fbpx Nawidunia - Kul Sansar Ek Parivar

ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਨੇ ਲਾਇਆ ਪੁਸਤਕ ਮੇਲਾ


ਸ਼ਹੀਦ ਭਗਤ ਸਿੰਘ, ਭਾਜੀ ਗੁਰਸ਼ਰਨ ਸਿੰਘ, ਅਜਮੇਰ ਔਲਖ ਤੇ ਪਾਸ਼ ਨੂੰ ਕੀਤਾ ਯਾਦ
ਕੈਲਗਰੀ : ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ, ਕੈਲਗਰੀ’ ਵਲੋਂ ਬੀਤੇ ਦਿਨੀਂ ਕੈਲਗਰੀ ਵਿਚ ਕਿਤਾਬਾਂ ਪੜ੍ਹਨ ਦੇ ਰੁਝਾਨ ਨੂੰ ਉਤਸ਼ਾਹਿਤ ਕਰਨ ਲਈ ਲਾਗਤ ਕੀਮਤ ‘ਤੇ ਪਾਠਕਾਂ ਲਈ ਪੁਸਤਕਾਂ ਦਾ ਮੇਲਾ ਲਗਾਇਆ ਜਾਂਦਾ ਹੈ। ਇਸ ਵਿਚ ਪਾਠਕਾਂ ਲਈ ਪੰਜਾਬੀ, ਹਿੰਦੀ, ਅੰਗਰੇਜ਼ੀ ਦੀਆਂ ਸਾਹਿਤਕ, ਰਾਜਨੀਤਕ, ਵਿਗਿਆਨ, ਵਾਤਾਵਰਣ, ਸਿਹਤ, ਜੀਵਨ, ਤਰਕਸ਼ੀਲਤਾ ਨਾਲ ਸਬੰਧਤ ਕਿਤਾਬਾਂ ਮੁਹੱਈਆ ਕਰਾਈਆਂ ਗਈਆਂ। ਇਸ ਤੋਂ ਪਹਿਲਾਂ ਅਗਸਤ ਵਿਚ ਵੀ ਪੁਸਤਕ ਮੇਲਾ ਲਗਾਇਆ ਗਿਆ ਸੀ ਜਿਸ ਨੂੰ ਪਾਠਕਾਂ ਨੇ ਭਰਪੂਰ ਸਹਿਯੋਗ ਦਿੱਤਾ ਸੀ। ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ’ ਦੇ ਸੰਚਾਲਕ ਮਾਸਟਰ ਭਜਨ ਸਿੰਘ ਨੇ ਇਸ ਮੌਕੇ ਬੋਲਦਿਆਂ ਸ਼ਹੀਦ ਭਗਤ ਸਿੰਘ, ਨਾਟਕਕਾਰ ਭਾਜੀ ਗੁਰਸ਼ਰਨ ਸਿੰਘ, ਨਾਟਕਕਾਰ ਅਜਮੇਰ ਔਲਖ ਤੇ ਕਵੀ ਅਵਤਾਰ ਪਾਸ਼ ਨੂੰ ਯਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਸਾਰੇ ਮਹਾਨ ਵਿਅਕਤੀਆਂ ਦੀਆਂ ਕੁਰਬਾਨੀਆਂ, ਘਾਲਣਾਵਾਂ ਤੇ ਸੋਚ ਨੂੰ ਲੋਕਾਂ ਤੱਕ ਲਿਜਾਉਣ ਲਈ ਅਜਿਹੇ ਉਪਰਾਲੇ ਕਰਦੇ ਰਹਾਂਗੇ। ਉਨ੍ਹਾਂ ਇਸ ਗੱਲ ‘ਤੇ ਤਸੱਲੀ ਪ੍ਰਗਟ ਕੀਤੀ ਕਿ ਪਾਠਕ ਹਰ ਪੁਸਤਕ ਮੇਲੇ ਨੂੰ ਭਰਪੂਰ ਸਹਿਯੋਗ ਦਿੰਦੇ ਹਨ ਤੇ ਬੜੇ ਉਤਸ਼ਾਹ ਨਾਲ ਕਿਤਾਬਾਂ ਖ਼ਰੀਦਦੇ ਹਨ।

ਬਹੁਤ ਸਾਰੇ ਪਾਠਕ ਆਪਣੇ ਘਰੇਲੂ ਰੁਝੇਵਿਆਂ ਕਾਰਨ ਅੱਜ ਦੇ ਮੇਲੇ ਵਿਚ ਪਹੁੰਚ ਨਹੀਂ ਸਕੇ, ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਮਾਸਟਰ ਭਜਨ ਸਿੰਘ ਹੋਰਾਂ ਨਾਲ 403-455-4220 ‘ਤੇ ਸੰਪਰਕ ਕਰਕੇ ਉਨ੍ਹਾਂ ਦੇ ਘਰੋਂ ਕਿਤਾਬਾਂ ਪ੍ਰਾਪਤ ਕਰ ਸਕਦੇ ਹਨ। ਅੱਗੇ ਸਨੋਅ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਤੇ ਪਾਠਕ ਕਿਤਾਬਾਂ ਨਾਲ ਆਪਣਾ ਸਮਾਂ ਸਫਲ ਕਰ ਸਕਦੇ ਹਨ ਤੇ ਜਦੋਂ ਮਰਜ਼ੀ ਫ਼ੋਨ ਕਰਕੇ ਕਿਤਾਬਾਂ ਲੈ ਸਕਦੇ ਹਨ। ਯਾਦ ਰਹੇ ਇਹ ਪੁਸਤਕ ਮੇਲਾ ਪਿਛਲੇ ਸਾਲਾਂ ਦੀ ਤਰ੍ਹਾਂ ‘ਸਿੱਖ ਵਿਰਸਾ ਇੰਟਰਨੈਸ਼ਨਲ’ ਤੇ ‘ਅਦਾਰਾ ਸਰੋਕਾਰਾਂ ਦੀ ਆਵਾਜ਼’ ਦੇ ਸਹਿਯੋਗ ਨਾਲ ਡਾ. ਭੁੱਲਰ ਵਾਲੇ ਗਰੀਨ ਪਲਾਜ਼ਾ ਵਿਚ ਮੇਨ ਲੈਵਲ ਤੇ ਬਰਾਂਡੇ ਵਿਚ ਲਗਾਇਆ ਗਿਆ। ਪੁਸਤਕ ਮੇਲੇ ਦੇ ਪ੍ਰਬੰਧਕਾਂ ਵਲੋਂ ਉਨ੍ਹਾਂ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਸਵੇਰ ਤੋਂ ਸ਼ਾਮ ਤੱਕ ਮੇਲੇ ਨੂੰ ਕਾਮਯਾਬ ਕਰਨ ਲਈ ਪੂਰਨ ਸਹਿਯੋਗ ਦਿੱਤਾ।

Share this post

Leave a Reply

Your email address will not be published. Required fields are marked *