ਪੰਜਾਬੀ ਲਿਖਾਰੀ ਸਭਾ, ਕੈਲਗਰੀ ਨੇ ਖੇਤੀ ਆਰਡੀਨੈਂਸ ਬਿੱਲ ਦੀ ਨਿੰਦਾ ਕੀਤੀ
ਕੈਲਗਰੀ (ਜੋਰਾਵਰ ਬਾਂਸਲ) : ਪੰਜਾਬੀ ਲਿਖਾਰੀ ਸਭਾ ਕੈਲਗਰੀ ਕੋਵਿਡ 19 ਦੇ ਚੱਲਦਿਆਂ ਆਪਣੀ ਮਹੀਨਾਵਾਰ ਮੀਟਿੰਗ ਸਿਹਤ ਤੇ ਸਰਕਾਰੀ ਹਿਦਾਇਤਾਂ ਮੁਤਾਬਕ ਪਿਛਲੇ ਕੁਝ ਮਹੀਨਿਆਂ ਤੋਂ ਖੁੱਲ੍ਹੀ ਗਰਾਊਂਡ ਵਿਚ ਕਰਦੀ ਆ ਰਹੀ ਹੈ। ਇਨ੍ਹਾਂ ਹਿਦਾਇਤਾਂ ਮੁਤਾਬਕ ਸਤੰਬਰ ਮਹੀਨੇ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਸਾਹਿਤਕ ਤੇ ਸਮਾਜਕ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ। ਜਿਸ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਦਰਿਆ ਜੀ ਦੇ ਸਦੀਵੀ ਵਿਛੋੜੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ। ਸਮਾਜਕ ਕਾਰਕੁਨ ਇਬਰੂ ਫਾਤਮਾ ਤੇ ਬਲੋਚਿਸਤਾਨ ਮੈਗਜ਼ੀਨ ਸੰਪਾਦਕਾ ਸ਼ਹੀਨ ਬਲੋਚ ਦੀ ਮੌਤ ‘ਤੇ ਡਾਢੇ ਦੁੱਖ ਦਾ ਇਜ਼ਹਾਰ ਕੀਤਾ। ਕਿਸਾਨੀ ਬਿੱਲ (ਆਰਡੀਨੈਂਸ) ਦਾ ਵਿਸਥਾਰ ਸਾਂਝਾਂ ਕਰਦਿਆਂ ਇਸ ਵਿਚ ਪ੍ਰਾਈਵੇਟ ਕੰਪਨੀਆਂ ਦੇ ਫ਼ਾਇਦੇ, ਮਨਸੂਬੇ ਤੇ ਕਿਸਾਨ ਦੇ ਹੋਣ ਵਾਲੇ ਸ਼ੋਸ਼ਣ ‘ਤੇ ਗੰਭੀਰ ਚਰਚਾ ਹੋਈ। ਇਸ ਉੱਤੇ ਸਭਾ ਦੇ ਸਾਰੇ ਮੈਂਬਰਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ। ਰਣਜੀਤ ਸਿੰਘ ਨੇ ਕਿਹਾ ਕਿ ਇਸ ਨਾਲ ਸਿਰਫ਼ ਕਿਸਾਨ ਹੀ ਨਹੀਂ ਬਲਕਿ ਮੰਡੀਆਂ, ਮਜ਼ਦੂਰ ਤੇ ਆਮ ਜਨ-ਜੀਵਨ ਵੀ ਪ੍ਰਭਾਵਤ ਹੋਏਗਾ। ਉਨ੍ਹਾਂ ਉਲਫ਼ਤ ਬਾਜਵਾ ਦੀ ਨਜ਼ਮ ‘ਲਹੂ ਹੈ ਬੇ-ਗੁਨਾਹਾਂ ਦਾ’ ਵੀ ਸਾਂਝੀ ਕੀਤੀ। ਮੰਗਲ ਚੱਠਾ ਨੇ ਆਪਣੀ ਜੁਝਾਰੂ ਰਚਨਾ ‘ਹੱਥ ਅਕਲ ਨੂੰ ਮਾਰ’ ਸੁਣਾਈ ਤੇ ਇਤਿਹਾਸ ਦੀ ਗੱਲ ਕੀਤੀ ਕਿ ਪੰਜਾਬ ਹਮੇਸ਼ਾ ਲਹਿਰਾਂ ਤੇ ਮੋਰਚਿਆਂ ਵਿਚ ਮੋਹਰੀ ਰਿਹਾ ਹੈ ਤੇ ਇਸ ਦੇ ਹਿੱਸੇ ਸੰਘਰਸ਼ ਹੀ ਆਇਆ ਹੈ। ਬਲਵੀਰ ਗੋਰਾ ਨੇ ਡੁੱਬਦੀ ਕਿਸਾਨੀ ਦੀ ਗੱਲ ਕੀਤੀ ਤੇ ‘ਜੱਟ ਖੁਦਕੁਸ਼ੀਆਂ ਕਰਦੇ ਆ’ ਤਰਾਸਦੀ ਭਰਿਆ ਗੀਤ ਸੁਣਾਇਆ। ਮਹਿੰਦਰਪਾਲ ਸਿੰਘ ਪਾਲ ਨੇ ਕਿਸਾਨ ਦੇ ਹਾਲਾਤ ਦੀ ਗੱਲ ਕਰਦਿਆਂ ਆਪਣੀ ਰਚਨਾ ਸਾਂਝੀ ਕੀਤੀ ਤੇ ਆਉਣ ਵਾਲੇ ਸਮੇਂ ਵਿਚ ਪੰਜਾਬ ਲਈ ਚਿੰਤਾ ਜ਼ਾਹਰ ਕੀਤੀ। ਪ੍ਰਧਾਨ ਦਵਿੰਦਰ ਮਲਹਾਂਸ ਨੇ ਜਿੱਥੇ ਇਸ ਵਿਸ਼ੇ ‘ਤੇ ਆਪਣੇ ਵਿਚਾਰ ਦਿੱਤੇ ਉਥੇ ਹੀ ਪੰਜਾਬੀ ਭਾਸ਼ਾ ਨਾਲ ਕੀਤੇ ਜਾ ਰਹੇ ਵਿਤਕਰੇ ਉੱਤੇ ਅਫ਼ਸੋਸ ਜ਼ਾਹਿਰ ਕੀਤਾ। ਉਨ੍ਹਾਂ ਪੰਜਾਬੀ ਦੇ ਪਿਛੋਕੜ ਨੂੰ ਇਤਿਹਾਸਕ ਘਟਨਾਵਾਂ ਨਾਲ ਜੋੜ ਕੇ ਵੇਰਵਾ ਦਿੱਤਾ ਤੇ ਇਸ ਦੇ ਅੱਜ ਆਉਣ ਵਾਲੇ ਕੱਲ੍ਹ ਲਈ ਚਿੰਤਾ ਦਾ ਪ੍ਰਗਟਾਵਾ ਕੀਤਾ ਕਿਉਂ ਕਿ ਸਰਕਾਰ ਦੀਆਂ ਨੀਤੀਆਂ ਪੰਜਾਬ ਪ੍ਰਤੀ ਵਿਤਕਰੇ ਵਾਲੀਆਂ ਰਹੀਆਂ। ਜਿਸ ਦਾ ਸਬੂਤ ਆਰਡੀਨੈਂਸ ਬਿੱਲ ਹਨ। ਜਿਨ੍ਹਾਂ ਦੀ ਸਾਰੇ ਮੈਂਬਰਾਂ ਨੇ ਜ਼ੋਰਦਾਰ ਨਿਖੇਧੀ ਕੀਤੀ। ਇੱਥੇ ਹੀ ਹੋਰ ਸਮਾਜਕ ਤੇ ਸਾਹਿਤਕ ਵਿਚਾਰ-ਚਰਚਾ ਹੋਈ। ਅਖੀਰ ਵਿਚ ਪ੍ਰਧਾਨ ਦਵਿੰਦਰ ਮਲਹਾਂਸ ਨੇ ਸਭ ਮੈਂਬਰਾਂ ਦਾ ਧੰਨਵਾਦ ਕੀਤਾ। ਸਭਾ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 4039932201, ਜਨਰਲ ਸਕੱਤਰ ਜੋਰਾਵਰ ਬਾਂਸਲ ਨੂੰ 5874377805 ਤੇ ਸੰਪਰਕ ਕੀਤਾ ਜਾ ਸਕਦਾ ਹੈ।