ਕਹਾਣੀ- ‘ਅਨੰਤ ਕਥਾ…’/ ਵਿਸ਼ਵਜੋਤੀ ਧੀਰ

ਹਾਂ! ਮੈਂ ਇੱਕ ਕਥਾ… ਬਦਲਦੀਆਂ ਤਾਰੀਖ਼ਾਂ ਦੇ ਨਾਲ ਨਾਲ ਵਕਤ ਬਦਲਦਾ ਰਿਹਾ… ਪਰ ਮੈਂ ਓਥੇ ਦੀ ਓਥੇ… ਮੇਰੇ ਅੰਦਰ ਸਦਾ ਇੱਕ ਖੜੋਤ ਰਹੀ… ਮੇਰੇ ਵਿਚੋਂ ਹਵਾਂਕ ਆਉਂਦੀ ਹੈ… ਜ਼ਖਮ ਰਿਸਦੇ ਰਹਿੰਦੇ ਨੇ ਮੇਰੇ ਧੁਰ ਅੰਦਰ… ਮੈਂ ਆਪਣੀ ਤੈਅਸ਼ੁਦਾ ਜ਼ਿੰਦਗੀ ਵਿਚ ਭਟਕਦੀ ਫਿਰਦੀ ਹਾਂ… ਪਿੱਛਾ ਭਉਂ ਕੇ ਵੇਖਦੀ ਹਾਂ ਤਾਂ ਆਪਣਾ ਕੌੜਾ ਅਤੀਤ ਵੇਖ ਕੇ ਭੈ-ਭੀਤ ਹੋ ਜਾਂਦੀ ਹਾਂ… ਕਿੰਨੀ ਉਦਾਸ ਹੈ ਇਹ ਜ਼ਿੰਦਗੀ… ਬੇਬੱਸ਼.. ਮਰ ਚੁੱਕੀਆਂ ਸੱਧਰਾਂ ਨੂੰ ਮੋਢਿਆਂ ‘ਤੇ ਚੁੱਕੀ ਫਿਰਦੀ ਹਾਂ… ਆਹ ਵੇਖੋ… ਮੇਰੇ ਉਪਰ ਇੱਕ ਗਲਾਫ਼ ਚੜ੍ਹਿਆ ਹੋਇਆ ਹੈ, ‘ਡਰ ਦਾ ਗਲਾਫ਼’… ਮੈਂ ਸਦੀਆਂ ਤੋਂ ਇਸ ਦੇ ਅੰਦਰ ਨੂੜੀ ਪਈ ਹਾਂ… ਜੀ ਕਰਦੈ ਇਸ ਨੂੰ ਲਾਹ ਕੇ ਵਗਾਹ ਮਾਰਾਂ… ਪਰ ਨਹੀਂ… ਇੰਜ ਨਹੀਂ ਕਰ ਸਕਦੀ… ਇਹ ਗਲਾਫ਼ ਮੇਰੀ ਸੁਰੱਖਿਆ ਵੀ ਕਰਦਾ ਹੈ… ਮੈਨੂੰ ਕਿਸੇ ਦੇ ਵਿਰੁੱਧ ਨਹੀਂ ਜਾਣ ਦਿੰਦਾ… ਮੈਨੂੰ ਸੁਖਾਲਾ ਵੀ ਰੱਖਦਾ ਹੈ… ਲੋਕ ਭਾਖਿਆ ਤੋ ਵੀ ਬਚਾਉਂਦਾ ਹੈ।
ਹੁਣ ਤਾਂ ਮੈਂ ਤ੍ਰਿਸਕਾਰ ਹੇਠਾਂ ਦੱਬੀ ਸਹਿਕ ਰਹੀ ਹਾਂ… ਸਵੇਰ ਤੋਂ ਸ਼ਾਮ ਤੱਕ ਜਿਲ੍ਹੱਤ ਸਹਿਣੀ ਪੈਂਦੀ ਹੈ। ਮੇਰੀਆਂ ਅੱਖਾਂ ਵਿਚੋਂ ਦੋ ਹੰਝੂ ਡਿਗ ਪਏ, ਮੈਂ ਸ਼ੀਸ਼ੇ ਮੂਹਰੇ ਜਾ ਖਲੋਤੀ… ਆਪਣੇ ਚਿਹਰੇ ਤੋਂ ਹੰਝੂ ਪੂੰਝ ਲਏ। ਇੱਕ-ਟੱਕ ਆਪਣੇ ਚਿਹਰੇ ਵੱਲ ਵੇਖ ਰਹੀ ਸੀ। ਕੁਝ ਪਲ ਵਾਸਤੇ ਮੈਂ ਮੌਨ ਹੋ ਗਈ, ਪਰ ਹੌਲੀ-ਹੌਲੀ ਮੇਰੇ ਬੁੱਲ੍ਹ ਥਿਰਕੇ ਸਨ… ਚਿਹਰੇ ‘ਤੇ ਫਿੱਕੀ ਜਿਹੀ ਮੁਸਕਰਾਹਟ ਫੈਲ ਗਈ। ਜਿਵੇਂ ਕਿਸੇ ਨੇ ਮੇਰੇ ਅੰਦਰ ਖਲੋਤੇ ਪਾਣੀ ਵਿਚ ਪੱਥਰ ਮਾਰ ਕੇ ਮੇਰੇ ਅੰਤਰ ਮਨ ਵਿਚ ਤਰੰਗਾਂ ਪੈਦਾ ਕਰ ਦਿੱਤੀਆਂ ਹੋਣ। ਮੈਂ ਸੁਫ਼ਨਿਆਂ ਦੀ ਦੁਨੀਆ ਵਿਚ ਗੁਆਚ ਗਈ।
ਡੋਰ ਬੈੱਲ ਵੱਜ ਉੱਠੀ… ਮੈਨੂੰ ਹਸੀਨ ਸੁਫ਼ਨਿਆਂ ਦੀ ਕੈਦ ਵਿਚੋਂ ਨਿਕਲਣ ਲਈ ਵਕਤ ਲੱਗ ਗਿਆ। ਡੋਰ ਬੈੱਲ ਫੇਰ ਵੱਜ ਗਈ… ਮੈਂ ਭੱਜ ਕੇ ਬੂਹਾ ਖੋਲ੍ਹਿਆ… ਮਾਨਵ ਆ ਗਿਆ ਸੀ… ਉਸ ਤੋਂ ਸਿੱਧਾ ਵੀ ਨਹੀਂ ਤੁਰਿਆ ਜਾਂਦਾ… ਇਹ ਕਿਹੜਾ ਅੱਜ ਦੀ ਗੱਲ ਸੀ… ਮਾਨਵ ਹਰ ਰੋਜ਼ ਦੁਕਾਨ ਬੰਦ ਕਰਕੇ ਦੋਸਤਾਂ ਨਾਲ ਪੈਗ-ਸ਼ੈਗ ਲਾ ਕੇ ਘਰ ਆਉਂਦਾ… ਇਹ ਉਸ ਦਾ ਰੋਜ਼ ਦਾ ਕੰਮ ਸੀ।
ਮੇਰਾ ਜਸ਼ਨ ਵੀ ਪਾਪਾ ਨੂੰ ਉਡੀਕਦਾ-ਉਡੀਕਦਾ ਸੌਂ ਜਾਂਦਾ… ਮੈਂ ਵੀ ਪੂਰੇ ਸੱਤ ਸਾਲ ਤੋਂ ਉਸ ਨੂੰ ਏਸੇ ਤਰ੍ਹਾਂ ਉਡੀਕਦੀ ਰਹਿੰਦੀ ਹਾਂ… ਖਿਝਦੀ ਰਹਿੰਦੀ ਹਾਂ ਪਰ ਅੱਜ ਮੈਨੂੰ ਕੋਈ ਖਿਝ ਨਹੀਂ ਆ ਰਹੀ… ਮੈਨੂੰ ਫੇਰ ਕੁਝ ਯਾਦ ਆ ਗਿਆ। ਮੈਂ ਮੁਸਕਰਾ ਪਈ। ਸਵੇਰ ਵਾਲੀ ਘਟਨਾ ਯਾਦ ਆ ਗਈ। ਅੱਜ ਮੈਂ ਮੰਮੀ ਤੋਂ ਇਜਾਜ਼ਤ ਲੈ ਕੇ ਪੁਸਤਕ ਮੇਲੇ ਵਿਚ ਪਹੁੰਚ ਗਈ ਸੀ। ਕੁਝ ਨਵਾਂ ਸਾਹਿਤ ਖ਼ਰੀਦਣਾ ਚਾਹੁੰਦੀ ਸੀ। ਪਿੱਛੋਂ ਕਿਸੇ ਨੇ ਆਵਾਜ਼ ਮਾਰੀ ”ਕਲਪਨਾ ਤੂੰ ਏਥੇ?” ਮੇਰੇ ਪਿੱਛੇ ਮਨੋਜ ਖੜ੍ਹਾ ਸੀ। ”ਬੜੇ ਸਾਲਾਂ ਬਾਅਦ ਮਿਲੀ ਏਂ।” ਮੈਂ ਤੇ ਮਨੋਜ ਨੇ ਇਕੱਠੇ ਐਮ.ਏ. ਕੀਤੀ ਸੀ। ਠੀਕ ਹੀ ਕਹਿੰਦਾ ਸੀ ਮਨੋਜ, ਇੱਕੋ ਸ਼ਹਿਰ ਵਿਚ ਰਹਿੰਦਿਆਂ ਅਸੀਂ ਸੱਤ ਸਾਲਾਂ ਵਿਚ ਕਦੇ ਨਾ ਮਿਲੇ। ”ਕਿਤਾਬਾਂ ਖ਼ਰੀਦਣ ਆਈ ਹਾਂ।” ਮੈਂ ਛੋਟਾ ਜਿਹਾ ਜਵਾਬ ਦਿੱਤਾ। ”ਮੈਨੂੰ ਪਤਾ ਹੈ ਤੂੰ ਕਿਤਾਬਾਂ ਪੜ੍ਹਨ ਦੀ ਸ਼ੌਕੀਨ ਸੀ… ਹਰ ਸਾਹਿਤ ਸੰਮੇਲਨ ਵਿਚ ਜਾਂਦੀ ਸੀ… ਹੁਣ ਤੂੰ ਸਭ ਨੂੰ ਭੁੱਲ ਗਈ।” ਮਨੋਜ ਨੇ ਆਪਣੀ ਗੱਲ ਵਿਚ ਮਿੱਠਾ ਜਿਹਾ ਨਿਹੋਰਾ ਮਾਰਿਆ। ”ਬੱਸ, ਘਰੋਂ ਨਿਕਲਣ ਦਾ ਟਾਈਮ ਹੀ ਨਹੀਂ ਮਿਲਦਾ।” ”ਇਹਨਾਂ ਨੂੰ ਜਾਣਦੀ ਐਂ?” ਮਨੋਜ ਮੇਰੀ ਗੱਲ ਵਿਚਾਲਿਓਂ ਕੱਟ ਕੇ ਬੋਲਿਆ। ਮਨੋਜ ਦੇ ਨਾਲ ਇੱਕ ਦਰਮਿਆਨੇ ਜਿਹੇ ਕੱਦ ਦਾ ਸ਼ਖ਼ਸ ਖੜ੍ਹਾ ਸੀ ”ਹਾਂ ਜੀ… ਮੈਂ ਇਹਨਾਂ ਨੂੰ ਪੜ੍ਹਿਆ ਹੈ… ਪਰ ਨਾਂਅ ਭੁੱਲ ਗਈ… ਓਹੋ…।”
ਮੈਂ ਕੁਝ ਯਾਦ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ”ਤੁਸੀਂ ਪੜ੍ਹਿਆ ਵੀ ਹੈ ਪਰ ਨਾਂਅ ਭੁੱਲ ਗਏ।” ਉਹ ਸ਼ਖ਼ਸ ਵੱਡਾ ਸਾਰਾ ਮੂੰਹ ਖੋਲ੍ਹ ਕੇ ਹੱਸ ਪਿਆ… ਮੈਂ ਆਪਣੇ ਸਿਰ ਤੇ ਹੱਥ ਮਾਰਿਆ। ਮੈਂ ਯਾਦ ਕਰ ਰਹੀ ਸੀ, ”… ਜ਼ਿੰਦਗੀ… ਜ਼ਿੰਦਗੀ… ਜਾਂ ਕੁਝ ਇਸ ਦੇ ਨੇੜੇ ਤੇੜੇ… ਕੁਝ ਇੱਦਾਂ ਦਾ ਹੀ ਸੀ “। ”ਜੀਵਨ ! ਜੀਵਨ ਹੈ ਮੇਰਾ ਨਾਂਅ।” ਕਹਿ ਕੇ ਉਹ ਫੇਰ ਉੱਚੀ-ਉੱਚੀ ਹੱਸ ਪਿਆ। ਮੈਂ ਉਸ ਵੱਲ ਵੇਖਣ ਲੱਗ ਪਈ। ”ਠੀਕ ਹੈ ਜੀ, ਠੀਕ ਹੈ।” ਉਸ ਨੇ ਇਹ ਕਹਿ ਕੇ ਮੇਰੇ ਵੱਲ ਅਜਿਹੀ ਗਹਿਰੀ ਨਿਗਾਹ ਨਾਲ ਤੱਕਿਆ ਕਿ ਮੈਂ ਠਠੰਬਰ ਜਿਹੀ ਗਈ। ਉਸ ਦੀਆਂ ਅੱਖਾਂ ਬਹੁਤ ਚਮਕਦਾਰ ਸਨ ਜਿਵੇਂ ਦੋ ਦੀਵੇ ਜਗਦੇ ਹੋਣ। ਮੈਂ ਘਬਰਾ ਗਈ… ਛੇਤੀ ਛੇਤੀ ਕਾਹਲੇ ਕਦਮਾਂ ਨਾਲ ਉਥੋਂ ਤੁਰ ਪਈ ਮੈਂ ਇਸ ਅਣਜਾਣੀ ਜਿਹੀ ਨਿਗਾਹ ਨਾਲ ਕੀਲੀ ਗਈ।  ਉਹ ਦੋ ਅੱਖਾਂ ਮੇਰੇ ਜ਼ਿਹਨ ਵਿਚ ਖੁੱਭ ਗਈਆਂ।
ਅੱਜ ਫਿਰ ਮੇਰੇ ਕਦਮ ਪੁਸਤਕ ਮੇਲੇ ਵੱਲ ਨੂੰ ਤੁਰ ਪਏ। ਉਹ ਸ਼ਖ਼ਸ ਉੱਥੇ ਹੀ ਖੜ੍ਹਾ ਸੀ। ਜਿਵੇਂ ਕੱਲ੍ਹ ਦਾ ਇੱਕੋ ਥਾਵੇਂ ਖੜ੍ਹਾ ਹੋਵੇ… ਮੈਂ ਵੇਖ ਕੇ ਸਿਰ ਨਿਵਾ ਦਿੱਤਾ ਸੀ… ਮੈਂ ਅਗਾਂਹ ਨੂੰ ਤੁਰ ਪਈ ਪਤਾ ਨਹੀਂ ਕਿਉਂ ਮੈਂ ਫੇਰ ਓਸੇ ਬੁੱਕ ਸਟਾਲ ‘ਤੇ ਵਾਪਸ ਆ ਗਈ… ਮੇਰੀਆਂ ਅੱਖਾਂ ਉਸ ਨੂੰ ਲੱਭ ਰਹੀਆਂ ਸਨ ਅਚਾਨਕ ਉਹ ਮੇਰੇ ਸਾਹਮਣੇ ਆ ਖਲੋਤਾ।
”ਕਥਾ। ਓ ਕਥਾ।” ਉਸ ਨੇ ਮੈਨੂੰ ਆਵਾਜ਼ ਮਾਰੀ। ਮੈਂ ਹੈਰਾਨੀ ਨਾਲ ਕਿਹਾ, ”ਮੇਰਾ ਨਾਂਅ ਕਥਾ ਨਹੀਂ… ਮੈਂ… ਮੈਂ ਤਾਂ…।” ਮੈਂ ਅਗਾਂਹ ਕੁਝ ਕਹਿੰਦੀ ਪਰ ਉਹ ਪਹਿਲਾਂ ਹੀ ਬੋਲ ਪਿਆ। ”ਹਾਂ ਤੂੰ ਨਿਰੀ ਕਹਾਣੀ ਜਿਹੀ ਲੱਗਦੀ ਐਂ… ਤੂੰ ਹੀ ਤਾਂ ਕਥਾ ਐਂ।” ਉਸ ਨੇ ਇਹ ਕਹਿ ਕੇ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਲਈਆਂ… ਮੈਨੂੰ ਨੀਝ ਨਾਲ ਤੱਕਿਆ… ਫੇਰ ਮੇਰੇ ਵੱਲ ਇੱਕ ਕਿਤਾਬ ਕਰ ਦਿੱਤੀ।” ਕਥਾ ਇਹ ਤੇਰੇ ਲਈ ਕਿਤਾਬ… ”ਓ ਜ਼ਹੀਰ।” ਮੈਂ ਕਿਤਾਬ ਫੜ੍ਹ ਕੇ ਉਸ ਨੂੰ ਥੈਂਕ-ਯੂ ਕਿਹਾ । ਨਾ ਚਾਹੁੰਦੇ ਹੋਏ ਵੀ ਮੈਂ ਉਸ ਦੀਆਂ ਅੱਖਾਂ ਵਿਚ ਝਾਕੀ… ਇਹ ਅੱਖਾਂ ਮੇਰੇ ਧੁਰ ਅੰਦਰ ਤਾਈਂ ਲਹਿ ਗਈਆਂ… ਮੈਂ ਇੱਕ ਸਮੋਹਨ-ਵਿੱਚ ਜਕੜੀ ਗਈ… ਕਾਹਲੇ-ਕਾਹਲੇ ਕਦਮਾਂ ਨਾਲ ਤੁਰ ਪਈ… ਉਹ ਦੋ ਅੱਖਾਂ ਮੇਰਾ ਪਿੱਛਾ ਕਰਨ ਲੱਗ ਪਈਆਂ… ਜ਼ਿੰਦਗੀ ਜਿਵੇਂ ਮੇਰੇ ਨਾਲ-ਨਾਲ ਤੁਰ ਪਈ… ਮੈਂ ਘਰ ਦੀਆਂ ਦਹਿਲੀਜ਼ਾਂ ਪਾਰ ਕਰ ਗਈ। ”ਜ਼ਿੰਦਗੀ ਤੂੰ ਬਾਹਰ?” ਮੈਂ ਉਸ ਨੂੰ ਬਾਹਰ ਖੜਿਆਂ ਵੇਖ ਕੇ ਕਿਹਾ।
ਜ਼ਿੰਦਗੀ ਜਿਵੇਂ ਤੜਪ ਉੱਠੀ, ”ਹਾਂ ਕਥਾ, ਮੈਂ ਅੰਦਰ ਨਹੀਂ ਆ ਸਕਦੀ… ਪਰ ਤੂੰ ਤਾਂ ਬਾਹਰ ਆ ਸਕਦੀ ਏਂ,” ਜ਼ਿੰਦਗੀ ਨੇ ਬਾਂਹਾਂ ਖੋਲ੍ਹ ਲਈਆਂ। ”ਕਥਾ, ਤੂੰ ਬਾਹਰ ਆ ਜਾ… ਮੈਨੂੰ ਜਿਉਂ ਕੇ ਤਾਂ ਵੇਖ।” ਮੈਂ… ਕਿਵੇਂ ਆਵਾਂ… ਮੈਂ ਨਹੀਂ ਆ ਸਕਦੀ… ਮੇਰਾ ਵੀ ਸਵੈਮਾਣ ਹੈ… ਜ਼ਿੰਦਗੀ। ਤੂੰ ਤਾਂ ਨਿਡਰ ਹੈ… ਬੇਪ੍ਰਵਾਹ ਵੀ ਐਂ…ਮੈਂ ਤੇਰੇ ਕੋਲ ਨਹੀਂ ਆ ਸਕਦੀ।” ਕਹਿ ਕੇ ਮੈਂ ਬੂਹਾ ਬੰਦ ਕਰ ਲਿਆ। ਅੰਦਰ ਆ ਕੇ ਜਿਵੇਂ ਮੈਂ ਸੱਖਣੀ ਜਿਹੀ ਹੋ ਗਈ… ਸੁੰਨੀ ਜਿਹੀ ਹੋ ਗਈ। ਘਰ ਪੈਰ ਪਾਇਆ ਈ ਸੀ ਕਿ ਮੇਰਾ ਮੂਡ ਖ਼ਰਾਬ ਹੋ ਗਿਆ। ਅੱਜ ਐਤਵਾਰ ਸੀ… ਮਾਨਵ ਘਰੇ ਮਹਿਫ਼ਲ ਸਜਾਈ ਬੈਠਾ ਸੀ… ਬਰਫ਼, ਸੋਢੇ, ਨਮਕੀਨ ਤੇ ਹੋਰ ਪਤਾ ਨਹੀਂ ਕੀ-ਕੀ ਮੰਗਵਾਏਗਾ। ਮੈਂ ਫੇਰ ਉਦਾਸ ਹੋ ਗਈ। ਅਜਿਹੀ ਉਦਾਸੀ ਵਿਚ ਮੈਨੂੰ ਆਪਣੇ ਮੰਮੀ ਡੈਡੀ ਯਾਦ ਆ ਗਏ। ਉਨ੍ਹਾਂ ਨੇ ਹੀ ਮੈਨੂੰ ਘੱਟ ਪੜ੍ਹੇ ਲਿਖੇ ਦੇ ਲੜ ਲਾ ਦਿੱਤਾ ਸੀ। ਮੰਮੀ ਨੇ ਤਾਂ ਵਿਰੋਧ ਵੀ ਕੀਤਾ ਪਰ ਵੱਡੀ ਮੰਮਾ ਤੇ ਡੈਡੀ ਨੇ ਮੰਮੀ ਨੂੰ ਕਨਵਿੰਸ ਕਰਵਾ ਲਿਆ। ਇਕੱਲਾ ਮੁੰਡਾ… ਐਡੀ ਵੱਡੀ ਕੱਪੜੇ ਦੀ ਦੁਕਾਨ… ਹੋਰ ਕੀ ਚਾਹੀਦੈ? ਫੇਰ ਕੀ ਹੋਇਆ ਜੇ ਘੱਟ ਪੜ੍ਹਿਆ ਐ। ਮੈਂ ਚਿੜ-ਚਿੜ ਕਰਦੀ ਰਹਿੰਦੀ। ਘਰ ਦੇ ਹਮੇਸ਼ਾ ਟੋਕਾ ਟਾਕੀ ਕਰਦੇ ਰਹਿੰਦੇ ਤਾਂ ਮੈਂ ਅੰਦਰ ਤਾਈਂ ਮੱਚ ਜਾਂਦੀ। ਵੱਡੀ ਮੰਮਾ ਅਕਸਰ ਹੀ ਕਹਿੰਦੀ ਰਹਿੰਦੀ, ”ਤੇਰੀ ਛਾਤੀ ਭਾਰੀ ਐ… ਪਿਉ ਤੇ ਭਰਾ ਦੀ ਭੋਰਾ ਤਾਂ ਸ਼ਰਮ ਕਰ।” ਮੈਂ ਸਾਰਾ ਦਿਨ ਚੁੰਨੀ ਦਾ ਫਾਹਾ ਜਿਹਾ ਗਲ ਵਿਚ ਪਾਈ ਰੱਖਦੀ। ਟੋਨੀ ਵੀਰਾ ਬੂਹੇ ਮੂਹਰੇ ਵੀ ਖੜ੍ਹਨ ਨਹੀਂ ਦਿੰਦਾ ਸੀ ”ਅੰਦਰ ਚੱਲ, ਬਾਹਰ ਕੀ ਕਰਦੀ ਐਂ।” ਮੰਮੀ ਵੀ ਟੋਕਦੀ ਰਹਿੰਦੀ। ”ਵਾਲ ਕਿਉਂ ਖੋਲ੍ਹੇ ਨੇ? ਤੇਲ ਲਾ ਕੇ ਗੁੱਤ ਕਰ।” ਮੈਂ ਅਜਿਹੇ ਮਾਹੌਲ ਅਤੇ ਨਿੱਤ ਦੇ ਕਲੇਸ਼ ਤੋਂ ਸੁਤੰਤਰ ਹੋਣਾ ਚਾਹੁੰਦੀ ਸੀ। ਇਸੇ ਉਧੇੜ-ਬੁਣ ਵਿਚ ਮੈਂ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਨਕਸ਼ ਕਿਆਸਣ ਲੱਗ ਪਈ ਆਪਣੇ ਹੋਣ ਵਾਲੇ ਹਮਸਫ਼ਰ ਨਾਲ ਆਉਣ ਵਾਲੀ ਹਸੀਨ ਜ਼ਿੰਦਗੀ ਦੇ ਸੁਫ਼ਨੇ ਲੈਂਦੀ। ਇਹ ਮੇਰੀ ਜ਼ਿੰਦਗੀ ਦੇ ਰੰਗੀਨ ਪੰਨੇ ਸਨ…ਮੈਂ ਇਨ੍ਹਾਂ ਰੰਗ ਬਿਰੰਗੇ… ਖ਼ੁਸ਼ਬੂਦਾਰ… ਹਸੀਨ ਪੰਨਿਆਂ ਵਿਚ ਗੁਆਚ ਜਾਂਦੀ ਹਾਂ… ਇਹਨਾਂ ਪੰਨਿਆਂ ‘ਤੇ ਖ਼ੂਬਸੂਰਤ ਇਬਾਰਤਾਂ ਉਕਰੀਆਂ ਹੋਇਆਂ ਸਨ ਪਰ ਹੋਇਆ ਕੀ… ਅਸਮਾਨ ਤੋਂ ਧਰਤੀ ‘ਤੇ ਡਿਗ ਪਈ… ਹੋਰ ਵੀ ਬੇਰਹਿਮ ਕੈਦ ਵਿਚ ਜਕੜੀ ਗਈ। ਮਾਨਵ ਦਾ ਵਿਹਾਰ ਵੀ ਰੁੱਖਾ ਜਿਹਾ… ਉਹ ਸਦਾ ਹੀ ਆਪਣੀ ਹੀਣ ਭਾਵਨਾ ਦਾ ਸ਼ਿਕਾਰ ਰਹਿੰਦਾ… ਅਕਸਰ ਹੀ ਕਹਿੰਦਾ, ”ਹੁਣ ਪਤਾ ਲੱਗਿਐਂ ਬਹੁਤੀ ਪੜ੍ਹੀ ਲਿਖੀ ਤੀਮੀਂ ਦਾ ਦਿਮਾਗ਼ ਤਾਂ ਖ਼ਰਾਬ ਹੁੰਦਾ ਹੈ।” ਉਹ ਗੱਲ-ਗੱਲ ‘ਤੇ ਮੈਨੂੰ ਨੀਵਾਂ ਵਿਖਾਉਂਦਾ। ਹੁਣ ਤਾਂ ਮੈਂ ਹਰ ਦਰਦ ਨੂੰ ਆਪਦੇ ਅੰਦਰ ਦਬਾਅ ਲਿਆ ਹੈ… ਮੇਰੇ ਅੰਦਰ ਬੇਵਸੀ ਦੇ ਬੱਦਲ ਹੰਝੂਆਂ ਨਾਲ ਭਰੇ ਰਹਿੰਦੇ ਪਰ ਵੱਸਦੇ ਨਹੀਂ ਸੀ… ਕਾਲਜਾ ਗਿੱਲੇ ਬਾਲਣ ਵਾਂਗ ਧੁਖਦਾ ਰਹਿੰਦੈ… ਅੱਜ ਮੈਨੂੰ ਪਤਾ ਨਹੀਂ ਕੀ ਹੋ ਗਿਆ, ਘੜੀ ਦੀ ਟਿਕ-ਟਿਕ ਦੇ ਨਾਲ ਮੈਨੂੰ ਇੱਕ ਸੋਚ ਆਉਂਦੀ ਤੇ ਇੱਕ ਜਾਂਦੀ… ਸੂਈਆਂ ਭੱਜ ਰਹੀਆਂ ਸਨ… ਮੇਰਾ ਜੀਵਨ ਇਹਨਾਂ ਮਿੰਟਾਂ ਸਕਿੰਟਾਂ ਵਿਚ ਵੰਡਿਆ ਹੋਇਆ ਸੀ… ਮੈਂ ਇਹਨਾਂ ਹਾਲਾਤ ਨੂੰ ਸਵੀਕਾਰ ਕਰ ਲਿਆ ਸੀ… ਹੁਣ ਤਾਂ ਮੈਂ ਆਪਣੀ ਸ਼ਨਾਖ਼ਤ ਆਪ ਕਰਨ ਦੇ ਯੋਗ ਵੀ ਨਹੀਂ ਸੀ।
ਜ਼ਿੰਦਗੀ ਤੇ ਮੈਂ ਹਰ ਰੋਜ਼ ਗੱਲ ਕਰਦੇ… ਮੈਂ ਤਾਂ ਆਪਦੇ ਬੇਤਰਤੀਬੇ ਘਰ ਨੂੰ ਤਰਤੀਬ ਵਿਚ ਲਿਆਉਣ ਦੀ ਕੋਸ਼ਿਸ਼ ਕਰਦੀ ਰਹੀ ਪਰ ਹੁਣ ਤਾਂ ਮੈਂ ਆਪ ਹੀ ਬੇਤਰਤੀਬ ਹੁੰਦੀ ਜਾਂਦੀ ਹਾਂ… ਹਨੇਰੇ ਵਿਚ ਡਿਕ-ਡੋਲੇ ਖਾ ਰਹੀ ਹਾਂ ਜਦੋਂ ਜ਼ਿੰਦਗੀ ਵਾਜਾਂ ਮਾਰਦੀ ਤਾਂ ਰੌਸ਼ਨੀ ਜਿਹੀ ਵਿਖਾਈ ਦਿੰਦੀ… ਮੇਰੇ ਅੰਦਰ ਹਲਚਲ ਪੈਦਾ ਹੁੰਦੀ ” ਜ਼ਿੰਦਗੀ ਤੂੰ ਮੈਨੂੰ ਵਾਜਾਂ ਨਾ ਮਾਰ… ਮੈਂ ਆਪਣੀ ਇਕਾਗਰਤਾ ਨੂੰ ਇੱਕ… ਬਿੰਦੂ ਤੇ ਸਥਿਰ ਕਰਨਾ ਚਾਹੁੰਦੀ ਹਾਂ… ਮੈਂ ਬੜੀ ਗੂੜ੍ਹੀ ਨੀਂਦ ਸੌਣਾ ਚਾਹੁੰਦੀ ਹਾਂ… ਪੈਰਾਂ ਵਿਚ ਪਾਈਆਂ ਬੇੜੀਆਂ ਤੋਂ ਆਜ਼ਾਦ ਹੋਣਾ ਚਾਹੁੰਦੀ ਹਾਂ… ਖ਼ੁਦਮੁਖ਼ਤਾਰੀ ਦੀ ਸਰਜਮੀਂ ‘ਤੇ ਪੈਰ ਰੱਖ ਕੇ ਖੁੱਲ੍ਹੀ ਹਵਾ ਵਿਚ ਸਾਹ ਲੈਣਾ ਚਾਹੁੰਦੀ ਹਾਂ… ਪਰ ਇਹ ਗਲਾਫ਼ ਮੈਨੂੰ ਬਾਹਰ ਦੀ ਹਵਾ ਵੀ ਨਹੀਂ ਲੱਗਣ ਦਿੰਦਾ… ਏਸੇ ਕਰਕੇ ਤਾਂ ਮੇਰੇ ਅੰਦਰ ਸਦਾ ਪਤਝੜ ਦਾ ਮੌਸਮ ਰਹਿੰਦਾ ਹੈ… ਮੇਰੇ ਅੰਦਰ ਰੁੱਖਾਂ ਦੇ ਜ਼ਰਦ ਪੱਤੇ ਸਦਾ ਹੀ ਝੜਦੇ ਰਹਿੰਦੇ ਹਨ ਤੇ ਮੈਂ ਅੰਦਰੋਂ ਅੰਦਰੀਂ ਨਿਰਵਸਤਰ ਹੁੰਦੀ ਜਾ ਰਹੀ ਹਾਂ। ਫ਼ੋਨ ਦੀ ਰਿੰਗ ਵੱਜ ਉੱਠੀ। ”ਕਥਾ ! ਓ ਕਥਾ! ਤੂੰ ਜ਼ਿੰਦਗੀ ਨੂੰ ਤਾਂ ਜਾਣਦੀ ਹੈ ਪਰ ਇਸ ਨੂੰ ਜਿਊਣਾ ਨਹੀਂ ਜਾਣਦੀ… ਤੂੰ ਇਸ ਨੂੰ ਲੱਭ… ਇਹ ਬਹੁਤ ਹਸੀਨ ਹੈ… ਆਪਣੇ ਬੂਹੇ ਬਾਰੀਆਂ ਤਾਂ ਖੋਲ੍ਹ… ਇਹ ਦੋਬਾਰਾ ਨਹੀਂ ਆਉਣੀ… ਵੇਖ ਲੈ, ਨਹੀਂ ਤਾਂ ਇਹ ਇੱਕ ਮੋਇਆ ਸੁਫ਼ਨਾ ਬਣ ਜਾਏਗੀ।”
”ਜ਼ਿੰਦਗੀ ਤੈਨੂੰ ਰੱਬ ਦਾ ਵਾਸਤਾ ਤੂੰ ਮੈਨੂੰ ਨਾ ਬੁਲਾ… ਮੈਂ ਬੜੀ ਵਾਰੀ ਆਪਦਾ ਵਜੂਦ ਖਿੱਚ ਕੇ ਤੇਰੇ ਹਾਣ ਦਾ ਕੀਤਾ ਪਰ ਇਹ ਬਹੁਤ ਕਮਜ਼ੋਰ ਹੈ।” ਜ਼ਿੰਦਗੀ ਮੈਨੂੰ ਹਲੂਣਦੀ… ਜਗਾਉਂਦੀ… ਬੋਲਦੀ… ਧੜਕਦੀ… ਹਰ ਰੋਜ਼ ਇਹ ਸਭ ਹੁੰਦਾ… ਹੌਲੀ ਹੌਲੀ ਮੇਰਾ ਵਜੂਦ ਵੀ ਉੱਸਰਨ ਲੱਗ ਪਿਆ… ਏਸ ਹੱਦ ਤੋਂ ਪਾਰ ਸਭ ਕੁਝ ਹਸੀਨ ਨਜ਼ਰ ਆਉਣ ਲੱਗ ਪਿਆ… ਮੈਂ ਸੋਚਦੀ ਰਹਿੰਦੀ… ਕਿਵੇਂ ਲੰਘਾਂਗੀ ਇਹਨਾਂ ਦਹਿਲੀਜ਼ਾਂ ਨੂੰ… ਏਸ ਲਛਮਣ ਰੇਖਾ ਨੂੰ… ਇਸ ਵਿਚੋਂ ਤਾਂ ਚੰਗਿਆੜੇ ਨਿਕਲਦੇ ਨੇ… ਮੇਰੇ ਗਲਾਫ਼ ਨੂੰ ਸਾੜ ਦੇਣਗੇ… ਜਦੋਂ ਮੈਂ ਕਿਸੇ ਨਵੀਂ ਜ਼ਿੰਦਗੀ ਦੀ ਕਲਪਨਾ ਕਰਦੀ ਤਾਂ ਮੇਰੇ ਅੰਦਰ ਕਰੂੰਬਲਾਂ ਫੁੱਟਣ ਲੱਗ ਪਈਆਂ… ਮੈਂ ਹੌਲੀ ਹੌਲੀ ਬਦਲਣ ਲੱਗ ਪਈ… ਪਤਾ ਨਹੀਂ ਕਿਉਂ ਏਨੀ ਜ਼ਾਲਮ ਹੁੰਦੀ ਜਾ ਰਹੀ ਸੀ… ਸ਼ੂਕਦੇ ਪਾਣੀ ਵਾਂਗ ਸਭ ਕੁਝ ਤਹਿਸ-ਨਹਿਸ ਕਰ ਸਕਦੀ ਸੀ। ਮੇਰੇ ਅੰਦਰ ਇੱਛਾ ਤੇ ਮਰਿਆਦਾ ਦਾ ਯੁੱਧ ਚੱਲ ਪਿਆ… ਇੱਛਾ ਜਿੱਤ ਗਈ ਤੇ ਮਰਿਆਦਾ ਹਾਰ ਗਈ… ਮੈਂ ਆਪਣੇ ਕਦਮ ਘਰੋਂ ਬਾਹਰ ਵੱਲ ਪੁੱਟ ਲਏ,
…ਫੇਰ ਪਿੱਛਾ ਭਉਂ ਕੇ ਨਹੀਂ ਵੇਖਿਆ …ਤੁਰ ਪਈ ਸੀ ਨਵੀਆਂ ਰਾਹਾਂ ‘ਤੇ… ਗੱਡੀ ਵਿਚ ਬੈਠ ਗਈ… ਮੇਰੇ ਅੰਦਰ ਕਥਾ ਦਾ ਵਜੂਦ ਉਸਰਦਾ ਜਾ ਰਿਹਾ ਸੀ … ਕਾਮਨਾ ਜਿਵੇਂ ਬੌਣੀ ਜਿਹੀ ਹੁੰਦੀ ਜਾ ਰਹੀ ਸੀ, ਮੇਰੇ ਅੰਦਰਲੇ ਜਹਾਨ ਵਿਚ ਪਤਝੜ ਦਾ ਮੌਸਮ ਬਹਾਰ ਵਿਚ ਬਦਲਣ ਲੱਗ ਪਿਆ… ਮੈਂ ਗੱਡੀ ਦੇ ਬਾਹਰ ਦਾ ਨਜ਼ਾਰਾ ਵੇਖ ਰਹੀ ਸੀ… ਸੂਰਜ ਦਾ ਲਾਲ ਗੋਲਾ, ਦਰਖ਼ਤ, ਧਰਤੀ ਸਭ ਮੇਰੇ ਨਾਲ ਭੱਜ ਰਹੇ ਸਨ ਜ਼ਿੰਦਗੀ ਨੂੰ ਗਲਵੱਕੜੀ ਪਾਉਣ ਲਈ।
ਮੈਂ ਗੱਡੀ ਦੇ ਅੰਦਰ ਨਿਗਾਹ ਮਾਰੀ… ਮੈਨੂੰ ਜਾਪਿਆ ਜਿਵੇਂ ਹਰ ਸ਼ਖ਼ਸ ਦੇ ਮੂੰਹ ‘ਤੇ ਇੱਕ ਸਵਾਲੀਆ ਨਿਸ਼ਾਨ ਹੈ… ਮੈਂ ਡਰ ਗਈ… ਅੱਖਾਂ ਬੰਦ ਕਰ ਲਈਆਂ… ਹਵਾ ਮੇਰੇ ਉਲਟ ਚੱਲ ਰਹੀ ਸੀ… ਮੇਰੇ ਪੰਨੇ ਫੜ੍ਹ-ਫੜ੍ਹ ਕਰਦੇ ਹਵਾ ਨਾਲ ਖਹਿ ਰਹੇ ਸਨ।
ਸਟੇਸ਼ਨ ਆ ਗਿਆ। ਜ਼ਿੰਦਗੀ ਮੈਨੂੰ ਉਡੀਕ ਰਹੀ ਸੀ… ਉਸ ਨੇ ਮੇਰਾ ਹੱਥ ਫੜ੍ਹ ਕੇ ਮੈਨੂੰ ਗੱਡੀ ਵਿਚੋਂ ਉਤਾਰ ਲਿਆ… ਮੇਰੇ ਹੱਥ ਆਪਣੇ ਹੱਥਾਂ ਵਿਚ ਘੁੱਟ ਲਏ… ਮੇਰੀਆਂ ਅੱਖਾਂ ਮੀਟੀਆਂ ਗਈਆਂ। ”ਜ਼ਿੰਦਗੀ ਮੈਨੂੰ ਇਥੋਂ ਦੂਰ ਲੈ ਚੱਲ਼.. ਮੈਨੂੰ ਏਨੇ ਇਕੱਠ ਵਿਚ ਘਬਰਾਹਟ ਹੋ ਰਹੀ ਹੈ।” ਇਹ ਦੁਨੀਆ ਪਤੈ ਕਿਉਂ ਭੱਜ ਰਹੀ ਹੈ?, ਕਥਾ? ਮੈਨੂੰ ਤਲਾਸ਼ਦੀ ਹੈ… ਮੈਂ ਤਾਂ ਇਹਨਾਂ ਦੇ ਨੇੜੇ ਹੀ ਹਾਂ… ਫੇਰ ਵੀ ਇਹ ਮੈਨੂੰ ਪਛਾਣਦੇ ਨਹੀਂ… ਘੁਰਨਿਆਂ ਵਿਚੋਂ ਨਿਕਲਦੇ ਨੇ ਤੇ ਘੁਰਨਿਆਂ ਵਿਚ ਹੀ ਵੜ ਜਾਂਦੇ ਨੇ… ਬੱਸ ਇਹ ਏਸੇ ਤਰ੍ਹਾਂ ਭੱਜ ਨੱਸ ਵਿਚ ਹੀ ਮਸਰੂਫ਼ ਨੇ।”… ਕੁੱਝ ਪਲ ਵਾਸਤੇ ਮੈਂ ਚੁੱਪ ਹੋ ਗਈ। ਕੁਝ ਦੂਰ ਚੱਲ ਕੇ ਜ਼ਿੰਦਗੀ ਨੇ ਪੁੱਛਿਆ ਸੀ, ”ਦੱਸ ਕਥਾ ਤੈਨੂੰ ਕੀ ਚਾਹੀਦੈ।” ”ਜ਼ਿੰਦਗੀ ਮੈਨੂੰ ਬਹੁਤ ਪਿਆਸ ਲੱਗੀ ਹੈ… ਪਾਣੀ… ਬੱਸ ਪਾਣੀ ਚਾਹੀਦੈ… ਜ਼ਿੰਦਗੀ ਓਹ ਵੇਖ ਗੁਰਦੁਆਰਾ… ਓਥੇ ਚੱਲੀਏ?” ਅਸੀਂ ਗੁਰਦੁਆਰੇ ਮੱਥਾ ਟੇਕਿਆ… ਠੰਢਾ ਅੰਮ੍ਰਿਤ ਵਰਗਾ ਪਾਣੀ ਪੀਤਾ… ਅੰਦਰ ਤਾਈਂ ਰੂਹ ਸ਼ਾਂਤ ਹੋ ਗਈ। ”ਹੁਣ ਦੱਸ ਕਥਾ।” ”ਜ਼ਿੰਦਗੀ ਮੈਂ ਬਹੁਤ ਭੁੱਖੀ ਵੀ ਹਾਂ… ਪਰ ਮੈਂ ਰੋਟੀ ਨਹੀਂ ਖਾਣੀ… ਇਹ ਤਾਂ ਮੈਂ ਹਰ ਰੋਜ਼ ਖਾਂਦੀ ਹਾਂ।” ”ਫੇਰ ਜਲੇਬੀਆਂ ਖਾਣੀਆਂ ਨੇ?” ”ਹਾਂ ਜ਼ਰੂਰ।” ਅਸੀਂ ਅਖ਼ਬਾਰ ਦੇ ਕਾਗ਼ਜ਼ ਉੱਤੇ ਜਲੇਬੀਆਂ ਰੱਖ ਕੇ ਖਾਧੀਆਂ… ਮਿਠਾਸ ਅੰਦਰ ਤਾਈਂ ਘੁਲ ਗਈ। ”ਕਥਾ ਤੂੰ ਇੰਨੇ ਵਿਚ ਹੀ ਰੱਜ ਗਈ ?” ”ਜ਼ਿੰਦਗੀ ਮੈਨੂੰ ਬੱਸ ਏਨੀ ਹੀ ਭੁੱਖ ਸੀ।” ”ਕਥਾ ਤੂੰ ਆਪਣਾ ਭਾਰ ਮੈਨੂੰ ਦੇ ਦੇ,” ਉਸ ਨੇ ਮੇਰਾ ਬੈਗ ਆਪਣੇ ਮੋਢਿਆਂ ਤੇ ਪਾ ਲਿਆ। ਮੇਰੇ ਸਿਰ ‘ਤੇ ਪੋਲਾ ਜਿਹਾ ਹੱਥ ਫੇਰਿਆ… ਮੇਰੀਆਂ ਅੱਖਾਂ ਆਪ ਮੁਹਾਰੇ ਮੀਟੀਆਂ ਗਈਆਂ। ਮੈਂ ਤੇ ਜ਼ਿੰਦਗੀ ਨੇ ਹੱਥਾਂ ਵਿਚ ਹੱਥ ਪਾ ਲਏ… ਅਸੀਂ ਤੁਰ ਪਏ… ਇੱਕ ਹਸੀਨ ਸਫ਼ਰ ‘ਤੇ… ਅੱਜ ਇਹ ਸੜਕ ਵੀ ਮੈਨੂੰ ਤੁਰਦੀ ਹੋਈ ਜਾਪੀ… ਮੇਰੇ ਘਰ ਤੋਂ ਜ਼ਿੰਦਗੀ ਤੱਕ ਤੇ ਜ਼ਿੰਦਗੀ ਤੋਂ ਮੇਰੇ ਤੱਕ। ਮੇਰੇ ਖੱਬੇ ਪਾਸੇ ਮਾਸ ਦਾ ਟੁਕੜਾ ਧੜਕਣ ਲੱਗ ਪਿਆ… ਖ਼ੂਨ ਦੀ ਗਰਦਿਸ਼ ਤੇਜ਼ ਹੋ ਗਈ… ਅੱਜ ਜ਼ਿੰਦਗੀ ਕਿੰਨੀ ਹਸੀਨ ਤੇ ਬੇਪ੍ਰਵਾਹ ਸੀ। ਸਰਦੀਆਂ ਦੀ ਕੋਸੀ ਜਿਹੀ ਧੁੱਪ ਤੇ ਕੂਲ਼ੀ ਸ਼ਾਮ ਕਿੰਨੀ ਬੇਇਖ਼ਤਿਆਰ… ਕਿੰਨੀ ਮੁਕੰਮਲ਼.. ਅੱਜ ਮੈਂ ਚਾਹਤ ਤੇ ਇੱਛਾਵਾਂ ਦੇ ਸ਼ਕਤੀ ਸ਼ਾਲੀ ਨਿਯੰਤਰਨ ਵਿਚ ਸੀ। ਅਜਿਹੀ ਸਥਿਤੀ ਵਿਚ ਮੈਂ ਆਪਦੇ ਆਪ ਨੂੰ ਭੁੱਲ ਗਈ ਸੀ… ਅੱਜ ਮੇਰੇ ਅੰਦਰ ਦੀ ਸਿਆਣੀ ਜਿਹੀ ਔਰਤ ਬਦਲ ਗਈ… ਮੈਂ ਇੱਕ ਬੁੱਧੂ ਜਿਹੀ ਸਿੱਧੀ ਸਾਧੀ ਕੁੜੀ ਬਣ ਗਈ, ਅੱਜ ਦਾ ਦਿਨ ਅਜਿਹਾ ਸੀ ਜਿਵੇਂ ਰਾਤ ਦੇ ਹਨੇਰੇ ਵਿਚੋਂ ਨਿਕਲ ਕੇ ਰੂਪਮਾਨ ਹੋਇਆ ਹੋਵੇ… ਮੇਰੀ ਰੂਹ ਨੂੰ ਤ੍ਰਿਪਤ ਕਰ ਰਿਹਾ ਸੀ… ਮੈਂ ਜ਼ਿੰਦਗੀ ਦੇ ਇਸ ਬੰਧਨ ਤੋਂ ਕਦੇ ਦੂਰ ਨਹੀਂ ਜਾਣਾ ਚਾਹੁੰਦੀ ਸੀ… ਇਹ ਨਿੱਘਾ, ਵਰਖਾ ਭਰਿਆ ਦਿਨ ਸੀ… ਅਸੀਂ ਬੜੀ ਦੇਰ ਤਲਾਅ ਦੇ ਕਿਨਾਰੇ ਬੈਠੇ ਰਹੇ…ਕਿੰਨਾ ਸਕੂਨ ਸੀ ਇੱਥੇ ਮੈਨੂੰ ਜਾਪਦਾ ਸੀ ਜਿਵੇਂ ਮੈਂ ਸਿੱਪੀਆਂ ਘੋਗੇ ਚੁਗ ਰਹੀ ਹੋਵਾਂ… ਅਸਮਾਨੀ ਤਾਰੀ ਲਾਉਂਦੇ ਪੰਛੀਆਂ ਸੰਗ ਉੱਡਦੀ ਹੋਵਾਂ… ਮੱਛੀਆਂ ਸੰਗ ਬੋਲਦੀ ਹੋਵਾਂ… ਤਲਾਅ ਦੇ ਆਲ਼ੇ ਦੁਆਲੇ ਹਰਾ ਹਰਾ ਘਾਹ… ਖੇਤਾਂ ਵਿਚ ਝੂਲਦੀਆਂ ਫ਼ਸਲਾਂ… ਜਿਨ੍ਹਾਂ ਦੀ ਖੁਸ਼ਬੋਈ ਮੇਰੇ ਅੰਤਰੀਵ ਤਾਈਂ ਵੱਸ ਗਈ… ਦੂਰ ਅਸਮਾਨ ਵਿਚੋਂ ਨਿੰਮ੍ਹੀ ਨਿੰਮ੍ਹੀ ਬਿਜਲੀ ਦੀ ਲਿਸ਼ਕ ਵਿਖਾਈ ਦੇ ਰਹੀ ਸੀ… ਮੇਰੇ ਅੰਦਰ ਇੱਕ ਇਲਾਹੀ ਸੰਗੀਤ ਗੂੰਜ ਰਿਹਾ ਸੀ… ਮੈਂ ਥਿਰਕਣ ਲੱਗ ਪਈ… ਮੈਂ ਆਪਣੇ ਅੰਦਰਲੀ ਔਰਤ ਕੋਲੋਂ ਬਹੁਤ ਦੂਰ ਜਾ ਰਹੀ ਸੀ… ਕਿੰਨਾ ਰਹੱਸਮਈ ਨਜ਼ਾਰਾ ਸੀ। ਨੀਲਾ ਪਾਣੀ ਇੰਜ ਜਿਵੇਂ ਨੀਲਾ ਅਸਮਾਨ ਦਾ ਰੰਗ਼.. ਸਭ ਨਜ਼ਾਰੇ ਮਦਹੋਸ਼ ਕਰ ਦੇਣ ਵਾਲੇ ਸੀ। ਇਹ ਧਰਤੀ ਜਿਵੇਂ ਸਵਰਗ ਦਾ ਟੁਕੜਾ ਹੋਵੇ, ਜ਼ਿੰਦਗੀ ਦੀਆਂ ਅੱਖਾਂ ਬੜੀਆਂ ਰੁਮਾਨੀ… ਲਿਸ਼ਕਦੀਆਂ ਹੋਈਆਂ… ਖ਼ੁਸ਼ੀ ਨਾਲ ਭਰੀਆਂ… ਰਹੱਸਮਈ ਤੇ ਚੰਚਲ। ਦੂਰ-ਘਰਾਂ ਵਿਚ ਬਿਜਲੀ ਟਿਮਕਣੀ ਸ਼ੁਰੂ ਹੋ ਗਈ… ਮੈਨੂੰ ਅੱਜ ਕੋਈ ਚਾਹਤ ਨਹੀਂ ਸੀ… ਮੈਂ ਜ਼ਿੰਦਗੀ ਨੂੰ ਰੱਜ ਕੇ ਜਿਉਂ ਰਹੀ ਸੀ…”ਕਥਾ ਕੀ ਤੈਨੂੰ ਅੱਜ ਕਿਸੇ ਦੀ ਪ੍ਰਵਾਹ ਨਹੀਂ? ਹੁਣ ਤੇਰਾ ਸਵੈਮਾਣ ਕਿੱਥੇ ਗਿਆ?” ”ਮੈਂ ਨਹੀਂ ਜਾਣਦੀ ਮੇਰਾ ਸਵੈਮਾਣ ਕਿੱਥੇ ਗਿਆ… ਤੈਨੂੰ ਨਹੀਂ ਪਤਾ ਮੈਂ ਇਸ ਸਵੈਮਾਣ ਨੂੰ ਗੁਆ ਕੇ ਕਿੰਨੀ ਵੱਡੀ ਚੀਜ਼ ਹਾਸਿਲ ਕਰ ਲਈ।” ”ਕਥਾ, ਓਹ ਕੀ?” ”ਆਜ਼ਾਦੀ… ਇਹੋ ਜਿਹੀ ਆਜ਼ਾਦੀ ਜਿਸ ਨੇ ਮੈਨੂੰ ਅੱਜ ਅਮਰ ਕਰ ਦਿੱਤਾ।” ਤਲਾਅ ਦੇ ਕਿਨਾਰੇ ਤੁਰਦਿਆਂ ਤੁਰਦਿਆਂ ਸਾਡੇ ਪੈਰ ਭੁਰਭੁਰੀ ਜਿਹੀ ਮਿੱਟੀ ਉੱਤੇ ਪੈ ਗਏ ”ਕਥਾ ਆਹ ਵੇਖ ਮਿੱਟੀ ਦੇ ਘੁਰਨੇ।” ਮੈਂ ਹੱਸ ਪਈ, ਜ਼ਿੰਦਗੀ ਤੈਨੂੰ ਨਹੀਂ ਪਤਾ ਇਹ ਸਿਉਂਕ ਹੁੰਦੀ ਹੈ… ਇਹਨਾਂ ਦੇ ਨਾਂ ਕੋਈ ਦਿਮਾਗ਼ ਹੁੰਦਾ ਹੈ ਤੇ ਨਾ ਹੀ ਕੋਈ ਅੱਖਾਂ… ਇਹ ਸਵੈਚਾਲਕ ਯੰਤਰ ਵਾਂਗ ਸਾਰੀ ਉਮਰ ਏਸੇ ਤਰ੍ਹਾਂ ਕੰਮ ਕਰਦੀ ਰਹਿੰਦੀ ਹੈ। ਮੇਰਾ ਧਿਆਨ ਸਿਉਂਕ ਦੇ ਘੁਰਨਿਆਂ ਵਿਚ ਅਟਕ ਗਿਆ… ਜ਼ਿੰਦਗੀ ਨੇ ਮੈਨੂੰ ਹਲੂਣਿਆਂ… ਉਸ ਦੀਆਂ ਅੱਖਾਂ ਵਿਚ ਹੰਝੂ ਚਮਕ ਪਏ, ”ਕਥਾ ਕੀ ਤੂੰ ਜਾਣਦੀ ਏਂ ਤੂੰ ਵੀ ਤਾਂ ਇੱਕ ਸਿਉਂਕ ਹੀ ਹੈ।” ਜ਼ਿੰਦਗੀ ਨੇ ਕਹਿ ਕੇ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਲਈਆਂ। ਮੇਰੀਆਂ ਅੱਖਾਂ ਵੀ ਨਮ ਹੋ ਗਈਆਂ।
ਫ਼ੋਨ ਵੱਜ ਉੱਠਿਆ… ”ਮੰਮਾ ਤੁਸੀਂ ਕਿੱਥੇ ਓ?… ਜਲਦੀ ਆਓ… ਮੈਨੂੰ ਹੋਮ ਵਰਕ ਕਰਵਾ ਦਓ।” ”ਹਾਂ ਬੇਟਾ। ਮੈਂ ਜਲਦੀ ਆ ਰਹੀ ਹਾਂ।” ਕਹਿ ਕੇ ਮੈਂ ਫ਼ੋਨ ਬੰਦ ਕਰ ਦਿੱਤਾ। ਮੈਂ ਜਿਵੇਂ ਨੀਮ ਬੇਹੋਸ਼ੀ ਵਿਚੋਂ ਬਾਹਰ ਆ ਗਈ ਹੋਵਾਂ… ਡਰ ਗਈ ਸੀ ਇੱਕ ਸੱਚੇ ਸੁੱਚੇ ਅਹਿਸਾਸ ਨੂੰ ਗੁਆ ਨਾਂ ਬੈਠਾ… ਫਿਰ ਇੱਕ ਮੋਮ ਦੀ ਗੁੱਡੀ ਨਾਂ ਬਣ ਜਾਵਾਂ… ਜਿਸ ਦਾ ਕੋਈ ਵਜੂਦ ਨਹੀਂ। ਜ਼ਿੰਦਗੀ ਨੇ ਫੇਰ ਮੈਨੂੰ ਆਵਾਜ਼ ਮਾਰੀ। ਉਸ ਦੀਆਂ ਅੱਖਾਂ ਵਿਚ ਸਵਾਲੀਆ ਨਿਸ਼ਾਨ ਸੀ… ਚਿਹਰੇ ‘ਤੇ ਉਦਾਸੀ ਦੇ ਬੱਦਲ ਛਾ ਗਏ। ਜ਼ਿੰਦਗੀ ਇੱਕ ਪਲ ਵਾਸਤੇ ਚੁੱਪ ਹੋ ਗਈ ਫੇਰ ਕੁਝ ਸੋਚ ਕੇ ਬੋਲੀ, ”ਹੁਣ ਤੂੰ ਘਰ ਜਾਣੈ?” ”ਹਾਂ ਜ਼ਿੰਦਗੀ, ਜਸ਼ਨ ਬੁਲਾ ਰਿਹਾ ਐ… ਉਸ ਮਾਸੂਮ ਦਾ ਕੀ ਕਸੂਰ?” ਜ਼ਿੰਦਗੀ ਫੇਰ ਹੱਸੀ। ਉਸ ਦੇ ਹਾਸੇ ਵਿਚ ਰੁਦਨ ਸੀ। ”ਠੀਕ ਹੈ ਕਥਾ ਤੈਨੂੰ ਜਾਣਾ ਹੀ ਪਵੇਗਾ… ਆਹ ਲੈ ਆਪਣਾ ਭਾਰ ਚੁੱਕ ਲੈ।” ਉਸ ਨੇ ਬੈਗ ਫੇਰ ਮੇਰੇ ਮੋਢੇ ਉੱਤੇ ਪਾ ਦਿੱਤਾ, ”ਕਥਾ ਚਾਹੁਣਾ ਤੇ ਪਾਉਣਾ ਦੋਹਾਂ ਵਿਚ ਬਹੁਤ ਅੰਤਰ ਹੈ।” ”ਜ਼ਿੰਦਗੀ ਫੇਰ ਵੀ ਮੈਨੂੰ ਜਾਪ ਰਿਹੈ ਮੈਂ ਤੇਰੇ ਨਾਲ ਕਈ ਵਰ੍ਹੇ ਹਢਾਂਅ ਲਏ।” ਫ਼ੋਨ ਫੇਰ ਵੱਜ ਪਿਆ ”ਬੱਸ ਬੇਟਾ ਮੈਂ ਆ ਰਹੀ ਆ।” ਮੈਂ ਗੱਡੀ ਵਿਚ ਬੈਠ ਗਈ। ਜ਼ਿੰਦਗੀ ਨੇ ਮੇਰੇ ਹੱਥ ਆਪਣੇ ਹੱਥਾਂ ਵਿਚ ਘੁੱਟ ਲਏ। ਉਸ ਦੀਆਂ ਅੱਖਾਂ ਵਿਚ ਅੰਤਾਂ ਦਾ ਦਰਦ ਸੀ। ”ਕਥਾ ਤੂੰ ਘਰ ਜਾ ਕੇ ਕੀ ਕਹੇਂਗੀ?” ”ਮੈਂ… ਮੈਂ ਝੂਠ ਬੋਲਾਂਗੀ ਝੂਠ।” ਮੈਂ ਉੱਚੀ ਉੱਚੀ ਹੱਸ ਪਈ। ”ਕੀ ਇਹ ਵੀ ਤੇਰਾ ਕੋਈ ਚਲਿੱਤਰ ਹੈ?” ”ਹਾਂ ਜ਼ਿੰਦਗੀ ਚਲਿੱਤਰ ਹੀ ਤਾਂ ਹੈ… ਮੈਂ ਤੇਰੇ ਕੋਲੋਂ ਹੀ ਤਾਂ ਸਿੱਖਿਆ ਹੈ, ਤੂੰ ਹੀ ਤਾਂ ਕਿਹਾ ਸੀ ਜੇ ਮੈਨੂੰ ਭਰਪੂਰ ਜਿਊਣਾ ਹੈ ਤਾਂ ਚਲਿੱਤਰ ਖੇਡਣੇ ਪੈਣਗੇ।” ਗੱਡੀ ਨੇ ਚੀਕ ਮਾਰ ਦਿੱਤੀ। ”ਕਥਾ! ਇਹ ਚੀਕ ਮੈਨੂੰ ਜ਼ਿੰਦਗੀ ਭਰ ਨਹੀਂ ਭੁੱਲੇਗੀ”। ”ਹਾਂ ਜ਼ਿੰਦਗੀ, ਇਹ ਆਪਣੇ ਵਿਛੜਣ ਦਾ ਐਲਾਨ ਕਰ ਰਹੀ ਹੈ।” ਗੱਡੀ ਸਰਕ ਪਈ ”ਜ਼ਿੰਦਗੀ ਇਹ ਤਾਂ ਦੱਸ ਜਾ, ਤੂੰ ਪੁਰਸ਼ ਏਂ ਕੇ ਨਾਰੀ?” ”ਮੈਂ ਅਰਧ ਨਾਰੀ… ਅਰਧ ਨਾਰੀ ਹਾਂ ਮੈਂ”। ”ਹਾਂ ਜ਼ਿੰਦਗੀ ਫੇਰ ਵੀ ਹਰ ਦੋਸ਼ ਤੇਰੀ ਨਾਰੀ ਦੇ ਹਿੱਸੇ ਹੀ ਆਉਂਦਾ ਹੈ।” ਜ਼ਿੰਦਗੀ ਖ਼ਾਮੋਸ਼ ਹੋ ਗਈ ਪਰ ਫੇਰ ਉਸ ਨੇ ਹਾਮੀ ਭਰ ਦਿੱਤੀ। ਜ਼ਿੰਦਗੀ ਮੈਥੋਂ ਦੂਰ ਹੁੰਦੀ ਜਾ ਰਹੀ ਸੀ… ਦੂਰੋਂ ਹੱਥ ਹਿਲਾ ਰਹੀ ਸੀ… ਮੇਰਾ ਹਰ ਮਿੰਟ… ਹਰ ਖ਼ਿਆਲ਼.. ਹਰ ਲਫ਼ਜ਼ ਆਜ਼ਾਦ ਸੀ… ਪੂਰੀ ਤਰ੍ਹਾਂ ਨਾਲ ਮੁਕੰਮਲ਼.. ਮੈਂ ਅਜੀਬ ਜਿਹੇ ਆਨੰਦ ਨਾਲ ਸਰਾਬੋਰ ਸੀ… ਜਿਸ ਦੀ ਕੋਈ ਪਰਿਭਾਸ਼ਾ ਨਹੀਂ ਸੀ ਇੱਕ ਨਵੇਂ ਰਕਤ ਨਾਲ ਭਰੀ ਹੋਈ ਸੀ… ਹੁਣ ਹਵਾ ਮੇਰੇ ਵੱਲ ਚੱਲ ਰਹੀ ਸੀ… ਗੱਡੀ ਤੇਜ਼ ਹੋ ਗਈ… ਤੇਜ਼ ਹਵਾ ਦੇ ਬੁੱਲ੍ਹੇ ਮੇਰੇ ਵਜੂਦ ਨੂੰ ਬਦਲ ਰਹੇ ਸੀ, ਮੇਰਾ ਹਰਫ਼ ਹਰਫ਼ ਚੱਲਣ ਲੱਗ ਪਿਆ… ਕਥਾ ਹੁਣ ਤੁਰਨ ਲੱਗ ਪਈ ਤੇ ਏਸੇ ਤਰ੍ਹਾਂ ਤੁਰਦੀ ਰਹੇਗੀ ਅਨੰਤ ਤੱਕ… ਜ਼ਿੰਦਗੀ ਦੀ ਤਲਾਸ਼ ਵਿਚ …।
ਮੋਬਾਈਲ : 98558-23005

Leave a Reply

Your email address will not be published. Required fields are marked *