fbpx Nawidunia - Kul Sansar Ek Parivar

ਜਾਬਰਾਂ ਸਾਹਮਣੇ ਤਣ ਕੇ ਖੜ੍ਹਨ ਦਾ ਸੁਨੇਹਾ ਦਿੰਦਾ ਨਾਟਕ ‘ਸੀਸ’

ਗੁਰਮੀਤ ਕੜਿਆਲਵੀ
ਇਕ ਪੁਸਤਕ – ਇਕ ਨਜ਼ਰ

ਕੇਵਲ ਧਾਲੀਵਾਲ ਪੰਜਾਬੀ ਰੰਗਮੰਚ ਦੀ ਉਹ ਸਿਰਮੌਰ ਸ਼ਖ਼ਸੀਅਤ ਹੈ ਜਿਸ ਨੂੰ ਰੰਗਮੰਚ ਦੀ ਇਕ ਸੰਸਥਾ ਵੀ ਕਹਿ ਲਿਆ ਜਾਵੇ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਉਹ ਨਿਰਦੇਸ਼ਨ, ਅਦਾਕਾਰੀ, ਪ੍ਰਬੰਧਨ ਤੇ ਲੇਖਣੀ ਦਾ ਖ਼ੂਬਸੂਰਤ ਸੁਮੇਲ ਹੈ। ਉਹ ਪਿਛਲੇ ਚਾਲੀ ਸਾਲਾਂ ਤੋਂ ਲਗਾਤਾਰ ਰੰਗਮੰਚ ਨਾਲ ਜੁੜਿਆ ਹੋਇਆ ਹੈ। ਕੇਵਲ ਧਾਲੀਵਾਲ ਨੇ 1978 ਤੋਂ ਭਾ’ਜੀ ਗੁਰਸ਼ਰਨ ਸਿੰਘ ਨਾਲ ਬਤੌਰ ਅਦਾਕਾਰ ਨਾਟਕ ਕਰਨੇ ਸ਼ੁਰੂ ਕੀਤੇ ਤੇ ਇਕ ਦਹਾਕਾ ਉਨ੍ਹਾਂ ਦੇ ਨਾਲ ਰਹਿੰਦਿਆਂ ਰੰਗਮੰਚ ਦੀਆਂ ਜੁਗਤਾਂ ਨੂੰ ਬਾਰੀਕੀ ਨਾਲ ਸਮਝਿਆ। ਫਿਰ ਉਸ ਨੇ ਰੰਗਮੰਚ ਦੇ ਖੇਤਰ ’ਚ ਦੇਸ਼ ਦੀ ਸਰਵਉੱਚ ਨਾਟ ਸਿਖਲਾਈ ਸੰਸਥਾ ‘ਨੈਸ਼ਨਲ ਸਕੂਲ ਆਫ ਡਰਾਮਾ’ ਤੋਂ ਨਾਟ ਨਿਰਦੇਸ਼ਨ ਤੇ ਡਿਜ਼ਾਈਨਿੰਗ ਦੇ ਖੇਤਰ ’ਚ ਸਿੱਖਿਆ ਹਾਸਿਲ ਕੀਤੀ ਜਿਸ ਨੇ ਉਸ ਨੂੰ ਤਕਨੀਕੀ ਪੱਖੋਂ ਮਾਹਰ ਬਣਾ ਦਿੱਤਾ। ਜੇ ਰੰਗਮੰਚ ਦੇ ਖੇਤਰ ਦੀ ਵੱਡੀ ਸੰਸਥਾ ਵਜੋਂ ਜਾਣੇ ਜਾਂਦੇ ਗੁਰਸ਼ਰਨ ਸਿੰਘ ਤੋਂ ਕੇਵਲ ਨੇ ਵਿਚਾਰਧਾਰਾ ਪ੍ਰਾਪਤ ਕੀਤੀ ਤਾਂ ਦੂਜੀ ਵੱਡੀ ਸੰਸਥਾ ‘ਨੈਸ਼ਨਲ ਸਕੂਲ ਆਫ ਡਰਾਮਾ’ ਨੇ ਉਸ ਨੂੰ ਕਲਾ ਪੱਖੋਂ ਪ੍ਰਬੀਨ ਕੀਤਾ ਹੈ। ਇਨ੍ਹਾਂ ਸੰਸਥਾਵਾਂ ਦੀ ਬਦੌਲਤ ਜਿੱਥੇ ਉਸਦੇ ਨਾਟਕ ਤਕਨੀਕੀ ਪੱਖੋਂ ਸਿਖਰਾਂ ਛੂੰਹਦੇ ਨੇ, ਉੱਥੇ ਕੇਵਲ ਧਾਲੀਵਾਲ ਪੇਸ਼ਕਾਰੀ ਦੌਰਾਨ ਅਗਾਂਹਵਧੂ ਵਿਚਾਰਧਾਰਾ ਦਾ ਪੱਲਾ ਵੀ ਘੁੱਟ ਕੇ ਫੜੀ ਰੱਖਦਾ ਹੈ।

‘ਸੀਸ’ ਕੇਵਲ ਧਾਲੀਵਾਲ ਰਚਿਤ ਇਕ ਧਾਰਮਿਕ/ਇਤਿਹਾਸਕ ਨਾਟਕ ਹੈ ਜੋ ਉਸ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 400ਵੀਂ ਜਨਮ ਸ਼ਤਾਬਦੀ ਨੂੰ ਸਾਹਮਣੇ ਰੱਖ ਕੇ ਲਿਖਿਆ ਹੈ। ਨਾਟਕ ਦਾ ਸਿਰਲੇਖ ਹੀ ਸਾਡੇ ਅੰਦਰ ਸਵਾਲ ਖੜ੍ਹਾ ਕਰ ਦਿੰਦਾ ਹੈ। ਪਾਠਕ/ਦਰਸ਼ਕ ਸੀਸ ਅਤੇ ਸਿਰ ਵਿਚਲੇ ਅੰਤਰ ਬਾਰੇ ਸੋਚਣ ਲੱਗਦਾ ਹੈ। ‘ਇਹ ਕਿਤਾਬ’ ਦੇ ਸਿਰਲੇਖ ਅਧੀਨ ਲਿਖੇ ਮੁੱਖਬੰਦ ਵਿੱਚ ਕੇਵਲ ਆਪਣੇ ਇਸ ਨਾਟਕ ਦੇ ਨਾਮ ਬਾਰੇ ਸਪੱਸ਼ਟ ਕਰਦਾ ਹੈ:

‘‘ਮੈਂ ਇਸ ਨਾਟਕ ਦਾ ਨਾਮ ‘ਸੀਸ’’ ਵੀ ਇਸੇ ਲਈ ਰੱਖਿਆ ਹੈ, ਕਿਉਂਕਿ ਸਿਰ ਤਾਂ ਹਰ ਇਕ ਦੇ ਮੋਢੇ ’ਤੇ ਹੁੰਦਾ ਹੈ, ਪਰ ‘ਸੀਸ’ ਕਿਸੇ ਕਿਸੇ ਕੋਲ ਹੁੰਦਾ ਹੈ। ਗੁਰੂ ਤੇਗ ਬਹਾਦਰ ਜੀ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਲਾਸਾਨੀ ਸ਼ਹੀਦ ਮੰਨੇ ਜਾਂਦੇ ਹਨ ਜਿਨ੍ਹਾਂ ਨੇ ਧਰਮ ਦੀ ਆਜ਼ਾਦੀ ਲਈ ਆਪਣਾ ਬਲੀਦਾਨ ਦਿੱਤਾ।’’

ਧਾਰਮਿਕ ਨਾਟਕ ਲਿਖਣਾ ਤੇ ਖੇਡਣਾ ਕਿਸੇ ਵੀ ਲੇਖਕ/ਨਿਰਦੇਸ਼ਕ ਲਈ ਚੁਣੌਤੀਪੂਰਨ ਕੰਮ ਹੁੰਦਾ ਹੈ। ਸਿੱਖ ਧਰਮ ਬਾਰੇ ਕੋਈ ਧਾਰਮਿਕ ਨਾਟਕ ਲਿਖਣਾ ਤੇ ਖੇਡਣਾ ਤਾਂ ਹੋਰ ਵੀ ਵਧੇਰੇ ਮੁਸ਼ਕਿਲ ਕਾਰਜ ਹੈ ਕਿਉਂਕਿ ਸਿੱਖ ਗੁਰੂ ਸਾਹਿਬਾਨ ਨੂੰ ਮੰਚ ’ਤੇ ਪੇਸ਼ ਕਰਨ ਦੀ ਸਖ਼ਤ ਮਨਾਹੀ ਹੈ। ਲੇਖਕ ਨੇ ਉਸ ਦੌਰ ਦੇ ਕੁਝ ਇਤਿਹਾਸਕ ਪਾਤਰਾਂ ਤੇ ਕਾਲਪਨਿਕ ਪਾਤਰਾਂ ਦੇ ਸੰਵਾਦਾਂ ਰਾਹੀਂ ਹੀ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਤੇ ਸ਼ਖ਼ਸੀਅਤ ਨੂੰ ਮੰਚ ’ਤੇ ਸਾਕਾਰ ਕਰਨਾ ਹੁੰਦਾ ਹੈ। ਕੇਵਲ ਧਾਲੀਵਾਲ ਨੇ ਵੀ ਇਸ ਨਾਟਕ ਵਿਚ ਭਾਈ ਸਦਾਨੰਦ ਜੀ (ਭਾਈ ਜੀਵਨ ਸਿੰਘ ਜੀ ਦੇ ਪਿਤਾ), ਮੱਖਣ ਸ਼ਾਹ, ਭੀਖਣ ਸ਼ਾਹ, ਲੱਖੀ ਸ਼ਾਹ, ਪੰਡਿਤ ਕਿਰਪਾ ਰਾਮ, ਔਰੰਗਜ਼ੇਬ, ਔਰੰਗਜ਼ੇਬ ਦੀ ਧੀ ਜ਼ੇਬੂਨਿਸਾ, ਕੋਤਵਾਲ ਅਬਦੁੱਲਾ, ਕਾਜ਼ੀ ਬੋਹਰਾ ਤੇ ਭਾਈ ਜੈਤਾ ਜੀ ਜਿਹੇ ਇਤਿਹਾਸਕ ਅਤੇ ਭਾਨੋ, ਜੀਤੋ, ਬੇਬੇ ਤੇ ਸਿਪਾਹੀ ਵਰਗੇ ਕਾਲਪਨਿਕ ਪਾਤਰਾਂ ਰਾਹੀਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਜੀਵਨ ਯਾਤਰਾ, ਸ਼ਹਾਦਤ ਅਤੇ ਵਿਚਾਰਧਾਰਾ ਨੂੰ ਪੇਸ਼ ਕੀਤਾ ਹੈ।

ਕੇਵਲ ਦੇ ਸਾਰੇ ਨਾਟਕਾਂ ਦੀ ਇਹ ਖ਼ੂਬੀ ਹੁੰਦੀ ਹੈ ਕਿ ਉਹ ਇਨ੍ਹਾਂ ’ਚ ਕੋਰਸ ਗਾਇਨ ਦੀ ਭਰਵੀਂ ਵਰਤੋਂ ਕਰਦਾ ਹੈ। ‘ਸੀਸ’ ਨਾਟਕ ਵਿੱਚ ਕੋਰਸ ਗਾਇਕੀ ਇਕ ਪਾਤਰ ਵਜੋਂ ਪੇਸ਼ ਹੋਈ ਹੈ। ਨਾਟਕ ਦੀ ਸ਼ੁਰੂਆਤ ਕੋਰਸ ਗੀਤ ‘‘ਸੁਣੋ ਐ ਸੀਸਾਂ ਵਾਲਿਓ- ਸੀਸ ਉਠਾ ਕੇ ਸੁਣਿਓ ਬਈ’’ ਨਾਲ ਕੀਤੀ ਗਈ ਹੈ। ਨਾਟਕਕਾਰ ਨੇ ਅਜਿਹੇ ਕੋਰਸ ਗੀਤ ਨਾਟਕ ’ਚ ਥਾਂ ਪੁਰ ਥਾਂ ਸ਼ਾਮਲ ਕੀਤੇ ਹਨ ਜਿਨ੍ਹਾਂ ਰਾਹੀਂ ਕਥਾ ਨੂੰ ਅੱਗੇ ਤੋਰਿਆ ਗਿਆ ਹੈ। ਕੇਵਲ ਇਸ ਨੂੰ ਮਹੱਤਵਪੂਰਨ ਮੰਚੀ ਜੁਗਤ ਵਜੋਂ ਵਰਤਦਾ ਹੈ। ਉਹ ਕੋਰਸ/ਗੀਤ ਦੀਆਂ ਦੋ ਚਾਰ ਸਤਰਾਂ ਨਾਲ ਹੀ ਉਸ ਦੌਰ ਦੀ ਕਿਸੇ ਵੱਡੀ ਘਟਨਾ ਨੂੰ ਬਿਆਨ ਕਰ ਦਿੰਦਾ ਹੈ।

ਕੇਵਲ ਧਾਲੀਵਾਲ ਨਾਟਕ ਦੇ ਮੁੱਢ ’ਚ ਹੀ ਪੰਡਿਤ, ਅਮਰੋ ਅਤੇ ਦਾਈ ਦੀ ਆਪਸੀ ਗੱਲਬਾਤ, ਕੋਰਸ ਗੀਤਾਂ ਅਤੇ ਢਾਡੀਆਂ ਰਾਹੀਂ ਬਾਲਕ ਤਿਆਗ ਮੱਲ ਦੇ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਜਨਮ ਲੈਣ, ਉਨ੍ਹਾਂ ਨੂੰ ਸੰਸਕ੍ਰਿਤ, ਫ਼ਾਰਸੀ ਦੀ ਵਿਦਿਆ ਦੇਣ, ਤਿਆਗ ਮੱਲ ਜੀ ਦੀ ਬੀਬੀ ਗੁਜਰੀ ਨਾਲ ਸ਼ਾਦੀ ਅਤੇ ਉਸ ਸਮੇਂ ਦੇ ਰਾਜਨੀਤਕ ਹਾਲਾਤ ਬਾਰੇ ਜਾਣੂ ਕਰਵਾ ਦਿੰਦਾ ਹੈ। ਦਰਸ਼ਕ/ਪਾਠਕ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਮੁਗ਼ਲ ਫ਼ੌਜਾਂ ਨਾਲ ਕੀਤੇ ਯੁੱਧਾਂ ਅਤੇ ਨੌਜਵਾਨ ਤਿਆਗ ਮੱਲ ਵੱਲੋਂ ਦਿਖਾਈ ਬਹਾਦਰੀ ਬਾਰੇ ਸੁਣਦਿਆਂ ਉਨ੍ਹਾਂ ਵੱਲੋਂ ਆਉਣ ਵਾਲੇ ਸਮੇਂ ’ਚ ਨਿਭਾਈ ਜਾਣ ਵਾਲੀ ਭੂਮਿਕਾ ਬਾਰੇ ਸੁਚੇਤ ਹੋ ਜਾਂਦਾ ਹੈ। ਗੁਰੂ ਸਾਹਿਬ ਦੇ ਬਚਪਨ ਬਾਰੇ ਪੇਸ਼ ਇਹ ਗੱਲਬਾਤ ਸਪਸ਼ਟ ਕਰਦੀ ਹੈ ਕਿ ਕਿਸੇ ਸ਼ਖ਼ਸੀਅਤ ਦੇ ਉਸਾਰ ਵਿੱਚ ਉਸਦਾ ਆਲਾ-ਦੁਆਲਾ ਅਤੇ ਸਮਕਾਲੀ ਹਾਲਾਤ ਅਹਿਮ ਭੂਮਿਕਾ ਨਿਭਾਉਂਦੇ ਹਨ। ਨਾਟਕਕਾਰ ਵੱਲੋਂ ਸਿਰਜੇ ਸੰਵਾਦਾਂ ’ਚੋਂ ਗੁਰੂ ਹਰਗੋਬਿੰਦ ਸਾਹਿਬ ਦੇ ਜਹਾਂਗੀਰ ਅਤੇ ਸ਼ਾਹਜਹਾਂ ਨਾਲ ਕਸ਼ੀਦਗੀ ਭਰੇ ਸਬੰਧਾਂ ਦੀ ਜਾਣਕਾਰੀ ਮਿਲਦੀ ਹੈ ਤੇ ਆਉਣ ਵਾਲੇ ਸਮੇਂ ’ਚ ਸਿੱਖਾਂ ਅਤੇ ਮੁਗ਼ਲਾਂ ’ਚ ਹੋਣ ਵਾਲੇ ਸੰਘਰਸ਼ ਦੀ ਧੁਨੀ ਸੁਣਾਈ ਦੇਣ ਲੱਗਦੀ ਹੈ।

ਕਿਸੇ ਵੀ ਨਾਟਕਕਾਰ ਵੱਲੋਂ ਨਾਟਕ ਸ਼ੁਰੂ ਕਰਨ, ਅੱਗੇ ਤੋਰਨ ਅਤੇ ਕਥਾ ਨੂੰ ਮੋੜ ਦੇਣ ਲਈ ਅਕਸਰ ਸੂਤਰਧਾਰ ਦੀ ਵਰਤੋਂ ਕੀਤੀ ਜਾਂਦੀ ਹੈ। ਆਮ ਨਾਟਕਾਂ ਵਿੱਚ ਇਕ ਜਾਂ ਦੋ ਸੂਤਰਧਾਰ ਹੁੰਦੇ ਹਨ। ‘ਸੀਸ’ ਨਾਟਕ ਵਿੱਚ ਕੇਵਲ ਧਾਲੀਵਾਲ ਨੇ ਨਵਾਂ ਤਜਰਬਾ ਕੀਤਾ ਹੈ। ਇਸ ’ਚ ਇਕ ਨਹੀਂ, ਕਈ ਸੂਤਰਧਾਰ ਹਨ। ਨਾਮਾ ਤੇ ਗਾਮਾ ਦੋ ਪ੍ਰਮੁੱਖ ਸੂਤਰਧਾਰ ਹਨ ਜੋ ਛੋਟੇ ਛੋਟੇ ਸੰਵਾਦਾਂ ਨਾਲ ਗੁਰੂ

ਸਾਹਿਬ ਨਾਲ ਵਾਪਰ ਰਹੀਆਂ ਘਟਨਾਵਾਂ ਬਾਰੇ ਜਾਣਕਾਰੀ ਦੇਈ ਜਾਂਦੇ ਹਨ, ਪਰ ਦੋ ਸਿੱਖ, ਦੋ ਪੰਡਿਤ, ਤਿੰਨ ਔਰਤਾਂ, ਮਾਈ ਤੇ ਠੱਗ ਵੀ ਸੂਤਰਧਾਰਾਂ ਵਾਂਗ ਹੀ ਕਥਾ ਬਿਆਨ ਕਰਦਿਆਂ ਨਾਟਕ ਨੂੰ ਅੱਗੇ ਤੋਰਨ ਵਿੱਚ ਸਹਾਈ ਹੁੰਦੇ ਹਨ।

ਨਾਟਕਕਾਰ ਨੇ ਪਟਨੇ ਦੀ ਬੇਜ਼ੁਬਾਨ ਧਰਤੀ ਨੂੰ ਵੀ ਪਾਤਰ ਵਜੋਂ ਪੇਸ਼ ਕਰਕੇ ਜ਼ੁਬਾਨ ਦਿੱਤੀ ਹੈ। ਉਹ ਆਖਦੀ ਹੈ, ‘‘ਮੈਂ ਅੱਜ ਆਪਣੀ ਧੀ ਗੁਜਰੀ ਦੇ ਕਦਮਾਂ ਨੂੰ ਚੁੰਮਦੀ ਹਾਂ ਜੋ ਆਪਣੀ ਕੁੱਖ ਵਿੱਚ ਇਕ ਨਵੇਂ ਪ੍ਰਕਾਸ਼ ਦੀ ਨੁਹਾਰ ਲੈ ਕੇ ਆਈ ਹੈ। ਮੇਰੀ ਬੱਚੀ ਮੈਂ ਤੇਰਾ ਸਵਾਗਤ ਕਰਦੀ ਹਾਂ, ਮੈਂ ਤੈਨੂੰ ਫੁੱਲਾਂ ਵਾਂਗ ਸਾਂਭ ਕੇ ਰੱਖਾਂਗੀ। ਤੈਨੂੰ ਕਦੇ ਤੱਤੀ ਵਾਅ ਨਹੀਂ ਲੱਗਣ ਦਿਆਂਗੀ।’’

ਪਟਨੇ ਦੀ ਧਰਤੀ ਦੇ ਸੰਵਾਦ ਰਾਹੀਂ ਨਾਟਕਕਾਰ ਨੇ ਬਾਲ ਗੋਬਿੰਦ ਰਾਏ ਦੇ ਜਨਮ ਦੀ ਖ਼ੁਸ਼ੀ ਨੂੰ ਖ਼ੂਬਸੂਰਤੀ ਨਾਲ ਬਿਆਨ ਕੀਤਾ ਹੈ, ‘‘ਮੈਂ ਪਟਨੇ ਦੀ ਧਰਤੀ, ਤੇ ਫੇਰ ਉਹ ਵੇਲਾ ਆਇਆ ਜਦੋਂ ਮੇਰੀ ਧਰਤੀ ਉੱਤੇ ਉਸ ਮਹਾਨ ਜੋਤੀ ਦਾ ਜਨਮ ਹੋਇਆ ਜਿਸ ਤੋਂ ਬਗੈਰ ਹਰ ਪਾਸੇ ਹਨੇਰਾ ਹੀ ਹਨੇਰਾ ਸੀ। ਗੁਰੂ ਤੇਗ ਬਹਾਦਰ ਜੀ ਢਾਕੇ ਵਿੱਚ ਸਨ, ਢਾਕੇ ਦੇ ਰਾਜੇ ਨੇ ਉਸ ਦਿਨ ਸਾਰੇ ਸ਼ਹਿਰ ਵਿਚ ਦੀਪਮਾਲਾ ਕੀਤੀ ਤੇ ਗਰੀਬਾਂ ਨੂੰ ਕੱਪੜੇ ਤੇ ਮਠਿਆਈ ਦਾਨ ਕੀਤੀ।’’

‘ਸੀਸ’ ਨਾਟਕ ਦੀ ਖ਼ੂਬਸੂਰਤੀ ਇਸ ਕਰਕੇ ਵੀ ਹੈ ਕਿ ਗੁਰੂ ਸਾਹਿਬਾਨ ਦੀ ਸਾਰੇ ਧਰਮਾਂ ਨੂੰ ਪਿਆਰ ਕਰਨ ਵਾਲੀ ਮਾਨਵਵਾਦੀ ਵਿਚਾਰਧਾਰਾ ਬੜੇ ਸਹਿਜ ਢੰਗ ਨਾਲ ਪੇਸ਼ ਹੋਈ ਹੈ। ਇਹ ਵਿਚਾਰਧਾਰਾ ਮੁੱਖ ਤੌਰ ’ਤੇ ਕੋਰਸ ਨਾਇਕਾਂ, ਜ਼ੇਬੂਨਿਸਾ, ਕੋਤਵਾਲ ਖਵਾਜ਼ਾ ਅਬਦੁੱਲਾ ਅਤੇ ਭੀਖਣ ਸ਼ਾਹ ਦੇ ਸੰਵਾਦਾਂ ਰਾਹੀਂ ਪੇਸ਼ ਕੀਤੀ ਹੈ। ਉਦਾਹਰਨ ਵਜੋਂ ਔਰੰਗਜ਼ੇਬ ਅਤੇ ਕੋਰਸ ਨਾਇਕ ਦੇ ਆਪਸੀ ਸੰਵਾਦ ਨੂੰ ਲਿਆ ਜਾ ਸਕਦਾ ਹੈ:

ਔਰੰਗਜ਼ੇਬ: ਤੁਸੀਂ ਆਪਣੇ ਗੁਰੂ ਨੂੰ ਕਹੋ ਕਿ ਉਹ ਇਨ੍ਹਾਂ ਬ੍ਰਾਹਮਣਾਂ ਤੇ ਬੁੱਤ ਪੂਜ ਹਿੰਦੂਆਂ ਦਾ ਸਾਥ ਛੱਡਣ। ਤੁਹਾਡੇ ਗੁਰੂ ਬੁੱਤ ਪੂਜ ਨਹੀਂ, ਫਿਰ ਇਨ੍ਹਾਂ ਬੁੱਤ-ਪੂਜਕਾਂ ਦਾ ਸਾਥ ਕਿਉਂ ਦੇ ਰਹੇ ਹਨ?

ਕੋਰਿਸ ਨਾਇਕ: ਸਾਡੇ ਗੁਰੂ ਤੇਗ ਬਹਾਦਰ ਬੁੱਤ ਪੂਜ ਨਹੀਂ, ਇਹ ਠੀਕ ਹੈ ਪਰ ਉਹ ਬੁੱਤਸ਼ਿਕਨ ਵੀ ਨਹੀਂ। ਸਾਡੇ ਗੁਰੂ ਹਰ ਕਿਸੇ ਨੂੰ ਆਪਣੇ ਧਰਮ ਵਿਸ਼ਵਾਸ ਤੇ ਰਹੁ ਰੀਤੀ ਅਨੁਸਾਰ ਜਿਉਣ ਦੀ ਖੁੱਲ੍ਹ ਦੇ ਹਾਮੀ ਨੇ। ਕਿਸੇ ਨੂੰ ਇਹ ਹੱਕ ਤੇ ਅਧਿਕਾਰ ਨਹੀਂ ਕਿ ਉਹ ਹਕੂਮਤ ਦੀ ਤਾਕਤ ਜਾਂ ਤਲਵਾਰ ਦੇ ਜ਼ੋਰ ਨਾਲ ਦੂਜਿਆਂ ਦਾ ਧਰਮ ਬਦਲੇ।

ਕੇਵਲ ਧਾਲੀਵਾਲ ਦਾ ਇਹ ਇਤਿਹਾਸਕ ਨਾਟਕ ਭਾਵੇਂ ਮੁਗ਼ਲ ਬਾਦਸ਼ਾਹਾਂ, ਖ਼ਾਸਕਰ ਔਰੰਗਜ਼ੇਬ ਦੀ ਕੱਟੜਤਾ, ਦੂਜੇ ਧਰਮਾਂ ਪ੍ਰਤੀ ਤੰਗਨਜ਼ਰ ਰਵੱਈਏ, ਤਲਵਾਰ ਦੇ ਜ਼ੋਰ ਨਾਲ ਧਰਮ ਤਬਦੀਲੀ ਦੇ ਯਤਨ, ਪੰਡਿਤ ਕਿਰਪਾ ਰਾਮ ਦੀ ਅਗਵਾਈ ’ਚ ਕਸ਼ਮੀਰੀ ਪੰਡਿਤਾਂ ਵੱਲੋਂ ਮੱਦਦ ਦੀ ਫਰਿਆਦ ਲੈ ਕੇ ਆਨੰਦਪੁਰ ਆਉਣ ਅਤੇ ਗੁਰੂ ਤੇਗ ਬਹਾਦਰ ਜੀ ਵੱਲੋਂ ਆਪਣੇ ਸਿੱਖਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਸਮੇਤ ਦਿੱਲੀ ਜਾ ਕੇ ਸ਼ਹਾਦਤ ਦੇਣ ਨਾਲ ਸਬੰਧਤ ਹੈ, ਪਰ ਨਾਟਕ ਪੂਰੀ ਤਰ੍ਹਾਂ ਸਮਕਾਲ ਨੂੰ ਵੀ ਮੁਖਾਤਿਬ ਹੈ। ਦਰਸ਼ਕ/ਪਾਠਕ ਮਹਿਸੂਸ ਕਰਨ ਲੱਗਦਾ ਹੈ ਕਿ ਔਰੰਗਜ਼ੇਬ ਕਿਧਰੇ ਵੀ ਨਹੀਂ ਗਿਆ। ਉਸ ਦੀ ਧਾਰਮਿਕ ਕੱਟੜਤਾ ਅਤੇ ਅਸਹਿਣਸ਼ੀਲਤਾ ਵਾਲੀ ਜਿਸ ਨੀਤੀ ਕਰਕੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹਾਦਤ ਦੇਣੀ ਪਈ, ਉਹ ਨੀਤੀ ਅੱਜ ਵੀ ਬਾਦਸਤੂਰ ਜਾਰੀ ਹੈ। ਸਰਕਾਰੀ, ਗ਼ੈਰ-ਸਰਕਾਰੀ ਦਹਿਸ਼ਤਗਰਦੀ ਨਾਲ ਘੱਟਗਿਣਤੀਆਂ ਨੂੰ ਭੈਅਭੀਤ ਕੀਤਾ ਜਾ ਰਿਹਾ ਹੈ।

ਔਰੰਗਜ਼ੇਬ ਦੀ ਉਦਾਰ ਵਿਚਾਰਾਂ ਵਾਲੀ ਧੀ ਜ਼ੇਬੂਨਿਸਾ ਦੀ ਆਪਣੇ ਬਾਪ ਨਾਲ ਕੀਤੀ ਗੱਲਬਾਤ ਨਾਟਕ ਨੂੰ ਸਿਖਰ ਵੱਲ ਲੈ ਜਾਂਦੀ ਹੈ। ਇਸ ਗੱਲਬਾਤ ਰਾਹੀਂ ਨਾਟਕਕਾਰ ਨੇ ਅਜੋਕੇ ਦੌਰ ਦੀਆਂ ਬਾਦਸ਼ਾਹੀਆਂ ਨੂੰ ਬੜਾ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਇਸ ਸਰਜ਼ਮੀਨ ਉਪਰ ਇਕ ਹੀ ਰੰਗ ਦੇ ਫੁੱਲ ਖਿੜਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ ਬੜੀ ਖ਼ਤਰਨਾਕ ਤੇ ਮੰਦਭਾਗੀ ਹੈ। ਜ਼ੇਬੂਨਿਸਾ ਵਾਂਗ ਅੱਜ ਵੀ ਬਹੁਤ ਸਾਰੀਆਂ ਆਵਾਜ਼ਾਂ ਸਮੇਂ ਦੇ ਔਰੰਗਜ਼ੇਬਾਂ ਨੂੰ ਸੱਚ ਦਾ ਸ਼ੀਸ਼ਾ ਵਿਖਾਉਣ ’ਚ ਲੱਗੀਆਂ ਹੋਈਆਂ ਹਨ। ਜ਼ੇਬੂਨਿਸਾ ਵੱਲੋਂ ਆਪਣੇ ਪਿਤਾ ਤੇ ਉਸ ਸਮੇਂ ਦੇ ਤਾਕਤਵਰ ਸ਼ਹਿਨਸ਼ਾਹ ਔਰੰਗਜ਼ੇਬ ਨੂੰ ਕਹੇ ਸ਼ਬਦ ਜਿਵੇਂ ਅੱਜ ਦੇ ਹਾਕਮਾਂ ਨੂੰ ਹੀ ਆਖੇ ਗਏ ਹਨ, ‘‘ਇਸ ਮੁਲਕ ਦੀ ਗੰਗਾ-ਜਮਨਾ ਵਾਲੀ ਸਾਂਝੀ ਤਹਿਜ਼ੀਬ ਏ, ਤੁਸੀਂ ਮੁਲਕ ਦੇ ਹਰ ਮਜ਼ਹਬ ਨੂੰ ਤਸਲੀਮ ਕਰੋ। ਅੱਬਾ ਹਜ਼ੂਰ, ਹਰ ਨਸਲ ਅਤੇ ਕੌਮ ਨੂੰ ਨਾਲ ਲੈ ਕੇ ਤੁਰੋ।’’

ਇਸੇ ਤਰ੍ਹਾਂ ਹੀ ਜ਼ੇਬੂਨਿਸਾ ਦਾ ਇਕ ਹੋਰ ਸੰਵਾਦ ਹੈ, ‘‘ਅੱਬਾ ਹਜ਼ੂਰ, ਜਿਵੇਂ ਕੁਦਰਤ ਨੇ ਵੱਖ ਵੱਖ ਰੰਗਾਂ ਦੇ ਫੁੱਲਾਂ ਨਾਲ ਇਸ ਧਰਤੀ ਨੂੰ ਮਹਿਕਾਇਆ ਏ, ਉਸੇ ਤਰ੍ਹਾਂ ਵੱਖ ਵੱਖ ਧਰਮਾਂ ਤੇ ਵੱਖ ਵੱਖ ਜਾਤਾਂ ਦੇ ਲੋਕਾਂ ਦੇ ਸਾਥ ਨਾਲ ਹੀ ਮੁਲਕ ਬਣਦਾ ਏ। ਜੇ ਤੁਸੀਂ ਚਾਹੁੰਦੇ ਹੋ ਕਿ ਧਰਤੀ ’ਤੇ ਇਕੋ ਰੰਗ ਦੇ ਹੀ ਫੁੱਲ ਹੋਣ ਤਾਂ ਇਹ ਕੁਦਰਤ ਨਾਲ ਵੀ ਤੇ ਅੱਲ੍ਹਾ ਤਾਲ਼ਾ ਨਾਲ ਵੀ ਜ਼ਿਆਦਤੀ ਹੋਵੇਗੀ।’’

ਜਿਸ ਹਾਕਮ ਦੀਆਂ ਅੱਖਾਂ ਉੱਪਰ ਧਾਰਮਿਕ ਕੱਟੜਤਾ ਦੀ ਪੱਟੀ ਬੱਝੀ ਹੋਵੇ, ਉਹ ਕਿਸੇ ਦਲੀਲ ਅਪੀਲ ਨੂੰ ਸੁਣਨ ਤੋਂ ਇਨਕਾਰੀ ਹੋ ਜਾਂਦਾ ਹੈ। ਔਰੰਗਜ਼ੇਬ ਉਪਰ ਵੀ ਆਪਣੀ ਧੀ ਜ਼ੇਬੂਨਿਸਾ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ। ਉਹ ਗੁਰੂ ਸਾਹਿਬ ਨੂੰ ਕਤਲ ਕਰਕੇ ਇੱਕ ਵਿਚਾਰਧਾਰਾ ਨੂੰ ਖ਼ਤਮ ਕਰਨ ਦਾ ਨਿਰਣਾ ਲੈਂਦਾ ਹੈ ਤੇ ਗਿਆਰਾਂ ਨਵੰਬਰ 1675 ਨੂੰ ਦਿੱਲੀ ਦੇ ਚਾਂਦਨੀ ਚੌਕ ’ਚ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਨਾਲੋਂ ਅਲੱਗ ਕਰਵਾ ਦਿੰਦਾ ਹੈ। ਗੁਰੂ ਸਾਹਿਬ ਵਡੇਰੇ ਕਾਰਜਾਂ ਹਿੱਤ ਸ਼ਹਾਦਤ ਦੇ ਦਿੰਦੇ ਹਨ। ਕੇਵਲ ਧਾਲੀਵਾਲ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਨਾਟਕ ਖ਼ਤਮ ਨਹੀਂ ਕੀਤਾ। ਨਾਟਕਕਾਰ ਨੇ ਭਾਈ ਜੈਤਾ ਜੀ ਵੱਲੋਂ ਦਿੱਲੀ ਦੇ ਚਾਂਦਨੀ ਚੌਕ ਵਿਚੋਂ ਗੁਰੂ ਜੀ ਦਾ ਸੀਸ ਬੜੇ ਅਦਬ ਨਾਲ ਚੁੱਕ ਕੇ ਲੈ ਜਾਣ ਅਤੇ ਲੱਖੀ ਸ਼ਾਹ ਵੱਲੋਂ ਗੁਰੂ ਜੀ ਦੇ ਧੜ ਦਾ ਸਸਕਾਰ ਕਰਨ ਲਈ ਆਪਣੇ ਘਰ ਨੂੰ ਅੱਗ ਲਗਾ ਦੇਣ ਵਾਲੀਆਂ ਘਟਨਾਵਾਂ ਨਾਲ ਜੋੜ ਕੇ ਇਹ ਸੁਨੇਹਾ ਦਿੱਤਾ ਹੈ ਕਿ ਵਡੇਰੇ ਮੰਤਵਾਂ ਦੀ ਪੂਰਤੀ ਲਈ ਦਿੱਤੀ ਕੁਰਬਾਨੀ ਲੋਕਾਂ ਵਿੱਚ ਨਵਾਂ ਜ਼ੋਸ਼ ਭਰਦੀ ਹੈ। ਹਾਕਮਾਂ ਨੇ ਚਾਂਦਨੀ ਚੌਕ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਨਾਲੋਂ ਅਲੱਗ ਕਰਵਾ ਦਿੱਤਾ ਸੀ, ਪਰ ਉਹ ਸੀਸ ਉਨ੍ਹਾਂ ਦੀ ਵਿਚਾਰਧਾਰਾ ਵਾਲਿਆਂ ਨੇ ਬੜੇ ਅਦਬ ਨਾਲ ਸੰਭਾਲ ਲਿਆ ਸੀ। ਦਰਅਸਲ ਇਹ ਸੀਸ ਨਹੀਂ ਸੀ, ਕੌਮ ਦਾ ਸਵੈਮਾਣ ਤੇ ਇਕ ਵਿਚਾਰਧਾਰਾ ਸੀ ਜਿਸ ਨੇ ਅੱਗੇ ਚੱਲ ਕੇ ਇਤਿਹਾਸ ਨੂੰ ਨਵਾਂ ਮੋੜ ਦੇਣਾ ਸੀ। ਨਾਟਕਕਾਰ ਇਹ ਸੁਨੇਹਾ ਦੇਣ ’ਚ ਸਫ਼ਲ ਰਹਿੰਦਾ ਹੈ ਕਿ ਮਨੁੱਖਤਾ ਦੇ ਭਲੇ ਲਈ ਕਟਵਾਇਆ ਸਿਰ ਧਰਤੀ ’ਤੇ ਨਹੀਂ ਡਿੱਗਦਾ ਬਲਕਿ ‘ਸੀਸ’ ਬਣ ਕੇ ਪੂਰੇ ਬ੍ਰਹਿਮੰਡ ’ਚ ਫੈਲ ਜਾਂਦਾ ਹੈ।

ਸਾਡੇ ਬਹੁਤ ਸਾਰੇ ਇਤਿਹਾਸਕ ਜਾਂ ਧਾਰਮਿਕ ਨਾਟਕਾਂ ਦਾ ਇਹ ਦੁਖਾਂਤ ਬਣ ਜਾਂਦਾ ਹੈ ਕਿ ਉਹ ਮੰਚ ’ਤੇ ਖੇਡੇ ਜਾਣ ਲਈ ਢੁਕਵੇਂ ਨਹੀਂ ਸਨ ਜਿਸ ਕਰਕੇ ਉਹ ਪਾਠ ਪੁਸਤਕਾਂ ਤੱਕ ਹੀ ਸੀਮਤ ਰਹਿ ਗਏ। ਨਾਟਕਕਾਰ ਕੇਵਲ ਧਾਲੀਵਾਲ ਖ਼ੁਦ ਬੜਾ ਕਾਮਯਾਬ ਨਿਰਦੇਸ਼ਕ ਹੈ। ਇਸ ਕਰਕੇ ਉਸ ਨੇ ਇਸ ਗੱਲ ਦਾ ਖ਼ਾਸ ਖਿਆਲ ਰੱਖਿਆ ਹੈ ਕਿ ਨਾਟਕ ‘ਸੀਸ’ ਕੇਵਲ ਇਤਿਹਾਸਕ ਘਟਨਾਵਾਂ ਦਾ ਮਜਮੂਆ ਹੀ ਨਾ ਹੋਵੇ ਜੋ ਪੁਸਤਕ ਰੂਪ ’ਚ ਪਾਠਕਾਂ ਦੇ ਪੜ੍ਹਨ ਵਾਲੀ ਰਚਨਾ ਹੀ ਬਣ ਕੇ ਰਹਿ ਜਾਵੇ। ਉਸ ਨੇ ਰੰਗਮੰਚੀ ਜੁਗਤਾਂ ਦੀ ਭਰਪੂਰ ਵਰਤੋਂ ਕੀਤੀ ਹੈ ਜਿਸ ਕਰਕੇ ਇਸ ਨੂੰ ਬੜੀ ਸਫ਼ਲਤਾ ਨਾਲ ਮੰਚ ’ਤੇ ਪੇਸ਼ ਕੀਤਾ ਜਾ ਸਕਦਾ ਹੈ।

ਇਤਿਹਾਸ ਵਿੱਚ ਲਾਸਾਨੀ ਸ਼ਹੀਦ ਵਜੋਂ ਜਾਣੇ ਜਾਂਦੇ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਜਨਮ ਸ਼ਤਾਬਦੀ ਵੇਲੇ ਆਏ ਇਸ ਨਾਟਕ ਦੀ ਅਜੋਕੇ ਸਮੇਂ ਬੜੀ ਮਹੱਤਤਾ ਹੈ ਕਿਉਂਕਿ ਕੱਟੜਤਾ ਅਤੇ ਅਸਹਿਣਸ਼ੀਲਤਾ ਦਾ ਫੁੰਕਾਰੇ ਮਾਰਦਾ ਦੈਂਤ ਦੇਸ਼ ਵਾਸੀਆਂ ਨੂੰ ਨਿਗਲ ਜਾਣ ਲਈ ਮੂੰਹ ਅੱਡੀ ਖੜ੍ਹਾ ਦਿਸਦਾ ਹੈ। ਨਾਟਕ ਸਾਨੂੰ ਹਰ ਦੌਰ ਦੇ ਔਰੰਗਜ਼ੇਬਾਂ ਅੱਗੇ ਤਣ ਕੇ ਖੜ੍ਹ ਜਾਣ ਦਾ ਸੁਨੇਹਾ ਦਿੰਦਾ ਹੈ।

ਸੰਪਰਕ: 98726-40994

Share this post

Leave a Reply

Your email address will not be published. Required fields are marked *