fbpx Nawidunia - Kul Sansar Ek Parivar

ਪਾਕਿਸਤਾਨੀ ਪੰਜਾਬੀ ਫ਼ਿਲਮਾਂ ਦੀ ਕਾਮਯਾਬੀ ਦੀ ਜ਼ਮਾਨਤ ਅੰਜੁਮਨ

ਅੰਗਰੇਜ ਸਿੰਘ ਵਿਰਦੀ

ਅਦਾਕਾਰਾ ਅੰਜੁਮਨ ਨੂੰ ਪਾਕਿਸਤਾਨੀ ਪੰਜਾਬੀ ਸਿਨਮਾ ਦੀ ਸਭ ਤੋਂ ਵੱਡੀ ਹੀਰੋਇਨ ਹੋਣ ਦਾ ਐਜਾਜ਼ ਹਾਸਲ ਹੈ। ਲਗਭਗ ਵੀਹ ਸਾਲ ਪੰਜਾਬੀ ਫ਼ਿਲਮ ਇੰਡਸਟਰੀ ’ਤੇ ਰਾਜ ਕਰਨ ਵਾਲੀ ਅਦਾਕਾਰਾ ਅੰਜੁਮਨ ਨੇ ਬੇਸ਼ੁਮਾਰ ਹਿੱਟ ਫ਼ਿਲਮਾਂ ਪੰਜਾਬੀ ਸਿਨਮਾ ਦੀ ਝੋਲੀ ਪਾਈਆਂ। ਪੰਜਾਬੀ ਫ਼ਿਲਮਾਂ ਵਿਚ ਆਪਣੇ ਬਿਹਤਰੀਨ ਡਾਂਸ ਅਤੇ ਜ਼ਬਰਦਸਤ ਐਕਸ਼ਨ ਲਈ ਜਾਣੀ ਜਾਣ ਵਾਲੀ ਅੰਜੁਮਨ ਨੂੰ ਬੇਸ਼ੱਕ ਫ਼ਿਲਮ ਨਗਰੀ ਛੱਡਿਆਂ ਕਈ ਸਾਲ ਬੀਤ ਚੁੱਕੇ ਹਨ, ਪਰ ਅੱਜ ਵੀ ਉਸਨੂੰ ਚਾਹੁਣ ਵਾਲਿਆਂ ਦੀ ਗਿਣਤੀ ਕਈ ਲੱਖਾਂ ਵਿਚ ਹੈ।

ਦਰਅਸਲ, ਅੰਜੁਮਨ ਪੰਜਾਬੀ ਫ਼ਿਲਮਾਂ ਦੀ ਅਜਿਹੀ ਅਦਾਕਾਰਾ ਹੈ ਜਿਸਦੀ ਦਿੱਖ ਵਿਚ ਪੰਜਾਬੀਅਤ ਝਲਕਦੀ ਹੈ, ਜਿਸ ਦੀ ਅਦਾਕਾਰੀ ਤੇ ਡਾਂਸ ਬਾਕਮਾਲ ਹੁੰਦੇ ਸਨ। ਪੰਜਾਬ ਦੇ ਰਵਾਇਤੀ ਲੋਕ ਨਾਚਾਂ ਤੋਂ ਲੈ ਕੇ ਭਾਰਤੀ ਲੋਕ ਨਾਚ ਕੱਥਕ, ਭਰਤ ਨਾਟਿਅਮ ਅਤੇ ਪੱਛਮੀ ਨਾਚਾਂ ਨੂੰ ਆਪਣੇ ਖ਼ਾਸ ਅੰਦਾਜ਼ ਵਿਚ ਪੇਸ਼ ਕਰਨ ਦੀ ਕਲਾ ਹੀ ਅੰਜੁਮਨ ਨੂੰ ਖ਼ਾਸ ਬਣਾਉਂਦੀ ਸੀ।

ਉਸਦਾ ਜਨਮ 24 ਜੁਲਾਈ 1955 ਨੂੰ ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਹਿਰ ਬਹਾਵਲਪੁਰ ਵਿਖੇ ਸਾਧਾਰਨ ਪਰਿਵਾਰ ਵਿਚ ਹੋਇਆ। ਉਸਦੀ ਪੈਦਾਇਸ਼ ਤੋਂ ਥੋੜ੍ਹੇ ਸਮੇਂ ਬਾਅਦ ਹੀ ਉਸਦਾ ਪਰਿਵਾਰ ਮੁਲਤਾਨ ਆ ਵੱਸਿਆ। ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਰੱਖਣ ਵਾਲੀ ਅੰਜੁਮਨ ਦੇ ਪਰਿਵਾਰ ਦਾ ਭਾਵੇਂ ਕੋਈ ਵੀ ਜੀਅ ਸਿੱਧੇ ਤੌਰ ’ਤੇ ਫ਼ਿਲਮ ਇੰਡਸਟਰੀ ਨਾਲ ਨਹੀਂ ਜੁੜਿਆ ਸੀ, ਪਰ ਫ਼ਿਲਮਸਟਾਰ ਜੋੜੀ ਅਦਾਕਾਰ ਮੁਹੰਮਦ ਅਲੀ ਅਤੇ ਉਨ੍ਹਾਂ ਦੀ ਬੇਗ਼ਮ ਅਦਾਕਾਰਾ ਜੇਬਾ ਦਾ ਅੰਜੁਮਨ ਦੇ ਪਰਿਵਾਰ ਨਾਲ ਕਰੀਬੀ ਰਿਸ਼ਤਾ ਸੀ। ਇਸੇ ਕਰਕੇ ਅੰਜੁਮਨ ਦਾ ਮੁਹੰਮਦ ਅਲੀ ਦੇ ਘਰ ਆਉਣਾ ਜਾਣਾ ਸੀ। ਇੱਥੇ ਹੀ ਮਸ਼ਹੂਰ ਫ਼ਿਲਮਸਾਜ਼ ਅਤੇ ਹਦਾਇਤਕਾਰ ਸ਼ਬਾਬ ਕੈਰਾਣਵੀ ਜੋ ਉਨ੍ਹਾਂ ਦਿਨਾਂ ਵਿਚ ਆਪਣੀ ਉਰਦੂ ਫ਼ਿਲਮ ਵਿਚ ਹੀਰੋਇਨ ਦੇ ਰੋਲ ਲਈ ਖ਼ੂਬਸੂਰਤ ਲੜਕੀ ਦੀ ਤਲਾਸ਼ ਵਿਚ ਸੀ, ਦੀ ਨਜ਼ਰ ਅੰਜੁਮਨ ’ਤੇ ਪਈ। ਮੁਹੰਮਦ ਅਲੀ ਅਤੇ ਜੇਬਾ ਦੀ ਹੱਲਾਸ਼ੇਰੀ ਤੇ ਪਰਿਵਾਰ ਦੀ ਇਜਾਜ਼ਤ ਤੋਂ ਬਾਅਦ ਅੰਜੁਮਨ ਨੂੰ ਉਰਦੂ ਫ਼ਿਲਮ ‘ਵਾਅਦੇ ਕੀ ਜ਼ੰਜੀਰ’ ਲਈ ਸਾਈਨ ਕਰ ਲਿਆ ਗਿਆ। 2 ਫਰਵਰੀ 1979 ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੇ ਸ਼ਾਨਦਾਰ ਸਫਲਤਾ ਹਾਸਲ ਕੀਤੀ। ਇਸ ਫ਼ਿਲਮ ਦੀ ਸਫਲਤਾ ਨਾਲ ਅੰਜੁਮਨ ਦੇ ਫ਼ਿਲਮੀ ਕਰੀਅਰ ਦਾ ਸ਼ਾਨਦਾਰ ਆਗਾਜ਼ ਹੋਇਆ ਤੇ ਉਸਨੂੰ ਬਹੁਤ ਸਾਰੀਆਂ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਹੋਣ ਲੱਗੀਆਂ। 25 ਮਈ 1979 ਵਿਚ ਉਸਦੀ ਦੂਸਰੀ ਫ਼ਿਲਮ ‘ਦੋ ਰਾਸਤੇ’ ਰਿਲੀਜ਼ ਹੋਈ। ਇਸ ਫ਼ਿਲਮ ਦੇ ਹਦਾਇਤਕਾਰ ਵੀ ਸ਼ਬਾਬ ਕੈਰਾਣਵੀ ਹੀ ਸਨ ਤੇ ਇਸ ਫ਼ਿਲਮ ਵਿਚ ਅੰਜੁਮਨ ਨੂੰ ਅਦਾਕਾਰ ਨਦੀਮ, ਸ਼ਾਹਿਦ ਅਤੇ ਅਦਾਕਾਰਾ ਮੁਮਤਾਜ਼ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫ਼ਿਲਮ ਨੂੰ ਵੀ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਤੀਜੀ ਉਰਦੂ ਫ਼ਿਲਮ ‘ਆਪ ਸੇ ਕਿਆ ਪਰਦਾ’ 7 ਦਸੰਬਰ 1979 ਨੂੰ ਰਿਲੀਜ਼ ਹੋਈ। ਹਦਾਇਤਕਾਰ ਜ਼ਫ਼ਰ ਸ਼ਬਾਬ ਦੀ ਫ਼ਿਲਮ ਅਤੇ ਸੁਪਰਸਟਾਰ ਮੁਹੰਮਦ ਅਲੀ, ਅਲੀ ਐਜਾਜ਼ ਅਤੇ ਰੰਗੀਲਾ ਜਿਹੇ ਦਿੱਗਜ ਅਦਾਕਾਰਾਂ ਨਾਲ ਸਜੀ ਇਸ ਫ਼ਿਲਮ ਨੇ ਗੋਲਡਨ ਜੁਬਲੀ ਮਨਾਈ। ਇਸ ਫ਼ਿਲਮ ਤੋਂ ਬਾਅਦ ਅੰਜੁਮਨ ਦੀ ਚੌਥੀ ਉਰਦੂ ਫ਼ਿਲਮ ‘ਰਿਸ਼ਤਾ’ ਵੀ ਸੁਪਰਹਿੱਟ ਫ਼ਿਲਮ ਸਾਬਤ ਹੋਈ। ਇਨ੍ਹਾਂ ਫ਼ਿਲਮਾਂ ਦੀ ਕਾਮਯਾਬੀ ਨਾਲ ਅੰਜੁਮਨ ਦਾ ਫ਼ਿਲਮੀ ਕਰੀਅਰ ਉਚਾਈਆਂ ਵੱਲ ਜਾਣ ਲੱਗਾ।

ਜਿਸ ਦੌਰ ਵਿਚ ਅੰਜੁਮਨ ਨੇ ਫ਼ਿਲਮੀ ਦੁਨੀਆਂ ਵਿਚ ਕਦਮ ਰੱਖਿਆ, ਉਹ ਦੌਰ ਪਾਕਿਸਤਾਨੀ ਫ਼ਿਲਮ ਇੰਡਸਟਰੀ ਦਾ ਸੁਨਹਿਰੀ ਦੌਰ ਸੀ। ਇਹ ਉਹ ਦੌਰ ਸੀ ਜਦੋਂ ਲਾਹੌਰ ਫ਼ਿਲਮ ਇੰਡਸਟਰੀ ਵਿਚ ਪੰਜਾਬੀ ਫ਼ਿਲਮਾਂ ਦਾ ਬੋਲਬਾਲਾ ਸੀ, ਉਰਦੂ ਫ਼ਿਲਮਾਂ ਨਾਲੋਂ ਪੰਜਾਬੀ ਫ਼ਿਲਮਾਂ ਜ਼ਿਆਦਾ ਬਣਦੀਆਂ ਸਨ ਅਤੇ ਲੋਕ ਉਨ੍ਹਾਂ ਨੂੰ ਪਸੰਦ ਵੀ ਜ਼ਿਆਦਾ ਕਰਦੇ ਸਨ। ਸੁਲਤਾਨ ਰਾਹੀ ਅਤੇ ਆਸੀਆ ਬੇਗ਼ਮ ਦੀ ਹਿੱਟ ਜੋੜੀ ਰਿਕਾਰਡ ਤੋੜ ਫ਼ਿਲਮਾਂ ਦੇ ਰਹੀ ਸੀ। ਉਸ ਵਕਤ ਅੰਜੁਮਨ ਨੂੰ ਉਨ੍ਹਾਂ ਦੀ ਪਹਿਲੀ ਪੰਜਾਬੀ ਫ਼ਿਲਮ ‘ਸਰਦਾਰ’ ਵਿਚ ਅਦਾਕਾਰ ਯੂਸਿਫ਼ ਖ਼ਾਨ ਅਤੇ ਆਸੀਆ ਨਾਲ ਸਹਾਇਕ ਅਭਿਨੇਤਰੀ ਦੇ ਤੌਰ ’ਤੇ ਕਾਸਟ ਕੀਤਾ ਗਿਆ। 13 ਅਗਸਤ 1980 ਨੂੰ ਰਿਲੀਜ਼ ਹੋਈ ਨਿਰਦੇਸ਼ਕ ਇਕਬਾਲ ਕਸ਼ਮੀਰੀ ਦੀ ਇਸ ਫ਼ਿਲਮ ਵਿਚ ਅੰਜੁਮਨ ਨੇ ਅੰਨ੍ਹੀ ਲੜਕੀ ਦਾ ਬਿਹਤਰੀਨ ਕਿਰਦਾਰ ਅਦਾ ਕੀਤਾ। ਇਹ ਫ਼ਿਲਮ ਬੇਹੱਦ ਕਾਮਯਾਬ ਹੋਈ। ਇਸ ਫ਼ਿਲਮ ਵਿਚ ਅੰਜੁਮਨ ਤੇ ਫ਼ਿਲਮਾਇਆ ਮਹਿਨਾਜ਼ ਦੀ ਆਵਾਜ਼ ਵਿਚ ਗੀਤ ‘ਤੇਰਾ ਪਿਆਰ ਇਬਾਦਤ ਮੇਰੀ ਏ’ ਬੇਹੱਦ ਮਕਬੂਲ ਹੋਇਆ।

ਫਿਰ ਅੰਜੁਮਨ ਦੀ ਜ਼ਿੰਦਗੀ ਵਿਚ ਉਹ ਦਿਨ ਆਇਆ ਜਿਸ ਦਾ ਸ਼ਾਇਦ ਅੰਜੁਮਨ ਨੇ ਵੀ ਤਸਵੁੱਰ ਨਹੀਂ ਕੀਤਾ ਹੋਣਾ। 2 ਅਗਸਤ 1981 ਪਾਕਿਸਤਾਨ ਦੀ ਫ਼ਿਲਮੀ ਤਾਰੀਖ ਦਾ ਸਭ ਤੋਂ ਸੁਨਹਿਰੀ ਦਿਨ ਸਾਬਤ ਹੋਇਆ। ਇਸ ਦਿਨ ਫ਼ਿਲਮੀ ਕਾਰੋਬਾਰ ਆਪਣੀਆਂ ਬੁਲੰਦੀਆਂ ’ਤੇ ਸੀ। ਇਕ ਹੀ ਦਿਨ ਰਿਲੀਜ਼ ਹੋਈਆਂ ਸਾਰੀਆਂ ਫ਼ਿਲਮਾਂ ਨੇ ਕਈ ਰਿਕਾਰਡ ਕਾਇਮ ਕੀਤੇ। ਇਸ ਦਿਨ ਅੰਜੁਮਨ ਦੀਆਂ 5 ਫ਼ਿਲਮਾਂ ਰਿਲੀਜ਼ ਹੋਈਆਂ ‘ਚੰਨ ਵਰਿਆਮ’, ‘ਸ਼ੇਰ ਖਾਨ’, ‘ਸਾਲਾ ਸਾਹਿਬ’, ‘ਮਿਲੇਗਾ ਜੁਲਮ ਦਾ ਬਦਲਾ’ ਅਤੇ ‘ਚਾਚਾ ਭਤੀਜਾ’। ਇਨ੍ਹਾਂ ਪੰਜੋਂ ਫ਼ਿਲਮਾਂ ਨੇ ਰਿਕਾਰਡ ਤੋੜ ਕਾਮਯਾਬੀ ਹਾਸਲ ਕੀਤੀ। ਫ਼ਿਲਮ ‘ਚੰਨ ਵਰਿਆਮ’, ‘ਸ਼ੇਰ ਖਾਨ’ ਅਤੇ ‘ਸਾਲਾ ਸਾਹਿਬ’ ਨੇ ਡਾਇਮੰਡ ਜੁਬਲੀ ਮਨਾਈ ਜੋ ਇਕ ਰਿਕਾਰਡ ਹੈ। ਇਸ ਰਿਕਾਰਡ ਨੂੰ ਅੱਜ ਤਕ ਕੋਈ ਵੀ ਫ਼ਿਲਮ ਅਦਾਕਾਰਾ ਨਹੀਂ ਤੋੜ ਪਾਈ। ਇਨ੍ਹਾਂ ਫ਼ਿਲਮਾਂ ਦੀ ਕਾਮਯਾਬੀ ਨੇ ਅੰਜੁਮਨ ਨੂੰ ਸ਼ੋਹਰਤ ਦੀਆਂ ਬੁਲੰਦੀਆਂ ’ਤੇ ਪਹੁੰਚਾ ਦਿੱਤਾ। ਫ਼ਿਲਮ ‘ਸ਼ੇਰ ਖਾਨ’ ਲਈ ਅੰਜੁਮਨ ਨੂੰ ਬਿਹਤਰੀਨ ਅਭਿਨੇਤਰੀ ਦਾ ਪਹਿਲਾ ਨਿਗਾਰ ਐਵਾਰਡ ਹਾਸਲ ਹੋਇਆ। ਆਪਣੇ ਫ਼ਿਲਮੀ ਕਰੀਅਰ ਵਿਚ ਅੰਜੁਮਨ ਨੇ ਕੁੱਲ 7 ਬਿਹਤਰੀਨ ਅਭਿਨੇਤਰੀ ਦੇ ਨਿਗਾਰ ਐਵਾਰਡ ਹਾਸਲ ਕੀਤੇ।

ਇਨ੍ਹਾਂ ਫ਼ਿਲਮਾਂ ਦੀ ਰਿਕਾਰਡ ਤੋੜ ਸਫਲਤਾ ਤੋਂ ਬਾਅਦ ਉਹ ਪੰਜਾਬੀ ਫ਼ਿਲਮਾਂ ਦੀਆਂ ਚੋਟੀ ਦੀਆਂ ਅਦਾਕਾਰਾਵਾਂ ਵਿਚ ਸ਼ਾਮਲ ਹੋ ਗਈ। ਪੰਜਾਬੀ ਫ਼ਿਲਮਾਂ ਦੀ ਦੂਸਰੀ ਵੱਡੀ ਅਦਾਕਾਰਾ ਆਸੀਆ ਬੇਗ਼ਮ ਨੇ ਵਿਆਹ ਤੋਂ ਬਾਅਦ ਫ਼ਿਲਮ ਇੰਡਸਟਰੀ ਛੱਡਣ ਦਾ ਐਲਾਨ ਕਰ ਦਿੱਤਾ ਸੀ। ਉਸ ਸਮੇਂ ਅੰਜੁਮਨ ਪੰਜਾਬੀ ਫ਼ਿਲਮਾਂ ਦੀ ਸਭ ਤੋਂ ਵੱਡੀ ਅਦਾਕਾਰਾ ਬਣ ਕੇ ਉੱਭਰੀ। ਇਕ ਸਮਾਂ ਅਜਿਹਾ ਆਇਆ ਕਿ ਸੁਪਰਸਟਾਰ ਸੁਲਤਾਨ ਰਾਹੀ ਤੇ ਅੰਜੁਮਨ ਦੀ ਜੋੜੀ ਤੇ ਨਾਲ ਹੀ ਅਦਾਕਾਰ ਮੁਸਤਫਾ ਕੁਰੈਸ਼ੀ, ਸੰਗੀਤਕਾਰ ਵਜਾਹਤ ਅਤਰੀ ਦਾ ਸੰਗੀਤ ਅਤੇ ਨੂਰਜਹਾਂ ਦੇ ਗਾਏ ਗੀਤ ਪੰਜਾਬੀ ਫ਼ਿਲਮਾਂ ਦੀ ਕਾਮਯਾਬੀ ਦੀ ਗਰੰਟੀ ਸਮਝੇ ਜਾਣ ਲੱਗੇ। ਆਪਣੇ 20 ਸਾਲ ਦੇ ਫ਼ਿਲਮੀ ਕਰੀਅਰ ਵਿਚ ਅੰਜੁਮਨ ਨੇ ਫ਼ਿਲਮਾਂ ਵਿਚ ਹਰ ਤਰ੍ਹਾਂ ਦੇ ਰੋਲ ਨਿਭਾਏ। 1981 ਤੋਂ ਲੈ ਕੇ 1995 ਤਕ ਉਸਨੇ ਪੰਜਾਬੀ ਸਿਨਮਾ ਨੂੰ ਬੇਸ਼ੁਮਾਰ ਹਿੱਟ ਫ਼ਿਲਮਾਂ ਦਿੱਤੀਆਂ ਜਿਨ੍ਹਾਂ ਵਿਚ ‘ਸ਼ੇਰ ਮੈਦਾਨ ਦਾ’, ‘ਵਰਿਆਮ’, ‘ਜੀਦਾਰ’, ‘ਦੋ ਬੀਘਾ ਜ਼ਮੀਨ’, ‘ਲਾਵਾਰਿਸ’, ‘ਰੁਸਤਮ ਤੇ ਖਾਨ’, ‘ਦਾਰਾ ਬਲੋਚ’, ‘ਦੋਸਤਾਨਾ’, ‘ਸ਼ੋਅਲੇ’, ‘ਕਿਸਮਤ’, ‘ਜੱਗਾ’, ‘ਮਹਿੰਦੀ’, ‘ਮੇਲਾ’, ‘ਲਾਲ ਤੂਫਾਨ’, ‘ਦੁੱਲਾ ਭੱਟੀ’, ‘ਕੀਮਤ’, ‘ਦੁਲਾਰੀ’, ‘ਸੁਪਰ ਗਰਲ’ ਅਤੇ ‘ਕਾਲਕਾ’ ਆਦਿ ਹਨ।

ਆਪਣੇ ਫ਼ਿਲਮੀ ਕਰੀਅਰ ਵਿਚ ਉਸਨੇ ਲਗਭਗ 300 ਤੋਂ ਵੱਧ ਫ਼ਿਲਮਾਂ ਕੀਤੀਆਂ ਜਿਸ ਵਿਚ ਸੁਲਤਾਨ ਰਾਹੀ ਨਾਲ ਰਿਕਾਰਡ 117 ਫ਼ਿਲਮਾਂ ਵਿਚ ਕੰਮ ਕੀਤਾ। 1995 ਵਿਚ ਆਈ ਫ਼ਿਲਮ ‘ਮੈਡਮ ਰਾਣੀ’ ਅੰਜੁਮਨ ਤੇ ਸੁਲਤਾਨ ਰਾਹੀ ਦੀ ਜੋੜੀ ਦੀ ਆਖਰੀ ਫ਼ਿਲਮ ਸਾਬਤ ਹੋਈ। 9 ਜਨਵਰੀ 1996 ਨੂੰ ਸੁਲਤਾਨ ਰਾਹੀ ਦਾ ਕਿਸੇ ਨੇ ਕਤਲ ਕਰ ਦਿੱਤਾ। ਸੁਲਤਾਨ ਰਾਹੀ ਦੇ ਜਾਣ ਤੋਂ ਬਾਅਦ ਫ਼ਿਲਮਾਂ ਬਣਨੀਆਂ ਲਗਭਗ ਬੰਦ ਹੋ ਗਈਆਂ। ਅੰਜੁਮਨ ਨੇ ਵੀ ਫ਼ਿਲਮਾਂ ਤੋਂ ਕਿਨਾਰਾ ਕਰ ਲਿਆ। 1998 ਵਿਚ ਨਿਰਦੇਸ਼ਕ ਸਈਅਦ ਨੂਰ ਦੀ ਹਿੱਟ ਫ਼ਿਲਮ ‘ਚੂੜੀਆਂ’ ਨਾਲ ਦੁਬਾਰਾ ਪੰਜਾਬੀ ਫ਼ਿਲਮਾਂ ਬਣਨੀਆਂ ਸ਼ੁਰੂ ਹੋਈਆਂ। 1999 ਵਿਚ ਅੰਜੁਮਨ ਨੇ ਦੁਬਾਰਾ ਫ਼ਿਲਮਾਂ ਵਿਚ ਵਾਪਸੀ ਕੀਤੀ ਫ਼ਿਲਮ ‘ਚੌਧਰਾਣੀ’ ਨਾਲ ਜੋ ਹਿੱਟ ਫ਼ਿਲਮ ਸਾਬਤ ਹੋਈ। 2000 ਵਿਚ ਉਸਨੇ ਚਾਰ ਫ਼ਿਲਮਾਂ ਕੀਤੀਆਂ। ਇਸਤੋਂ ਬਾਅਦ ਅੰਜੁਮਨ ਨੇ ਫ਼ਿਲਮਾਂ ਕਰਨੀਆ ਬੰਦ ਕਰਕੇ ਫ਼ਿਲਮ ਇੰਡਸਟਰੀ ਨੂੰ ਅਲਵਿਦਾ ਆਖ ਦਿੱਤਾ।

1987 ਵਿਚ ਆਪਣੇ ਫ਼ਿਲਮੀ ਕਰੀਅਰ ਦੇ ਸਿਖਰ ’ਤੇ ਪਹੁੰਚ ਕੇ ਅੰਜੁਮਨ ਨੇ ਇਨਕਮ ਟੈਕਸ ਕਮਿਸ਼ਨਰ ਮੂਬੀਨ ਮਲਿਕ ਨਾਲ ਵਿਆਹ ਕਰ ਲਿਆ ਤੇ ਇਨ੍ਹਾਂ ਦੇ ਘਰ ਤਿੰਨ ਬੱਚਿਆਂ ਨੇ ਜਨਮ ਲਿਆ ਦੋ ਬੇਟੇ ਅਦਨਾਨ ਤੇ ਇਸ਼ਾਨ ਅਤੇ ਇਕ ਬੇਟੀ ਜੀਸ਼ਾਨ। 2013 ਵਿਚ ਅੰਜੁਮਨ ਦੇ ਸ਼ੌਹਰ ਦਾ ਕਿਸੇ ਨੇ ਲਾਹੌਰ ਵਿਚ ਕਤਲ ਕਰ ਦਿੱਤਾ। ਅੰਜੁਮਨ ਦੇ ਬੱਚੇ ਵਿਆਹ ਤੋਂ ਬਾਅਦ ਲੰਡਨ ਸ਼ਿਫਟ ਹੋ ਗਏ। ਫਿਰ ਅੰਜੁਮਨ ਨੇ ਲਾਹੌਰ ਫ਼ਿਲਮੀ ਕਾਰੋਬਾਰੀ ਹਸਤੀ ਵਸੀਮ ਅਲੀ ਉਰਫ਼ ਲੱਕੀ ਅਲੀ ਨਾਲ 17 ਜੂਨ 2019 ਵਿਚ ਦੁਬਾਰਾ ਵਿਆਹ ਕਰ ਲਿਆ, ਪਰ ਬਦਕਿਸਮਤੀ ਨਾਲ ਇਹ ਰਿਸ਼ਤਾ ਜ਼ਿਆਦਾ ਦੇਰ ਨਾ ਚੱਲ ਸਕਿਆ ਤੇ 15 ਅਪਰੈਲ 2020 ਨੂੰ ਉਨ੍ਹਾਂ ਦਾ ਤਲਾਕ ਹੋ ਗਿਆ।

Share this post

Leave a Reply

Your email address will not be published. Required fields are marked *