ਜਦੋਂ ਕਰੋਨਾ ਦਰ ਦਸਤਕ ਦਿੱਤੀ.. / ਰੰਜੀਵਨ ਸਿੰਘ

ਪਿਛਲੇ ਵਰ੍ਹੇ ਨਵੰਬਰ ਤੋਂ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਏ ਕਰੋਨਾ ਦੇ ਪ੍ਰਕੋਪ ਨੇ ਹੌਲੀ-ਹੌਲੀ ਸਾਰੀ ਦੁਨੀਆ ਨੂੰ ਹੀ ਆਪਣੀ ਜਕੜ ਵਿਚ ਲੈ ਲਿਆ ਹੈ। ਇਸ ਪਿੱਛੇ ਕੌਮਾਂਤਰੀ ਕਾਰਪੋਰੇਟ ਦੀਆਂ ਸਾਜ਼ਿਸ਼ਾਂ/ਪ੍ਰਵਾਹੀਆਂ/ਲਾ-ਪ੍ਰਵਾਹੀਆਂ/ਅਫ਼ਵਾਹਾਂ/ਸਚਾਈਆਂ ਭਾਵੇਂ ਇਸ ਲਿਖਤ ਦਾ ਵਿਸ਼ਾ ਨਹੀਂ ਪਰ ਕਰੋਨਾ ਦੇ ਮਾਰੂ ਪ੍ਰਭਾਵਾਂ ਨੇ ਵੱਖ-ਵੱਖ ਮੁਲਕਾਂ ਨੂੰ ਉੱਥੋਂ ਦੀਆਂ ਸਰਕਾਰ ਦੇ ਵਾਜਬ/ਨਾਵਾਜਬ ਫ਼ੈਸਲਿਆਂ, ਅਰਥਚਾਰੇ ਅਤੇ ਸਮਾਜਕ ਤਾਣੇ-ਬਾਣੇ ਅਨੁਸਾਰ ਆਪਣਾ ਰੰਗ ਦਿਖਾਇਆ ਹੈ। ਮਾਰਚ ਵਿਚ ਲੱਗੇ ਲਾਕ ਡਾਊਨ ਮੌਕੇ ਭਾਰਤ ਵਿਚ ਜੋ ਅੰਕੜੇ ਹਜ਼ਾਰਾਂ ਵਿਚ ਸਨ ਹੁਣ ਅੱਧ ਕਰੋੜ ਨੂੰ ਪਾਰ ਕਰ ਗਏ ਹਨ।
ਦੂਰ ਲੱਗੀ ਅੱਗ ਬਸੰਤਰ ਹੀ ਭਾਸਦੀ ਹੈ ਜਦੋਂ ਤੱਕ ਉਸ ਦਾ ਸੇਕ ਤੁਹਾਡੀਆਂ ਬਰੂਹਾਂ ਤੱਕ ਨਾ ਆਣ ਪੁੱਜੇ। ਇਸ ਕਰੋਪੀ ਦਾ ਸੰਤਾਪ ਮੈਂ ਆਪਣੇ ਪਿੰਡੇ ਹੰਢਾਇਆ। 5 ਸਤੰਬਰ ਨੂੰ ਤੜਕਸਾਰ ਹਲਕੀ ਕੰਬਣੀ ਛਿੜੀ ਅਤੇ ਸਰੀਰ ਨੂੰ ਤਪ ਮਹਿਸੂਸ ਹੋਈ ਪਰ ਪਿਆ ਰਿਹਾ। ਸੂਬਹ ਉਠ ਕੇ ਸਰੀਰ ਦਾ ਤਾਪਮਾਨ ਦੇਖਿਆ, 99 ਡਿਗਰੀ ਤੋਂ ਉੱਪਰ ਸੀ। ਅਮੂਮਨ ਅਜਿਹੇ ਮੌਕੇ ਪੈਰਾਸਿਟਾਮੋਲ ਲਈ ਜਾਂਦੀ ਹੈ। ਸੋ ਮੈਂ ਵੀ ਕੁੱਝ ਖਾਣ ਮਗਰੋਂ, ਪੈਰਾਸਿਟਾਮੋਲ ਲਈ ਅਤੇ ਨੇੜਲੇ ਕੈਮਿਸਟ ਦੇ ਕਹਿਣ ਉੱਤੇ ਇਕ ਐਂਟੀ ਬਾਓਟਿੱਕ ਵੀ। ਸਾਰਾ ਦਿਨ ਬੁਖ਼ਾਰ 99 ਤੋਂ 100 ਡਿਗਰੀ ਦੇ ਵਿਚਕਾਰ ਰਿਹਾ। ਆਪਣੇ ਮਾਤਾ-ਪਿਤਾ (ਸ੍ਰੀਮਤੀ ਸਤਿਪਾਲ ਕੌਰ ਤੇ ਸ੍ਰੀ ਰਿਪੁਦਮਨ ਸਿੰਘ ਰੂਪ) ਅਤੇ ਆਪਣੇ ਵੱਡੇ ਭਰਾ (ਸ੍ਰੀ ਸੰਜੀਵਨ ਸਿੰਘ) ਦੇ ਪਰਿਵਾਰ ਸਮੇਤ ਮੈਂ ਆਪਣੀ ਪਤਨੀ ਅਤੇ ਬੇਟੇ ਨਾਲ ਸਾਂਝੇ ਪਰਿਵਾਰ ਵਿਚ ਮੁਹਾਲੀ ਦੇ ਫ਼ੇਜ਼ 10 ਵਿਚ 1984 ਤੋਂ ਰਹਿ ਰਿਹਾ ਹਾਂ। ਕੁਦਰਤੀ ਹੀ ਸਾਰੇ ਪਰਿਵਾਰ ਦਾ ਮੇਰੀ ਸਿਹਤ ਪ੍ਰਤੀ ਫ਼ਿਕਰ ਹੋਇਆ। ਕਰੋਨਾ ਦੀ ਮਹਾਂਮਾਰੀ ਦਾ ਭੈਅ ਇਸ ਦਾ ਮੁੱਖ ਕਾਰਨ ਸੀ। ਪਰਿਵਾਰ ਅਤੇ ਕੁੱਝ ਡਾਕਟਰ ਦੋਸਤਾਂ ਦੀ ਸਲਾਹ ਅਨੁਸਾਰ ਮੈਂ ਮੁਹਾਲੀ ਦੇ ਸਿਵਲ ਹਸਪਤਾਲ ਵਿਚ ਅਗਲੇ ਦਿਨ ਕੋਵਿਡ-19 ਦਾ ਟੈਸਟ ਕਰਵਾਉਣ ਲਈ ਆਪਣੇ ਭਰਾ ਤੇ ਬੇਟੇ ਨਾਲ ਚਲਾ ਗਿਆ। ਸੱਤਰ-ਅੱਸੀ ਦੇ ਕਰੀਬ ਲੋਕ ਪਹਿਲੋਂ ਹੀ ਟੈਸਟ ਕਰਵਾਉਣ ਲਈ ਮੌਜੂਦ ਸਨ। ਸਾਢੇ ਬਾਰਾਂ ਵਜੇ ਦੇ ਕਰੀਬ ਮੇਰਾ ਨੱਕ ਰਾਹੀਂ ਆਰ.ਸੀ.ਟੀ ਟੈਸਟ ਹੋਇਆ। ਕਿਹਾ ਗਿਆ ਕਿ ਰਿਪੋਰਟ ਅਗਲੇ ਦਿਨ ਮਿਲੇਗੀ। ਗੁਰਸ਼ਰਨ ਭਾਜੀ ਦੀ ਬੇਟੀ ਡਾ. ਅਰੀਤ ਮੁਹਾਲੀ ਦੇ ਐਸ.ਐਮ.ਓ.ਹਨ ਅਤੇ ਅਸੀਂ ਉਨ੍ਹਾਂ ਨਾਲ ਰਾਬਤੇ ਵਿਚ ਸਾਂ। ਉਨ੍ਹਾਂ ਘੰਟੇ ਬਾਅਦ ਹੀ ਫ਼ੋਨ ਉਤੇ ਕਿਹਾ, ”ਰੰਜੀਵਨ ਯੂ ਆਰ ਪੋਜ਼ਿਟਿਵ.. ਹੋਮ ਕੁਆਰਨਟਾਇਨ ਹੋ ਜਾਵੋ।” ਅਤੇ ਨਾਲ ਹੀ ਵਟਸਐਪ ਉਪਰ ਇਕਾਂਤਵਾਸ ਦੌਰਾਨ ਲੈਣ ਵਾਲੀਆਂ ਦਵਾਈਆਂ ਦੀ ਲਿਸਟ ਅਤੇ ਹੋਰ ਹਦਾਇਤਾਂ ਭੇਜ ਦਿੱਤੀਆਂ।
ਘਰ ਦੀਆ ਬਰੂਹਾਂ ‘ਤੇ ਕਰੋਨਾ ਨੇ ਦਸਤਕ ਦੇ ਦਿੱਤੀ ਸੀ। ਪੂਰੇ ਪਰਿਵਾਰ ਵਿਚ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਦੱਸ ਜੀਆਂ ਵਾਲੇ ਸਾਂਝੇ ਪਰਿਵਾਰ ਵਿਚ ਸਾਂ ਅਤੇ ਘਰ 10 ਮਰਲੇ ਦੇ ਘਰ ਦੀਆਂ ਤਿੰਨ ਮੰਜ਼ਿਲਾਂ, ਕਾਰਨਰ ਦਾ ਘਰ, ਨਾਲ ਪਾਰਕ। ਪਹਿਲੀ ਮੰਜ਼ਿਲ ਦਾ ਅੱਧਾ ਪੋਰਸ਼ਨ ਜਿਸ ਵਿਚ ਮੇਰੀ ਵਕਾਲਤ ਦੇ ਦੋ ਪੋਰਸ਼ਨਆਂ ਵਾਲਾ ਦਫ਼ਤਰ, ਪਿੱਛੇ ਰਿਟਾਇਰਿੰਗ ਰੂਮ,ਪੈਂਟਰੀ/ਕੰਪਿਊਟਰ ਰੂਮ ਅਤੇ ਦਫ਼ਤਰ ਨਾਲ ਪਾਰਕ ਵੱਲ ਖੁੱਲ੍ਹਦੀ ਬਾਲਕੋਨੀ ਅਤੇ ਵੱਖਰਾ ਬਾਥਰੂਮ ਸ਼ਾਮਿਲ ਸੀ, ਮੇਰੇ ਲਈ ਰਾਖਵਾਂ ਕਰ ਦਿੱਤਾ ਗਿਆ। ਪਿੱਛੇ ਰਿਟਾਇਰੰਗ ਰੂਮ ਵਿਚ ਮੇਰਾ ਮੰਜਾ ਲੱਗ ਗਿਆ। ਬੇਟੇ ਨੇ ਦਫ਼ਤਰ ਦੇ ਦੂਜੇ ਪੋਰਸ਼ਨ ਵਿਚ ਮੇਰੇ ਜਿੰਮ ਦਾ ਸਾਜੋ-ਸਮਾਨ ਟਿਕਾ ਦਿੱਤਾ। ਮੇਰੀ ਪਤਨੀ ਪੂਨਮ ਨੇ ਮੇਰੀ ਤੀਮਾਰਦਾਰੀ ਦਾ ਜ਼ਿੰਮਾ ਸੰਭਾਲਿਆ। ਤੇ ਪੂਰਾ ਪਰਿਵਾਰ ਫ਼ਿਕਰਾਂ ਵਿਚ ਜਕੜਿਆ ਬਾਕੀ ਬਾਹਰੀ ਜ਼ਿੰਮੇਵਾਰੀਆਂ ਨਿਭਾਉਣ ਲਈ ਤਿਆਰ ਬਰ ਤਿਆਰ ਸੀ। ਫ਼ਿਕਰ ਅਤੇ ਭੈਅ ਦਾ ਮਾਹੌਲ ਪੂਰੇ ਘਰ ਵਿਚ ਛਾ ਗਿਆ ਸੀ।ਪਰ ਸਾਰੇ ਹੀ ਇਸ ਬਿਪਤਾ ਵਿਚੋਂ ਨਿਕਲਣ ਲਈ ਪੂਰੇ ਤਾਲਮੇਲ ਅਤੇ ਹੋਸ਼ਮੰਦੀ ਨਾਲ ਇਕ ਜੁੱਟ ਸਨ। ਕੁੱਝ ਪਰਿਵਾਰਕ ਮੈਂਬਰਾਂ ਨੇ ਵੀ ਟੈਸਟ ਕਰਵਾਏ ਜੋ ਕਿ ਨੈਗੇਟਿਵ ਸਨ, ਤਸੱਲੀ ਹੋਈ। ਹਾਲਾਂਕਿ ਡਾਕਟਰਾਂ ਨੇ ਸਲਾਹ ਦਿੱਤੀ ਸੀ ਕਿ ਪਰਿਵਾਰ ਦੇ ਕਿਸੇ ਇਕ ਮੈਂਬਰ ਦੀ ਕਰੋਨਾ ਰਿਪੋਰਟ ਪਾਜ਼ਿਟਿਵ ਆਉਣ ਦਾ ਮਤਲਬ ਬਾਕੀ ਮੈਂਬਰਾਂ ਲਈ ਘਬਰਾਉਣ ਦਾ ਕੋਈ ਸਬੱਬ ਜਾਂ ਕਾਰਨ ਨਹੀਂ ਜਦ ਤੱਕ ਉਨ੍ਹਾਂ ਨੂੰ ਬੁਖ਼ਾਰ, ਖੰਘ ਜਾਂ ਜ਼ੁਕਾਮ ਆਦਿ ਦੇ ਲੱਛਣ ਨਾ ਹੋਣ। ਹਾਂ, ਲੱਛਣ ਦਿਸਣ ‘ਤੇ ਅਣਗਹਿਲੀ ਨਹੀਂ ਕਰਨੀ।
ਹੁਣ ਮੇਰੇ ਅੱਗੇ 17 ਦਿਨ ਦੇ ਇਕਾਂਤਵਾਸ ਦਾ ਟੀਚਾ ਸੀ। ਮੈਨੂੰ ਸਿਰਫ਼ ਪਹਿਲੇ ਹੀ ਦਿਨ ਬੁਖ਼ਾਰ ਹੋਇਆ। ਮੁੜ ਕੇ ਬੁਖ਼ਾਰ ਨਹੀਂ ਹੋਇਆ। ਤੇ ਮੈਂ ਆਮ ਵਾਂਗ ਮਹਿਸੂਸ ਕੀਤਾ। ਡਾਕਟਰੀ ਹਦਾਇਤਾਂ ਅਨੁਸਾਰ ਮੈਂ ਪਹਿਲੇ ਪੰਜ ਦਿਨ ਇਹਤਿਆਤੀ ਦਵਾਈ ਦੇ ਨਾਲ-ਨਾਲ ਹਲਦੀ ਵਾਲਾ ਦੁੱਧ, ਕਾਹੜਾ, ਸਟੀਮ (ਭਾਫ਼) ਲੈਂਦਾ ਰਿਹਾ ਅਤੇ ਕੋਸੇ ਪਾਣੀ ਦੇ ਗਰਾਰੇ ਆਦਿ ਕਰਦਾ ਰਿਹਾ। ਪਰ ਵਿਸ਼ੇਸ਼ ਗੱਲ ਜੋ ਮੈਂ ਕਰਨੀ ਚਾਹਾਂਗਾ ਉਹ ਇਹ ਕਿ ਮੈਂ ਪਹਿਲੇ ਦਿਨ ਹੀ ਫ਼ੈਸਲਾ ਕਰ ਲਿਆ ਕਿ ਨਾ ਤਾਂ ਟੀ. ਵੀ. ਵੇਖਾਂਗਾ ਤੇ ਨਾ ਹੀ ਕਰੋਨਾ ਨਾਲ ਸਬੰਧਤ ਖ਼ਬਰਾਂ ਹੀ ਨੈੱਟ ਜਾਂ ਮੋਬਾਈਲ ‘ਤੇ ਫਰੋਲਾਂਗਾ।
ਸੰਤੋਖ ਸਿੰਘ ਧੀਰ ਦੇ ਨਾਵਲ ਨਹੀਂ ਜੀ, ਖ਼ਿਮਾ, ਹਿੰਦੋਸਤਾਨ ਹਮਾਰਾ, ਉਹ ਦਿਨ, ਯਾਦਗਾਰ, ਦੋ ਫੁੱਲ, ਬਲਜਿੰਦਰ ਸਿੰਘ (ਮਿੰਟੂ ਗੁਰਸਰੀਆ) ਦੀ ਜੀਵਨੀ ਡਾਕੂਆਂ ਦਾ ਮੁੰਡਾ ਅਤੇ ਬਰਾਜ਼ੀਲੀ ਲੇਖਕ ਪਾਲੋ ਕੋਐਲੇ ਦੇ ਨਾਵਲ ਐਲਕਮਿਸਟ ਪੜ੍ਹੇ। ਇਸ ਦੇ ਨਾਲ ਹੀ ਇਕ ਕਵਿਤਾ ਸ਼ਬਦਾਂ ਦੀ ਜੰਮਣ ਪੀੜਾ ਅਤੇ ਕਹਾਣੀ ਖ਼ੁਬਸੂਰਤ ਸ਼ਾਇਰਾ ਵੀ ਆਪਣੇ ਇਕਾਂਤਵਾਸ ਦੌਰਾਨ ਲਿਖੀਆਂ।ਲਾਕ ਡਾਊਨ ਦੌਰਾਨ ਪਹਿਲੋਂ ਵੀ ਮੈਂ ਧੰਨਵਾਦ ਕਰੋਨਾ, ਦਾਨਵੀਰ, ਕੌਣ ਦਿਲਾਂ ਦੀਆਂ ਜਾਣੇ ਆਦਿ ਕਵਿਤਾਵਾਂ ਅਤੇ ਇਕ ਕਹਾਣੀ ਜਿਉਂਦਾ ਰਹਿ ਕਰੋਨਿਆਂ ਲਿਖਿਆਂ ਸਨ। ਕਹਾਣੀ ਜਿਉਂਦਾ ਰਹਿ ਕਰੋਨਿਆਂ 17 ਸਤੰਬਰ ਨੂੰ ਮੇਰੇ ਇਕਾਂਤਵਾਸ ਦੌਰਾਨ ਹੀ ਪੰਜਾਬੀ ਟ੍ਰਿਬਿਊਨ ਦੇ ਅਦਬੀ ਰੰਗ ਵਿਚ ਛਪੀ। ਜਿਸ ਦੀ ਮੈਨੂੰ ਬਹੁਤ ਖ਼ੁਸ਼ੀ ਹੋਈ। ਪਾਠਕਾਂ ਦੇ ਫ਼ੋਨ ਵੀ ਆਏ, ਜਿਸ ਨਾਲ ਹੌਸਲਾ ਮਿਲਿਆ।
ਪੇਸ਼ੇ ਵਜੋਂ ਹਾਈ ਕੋਰਟ ਦਾ ਵਕੀਲ ਹਾਂ। ਪਰ ਮਾਰਚ ਤੋਂ ਅਦਾਲਤਾਂ ਬੰਦ ਹਨ। ਕੇਸ ਕੇਵਲ ਵੀਡੀਓ ਕਾਨਫ਼ਰੰਸ (ਵੀ.ਸੀ.) ਰਾਹੀਂ ਹੀ ਹੋ ਰਹੇ ਹਨ। ਕੁੱਝ ਕੇਸ ਵੀ ਮੈਂ ਵੀਡੀਓ ਕਾਨਫ਼ਰੰਸ ਰਾਹੀਂ ਲੈਪਟਾਪ ਉਤੇ ਆਪ ਹੀ ਕੀਤੇ। ਪਹਿਲਾਂ ਇਸ ਕਾਰਜ ਵਿਚ ਪੂਰੇ ਦਫ਼ਤਰ ਦਾ ਅਮਲਾ-ਫੈਲਾ ਮਦਦਗਾਰ ਹੁੰਦਾ। ਕੁੱਝ ਪੈਡਿੰਗ ਪਏ ਕੇਸ ਤਿਆਰ ਕੀਤੇ। ਦੋਸਤਾਂ, ਮਿੱਤਰਾਂ, ਸਨੇਹੀਆਂ ਤੇ ਰਿਸ਼ਤੇਦਾਰਾਂ ਦੇ ਫ਼ੋਨ ਆਦਿ ਵੀ ਅਟੈਂਡ ਕੀਤੇ। ਪਰ ਜ਼ਿਆਦਾਤਰ ਟੈਕਸਟ ਰਾਹੀਂ ਹੀ ਗੱਲਬਾਤ ਕੀਤੀ ਤਾਂ ਜੋ ਗਲੇ ਨੂੰ ਮੁਕੰਮਲ ਆਰਾਮ ਮਿਲ ਸਕੇ। ਮੇਰੇ ਵੱਲੋਂ ਪਿਛਲੇ ਸਮਿਆਂ ਵਿਚ ਲਿਖੀਆਂ ਕਵਿਤਾਵਾਂ, ਕਹਾਣੀਆਂ ਨੂੰ ਖਰੜੇ ਦੇ ਰੂਪ ਵਿਚ ਤਰਤੀਬਿਆ ਅਤੇ ਉਨ੍ਹਾਂ ਨੂੰ ਪੁਸਤਕ ਰੂਪ ਦੇਣ ਲਈ ਵਿਊਂਤਿਆ। ਇਉਂ ਮੈਂ 17 ਦਿਨਾਂ ਦੇ ਇਕਾਂਤਵਾਸ ਵਿਚ ਆਪਣੇ ਆਪ ਨੂੰ ਸਾਰਥਿਕ ਅਤੇ ਉਸਾਰੂ ਰੁਝੇਵਿਆਂ ਵਿਚ ਮਸਰੂਫ਼ ਰੱਖਿਆ।ਗਾਹੇ-ਬਗਾਹੇ ਮੇਰਾ ਧਿਆਨ ਉਨ੍ਹਾਂ ਪਰਿਵਾਰਾਂ ਵੱਲ ਵੀ ਜਾਂਦਾ ਜਿੱਥੇ ਇਕ ਤੋਂ ਵੱਧ ਮੈਂਬਰ ਜਾਂ ਕਮਾਉਣ ਵਾਲੇ ਇੱਕੋ-ਇੱਕ ਮੈਂਬਰ ਕਰੋਨਾ ਨਾਲ ਪੀੜਤ ਹੋਏ ਅਤੇ ਘਰ ਵਿਚ ਇਕਾਂਤਵਾਸ ਲਈ ਮੁੱਢਲੀਆਂ ਲੋੜੀਂਦੀਆਂ ਸਹੂਲਤਾਂ ਦੀ ਘਾਟ ਸੀ।
ਇਹ ਨਹੀਂ ਕਿ ਮੈਨੂੰ ਇਕਾਂਤਵਾਸ ਦੌਰਾਨ ਨਿਰਾਸ਼ਾ ਨੇ ਉੱਕਾ ਹੀ ਨਹੀਂ ਘੇਰਿਆ। ਮੈਂ ਸੰਸਾਰ ਨੂੰ ਆਪਣੇ ਤੋਂ ਬਿਨਾਂ ਵੀ ਕਲਪਿਤ ਕੀਤਾ। ਪਰ ਇਹਨਾਂ 17 ਦਿਨਾਂ ਵਿਚ ਮੈਂ ਜੇ ਹੌਸਲੇ ਵਿਚ ਰਹਿ ਸਕਿਆ ਤਾਂ ਉਹ ਸੰਭਵ ਹੋਇਆ ਸਾਹਿਤ ਸਦਕਾ, ਵਰਜਸ਼ ਸਦਕਾ, ਸਕਾਰਾਤਮਕ ਸੋਚ ਅਤੇ ਪੂਰੇ ਪਰਿਵਾਰ ਦੇ ਸਹਿਯੋਗ ਸਦਕਾ। ਇਸ ਮਹਾਂਮਾਰੀ ਦੀ ਗੰਭੀਰਤਾ ਅਤੇ ਮਾਰੂ ਸਿੱਟਿਆਂ ਨੂੰ ਹਲਕੇ ਵਿਚ ਨਾ ਲਈਏ, ਬਣਦੇ ਇਹਤਿਆਤਾਂ ਦੀ ਪਾਲਨਾ ਕਰਦਿਆਂ ਹੌਸਲੇ ਤੇ ਸਕਾਰਾਤਮਕ ਸੋਚ ਨਾਲ ਕਰੋਨਾ ਦਾ ਮੁਕਾਬਲਾ ਕਰੀਏ।
* ਐਡਵੋਕੇਟ, ਪੰਜਾਬ ਤੇ ਹਰਿਆਣਾ ਹਾਈ ਕੋਰਟ
# 2249, ਫ਼ੇਜ਼10, ਮੁਹਾਲੀ
ਮੁਬਾਈਲ : 98150-68816