fbpx Nawidunia - Kul Sansar Ek Parivar

ਸਾਹਿਤਕਾਰਾਂ ਦੇ ਰੰਗ ਵਿਖਾਉਂਦੀ ਪੁਸਤਕ

ਡਾ. ਹਰਪਾਲ ਸਿੰਘ ਪੰਨੂ
ਪੁਸਤਕ ਪੜਚੋਲ

ਹਥਲੀ ਕਿਤਾਬ ‘ਸਾਹਿਤਕ ਚਰਚਾ ਦੇ ਪੰਨੇ’ (ਲੇਖਕ: ਪ੍ਰੋ. ਮੇਵਾ ਸਿੰਘ ਤੁੰਗ; ਸਜਿਲਦ ਪੰਨੇ: 288; ਕੀਮਤ: 350 ਰੁਪਏ; ਪ੍ਰਕਾਸ਼ਕ: ਸੰਗਮ, ਸਮਾਣਾ) ਸਣੇ ਪ੍ਰੋ. ਤੁੰਗ ਦੀਆਂ ਹੁਣ ਤੱਕ ਪੰਦਰਾਂ ਕਿਤਾਬਾਂ ਛਪ ਚੁੱਕੀਆਂ ਹਨ ਪਰ ਪੰਜਾਬੀ ਸਾਹਿਤ ਦੇ ਪਾਠਕਾਂ ਦਾ ਵੱਡਾ ਵਰਗ ਉਨ੍ਹਾਂ ਦੀ ਰਚਨਾ ਤੋਂ ਵਾਕਫ ਨਹੀਂ ਕਿਉਂਕਿ ਨਾ ਉਨ੍ਹਾਂ ਨੇ ਕਦੀ ਸਾਹਿਤਕ ਮਜਲਿਸ ਭਖਾਈ, ਨਾ ਘੁੰਡ ਚੁਕਾਈ ਕੀਤੀ ਅਤੇ ਨਾ ਅਖਬਾਰਾਂ ਰਿਸਾਲਿਆਂ ਦੇ ਕਾਲਮਾਂ ਵਿਚ ਦਸਤਕ ਦਿੱਤੀ:

ਹਮ ਤੋ ਪੁਰਾਨੀ ਕਿਤਾਬੇਂ ਹੈਂ ਯਾਰੋ,

ਹਮ ਕਹਾਂ ਬਿਕਤੇ ਹੈਂ ਰਿਸਾਲੋਂ ਕੀ ਤਰਹ॥

ਉਕਤ ਕਥਨ ਹੋਰ ਕਿਸੇ ’ਤੇ ਢੁਕੇ ਨਾ ਢੁਕੇ, ਤੁੰਗ ਦੇ ਸੁਭਾਅ ’ਤੇ ਪੂਰਾ ਉਤਰਦਾ ਹੈ। ਉਸਦੀਆਂ ਰਚਨਾਵਾਂ ਵਿਚ ਕਵਿਤਾ, ਕਹਾਣੀ, ਵਾਰਤਕ ਅਤੇ ਆਲੋਚਨਾ ਆਦਿਕ ਵਿਧਾਵਾਂ ਦੀਆਂ ਵੰਨਗੀਆਂ ਹਨ।

ਅੱਸੀਵਿਆਂ ਵਿਚ ਵਿਚਰਦਾ ਤੁੰਗ, ਖਾਲਸਾ ਕਾਲਜ ਪਟਿਆਲਾ ਵਿਚੋਂ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਵੱਜੋਂ ਰਿਟਾਇਰ ਹੋ ਕੇ ਹੁਣ ਗੁਮਨਾਮ ਜ਼ਿੰਦਗੀ ਬਤੀਤ ਕਰ ਰਿਹਾ ਹੈ। ਜਿਹੜੇ ਸ਼ਖਸ ਉਸਨੂੰ ਜਾਣਦੇ ਹਨ ਉਨ੍ਹਾਂ ਨੂੰ ਪਤਾ ਹੈ ਉਹ ਸੂਚਨਾਵਾਂ ਦਾ ਅਥਾਹ ਗਹਿਰਾ ਸਾਗਰ ਹੈ। ਦੇਸ-ਵੰਡ ਤੋਂ ਸ਼ੁਰੂ ਕਰ ਲਵੋ, ਹੁਣ ਤੱਕ ਅਣਵੰਡਿਆ ਪੰਜਾਬ, ਇਸਦੇ ਬਹੁਰੰਗੀ ਨੇਤਾ, ਸਿਆਸੀ ਪਾਰਟੀਆਂ ਦੇ ਆਚਾਰ, ਵਿਹਾਰ, ਕਿਰਦਾਰ ਉਸ ਦੇ ਪੋਟਿਆਂ ਉੱਪਰ ਹਨ। ਪਿਛਲੇ ਦੋ ਦਹਾਕਿਆਂ ਤੋਂ ਸਰੀਰ ਉਸਦੇ ਕਾਬੂ ਵਿਚ ਨਾ ਹੋਣ ਕਾਰਨ ਲਿਖਣ ਵਿਚ ਦਿੱਕਤ ਆਉਂਦੀ ਹੈ, ਟਾਈਪਿਸਟ ਤੋਂ ਲਿਖਤ ਪੜ੍ਹੀ ਨਹੀਂ ਜਾਂਦੀ। ਕੋਈ ਅਦਾਰਾ ਲਿਖਾਰੀ ਦੇ ਦਏ ਤਾਂ ਉਹ ਤਾਰੇ ਜ਼ਮੀਂ ਪੇ ਉਤਾਰਨ ਦੇ ਸਮਰੱਥ ਹੈ।

ਉਮਰ ਅਤੇ ਲਿਖਤ ਵੱਜੋਂ ਵਰਗੀਕਰਣ ਕਰੀਏ ਤਾਂ ਉਹ ਮੈਥੋਂ ਪਹਿਲੀ ਪੀੜ੍ਹੀ ਦਾ ਦਾਨਿਸ਼ਵਰ ਹੈ। ਇਸ ਕਿਤਾਬ ਵਿਚ ਉਸਨੇ ਅਪਣੇ ਤੋਂ ਪਹਿਲੀ ਪੀੜ੍ਹੀ ਦੇ ਸਾਹਿਤਕਾਰਾਂ ਨਾਲ ਜਾਣ ਪਛਾਣ ਕਰਵਾਈ ਹੈ। ਗੁਰਬਾਣੀ, ਸੂਫੀ ਪਰੰਪਰਾ, ਕਿੱਸਾ ਕਾਵਿ ਤੋਂ ਲੈਕੇ ਵਰਤਮਾਨ ਲੇਖਕਾਂ ਦਾ ਸਾਹਿਤਕ ਪਰਿਚਯ ਕਰਵਾਇਆ ਹੈ। ਪੂਰਨ ਸਿੰਘ, ਮੋਹਨ ਸਿੰਘ, ਪ੍ਰੀਤਮ ਸਿੰਘ ਸਫੀਰ, ਪ੍ਰਭਜੋਤ ਕੌਰ, ਮਹਿੰਦਰ ਸਿੰਘ ਸਰਨਾ, ਸੰਤ ਸਿੰਘ ਸੇਖੋਂ, ਸੁਜਾਨ ਸਿੰਘ, ਕਰਤਾਰ ਸਿੰਘ ਦੁੱਗਲ, ਨਾਨਕ ਸਿੰਘ, ਰਾਜਿੰਦਰ ਸਿੰਘ ਬੇਦੀ ਵਰਗੇ ਨਾਮਵਰ ਲੇਖਕਾਂ ਨਾਲ ਜਾਣ ਪਛਾਣ ਤਾਂ ਕਰਵਾਈ ਹੀ ਕੁੱਝ ਕੁ ਅਜਿਹੇ ਕਲਮਕਾਰ ਵੀ ਪਾਠਕਾਂ ਸਨਮੁਖ ਕੀਤੇ ਹਨ ਜਿਨ੍ਹਾਂ ਨੂੰ ਪੰਜਾਬੀ ਜਾਣਦੇ ਨਹੀਂ ਜਿਵੇਂ ਸੁਰਜੀਤ ਸਰਨਾ, ਮਾਨ ਸਿੰਘ ਹਕੀਰ, ਗੁਰਦੀਪ ਅਤੇ ਸੁਲਤਾਨਾ ਬੇਗਮ।

ਪੰਜਾਬੀ ਸਾਹਿਤ ਉਪਰ ਕਲਮ ਚਲਾਉਂਦਾ ਤੁੰਗ ਵਿਸ਼ਵ-ਸਾਹਿਤ ਨੂੰ ਅਪਣੀਆਂ ਨਜ਼ਰਾਂ ਤੋਂ ਉਹਲੇ ਨਹੀਂ ਕਰਦਾ। ਜ਼ਿਕਰ ਬਾਬਾ ਫਰੀਦ ਦਾ ਹੋ ਰਿਹਾ ਹੈ, ਲਿਖਦਾ ਹੈ- ਫਰੀਦ ਦੀ ਨਿਰਾਸ਼ਾ ਦਾ ਰੰਗ ਬੜਾ ਗੂਹੜਾ ਹੈ। ਇਸ ਵਿਚੋਂ ਹੀ ਬਲਵਾਨ ਆਸ਼ਾ ਅਖੀਰ ਨੂੰ ਜਨਮ ਧਾਰਦੀ ਹੈ। ਉਨ੍ਹਾਂ ਦੁਆਰਾ ਪ੍ਰਸਤੁਤ ਕੀਤਾ ਗਿਆ ਮੌਤ ਦਾ ਸੰਕਲਪ ਬੜਾ ਬਲੀ ਅਤੇ ਅਪਣੇ ਵਿਚਲੇ ਅਧਿਆਤਮਕ ਅਤੇ ਸਮਾਜਿਕ ਅਰਥਾਂ ਕਾਰਣ ਢੇਰ ਸ਼ਕਤੀਵਰ ਹੈ। ਫਰੀਦ ਨੇ ਮੌਤ ਦਾ ਭੈ ਅਤੇ ਅਪਣੇ ਕੁਕਰਮਾਂ ਕਾਰਣ ਦੰਡ ਸਹਿ ਰਹੇ ਜੀਵਾਂ ਦੇ ਭਿਆਨਕ ਚਿੱਤਰ ਉਸੇ ਮਨੋਰਥ ਹਿਤ ਖਿੱਚੇ ਹਨ ਜਿਸ ਅਧੀਨ ਜਗਤ-ਪ੍ਰਸਿੱਧ ਕਵੀ ਦਾਂਤੇ ਅਤੇ ਮਿਲਟਨ ਨੇ ਨਰਕ ਦੀ ਅੱਗ ਵਿਚ ਸੜ ਰਹੇ ਦੋਸ਼ੀ ਦਿਖਾਏ ਹਨ।

ਦਮੋਦਰ ਅਤੇ ਵਾਰਿਸ ਬਾਬਤ ਟਿੱਪਣੀ ਦੇਖੋ- ਹੀਰ ਕਾਵਿ ਦੇ ਦੋ ਸ਼ਾਇਰ ਸਭ ਤੋਂ ਵੱਧ ਮੌਲਿਕ ਹਨ। ਪਹਿਲਾ ਦਮੋਦਰ ਹੈ ਅਤੇ ਦੂਜਾ ਸਯਦ ਮੀਆਂ ਵਾਰਿਸ ਸ਼ਾਹ। ਦੋਹਾਂ ਨੇ ਹੀਰ-ਕਥਾ ਵਿਚ ਮਰਜ਼ੀ ਅਨੁਸਾਰ ਵਾਧੇ ਘਾਟੇ ਕੀਤੇ ਹਨ। ਦਮੋਦਰ ਨੇ ਸੰਖੇਪ, ਸੰਜਮੀ ਅਤੇ ਸੁਝਾਊ ਤਰੀਕੇ ਨਾਲ ਗੱਲ ਕਰਨੀ ਸੀ ਇਸ ਲਈ ਉਸ ਦਵੱਈਆ ਛੰਦ ਚੁਣਿਆਂ ਹੈ। ਵਾਰਿਸ ਨੇ ਲੰਮੀਆਂ ਲੋੜਾਂ ਵਿਚ ਪੈਣਾ ਸੀ ਅਤੇ ਲੋੜ ਤੋਂ ਵੀ ਵਧੀਕ ਵਿਸਤਾਰ ਦੇਣਾ ਸੀ ਇਸ ਲਈ ਉਸ ਬੈਂਤ ਚੁਣਿਆਂ ਹੈ। ਦੋਵੇਂ ਕਾਵਿ-ਨਾਇਕ ਹਨ ਅਤੇ ਐਮਰਸਨ ਦੇ ਕਵੀ-ਨਾਇਕ ਦੇ ਤੌਰ ’ਤੇ ਵਿਚਰਦੇ ਵਿਚਰਦੇ ਬਾਦਸ਼ਾਹ ਬਣਕੇ ਸਾਹਮਣੇ ਆਉਂਦੇ ਹਨ। ਬਾਦਸ਼ਾਹ ਹਮੇਸ਼ਾਂ ਆਪਣੇ ਹੁਕਮ ਸਾਦਰ ਕਰਦੇ ਹਨ। ਇਹੋ ਕੁੱਝ ਇਨ੍ਹਾਂ ਸ਼ਾਇਰੀ ਦੇ ਸ਼ਾਹ ਨਾਇਕਾਂ ਨੇ ਕੀਤਾ ਹੈ।

ਸ਼ਾਹ ਹੁਸੈਨ ਉਪਰ ਟਿੱਪਣੀ ਦੇਖੋ- ਸ਼ਿਵ ਕੁਮਾਰ ਤੋਂ ਲੈਕੇ ਕੀਟਸ ਤਕ ਛੋਟੇ ਵੱਡੇ ਸੋਗੀ ਤੇ ਕਲੇਸ਼-ਮੂਲਕ ਕਵੀਆਂ ਦੀ ਇਕ ਲੰਮੀ ਲਾਈਨ ਹੈ ਪਰ ਇਸ ਵਿਚ ਇਕ ਵੀ ਕਵੀ ਅਜਿਹਾ ਨਹੀਂ ਜਿਸ ਵਿਚ ਸ਼ਾਹ ਹੁਸੈਨੀ ਹੂਕ ਅਤੇ ਵੈਰਾਗ ਦੀ ਛੁਹ ਜਾਂ ਮੱਸ ਹੋਵੇ। ਇਹ ਸੂਫੀ ਦੇ ਵੈਰਾਗ ਤੋਂ ਸਖਣੇ ਹੋਣ ਕਾਰਨ ਊਣੇ ਅਤੇ ਨੀਵੇਂ ਹਨ। ਉਹ ਸਿਰਫ ਫਨਾਹ ਹੁੰਦੇ ਹਨ ਜਦੋਂਕਿ ਸੂਫੀ ਫਨਾਹ-ਫੀ-ਅਲ੍ਹਾ ਹੁੰਦਾ ਹੈ।

ਸੱਠਵਿਆਂ ਵਿਚ ਖੱਬੇ-ਪੱਖੀ ਪ੍ਰਗਤੀਧਾਰਾ ਸਾਹਿਤ ਵਿਚ ਖੂਬ ਪ੍ਰਚੱਲਤ ਹੋਈ। ਇਸ ਲਹਿਰ ਦੇ ਲੇਖਕਾਂ ਬਾਰੇ ਤੁੰਗ ਦਾ ਕਥਨ ਹੈ- ਘਾਟੇਵੰਦੀ ਗੱਲ ਇਹ ਹੋਈ ਕਿ ਲੇਖਕਾਂ ਨੇ ਪ੍ਰਗਤੀਵਾਦੀ ਸਿਧਾਂਤ ਅਤੇ ਪ੍ਰਗਤੀਵਾਦੀ ਸਾਹਿਤ ਤੋਂ ਅਗਵਾਈ ਲੈਣ ਦੀ ਥਾਂ ਰਾਜਨੀਤਕ ਦਲਾਂ ਦੀ ਅਗਵਾਈ ਲਈ, ਰਾਜਨੀਤਕਾਂ ਵਾਲੇ ਨਾਹਰੇ ਅਪਣਾ ਲਏ। ਸੰਤ ਸਿੰਘ ਸੇਖੋਂ ਅਤੇ ਮੋਹਨ ਸਿੰਘ ਤੋਂ ਲੈਕੇ ਜਸਵੰਤ ਸਿੰਘ ਕੰਵਲ ਅਤੇ ਸੰਤੋਖ ਸਿੰਘ ਧੀਰ ਤੱਕ ਇਸ ਧਾਰਾ ਦੇ ਜਿੰਨੇ ਵੀ ਸਾਹਿਤਕਾਰ ਹਨ ਸਭ ਦੀ ਪ੍ਰਾਪਤੀ ਉਪਰ ਕਥਿਤ ਅਨੁਸਾਰ ਹੀ ਹੈ।

ਕੱਦਾਵਰ ਲੇਖਕਾਂ ਦੀ ਈਰਖਾ, ਹੰਕਾਰ ਅਤੇ ਮੂਰਖਤਾਈਆਂ ਸਭ ਰੰਗ ਇਸ ਕਿਤਾਬ ਵਿਚੋਂ ਮਿਲ ਜਾਣਗੇ। ਪਰੂਫ ਰੀਡਿੰਗ ਧਿਆਨ ਨਾਲ ਹੋ ਜਾਂਦੀ ਤਾਂ ਕਿਤਾਬ ਬੇਮਿਸਾਲ ਹੋ ਜਾਣੀ ਸੀ।

Share this post

Leave a Reply

Your email address will not be published. Required fields are marked *