ਸਾਹਿਤਕ ਮੈਗਜ਼ੀਨ ਸਿਰਜਣਾ ਦੀ ਡਿਜੀਟਲ ਆਰਕਾਈਵ ਦੀ ਆਨਲਾਈਨ ਸ਼ੁਰੂਆਤ

ਅੱਧੀ ਸਦੀ ਤੋਂ ਵੱਧ ਸਮੇਂ ਤੋਂ ਡਾ: ਰਘਬੀਰ ਸਿੰਘ ਦੀ ਸੰਪਾਦਕੀ ਹੇਠ ਲਗਾਤਾਰ ਛਪਣ ਵਾਲੇ ਪੰਜਾਬੀ ਦੇ ਤ੍ਰੈਮਾਸਕ ਮੈਗਜ਼ੀਨ ਸਿਰਜਣਾ ਦੀ ਡਿਜੀਟਲ ਆਰਕਾਈਵ 7 ਸਤੰਬਰ 2020 ਤੋਂ ਆਨਲਾਈਨ ਸ਼ੁਰੂ ਹੋ ਗਈ ਹੈ। ਸਿਰਜਣਾ ਦਾ ਪਹਿਲਾ ਅੰਕ ਅਗਸਤ 1965 ਵਿੱਚ ਛਪਿਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਦੇ 196 ਅੰਕ ਨਿਕਲ ਚੁੱਕੇ ਹਨ।

ਸਿਰਜਣਾ ਨੂੰ ਛਾਪਣ ਪਿੱਛੇ ਕੰਮ ਕਰਦੇ ਮਕਸਦ ਬਾਰੇ ਡਾ: ਰਘਬੀਰ ਸਿੰਘ ਲਿਖਦੇ ਹਨ ਕਿ ਸਿਰਜਣਾ ਸਾਹਵੇਂ ਇਹ ਗੱਲ ਹਮੇਸ਼ਾਂ ਸਪਸ਼ਟ ਰਹੀ ਹੈ ਕਿ “ਸਾਹਿਤ-ਰਚਨਾ ਨੂੰ ਸੁਹਜ ਤੇ ਕਲਾ ਦੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ ਨਾਲ ਜੀਵਨ ਦੀ ਡੂੰਘੀ ਤੇ ਅਰਥਪੂਰਨ ਸਮਝ ਪ੍ਰਦਾਨ ਕਰਨ ਦਾ ਵਾਹਨ ਬਣਨਾ ਚਾਹੀਦਾ ਹੈ।” ਇਸ ਕਰਕੇ ਹੀ ਆਪਣੀ ਅੱਧੀ ਸਦੀ ਤੋਂ ਵੱਧ ਲੰਮੇ ਸਫਰ ਦੌਰਾਨ ਸਿਰਜਣਾ ਪ੍ਰਗਤੀਵਾਦੀ ਅਤੇ ਮਾਨਵਵਾਦੀ ਪੰਜਾਬੀ ਸਾਹਿਤ ਦੇ ਅਦਾਨ ਪ੍ਰਦਾਨ  ਲਈ ਇਕ ਕੀਮਤੀ ਅਤੇ ਬਹੁਤ ਹੀ ਜ਼ਰੂਰੀ ਮੰਚ ਪ੍ਰਦਾਨ ਕਰਦਾ ਆਇਆ ਹੈ।

ਇਸ ਆਰਕਾਈਵ ਵਿੱਚ ਸਿਰਜਣਾ ਦੇ ਸੰਨ 2017 ਤੱਕ ਛਪੇ ਅੰਕ (ਪਹਿਲੇ ਸਾਲਾਂ ਦੇ ਕੁੱਝ ਅੰਕਾਂ ਨੂੰ ਛੱਡ ਕੇ) ਅਤੇ ਉਨ੍ਹਾਂ ਅੰਕਾਂ ਵਿੱਚ ਛਪੀਆਂ ਲਿਖਤਾਂ ਦੀ ਸੂਚੀ ਦਿੱਤੀ ਗਈ ਹੈ। ਇਸ ਦੇ ਨਤੀਜੇ ਵੱਜੋਂ ਹੁਣ ਸਿਰਜਣਾ ਦੇ ਇਹ ਅੰਕ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਵਸਦੇ ਪੰਜਾਬੀ ਪਾਠਕ ਨੂੰ ‘ਮਾਊਸ’ ਦੇ ਇਕ ਕਲਿੱਕ ਨਾਲ ਪ੍ਰਾਪਤ ਹੋ ਸਕੇਣਗੇ। ਸਿਰਜਣਾ ਦੇ ਹਰ ਅੰਕ ਵਿੱਚ ਛਪੀਆਂ ਲਿਖਤਾਂ ਦੀ ਸੂਚੀ ਇਸ ਆਰਕਾਈਵ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਇੱਛਤ ਨੂੰ ਸਮੱਗਰੀ ਨੂੰ ਲੱਭਣਾ ਸੌਖਾ ਬਣਾਵੇਗੀ।

ਇਹ ਆਰਕਾਈਵ ਕੈਨੇਡਾ ਵਸਦੇ ਪੰਜਾਬੀ ਲੇਖਕ ਸੁਖਵੰਤ ਹੁੰਦਲ ਨੇ ਤਿਆਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ “ਪਿਛਲੇ 55 ਸਾਲਾਂ ਦੌਰਾਨ ਸਿਰਜਣਾ ਵਿੱਚ ਛਪੀਆਂ ਕਈ ਰਚਨਾਵਾਂ ਕਿਤਾਬੀ ਰੂਪ ਵਿੱਚ ਨਾ ਛਪਣ ਕਾਰਨ ਇਕ ਤਰ੍ਹਾਂ ਨਾਲ ਪੰਜਾਬੀ ਸਾਹਿਤਕ ਦ੍ਰਿਸ਼ ਤੋਂ ਅਲੋਪ ਹੋ ਗਈਆਂ ਸਨ। ਹੁਣ ਇਸ ਡਿਜੀਟਲ ਆਰਕਾਈਵ ਦੇ ਆਨਲਾਈਨ ਹੋਣ ਨਾਲ ਉਹ ਸਾਰੀਆਂ ਲਿਖਤਾਂ ਇਕ ਵਾਰ ਫਿਰ ਪੰਜਾਬੀ ਸਾਹਿਤਕ ਦ੍ਰਿਸ਼ ਦਾ ਹਿੱਸਾ ਬਣ ਜਾਣਗੀਆਂ।” ਉਨ੍ਹਾਂ ਅੱਗੇ ਕਿਹਾ “ਮੈਂ ਡਾ: ਰਘਬੀਰ ਸਿਘ ਹੋਰਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਡਿਜੀਟਲ ਆਰਕਾਈਵ ਬਣਾਉਣ ਦੀ ਇਜਾਜ਼ਤ ਦਿੱਤੀ ਅਤੇ ਮੈਨੂੰ ਆਸ ਹੈ ਕਿ  ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਇਹ ਆਰਕਾਈਵ ਪਸੰਦ ਆਵੇਗੀ।”

ਇਸ ਆਰਕਾਈਵ ਨੂੰ ਪੰਜਾਬੀ ਸਾਹਿਤਕ ਜਗਤ ਵੱਲੋਂ ਪ੍ਰਸ਼ੰਸਾਮਈ ਹੁੰਗਾਰਾ ਮਿਲਿਆ ਹੈ। ਇਸ ਬਾਰੇ ਸੋਸ਼ਲ ਮੀਡੀਏ ‘ਤੇ ਪਾਈ ਇਕ ਸੂਚਨਾ ਦੇ ਜੁਆਬ ਵਿੱਚ ਬਹੁਤ ਸਾਰੇ ਪੰਜਾਬੀ ਲੇਖਕਾਂ, ਪਾਠਕਾਂ ਅਤੇ ਸਾਹਿਤ ਪ੍ਰੇਮੀਆਂ ਨੇ ਇਸ ਆਰਕਾਈਵ ਦੇ ਬਣਨ ਨੂੰ ਇਕ ਵਧੀਆ ਉਦਮ ਕਹਿੰਦਿਆਂ ਸਿਰਜਣਾ ਦੇ ਸੰਪਾਦਕ ਡਾ: ਰਘਬੀਰ ਸਿੰਘ ਦੇ ਸਿਰੜ ਅਤੇ ਘਾਲਣਾ ਨੂੰ ਪ੍ਰਣਾਮ ਕੀਤਾ ਹੈ।  

ਇਹ ਆਰਕਾਈਵ ਹੇਠਾਂ ਦਿੱਤੇ ਲਿੰਕ ‘ਤੇ ਦੇਖੀ ਜਾ ਸਕਦੀ ਹੈ:

www.sirjanaarchives.wordpress.com

Leave a Reply

Your email address will not be published. Required fields are marked *