੁੱਸਾ ਆਇਆ। ਉਨ੍ਹਾਂ ਦੇ ਦਰਵਾਜ਼ੇ ਭੰਨ ਸੁੱਟੇ। ਜਸਵੰਤ ਮੈਨੂੰ ਗਲਾਵੇਂ ਤੋਂ ਫੜ ਕੇ ਬਾਹਰ ਸੜਕ ‘ਤੇ ਲੈ ਆਈ। ਦੋ ਕੁ ਇਹਨੇ ਵੀ ਲਾਈਆਂ ਮੇਰੇ। ਕਹੇ ਤੁਸੀਂ ਮੇਰੀ ਭੈਣ ਦੇ ਘਰ ਆ ਕੇ ਜਲੂਸ ਕੱਢ ‘ਤਾ। ਮੈਂ ਕਹਾਂ, ਕਿਉਂ ਇਹ ਮੇਰੀ ਸਾਲੀ ਦਾ ਘਰ ਐ, ਜੋ ਮਰਜ਼ੀ ਕਰਾਂ।
ਸ਼ਰਾਬ ਤਾਂ ਮੈਂ ਬਹੁਤ ਪੀਤੀ। ਇਹਦੇ ‘ਚੋਂ ਖੁਸ਼ੀ ਲੱਭਦੀ ਸੀ ਮੈਨੂੰ। ਦਰਅਸਲ, ਮੈਂ ਡਿਪਰੈਸ਼ਨ ‘ਚ ਬਹੁਤ ਰਹਿੰਦਾ ਸੀ, ਹੁਣ ਵੀ ਕਦੇ-ਕਦੇ ਹੋ ਜਾਂਦੈ। ਬਚਪਨ ਦਾ ਕੋਈ ਡਰ ਕਹਿ ਲਓ ਜਾਂ ਕੁਝ ਹੋਰ। ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਚਲਦਾ ਕਿ ਮੈਂ ਡਿਪਰੈਸ਼ਨ ‘ਚ ਹਾਂ। ਡਾਕਟਰ ਮੈਨੂੰ ਕਹਿੰਦਾ ਸੀ ਕਿ ਇਹਦਾ ਕਾਰਨ ਲੱਭਣਾ ਔਖਾ ਹੈ। ਬਹੁਤ ਬੰਦਿਆਂ ਨੂੰ ਹੁੰਦੈ। ਹੈਰਾਨੀ ਤਾਂ ਏਸ ਗੱਲ ਦੀ ਹੈ ਕਿ ਜਿੰਨਾ ਮਰਜ਼ੀ ਮੈਂ ਕੰਮ ‘ਚ ਰੁਝਿਆ ਹੋਵਾਂ ਤਾਂ ਬਿਨਾਂ ਗੱਲੋਂ ਡਿਪਰੈਸ਼ਨ ਹੋ ਜਾਂਦੈ। ਫਿਰ ਤਾਂ ਦਿਲ ਕਰਦਾ ਕੁਝ ਨਾ ਕਰਾਂ। ਬੱਸ ਚੁੱਪ-ਚੁੱਪ ਬੈਠ ਜਾਂਦਾ ਹਾਂ ਕੰਮ ਛੱਡ ਕੇ। ਬੱਸ ਏਸੇ ਡਿਪਰੈਸ਼ਨ ‘ਚ ਮੈਂ ਹੋਰ ਤੋਂ ਹੋਰ ਦਾਰੂ ਪੀਂਦਾ ਗਿਆ।
ਘਰ ਵਿਚ ਕਲੇਸ਼ ਤਾਂ ਹੋਣਾ ਹੀ ਸੀ। ਕਈ ਵਾਰ ਤਾਂ ਮੈਂ ਘਰੇ ਹੀ ਨਹੀਂ ਸੀ ਵੜਦਾ, ਮੜੀਆਂ ਵਿਚ ਜਾ ਕੇ ਸੌਂ ਜਾਂਦਾ ਸੀ। ਜਦੋਂ ਮੈਨੂੰ ਦਾਰੂ ਪੀਂਦੇ-ਪੀਂਦੇ ਦੇਰੀ ਹੋ ਜਾਣੀ ਤਾਂ ਘਰੇ ਫ਼ੋਨ ਕਰ ਕੇ ਕਹਿ ਦੇਣਾ, ‘ਉਹ! ਅੱਜ ਤਾਂ ਲੁਧਿਆਣੇ ਜਾਣਾ ਸੀ, ਤੁਹਾਨੂੰ ਦੱਸਣਾ ਭੁੱਲ ਗਿਆ, ਸਵੇਰੇ ਆਊਂਗਾ।’ ਕੋਈ ਟਿਕਾਣਾ ਤਾਂ ਹੁੰਦਾ ਨਹੀਂ ਸੀ, ਦਾਰੂ ‘ਚ ਟੁਨ ਹੋ ਕੇ ਸਕੂਟਰ ਚੁੱਕਣਾ ਤੇ ਸਿੱਧਾ 25 ਸੈਕਟਰ ਦੇ ਸ਼ਮਸ਼ਾਨ ਘਾਟ ਵਿਚ। ਉਥੇ ਥੜ੍ਹੇ ‘ਤੇ ਜਾ ਕੇ ਸੌਂ ਜਾਣਾ। ਇਕ ਵਾਰ ਉਥੇ ਘੋਰੀ ਸਾਧੂ (ਬੰਦੇ ਖਾਣ ਵਾਲਾ) ਟੱਕਰ ਗਿਆ। ਕਹੇ, ”ਬੱਚਾ ਯੇ ਮੁਰਦਾ ਘਾਟ ਹੈ, ਯਹਾਂ ਕਿਉਂ ਸੌਂ ਰਹੇ ਹੋ।” ਮੈਂ ਕਿਹਾ, ‘ਨਾ ਤੂੰ ਇਥੋਂ ਦਾ ਕੇਅਰ ਟੇਕਰ ਐਂ?” ਕਹੇ, ”ਵੋ ਕਯਾ ਹੋਤਾ, ਤੁਮ ਮੇਰੀ ਸੀ.ਆਈ.ਡੀ. ਕਰਤੇ?’ ਮੈਂ ਉਹਨੂੰ ਕਹਾਂ ਜਾ-ਜਾ ਤੂੰ ਆਪਣਾ ਕੰਮ ਕਰ, ਬਾਅਦ ‘ਚ ਮੈਨੂੰ ਪਤਾ ਲਗਿਆ ਕਿ ਦੇਰ ਸ਼ਾਮ ਨੂੰ ਜਦੋਂ ਕੋਈ ਸਿਵਾ ਬਲਦਾ ਸੀ ਤਾਂ ਅੱਖ ਬਚਾ ਕੇ ਉਹ ਟੰਗ ਬਾਂਹ ਲੈ ਜਾਂਦਾ ਸੀ। ਦੋ-ਚਾਰ ਵਾਰ ਪੁਲੀਸ ਵਾਲਿਆਂ ਨੇ ਵੀ ਤੰਗ ਕੀਤਾ।  ਇਕ ਦਿਨ ਪੁਲੀਸ ਵਾਲਾ ਕਹਿੰਦਾ, ”ਇਥੇ ਕਿਉਂ ਪਿਐਂ?” ਮੈਂ ਕਿਹਾ, ”ਦਾਰੂ ਪੀਤੀ ਐ।” ਕਹਿੰਦਾ ਘਰ ਜਾ ਕੇ ਸੌਂ। ਮੈਂ ਕਿਹਾ, ”ਮੈਂ ਤਾਂ ਸਕੂਟਰ ਚਲਾ ਨਹੀਂ ਸਕਦਾ ਤੂੰ ਛੱਡਣੈ ਤਾਂ ਛੱਡ ਆ।” ਕਹਿੰਦਾ, ”ਮੈਂ ਮੁੜ ਕੇ ਕਿਵੇਂ ਆਊਂ?” ਮੈਂ ਕਿਹਾ, ”ਫਿਰ ਜਾਹ ਮੈਨੂੰ ਸੌਣ ਦੇ, ਤੰਗ ਕਿਉਂ ਕਰਦੈਂ?”
ਇਕ ਵਾਰ ਤਾਂ ਬਹੁਤ ਹੀ ਮਜ਼ੇਦਾਰ ਘਟਨਾ ਹੋਈ। ਮੇਰੀ ਅਖ਼ਬਾਰ ‘ਚ ਕਿਤੇ ਕੋਈ ਖ਼ਬਰ ਛਪੀ ਸੀ। ਸਿੰਘ ਗੰਨ ਹਾਊਸ ਵਾਲਾ ਤੇ ਇਕ ਹੋਰ ਦੋਸਤ ਕਹਿੰਦੇ ਪਾਰਟੀ ਲੈਣੀ ਐ। ਟਹਿਲ ਸਿੰਘ ਦੇ ਤੂੰ ਮੁਰਗਾ ਖਵਾ। ਅਸੀਂ ਬੈਠੇ ਦਾਰੂ ਪੀਂਦੇ ਪੀਂਦੇ ਭੁੱਲ ਗਏ ਕਿ ਮੁਰਗਾ ਖਾਣ ਜਾਣੈ। ਜਦੋਂ ਉਠਣ ਲੱਗੇ ਤਾਂ ਕਹਿੰਦੇ, ”ਯਾਰ ਮੁਰਗਾ ਤਾਂ ਰਹਿ ਹੀ ਗਿਆ। ਐਂਦਾਂ ਨੀਂ ਅਸੀਂ ਤੈਨੂੰ ਜਾਣ ਦਿੰਦੇ।” ਮੈਂ ਕਿਹਾ, ”ਕੋਈ ਚੱਕਰ ਨਹੀਂ। ਮੇਰੇ ਸਕੂਟਰ ‘ਚ ਪੈਟਰੋਲ ਨਹੀਂ, ਪਹਿਲਾਂ ਇਹ ਪਵਾ ਲਈਏ ਫੇਰ ਚਲਦੇ ਹਾਂ। 9 ਸੈਕਟਰ ਮੇਰੇ ਦਫ਼ਤਰ ਦੇ ਸਾਹਮਣੇ ਹੀ ਪੈਟਰੋਲ ਪੰਪ ਸੀ। ਤੇਲ ਪਵਾਉਂਦੇ-ਪਵਾਉਂਦੇ ਪਤਾ ਨਹੀਂ ਕੀ ਹੋਇਆ। ਮੈਨੂੰ ਚੇਤਾ ਹੀ ਭੁੱਲ ਗਿਆ ਕਿ ਉਹ ਮੇਰੇ ਨਾਲ ਨੇ। ਮੈਂ ਸਕੁਟਰ ਦੀ ਕਿੱਕ ਮਾਰੀ ਤੇ ਭਜਾ ਲਿਆ। ਉਹ ਮੇਰੇ ਪਿਛੇ-ਪਿਛੇ। ਉਨ੍ਹਾਂ ਨੇ ਸਮਝਿਆ ਕਿਤੇ ਮੈਂ ਜਾਣ ਕੇ ਭੱਜਿਆਂ। ਮੇਰੇ ਕੋਲ ਟੁਟਿਆ ਜਿਹਾ ਚੇਤਕ ਸਕੂਟਰ ਤੇ ਉਹ ਬੁਲਟ ਮੋਟਰਸਾਈਕਲ ‘ਤੇ। ਪਰ ਮੈਂ ਤਾਂ ਘੋੜੀ ‘ਤੇ ਸਵਾਰ ਸੀ। ਉਨ੍ਹਾਂ ਨੂੰ ਨਾਲ ਰਲਣ ਹੀ ਨਾ ਦਿਆਂ। ਉਹ ਵੀ ਹੈਰਾਨ ਪ੍ਰੇਸ਼ਾਨ। ਮੈਂ ਸਕੂਟਰ ਸਿੱਧਾ ਸਿਵਿਆਂ ਵੱਲ ਨੂੰ ਭਜਾ ਲਿਆ। ਉਹ ਤਾਂ ਹੋਰ ਵੀ ਡੌਰ-ਭੌਰ ਹੋ ਗਏ। ਜਦੋਂ ਉਥੇ ਜਾ ਕੇ ਮੈਂ ਸਕੂਟਰ ਲਾ ਕੇ ਨੇਰ੍ਹੇ ਜਿਹੇ ‘ਚ ਬੋਹੜ ਹੇਠਾਂ ਗਿਆ ਤਾਂ ਅਲੋਪ ਹੋ ਗਿਆ। ਉਹ ਤਾਂ ਬੁਰੀ ਤਰ੍ਹਾਂ ਡਰ ਗਏ, ਬਈ ਇਹ ਤਾਂ ਦਮਨ ਨਹੀਂ ਹੋ ਸਕਦਾ। ਇਹ ਤਾਂ ਕੋਈ ਭੂਤ ਪ੍ਰੇਤ ਸੀ। ਮੈਨੂੰ ਤਾਂ ਖ਼ੈਰ ਪਤਾ ਨਹੀਂ, ਉਨ੍ਹਾਂ ਨੇ ਹੀ ਅਗਲੇ ਦਿਨ ਗੱਲ ਦੱਸੀ।
ਬਹੁਤ ਚਿਰ ਇਹ ਤਾਂ ਰਾਜ਼ ਹੀ ਰਿਹਾ ਕਿ ਮੈਂ ਸਿਵਿਆਂ ‘ਚ ਜਾ ਕੇ ਸੌਂਦਾ ਹਾਂ। ਹੁਣ ਜਿਹੇ ਆ ਕੇ ਹੀ ਭੇਤ ਖੁੱਲ੍ਹਿਆ। ਅਸਲ ‘ਚ ਸਾਡੀ ਸਟੇਜੀ ਸਾਂਝ ਸੀ। ਹੁਣ ਜਿਹੇ ਆ ਕੇ ਦੋਸਤੀ ਹੋਈ ਐ। ‘ਕਤਰਾ-ਕਤਰਾ ਜ਼ਿੰਦਗੀ’ ਨਾਟਕ ਵੀ ਮੇਰੀ ਜ਼ਿੰਦਗੀ ਨਾਲ ਬਹੁਤ ਮੇਲ ਖਾਂਦਾ ਹੈ ਜਾਂ ਕਹਿ ਲਓ ਅਚੇਤ ਵਿਚ ਹੀ ਮੈਂ ਬਹੁਤ ਕੁਝ ਅਪਣਾ-ਆਪ ਸ਼ਾਮਲ ਕਰ ਲਿਆ। ਅਚੇਤ ਵਿਚ ਹੀ ਚਿਤਰਿਆ ਗਿਆ। ਦਾਰੂ ਕਰ ਕੇ ਸਾਡਾ ਰਿਸ਼ਤਾ ਵਿਗੜਿਆ ਹੀ ਰਿਹਾ। ਤਣਾਅ ਬਹੁਤ ਆ ਗਿਆ ਸੀ। ਸਾਡੀ ਜ਼ਿੰਦਗੀ ਦੀ ਕਦੇ ਸਾਂਝ ਨਹੀਂ ਬਣ ਸਕੀ। ਬਹੁਤ ਦੁੱਖ ਦਿਤੈ ਮੈਂ ਆਪਣੇ ਪਰਿਵਾਰ ਨੂੰ। ਸੁੱਖ ਨਹੀਂ ਦਿੱਤਾ। ਜੇ ਤੁਸੀਂ ਕਹੋ ਇਹ ਤਾਂ ਬਹਾਨਾ ਸੀ, ਬਹਾਨਾ ਨਹੀਂ, ਬੱਸ ਮੈਂ ਐਦਾਂ ਦਾ ਹੀ ਹਾਂ। ਧੰਨ ਨੇ ਇਹ, ਜਿਨ੍ਹਾਂ ਨੇ ਮੇਰੇ ਨਾਲ ਕੱਟੀ। ਹੁਣ ਤਾਂ ਮੈਂ ਆਪਣੇ ‘ਤੇ ਬਹੁਤ ਕੰਟਰੋਲ ਕਰ ਲਿਐ। ਬਸ ਦੋ ਕੁ ਪੈਗ, ਉਹ ਵੀ ਸਾਹਮਣੇ ਰੱਖ ਕੇ। ਇਹ ਵੀ ਮਨ ‘ਚ ਆਉਣ ਲੱਗੀ ਸੀ ਕਿ ਮੈਂ ਨਿਆਣਿਆਂ ਨੂੰ ਚੋਰੀ ਕਰਨ ਤੋਂ ਵਰਜਿਆ ਤੇ ਆਪ ਚੋਰੀ-ਚੋਰੀ ਦਾਰੂ ਪੀਂਦਾਂ।

ਭੂਤਾਂ ਨਾਲ ਗੱਲਾਂ
ਹੁਣ : ਤੁਹਾਨੂੰ ਹੁਣ ਡਰ ਲਗਦਾ ਹੋਣੈ ਕਿ ਫੇਰ ਸਿਵਿਆਂ ‘ਚ ਜਾ ਕੇ ਸੌਣਾ ਪਊ?
ਦਮਨ :ਨਾ-ਨਾ, ਡਰ-ਡੁਰ ਕੋਈ ਨਹੀਂ। ਬਚਪਨ ਤੋਂ ਹੀ ਡਰ ਨਹੀਂ ਸੀ। ਮੇਰੇ ਨਾਲ ਦੇ ਮੁੰਡੇ ਭੂਤਾਂ-ਪ੍ਰੇਤਾਂ ਦੀਆਂ ਗੱਲਾਂ ਕਰਦੇ ਸੀ ਤਾਂ ਮੈਂ ਉਨ੍ਹਾਂ ਨੂੰ ਕਹਿੰਦਾ ਹੁੰਦਾ ਸੀ ਕਿ ਇਹ ਵਹਿਮ ਐ, ਕੋਈ ਭੂਤ-ਪ੍ਰੇਤ ਨਹੀਂ ਹੁੰਦਾ। ਇਸ ਗੱਲ ‘ਤੇ ਬਹੁਤ ਅੜਦੇ ਸੀ ਉਹ ਮੇਰੇ ਨਾਲ। ਕਹਿੰਦੇ ਕਿਸੇ ਦਿਨ ਸਿਵਿਆਂ ‘ਚ ਜਾ ਕੇ ਦਿਖਾ, ਫੇਰ ਗੱਲ ਕਰਾਂਗੇ। ਕੁਦਰਤੀ ਉਸ ਦਿਨ ਕੋਈ ਬੁੱਢਾ ਮਰ ਗਿਆ। ਓਦੇਂ ਮੈਂ ਜਾਣ ਤੋਂ ਨਾਹ ‘ਕਰਤੀ ਕਿ ਅੱਜ ਮੇਰਾ ਮੂੜ ਨਹੀਂ, ਫੇਰ ਕਿਸੇ ਦਿਨ ਚਲੋ। ਥੋੜ੍ਹੇ ਦਿਨਾਂ ਬਾਅਦ ਫਿਰ ਇਕ ਬੁੱਢਾ ਮਰ ਗਿਆ।  ਉਨ੍ਹਾਂ ਨੇ ਜੁਗਤ ਬਣਾ ਲਈ ਕਿ ਰਾਤ ਨੂੰ ਤੂੰ ਉਥੇ ਜਦੋਂ ਸਿਵਾ ਠੰਢਾ ਹੋ ਗਿਆ ਤਾਂ ਬੋਹੜ ਦੁਆਲੇ 7 ਵਾਰੀ  ਗੋਹੜਾ ਲਪੇਟੀਂ ਤੇ ਉਚੀ ਦੇਣੀਂ ਕਹੀਂ,  ”ਲਓ ਜੀ ਮੈਂ ਚੱਲਿਆਂ।” ਉਨ੍ਹਾਂ ਨੇ ਪਹਿਲਾਂ ਹੀ ਕੋਈ ਬੰਦੋਬਸਤ ਕੀਤਾ ਹੋਇਆ ਸੀ। ਮੈਂ ਜਦੋਂ ਕਹਿ ਕੇ ਤੁਰਨ ਲੱਗਿਆ ਤਾਂ ਜ਼ੋਰ ਦੀ ਮੇਰੀ ਗਰਦਨ ‘ਤੇ ਕੋਈ ਚੀਜ਼ ਵੱਜੀ, ਮੈਂ ਤਾਂ ਡਿੱਗਿਆ ਹੀ ਡਿੱਗਿਆ, ਉਹ ਚੀਜ਼ ਵੀ ਨਾਲ ਹੀ ਡਿੱਗ ਪਈ। ਮੈਨੂੰ ਆਦਤ ਹੁੰਦੀ ਸੀ ਸੋਟੀ ਰੱਖਣ ਦੀ। ਮੈਂ ਅਚਾਨਕ ਡਰ ਗਿਆ ਤੇ ਜਿਹੜੀ ਚੀਜ਼ ਮੇਰੇ ਮੂਹਰੇ ਡਿੱਗੀ ਸੀ, ਉਹਤੇ ਸੋਟੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਅਸਲ ‘ਚ ਦੋ ਮੁੰਡੇ ਬੋਹੜ ‘ਤੇ ਲੁਕੇ ਹੋਏ ਸੀ। ਉਨ੍ਹਾਂ ਦਾ ਪਲਾਨ ਸੀ ਕਿ ਇਕ ਜਣਾ ਉਹਦੀਆਂ ਜੜ੍ਹਾਂ ਨਾਲ ਝੂਟ ਕੇ ਮੇਰੇ ਮੋਢਿਆਂ ‘ਤੇ ਲੱਤਾਂ ਮਾਰ ਕੇ ਵਾਪਸ ਉਪਰ ਚੜ੍ਹ ਜੂਗਾ ਪਰ ਇਵੇਂ ਹੋਇਆ ਨਾ ਤੇ ਉਹ ਮੁੰਡਾ ਮੇਰੇ ਮੂਹਰੇ ਆ ਕੇ ਡਿੱਗਿਆ। ਮੈਂ ਸੋਟੀਆਂ ਨਾਲ ਪੂਰੀ ਤਰ੍ਹਾਂ ਮਾਂਜ ‘ਤਾ। ਜਦੋਂ ਤਕ ਰੌਲਾ ਪਿਆ, ਉਹ ਬੇਹੋਸ਼ ਹੋ ਗਿਆ। ਦੋ-ਤਿੰਨ ਮਹੀਨਿਆਂ ਮਗਰੋਂ ਉਹਦੀ ਮੌਤ ਹੋ ਗਈ। ਬਾਪੂ ਜੀ ਉਦੋਂ ਸਰਪੰਚ ਹੁੰਦੇ ਸੀ। ਪੰਚਾਇਤ ‘ਕੱਠੀ ਹੋਈ। ਸਜ਼ਾ ਵਜੋਂ 5 ਕਿਲੋ ਘਿਓ ਤੇ ਸੌ ਰੁਪਏ ਜ਼ੁਰਮਾਨਾ ਹੋਇਆ। ਹੁਣ ਜਾਣਬੁਝ ਕੇ ਤਾਂ ਹੋਇਆ ਨਹੀਂ ਸੀ, ਨਿਆਣਿਆਂ ਦੀ ਸ਼ਰਾਰਤ ਸੀ। ਉਦੋਂ ਮੈਂ ਮਸਾਂ 14-15 ਸਾਲ ਦਾ ਸੀ ਤੇ ਉਹ ਮੁੰਡਾ ਕੋਈ 13-14 ਸਾਲ ਦਾ ਹੋਊ। ਦਾਰੂ ਤਾਂ ਮੈਂ ਖ਼ੈਰ ਉਦੋਂ ਹੀ ਕੱਢ ਕੇ ਪੀਣੀ ਸ਼ੁਰੂ ਕਰ ‘ਤੀ ਸੀ।

ਪੰਜਾਬੀ ਫ਼ਿਲਮਾਂ ਦਾ ਦੁਖਾਂਤ
ਹੁਣ : ਕੁਝ ਗੱਲਾਂ ਪੰਜਾਬੀ ਫ਼ਿਲਮਾਂ ਬਾਰੇ ਵੀ ਕਰ ਲਈਏ। ਕੀ ਪੰਜਾਬੀ ਫ਼ਿਲਮ ਸਨਅਤ ਸਚਮੁਚ ਸਨਅਤ ਬਣ ਸਕੇਗੀ ਕਦੇ?
ਦਮਨ : ਮੈਂ ਨਾਰਥ ਜ਼ੋਨ ਫ਼ਿਲਮ ਐਂਡ ਟੀ.ਵੀ. ਐਸੋਸ਼ੀਏਟ ਦੇ ਜੂਨੀਅਰ ਮੀਤ  ਪ੍ਰਧਾਨ ਹੋਣ ਦੇ ਨਾਤੇ ਫ਼ਿਲਮ ਸਨਅਤ ਦਾ ਜਾਇਜ਼ਾ ਲੈਂਦਾ ਰਹਿੰਦਾ ਹਾਂ ਅਤੇ ਮੀਟਿੰਗਾਂ ਅਤੇ ਵਿਚਾਰ ਵਟਾਂਦਰਾ ਵੀ ਚੱਲਦਾ ਰਹਿੰਦਾ ਹੈ। ਉਮੀਦ ਹੈ, ਜਿਵੇਂ ਅੱਜ-ਕੱਲ੍ਹ ਵੱਡੀ ਗਿਣਤੀ ਵਿਚ ਫ਼ਿਲਮਾਂ ਬਣ ਰਹੀਆਂ ਹਨ ਅਤੇ ਕੁਝ ਨੇ ਬਹੁਤ ਕਮਾਈ ਵੀ ਕੀਤੀ ਹੈ, ਪੰਜਾਬ ਵਿਚ ਫ਼ਿਲਮ ਸਨਅਤ ਸਥਾਪਤ ਹੋਣ ਦੇ ਆਸਾਰ ਹਨ।
ਹੁਣ : ਕੀ ਇਹ ਪੰਜਾਬੀ ਫ਼ਿਲਮਾਂ ਦਾ ਦੁਖਾਂਤ ਨਹੀਂ ਹੈ ਕਿ ਹੁਣ ਗਾਇਕ ਹੀ ਨਾਇਕ ਵਜੋਂ ਆ ਰਹੇ ਹਨ?
ਦਮਨ : ਪੰਜਾਬੀ ਫ਼ਿਲਮ ਜਗਤ ਹਾਲੇ ਆਰਥਕ ਪੱਖੋਂ ਗ਼ਰੀਬ ਹੈ। ਫ਼ਿਲਮ ਨੂੰ ਚੰਗੀ ਆਮਦਨ ਨਹੀਂ ਹੁੰਦੀ, ਇਸ ਲਈ ਕਲਾਕਾਰਾਂ ਨੂੰ ਵੀ ਘੱਟ ਮਿਹਨਤਾਨਾ ਮਿਲਦਾ ਹੈ। ਜ਼ਾਹਰ ਹੈ ਨੌਜਵਾਨ ਕਲਾਕਾਰ ਹਿੰਦੀ ਸਿਨੇਮਾ ਵੱਲ ਦੌੜਦੇ ਹਨ। ਹੋਰ ਨਹੀਂ ਤਾਂ ਹਿੰਦੀ ਲੜੀਵਾਰ ਵਿਚ ਕੰਮ ਕਰਨ ਲਈ ਜ਼ੋਰ ਲਾਉਂਦੇ ਹਨ। ਪੰਜਾਬੀ ਪ੍ਰੋਡਿਊਸਰਾਂ ਕੋਲ ਪੈਸਾ ਨਾ ਹੋਣ ਕਾਰਨ ਗਾਇਕਾਂ ਨੂੰ ਨਾਇਕ ਵਜੋਂ ਲੈਣ ਦੀ ਉਨ੍ਹਾਂ ਦੀ ਮਜਬੂਰੀ ਬਣ ਜਾਂਦੀ ਹੈ। ਗਾਇਕਾਂ ਕੋਲ ਪੈਸਾ, ਇਸ ਲਈ ਨਾਇਕ ਵੀ ਉਹੀ ਬਣਨਗੇ। ਇਕ ਤਰ੍ਹਾਂ ਨਾਲ ਸਮਝੌਤਾ ਹੁੰਦਾ ਹੈ।
ਦਰਅਸਲ, ਪੰਜਾਬੀ ਸਿਨੇਮੇ ਦੀ ਓਨੀ ਧਾਕ ਨਹੀਂ, ਜਿੰਨੀ ਬੰਗਾਲੀ, ਗੁਜਰਾਤੀ ਤੇ ਮਰਾਠੀ ਦੀ ਹੈ। ਇਨ੍ਹਾਂ ਨੇ ਆਪਣੇ ਪੈਰ ਬਹੁਤ ਚੰਗੀ ਤਰ੍ਹਾਂ ਜਮਾਏ ਹਨ। ਹਾਂ ਮੈਂ ਇਸ ਗੱਲ ਦਾ ਹਾਮੀ ਹਾਂ ਕਿ ਸਥਿਤੀ ਬਦਲੇਗੀ। ਪੰਜਾਬੀ ਗਾਇਕੀ ਦਾ ਪੱਧਰ ਅੱਜ-ਕਲ੍ਹ ਬਹੁਤ ਹੇਠਾਂ ਆ ਗਿਆ ਹੈ। ਇਸ ਲਈ ਗਾਇਕਾਂ ਦੀ ਮਨਮਰਜ਼ੀ ਬਹੁਤ ਦੇਰ ਨਹੀਂ ਚਲ ਸਕਦੀ। ਫ਼ਾਇਨਾਂਸਰਾਂ ਨੂੰ ਕਿਤੇ ਨਾ ਕਿਤੇ ਇਹ ਗੱਲ ਪ੍ਰੇਸ਼ਾਨ ਕਰੇਗੀ ਜ਼ਰੂਰ। ਚੰਗੇ ਕਲਾਕਾਰਾਂ ਨੂੰ ਮੌਕਾ ਮਿਲੇਗਾ। ਇਕ ਗੱਲ ਮੈਂ ਪੰਜਾਬੀ ਫ਼ਿਲਮ ਜਗਤ ਦੇ ਹੱਕ ਵਿਚ ਸਮਝਦਾ ਹਾਂ ਕਿ ਇੰਨ੍ਹੀ-ਦਿਨੀਂ ਧੜਾਧੜ ਪੰਜਾਬੀ ਫ਼ਿਲਮਾਂ ਆ ਰਹੀਆਂ ਹਨ। ਚੰਗੀ ਸ਼ੁਰੂਆਤ ਕਹਿ ਸਕਦੇ ਹਾਂ। ਬੇਸ਼ੱਕ ਇਨ੍ਹਾਂ ਦਾ ਪੱਧਰ ਬਹੁਤ ਵਧੀਆ ਨਹੀਂ ਕਿਹਾ ਜਾ ਸਕਦਾ ਪਰ ਥੋੜੀਆਂ ਵਿਚੋਂ ਚੰਗੀਆਂ ਵੀ ਹਨ। ਇਹ ਕਹਿ ਸਕਦੇ ਹਾਂ ਕਿ ਕੁਆਇੰਟਟੀ ਵਿਚੋਂ ਕੁਆਲਟੀ ਵੀ ਨਿਕਲੇਗੀ। ਮੈਂ ਇਸ ਦੌਰ ਨੂੰ ਆਸ ਵਜੋਂ ਦੇਖਦਾ ਹਾਂ।
ਹੁਣ : ਤੁਸੀਂ ਕੁਝ ਫ਼ਿਲਮਾਂ ਵੀ ਕੀਤੀਆਂ ਪਰ ਜ਼ਿਆਦਾ ਮੋਹ ਰੰਗ ਮੰਚ ਨਾਲ ਸੀ। ਕੀ ਤੁਸੀਂ ਕਲਾਤਮਕ ਫ਼ਿਲਮਾਂ ਵਿਚ ਕੰਮ ਕਰਨ ਬਾਰੇ ਨਹੀਂ ਸੋਚਿਆ?
ਦਮਨ : ਮੈਂ ਕਦੀ ਕੰਮ ਦੀ ਤਲਾਸ਼ ਵਿਚ ਫ਼ਿਲਮਾਂ ਪਿਛੇ ਨਹੀਂ ਦੌੜਿਆ। ਘਰ ਬੈਠਿਆਂ ਜੋ ਫ਼ਿਲਮਾਂ ਮਿਲਦੀਆਂ ਰਹੀਆਂ ਹਨ, ਸਿਰਫ਼ ਉਨ੍ਹਾਂ ਵਿਚ ਕੰਮ ਕਰਦਾ ਹਾਂ। ਹੁਣ ਤੀਕ ਇਕ ਹੀ ਕਲਾਤਮਕ ਫ਼ਿਲਮ ਪਾਮੇਲਾ ਰੂਕਸ ਦੀ ‘ਟਰੇਨ ਟੂ ਪਾਕਿਸਤਾਨ’ ਕੀਤੀ ਹੈ। ਬਾਕੀ ਸਭ ਕਮਰਸ਼ੀਅਲ ਸਿਨੇਮਾ ਵਿਚ ਹੀ ਕੰਮ ਕੀਤਾ ਹੈ। ਕਲਾਤਮਕ ਫ਼ਿਲਮ ਜਦ ਵੀ ਮਿਲੇਗੀ, ਮੈਂ ਉਸ ਵਿਚ ਕੰਮ ਕਰਨ ਨੂੰ ਪਹਿਲ ਦੇਵਾਂਗਾ।
ਹੁਣ : ਰੰਗਕਰਮੀ ਤੇ ਫ਼ਿਲਮੀ ਕਲਾਕਾਰ ‘ਚੋਂ ਤੁਸੀਂ ਕਿਸ ਨੂੰ ਬੇਹਤਰ ਮੰਨਦੇ ਹੋ ਤੇ ਕਿਉਂ ?
ਦਮਨ : ਦੋਵੇਂ ਹੀ ਅਪਣੇ ਖੇਤਰ ਵਿਚ ਵਧੀਆ ਹਨ। ਕੇਵਲ ਵਿਧਾ ਅਤੇ ਮਾਧਿਅਮ ਦਾ ਫ਼ਰਕ ਹੈ। ਕਲਾਕਾਰ ਤਾਂ ਕਲਾਕਾਰ ਹੀ ਹੁੰਦਾ ਹੈ ਭਾਵੇਂ ਰੰਗਮੰਚ ਦਾ ਹੋਵੇ, ਭਾਵੇਂ ਫ਼ਿਲਮ ਦਾ। ਪਰ ਦੁਨੀਆ ਭਰ ਵਿਚ ਇਕ ਗੱਲ ਮੰਨੀ ਜਾਂਦੀ ਹੈ, ਜੇ ਕਲਾਕਾਰ ਦਾ ਪਿਛੋਕੜ ਰੰਗਮੰਚ ਦਾ ਹੈ ਤਾਂ ਉਹ ਵਧੀਆ ਫ਼ਿਲਮੀ ਕਲਾਕਾਰ ਵੀ ਹੋ ਨਿਬੜੇਗਾ।ਸਹਿਤ ਅਤੇ ਕਲਾ ਦੀ ਵੇਸਵਾਗਿਰੀ
ਹੁਣ : ਲੱਚਰ ਗਾਇਕੀ ਜਾਂ ਫ਼ਿਲਮਾਂ ਖ਼ਿਲਾਫ਼ ਅਕਸਰ ਬੁੱਧੀਜੀਵੀ ਬੋਲਦੇ ਹਨ, ਤੁਹਾਨੂੰ ਕਿਵੇਂ ਲਗਦਾ ਹੈ ਕਿ ਇਹ ਸਮੱਸਿਆ ਦੂਰ ਹੋ ਸਕਦੀ ਹੈ?
ਦਮਨ : ਸ਼ਲੀਲਤਾ ਅਤੇ ਅਸ਼ਲੀਲਤਾ ਜ਼ਿੰਦਗੀ ਦੇ ਸਦੀਵੀ ਪਹਿਲੂ ਰਹੇ ਹਨ। ਮਨੁੱਖੀ ਸਭਿਅਤਾ ਦੇ ਵੱਖ-ਵੱਖ ਦੌਰਾਂ ਅਤੇ ਸਟੇਜਾਂ ‘ਤੇ ਇਨ੍ਹਾਂ ਦੇ ਅਰਥ ਬਦਲਦੇ ਰਹੇ ਹਨ। ਜੋ ਅੱਜ ਅਸ਼ਲੀਲ ਨਜ਼ਰ ਆ ਰਿਹਾ ਹੈ, ਉਹ ਕਦੀ ਸਾਡੇ ਮੰਦਰਾਂ ਦਾ ਸ਼ਿੰਗਾਰ ਸਨ। ਹਰ ਯੁੱਗ ਵਿਚ ਮਨੁੱਖ ਜੀਵਨ ਦੀ ਲੜਾਈ ਲੜਦਿਆਂ ਜਿਉਣ ਦਾ ਮਹੱਤਵਪੂਰਨ ਢੰਗ ਅਤੇ ਸਮੇਂ ਦੇ ਹਾਣ ਦੀ ਸੋਚ ਸਿਰਜਦਾ ਹੈ, ਜੋ ਸੁਚੱਜੇ ਤੇ ਉਸਾਰੂ ਜੀਵਨ ਲਈ ਦਿਸ਼ਾ ਨਿਰਧਾਰਤ ਕਰ ਸਕੇ। ਉਹ ਸੋਚ ਸਾਡੇ ਸਾਹਿਤ, ਸਾਡੀਆਂ ਕਲਾਵਾਂ ਰਾਹੀਂ ਵੀ ਪ੍ਰਗਟ ਹੁੰਦੀ ਰਹਿੰਦੀ ਹੈ। ਜੇ ਸਾਹਿਤ ਅਤੇ ਕਲਾ ਰਾਹੀਂ ਪ੍ਰਗਟਾਈ ਗਈ ਸੋਚ ਸਮੇਂ ਦੇ ਹਾਣ ਦੀ ਨਹੀਂ ਸਗੋਂ ਢਾਹੂ ਰੁਚੀ ਦੀ ਹੈ ਜਾਂ ਰੂੜ੍ਹੀਵਾਦੀ ਹੈ ਤਾਂ ਨਿਸਚੇ ਹੀ ਉਹ ਕਲਾ ਦੇ ਸੁੰਦਰ ਸਰੂਪ ਨੂੰ ਵੀ ਕੋਝਾ ਬਣਾ ਦਿੰਦੀ ਹੈ। ਨਿਸਚੇ ਹੀ ਸਾਡਾ ਅੱਜ ਦਾ ਸਾਹਿਤ ਅਤੇ ਖ਼ਾਸ ਤੌਰ ‘ਤੇ ਫ਼ਿਲਮਾਂ ਤੇ ਗਾਇਕੀ ਇਸ ਤੋਂ ਪ੍ਰਭਾਵਤ ਹੋਈ ਹੈ। ਮੰਡੀ ਦਾ ਇਸ ਨੂੰ ਹੋਰ ਲੱਚਰ ਹੋਣ ਲਈ ਉਤਸ਼ਾਹ ਦੇਣ ਦਾ ਬੜਾ ਵੱਡਾ ਰੋਲ ਹੈ। ਸਾਡੇ ਪੁਰਾਤਨ ਗ੍ਰੰਥਾਂ ਵਿਚ ਕਲਾ ਅਤੇ ਸਾਹਿਤ ਦੇ ਤਿੰਨ ਗੁਣਾਂ (ਸਤਿਅਮ, ਸ਼ਿਵਮ ਅਤੇ ਸੁੰਦਰਮ) ਦਾ ਹੋਣਾ ਲਾਜ਼ਮੀ ਮੰਨਿਆ ਗਿਆ ਹੈ। ਪਹਿਲਾਂ ਉਸ ਕਲਾ ਅਤੇ ਸਾਹਿਤ ਅੰਦਰ ਸਮੇਂ ਦੇ ਸੱਚ ਦਾ ਪ੍ਰਗਟਾਓ ਹੋਵੇ, ਦੂਜੇ ਉਸ  ਅੰਦਰਲੀ ਸੋਚ ਲੋਕ ਕਲਿਆਣ ਦੀ ਸੋਚ ਦਾ ਹੋਕਾ ਦਿੰਦੀ ਹੋਵੇ, ਤੀਜੇ ਇਹ ਸਾਰੇ  ਕੁਝ ਨੂੰ ਪ੍ਰਗਟਾਉਂਦੇ ਹੋਏ ਇਸ ਦੀ ਸੁੰਦਰਤਾ ਨਾ ਗੁਆਚੇ। ਮੰਡੀ ਦੇ ਪ੍ਰਭਾਵ ਥੱਲੇ ਅੱਜ ਦਾ ਕਲਾਕਾਰ ਸਿਰਜਣਾ ਦੇ ਇਨ੍ਹਾਂ ਪੱਖਾਂ ਤੋਂ ਅਵੇਸਲਾ ਹੋ ਗਿਆ ਹੈ। ਮੈਨੂੰ ਇਹ ਗੱਲ ਨਹੀਂ ਭਾਉਂਦੀ ਕਿ ਲੱਚਰ ਸਾਹਿਤ, ਫ਼ਿਲਮਾਂ ਜਾਂ ਗੀਤਾਂ ਨੂੰ ਬੈਨ ਕਰ ਦਿੱਤਾ ਜਾਵੇ। ਇਹ ਕੋਈ ਇਲਾਜ ਨਹੀਂ ਹੈ। ਸਮਾਜ ਲਈ ਕਿੰਨਾ ਹੀ ਕੁਝ ਮਾੜਾ ਹੈ ਜੋ ਪਹਿਲਾਂ ਹੀ ਬੈਨ ਹੈ ਪਰ ਫਿਰ ਵੀ ਵਾਪਰਦਾ ਰਹਿੰਦਾ ਹੈ। ਇਸ ਦਾ ਇਕੋ ਇਲਾਜ ਹੈ-ਬਦਲ। ਜੇ ਕਿਸੇ ਲਕੀਰ ਨੂੰ ਛੋਟਾ ਕਰਨਾ ਹੋਵੇ ਤਾਂ ਉਸ  ਦੇ ਬਰਾਬਰ ਵੱਡੀ ਲਕੀਰ ਖਿਚਣੀ ਪਵੇਗੀ। ਇਸ ਲਈ ਤੰਦਰੁਸਤ ਤੇ ਨਰੋਏ ਮਨੋਰੰਜਨ ਨੂੰ ਸਿਰਜਣਾ ਪਵੇਗਾ, ਜੋ ਸਮਕਾਲੀ  ਔਕੜਾਂ, ਸਮਕਾਲੀ ਜ਼ਰੂਰਤਾਂ, ਸਮਕਾਲੀ ਖੁਸ਼ੀਆਂ, ਸਮਕਾਲੀ ਚੁਣੌਤੀਆਂ, ਮੁੱਕਦੀ ਗੱਲ ਸਮਕਾਲੀ ਸਮਾਜ ਦੇ ਹਰ ਪੱਖ ਨੂੰ ਸੰਬੋਧਤ ਹੋਵੇ। ਮੈਂ ਇਕ ਉਦਾਹਰਣ ਰੰਗਮੰਚ ਦੇ ਸਬੰਧ ਵਿਚ ਦੇ ਸਕਦਾ ਹਾਂ। ਦਿੱਲੀ ਦੇ ਸਪਰੂ ਹਾਊਸ ਦੇ ਲੱਚਰ ਨਾਟਕਾਂ ਨੇ ਪੰਜਾਬੀ ਬੋਲੀ, ਪੰਜਾਬੀ ਕਲਾ, ਪੰਜਾਬੀ ਸਭਿਆਚਾਰ, ਸਮੁੱਚੀ ਪੰਜਾਬੀ ਦੇ ਗਲ਼ ਵਿਚ ਲੱਚਰ ਹੋਣ ਦਾ ਤਮਗ਼ਾ ਲਟਕਾ ਦਿੱਤਾ ਸੀ। ਉਸ ਸਮੇਂ (ਅੱਜ ਵੀ ਹੈ) ਪੰਜਾਬ ਅੰਦਰ ਭਾਵੇਂ ਥੋੜ੍ਹੀ ਤਦਾਦ ਵਿਚ ਹੀ ਨਰੋਇਆ ਰੰਗਮੰਚ ਪੇਸ਼ ਕੀਤਾ ਜਾ ਰਿਹਾ ਸੀ। ਪੰਜਾਬੀ ਅਕਾਦਮੀ, ਦਿੱਲੀ ਦੇ ਸੂਝਵਾਨ ਪ੍ਰਬੰਧਕਾਂ ਨੇ ਪੰਜਾਬ ਵਿਚੋਂ ਨਾਟਕ ਟੋਲੇ ਸੱਦ ਕੇ ਦਿੱਲੀ ਵਿਚ ਤੰਦਰੁਸਤ ਰੰਗਮੰਚ ਲੋਕਾਂ ਸਾਹਮਣੇ ਲਿਆ ਕੇ ਰਖਿਆ ਤਾਂ ਦਰਸ਼ਕਾਂ ਨੂੰ ਸਮਝ ਪਈ ਕਿ ਅਸਲ ਰੰਗਮੰਚ ਤਾਂ ਇਹ ਹੈ। ਇਸ ਦੀ ਅਣਹੋਂਦ ਕਾਰਨ ਉਹ ਘਟੀਆ ਨਾਟਕ ਵੇਖ ਕੇ ਹੀ ਅਪਣੇ ਮਨ ਦੇ ਮਨੋਰੰਜਨ ਦੀ ਤ੍ਰਿਪਤੀ ਕਰਦੇ ਰਹੇ ਸਨ। ਵੇਖਦਿਆਂ ਹੀ ਵੇਖਦਿਆਂ ਘਟੀਆ ਲੱਚਰ ਰੰਗਮੰਚ ਗ਼ਾਇਬ ਹੋ ਗਿਆ। ਨਾ ਨਾਅਰੇ ਮਾਰਨ ਦੀ ਲੋੜ ਪਈ ਨਾ ਹੀ -ਨਾ ਹੀ ਬੈਨ ਕਰਨ ਦੀ। ਬੈਨ ਕਰਨ ਨਾਲ ਜੇ ਵੇਸ਼ਵਾਗਿਰੀ ਨਹੀਂ ਹਟਦੀ ਤਾਂ ਸਾਹਿਤ ਅਤੇ ਕਲਾ ਦੀ ਵੇਸ਼ਵਾਗਿਰੀ ਕਿਵੇਂ ਹਟਾਓਗੇ? ਬਸ ਇਕ ਵੱਡੀ ਲਕੀਰ ਖਿਚਣਾ ਹੀ ਇਸ ਦਾ ਇਲਾਜ ਹੈ। ਬੈਨ ਤਾਂ ਇਕ ਹੋਰ ਨਵੀਂ ਮੰਡੀ ਨੂੰ ਜਨਮ ਦਿੰਦਾ ਹੈ।
ਹੁਣ : ਪੰਜਾਬੀ ਰੰਗਮੰਚ ਵਿਚਲੀਆਂ ਧੜੇਬੰਦੀਆਂ ਬਾਰੇ ਕੀ ਸੋਚਦੇ ਹੋ? ਕੀ ਤੁਹਾਡਾ ਵੀ ਕੋਈ ਧੜਾ ਹੈ?
ਦਮਨ : ਸੱਚੀ ਗੱਲ ਤਾਂ ਇਹ ਹੈ ਕਿ ਮੈਨੂੰ Aੁੱਕਾ ਹੀ ਪਤਾ ਨਹੀਂ ਕਿ ਰੰਗਮੰਚ ਨੂੰ ਲੈ ਕੇ ਵੀ ਕੋਈ ਧੜੇਬੰਦੀਆਂ ਹਨ। ਇਹ ਤਾਂ ਪਹਿਲੀਵਾਰ ਤੁਹਾਡੇ ਕੋਲੋਂ ਹੀ ਸੁਣ  ਰਿਹਾ ਹਾਂ। ਜੇ ਹਨ, ਚੰਗੀ ਗੱਲ  ਨਹੀਂ। ਮੇਰਾ ਕੋਈ ਧੜਾ ਨਹੀਂ। ਮੇਰੇ ਲਈ ਹਰ ਰੰਗਕਰਮੀ ਮਹਾਨ ਹੈ, ਮੇਰੇ ਅੰਦਰ ਹਰ ਰੰਗਕਰਮ ਲਈ ਸਨਮਾਨ ਹੈ। ਰੰਗਕਰਮ ਹਰ ਯੁੱਗ ਵਿਚ ਮਹਾਨ ਕਾਰਜ ਰਿਹਾ ਹੈ ਅਤੇ ਅੱਜ ਵੀ ਹੈ।
ਹੁਣ : ਪੰਜਾਬੀ ਰੰਗ ਮੰਚ ਅਮੀਰ ਹੈ ਪਰ ਇਹਦੇ ਕਲਾਕਾਰਾਂ ਦੇ ਬੋਝੇ ਹਲਕੇ। ਲੋਕ ਪੈਸੇ ਖ਼ਰਚ ਕਰ ਕੇ ਫ਼ਿਲਮਾਂ ਜਾਂ ਕ੍ਰਿਕਟ ਮੈਚ ਦੀਆਂ ਟਿਕਟਾਂ ਤਾਂ ਖਰੀਦਦੇ ਹਨ ਪਰ ਨਾਟਕ ਦੀਆਂ ਨਹੀਂ, ਕਿਉਂ?
ਦਮਨ : ਰੰਗਮੰਚ ਕਦੇ ਵੀ ਵਪਾਰਕ ਨਹੀਂ ਹੋ ਸਕਿਆ। ਇਹ ਤਾਂ ਕੇਵਲ ਅਪਣੇ ਕੁਝ ਕੁ ਚਹੇਤੇ ਦਰਸ਼ਕਾਂ ਆਸਰੇ ਹੀ ਚੱਲਦਾ ਹੈ। ਰੰਗਮੰਚ ਸਾਹਿਤ ਹੈ,  ਮੈਂ ਇਸ  ਨੂੰ ਦ੍ਰਿਸ਼ ਸਾਹਿਤ ਆਖਦਾ ਹਾਂ। ਸਾਹਿਤ  ਕਿੰਨਾ ਕੁ ਵਪਾਰਕ ਹੋ ਸਕਦਾ ਹੈ? ਇਸ ਲਈ ਸਾਹਿਤਕਾਰਾਂ ਵਾਂਗ ਰੰਗਮੰਚ ਸਿਰਜਣਹਾਰਿਆਂ ਦੇ ਬੋਝੇ ਵੀ ਖਾਲੀ  ਹੀ ਹੁੰਦੇ ਹਨ। ਸਾਹਿਤ ਅਤੇ ਰੰਗਮੰਚ ਕਦੀ ਵੀ ਮੰਡੀ ਦੀ ਵਸਤੂ ਨਹੀਂ ਬਣ ਸਕਦੇ। ਕ੍ਰਿਕਟ ਅਤੇ ਫ਼ਿਲਮਾਂ  ਕੇਵਲ ਮਨੋਰੰਜਨ ਦਾ ਸਾਧਨ ਹਨ। ਇਸ ਲਈ ਇਨ੍ਹਾਂ ਨੂੰ ਮੰਡੀ ਵਿਚ ਉਤਸ਼ਾਹ ਮਿਲ ਸਕਦਾ ਹੈ। ਸਾਹਿਤ ਅਤੇ ਰੰਗਮੰਚ ਮਨੁੱਖਤਾਵਾਦੀ ਹੁੰਦਾ ਹੈ। ਅਪਣੇ ਸਮੇਂ ਦੇ ਸੱਚ ਨੂੰ ਉਜਾਗਰ  ਕਰਦਾ ਹੈ। ਸੱਚ ਉਜਾਗਰ ਕਰਦਿਆਂ ਅਕਸਰ ਧਾਰਮਕ, ਸਮਾਜਕ ਤੇ ਸਿਆਸੀ ਟਕਰਾਅ ਪੈਦਾ ਕਰ ਲੈਂਦਾ ਹੈ। ਸੋਵੀਅਤ ਯੂਨੀਅਨ ਦੇ ਸਮੇਂ ਨੂੰ ਛੱਡ ਕੇ ਦੁਨੀਆ ਭਰ ਵਿਚ ਨਾ-ਮਾਤਰ ਮਦਦ ਹੀ ਸਰਕਾਰਾਂ ਵਲੋਂ ਹਾਸਲ ਹੁੰਦੀ ਆਈ ਹੈ। ਨਹੀਂ ਤਾਂ ਰੰਗਮੰਚ ਨੂੰ ਨਿਰਉਤਸ਼ਾਹਤ ਕੀਤਾ ਜਾਂਦਾ ਰਿਹਾ ਹੈ। ਵਿਸ਼ਵ ਭਰ ਵਿਚ ਰੰਗਮੰਚ ਦਾ ਇਹੋ ਵਰਤਾਰਾ ਹੈ।
ਹੁਣ : ਜਦੋਂ ਸ਼ਬਾਨਾ ਆਜ਼ਮੀ ਜਾਂ ਓਮ ਪੁਰੀ ਵਰਗੇ ਵੱਡੇ ਕਲਾਕਾਰ ਸਾਡੇ ਸ਼ਹਿਰਾਂ ਵਿਚ ਨਾਟਕ ਕਰਨ ਆਉਂਦੇ ਹਨ ਤਾਂ ਚੰਡੀਗੜ੍ਹ ਦੀ ਉਹ ਅਲੀਟ ਕਲਾਸ ਵੀ ਭੱਜੀ ਜਾਂਦੀ ਹੈ, ਜਿਹੜੀ ਮੁਫ਼ਤ ਵਿਚ ਦਿਖਾਏ ਜਾਂਦੇ ਨਾਟਕ ਵੀ ਨਹੀਂ ਦੇਖਦੀ, ਇਹ ਕਿਉਂ?
ਦਮਨ : ਅਲੀਟ ਕਲਾਸ ਨਾਟਕ ਵੇਖਣ ਨਹੀਂ ਜਾਂਦੀ, ਉਹ ਜਿਉਂਦੇ  ਜਾਗਦੇ ਫ਼ਿਲਮੀ ਕਲਾਕਾਰਾਂ ਨੂੰ ਵੇਖਣ ਜਾਂਦੀ ਹੈ। ਰੰਗਮੰਚ ਦੇ ਇਸ ਸੰਕਟ ਦਾ ਜ਼ਿਕਰ ਮੈਂ ਅਪਣੇ ਨਾਟਕ ‘ਕਤਰਾ ਕਤਰਾ ਜ਼ਿੰਦਗੀ’ ਵਿਚ ਵੀ ਕੀਤਾ ਹੈ।

ਜੀਵਨ ਵਿਚ ਨਾਟਕ
ਹੁਣ : ਜੀਵਨ ਸਾਥਣ ਜਸਵੰਤ ਦਮਨ ਨੂੰ ਸਾਥੀ ਕਲਾਕਾਰ ਦੇ ਰੂਪ ਵਿਚ ਕਿਵੇਂ ਲੈਂਦੇ ਹੋ?
ਦਮਨ : ਵਿਆਹ ਤੋਂ ਪਹਿਲਾਂ ਹੀ ਮੈਂ ਜਸਵੰਤ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਸਾਰੀ ਉਮਰ ਥੀਏਟਰ ਕਰਨਾ ਪਵੇਗਾ। ਉਸ ਮੰਨ ਲਿਆ। ਉਸ ਨੇ ਮੇਰੇ ਤੋਂ ਵੱਧ ਕੇ ਰੰਗਮੰਚ ਪ੍ਰਤੀ ਅਪਣਾ ਵਚਨਬੱਧਤਾ ਨਿਭਾਈ ਅਤੇ ਇਕ ਸਾਥੀ ਦੇ ਤੌਰ ‘ਤੇ ਭਰਪੂਰ ਸਾਥ ਨਿਭਾਇਆ ਹੈ।
ਹੁਣ : ਕੀ ਜਸਵੰਤ ਦਾ ਨਾਟਕ ਦੀ ਸਕ੍ਰਿਪਟ ਜਾਂ ਨਿਰਦੇਸ਼ਨ ਵਿਚ ਕੋਈ ਦਖ਼ਲ ਹੁੰਦਾ ਹੈ?
ਦਮਨ : ਨਾਟਕ ਲਿਖਣ ਦਰਮਿਆਨ ਮੈਂ ਜਸਵੰਤ ਨੂੰ ਸੀਨ ਪੜ੍ਹ ਕੇ ਸੁਣਾਉਂਦਾ ਰਹਿੰਦਾ ਹਾਂ। ਉਹ ਵੀ ਬਹੁਤ ਦਿਲਚਸਪੀ ਨਾਲ ਸੁਣਦੀ ਹੈ। ਕਦੀ-ਕਦੀ ਵਧੀਆ ਸਲਾਹ ਵੀ ਦਿੰਦੀ ਹੈ। ਅਸੀਂ ਸਕ੍ਰਿਪਟ ਮੁਕੰਮਲ ਹੋਣ ‘ਤੇ ਇਸ ਨੂੰ ਇਕੱਠਿਆਂ ਬੈਠ ਕੇ ਕਈ ਵਾਰ ਪੜ੍ਹਦੇ ਹਾਂ। ਲੋੜੀਂਦੀਆਂ ਸੋਧਾਂ ਵੀ ਕਰਦੇ ਹਾਂ। ਨਿਰਦੇਸ਼ਨ ਵਿਚ ਉੱਕਾ ਨਹੀਂ…।
ਹੁਣ : ਤੁਸੀਂ ਦੋਵੇਂ ਕਈ ਵਾਰ ਸਟੇਜ ‘ਤੇ ਵੀ ‘ਅਪਣਾ ਹੀ ਡਰਾਮਾ’ ਸ਼ੁਰੂ ਕਰ ਦਿੰਦੇ ਹੋ, ਦੋਵੇਂ ਇਕ ਮਿੰਟ ਵੱਖ ਵੀ ਨਹੀਂ ਰਹਿ ਸਕਦੇ। ਇਹ ਦਿਲਚਸਪ ਮਾਜਰਾ ਕੀ ਹੈ?
ਦਮਨ : ਰਿਹਰਸਲ ਦੌਰਾਨ ਇਸ ਤਰ੍ਹਾਂ ਕਈ ਵੇਰ ਵਾਪਰ ਜਾਂਦਾ ਹੈ ਕਿਉਂਕਿ ਇਕ ਕਲਾਕਾਰ ਵਜੋਂ ਸਾਡੀ ਅਪਣੀ ਵੱਖੋ-ਵੱਖਰੀ ਹਸਤੀ ਹੈ ਤੇ ਵੱਖੋ-ਵੱਖਰੀ ਪਛਾਣ ਵੀ। ਪਰ ਸਾਡਾ ਰਿਸ਼ਤਾ ਦੰਪਤੀ ਵਾਲਾ ਵੀ ਹੈ। ਕਈ ਵੇਰ ਦੋਵੇਂ ਪਹਿਲੂ ਇਕੱਠੇ ਹੀ ਰਿਹਰਸਲ ਕਰਦੇ ਸਮੇਂ ਸਟੇਜ ‘ਤੇ ਆ ਜਾਂਦੇ ਹਨ-ਉਹ ਫਿਰ ਬਿਜਲੀ ਦੀਆਂ ਨੈਗੇਟਿਵ ਤੇ ਪੌਜ਼ਿਟਿਵ ਤਾਰਾਂ ਦੀ ਤਰ੍ਹਾਂ ਇਕ ਦੂਜੇ ਨੂੰ ਟੱਚ ਕਰਦਿਆਂ ਹੀ ਪਟਾਕਾ ਪਾ ਦਿੰਦੀਆਂ ਹਨ। ਓਦਾਂ ਇਹ ਹਾਲਤ ਜ਼ਿਆਦਾ ਦੇਰ ਨਹੀਂ ਰਹਿੰਦੀ, ਜਲਦੀ ਹੀ ਸਭ ਕੁਝ ਨਾਰਮਲ ਹੋ ਜਾਂਦਾ ਹੈ।
ਹੁਣ : ਤੁਹਾਡੇ ਦੋਵਾਂ ‘ਚੋਂ ਲੜਾਈ ਕੌਣ ਸ਼ੁਰੂ ਕਰਦੈ?
ਦਮਨ : ਕੋਈ ਵੀ ਸ਼ੁਰੂ ਕਰ ਸਕਦਾ ਹੈ। ਕੋਈ ਪੱਕਾ ਨਿਯਮ ਨਹੀਂ। ਜਿਸ ਦੀ ਹਊਮੈਂ ਨੂੰ ਪਹਿਲਾਂ ਸੱਟ ਲਗਦੀ ਹੈ, ਉਹੀਓ ਬਿਗ਼ਲ ਵਜਾ ਦਿੰਦਾ ਹੈ।

ਬਾਲੀਵੁੱਡ ਤੇ ਹਾਲੀਵੁੱਡ ਵਿਚਲਾ ਫ਼ਰਕ
ਹੁਣ : ਕਈ ਸਾਲ ਪਹਿਲਾਂ ਅੰਗਰੇਜ਼ੀ ਦੀਆਂ ਕਈ ਅਖ਼ਬਾਰਾਂ ਨੇ ਛਾਪਿਆ ਸੀ ਕਿ “Davinder Daman has become first Asian member of American screenwriters association” ਇਹ ਕੀ ਮਾਜਰਾ ਸੀ?
ਦਮਨ : ਕੋਈ ਖ਼ਾਸ ਨਹੀਂ। ਪੰਜਾਬੀ ਅਖ਼ਬਾਰਾਂ ਨੇ ਵੀ ਛਾਪਿਆ ਸੀ। ਗੱਲ ਇਹ ਸੀ ਕਿ 1981 ਤੋਂ ਬਾਅਦ ਦੂਜੀ ਵਾਰ ਮੈਂ 2002 ਵਿਚ ਅਮਰੀਕਾ ਗਿਆ ਸੀ। ਮੈਂ ਹਾਲੀਵੁੱਡ ਵਿਚ ਕੀਤੀ ਜਾ ਰਹੀ ਫ਼ਿਲਮ ਨਿਰਦੇਸ਼ਨਾ ਅਤੇ ਸਕਰੀਨਰਾਈਟਿੰਗ ਬਾਰੇ ਜਾਣਨ ਲਈ ਬਹੁਤ ਉਤਸਕ ਸੀ। ਮੈਂ ਉਸ ਸਮੇਂ ਲਾਸ ਏਂਜਲਸ ਵਿਚ ਸਾਂ। ਮੈਂ ਸਸਤਾ ਤੇ ਸੌਖਿਆਂ ਸਿੱਖਣ ਲਈ ਐਸੋਸੀਏਸ਼ਨ ਨੂੰ ਬੇਨਤੀ ਕੀਤੀ। ਐਸੋਸੀਏਸ਼ਨ ਨੇ ਮੈਨੂੰ ਮੇਰੇ ਪਿਛਲੇ ਤਜਰਬੇ ਬਾਰੇ ਪੁੱਛਿਆ। ਮੈਂ ਅਪਣੀਆਂ ਕੁਝ ਰਿਲੀਜ਼ ਹੋਈਆਂ ਅਤੇ ਕੁਝ ਲਿਖੀਆਂ ਫ਼ਿਲਮਾਂ ਦੇ ਖਰੜੇ ਵਿਖਾਏ। ਉਨ੍ਹਾਂ ਮੇਰਾ ਲਿਖਣ ਢੰਗ ਵੇਖ ਕੇ ਮੇਰੀ ਬੇਨਤੀ ਰੱਦ ਕਰ ਦਿੱਤੀ ਅਤੇ ਮੈਨੂੰ ਕਿਹਾ ਕਿ ਪਹਿਲਾਂ ਸਿੱਖ ਕੇ ਆਵੋ-ਮੈਨੂੰ ਮਜਬੂਰਨ ਕੋਰਸ ਕਰਨਾ ਪਿਆ।
ਹੁਣ : ਭਾਰਤੀ ਫ਼ਿਲਮ ਲਿਖਣ ਦਾ ਢੰਗ ਅਤੇ ਹਾਲੀਵੁੱਡ ਦੇ ਢੰਗ ਵਿਚ ਕੀ ਬਹੁਤ ਫ਼ਰਕ ਹੈ?
ਦਮਨ : ਬਹੁਤ ਵੱਡਾ ਅੰਤਰ। ਪਹਿਲਾ ਤਾਂ ਵੱਡਾ ਅੰਤਰ ਇਹ ਹੈ ਕਿ ਫ਼ਿਲਮ ਵਿਚ ਡਾਇਲਾਗ ਘੱਟ ਤੋਂ ਘੱਟ ਹੋਣ। 70 ਫੀਸਦੀ ਐਕਸ਼ਨ ਹੋਵੇ ਤਾਂ ਸਕ੍ਰਿਪਟ ਵਧੀਆ ਮੰਨੀ ਜਾਂਦੀ ਹੈ। ਦੂਜੇ ਘੱਟੋ-ਘੱਟ 6-7 ਫ਼ੀਸਦੀ ਫ਼ਿਲਮ ਦੁਬਾਰਾ ਲਿਖੀ ਜਾਂਦੀ ਹੈ।
ਹੁਣ : ਉਹ ਕਿਉਂ?
ਦਮਨ : ਫ਼ਿਲਮ ਦੀ ਸਕ੍ਰਿਪਟ ਕਿਸ ਬਾਰੇ ਹੈ, ਉਸ ਦਾ ਵਿਸ਼ਾ ਕੀ ਹੈ, ਉਸ ਅਨੁਸਾਰ ਦਾ ਮਾਹਰ ਹੁੰਦਾ ਹੈ। ਜੇ ਘੋੜਿਆਂ ਦੀ ਜ਼ਿਆਦਾ ਵਰਤੋਂ ਕੀਤੀ ਗਈ ਹੈ-ਘੋੜਿਆਂ ਦਾ ਮਾਹਰ, ਜੇ ਹਵਾਈ ਜਹਾਜ਼ਾਂ ਦੀ ਵਰਤੋਂ ਹੋਈ ਹੈ ਤਾਂ ਜਹਾਜ਼ਾਂ ਦਾ ਮਾਹਰ-ਜੇ ਖੇਡ ਵਿਸ਼ਾ ਹੈ ਤਾਂ ਖੇਡਾਂ ਦਾ ਮਾਹਰ-ਜੇ ਫ਼ੌਜ ਜਾਂ ਪੁਲੀਸ ਨਾਲ ਸਬੰਧਤ ਵਿਸ਼ਾ ਹੈ ਤਾਂ ਉਸ ਦਾ ਮਾਹਰ। ਜੇ ਪੁਲਾੜ ਦੀ ਉਡਾਣ ਸਬੰਧੀ ਹੈ ਤਾਂ ਪੁਲਾੜੀ ਜਹਾਜ਼ਾਂ ਨਾਲ ਸਬੰਧਤ ਮਾਹਰ। ਇਸ ਤੋਂ ਇਲਾਵਾ ਪ੍ਰੋਡਿਉਸਰ ਦੇ ਵਿੱਤੀ ਸਲਾਹਕਾਰਾਂ ਨੇ ਇਹ ਵੀ ਵੇਖਣਾ ਹੁੰਦਾ ਹੈ ਕਿ ਖ਼ਰਚਾ ਕਿੰਨਾ ਹੈ। ਉਸ ਦੇ ਬਜਟ ਤੋਂ ਬਾਹਰ ਤਾਂ ਨਹੀਂ। ਇਨ੍ਹਾਂ ਸਾਰੇ ਲੋਕਾਂ ਦਾ ਬੋਰਡ ਬਣਦਾ ਹੈ ਤਾਂ ਕਹਾਣੀ ਦੀ ਪਹਿਲੀ ਮੀਟਿੰਗ ਬੈਠਦੀ ਹੈ ਜੋ ਲੇਖਕ ਨੂੰ ਸਲਾਹ ਦਿੰਦੀ ਹੈ। ਸਲਾਹ ਮੁਤਾਬਕ ਲੇਖਕ ਕਹਾਣੀ ਵਿਚ ਤਬਦੀਲੀਆਂ ਕਰਦਾ ਹੈ। ਘੱਟੋ-ਘੱਟ 6-7 ਵਾਰ ਇਸ ਤਰ੍ਹਾਂ ਦੀਆਂ ਮੀਟਿੰਗਾਂ ਹੁੰਦੀਆਂ ਹਨ ਅਤੇ ਲੇਖਕ ਨੂੰ 6-7 ਵਾਰ ਨਵਾਂ ਡਰਾਫ਼ਟ ਤਿਆਰ ਕਰਨਾ ਪੈਂਦਾ ਹੈ। ਅਜੇ ਫਿਰ ਵੀ ਜੇ ਨਿਰਮਾਤਾ, ਨਿਰਦੇਸ਼ਕ ਚਾਹੁਣ ਤਾਂ ਕਿਸੇ ਮਾਹਰ ਲੇਖਕ ਤੋਂ ਕਹਾਣੀ ਵਿਚ ਢੁਕਦੀ ਤਬਦੀਲੀ ਵੀ ਕਰਵਾ ਸਕਦੇ ਹਨ। ਪਰ ਕਹਾਣੀ ‘ਤੇ ਨਾਂ ਮੂਲ ਲੇਖਕ ਦਾ ਹੀ ਰਹਿੰਦਾ ਹੈ।


ਇਨਾਮਾਂ ਦੀ ਦੌੜ
ਹੁਣ : ਅੱਛਾ ਇਹ ਦੱਸੋ ਤੁਹਾਨੂੰ ਇੰਨੇ ਵਰ੍ਹਿਆਂ ਵਿਚ ਕਿੰਨੇ ਕੁ ਇਨਾਮ ਮਿਲੇ ਹਨ?
ਦਮਨ : ਨਾਮ-ਮਾਤਰ।
ਹੁਣ : ਇੰਨੇ ਵਰ੍ਹੇ ਕੰਮ ਕੀਤਾ ਹੈ, ਫਿਰ ਨਾਮ ਮਾਤਰ ਕਿਉਂ?
ਦਮਨ : ਕਦੀ ਯਤਨ ਨਹੀਂ ਕੀਤਾ, ਨਾ ਹੀ ਇੱਛਾ ਹੈ।
ਹੁਣ : ਤੁਹਾਡਾ ਮਤਲਬ ਹੈ ਇਨਾਮ ਯਤਨ ਕੀਤਿਆਂ ਮਿਲਦੇ ਹਨ?
ਦਮਨ : ਸੁਣਿਆ ਤਾਂ ਇਹੋ ਹੈ, ਜਦੋਂ ਮੈਨੂੰ ਪੰਜਾਬ ਸੰਗੀਤ ਨਾਟਕ ਅਕਾਦਮੀ ਦਾ ਐਵਾਰਡ ਮਿਲਿਆ ਤਾਂ ਮੈਨੂੰ ਇਸ ਦੀ ਭਿਣਕ ਤਕ ਨਹੀਂ ਸੀ। ਅਚਾਨਕ ਇਕ ਜਾਣੂ ਪੱਤਰਕਾਰ ਦਾ ਫ਼ੋਨ ਆਇਆ ਕਿ ਵਧਾਈ ਹੋਵੇ। ਮੈਂ ਕਿਹਾ ‘ਕਿਸ ਗੱਲ ਦੀ?’ ਕਹਿੰਦਾ ‘ਤੁਹਾਨੂੰ ਇਸ ਸਾਲ ਦਾ ਪੰਜਾਬ ਸੰਗੀਤ ਨਾਟਕ ਅਕਾਦਮੀ ਦਾ ਐਵਾਰਡ ਮਿਲ ਰਿਹੈ… ਕਮਾਲ ਹੈ, ਤੁਹਾਨੂੰ ਪਤਾ ਹੀ ਨਹੀਂ?’ ਮੈਂ ਕਿਹਾ ‘ਮੈਨੂੰ ਕਿਵੇਂ ਤੇ ਕਿਉਂ ਪਤਾ ਹੋਵੇ?’ ਕਹਿੰਦਾ ‘ਦਮਨ ਜੀ ਭੱਜ ਦੌੜ ਕੀਤੇ ਬਿਨਾਂ ਕਦੋਂ ਅੱਜ-ਕੱਲ੍ਹ ਇਨਾਮ ਮਿਲਦੈ’ ਮੈਂ ਕਿਹਾ ਜੇ ਏਦਾਂ ਏ ਫਿਰ ਤੁਹਾਨੂੰ ਗ਼ਲਤ ਇਨਫ਼ਾਰਮੇਸ਼ਨ ਮਿਲੀ ਏ ਮੈਨੂੰ ਇਨਾਮ ਮਿਲਣ ਦੀ।’
ਹੁਣ : ਤੁਹਾਨੂੰ ਵਾਕਿਆ ਈ ਪਤਾ ਨਹੀਂ ਸੀ?
ਦਮਨ :ਬਿਲਕੁਲ ਨਹੀਂ… ਸ਼ਾਮ ਤੀਕ ਮੈਨੂੰ ਦੋਸਤਾਂ, ਮਿੱਤਰਾਂ ਦੇ ਵਧਾਈ ਦੇ ਫ਼ੋਨ ਆਉਂਦੇ ਰਹੇ, ਪਰ ਯਕੀਨ ਉਦੋਂ ਹੋਇਆ ਜਦੋਂ ਜੋਗਾ ਸਿੰਘ ਦੀ ਪਤਨੀ ਦਾ ਫ਼ੋਨ ਆਇਆ। ਅਜਮੇਰ ਔਲਖ ਇਨਾਮ ਦੀ ਚੋਣ ਕਰਨ ਵਾਲੀ ਕਮੇਟੀ ਦਾ ਮੈਂਬਰ ਸੀ, ਉਹ ਜਾਂਦਾ ਹੋਇਆ ਤੇਜਿੰਦਰ (ਜੋਗਾ ਸਿੰਘ ਕਵੀ ਦੀ ਪਤਨੀ) ਨੂੰ ਦਸ ਕਰ ਗਿਆ ਸੀ।
ਹੁਣ : ਸਾਰੇ ਇਨਾਮ ਭੱਜ ਦੌੜ ਕਰ ਕੇ ਤਾਂ ਨਹੀਂ ਮਿਲਦੇ, ਕੁਝ ਹੱਕਦਾਰਾਂ ਨੂੰ ਵੀ ਮਿਲਦੇ ਹੋਣਗੇ?
ਦਮਨ : ਪਤਾ ਨਹੀਂ, ਲੋਕ ਤਾਂ ਗੁਰਦਿਆਲ ਸਿੰਘ ਦੀ ਭੱਜ ਦੌੜ ਦਾ ਵੀ ਜ਼ਿਕਰ ਕਰਦੇ ਨੇ, ਉਸ ਦੇ ਭਰਾ ਗੁਰਚਰਨ ਨੇ ਤਾਂ ਇਸ ਬਾਰੇ ਇਕ ਨਾਵਲ ਵੀ ਲਿਖ ਮਾਰਿਆ, ਪਰ ਜੋ ਮੇਰੇ ਨਾਲ ਵਾਪਰਿਐ, ਮੈਂ ਉਹ ਬਿਆਨ ਕਰਦਾ ਹਾਂ। ਭਾਸ਼ਾ ਵਿਭਾਗ ਦੇ ਇਕ ਸੱਜਣ ਮੈਨੂੰ ਇਕ ਸ਼ੋਸ਼ਲ ਫੰਕਸ਼ਨ ਵਿਚ ਮਿਲੇ। ਮੈਨੂੰ ਆਖਣ ਲੱਗੇ ਜੇ ਕਹੋ ਤਾਂ ਇਨਾਮ ਦਾ ਪ੍ਰਬੰਧ ਕਰੀਏ। ਉਨ੍ਹਾਂ ਦਾ ਭਾਵ ਇਨਾਮ ਦੇ ਪੈਸੇ ਦੀ ਵੰਡ ਤੋਂ ਸੀ। ਮੈਂ ਹੱਸ ਛੱਡਿਆ। ਉਨ੍ਹਾਂ ਆਖਿਆ ਅੱਜ ਕੱਲ੍ਹ ਤਾਂ ਏਦਾਂ ਹੀ ਚਲਦਾ ਹੈ। ਮੈਂ ਕੇਵਲ ਮੁਸਕਰਾਉਂਦਾ ਰਿਹਾ, ਕੋਈ ਉਤਰ ਨਹੀਂ ਦਿੱਤਾ। ਅੱਗੇ ਸੁਣ… ਭਾਸ਼ਾ ਵਿਭਾਗ ਦੀ ਇਕ ਕੈਬਨਿਟ ਰੈਂਕ ਦੀ ਮੰਤਰੀ ਮੇਰੀ ਬਹੁਤ ਹੀ ਜਾਣੂ ਸੀ। ਇਕ ਸੱਜਣ ਨੇ ਸਲਾਹ ਦਿੱਤੀ ਕਿ ਕਿਉਂ ਨਹੀਂ ਮੰਤਰੀ ਸਾਹਿਬਾ ਨੂੰ ਕਹਿ ਕੇ ਭਾਸ਼ਾ ਵਿਭਾਗ ਦਾ ਇਨਾਮ ਪ੍ਰਾਪਤ ਕਰ ਲੈਂਦੇ? ਮੈਂ ਕਿਹਾ ਇਨਾਮ ਤਾਂ ਅਵੱਸ਼ ਮਿਲ ਜਾਵੇਗਾ, ਪਰ ਅਲਮਾਰੀ ਵਿਚ ਪਏ ਮੋਮੈਂਟੋ ਵਿਚੋਂ ਮੈਨੂੰ ਇਨਾਮ ਨਾਲੋਂ ਜ਼ਿਆਦਾ ਮੰਤਰੀ ਸਾਹਿਬਾ ਦਾ ਚਿਹਰਾ ਹੀ ਦਿਖਾਈ ਦਿੰਦਾ ਰਹੇਗਾ…।
ਹੁਣ : ਤਾਂ ਤੁਸੀਂ ਪੰਜਾਬ ਸੰਗੀਤ ਨਾਟਕ ਅਕਾਦਮੀ ਦਾ ਐਵਾਰਡ ਪ੍ਰਾਪਤ ਕੀਤਾ?
ਦਮਨ :ਕਰਨਾ ਹੀ ਸੀ… ਮੈਂ ਉਨ੍ਹਾਂ ਵਿਚੋਂ ਨਹੀਂ ਜੋ ਐਵਾਰਡ ਵੀ ਲੈ ਲੈਂਦੇ ਹਨ ਅਤੇ ਰੋਸਾ ਵੀ ਪ੍ਰਗਟਾਉਂਦੇ ਰਹਿੰਦੇ ਹਨ ਕਿ ਇਨਾਮ ਪਿਛੜ ਕੇ ਮਿਲਿਐ… ਇਨਾਮ ਦੀ ਵੰਡ ਵਾਲੇ ਦਿਨ ਦੀ ਗੱਲ ਵੀ ਸੁਣ ਲਓ। ਸਾਡੀ ਪੰਜ ਜਣਿਆਂ ਦੀ ਸੰਗੀਤ, ਨਾਚ ਅਤੇ ਨਾਟਕ ਵਿਚੋਂ ਚੋਣ ਹੋਈ ਸੀ। ਇਕ ਕੋਈ ਬੀਨ ਵਜਾਉਣ ਵਾਲੇ ਸਨ, ਇਕ ਬਜ਼ੁਰਗ ਸ਼ਾਸਤਰੀ ਸੰਗੀਤ ਵਿਚੋਂ, ਲੋਕ ਨਾਚ ਵਿਚੋਂ ਪੰਮੀ ਬਾਈ ਸੀ। ਮੈਂ ਅਤੇ ਓਮਪੁਰੀ ਨਾਟਕ ਤੇ ਫ਼ਿਲਮਾਂ ਦੇ ਯੋਗਦਾਨ ਲਈ ਚੁਣੇ ਗਏ ਸਾਂ। ਓਮਪੁਰੀ ਨਹੀਂ ਆਏ। ਉਨ੍ਹਾਂ ਦਾ  ਇਨਾਮ ਉਨ੍ਹਾਂ ਦੇ ਇਕ ਮਿੱਤਰ ਨੇ ਪ੍ਰਾਪਤ ਕੀਤਾ। ਪਰ ਓਮ ਪੁਰੀ ਨੇ ਇਕ ਪ੍ਰੋਟੈਸਟ ਨੋਟ ਭੇਜਿਆ ਸੀ, ਜੋ ਪੜ੍ਹਿਆ ਗਿਆ, ਜਿਸ ਵਿਚ ਉਲਾਂਭਾ ਸੀ ਕਿ ‘ਜਦੋਂ ਉਸ ਨੂੰ ਪਦਮ ਸ੍ਰੀ ਐਵਾਰਡ ਵੀ ਮਿਲ ਚੁੱਕਾ ਹੈ, ਪੰਜਾਬ ਆਰਟਸ ਕੌਂਸਿਲ ਨੂੰ ਹੁਣ ਉਸ ਦੀ ਯਾਦ ਆਈ ਹੈ।’
ਹੁਣ : ਤੁਸੀਂ ਇਨਾਮ ਮਿਲਣ ‘ਤੇ ਕਿਵੇਂ ਧੰਨਵਾਦ ਕੀਤਾ, ਕੀਤਾ ਕਿ ਨਹੀਂ ਕੀਤਾ?
ਦਮਨ :ਮੈਂ ਤਾਂ ਸ਼ਿਵ ਕੁਮਾਰ ਦੀ ਕਵਿਤਾ ਦਾ ਹਵਾਲਾ ਦੇ ਕੇ ਛੋਟੀ ਜਿਹੀ ਗੱਲ ਕੀਤੀ ਸੀ ਕਿ ‘ਜਿਸ ਕਲਾ ਕਾਰਨ ਤੁਸੀਂ ਮੇਰਾ ਸਨਮਾਨ ਕਰ ਰਹੇ ਹੋ, ਉਸ ਕਲਾ ਬਾਰੇ ਤਾਂ ਸਰਕਾਰ ਨੇ ਕਿੰਨੇ ਹੀ ਸਾਲਾਂ ਤੋਂ ਸੋਚਣਾ ਹੀ ਬੰਦ ਕੀਤਾ ਹੋਇਆ ਹੈ। ਸਰਕਾਰੀ ਫੰਕਸ਼ਨਾਂ ‘ਤੇ ਇਕੱਠ ਕਰਨ ਲਈ ਅਸ਼ਲੀਲ ਗਾਇਕੀ ‘ਤੇ ਲੱਖਾਂ ਰੁਪਏ ਗਾਇਕ ਨੂੰ ਦੇ ਦਿੱਤੇ ਜਾਂਦੇ ਹਨ, ਜਦੋਂ ਕਿ ਪਿਛਲੇ 10 ਸਾਲਾਂ ਤੋਂ ਕਿਸੇ ਵੀ ਥੀਏਟਰ ਗਰੁੱਪ ਨੂੰ ਗ੍ਰਾਂਟ ਦੇ ਨਾਂ ‘ਤੇ ਇਕ ਪੈਸਾ ਵੀ ਨਹੀਂ ਦਿੱਤਾ… ਮੰਤਰੀ ਨੇ ਭਾਸ਼ਣ ਸ਼ੁਰੂ ਕੀਤਾ ਮੈਂ ਹਾਲ ਤੋਂ ਬਾਹਰ ਆ ਗਿਆ। ਹਿੰਦੋਸਤਾਨ ਟਾਈਮਜ਼ ਦੀ ਨੋਨਿਕਾ ਸਿੰਘ ਮੈਨੂੰ ਲੱਭਦੀ-ਲੱਭਦੀ ਮੇਰੇ ਕੋਲ ਆ ਕੇ ਪੁੱਛਣ ਲੱਗੀ। ਅਜਿਹਾ ਕੀ ਕਹਿ ਆਏ ਹੋ ਤੁਸੀਂ ਅੰਦਰ ਕਿ ਮੰਤਰੀ ਬੜਾ ਤਿਲਮਿਲਾ ਰਿਹੈ… ਸ਼ਾਇਦ ਨੋਨਿਕਾ ਮੇਰੇ ਬੋਲਣ ਬਾਅਦ ਆਈ ਸੀ।


ਹੁਣ : ਸੰਗੀਤ ਨਾਟਕ ਅਕਾਦਮੀ ਤੋਂ ਬਿਨਾਂ ਹੋਰ ਵੀ ਕੋਈ ਇਨਾਮ ਮਿਲਿਐ?
ਦਮਨ :ਸਾਹਿਤ ਕਲਾ ਪ੍ਰੀਸ਼ਦ ਦਿੱਲੀ ਤੋਂ ਪੰਜਾਬੀ ਨਾਟਕ ਲਈ ਨੈਸ਼ਨਲ ਐਵਾਰਡ, ਪੰਜਾਬੀ ਅਕਾਦਮੀ ਦਿੱਲੀ ਤੋਂ ਨਾਟਕ ਛਿਪਣ ਤੋਂ ਪਹਿਲਾਂ ਲਈ ਸਰਵੋਤਮ ਐਵਾਰਡ।
ਨੌਜਵਾਨਾਂ ਦੀ ਭਟਕਣ
ਹੁਣ : ਤੁਹਾਨੂੰ ਨਹੀਂ ਲਗਦਾ ਕਿ ਅੱਜ ਦੇ ਦੌਰ ਵਿਚ ਕਿਸੇ ਤਰ੍ਹਾਂ ਦੀ ਮੂਵਮੈਂਟ ਨਹੀਂ, ਇਸੇ ਕਰ ਕੇ ਨੌਜਵਾਨ ਪੀੜ੍ਹੀ ਭਟਕਣ ਵਿਚ ਹੈ?
ਦਮਨ : ਇਹ ਗੱਲ ਥੋਡੀ ਬਿਲਕੁਲ ਦਰੁੱਸਤ ਹੈ ਕਿ ਅੱਜ ਕੋਈ ਲਹਿਰ ਨਹੀਂ। ਇਹ ਮੰਡੀ ਦਾ ਦੌਰ ਹੈ ਤੇ ਪੂੰਜੀਵਾਦੀ ਸੋਚ ਭਾਰੂ ਹੋ ਗਈ ਹੈ। ਪ੍ਰਗਤੀ ਲਹਿਰਾਂ ਇਕ ਤਰ੍ਹਾਂ ਨਾਲ ਠੱਪ ਪਈਆਂ ਹਨ। ਮੇਰੇ ਖ਼ਿਆਲ ਨਾਲ ਪ੍ਰਗਤੀਵਾਦੀਆਂ ਕਰ ਕੇ ਹੀ ਇਹ ਵਰਤਾਰਾ ਸ਼ੁਰੂ ਹੋਇਆ। ਫ਼ਿਰਕੂ ਤਾਕਤਾਂ ਨੂੰ ਦੂਰ ਰੱਖਣ ਲਈ ਉਨ੍ਹਾਂ ਨੇ ਕਾਂਗਰਸ ਦੀ ਮੱਦਦ ਕੀਤੀ। ਕਾਂਗਰਸ ਅੰਦਰ ਜਿਹੜਾ ਪੂੰਜੀਵਾਦ ਵੱਧ ਰਿਹਾ ਸੀ, ਉਹਦੇ ਨਤੀਜੇ ਤਾਂ ਹੁਣ ਤੁਹਾਡੇ ਸਾਹਮਣੇ ਹੀ ਹਨ। ਅੱਜ ਸਾਰੇ ਫ਼ੈਸਲੇ ਕਾਰਪੋਰੇਟ ਦੇ ਹੱਕ ਵਿਚ ਭੁਗਤਦੇ ਹਨ। ਇਸ ਗੱਲੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮੰਡੀ ਦੀ ਵੱਡੀ ਮਾਰ ਸਾਹਿਤ ਅਤੇ ਕਲਾ ‘ਤੇ ਪੈ ਰਹੀ ਹੈ।
ਹੁਣ : ਇਪਟਾ ਦਾ ਪ੍ਰਧਾਨ ਹੋਣ ਦੇ ਨਾਤੇ ਵੀ ਇਸ ਦਿਸ਼ਾ ‘ਚ ਕੰਮ ਨਾ ਕਰਨਾ ਕੀ ਇਹ ਤੁਹਾਡੀ ਨਾਕਾਮੀ ਨਹੀਂ?
ਦਮਨ : ਹਾ… ਹਾ…(ਹੱਸ ਕੇ) ਇਪਟਾ ਦਾ ਪ੍ਰਧਾਨ! ਦੇਖਣ ਨੂੰ ਹੀ ਪ੍ਰਧਾਨ ਲਗਦਾ ਹਾਂ ਜਾਂ ਕਹੋ ਨਾਂ ਦਾ ਹੀ ਪ੍ਰਧਾਨ ਹਾਂ ਪਰ ਇਹਦੀ ਨਬਜ਼ ਕਿਸੇ ਹੋਰ ਨੇ ਫੜੀ ਹੋਈ ਹੈ। ਸਾਹਿਤ ਤੇ ਕਲਾ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਮੰਚ ਤਾਂ ਬਹੁਤ ਬਣੇ ਹੋਏ ਹਨ ਪਰ ਇਪਟਾ ਸਿਆਸੀ ਜਕੜ ਵਿਚ ਹੈ। ਜਦੋਂ ਵੀ ਇਹਦੇ ਸਿਆਸੀ ਆਗੂਆਂ ਨਾਲ ਕੋਈ ਗੱਲ ਕਰੋ ਤਾਂ ਕਹਿ ਦਿੰਦੇ ਹਨ ਹਾਂ, ਕੋਈ ਸੈਮੀਨਾਰ ਰੱਖ ਲਓ। ਜਦੋਂ ਮੈਂ ਸੈਮੀਨਾਰ ਦੀ ਥਾਂ ਪ੍ਰੈਕਟੀਕਲ ਦੀ ਗੱਲ ਕਰਦਾਂ ਤਾਂ ਫੇਰ ਓਹੀ ਹੁੰਗਾਰਾ। ਇਹੀ ਕਾਰਨ ਹੈ ਕਿ ਕਈ ਲੋਕਾਂ ਨੇ ਇਪਟਾ ਤੋਂ ਵੱਖ ਹੋ ਕੇ ਕੰਮ ਕੀਤਾ ਤੇ ਉਹ ਬਹੁਤ ਵਧੀਆ ਕੰਮ ਕਰ ਰਹੇ ਹਨ। ਜਿਵੇਂ ਸਾਹਿਬ ਸਿੰਘ ਹੈ, ਕੇਵਲ ਧਾਲੀਵਾਲ ਹੈ, ਇਥੋਂ ਤਕ ਕਿ ਗੁਰਸ਼ਰਨ ਭਾਜੀ ਨੂੰ ਵੀ ਸੁਤੰਤਰ ਹੋ ਕੇ ਕੰਮ ਕਰਨਾ ਪਿਆ ਸੀ ਪਰ ਇਨ੍ਹਾਂ ਦੀ ਸੋਚ ਤਾਂ ਨਾ ਭਟਕੀ, ਇਹ ਇਪਟਾ ਤੋਂ ਵੱਖ ਹੋ ਕੇ ਲੋਕਾਂ ਵਿਚ ਪ੍ਰਗਤੀਵਾਦੀ ਸੁਨੇਹਾ ਦੇ ਰਹੇ ਹਨ ਤੇ ਦਿੰਦੇ ਰਹਿਣਗੇ। ਜਿਵੇਂ ਰੂਸ ਦੇ ਲੇਖਕਾਂ ‘ਤੇ ਸਿਆਸੀ ਦਬਾਅ ਸੀ, ਉਹ ਮਾਹੌਲ ਇਥੇ ਵੀ ਬਣਿਆ ਹੈ। ਦਰਅਸਲ, ਇਪਟਾ ਆਜ਼ਾਦ ਨਾ ਹੋਣ ਕਰ ਕੇ ਹੀ ਇਹ ਕੋਈ ਕੰਮ ਨਹੀਂ ਕਰ ਪਾ ਰਹੀ। ਚਾਹੇ ਉਹ ਨਕਸਲੀ ਪਾਰਟੀਆਂ ਹੋਣ, ਸੀ.ਪੀ.ਐਮ. ਜਾਂ ਸੀ.ਪੀ.ਆਈ. ਇਨ੍ਹਾਂ ਦੀ ਬੇਲੋੜੀ ਦਖ਼ਲਅੰਦਾਜ਼ੀ ਹੈ। ਅੱਜ ਨਾਅਰੇ ਦੀ ਥਾਂ ਪ੍ਰਗਤੀਵਾਦੀ ਸੋਚ ਦੀ ਲੋੜ ਹੈ। ਸਿਆਸੀ ਘੁੱਟਣ ਬੰਦ ਹੋਣੀ ਚਾਹੀਦੀ ਹੈ।
ਉਂਜ ਵੀ ਇਹ ਕਲਾਕਾਰਾਂ ਨੂੰ ਪੈਸੇ ਦੇਣ ਦੇ ਹੱਕ ਵਿਚ ਨਹੀਂ। ਪਾਰਟੀਆਂ ਚਾਹੁੰਦੀਆਂ ਹਨ ਕਿ ਕਲਾਕਾਰ ਮੁਫ਼ਤ ਵਿਚ ਹੀ ਕੰਮ ਕਰੀ ਜਾਣ। ਆਖ਼ਰ ਉਨ੍ਹਾਂ ਨੇ ਵੀ ਤਾਂ ਰੋਟੀ ਖਾਣੀ ਹੈ, ਸਮਾਜਕ ਜੀਵਨ ਵਿਚ ਰਹਿਣਾ ਹੈ। ਤੇਜ਼ ਰਫ਼ਤਾਰ ਯੁੱਗ ਵਿਚ ਜੇ ਕਲਾਕਾਰ ਇਨ੍ਹਾਂ ਪਾਰਟੀਆਂ ਨਾਲ ਜੁੜੇ ਹੋਏ ਹਨ ਤਾਂ ਇਨ੍ਹਾਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਵੀ ਇਨ੍ਹਾਂ ਦੀ ਹੈ। ਗੱਲ ਤਾਂ ਇਹ ਹੈ ਕਿ ਅਸਲ ਕਮਿਊਨਿਸਟ ਪਾਰਟੀਆਂ ਹੁਣ ਰਹੀਆਂ ਨਹੀਂ। ਛੋਟੇ ਛੋਟੇ ਗਰੁੱਪਾਂ ਵਿਚ ਵੰਡਦੀਆਂ ਜਾ ਰਹੀਆਂ ਹਨ। ਇਹ ਗਰੁੱਪ ਆਪਣੇ-ਆਪਣੇ ਮਕਸਦ ਲਈ ਬਣਦੇ ਹਨ। ਇਨ੍ਹਾਂ ਦੀ ਆਪਸੀ ਸਾਂਝ ਜਦ ਕੋਈ ਹੈ ਨਹੀਂ ਤਾਂ ਲੋਕਾਂ ਨੂੰ ਸੇਧ ਕਿਵੇਂ ਦੇਣਗੀਆਂ। ਮੈਂ ਸਮਝਦਾ ਹਾਂ ਕਿ ਕਲਾਕਾਰ, ਕਲਾਕਾਰ ਹੈ। ਉਹਦਾ ਮਕਸਦ ਲੋਕਾਂ ਨੂੰ ਜਾਗਰੂਕ ਕਰਨਾ ਹੈ, ਇਸ ਲਈ ਉਨ੍ਹਾਂ ਨੂੰ ਗਰੁੱਪਾਂ ਵਿਚ ਨਹੀਂ ਵੰਡਣਾ ਚਾਹੀਦਾ।  ਪਾਰਟੀਆਂ ਕਲਾਕਾਰਾਂ ਨੂੰ ਟੂਲ ਵਾਂਗ ਵਰਤਦੀਆਂ ਹਨ। ਵਰਤਣਾ ਵੀ ਚਾਹੀਦਾ ਹੈ ਪਰ ਟੂਲ ਨੂੰ ਜੰਗ ਰੋਧਕ ਬਣਾਉਣ ਦਾ ਜ਼ਿੰਮਾ ਤਾਂ ਪਾਰਟੀਆਂ ਦਾ ਹੀ ਹੈ। ਜੇ ਇਵੇਂ ਨਹੀਂ ਕਰਨਗੀਆਂ ਤਾਂ ਉਨ੍ਹਾਂ ਦਾ ਮਕਸਦ ਵੀ ਪੂਰਾ ਨਹੀਂ ਹੋ ਸਕਦਾ।
ਹੁਣ : ਕੀ ਖੱਬੀਆਂ ਧਿਰਾਂ ਦੀ ਬੇਰੁਖ਼ੀ ਨਹੀਂ ਕਿ ਆਵਾਮ ਅੰਨਾ ਹਜ਼ਾਰੇ ਜਾਂ ਰਾਮਦੇਵ ਵਿਚੋਂ ਸਥਿਤੀਆਂ ਬਦਲਣ ਦੀ ਭਾਲ ਕਰ ਰਹੀ ਹੈ?
ਦਮਨ : ਇਹ ਤੁਸੀਂ ਠੀਕ ਆਖ ਰਹੇ ਹੋ। ਖੱਬੀਆਂ ਧਿਰਾਂ ਦੀ ਗ਼ੈਰ ਹਾਜ਼ਰ ਸਰਗਰਮੀ ਬਹੁਤ ਨੁਕਸਾਨ ਕਰ ਰਹੀ ਹੈ।
‘ਹੁਣ’ ਵਲੋਂ ਕੀਤੀ ਲੰਮੀ ਮੁਲਾਕਾਤ ਵਿਚੋਂ ਕੁੱਝ ਅੰਸ਼

Leave a Reply

Your email address will not be published. Required fields are marked *