ਫੇਸਬੁੱਕ ਦੀ ਅਧਿਕਾਰੀ ਆਂਖੀ ਦਾਸ ਨੇ ਮੋਦੀ ਦਾ ਸਮਰਥਨ ਕਰਦਿਆਂ ਜਿੱਤ ‘ਚ ਕੀਤਾ ਸੀ ਸਹਿਯੋਗ : ਰਿਪੋਰਟ
ਨਵੀਂ ਦਿੱਲੀ : ਦੁਨੀਆ ਭਰ ਵਿਚ ਚੋਣਾਂ ਨੂੰ ਲੈ ਕੇ ਫੇਸਬੁੱਕ ਦੇ ਦਾਅਵਿਆਂ ‘ਤੇ ਲਗਾਤਾਰ ਸਵਾਲ ਉੱਠ ਰਹੇ ਹਨ ਅਤੇ ਇਸ ਨੂੰ ਲੈ ਕੇ ਕੰਪਨੀ ਦੇ ਭਾਰਤ ਦੇ ਦਫ਼ਤਰ ਵਿਚ ਕੰਮ ਕਰਨ ਵਾਲੀ ਇਕ ਅਧਿਕਾਰੀ ਦਾ ਨਾਮ ਸਭ ਤੋਂ ਜ਼ਿਆਦਾ ਵਾਰ-ਵਾਰ ਸਾਹਮਣੇ ਆ ਰਿਹਾ ਹੈ।
ਅਮਰੀਕੀ ਅਖ਼ਬਾਰ ਵਾੱਲ ਸਟਰੀਟ ਜਨਰਲ ਦੀ 30 ਅਗਸਤ ਨੂੰ ਪ੍ਰਕਾਸ਼ਤ ਇਕ ਰਿਪੋਰਟ ਅਨੁਸਾਰ ਭਾਰਤ ਵਿਚ ਫੇਸਬੁੱਕ ਦੀ ਦੱਖਣ ਅਤੇ ਮੱਧ ਏਸ਼ੀਆ ਇੰਚਾਰਜ ਦੀ ਪਾਲਸੀ ਨਿਰਦੇਸ਼ਕ ਆਂਖੀ ਦਾਸ ਦੇ ਦੇਸ਼ ਵਿਚ ਸੱਤਾਧਾਰੀ ਭਾਜਪਾ ਦੇ ਪ੍ਰਤੀ ਸਹਿਯੋਗੀ ਰਵੱਈਆ ਕੰਪਨੀ ਦੇ ਦ੍ਰਿੜਤਾ ਦੇ ਦਾਅਵਿਆਂ ਦੇ ਉਲਟ ਰਿਹਾ ਹੈ।
ਅਖ਼ਬਾਰ ਨੇ ਕੰਪਨੀ ਦੇ ਇਕ ਅੰਦਰੂਨੀ ਗਰੁੱਪ ਵਿਚ ਦਾਸ ਦੇ ਮੈਸੇਜ ਦੇ ਆਧਾਰ ‘ਤੇ ਦਾਅਵੇ ਕੀਤੇ ਹਨ।
ਰਿਪੋਰਟ ਅਨੁਸਾਰ 2014 ਵਿਚ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਅਤੇ ਨਰਿੰਦਰ ਮੋਦੀ ਦੇ ਸੱਤਾ ਵਿਚ ਆਉਣ ਤੋਂ ਇਕ ਦਿਨ ਪਹਿਲਾਂ ਦਾਸ ਨੇ ਕਿ ਮੈਸੇਜ ਵਿਚ ਲਿਖਿਆ, ‘ਅਸੀਂ ਉਨ੍ਹਾਂ ਦੇ ਸੋਸ਼ਲ ਮੀਡੀਆ ਅਭਿਆਨ ਵਿਚ ਕਮਾਲ ਕਰ ਦਿੱਤਾ ਹੈ ਅਤੇ ਬਾਕੀ ਸਭ ਤਾਂ ਇਤਿਹਾਸ ਹੈ।’
ਇਸ ਤੋਂ ਬਾਅਦ ਦਾਸ ਨੇ ਕਾਂਗਰਸ ਦੀ ਹਾਰ ‘ਤੇ ਇਕ ਹੋਰ ਮੈਸੇਜ ਵਿਚ ‘ਮਜ਼ਬੂਤ’ ਮੋਦੀ ਵਲੋਂ ਉਨ੍ਹਾਂ ਤੋਂ ਪਹਿਲਾਂ ਸੱਤਾਧਿਰ ਰਹੀ ਇਸ ਪਾਰਟੀ ਦੀ ਪਕੜ ਤੋੜਨ ਲਈ ਉਨ੍ਹਾਂ ਦੀ ਤਾਰੀਫ਼ ਕਰਦਿਆਂ ਦਾਸ ਨੇ ਲਿਖਿਆ, ‘ਸਟੇਟ ਸੋਸ਼ਲਿਜ਼ਮ ਤੋਂ ਭਾਰਤ ਨੂੰ ਮੁਕਤ ਹੋਣ ਵਿਚ ਤੀਹ ਸਾਲਾਂ ਦੀ ਜ਼ਮੀਨੀ ਮਿਹਨਤ ਲੱਗੀ।’ ਸਟੇਟ ਸੋਸ਼ਲਿਜ਼ਮ ਉਸ ਵਿਵਸਥਾ ਨੂੰ ਕਹਿੰਦੇ ਹਨ ਜਿੱਥੇ ਉਦਯੋਗ ਅਤੇ ਵੱਖ-ਵੱਖ ਸੇਵਾਵਾਂ ਸਰਕਾਰ ਅਧੀਨ ਹੁੰਦੀਆਂ ਹਨ।
ਰਿਪੋਰਟ ਵਿਚ 2012 ਤੋਂ 2014 ਦੌਰਾਨ ਦਾਸ ਵਲੋਂ ਕਰਮਚਾਰੀਆਂ ਵਾਲੇ ਗਰੁੱਪ ਵਿਚ ਕੀਤੇ ਗਏ ਸੰਦੇਸ਼ਾਂ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਹ ਗੱਲਾਂ ਫੇਸਬੁੱਕ ਵਲੋਂ ਦੁਨੀਆ ਭਰ ਦੀਆਂ ਚੋਣਾਂ ਵਿਚ ਦ੍ਰਿੜ੍ਹ ਰਹਿਣ ਦੇ ਦਾਅਵਿਆਂ ‘ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰਦੀਆਂ ਹਨ।
ਇਸ ਤਰ੍ਹਾਂ ਦੇ ਕਈ ਸਾਰੇ ਮੈਸੇਜ ਅਤੇ ਆਂਖੀ ਦਾਸ ਦੇ ਭਾਜਪਾ ਨਾਲ ਕਰੀਬੀ ਰਿਸ਼ਤੇ ਬਿਆਨ ਕਰਨ ਵਾਲੇ ਕਈ ਉਦਾਹਰਣ ਵਾੱਲ ਸਟਰੀਟ ਜਨਰਲ ਦੀ ਹਾਲੀਆ ਰਿਪੋਰਟ ਵਿਚ ਉਜਾਗਰ ਹੋਏ ਹਨ।