‘ਸੀਰੀਅਸ ਮੈਨ’ : ਸਲੱਮ, ਸਿਸਟਮ, ਸੁਸਾਇਟੀ, ਸੁਪਨੇ ਤੇ ਸਾਇੰਸ ‘ਤੇ ਸਟਾਇਰ ਹੈ ਇਹ ਫ਼ਿਲਮ/ ਅਮਿਤ ਕਰਨ

‘ਧਾਰਾਵੀ’ ਵਿਚ ਸਲੱਮ ਦੀ ਦੁਨੀਆ ਦਿਖਾ ਚੁੱਕੇ ਸੁਧੀਰ ਮਿਸ਼ਰਾ ਨੇ ‘ਸੀਰੀਅਸ ਮੈਨ’ ਵਿਚ ਇਕ ਵਾਰ ਫੇਰ ਅਜਿਹੀ ਹੀ ਕੋਸ਼ਿਸ਼ ਕੀਤੀ ਹੈ। ਇਸ ਲਈ ਇਸ ਵਾਰ ਉਨ੍ਹਾਂ ਨੇ ਮੁੰਬਈ ਵਿਚ ਵਰਲੀ ਦੀ ਬੀ.ਡੀ.ਡੀ. ਚਾੱਲ ਦੀ ਚੋਣ ਕੀਤੀ ਹੈ। ਜਿੱਥੇ 120 ਕਬੂਤਰਖਾਨੇ ਦੇ ਆਕਾਰ ਵਾਲੀਆਂ ਚਾੱਲਾਂ ਵਿਚ 15 ਹਜ਼ਾਰ ਪਰਿਵਾਰ ਰਹਿੰਦੇ ਹਨ। ਉਸ ਚਾੱਲ ਦੇ ਚਾਰੇ ਪਾਸੇ ਗਗਨਚੁੰਬੀ ਇਮਾਰਤਾਂ ਹਨ, ਜਿੱਥੇ ਬਹੁਕੌਮੀ ਕੰਪਨੀਆਂ ਦੇ ਦਫ਼ਤਰ ਤੇ ਕਰੋੜਪਤੀਆਂ ਦੇ ਘਰ ਹਨ। ਜਿਨ੍ਹਾਂ ਨੂੰ ਦੇਖ ਕੇ ਚਾੱਲ ਵਿਚ ਰਹਿਣ ਵਾਲੇ ਲੋਕ ਵੀ ਵੱਡੀਆਂ-ਵੱਡੀਆਂ ਇਛਾਵਾਂ ਪਾਲਣ ਲੱਗੇ ਹਨ।
ਸਮੁੰਦਰ ਨਾਲੋਂ ਡੂੰਘੀਆਂ ਖਵਾਹਿਸ਼ਾਂ ਨੂੰ ਪੂਰਾ ਕਰਨ ਦੇ ਚੱਕਰ ਵਿਚ ਚਾੱਲ ਦੇ ਲੋਕ ਕਈ ਵਾਰ ਸ਼ਾਰਟ ਕਟ ਰਸਤੇ ਅਖ਼ਤਿਆਰ ਕਰਦੇ ਹਨ, ਕਈ ਵਾਰ ਜਿਨ੍ਹਾਂ ਦੀ ਉਨ੍ਹਾਂ ਨੂੰ ਕੀਮਤ ਚੁਕਾਉਣੀ ਪੈ ਜਾਂਦੀ ਹੈ। ਇਸੇ ਚਾੱਲ ਵਿਚ ਤਮਿਲ ਦਲਿਤ ਅਇਯਨ ਮਣੀ (ਨਵਾਜ) ਆਪਣੀ ਪਤਨੀ (ਇੰਦਰਾ ਤਿਵਾੜੀ) ਤੇ ਪੁੱਤ ਆਦੀ (ਅਕਸ਼ੈ ਦਾਸ) ਨਾਲ ਰਹਿੰਦਾ ਹੈ। ਵਿਗਿਆਨਕ ਬਾੱਸ ਆਚਾਰਿਆ (ਨਸਰ) ਦੀਆਂ ਝਿੜਕਾਂ ਸੁਣ ਕੇ ਜੀਵਨ ਵਤੀਤ ਕਰਨ ਲਈ ਮਜਬੂਰ ਹੈ।
ਅਇਯਨ ਦਾ ਬਚਪਨ ਤਾਂ ਤੰਗੀ ਵਿਚ ਬੀਤਿਆ ਹੈ। ਪਰ ਉਹ ਆਪਣੇ ਪੁੱਤ ਆਦੀ ਨਾਲ ਕਿਸੇ ਹਾਲ ਵਿਚ ਉਸ ਦਾ ਦੁਹਰਾਅ ਨਹੀਂ ਹੋਣ ਦੇਣਾ ਚਾਹੁੰਦਾ। ਇਸ ਲਈ ਉਹ ਆਪਣੇ ਵਿਗਿਆਨਕ ਬੌਸ ਆਚਾਰਿਆ ਦੀਆਂ ਸਿਫ਼ਾਰਸ਼ਾਂ ਦਾ ਜੁਗਾੜ ਲਗਾਉਂਦਾ ਰਹਿੰਦਾ ਹੈ। ਬੇਟੇ ਆਦੀ ਦੀ ਗਣਨਾ ਸਮਰਥਾ ਦਾ ਢੋਂਗ ਰਚਦਾ ਹੈ। ਇਸ ਵਿਚ ਕਥਿਤ ਤੌਰ ‘ਤੇ ‘ਹਿਊਮਨ ਐਂਗਲ’ ਵਾਲੀਆਂ ਕਹਾਣੀਆਂ ਲੱਭਣ ਵਾਲੇ ਮੀਡੀਆ ਦੀ ਵੀ ਖੂਬ ਮਦਦ ਮਿਲਦੀ ਹੈ।
ਦਲਿਤ ਆਦੀ ਦੀ ਮਸ਼ਹੂਰੀ ਜੀਨੀਅਸ ਵਜੋਂ ਸਥਾਪਤ ਹੋ ਜਾਂਦੀ ਹੈ। ਉਥੇ ਦਲਿਤ ਕਾਰਡ ਖੇਡਣ ਵਾਲੇ ਬਾਪ-ਧੀ ਸਿਆਸਤਦਾਨ (ਸੰਜੇ ਨਾਰਵੇਕਰ ਅਤੇ ਸ਼ਵੇਤਾ ਬਾਸੂ ਪ੍ਰਸਾਦ) ਆ ਜਾਂਦੇ ਹਨ। ਫੇਰ ਅਇਯਨ ਮਣੀ ਆਪਣੇ ਸੁਪਨੇ ਆਪਣੇ ਬੇਟੇ ਰਾਹੀਂ ਪੂਰਾ ਕਰਦਾ ਹੈ ਜਾਂ ਨਹੀਂ, ਇਹੀ ਫ਼ਿਲਮ ਵਿਚ ਹੈ।
ਸੁਧੀਰ ਮਿਸ਼ਰਾ ਅਸਲ ਵਿਚ ਅਇਯਨ ਦੇ ਕਿਰਦਾਰ ਰਾਹੀਂ ਅਜਿਹੇ ਇਨਸਾਨ ਨਾਲ ਮਿਲਵਾਉਂਦੇ ਹਨ, ਜੋ ਕਥਿਤ ਤੌਰ ‘ਤੇ ‘ਉਤਸ਼ਾਹੀ’ ਹੈ। ਉਸ ਨੂੰ ਤਰਕਸੰਗਤ ਕਰਨ ਲਈ ਉਹ ਆਪਣੇ ਵਲੋਂ ਹੀ ਘੜੇ ਗਏ ਖੋਖਲੇ ਤਰਕਾਂ ਦੇ ਜਾਲ ਵਿਚ ਫਸ ਕੇ ਰਹਿ ਜਾਂਦਾ ਹੈ। ਅਇਯਨ ਜਾਣਦਾ ਹੈ ਕਿ ਆਪਣੇ ਜੀਨੀਅਸ ਬੇਟੇ ਰਾਹੀਂ ਜੋ ਖੇਡ ਉਹ ਖੇਡ ਰਿਹਾ ਹੈ, ਉਸ ਦਾ ਅਖੀਰ ਸਿੱਟਾ ਕੀ ਹੈ। ਪਰ ਉਸ ਨੂੰ ਆਪਣੇ ਖੋਖਲੇ, ਝੂਠੇ ਤਰਕਾਂ ‘ਤੇ ਹੀ ਏਨਾ ਭਰੋਸਾ ਹੋ ਜਾਂਦਾ ਹੈ ਕਿ ਉਹ ਲਗਾਤਾਰ ਖ਼ਤਰੇ ਲੈਂਦਾ ਚਲਾ ਜਾਂਦਾ ਹੈ। ਉਹ ਧੋਖੇ ਨੂੰ ਪੌੜੀ ਬਣਾ ਲੈਂਦਾ ਹੈ, ਜੋ ਆਸਮਾਨੀ ਉਚਾਈਆਂ ਤੱਕ ਵਿਰਲੇ ਹੀ ਲੈ ਜਾਂਦੇ ਹਨ।
ਅਸੀਂ ਦਰਅਸਲ, ਉਸ ਦੁਨੀਆ ਵਿਚ ਰਹਿ ਰਹੇ ਹਾਂ, ਜਿੱਥੇ ਲੋਕ ਇਸ ਗੱਲ ਦੀ ਜ਼ਿਆਦਾ ਪ੍ਰਵਾਹ ਕਰਦੇ ਹਨ ਕਿ ਚੀਜ਼ਾਂ ਉਪਰੀ ਤੌਰ ‘ਤੇ ਕਿਵੇਂ ਦਿਖਾਈ ਦਿੰਦੀਆਂ ਹਨ। ਅਸਲ ਵਿਚ ਉਸ ਚੀਜ਼ ਦੀ ਅਸਲੀਅਤ ਕੀ ਹੈ, ਉਸ ਨਾਲ ਸਾਨੂੰ ਕੋਈ ਲੈਣਾ-ਦੇਣਾ ਨਹੀਂ ਹੈ। ਜੇਕਰ ਝੂਠ ਅਤੇ ਖੋਖਲੇ ਤਰਕ ਖੂਬਸੂਰਤੀ ਨਾਲ ਸਜਾ ਕੇ ਸਾਡੇ ਸਾਹਮਣੇ ਲਿਆਂਦੇ ਜਾਣ ਤਾਂ ਉਨ੍ਹਾਂ ਨੂੰ ਮੰਨ ਲੈਣ ਵਿਚ ਅਸੀਂ ਦੇਰ ਨਹੀਂ ਕਰਦੇ। ਫ਼ਿਲਮ ਅਇਯਨ, ਵਿਗਿਆਨਕ ਅਚਾਰਿਆ ਹਰ ਕੋਈ ‘ਰੈਟ ਰੇਸ’ ਵਿਚ ਹੈ। ਹਰ ਕੋਈ ਉਨ੍ਹਾਂ ਝੂਠਾਂ ਤੋਂ ਵੀ ਸਹਿਮਤ ਹੋ ਜਾਣਾ ਚਾਹੁੰਦਾ ਹੈ, ਜਿਸ ਨੂੰ ਇਛਾਵਾਂ ਦੇ ਨਾਮ ‘ਤੇ ਵੇਚਿਆ ਜਾ ਰਿਹਾ ਹੈ। ਇਹ ਕੰਮ ਸ਼ੋਸ਼ਲ ਮੀਡੀਆ ਕਰ ਰਿਹਾ ਹੈ। ਅਸੀਂ ਉਨ੍ਹਾਂ ਨੂੰ ਸੱਚ ਮੰਨ ਰਹੇ ਹਾਂ।
ਅਇਯਨ ਵੀ ਆਪਣੇ ਬੇਟੇ ਦੇ ਝੂਠੇ ਜੀਨੀਅਸਪਨ ਨੂੰ ਵੇਚ ਰਿਹਾ ਹੈ ਕਿ ਉਸ ਦਾ ਆਈਕਿਊ 169 ਹੈ। ਅਇਯਨ ਦੇ ਰੋਲ ਵਿਚ ਨਵਾਜ ਨੇ ਫਿਰ ਜ਼ਾਹਰ ਕੀਤਾ ਹੈ ਕਿ ਉਹ ਕਿਉਂ ਅਦਾਕਾਰੀ ਦਾ ਸਰਤਾਜ ਹੈ। ਉਨ੍ਹਾਂ ਨੂੰ ਬਾਕੀ ਸਾਰੇ ਕਲਾਕਾਰਾਂ ਦਾ ‘ਸੀਰੀਅਸ’ ਨਾਲ ਸਾਥ ਮਿਲਿਆ ਹੈ। ਸਾਰਿਆਂ ਨੇ ਜਾਨਦਾਰ ਐਕਟਿੰਗ ਕੀਤੀ ਹੈ। ਸੂਤਰਧਾਰ ਵਜੋਂ ਵੀ ਨਵਾਜ ਦੀ ਆਵਾਜ਼ ਅਤੇ ਸਰਵਾਈਵਲ ਦੀ ਟੈਨਸ਼ਨ ਵਿਚ ਜਿਉ ਰਹੇ ਇਨਸਾਨ ਦਾ ਇਸਤੇਮਾਲ ਹੋਇਆ ਹੈ।
ਸਰਵਾਈਵਲ ਦੀ ਲੜਾਈ ‘ਤੇ ਸਿਸਟਮ, ਸਮਾਜ ਤੇ ਸਾਇੰਸ ਤਿੰਨੋਂ ਡਿਨਾਇਲ ਮੋਡ ਵਿਚ ਹਨ। ਇਸ ਦਾ ਅੰਤ ਉਸੇ ਤਰ੍ਹਾਂ ਤੈਅ ਹੈ, ਜਿਵੇਂ ਇਕ ਸਟਾਰ ਵਾਂਗ ਹੁੰਦਾ ਹੈ, ਜਦੋਂ ਅਲਟੀਮੇਟਲੀ ਉਹ ਬਲੈਕ ਹੋਲ ਬਣ ਜਾਂਦਾ ਹੈ। ਫ਼ਿਲਮ ਹਾਲਾਂਕਿ ਉਸ ਨੋਟ ‘ਤੇ ਖ਼ਤਮ ਹੁੰਦੀ ਹੈ, ਜਿੱਥੇ ਮਾਮਲਾ ‘ਪਿਕਚਰ ਅਭੀ ਬਾਕੀ ਹੈ ਮੇਰੇ ਦੋਸਤ’ ਵਰਗਾ ਹੈ।