fbpx Nawidunia - Kul Sansar Ek Parivar

ਮੌਜੂਦਾ ਦੌਰ ਦੇ ਰਿਸ਼ਤਿਆਂ ਦੀ ਟੁੱਟ-ਭੱਜ ਨੂੰ ਬਾਖ਼ੂਬੀ ਪੇਸ਼ ਕਰਦੀ ਹੈ ‘ਕਿਸੇ ‘ਚੋਂ ਕੋਈ ਲੱਭਣਾ’/ਗਗਨ ਹਰਸ਼

”ਮੇਰੇ ਹਿੱਸੇ ਦਾ ਗੁਲਾਲ, ਮੇਰੇ ਹੀ ਲਾਵੀਂ”

ਪੁਸਤਕ – ਕਿਸੇ ‘ਚੋਂ ਕੋਈ ਲੱਭਣਾ
ਕਵਿੱਤਰੀ – ਕਿਰਨ ਪਾਹਵਾ
ਪੁਸਤਕ ਰੀਵਿਊ – ਗਗਨ ਹਰਸ਼

ਕਵਿਤਾ ਸਾਹਿਤ ਦਾ ਉਹ ਰੂਪ ਹੈ ਜਿਸ ਵਿੱਚ ਕਵੀ ਸਾਹਿਤ ਦੀਆਂ ਬਾਕੀ ਵਿਧਾਵਾਂ ਨਾਲੋਂ ਸ਼ਬਦਾਂ ਨੂੰ ਜ਼ਿਆਦਾ ਅਰਥ ਦਿੰਦਾ ਹੈ ਅਤੇ ਇਹਨਾਂ ਸ਼ਬਦਾਂ ਨੂੰ ਜ਼ਿਆਦਾ ਅਰਥਾਂ ਅਧੀਨ ਲਿਆਉਣ ਲਈ ਲੈਅ, ਆਲੰਕਾਰ, ਸ਼ਬਦ ਦੀਆਂ ਲੱਖਣਾ, ਵਿਅੰਜਨਾ ਸ਼ਕਤੀਆਂ ਦਾ ਜ਼ਿਆਦਾ ਪ੍ਰਯੋਗ ਕਰਦਾ ਹੈ। ਕਵਿਤਾ ਵਿੱਚ ਖ਼ਿਆਲ, ਭਾਵ, ਦ੍ਰਿਸ਼, ਆਕਾਰ ਤੇ ਧੁਨ ਦੀ ਤਾਕਤ ਤਾਂ ਇਕੱਠੀ ਹੋਈ ਹੁੰਦੀ ਹੈ, ਇਸ ਕਲਾਤਮਕ ਪ੍ਰਯੋਜਨ ਲਈ ਭਾਸ਼ਾ ਦੇ ਸੁਹਜਾਤਮਕ ਅਤੇ ਲੈਆਤਮਕ ਗੁਣਾਂ ਦੀ ਵਰਤੋਂ ਵੀ ਹੁੰਦੀ ਹੈ।
ਕਿਰਨ ਪਾਹਵਾ ਦੀ ਪੁਸਤਕ ‘ਕਿਸੇ ‘ਚੋਂ ਕੋਈ ਲੱਭਣਾ’ ਵਿਚ ਲੈਅ ਤਾਂ ਕਿਤੇ ਮੱਠੀ ਹੋ ਸਕਦੀ ਹੈ, ਪਰ ਸੁਹਜ ਦੇ ਪੱਖ ਤੋਂ ਕਿਰਨ ਦੀ ਕਵਿਤਾ ਸਿੱਧਾ ਦਿਲ ‘ਤੇ ਸੱਟ ਮਾਰਦੀ ਹੈ। ਕਿਰਨ ਪਾਹਵਾ ਅਸਲ ਵਿਚ ਹੰਢਾ ਰਹੀ ਜ਼ਿੰਦਗੀ ਨੂੰ ਵੀ ਕਲਪਨਾ ਦੇ ਘੇਰਿਆਂ ਤੋਂ ਦੂਰ ਨਹੀਂ ਲਿਜਾਂਦੀ। ਉਹ ਆਪਣੀਆਂ ਕਵਿਤਾਵਾਂ ਰਾਹੀਂ ਜ਼ਿੰਦਗੀ ਨੂੰ ਵੇਖਦੀ ਹੈ ਇਹੋ ਕਾਰਨ ਹੈ ਕਿ ਅਸਲੀਅਤ ਵਿੱਚ ਗੱਲ ਕਰਦੀ ਹੋਈ ਵੀ ਕਲਪਨਾ ਤੋਂ ਬਾਹਰ ਨਹੀਂ ਆਉਂਦੀ। ਉਹ ਆਪਣੀਆਂ ਕਵਿਤਾਵਾਂ ਦੇ ਰੰਗ ਨੂੰ ਬੋਲ-ਚਾਲ ਦੇ ਪੱਖ ਤੋਂ ਅਦਾਕਾਰੀ ਰੰਗਨ ਵਿੱਚ ਮਿਲਾ ਕੇ ਪੇਸ਼ ਵੀ ਕਰਦੀ ਹੈ। ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਉਹ ਜ਼ਿੰਦਗੀ ਨੂੰ ਕਲਪਨਾ ਮਾਤਰ ਜਿਉਂਣ ਦਾ ਸੰਦੇਸ਼ ਦਿੰਦੀ ਹੈ। ਉਹ ਆਪਣੀ ਕਵਿਤਾ ਰਾਹੀਂ ਇਹ ਸੰਦੇਸ਼ ਵੀ ਦਿੰਦੀ ਹੈ ਕਿ ਤੁਸੀਂ ਆਪਣੇ ਉੱਧਮੀ ਫੈਸਲੇ ਲੈ ਕੇ ਤੇ ਵੇਖੋ, ਕੀ ਪਤਾ ਤੁਸੀਂ ਇਹਨਾਂ ਫੈਸਲਿਆਂ ਨਾਲ ਕਿਸਮਤ ਹੀ ਬਦਲ ਦੇਵੋ :-
ਕਿਸਮਤ ਵਿਚ ਲਿਖੇ ਫ਼ੈਸਲੇ
ਬਦਲੇ ਨਹੀਂ ਜਾਂਦੇ
ਪਰ
ਫ਼ੈਸਲੇ ਲੈ ਕੇ ਵੇਖੋ ਤਾਂ ਸਹੀ
ਕੀ ਪਤਾ
ਕਿਸਮਤ ਹੀ ਬਦਲ ਜਾਵੇ।
ਕਿਰਨ ਪਾਹਵਾ ਇੱਕ ਅਜ਼ਾਦ ਖ਼ਿਆਲਾਂ ਵਾਲੀ ਕਵਿੱਤਰੀ ਹੈ। ਇਹੀ ਖ਼ਿਆਲਾਤ ਅਜ਼ਾਦੀ ਉਸ ਦੀਆਂ ਕਵਿਤਾਵਾਂ ਵਿੱਚ ਵੀ ਝਲਕਦੀ ਹੈ। ਉਹ ਮੰਨਦੀ ਹੈ ਕਿ ਮੁਹੱਬਤੀ ਰਿਸ਼ਤੇ ਨੂੰ ਕਿਸੇ ਮੁੱਠੀ ਵਿੱਚ ਕੈਦ ਕਰਕੇ ਨਹੀਂ ਰੱਖਿਆ ਜਾਂਦਾ। ਪਰ ਇਸ ਰਿਸ਼ਤੇ ਵਿੱਚ ਹੀ ਉਹ ਆਪਣੀ ਕਵਿਤਾ ਰਾਹੀਂ ਰੰਗਾਂ ਨੂੰ ਪ੍ਰਤੀਕ ਵਜੋਂ ਵਰਤਦੀ ਹੈ ਅਤੇ ਕਹਿੰਦੀ ਹੈ ਕਿ ਤੂੰ ਆਪਣੇ ਹਾਸੇ-ਠੱਠੇ ਕਿਸੇ ਨਾਲ ਵੀ ਸਾਂਝੇ ਕਰ ਇਹ ਤੇਰੀ ਮਰਜ਼ੀ ਏ, ਇਸ ਵਿੱਚ ਮੇਰੇ ਵੱਲੋਂ ਕੋਈ ਬੰਦਿਸ਼ ਨਹੀਂ, ਪਰ ਮੇਰੇ ਹਿੱਸੇ ਦੇ ਚਾਅ ਅਤੇ ਖੁਸ਼ੀਆਂ ਜੋ ਸਾਂਝ ਦੇ ਤੌਰ ਤੇ ਤੇਰੇ ਨਾਲ ਜੁੜੇ ਹੋਏ ਨੇ ਉਸ ਨੂੰ ਮੇਰੇ ਨਾਲ ਹੀ ਹੰਢਾਈ :-
ਰੰਗਾਂ ਦੀ ਹੋਲੀ
ਤੂੰ ਕਿਸੇ ਨਾਲ ਵੀ ਖੇਡ
ਮਰਜ਼ੀ ਐ ਤੇਰੀ
ਪਰ
ਮੇਰੇ ਹਿੱਸੇ ਦਾ ਗੁਲਾਲ
ਮੇਰੇ ਹੀ ਲਾਵੀਂ।
ਕਿਰਨ ਪਾਹਵਾ ਆਪਣੀਆਂ ਕਵਿਤਾਵਾਂ ਰਾਹੀਂ ਇਸਤਰੀ ਦੀ ਤ੍ਰਾਸਦੀ ਨੂੰ ਵੀ ਪੇਸ਼ ਕਰਦੀ ਹੈ। ਉਹ ਆਪਣੀ ਕਵਿਤਾ ਰਾਹੀਂ ਉਹਨਾਂ ਲੜਕੀਆਂ ਦੀ ਆਵਾਜ਼ ਨੂੰ ਪਾਠਕਾਂ ਤੱਕ ਲੈ ਕੇ ਆਉਂਦੀ ਹੈ ਜੋ ਘਰ ਦੀ ਚਾਰ ਦੀਵਾਰੀ ਵਿੱਚ ਕੈਦ ਹਨ, ਅਤੇ ਆਪਣੀਆਂ ਸੱਧਰਾਂ, ਚਾਅਵਾਂ ਅਤੇ ਮਕਸਦਾਂ ਨੂੰ ਸਿਰਫ਼ ਦੀਵਾਰਾਂ ਨਾਲ ਟਕਰਾ ਕੇ ਤੋੜਨਾ ਨਹੀਂ ਚਾਹੁੰਦੀਆਂ। ਇਸ ਦੁਨੀਆਂਦਾਰੀ ਵਿੱਚ ਉਹ ਵੀ ਆਪਣਾ ਇੱਕ ਵੱਖਰਾ ਨਾਮ ਅਤੇ ਮੁਕਾਮ ਚਾਹੁੰਦੀਆਂ ਹਨ :-
ਮੇਰੇ ਅੰਦਰ ਧੁਖਦੇ ਬੋਲਾਂ ਦੀ
ਤਰਤੀਬ ਬਣਾਉਣਾ ਚਾਹੁੰਦੀ ਹਾਂ
ਮੈਂ ਘਰ ਦੀ ਚਾਰ ਦੀਵਾਰੀ ਤੋਂ
ਛੁਟਕਾਰਾ ਪਾਉਣਾ ਚਾਹੁੰਦੀ ਹਾਂ
ਪਿਛਲੀਆਂ ਸਾਰੀਆਂ ਗੱਲਾਂ ਨੂੰ
ਮੈਂ ਨਾ ਦੁਹਰਾਉਣਾ ਚਾਹੁੰਦੀ ਹਾਂ
ਮੈਂ ਆਉਣ ਵਾਲੇ ਸਮਿਆਂ ਨੂੰ
ਹੁਣ ਖ਼ੂਬ ਹੰਢਾਉਣਾ ਚਾਹੁੰਦੀ ਹਾਂ
ਆਪਣੇ ਨਾਂ ਤੋਂ ਆਪਣੀ ਮੈਂ
ਪਹਿਚਾਣ ਬਣਾਉਣਾ ਚਾਹੁੰਦੀ ਹਾਂ
ਮੈਂ ਕਿਰਨ ਹਾਂ ਚੜ੍ਹਦੇ ਸੂਰਜ ਦੀ
ਹਰ ਥਾਂ ਰਸ਼ਨਾਉਣਾ ਚਾਹੁੰਦੀ ਹਾਂ।
ਕਿਸੇ ‘ਚੋ ਕੋਈ ਲੱਭਣਾ ਦੀ ‘ਰੁੱਖ’ ਕਵਿਤਾ ਵਿੱਚ ਸ਼ਿਵ ਕੁਮਾਰ ਬਟਾਲਵੀ ਵਾਂਗ ਕਵਿੱਤਰੀ ਆਪਣੇ ਆਪ ਨੂੰ ਰੁੱਖ ਸਮਾਨ ਦੱਸਦੀ ਹੈ। ਉਹ ਕਵਿਤਾ ਰਾਹੀਂ ਕਹਿਣਾ ਚਾਹੁੰਦੀ ਹੈ ਕਿ ਜਿਸ ਤਰ੍ਹਾਂ ਰੁੱਖ ਆਪਣੇ ਸਾਰੇ ਪੱਤੇ ਡੇਗਕੇ ਵੀ ਹਵਾਵਾਂ ਸੰਗ ਲਹਿਰਾਉਂਦਾ ਹੈ ਅਤੇ ਹਵਾ ਨਾਲ ਉਸਦੀ ਕੋਈ ਸ਼ਿਕਾਇਤ ਨਹੀਂ ਅਤੇ ਨਾਂ ਹੀ ਕੋਈ ਸਾਂਝ ਬਦਲਦੀ ਹੈ। ਉਸੇ ਤਰ੍ਹਾਂ ਜ਼ਿੰਦਗੀ ਨਾਲ ਕਵਿੱਤਰੀ ਦੀ ਵੀ ਕੋਈ ਸਾਂਝ ਨਹੀਂ ਬਦਲਦੀ ਅਤੇ ਕੋਈ ਸ਼ਿਕਾਇਤ ਨਹੀਂ ਹੁੰਦੀ। ਵਾਪਰ ਰਹੇ ਹਾਦਸੇ ਜ਼ਿੰਦਗੀ ਪ੍ਰਤੀ ਉਸਦਾ ਨਜ਼ਰੀਆ ਨਹੀਂ ਬਦਲ ਸਕਦੇ। ਇਹਨਾਂ ਤੁਕਾਂ ਰਾਹੀਂ ਕਵਿੱਤਰੀ ਜ਼ਿੰਦਗੀ ਜੀਉਣ ਦਾ ਸਕਾਰਾਤਮਕ ਨਜ਼ਰੀਆ ਪੇਸ਼ ਕਰਦੀ ਹੈ :-
ਦਰੱਖਤ ਹਾਂ
ਹਰ ਰੋਜ਼ ਡਿੱਗਦੇ ਨੇ ਪੱਤੇ ਮੇਰੇ
ਫਿਰ ਵੀ
ਹਵਾਵਾਂ ਨਾਲ ਬਦਲਦੀ ਨਹੀਂ
ਸਾਂਝ ਮੇਰੀ।

  ਕਵਿੱਤਰੀ 'ਕਿਸੇ 'ਚੋ ਕੋਈ ਲੱਭਣਾ' ਦੀ ਟਾਈਟਲ ਕਵਿਤਾ ਵਿੱਚ ਤਿੜਕ ਚੁੱਕੇ ਰਿਸ਼ਤਿਆਂ ਦਾ ਹਾਲ ਪੇਸ਼ ਕਰਦੀ ਹੈ। 'ਅਬਦੁਲ ਰਹੀਮ ਖ਼ਾਨ-ਏ-ਖ਼ਾਨਾਂ' ਦੇ ਦੋਹੇ 'ਪ੍ਰੇਮ ਕਾ ਧਾਗਾ' ਨੂੰ ਦੁਹਰਾਉਂਦਿਆਂ ਉਹ ਇਹ ਦਰਸਾਉਣਾ ਚਾਹੁੰਦੀ ਹੈ ਕਿ ਰਿਸ਼ਤਿਆਂ ਵਿੱਚ ਪਈ ਦਰਾਰ ਦੁਬਾਰਾ ਸਹੀ ਕਰਨੀ ਬਹੁਤ ਔਖੀ ਹੈ। ਅਸੀਂ ਉਸ ਰਿਸ਼ਤੇ ਨੂੰ ਦੁਨਿਆਵੀ ਤੌਰ 'ਤੇ ਜਿੰਨਾਂ ਵੀ ਹੰਢਾਈਏ ਪਰ ਉਹ ਸਕੂਨ ਨਹੀਂ ਮਿਲਦਾ ਜੋ ਇੱਕ ਨਿਰਛਲ ਰਿਸ਼ਤੇ ਵਿੱਚੋਂ ਮਿਲਣਾ ਚਾਹੀਦਾ ਹੈ। ਫਿਰ ਉਹੀ ਪਹਿਲਾਂ ਵਾਲਾ ਰਿਸ਼ਤਾ ਅਸੀਂ ਦੂਸਰੇ ਰਿਸ਼ਤਿਆਂ 'ਚੋਂ ਟਟੋਲਣ ਦੀ ਕੋਸ਼ਿਸ਼ ਕਰਦੇ ਹਾਂ। ਕਵਿੱਤਰੀ ਇਸ ਕਵਿਤਾ ਰਾਹੀਂ ਮੌਜੂਦਾ ਦੌਰ ਦੇ ਰਿਸ਼ਤਿਆਂ ਦੀ ਟੁੱਟ-ਭੱਜ ਨੂੰ ਬਾਖ਼ੂਬੀ ਪੇਸ਼ ਕਰਦੀ ਹੈ :-
      ਅਸੀਂ ਹੁਣ ਮਿਲਦੇ ਹਾਂ
      ਅਜਨਬੀਆਂ ਵਾਂਗ
      ਬੱਸ ਐਵੇਂ
      ਝੂਠੀਆਂ-ਸੱਚੀਆਂ ਜਿਹੀਆਂ ਗੱਲਾਂ ਕਰਦੇ
      ਆਪਣੇ ਵਿਚਲੇ ਖ਼ਲਾਅ ਨੂੰ
      ਹੂੰ...ਹਾਂ... ਨਾਲ ਭਰਦਿਆਂ
      ਆਪਣੇ ਕੋਲ ਆਉਂਦੇ ਜਾਂਦੇ ਲੋਕਾਂ ਨੂੰ
      ਪਰਤ ਕੇ ਧਿਆਨ ਨਾਲ ਵੇਖਦਿਆਂ
      ਉਹਨਾਂ ਦੇ ਮੁਹਾਂਦਰੇ 'ਚੋਂ ਕਦੇ
      ਮੈਂ ਤੈਨੂੰ ਤਲਾਸ਼ ਕਰਨ ਲੱਗਦੀ ਹਾਂ
      ਪਤਾ ਹੀ ਨਹੀਂ ਲੱਗਦਾ
      ਤੂੰ ਆ... ਜਾ... ਨਾ
      ਮੈਨੂੰ ਸੱਚੀਂ ਚੰਗਾ ਨਹੀਂ ਲੱਗਦਾ
      ਕਿਸੇ 'ਚੋਂ ਕੋਈ ਲੱਭਣਾ।

ਕਿਰਨ ਪਾਹਵਾ ‘ਇਸ਼ਕ ਮਜਾਜੀ’ ਨੂੰ ‘ਇਸ਼ਕ ਹਕੀਕੀ’ ਦੇ ਰੰਗ ਭਰਕੇ ਲਿਖਣ ਵਾਲੀ ਕਵਿੱਤਰੀ ਹੈ, ਤੇ ਇਹੀ ਉਸਦੀ ਵੱਖਰੀ ਪਛਾਣ ਹੈ। ਉਮੀਦ ਕੀਤੀ ਜਾਂਦੀ ਹੈ ਕਿ ਕਵਿਤਾ ਦੇ ਖੇਤਰ ਵਿੱਚ ਆਉਣ ਵਾਲੇ ਸਮੇਂ ਦੌਰਾਨ ਕਿਰਨ ਪਾਹਵਾ ਦਾ ਨਾਂ ਧਰੂ ਤਾਰੇ ਵਾਂਗ ਚਮਕੇਗਾ।
ਕਿਰਨ ਪਾਹਵਾ ਦੀ ਸਖਸ਼ੀਅਤ ਨੂੰ ਵੇਖ ਕੇ ਮੇਰੇ ਵੱਲੋਂ ਉਹਨਾਂ ਲਈ ਲਿਖੀਆਂ ਕੁੱਝ ਤੁਕਾਂ :-
ਕਵਿਤਾ ਵਰਗੀਏ ਕੁੜੀਏ ਨੀਂ
ਗੀਤ ਦੇ ਵਾਂਗੂੰ ਮਿੱਠੀ ਐਂ
ਲੋਕ ਬੋਲੀ ਜੀ ਉਮਰ ਵਾਲੀਏ
ਤੂੰ ਡਾਇਰੀ ਵਰਗੀ ਚਿੱਠੀ ਐਂ
ਗਜ਼ਲ ਵਰਗੀ ਗਹਿਰਾਈ ਨੈਣੀਂ
ਕਿਸੇ ਸਫੇ਼ ਦੇ ਵਰਗੀ ਚਿੱਟੀ ਐਂ
ਲਿਖਦੀ ਏ ਤੂੰ ਹਾਲ-ਏ-ਦਿਲ ਹੀ
ਨਜਮਾਂ ਆਪੇ ਬਣ-ਜਾਵਣ
ਚਾਹੁੰਦੇ ਜਿੰਨਾ ਕਵਿਤਾ ਨੂੰ ਨੇ
ਪਾਠਕ ਤੈਨੂੰ ਐਨਾ ਚਾਹਵਣ।

                     :- 

Share this post

Leave a Reply

Your email address will not be published. Required fields are marked *