ਕੌਮੀ ਖੇਡ ਪੁਰਸਕਾਰ ਜਿੱਤਣ ਵਾਲੇ ਪੰਜਾਬੀ ਖਿਡਾਰੀ/ ਨਵਦੀਪ ਸਿੰਘ ਗਿੱਲ

ਭਾਰਤ ਸਰਕਾਰ ਵੱਲੋਂ ਹਰ ਸਾਲ 29 ਅਗਸਤ ਨੂੰ ਕੌਮੀ ਖੇਡ ਦਿਵਸ ਵਾਲੇ ਦਿਨ ਵੰਡੇ ਜਾਣ ਵਾਲੇ ਕੌਮੀ ਖੇਡ ਪੁਰਸਕਾਰਾਂ ਵਿੱਚ ਐਤਕੀਂ ਪੰਜਾਬ ਦੇ ਅੱਠ ਖਿਡਾਰੀਆਂ ਨੂੰ ਵੱਖ-ਵੱਖ ਪੁਰਸਕਾਰ ਮਿਲੇ। ਇਨ੍ਹਾਂ ਵਿੱਚੋਂ ਇਕ ਅਰਜੁਨਾ ਐਵਾਰਡ, ਛੇ ਧਿਆਨ ਚੰਦ ਐਵਾਰਡ ਤੇ ਇਕ ਤੈਨਜਿੰਗ ਨੌਰਗੇ ਐਵਾਰਡ ਜੇਤੂ ਹਨ। ਇਸ ਤੋਂ ਇਲਾਵਾ ਖੇਡਾਂ ਵਿੱਚ ਦੇਸ਼ ਦੀ ਸਰਵਉੱਚ ਯੂਨੀਵਰਸਿਟੀ ਨੂੰ ਸੌਂਪੀ ਜਾਣ ਵਾਲੀ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ ਵੀ ਪੰਜਾਬ ਦੇ ਹੀ ਵੱਕਾਰੀ ਤੇ ਵੱਡੀ ਸੰਸਥਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹਿੱਸੇ ਆਈ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ਇਸ ਵਾਰ ਖੇਡ ਪੁਰਸਕਾਰ ਵੰਡ ਸਮਾਰੋਹ ਰਾਸ਼ਟਰਪਤੀ ਭਵਨ ਦੀ ਬਜਾਏ ਵਰਚੁਅਲ ਹੋਇਆ। ਐਵਾਰਡ ਜੇਤੂਆਂ ਨੇ ਆਪੋ-ਆਪਣੀਆਂ ਜਗ੍ਹਾਂ ਉਤੇ ਆਨਲਾਈਨ ਇਹ ਐਵਾਰਡ ਹਾਸਲ ਕੀਤਾ।
ਅਕਾਸ਼ਦੀਪ ਸਿੰਘ: ਭਾਰਤੀ ਹਾਕੀ ਟੀਮ ਦੇ ਸਭ ਤੋਂ ਸਿਖਰਲੇ ਤੇ ਤਜ਼ਰਬੇਕਾਰ ਸਟਾਈਕਰ ਅਕਾਸ਼ਦੀਪ ਸਿੰਘ ਨੂੰ ਅਰਜੁਨਾ ਐਵਾਰਡ ਨਾਲ ਸਨਮਾਨਤ ਕੀਤਾ। ਤਰਨ ਤਾਰਨ ਜ਼ਿਲੇ ਦੇ ਪਿੰਡ ਵੈਰੋਵਾਲ ਦਾ ਅਕਾਸ਼ਦੀਪ ਸਿੰਘ ਪਿਛਲੇ 10 ਵਰ੍ਹਿਆਂ ਤੋਂ ਭਾਰਤੀ ਹਾਕੀ ਦੀ ਜਿੰਦਜਾਨ ਹੈ। ਅਕਾਸ਼ਦੀਪ ਸਿੰਘ ਨੇ ਹੁਣ ਤੱਕ 174 ਕੌਮਾਂਤਰੀ ਮੈਚ ਖੇਡਦਿਆਂ ਕੁੱਲ 47 ਗੋਲ ਕੀਤੇ ਹਨ। ਅਕਾਸ਼ਦੀਪ ਨੇ ਤਿੰਨ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਖੇਡਦਿਆਂ ਸੋਨੇ ਦਾ ਤਮਗਾ ਜਿੱਤਿਆ। ਇਕ ਸਾਲ ਉਹ ਬੈਸਟ ਖਿਡਾਰੀ ਵੀ ਐਲਾਨਿਆ ਗਿਆ। 2017 ਵਿੱਚ ਉਹ ਏਸ਼ੀਆ ਕੱਪ ਜਿੱਤਣ ਵਾਲੀ ਟੀਮ ਦਾ ਵੀ ਮੈਂਬਰ ਸੀ। ਅਕਾਸ਼ਦੀਪ 2014 ਵਿੱਚ ਇੰਚੇਓਨ ਏਸ਼ਿਆਈ ਖੇਡਾਂ ਵਿੱਚ ਸੋਨੇ ਦਾ ਤਮਗਾ ਅਤੇ 2018 ਵਿੱਚ ਜਕਾਰਤਾ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਟੀਮ ਦਾ ਅਹਿਮ ਮੈਂਬਰ ਸੀ। ਇਸੇ ਤਰ੍ਹਾਂ ਉਸ ਨੇ 2014 ਵਿੱਚ ਰਾਸ਼ਟਰਮੰਡਲ ਖੇਡਾਂ ਅਤੇ 2016 ਵਿੱਚ ਚੈਂਪੀਅਨਜ਼ ਟਰਾਫੀ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਅਕਾਸ਼ਦੀਪ ਸਿੰਘ ਨੇ 2016 ਵਿੱਚ ਰੀਓ ਓਲੰਪਿਕ ਖੇਡਾਂ ਅਤੇ 2018 ਵਿੱਚ ਵਿਸ਼ਵ ਕੱਪ ਵੀ ਖੇਡਿਆ। ਮੌਜੂਦਾ ਸਮੇਂ ਵੀ ਉਹ ਭਾਰਤੀ ਟੀਮ ਦੀ ਕੈਂਪ ਵਿੱਚ ਹੈ ਅਤੇ ਪੰਜਾਬ ਪੁਲਿਸ ਵਿੱਚ ਡੀ.ਐਸ.ਪੀ. ਲੱਗਿਆ ਹੈ।
ਕੁਲਦੀਪ ਸਿੰਘ ਭੁੱਲਰ: ਅਥਲੀਟ ਕੁਲਦੀਪ ਸਿੰਘ ਭੁੱਲਰ ਨੂੰ ਉਮਰ ਭਰ ਦੀਆਂ ਖੇਡ ਪ੍ਰਾਪਤੀਆਂ ਲਈ ਧਿਆਨ ਚੰਦ ਐਵਾਰਡ ਨਾਲ ਸਨਮਾਨਤ ਕੀਤਾ। ਬੀ.ਐਸ.ਐਫ. ਵਿੱਚੋਂ ਡਿਪਟੀ ਕਮਾਡੈਂਟ ਰਿਟਾਇਰ ਹੋਏ ਕੁਲਦੀਪ ਸਿੰਘ ਭੁੱਲਰ ਦਾ ਪਿੰਡ ਮੁਕਤਸਰ ਜ਼ਿਲੇ ਵਿੱਚ ਸਰਾਵਾਂ ਬੋਦਲਾ ਹੈ। ਡਿਸਕਸ ਥਰੋਅਰ ਕੁਲਦੀਪ ਸਿੰਘ ਨੇ 1982 ਦੀਆਂ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਮਗਾ, 1983 ਵਿੱਚ ਏਸ਼ੀਅਨ ਟਰੈਕ ਐਂਡ ਫੀਲਡ ਵਿੱਚ ਕਾਂਸੀ ਦਾ ਤਮਗਾ ਜਿੱਤਣ ਸਮੇਤ ਕੌਮਾਂਤਰੀ ਪੱਧਰ ‘ਤੇ ਸੱਤ ਤਮਗੇ ਜਿੱਤੇ ਹਨ। ਜੂਨੀਅਰ ਨੈਸ਼ਨਲ, ਆਲ ਇੰਡੀਆ ਇੰਟਰ ‘ਵਰਸਿਟੀ ਚੈਂਪੀਅਨ ਬਣਨ ਤੋਂ ਲੈ ਕੇ ਉਹ ਸੱਤ ਵਾਰ ਕੌਮੀ ਚੈਂਪੀਅਨ ਤੇ ਦੋ ਵਾਰ ਪੁਲਿਸ ਖੇਡਾਂ ਦਾ ਚੈਂਪੀਅਨ ਬਣਿਆ। ਉਸ ਨੇ ਕੌਮੀ ਪੱਧਰ ‘ਤੇ ਕੁੱਲ 32 ਤਮਗੇ ਜਿੱਤੇ ਹਨ। 1984 ਵਿੱਚ ਉਸ ਨੇ ਜਰਮਨੀ ਵਿਖੇ ਟਰਾਇਲਾਂ ਦੌਰਾਨ ਉਸ ਨੇ ਆਪਣੇ ਖੇਡ ਜੀਵਨ ਦੀ ਸਭ ਤੋਂ ਵੱਡੀ ਥਰੋਅ 56.34 ਮੀਟਰ ਸੁੱਟੀ। ਕੌਮਾਂਤਰੀ ਪੱਧਰ ‘ਤੇ ਕੁਲਦੀਪ ਨੇ ਆਖਰੀ ਪ੍ਰਾਪਤੀ 1986 ਵਿੱਚ ਖੱਟੀ ਜਦੋਂ ਦਿੱਲੀ ਵਿਖੇ ਹੋਈ ਛੇ ਮੁਲਕਾਂ ਦੀ ਇੰਟਰ ਨੈਸ਼ਨਲ ਮੀਟ ਵਿੱਚ ਉਸ ਨੇ ਸੋਨੇ ਦਾ ਤਮਗਾ ਜਿੱਤਿਆ।
ਅਜੀਤ ਸਿੰਘ: ਅਜੀਤ ਸਿੰਘ ਨੂੰ ਹਾਕੀ ਖੇਡ ਵਿੱਚ ਭਾਰਤੀ ਟੀਮ ਦਾ ਲੰਬਾ ਸਮਾਂ ਸੇਵਾ ਕਰਨ ਲਈ ਧਿਆਨ ਚੰਦ ਐਵਾਰਡ ਦਿੱਤਾ। ਅਜੀਤ ਸਿੰਘ ਨੂੰ ਇਹ ਪੁਰਸਕਾਰ ਮਿਲਣ ਨਾਲ ਫਿਰੋਜ਼ਪੁਰ ਦੇ ਹਾਕੀ ਨੂੰ ਸਮਰਪਿਤ ਇਸ ਪਰਿਵਾਰ ਨੂੰ ਇਹ ਤੀਜਾ ਸਨਮਾਨ ਮਿਲਿਆ। ਇਸ ਤੋਂ ਪਹਿਲਾਂ ਅਜੀਤ ਸਿੰਘ ਦੇ ਵੱਡੇ ਭਰਾ ਓਲੰਪੀਅਨ ਹਰਮੀਕ ਸਿੰਘ ਤੇ ਪੁੱਤਰ ਓਲੰਪੀਅਨ ਗਗਨ ਅਜੀਤ ਸਿੰਘ ਨੂੰ ਅਰਜੁਨਾ ਐਵਾਰਡ ਨਾਲ ਸਨਮਾਨਿਆ ਜਾ ਚੁੱਕਾ ਹੈ। ਅਜੀਤ ਸਿੰਘ 1972 ਦੀਆਂ ਮਿਊਨਿਖ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਮਗਾ ਅਤੇ 1973 ਵਿੱਚ ਐਮਸਟਰਡਮ ਵਿਖੇ ਹੋਏ ਵਿਸ਼ਵ ਕੱਪ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਅਹਿਮ ਮੈਂਬਰ ਸੀ। 1974 ਵਿੱਚ ਉਸ ਨੇ ਤਹਿਰਾਨ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਮਗਾ ਵੀ ਜਿੱਤਿਆ। 1976 ਦੀਆਂ ਮਾਂਟਰੀਅਲ ਓਲੰਪਿਕ ਖੇਡਾਂ ਦੇ ਪਹਿਲੇ ਹੀ ਮੈਚ ਵਿੱਚ ਅਰਜਨਟੀਨਾ ਖਿਲਾਫ 15ਵੇਂ ਸਕਿੰਟ ਵਿੱਚ ਗੋਲ ਕਰਕੇ ਅਜੀਤ ਸਿੰਘ ਨੇ ਸਭ ਤੋਂ ਤੇਜ ਗੋਲ ਕਰਨ ਦਾ ਰਿਕਾਰਡ ਬਣਾਇਆ ਜੋ ਹੁਣ ਵੀ ਉਸ ਦੇ ਨਾਂ ਦਰਜ ਹੈ। ਰੇਲਵੇ ਵੱਲੋਂ ਖੇਡਣ ਵਾਲੇ ਅਜੀਤ ਸਿੰਘ ਨੇ ਲਗਾਤਾਰ ਚਾਰ ਸਾਲ ਆਪਣੀ ਟੀਮ ਨੂੰ ਕੌਮੀ ਚੈਂਪੀਅਨ ਬਣਾਇਆ। ਦੋ ਵਾਰ ਉਪ ਜੇਤੂ ਰਿਹਾ। ਪਿਛਲੇ 20 ਸਾਲਾਂ ਤੋਂ ਉਹ ਫਿਰੋਜ਼ਪੁਰ ਵਿਖੇ ਸ਼ੇਰਸ਼ਾਹ ਵਾਲੀ ਹਾਕੀ ਅਕੈਡਮੀ ਚਲਾ ਰਹੇ ਹਨ ਜਿੱਥੇ ਨਵੀਂ ਉਮਰ ਦੇ ਖਿਡਾਰੀਆਂ ਨੂੰ ਤਿਆਰ ਕੀਤਾ ਜਾਂਦਾ ਹੈ।
ਮਨਜੀਤ ਸਿੰਘ: ਮਨਜੀਤ ਸਿੰਘ ਰੋਇੰਗ ਖੇਡ ਵਿੱਚ ਦੇਸ਼ ਦਾ ਚਮਕਦਾ ਸਿਤਾਰਾ ਹੈ। ਮਨਜੀਤ ਨੂੰ ਖੇਡ ਵਿੱਚ ਪ੍ਰਾਪਤੀਆਂ ਬਦਲੇ ਧਿਆਨ ਚੰਦ ਐਵਾਰਡ ਨਾਲ ਸਨਮਾਨਤ ਕੀਤਾ। ਫਿਰੋਜ਼ਪੁਰ ਜ਼ਿਲੇ ਦੀ ਤਹਿਸੀਲ ਗੁਰੂ ਹਰਸਹਾਏ ਦੇ ਪਿੰਡ ਈਸਾ ਪੰਜਗਰਾਈਂ ਦਾ ਮਨਜੀਤ ਸਿੰਘ ਭਾਰਤੀ ਸੈਨਾ ਵਿੱਚ ਸੂਬੇਦਾਰ ਰੈਂਕ ‘ਤੇ ਤਾਇਨਾਤ ਹੈ। ਮਨਜੀਤ ਸਿੰਘ ਨੇ ਦੋ ਓਲੰਪਿਕ ਖੇਡਾਂ (ਬੀਜਿੰਗ-2008 ਤੇ ਲੰਡਨ-2012) ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤਾ। ਮਨਜੀਤ ਨੇ 2010 ਵਿੱਚ ਗੁਆਂਗਜ਼ੂ ਏਸ਼ਿਆਈ ਖੇਡਾਂ ਵਿੱਚ ਦੋ ਚਾਂਦੀ ਦੇ ਤਮਗੇ ਜਿੱਤੇ। 2006 ਵਿੱਚ ਕੋਲੰਬੋ ਵਿਖੇ ਸੈਫ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ। ਉਹ ਹੁਣ ਤੱਕ ਤਿੰਨ ਸੀਨੀਅਰ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ਮੁਕਾਬਲਿਆਂ ਵਿੱਚ 3 ਚਾਂਦੀ ਤੇ 2 ਕਾਂਸੀ ਦੇ ਤਮਗੇ ਅਤੇ ਇਕ ਜੂਨੀਅਰ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ਵਿੱਚ 2 ਚਾਂਦੀ ਦੇ ਤਮਗੇ ਜਿੱਤੇ ਹਨ। ਮਨਜੀਤ ਨੇ ਕੌਮੀ ਖੇਡਾਂ ਵਿੱਚ 3 ਸੋਨੇ, 2 ਚਾਂਦੀ ਤੇ ਇਕ ਕਾਂਸੀ ਦਾ ਤਮਗਾ ਜਿੱਤਿਆ। ਇਸ ਤੋਂ ਇਲਾਵਾ ਕੌਮੀ ਚੈਂਪੀਅਨਸ਼ਿਪ ਵਿੱਚ ਇਕ-ਇਕ ਚਾਂਦੀ ਤੇ ਕਾਂਸੀ ਦਾ ਤਮਗਾ ਜਿੱਤਿਆ ਹੈ। ਜੂਨੀਅਰ ਨੈਸ਼ਨਲ ਪੱਧਰ ‘ਤੇ ਉਸ ਨੇ 4 ਸੋਨੇ ਤੇ ਇਕ ਚਾਂਦੀ ਦਾ ਤਮਗਾ ਜਿੱਤਿਆ ਹੈ।
ਮਨਪ੍ਰੀਤ ਸਿੰਘ ਮਾਨਾ: ਨੈਸ਼ਨਲ ਸਟਾਈਲ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਮਾਨਾ ਨੂੰ ਵੀ ਧਿਆਨ ਚੰਦ ਐਵਾਰਡ ਨਾਲ ਸਨਮਾਨਤ ਕੀਤਾ। ਮੁਹਾਲੀ ਜ਼ਿਲੇ ਦੇ ਲਾਲੜੂ ਕਸਬੇ ਨੇੜੇ ਮੀਰਪੁਰ ਦੇ ਵਸਨੀਕ ਮਨਪ੍ਰੀਤ ਨੇ ਲਗਾਤਾਰ ਦੋ ਵਾਰ ਏਸ਼ਿਆਈ ਖੇਡਾਂ (ਬੁਸਾਨ-2002 ਤੇ ਦੋਹਾ-2006) ਵਿੱਚ ਸੋਨੇ ਦਾ ਤਮਗਾ ਜਿੱਤਿਆ। 2000 ਵਿੱਚ ਉਸ ਨੇ ਕੋਲੰਬੋ ਵਿਖੇ ਏਸ਼ੀਆ ਕੱਪ ਜਿੱਤਿਆ। ਮਨਪ੍ਰੀਤ ਨੇ ਪੰਜਾਬ ਦੀ ਟੀਮ ਵੱਲੋਂ ਖੇਡਦਿਆਂ 2004 ਵਿੱਚ ਪਹਿਲੀਆਂ ਚੜ੍ਹਦੇ ਤੇ ਲਹਿੰਦੇ ਪੰਜਾਬ (ਹਿੰਦ-ਪਾਕਿ ਪੰਜਾਬ) ਖੇਡਾਂ ਵਿੱਚ ਵੀ ਸੋਨੇ ਦਾ ਤਮਗਾ ਜਿੱਤਿਆ ਸੀ। ਓ.ਐਨ.ਜੀ.ਸੀ. ਵਿਖੇ ਨੌਕਰੀ ਕਰਦਾ ਮਨਪ੍ਰੀਤ ਪ੍ਰੋ. ਕਬੱਡੀ ਲੀਗ ਵਿੱਚ ਉਹ ਪਟਨਾ ਪਾਇਰਟਸ ਵੱਲੋਂ ਖੇਡਦਾ ਹੈ।
ਲੱਖਾ ਸਿੰਘ: ਲੁਧਿਆਣਾ ਜ਼ਿਲੇ ਦੇ ਪਿੰਡ ਬੁਰਜ ਲਿੱਟਾ ਦਾ ਲੱਖਾ ਸਿੰਘ ਲਾਈਟ ਹੈਵੀ ਵੇਟ ਮੁੱਕੇਬਾਜ਼ ਹੈ ਜਿਸ ਨੂੰ ਇਸ ਸਾਲ ਉਮਰ ਭਰ ਦੀਆਂ ਖੇਡ ਪ੍ਰਾਪਤੀਆਂ ਬਦਲੇ ਧਿਆਨ ਚੰਦ ਐਵਾਰਡ ਨਾਲ ਸਨਮਾਨਿਆ ਗਿਆ। ਲੱਖਾ ਸਿੰਘ ਨੇ 1994 ਦੀਆਂ ਹੀਰੋਸ਼ੀਮਾ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਤਹਿਰਾਨ ਵਿਖੇ ਹੋਈ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਵੀ ਉਸ ਨੇ ਕਾਂਸੀ ਦਾ ਤਮਗਾ ਜਿੱਤਿਆ। 1995 ਵਿੱਚ ਸਿਓਲ ਕੱਪ ਜਿੱਤਿਆ। 1996 ਦੀਆਂ ਐਟਲਾਂਟਾ ਓਲੰਪਿਕ ਖੇਡਾਂ ਵਿੱਚ ਉਸ ਨੇ ਭਾਰਤ ਦੀ ਪ੍ਰਤੀਨਿਧਤਾ ਕੀਤਾ। ਉਹ ਪੰਜ ਵਾਰ ਨੈਸ਼ਨਲ ਚੈਂਪੀਅਨ ਰਿਹਾ।
ਸੁਖਵਿੰਦਰ ਸਿੰਘ: ਭਾਰਤੀ ਫੁਟਬਾਲ ਤੇ ਜੇ.ਸੀ.ਟੀ. ਦੀ ਰੂਹ-ਏ-ਰਵਾਂ ਰਹੇ ਸੁਖਵਿੰਦਰ ਸਿੰਘ ਨੂੰ ਉਮਰ ਭਰ ਨਿਭਾਈਆਂ ਸੇਵਾਵਾਂ ਬਦਲੇ ਧਿਆਨ ਚੰਦ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਹ ਐਵਾਰਡ ਹਾਸਲ ਕਰਨ ਵਾਲੇ ਉਹ ਤੀਜੇ ਭਾਰਤੀ ਫੁਟਬਾਲਰ ਹਨ। ਸੁਖਵਿੰਦਰ ਸਿੰਘ ਜਦੋਂ ਭਾਰਤੀ ਫੁਟਬਾਲ ਟੀਮ ਦੇ ਕੋਚ ਸਨ ਤਾਂ ਭਾਰਤੀ ਟੀਮ ਪਿਛਲੇ ਤਿੰਨ ਦਹਾਕਿਆਂ ਦੇ ਸਮੇਂ ਵਿੱਚ ਆਪਣੇ ਸਰਵੋਤਮ ਸਥਾਨ ‘ਤੇ ਸੀ। ਉਨ੍ਹਾਂ ਦੀ ਕੋਚਿੰਗ ਹੇਠ ਭਾਰਤੀ ਸੀਨੀਅਰ ਟੀਮ ਤੇ ਅੰਡਰ-23 ਦੋਵਾਂ ਟੀਮਾਂ ਨੇ ਸੈਫ ਚੈਂਪੀਅਨਸ਼ਿਪ ਜਿੱਤੀ। ਕੌਮੀ ਫੁਟਬਾਲ ਲੀਗ ਵਿੱਚ ਜੇ.ਸੀ.ਟੀ. ਨੇ ਪਹਿਲੇ ਹੀ ਸਾਲ 1995 ਵਿੱਚ ਸੁਖਵਿੰਦਰ ਸਿੰਘ ਕੋਚਿੰਗ ਹੇਠ ਆਪਣਾ ਪਲੇਠਾ ਤੇ ਇਕਲੌਤਾ ਖਿਤਾਬ ਜਿੱਤਿਆ। ਜੇ.ਸੀ.ਟੀ. ਨੇ ਦੋ ਵਾਰ ਫੈਡਰੇਸ਼ਨ ਕੱਪ, ਆਈ.ਐਫ.ਏ. ਸ਼ੀਲਡ ਕੱਪ ਤੇ ਦੋ ਵਾਰ ਗੁਰਦਰਸ਼ਨ ਮੈਮੋਰੀਅਲ ਟੂਰਨਾਮੈਂਟ ਜਿੱਤਿਆ। ਕੌਮੀ ਪੱਧਰ ‘ਤੇ ਉਨ੍ਹਾਂ ਚਰਚਿਲ ਬ੍ਰਦਰਜ਼ ਦੀ ਵੀ ਕੋਚਿੰਗ ਕੀਤੀ।
ਕਰਨਲ ਸਰਫਰਾਜ਼ ਸਿੰਘ: ਪਰਵਤਾਰੋਹੀ ਕਰਨਲ ਸਰਫਰਾਜ਼ ਸਿੰਘ ਨੂੰ ਐਡਵੈਂਚਰ ਕੈਟੇਗਰੀ ਵਿੱਚ ਤੈਨਜਿੰਗ ਨੌਰਗੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਕਰਨਲ ਸਰਫਰਾਜ਼ ਸਿੰਘ ਦੇ ਪਿਤਾ ਹਾਕੀ ਓਲੰਪੀਅਨ ਕਰਨਲ ਬਲਬੀਰ ਸਿੰਘ ਹਨ ਜਿਨ੍ਹਾਂ ਦਾ ਪਿੰਡ ਹਾਕੀ ਦਾ ਮੱਕਾ ਸੰਸਾਰਪੁਰ ਹੈ। ਬਲਬੀਰ ਸਿੰਘ ਕੁਲਾਰ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਮਗਾ ਅਤੇ ਏਸ਼ਿਆਈ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤ ਚੁੱਕੇ ਹਨ। ਭਾਰਤੀ ਹਾਕੀ ਟੀਮ ਦੇ ਸਾਬਕਾ ਕੋਚ ਦੇ ਪੁੱਤਰ ਕਰਨਲ ਸਰਫਰਾਜ਼ ਸਿੰਘ ਦਿਰਾਂਗ (ਅਰੁਣਾਂਚਲ ਪ੍ਰਦੇਸ਼) ਸਥਿਤ ਨੈਸ਼ਨਲ ਇੰਸਟੀਚਿਊਟ ਆਫ ਮਾਊਂਟੇਨੀਅਰਿੰਗ ਐਂਡ ਅਲਾਈਡ ਸਪੋਰਟਸ (ਐਨ.ਆਈ.ਐਮ.ਏ.ਐਸ.) ਦਾ ਪਹਿਲਾ ਡਾਇਰੈਕਟਰ ਹੈ। ਦੁਨੀਆਂ ਦੀ ਸਭ ਤੋਂ ਉਚੀ ਚੋਟੀ ਮਾਊਂਟ ਐਵਰੈਸਟ ਸਰ ਕਰਨ ਵਾਲੇ ਕਰਨਲ ਸਰਫਰਾਜ਼ ਸਿੰਘ ਨੇ ਫਰੀ ਫਾਲ, ਸਕੂਬਾ ਡਾਈਵਿੰਗ, ਸਕਾਈ ਡਾਈਵਿੰਗ, ਰਾਫਟਿੰਗ ਸਣੇ ਕਈ ਐਡਵੈਂਚਰ ਕੀਤੇ ਹਨ। ਕਰਨਲ ਸਰਫਰਾਜ਼ ਸਿੰਘ ਨੇ ਦੁਨੀਆਂ ਦੀ ਹਰ ਸਿਖਰਲੀ ਚੋਟੀ ਸਰ ਕੀਤੀ ਹੈ ਜਿਨ੍ਹਾਂ ਵਿੱਚ ਮਾਊਂਟ ਨਨ, ਮਾਊਂਟ ਤ੍ਰਿਸ਼ੂਲ, ਮਾਊਂਟ ਐਕਨਕਾਗੂਆ (ਅਰਜਨਟੀਨਾ), ਮਾਊਂਟ ਗੋਰੀਚੇਨ, ਮਾਊਂਟ ਐਲਬਰਸ (ਰੂਸ), ਮਾਊਂਟ ਕਿਲੀਮੰਜਾਰੋ (ਤਨਜ਼ਾਨੀਆ), ਮਾਊਂਟ ਹਰਮੁੱਖ, ਮਾਊਂਟ ਸਟੋਕ ਕਾਂਗੜੀ, ਮਾਊਂਟ ਮਾਰਗਰੀਟਾ (ਰੁਵੇਨਜ਼ੋਰੀ ਪਹਾੜੀਆਂ-ਕਾਂਗੋ), ਮਾਊਂਟ ਲੋਬੂਚੇ (ਨੇਪਾਲ) ਅਤੇ ਮਾਊਂਟ ਵਿਸਾਖੀ ਪ੍ਰਮੱਖ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਨੈਸ਼ਨਲ ਐਡਵੈਂਚਰ ਐਵਾਰਡ ਵੀ ਹਾਸਲ ਹੈ। ਦੋਵੇਂ ਕਰਨਲ ਪਿਓ-ਪੁੱਤਰ ਆਰਮੀ ਚੀਫ ਪ੍ਰਸੰਸਾ ਪੱਤਰ ਤੇ ਆਰਮੀ ਕਮਾਂਡਰ ਪ੍ਰਸੰਸਾ ਪੱਤਰ ਹਾਸਲ ਕਰ ਚੁੱਕੇ ਹਨ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਲਗਾਤਾਰ ਦੂਜੇ ਸਾਲ ਮਾਕਾ ਟਰਾਫੀ ਜਿੱਤੀ। ਪੰਜਾਬ ਯੂਨੀਵਰਸਿਟੀ ਤਰਫੋਂ ਇਹ ਟਰਾਫੀ ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ ਤੇ ਖੇਡ ਡਾਇਰੈਕਟਰ ਪਰਮਿੰਦਰ ਸਿੰਘ ਨੇ ਹਾਸਲ ਕੀਤੀ। ਪੰਜਾਬ ਯੂਨੀਵਰਸਿਟੀ ਦਾ ਦਾਇਰਾ ਪੰਜਾਬ ਦੇ ਲੁਧਿਆਣਾ, ਮੋਗਾ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ ਜ਼ਿਲ੍ਹਿਆਂ ਵਿੱਚ ਹੈ ਅਤੇ ਇਹ ਮਾਣਮੱਤੀ ਪ੍ਰਾਪਤੀ ਨੇ ਪੰਜਾਬ ਦੀਆਂ ਖੇਡ ਪ੍ਰਾਪਤੀਆਂ ਨੂੰ ਹੋਰ ਚਾਰ ਚੰਨ ਲਾਏ ਹਨ। ਮਾਕਾ ਟਰਾਫੀ ‘ਤੇ ਕਬਜ਼ਾ ਜ਼ਿਆਦਾਤਾਰ ਪੰਜਾਬ ਦੀਆਂ ਹੀ ਯੂਨੀਵਰਸਿਟੀਆਂ ਦਾ ਰਿਹਾ ਹੈ। ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ ਨੇ ਪਿਛਲੇ 64 ਵਰ੍ਹਿਆਂ ਵਿੱਚ ਕੁੱਲ 45 ਵਾਰ ਇਹ ਟਰਾਫੀ ਜਿੱਤੀ ਹੈ। ਸਭ ਤੋਂ ਵੱਧ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ 21 ਵਾਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 15 ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 9 ਵਾਰ ਇਹ ਟਰਾਫੀ ਜਿੱਤੀ ਹੈ। ਪਿਛਲੇ 30 ਸਾਲਾਂ (1990 ਤੋਂ ਬਾਅਦ) ਤੋਂ ਪੰਜਾਬ ਦੀਆਂ ਤਿੰਨੇ ਯੂਨੀਵਰਸਿਟੀਆਂ ਵਿੱਚੋਂ ਕੋਈ ਇਕ ਯੂਨੀਵਰਸਿਟੀ ਇਹ ਟਰਾਫੀ ਜਿੱਤਦੀ ਆ ਰਹੀ ਹੈ।
ਪੰਜਾਬ ਦੇ ਮੁੱਖ ਮੰਤਰੀ ਤੇ ਖੇਡ ਮੰਤਰੀ ਨੇ ਦਿੱਤੀ ਮੁਬਾਰਕਬਾਦ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸਾਰੇ ਐਵਾਰਡ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ। ਖੇਡ ਮੰਤਰੀ ਨੇ ਤਾਂ ਇਹ ਵੀ ਐਲਾਨ ਕੀਤਾ ਕਿ ਖੇਡ ਵਿਭਾਗ ਵੱਲੋਂ ਉਚੇਚੇ ਤੌਰ ‘ਤੇ ਸਾਰੇ ਐਵਾਰਡ ਜੇਤੂ ਪੰਜਾਬੀ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।