fbpx Nawidunia - Kul Sansar Ek Parivar

ਦਿੱਲੀ ਆਓ / ਰਿਪੁਦਮਨ ਸਿੰਘ ਰੂਪ

(ਰਾਜਿਸਥਾਨ ਦੇ ਕਿਸਾਨ ਗੇਜੰਦਰ ਸਿੰਘ ਦੇ ਨਾਂ, ਜਿਸ ਨੇ
22 ਅਪ੍ਰੈਲ 2015 ਨੂੰ ਦਿੱਲੀ ਵਿਖੇ ਦਰਖ਼ਤ ਉੱਤੇ ਚੜਕੇ ਫਾਹਾ ਲਿਆ)

ਦੇਖੋ!
ਕਿੱਡਾ ਵੱਡਾ ਖ਼ਿਤਾਬ ਹੈ ਮਿਲਿਆ
ਸ਼ਹੀਦ ਦਾ
ਕੌਮੀ ਸ਼ਹੀਦ ਦਾ
ਕਿਸਾਨਾਂ ਦਾ ਨਾਇਕ,
ਮਹਾਂ ਨਾਇਕ।

ਰੁਲਦਾ ਸਾਂ ਵਿੱਚ ਖੇਤਾਂ
ਮਿੱਟੀ ਨਾਲ ਮਿੱਟੀ ਸਾਂ ਹੁੰਦਾ
ਫਸਲਾਂ ਦੀ ਕਰਦਾ ਰਾਖੀ
ਜਾਗ ਜਾਗ ਮੈਂ ਰਾਤਾਂ।

ਤੱਕਦਾ ਰਹਿੰਦਾ ਸਾਂ ਅਸਮਾਨੀਂ
ਕਰੋਪੀ ਕੁਦਰਤ ਦੀ ਤੋਂ ਡਰਦਾ
ਜਿਨਸਾਂ ਮੇਰੀਆਂ ਰੁਲਦੀਆਂ ਮੰਡੀ
ਕੱਟਦਾ ਸਾਂ ਫਾਕੇ,
ਢਿੱਡ ਸਭਨਾਂ ਦਾ ਭਰਕੇ।

ਮੈਂ ਕੀਤੀ ਅਕਲ
ਸੂਝਵਾਣ, ਦੂਰਦਰਸ਼ੀ ਜੋ ਸਾਂ
ਆ  ਗਿਆ ਦਿੱਲੀ
ਦਰਖਤ ਉੱਤੇ ਚੜਿਆ
ਆਪਣਾ ਸਾਫਾ
ਗਲ ਵਿਚ ਪਾਇਆ
ਸਾਹਮਣੇ ਕੁਲ ਜਹਾਨ ਦੇ।
ਹਜ਼ਾਰਾਂ ਮੋਬਾਇਲਾਂ, ਸ਼ੋਸ਼ਲ ਮੀਡੀਏ
ਸੈਂਕੜੇ ਮੀਡੀਆ ਕਰਮੀਆਂ ਦਾ।
ਖਿਚਿਆ ਧਿਆਨ
ਕੀਤੀ ਖੁਦਕੁਸ਼ੀ।

ਤੇ ਇੰਝ
ਦੇਸ਼ ਦਾ, ਕਿਸਾਨਾਂ ਦਾ,
ਸ਼ਹੀਦ ਬÎਣਿਆ
ਆਦਰਯੋਗ
ਪੂਜਨੀਕ।
ਪਾਰਲੀਮੈਂਟ ‘ਚ ਮਤੇ ਪਏ
ਦਿਤੀਆਂ ਸ਼ਰਧਾਂਜਲੀਆਂ
ਖਲੋ ਕੇ ਮੈਨੂੰ
ਮੰਨ ਸ਼ਹੀਦ, ਦੇਸ਼ ਦਾ ਸ਼ਹੀਦ।

ਮੇਰੇ ਵੀਰੋ
ਕਿਸਾਨ ਵੀਰੋ
ਤੁਸੀਂ ਕਿੰਨੇ ਹੋ ਬੇਅਕਲ
ਨਾ-ਸਮਝ, ਦੂਰ ਦ੍ਰਿਸ਼ਟੀ ਤੋਂ ਕੋਰੇ
ਪੀਂਦੇ ਹੋ ਸਲਫਾਸ,
ਕੀੜੇ ਮਾਰ ਦਵਾਈਆਂ।
ਖੇਤਾਂ ਵਿਚ
ਘਰਾਂ ਵਿਚ
ਕਰਦੇ ਹੋ ਖੁਦਕੁਸ਼ੀਆਂ
ਖਪ ਜਾਂਦੇ ਹੋ, ਮਰ ਜਾਂਦੇ ਹੋ
ਪਿੰਡਾਂ ਵਿਚ, ਰੁਲ ਜਾਂਦੇ ਹੋ ਗਲੀਆਂ ਵਿਚ
ਰਹਿ ਜਾਂਦੇ ਹੋ
ਅਣਗੋਲੇ, ਬੇਧਿਆਨੇ।

ਮੇਰੇ ਵੀਰੋ, ਕਿਸਾਨ ਭਰਾਵੋ
ਮੇਰੇ ਮਗਰ ਨਾ ਜਾਣਾ
ਮੇਰੀ ਰੀਸ ਨਾ ਕਰਨਾ
ਆਪਣਾ ਸਾਫ਼ਾ
ਨਾ ਪਾਉਣਾ
ਆਪਣੇ ਹੀ ਗਲ ਵਿਚ।

ਕਰੋ ਅਕਲ,
ਵਿਚ ਪਿੰਡਾਂ ਦੇ
ਖੁਦਕੁਸ਼ੀਆਂ ਕਰਨ ਵਾਲਿਓ
ਦਿਖਾਓ ਦੂਰਅੰਦੇਸ਼ੀ
ਹੋ ਇੱਕਠੇ
ਦਿੱਲੀ ਆਓ।

ਘੇਰੋ ਪਾਰਲੀਮੈਂਟ
ਸਾਂਸਦਾਂ ਨੂੰ
ਮੰਤਰੀਆਂ
ਅਹਿਲਕਾਰਾਂ ਨੂੰ
ਝੂਠਿਆਂ
ਫ਼ਰੇਬੀਆਂ  ਨੂੰ
ਉਤਾਰੋ ਆਪਣੇ ਸਾਫ਼ੇ
ਪਾਓ ਇਨ੍ਹਾਂ ਦੇ ਗਲਾਂ ਵਿਚ
ਕਰੋ ਇਹਨਾਂ ਨੂੰ ਸ਼ਹੀਦ
ਦੇਸ਼ ਦੇ ਸ਼ਹੀਦ
ਦੇਵਾਂਗੇ ਨੌਕਰੀ ਇੱਕ ਮੈਂਬਰ ਨੂੰ
ਕਰਾਂਗੇ ਭੇਟ ਲੱਖਾਂ ਦਾ ਚੈੱਕ
ਪਿੱਛੇ ਰਹਿ ਗਿਆ ਨੂੰ।

ਮਰਨ ਵਾਲਿਓ
ਫਾਹਾ ਲੈਣ ਵਾਲਿਓ
ਦਿੱਲੀ ਆਓ
ਇਕੱਠੇ ਹੋ ਕੇ
ਦਿੱਲੀ ਆਓ


0172-2213160, 2212654

Share this post

Leave a Reply

Your email address will not be published. Required fields are marked *