fbpx Nawidunia - Kul Sansar Ek Parivar

ਰਵੀਸ਼ ਕੁਮਾਰ ਦਾ ਕਿਸਾਨਾਂ ਦੇ ਨਾਂ ਖ਼ਤ


ਸੁਣਿਆ ਹੈ ਤੁਸੀਂ ਸਾਰਿਆਂ ਨੇ 25 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਵਿਰੋਧ ਕਰਨਾ ਤੇ ਵਿਰੋਧ ਦੇ ਸ਼ਾਂਤੀਪੂਰਨ ਤਰੀਕੇ ਦੀ ਚੋਣ ਕਰਨਾ ਤੁਹਾਡਾ ਜਮਹੂਰੀ ਹੱਕ ਹੈ। ਮੇਰਾ ਕੰਮ ਸਰਕਾਰ ਤੋਂ ਇਲਾਵਾ ਤੁਹਾਡੀਆਂ ਗ਼ਲਤੀਆਂ ਵੀ ਦਸਣਾ ਹੈ। ਤੁਸੀਂ 25 ਸਤੰਬਰ ਨੂੰ ਭਾਰਤ ਬੰਦ ਦਾ ਦਿਨ ਗ਼ਲਤ ਚੁਣਿਆ ਹੈ। 25 ਸਤੰਬਰ ਦੇ ਦਿਨ ਫ਼ਿਲਮ ਅਭਿਨੇਤਰੀ ਦੀਪਿਕਾ ਪਾਦੁਕੋਣ ਸੱਦੀ ਗਈ ਹੈ। ਉਨ੍ਹਾਂ ਤੋਂ ਨਾਰਕੋਟਿਕਸ ਕੰਟਰੋਲ ਬਿਊਰੋ ਨਸ਼ਾ-ਸੇਵਨ ਦੇ ਇਕ ਅਤਿਗੰਭੀਰ ਮਾਮਲੇ ਵਿਚ ਲੰਬੀ ਪੁਛਗਿਛ ਕਰੇਗਾ। ਜਿਨ੍ਹਾਂ ਨਿਊਜ਼ ਚੈਨਲਾਂ ਤੋਂ ਤੁਸੀਂ 2014 ਤੋਂ ਬਾਅਦ ਰਾਸ਼ਟਰਵਾਦ ਦੀ ਫਿਰਕੂ ਘੁੱਟੀ ਪੀਤੀ ਹੈ, ਉਹੀ ਚੈਨਲ ਹੁਣ ਤੁਹਾਡਨੂੰ ਛੱਡ ਕੇ ਦੀਪਿਕਾ ਦੇ ਆਉਣ-ਜਾਣ ਤੋਂ ਲੈ ਕੇ ਖਾਣ-ਪੀਣ ਦੀ ਕਵਰੇਜ ਕਰਨੇ। ਜ਼ਿਆਦਾ ਤੋਂ ਜ਼ਿਆਦਾ ਤੁਸੀਂ ਉਨ੍ਹਾਂ ਚੈਨਲਾਂ ਨੂੰ ਅਪੀਲ ਕਰ ਸਕਦੇ ਹੋ ਕਿ ਦੀਪਿਕਾ ਤੋਂ ਹੀ ਪੁੱਛ ਲੈਣ ਕਿ ਕੀ ਉਹ ਭਾਰਤ ਦੇ ਕਿਸਾਨਾਂ ਦਾ ਉਗਾਇਆ ਹੋਇਆ ਅਨਾਜ ਖਾਂਦੀ ਹੈ ਜਾਂ ਯੂਰਪ ਦੇ ਕਿਸਾਨਾਂ ਦਾ ਉਗਾਇਆ ਹੋਇਆ ਅਨਾਜ ਖਾਂਦੀ ਹੈ। ਬੱਸ ਇਹੀ ਇਕ ਸਵਾਲ ਹੈ ਜਿਸ ਦੇ ਬਹਾਨੇ 25 ਸਤੰਬਰ ਨੂੰ ਕਿਸਾਨਾਂ ਦੇ ਕਵਰੇਜ ਦੀ ਗੁੰਜਾਇਸ਼ ਬਣਦੀ ਹੈ। 25 ਸਤੰਬਰ ਨੂੰ ਕਿਸਾਨਾਂ ਨਾਲ ਜੁੜੀ ਖ਼ਬਰ ਬਰੇਕਿੰਗ ਨਿਊਜ਼ ਬਣ ਸਕਦੀ ਹੈ। ਵਰਨਾ ਨਹੀਂ।
ਤੁਸੀਂ ਭਾਰਤ ਬੰਦ ਕਰ ਰਹੇ ਹੋ। ਤੁਹਾਡੇ ਭਾਰਤ ਬੰਦ ਤੋਂ ਪਹਿਲਾਂ ਹੀ ਤੁਹਾਨੂੰ ਨਿਊਜ਼ ਚੈਨਲਾਂ ਨੇ ਭਾਰਤ ਵਿਚ ਬੰਦ ਕਰ ਦਿੱਤਾ ਹੈ। ਚੈਨਲਾਂ ਦੇ ਬਣਾਏ ਭਾਰਤ ਵਿਚ ਬੇਰੁਜ਼ਗਾਰ ਬੰਦ ਹਨ, ਜਿਨ੍ਹਾਂ ਦੀ ਨੌਕਰੀ ਗਈ, ਉਹ ਬੰਦ ਹਨ। ਇਸੇ ਤਰ੍ਹਾਂ ਤੁਸੀਂ ਕਿਸਾਨ ਵੀ ਬੰਦ ਹੋ। ਤੁਹਾਡੇ ਲਈ ਥੋੜ੍ਹੀ ਜਿਹੀ ਜਗ੍ਹਾ ਅਖ਼ਬਾਰਾਂ ਦੇ ਜ਼ਿਲ੍ਹਾ ਐਡੀਸ਼ਨਾਂ ਵਿਚ ਬਚੀ ਹੈ, ਜਿੱਥੇ ਤੁਹਾਡੇ ਨਾਲ ਸਬੰਧਤ ਗ਼ਲਤ-ਮਲਤ ਖ਼ਬਰਾਂ ਭਰੀਆਂ ਹੋਣਗੀਆਂ ਪਰ ਉਨ੍ਹਾਂ ਖ਼ਬਰਾਂ ਦਾ ਕੋਈ ਮਤਲਬ ਨਹੀਂ ਹੋਵੇਗਾ। ਉਨ੍ਹਾਂ ਖ਼ਬਰਾਂ ਵਿਚ ਪਿੰਡ ਦਾ ਨਾਮ ਹੋਵੇਗਾ, ਤੁਹਾਡੇ ਵਿਚੋਂ ਦੋ-ਚਾਰ ਦਾ ਨਾਮ ਹੋਵੇਗਾ, ਟਰੈਕਟਰ ਦੀ ਫੋਟੋ ਹੋਵੇਗੀ, ਇਕ ਬੁੱਢੀ ਔਰਤ ‘ਤੇ ਸਿੰਗਲ ਕਾਲਮ ਖ਼ਬਰ ਹੋਵੇਗੀ। ਜ਼ਿਲ੍ਹਾ ਐਡੀਸ਼ਨ ਦਾ ਜ਼ਿਕਰ ਇਸ ਲਈ ਕੀਤਾ ਕਿਉਂਕਿ ਤੁਸੀਂ ਕਿਸਾਨ ਹੁਣ ਕੌਮੀ ਐਡੀਸ਼ਨ ਦੇ ਲਾਇਕ ਨਹੀਂ ਬਚੇ ਹੋ। ਨਿਊਜ਼ ਚੈਨਲਾਂ ਵਿਚ ਤੁਹਾਡੇ ਸਾਰਿਆਂ ਦੇ ਭਾਰਤ ਬੰਦ ਨੂੰ ਸਪੀਡ ਨਿਊਜ਼ ਵਿਚ ਥਾਂ ਮਿਲ ਜਾਵੇ ਤਾਂ ਤੁਸੀਂ ਇਸ ਖ਼ੁਸ਼ੀ ਵਿਚ ਆਪਣੇ ਪਿੰਡ ਵਿਚ ਇਕ ਛੋਟਾ ਜਿਹਾ ਪਿੰਡ-ਬੰਦ ਕਰ ਲੈਣਾ।
25 ਸਤੰਬਰ ਦੇ ਦਿਨ ਕੌਮੀ ਐਡੀਸ਼ਨ ਦੀ ਮਲਿਕਾ ਦੀਪਿਕਾ ਜੀ ਹੋਣਗੇ। ਉਸ ਦਿਨ ਜਦੋਂ ਉਹ ਘਰੋਂ ਨਿਕਲਣਗੇ ਤਾਂ ਰਸਤੇ ਵਿਚ ਟਰੈਫਿਕ ਪੁਲੀਸ ਦੀ ਥਾਂ ਰਿਪੋਰਟਰ ਖੜ੍ਹੇ ਹੋਣਗੇ। ਜੇਕਰ ਜਹਾਜ਼ ਤੋਂ ਉਡ ਕੇ ਮੁੰਬਈ ਪਹੁੰਚਣਗੇ ਤਾਂ ਜਹਾਜ਼ ਵਿਚ ਉਨ੍ਹਾਂ ਤੋਂ ਇਲਾਵਾ ਜਿੰਨੀਆਂ ਵੀ ਸੀਟਾਂ ਖਾਲੀ ਹੋਣਗੀਆਂ, ਸਾਰਿਆਂ ‘ਤੇ ਰਿਪੋਰਟਰ ਹੋਣਗੇ। ਉਨ੍ਹਾਂ ਦੀ ਗੱਡੀ ਤੋਂ ਲੈ ਕੇ ਸਾੜੀ ਦੀ ਚਰਚਾ ਹੋਵੇਗੀ। ਨਿਊਜ਼ ਚੈਨਲਾਂ ‘ਤੇ ਉਨ੍ਹਾਂ ਦੀਆਂ ਫ਼ਿਲਮਾਂ ਦੇ ਗਾਣੇ ਚੱਲਣਗੇ। ਉਨ੍ਹਾਂ ਦੇ ਸੰਵਾਦ ਚੱਲਣਗੇ। ਦੀਪਿਕਾ ਨੇ ਕਿਸੇ ਫ਼ਿਲਮ ਵਿਚ ਸ਼ਰਾਬ ਜਾਂ ਨਸ਼ੇ ਦਾ ਸੀਨ ਕੀਤਾ ਹੋਵੇਗਾ ਤਾਂ ਉਹੀ ਦਿਨ ਭਰ ਚੱਲੇਗਾ। ਕਿਸਾਨ ਨਹੀਂ ਚੱਲੇਗਾ।
2017 ਦਾ ਸਾਲ ਯਾਦ ਕਰੋ। ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤ’ ਆਉਣ ਵਾਲੀ ਸੀ। ਉਸ ਨੂੰ ਲੈ ਕੇ ਇਕ ਜਾਤੀ ਵਿਸ਼ੇਸ਼ ਦੇ ਲੋਕਾਂ ਨੇ ਹੰਗਾਮਾ ਕੀਤਾ ਸੀ। ਕਈ ਹਫ਼ਤੇ ਤੱਕ ਉਸ ਫ਼ਿਲਮ ਨੂੰ ਲੈ ਕੇ ਟੀਵੀ ਵਿਚ ਬਹਿਸ ਹੁੰਦੀ ਸੀ। ਉਦੋਂ ਤੁਸੀਂ ਵੀ ਇਨ੍ਹਾਂ ਕਵਰੇਜਾਂ ਵਿਚ ਗੁਆਚੇ ਹੋਏ ਸੀ। ਹਰਿਆਣਾ, ਮੱਧ ਪ੍ਰਦੇਸ਼, ਗੁਜਰਾਤ ਸਮੇਤ ਕਈ ਰਾਜਾਂ ਵਿਚ ਇਸ ਫ਼ਿਲਮ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਹਿੰਸਾ ਹੋਈ ਸੀ। ਦੀਪਿਕਾ ਦੇ ਸਿਰ ਵੱਢ ਕੇ ਲਿਆਉਣ ਵਾਲਿਆਂ ਲਈ 5 ਕਰੋੜ ਦੇ ਇਨਾਮ ਦਾ ਐਲਾਨ ਹੋਇਆ। ਉਹੀ ਦੀਪਿਕਾ ਹੁਣ ਨਾਰਕੋਟਿਕਸ ਕੰਟਰੋਲ ਬਿਊਰੋ ਜਾਏਗੀ ਤਾਂ ਚੈਨਲਾਂ ਦੇ ਕੈਮਰੇ ਉਨ੍ਹਾਂ ਦੇ ਕਦਮਾਂ ਨੂੰ ਚੁੰਮ ਰਹੇ ਹੋਣਗੇ। ਉਨ੍ਹਾਂ ਦੀ ਰੇਟਿੰਗ ਆਸਮਾਨ ਛੂਹ ਰਹੀ ਹੋਵੇਗੀ। ਕਿਸਾਨਾਂ ਤੋਂ ਚੈਨਲਾਂ ਨੂੰ ਕੁੱਝ ਨਹੀਂ ਮਿਲਦਾ ਹੈ। ਬਹੁਤ ਸਾਰੇ ਐਂਕਰ ਤਾਂ ਖਾਣਾ ਵੀ ਘੱਟ ਖਾਂਦੇ ਹਨ। ਉਨ੍ਹਾਂ ਦੀ ਫਿਟਨੈੱਸ ਦੱਸਦੀ ਹੈ ਕਿ ਉਨ੍ਹਾਂ ਨੂੰ ਆਪਣੇ ਅਨਾਜ ਦੀ ਮੁੱਠੀ ਭਰ ਹੀ ਜ਼ਰੂਰਤ ਹੈ। ਖੇਤਾਂ ਵਿਚ ਟਿੱਡੀ ਦਲਾਂ ਦਾ ਹਮਲਾ ਹੋਵੇ ਤਾਂ ਇਨ੍ਹਾਂ ਐਂਕਰਾਂ ਨੂੰ ਸੱਦ ਲੈਣਾ। ਇਕ ਐਂਕਰ ਤਾਂ ਏਨਾ ਚੀਖਦਾ ਹੈ ਕਿ ਉਸ ਦੀ ਆਵਾਜ਼ ਨਾਲ ਹੀ ਸਾਰੀਆਂ ਟਿੱਡੀਆਂ ਪਾਕਿਸਤਾਨ ਵਾਪਸ ਚਲੀਆਂ ਜਾਣਗੀਆਂ। ਤੁਹਾਨੂੰ ਥਾਲੀ ਵਜਾਉਣ ਤੇ ਡੀਜੇ ਬੁਲਾਉਣ ਦੀ ਜ਼ਰੂਰਤ ਨਹੀਂ ਹੋਵੇਗੀ।
2014 ਤੋਂ ਤੁਸੀਂ ਕਿਸਾਨ ਭਰਾ ਵੀ ਤਾਂ ਇਹੀ ਸਭ ਨਿਊਜ਼ ਚੈਨਲਾਂ ‘ਤੇ ਦੇਖਦੇ ਆ ਰਹੇ ਸੀ। ਹੁਣ ਐਂਕਰ ਗਊ-ਰੱਖਿਆ ਨੂੰ ਲੈ ਕੇ ਲਗਾਤਾਰ ਭੜਕਾਉ ਕਵਰੇਜ ਕਰਦੇ ਸਨ, ਉਦੋਂ ਤੁਹਾਡਾ ਵੀ ਤਾਂ ਖੂਨ ਗਰਮ ਹੁੰਦਾ ਸੀ। ਤੁਹਾਨੂੰ ਲੱਗਿਆ ਕਿ ਤੁਸੀਂ ਕਦੋਂ ਤੱਕ ਖੇਤੀ-ਕਿਸਾਨੀ ਕਰੋਗੇ, ਕੁੱਝ ਧਰਮ ਦੀ ਰੱਖਿਆ-ਰੁੱਖਿਆ ਵੀ ਕੀਤੀ ਜਾਵੇ। ਧਰਮ ਦੇ ਨਾਂ ‘ਤੇ ਨਫ਼ਰਤ ਦੀ ਅਫ਼ੀਮ ਤੁਹਾਨੂੰ ਫੜਾ ਦਿੱਤੀ ਗਈ ਹੈ। ਵਿਚਾਰ ਦੀ ਥਾਂ ਤਲਵਾਰ ਚਲਾਉਣ ਦਾ ਜੋਸ਼ ਭਰ ਦਿੱਤਾ ਹੈ। ਤੁਸੀਂ ਰੋਜ਼ ਨਿਊਜ਼ ਚੈਨਲਾਂ ਦੇ ਸਾਹਮਣੇ ਬੈਠ ਕੇ ਵੀਡੀਓ ਗੇਮ ਖੇਡ ਰਹੇ ਹੋ। ਤੁਹਾਨੂੰ ਲੱਗਾ ਕਿ ਤੁਹਾਡੀ ਤਾਕਤ ਵੱਧ ਗਈ ਹੈ। ਤੁਹਾਡੇ ਹੀ ਵਿਚਾਲੇ ਨੌਜਵਾਨ ਵੱਟਸਐਪ ਨਾਲ ਜੋੜ ਕੇ ਭੀੜ ਵਿਚ ਬਦਲ ਦਿੱਤੇ ਗਏ। ਜਿਵੇਂ ਹੀ ਗਊ-ਰੱਖਿਆ ਦਾ ਮੁੱਦਾ ਉਤਰਿਆ, ਤੁਹਾਡੇ ਖੇਤਾਂ ਵਿਚ ਸਾਨ੍ਹਾਂ ਦਾ ਹਮਲਾ ਹੋ ਗਿਆ। ਤੁਸੀਂ ਸਾਨ੍ਹਾਂ ਤੋਂ ਫ਼ਸਲ ਬਚਾਉਣ ਲਈ ਰਾਤ ਭਰ ਜਾਗਣ ਲੱਗੇ।
ਮੈਂ ਗਿਣ ਕੇ ਤਾਂ ਨਹੀਂ ਦਸ ਸਕਦਾ ਕਿ ਤੁਹਾਡੇ ਵਿਚੋਂ ਕਿੰਨ ਫਿਰਕੂ ਹੋਏ ਸਨ ਪਰ ਜਿੰਨੇ ਵੀ ਹੋਏ ਸਨ, ਉਸ ਦੀ ਕੀਮਤ ਸਾਰਿਆਂ ਨੂੰ ਚੁਕਾਉਣੀ ਪਏਗੀ। ਇਹ ਪੱਤਰ ਇਸ ਲਈ ਲਿਖ ਰਿਹਾ ਹਾਂ ਤਾਂ ਕਿ 25 ਸਤੰਬਰ ਨੂੰ ਕਵਰੇਜ ਹੋਣ ‘ਤੇ ਤੁਸੀਂ ਸ਼ਿਕਾਇਤ ਨਾ ਕਰੋ। ਤੁਸੀਂ ਇਸ ਗੋਦੀ ਮੀਡੀਆ ਵਿਚ ਕਦੋਂ ਜਨਤਾ ਨੂੰ ਦੇਖਿਆ ਹੈ। 17 ਸਤੰਬਰ ਨੂੰ ਬੇਰੁਜ਼ਗਾਰਾਂ ਨੇ ਅੰਦੋਲਨ ਕੀਤਾ। ਉਹ ਵੀ ਤਾਂ ਤੁਹਾਡੇ ਹੀ ਬੱਚੇ ਸਨ। ਕੀ ਉਨ੍ਹਾਂ ਦਾ ਕਵਰੇਜ ਹੋਇਆ, ਕੀ ਉਨ੍ਹਾਂ ਦੇ ਸਵਾਲਾਂ ਨੂੰ ਲੈ ਕੇ ਬਹਿਸ ਤੁਸੀਂ ਦੇਖੀ?
ਯਾਦ ਕਰੋ ਜਦੋਂ ਮੁਜ਼ਫੱਰਨਗਰ ਵਿਚ ਦੰਗੇ ਹੋਏ ਸਨ। ਇਕ ਘਟਨਾ ਨੂੰ ਲੈ ਕੇ ਤੁਹਾਡੇ ਅੰਦਰ ਕਿਸ ਤਰ੍ਹਾਂ ਨਾਲ ਦੁਸ਼ਪ੍ਰਚਾਰ ਨਾਲ ਨਫ਼ਰਤ ਭਰੀ ਗਈ। ਤੁਹਾਡੇ ਖੇਤਾਂ ਅੰਦਰ ਦਰਾਰ ਪੈ ਗਈ। ਜਦੋਂ ਤੁਸੀਂ ਫਿਰਕੂ ਬਣਾਏ ਜਾਂਦੇ ਹੋ ਤਾਂ ਤੁਸੀਂ ਗ਼ੁਲਾਮ ਬਣਾਏ ਜਾਂਦੇ ਹੋ। ਜਿਸ ਕਿਸੇ ਤੋਂ ਇਹ ਗ਼ਲਤੀ ਹੋਈ ਹੈ, ਉਸ ਨੂੰ ਹੁਣ ਇਕੱਲੇਪਣ ਦੀ ਸਜ਼ਾ ਭੁਗਤਣੀ ਪਏਗੀ। ਅੱਜ ਵੀ ਦੋ-ਚਾਰ ਅਫ਼ਵਾਹਾਂ ਨਾਲ ਤੁਹਾਨੂੰ ਭੀੜ ਵਿਚ ਬਦਲਿਆ ਜਾ ਸਕਦਾ ਹੈ। ਵੱਟਸਐਪ ਨੰਬਰਾਂ ਨੂੰ ਜੋੜ ਕੇ ਇਕ ਸਮੂਹ ਬਣਾਇਆ ਗਿਆ। ਫਿਰ ਤੁਹਾਡੇ ਫੋਨ ਵਿਚ ਆਉਣ ਲੱਗੇ ਤਰ੍ਹਾਂ ਤਰ੍ਹਾਂ ਦੇ ਝੂਠੇ ਮੈਸੇਜ। ਤੁਹਾਡੇ ਫੋਨ ਵਿਚ ਕਿੰਨੇ ਮੈਸੇਜ ਆਏ ਹੋਣਗੇ ਕਿ ਨਹਿਰੂ ਮੁਸਲਮਾਨ ਸਨ। ਜੋ ਲੋਕ ਅਜਿਹਾ ਕਰ ਰਹੇ ਸਨ, ਉਨ੍ਹਾਂ ਨੂੰ ਪਤਾ ਹੈ ਕਿ ਤੁਸੀਂ ਫਿਰਕੂ ਬਣਾਉਣ ਦਾ ਕੰਮ ਪੂਰਾ ਹੋ ਚੁੱਕਾ ਹੈ। ਤੁਸੀਂ ਜਿੰਨੇ ਮਰਜ਼ੀ ਅੰਦੋਲਨ ਕਰ ਲਓ, ਫਿਰਕੂ ਦਾ ਇਕ ਬਟਨ ਦੱਬਿਆ ਜਾਵੇਗਾ ਤੇ ਪਿੰਡਾਂ ਦੇ ਪਿੰਡ ਭੀੜ ਵਿਚ ਬਦਲ ਜਾਣਗੇ। ਪਿੰਡ ਵਿਚ ਪੁੱਛ ਲੈਣਾ ਕਿ ਰਵੀਸ਼ ਕੁਮਾਰ ਨੇ ਗੱਲ ਸਹੀ ਕਹੀ ਹੈ ਜਾਂ ਨਹੀਂ।
ਭਾਰਤ ਵਾਇਆ ਪਿਆਰਾ ਦੇਸ਼ ਹੈ। ਇਸ ਅੰਦਰ ਬਹੁਤ ਕਮੀਆਂ ਹਨ। ਇਸ ਦੇ ਲੋਕਤੰਤਰ ਵਿਚ ਵੀ ਬਹੁਤ ਕਮੀਆਂ ਹਨ ਪਰ ਇਸ ਦੇ ਲੋਕਤੰਤਰ ਦੇ ਮਾਹੌਲ ਵਿਚ ਕੋਈ ਕਮੀ ਨਹੀਂ ਸੀ। ਮੀਡੀਆ ਦੇ ਚੱਕਰ ਵਿਚ ਆ ਕੇ ਇਸ ਨੂੰ ਜਿਹੜੇ ਵਰਗ ਨੇ ਖ਼ਤਮ ਕੀਤਾ ਹੈ, ਉਨ੍ਹਾਂ ਵਿਚ ਤੁਸੀਂ ਕਿਸਾਨ ਭਰਾ ਵੀ ਹੋ। ਤੁਸੀਂ ਇਕ ਨੂੰ ਵੋਟ ਦਿੰਦੇ ਸੀ ਤਾਂ ਦੂਸਰੇ ਨੂੰ ਵੀ ਨਾਲ ਬਿਠਾਉਂਦੇ ਸੀ। ਹੁਣ ਤੁਸੀਂ ਅਜਿਹਾ ਨਹੀਂ ਕਰਦੇ। ਤੁਹਾਡੇ ਦਿਮਾਗ ਵਿਚੋਂ ਬਦਲ ਮਿਟਾ ਦਿੱਤੇ ਗਏ ਹਨ। ਤੁਸੀਂ ਇਕ ਨੂੰ ਵੋਟ ਦਿੰਦੇ ਹੋ ਤਾਂ ਦੂਜੇ ਨੂੰ ਸੋਟੀ ਮਾਰ ਕੇ ਭਜਾ ਦਿੰਦੇ ਹੋ। ਤੁਸੀਂ ਹੀ ਨਹੀਂ, ਅਜਿਹਾ ਬਹੁਤ ਸਾਰੇ ਲੋਕ ਕਰਨ ਲੱਗੇ ਹਨ। ਜਿਵੇਂ ਹੀ ਤੁਹਾਡੀਆਂ ਗੱਲਾਂ ਨਾਲ ਬਦਲ ਦੀ ਥਾਂ ਖ਼ਤਮ ਹੋ ਜਾਂਦੀ ਹੈ, ਵਿਰੋਧੀ ਧਿਰ ਖ਼ਤਮ ਹੋਣ ਲਗਦਾ ਹੈ। ਵਿਰੋਧੀ ਧਿਰ ਦੇ ਖ਼ਤਮ ਹੁੰਦਿਆਂ ਹੀ ਜਨਤਾ ਖ਼ਤਮ ਹੋਣ ਲਗਦੀ ਹੈ। ਵਿਰੋਧੀ ਧਿਰ ਜਨਤਾ ਖੜ੍ਹੀ ਕਰਦੀ ਹੈ। ਵਿਰੋਧੀ ਧਿਰ ਨੂੰ ਮਾਰ ਕੇ ਜਨਤਾ ਕਦੇ ਖੜ੍ਹੀ ਨਹੀਂ ਹੋ ਸਕਦੀ। ਜਿਵੇਂ ਹੀ ਵਿਰੋਧੀ ਧਿਰ ਖ਼ਤਮ ਹੁੰਦੀ ਹੈ, ਜਨਤਾ ਖ਼ਤਮ ਹੋ ਜਾਂਦੀ ਹੈ। ਮੇਰੀ ਇਸ ਗੱਲ ਨੂੰ ਗੂੜ੍ਹੇ ਰੰਗ ਨਾਲ ਆਪਣੇ ਪਿੰਡ ਦੀਆਂ ਕੰਧਾਂ ‘ਤੇ ਲਿਖ ਦੇਣਾ ਅਤੇ ਬੱਚਿਆਂ ਨੂੰ ਕਹਿਣਾ ਕਿ ਤੁਹਾਡੇ ਤੋਂ ਗ਼ਲਤੀ ਹੋ ਗਈ, ਉਹ ਗ਼ਲਤੀ ਨਾ ਕਰਨ।
ਕਿਸਾਨਾਂ ਕੋਲ ਕਦੇ ਵੀ ਕੋਈ ਤਾਕਤ ਨਹੀਂ ਸੀ। ਇਕ ਹੀ ਤਾਕਤ ਸੀ ਕਿ ਉਹ ਕਿਸਾਨ ਹਨ। ਕਿਸਾਨ ਦਾ ਮਤਲਬ ਜਨਤਾ ਹੈ। ਕਿਸਾਨ ਸੜਕਾਂ ‘ਤੇ ਉਤਰੇਗਾ, ਇਹ ਇਕ ਦੌਰ ਦੀ ਸਖ਼ਤ ਚਿਤਾਵਨੀ ਹੋਇਆ ਕਰਦੀ ਸੀ। ਹੈੱਡਲਾਈਨ ਹੁੰਦੀ ਸੀ। ਅਖ਼ਬਾਰ ਤੋਂ ਲੈ ਕੇ ਨਿਊਜ਼ ਚੈਨਲ ਕੰਬ ਜਾਂਦੇ ਸਨ। ਹੁਣ ਤੁਸੀਂ ਜਨਤਾ ਨਹੀਂ ਹੋ। ਜਿਵੇਂ ਹੀ ਜਨਤਾ ਬਣਨ ਦੀ ਕੋਸ਼ਿਸ਼ ਕਰੋਗੇ, ਚੈਨਲਾਂ ‘ਤੇ ਦੀਪਿਕਾ ਦੀ ਕਵਰੇਜ ਵੱਧ ਜਾਵੇਗੀ ਤੇ ਤੁਹਾਡੀ ਪਿੱਠ ‘ਤੇ ਪੁਲੀਸ ਦੀਆਂ ਸੋਟੀਆਂ ਚੱਲਣਗੀਆਂ। ਮੁਕੱਦਮੇ ਦਰਜ ਹੋਣ ਲੱਗਣਗੇ। ਭਾਰਤ ਬੰਦ ਦੌਰਾਨ  ਤੁਹਾਨੂੰ ਕੈਮਰੇ ਵਾਲੇ ਖੂਬ ਦਿਖਾਈ ਦੇਣਗੇ ਪਰ ਕਵਰੇਜ ਦਿਖਾਈ ਨਹੀਂ ਦੇਵੇਗੀ। ਲੋਕ ਚੈਨਲਾਂ ‘ਤੇ ਬਹੁਤ ਕੁੱਝ ਦਿਖ ਜਾਵੇਗਾ ਪਰ ਰਾਸ਼ਟਰੀ ਚੈਨਲਾਂ ‘ਤੇ ਕੁੱਝ ਜ਼ਿਆਦਾ ਨਹੀਂ ਦਿਖੇਗਾ। ਤੁਸੀਂ ਭਾਰਤ ਬੰਦ ਦੇ ਅੰਦੋਲਨ ਦਾ ਵੀਡੀਓ ਬਣਾ ਲੈਣਾ ਤਾਂ ਕਿ ਪਿੰਡਾਂ ਵਿਚ ਵਾਇਰਲ ਹੋ ਸਕੇ।
ਸ਼ਾਸਤਰੀ ਜੀ ਦੇ ਇਕ ਸੱਦੇ ‘ਤੇ ਤੁਸੀਂ ਜਾਨ ਲਗਾ ਦਿੱਤੀ। ਉਨ੍ਹਾਂ ਨੇ ਨਾਅਰਾ ਦਿੱਤਾ ਜੈ ਜਵਾਨ- ਜੈ ਕਿਸਾਨ। ਉਨ੍ਹਾਂ ਤੋਂ ਬਾਅਦ ਤੋਂ ਜਦੋਂ ਵੀ ਇਹ ਨਾਅਰਾ ਲਗਦਾ ਹੈ, ਕਿਸਾਨ ਦੀ ਜੇਬ ਕੱਟ ਜਾਂਦੀ ਹੈ। ਨੇਤਾਵਾਂ ਨੂੰ ਪਤਾ ਚੱਲ ਗਿਆ ਹੈ ਕਿ ਸਾਡਾ ਕਿਸਾਨ ਭੋਲਾ ਹੈ। ਭਾਵੁਕਤਾ ਵਿਚ ਆ ਜਾਂਦਾ ਹੈ। ਦੇਸ਼ ਲਈ ਬੇਟਾ ਤੇ ਅਨਾਜ ਸਭ ਦੇ ਦੇਵੇਗਾ। ਤੁਹਾਡਾ ਇਹ ਭੋਲਾਪਣ ਵਾਕਿਆ ਬਹੁਤ ਸੁੰਦਰ ਹੈ। ਤੁਸੀਂ ਇਵੇਂ ਹੀ ਭੋਲੇ ਬਣੋ ਰਹੇ। ਸਾਰੇ ਨਿਊਜ਼ ਚੈਨਲਾਂ ਦੇ ਬਣਾਏ ਪਿਆਦਿਆਂ ਵਾਗ ਹੋ ਜਾਵੋਗੇ ਤਾਂ ਕਿਵੇਂ ਕੰਮ ਚੱਲੇਗਾ। ਬੱਸ ਜਦੋਂ ਵੀ ਕੋਈ ਨੇਤਾ ਜੈ ਜੈਵਾਨ- ਜੈ ਕਿਸਾਨ ਦਾ ਨਾਅਰਾ ਲਗਾਏ, ਆਪਣੇ ਹੱਥਾਂ ਨਾਲ ਜੇਬ ਘੁੱਟ ਲੈਣਾ।
ਤੁਸੀਂ ਤਾਂ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹੋ। ਨਿਊਜ਼ ਚੈਨਲ ਚਾਹੁੰਦੇ ਤਾਂ ਉਦੋਂ ਹੀ ਬਹਿਸ ਕਰ ਸਕਦੇ ਸਨ। ਬਾਕੀ ਕਿਸਾਨਾਂ ਨੂੰ ਪਤਾ ਹੁੰਦਾ ਹੈ ਕਿ ਕੀ ਕਾਨੂੰਨ ਆ ਰਿਹਾ ਹੈ, ਕੀ ਹੋਵੇਗਾ ਜਾਂ ਕੀ ਨਹੀਂ ਹੋਵੇਗਾ। ਪਰ ਅਜਿਹਾ ਨਹੀਂ ਹੋਇਆ। ਮੈਂ ਤਾਂ ਕਿਹਾ ਸੀ ਕਿ ਨਿਊਜ਼ ਚੈਨਲ ਤੇ ਅਖ਼ਬਾਰ ਖਰੀਦਣਾ ਬੰਦ ਕਰ ਦਿਓ। ਉਹ ਪੈਸਾ ਤੁਸੀਂ ਪ੍ਰਧਾਨ ਮੰਤਰੀ ਰਾਹਤ ਕੋਸ਼ ਵਿਚ ਦੇ ਦਿਓ। ਤੁਸੀਂ ਮੰਨੇ ਹੀ ਨਹੀਂ। ਜੋ ਗੁਲਾਮ ਮੀਡੀਆ ਦਾ ਖ਼ਰੀਦਦਾਰ ਹੁੰਦਾ ਹੈ ਉਹ ਵੀ ਗੁਲਾਮ ਹੀ ਸਮਝਿਆ ਜਾਂਦਾ ਹੈ। ਵੈਸੇ ਮਈ 2015 ਵਿਚ ਪ੍ਰਧਾਨ ਮੰਤਰੀ ਨੇ ਤੁਹਾਡੇ ਲਈ ਕਿਸਾਨ ਚੈਨਲ ਲਾਂਚ ਕੀਤਾ ਹੈ। ਉਮੀਦ ਹੈ ਤੁਸੀਂ ਉਥੇ ਦਿਖਾਈ ਦੇਵੋਗੇ।
ਖ਼ਤ ਲੰਬਾ ਹੈ। ਤੁਹਾਡੇ ਬਾਰੇ ਕੁਝ ਛਪੇਗਾ-ਦਿਖੇਗਾ ਤਾਂ ਨਹੀਂ, ਇਸ ਲਈ ਵੀ ਲੰਬਾ ਲਿਖ ਦਿੱਤਾ ਤਾਂ ਕਿ 25 ਤਰੀਕ ਨੂੰ ਤੁਸੀਂ ਇਹੀ ਪੜ੍ਹਦੇ ਰਹੋ। ਮੇਰਾ ਇਹ ਪੱਤਰ ਖੇਤੀ ਦੇ ਕਾਨੂੰਨਾਂ ਬਾਰੇ ਨਹੀਂ ਹੈ। ਮੇਰਾ ਪੱਤਰ ਉਸ ਮੀਡੀਆ ਸਭਿਆਚਾਰ ਬਾਰੇ ਹੈ ਜਿੱਥੇ ਇਕ ਫ਼ਿਲਮ ਅਭਿਨੇਤਾ ਦੀ ਮੌਤ ਦੇ ਬਹਾਨੇ ਬਾਲੀਵੁੱਡ ਨੂੰ ਨਿਸ਼ਾਨਾ ਬਣਾਉਣ ਦਾ ਤਿੰਨ ਮਹੀਨੇ ਦਾ ਪ੍ਰੋਗਰਾਮ ਚੱਲ ਰਿਹਾ ਹੈ।  ਤੁਸੀਂ ਸਾਰੇ ਵੀ ਉਹੀ ਦੇਖ ਰਹੇ ਹੋ। ਤੁਸੀਂ ਸਿਰਫ਼ ਇਹ ਨਹੀਂ ਦੇਖ ਰਹੇ ਕਿ ਨਿਸ਼ਾਨੇ ‘ਤੇ ਤੁਸੀਂ ਹੋ।
ਰਵੀਸ਼ ਕੁਮਾਰ

Share this post

Leave a Reply

Your email address will not be published. Required fields are marked *