fbpx Nawidunia - Kul Sansar Ek Parivar

‘ਇਹ ਹਨ ਇਲਜ਼ਾਮ ਮੇਰੇ ਸਿਰ’/ ਰਾਜਿੰਦਰ ਪਰਦੇਸੀ

ਗ਼ਜ਼ਲ    

ਮੈਂ ਸੂਰਜ ਚਾੜਿਆ, ਚੰਨ ਪਕੜਿਆ, ਚਾਨਣ ਉਦੈ ਕਰਿਆ, ਇਹ ਹਨ ਇਲਜ਼ਾਮ ਮੇਰੇ ਸਿਰ,
ਦਿਨਾਂ ਤੋਂ ਹਾਦਸੇ ਲੈ ਲੈ ਕੇ ਰਾਤਾਂ ਤੋਂ ਨਹੀਂ ਡਰਿਆ, ਇਹ ਹਨ ਇਲਜ਼ਾਮ ਮੇਰੇ ਸਿਰ

ਇਹ ਹਨ ਇਲਜ਼ਾਮ ਮੇਰੇ ਸਿਰ, ਮੈਂ ਘਰ ਦੇ ਸ਼ੀਸ਼ਿਆਂ ਕੋਲੋਂ ਕਰਾਇਐ ਕਤਲ ਅਕਸ ਅਪਣਾ,
ਲਹੂ ਦਾ ਇਕ ਵੀ ਅੱਥਰੂ ਪਰ ਕਿਸੇ ਸ਼ੀਸ਼ੇ ‘ਚੋਂ ਨਾ ਝਰਿਆ, ਇਹ ਹਨ ਇਲਜ਼ਾਮ ਮੇਰੇ ਸਿਰ

ਇਹ ਹਨ ਇਲਜ਼ਾਮ ਮੇਰੇ ਸਿਰ, ਮੈਂ ਕੰਧਾਂ ਨੂੰ ਖਫ਼ਾ ਕੀਤਾ ਕਿਸੇ ਤਸਵੀਰ ਨੂੰ ਲਾਹ ਕੇ,
ਇਹ ਸਦਮਾ ਸਰਦਲਾਂ ਕੋਲੋਂ ਤੇ ਨਾ ਛੱਤ ਹੋ ਗਿਆ ਜਰਿਆ, ਇਹ ਹਨ ਇਲਜ਼ਾਮ ਮੇਰੇ ਸਿਰ

ਇਹ ਹਨ ਇਲਜ਼ਾਮ ਮੇਰੇ ਸਿਰ,ਮੈਂ ਅਪਣੀ ਰਤ ਵੀ ਪੀ ਪੀ ਕੇ ਬੁਝਾ ਸਕਿਆ ਨਾ ਪਿਆਸ ਅਪਣੀ,
ਤੇ ਬੇ-ਸਿਰਿਆਂ ਦੀ ਬਸਤੀ ਵਿਚ ਤਲੀ ‘ਤੇ ਸੀਸ ਹੈ ਧਰਿਆ, ਇਹ ਹਨ ਇਲਜ਼ਾਮ ਮੇਰੇ ਸਿਰ

ਇਹ ਹਨ ਇਲਜ਼ਾਮ ਮੇਰੇ ਸਿਰ, ਨਹੀਂ ਮੈਂ ਉਮਰ ਭਰ ਸੁੱਤਾ ਤੇ ਨਾ ਤਾਰੇ ਹੀ ਗਿਣ ਸਕਿਆ,
ਘੁਰਾੜੇ ਮਾਰਦੇ ਲੋਕਾਂ ‘ਚ ਮੇਰਾ ਕਿਉਂ ਨਹੀਂ ਸਰਿਆ, ਇਹ ਹਨ ਇਲਜ਼ਾਮ ਮੇਰੇ ਸਿਰ

ਇਹ ਹਨ ਇਲਜ਼ਾਮ ਮੇਰੇ ਸਿਰ,ਸਮੇਂ ਦੇ ਹਾਕਮਾਂ ਸੰਗ ਆਢਾ ਜੇ ਲਾਇਆ ਤਾਂ ਕਿਉਂ ਲਾਇਆ,
ਗਿਆ ਮੈਂ ਵੱਢਿਆ ਤੇ ਟੁੱਕਿਆ ਹੌਕਾ ਨਹੀਂ ਭਰਿਆ, ਇਹ ਹਨ ਇਲਜ਼ਾਮ ਮੇਰੇ ਸਿਰ

ਇਹ ਹਨ ਇਲਜ਼ਾਮ ਮੇਰੇ ਸਿਰ, ਨਾ ਬਣਿਆ ਥਾਲ ਪੂਜਾ ਦਾ ਨਾ ਸ਼ਾਮਲ ਆਰਤੀ ਹੋਇਆ,
ਪੁਜਾਰੀ ਦਾ ਮੈਂ ਅਪਣਾ ਫ਼ਰਜ਼ ਪੂਰਾ ਫੇਰ ਵੀ ਕਰਿਆ, ਇਹ ਹਨ ਇਲਜ਼ਾਮ ਮੇਰੇ ਸਿਰ

ਇਹ ਹਨ ਇਲਜ਼ਾਮ ਮੇਰੇ ਸਿਰ, ਮੈਂ ਨਕਲੀ ਹਾਸਿਆਂ ਉਹਲੇ ਲੁਕਾਏ ਅੱਥਰੂ ਅਸਲੀ,
ਮਗਰ ਉਹਨਾਂ ਨੂੰ ਖ਼ੁਸ਼ੀਆਂ ਨਾਲ ਮਾਲਾਮਾਲ ਹੈ ਕਰਿਆ, ਇਹ ਹਨ ਇਲਜ਼ਾਮ ਮੇਰੇ ਸਿਰ

ਇਹ ਹਨ ਇਲਜ਼ਾਮ ਮੇਰੇ ਸਿਰ,ਨਾ ਤੇਰਾ ਘਰ ਨਾ ਪਿੰਡ ਗਲ਼ੀਆਂ ਨਾ ਤੇਰੇ ਲੋਕ ‘ਪਰਦੇਸੀ’
ਇਨ੍ਹਾਂ ਲੋਕਾਂ ਦੀ ਬਣ ਧੂਣੀ, ਰਿਹੈਂ ਖੁਦ ਉਮਰ ਭਰ ਠਰਿਆ, ਇਹ ਹਨ ਇਲਜ਼ਾਮ ਮੇਰੇ ਸਿਰ

ਈ-ਮੇਲ rajinder.pardesi7@gmail.com
ਫੋਨ-  +91 9780213351

Share this post

Leave a Reply

Your email address will not be published. Required fields are marked *