fbpx Nawidunia - Kul Sansar Ek Parivar

ਕਿਸੇ ‘ਚੋਂ ਕੋਈ ਲੱਭਣਾ…ਜਿਵੇਂ ਮੁਹੱਬਤ ਦਾ ਸਿਰਨਾਵਾਂ / ਕਰਨਪ੍ਰੀਤ ਸਿੰਘ

ਸਮੁੰਦਰ ਦੀ ਗਹਿਰਾਈ, ਕੁਦਰਤ ਦਾ ਘੇਰਾ, ਹਵਾਵਾਂ ਦਾ ਕਾਫਲਾ, ਆਦਿ ਦਾ ਮਾਪ ਦੰਡ ਜੀਕਣ ਸਾਡੇ ਕਿਆਸ ਤੋਂ ਵੀ ਪਰ੍ਹਾਂ ਹੈ, ਉਸੇ ਤਰਾਂ ਹੀ ਪੰਜਾਬ ਦੀ ਸਿਰ ਕੱਢ ਕਵਿੱਤਰੀ, ਕਿਰਨ ਪਾਹਵਾ ਜੀ ਦੀ ਕਿਤਾਬ “ਕਿਸੇ ‘ਚੋਂ ਕੋਈ ਲੱਭਣਾ” ਅੰਦਰ ਲਿਖੀਆਂ ਗਈਆਂ ਇਬਾਰਤਾਂ, ਕਵਿਤਾਵਾਂ ਦਾ ਮਾਪ ਦੰਡ ਵੀ ਗੈਰ ਮੁਮਕਨ ਜਾਪਦਾ ਹੈ । ਮੇਰਾ ਜਾਤੀ ਵਿਚਾਰ ਹੈ ਕਿ ਜਿਵੇਂ-ਜਿਵੇਂ ਅਸੀਂ ਕਿਤਾਬ ਦਾ ਪੰਨਾ-ਪੰਨਾ ਪਰਤਦੇ ਜਾਂਦੇ ਹਾਂ, ਤਿਵੇਂ-ਤਿਵੇਂ ਇਹ ਪੁਸਤਕ ਸਾਡੇ ਨਾਲ ਗੱਲਾਂ ਕਰਨ ਲਗਦੀ ਹੈ ਅਤੇ ਅੰਤ ਵਿੱਚ ਇਹ ਸਾਨੂੰ ਖੁੱਦ ਨਾਲ ਗੱਲਾਂ ਕਰਨ ਲਈ ਮਜਬੂਰ ਕਰ ਦੇਂਦੀ ਹੈ ।
ਇਹ ਕਿਤਾਬ ਇੱਕ ਤਸਬੀ ਵਾਂਗ ਹੈ, ਜਿਸ ਵਿੱਚ ਕਿਰਨ ਪਾਹਵਾ ਜੀ ਨੇ ਹਰ ਇੱਕ ਤਰਾਂ ਦਾ ਮਣਕਾ ਬਹੁਤ ਹੀ ਸਹਿਜ ਸੁਭਾਏ ਜੜਿਆ ਜਾਪਦਾ ਹੈ ਤੇ ਇਸ ਦੇ ਪਾਠਕ, ਜਿਉਂ ਹੱਥੀਂ ਮਾਲਾ ਫੇਰ ਰਹੇ ਹੋਣ । ਕਵਿੱਤਰੀ ਦੀ ਕਲਮ ‘ਚੋਂ ਰਿੱਸ ਕੇ ਕਾਗਜ਼ ‘ਤੇ ਉੱਕਰੀ ਹਰ ਕਵਿਤਾ ਵਿੱਚ ਸਾਨੂੰ ਮੁਹੱਬਤ ਦਾ ਸਿਰਨਾਵਾਂ ਮਿਲਦਾ ਹੈ । ਕਿਰਨ ਪਾਹਵਾ ਨੇ ਆਪਣੀਆਂ ਕਵਿਤਾਵਾਂ ਰਾਹੀਂ, ਰੋਜ਼-ਬਰੋਜ਼ ਦੀ ਜਿੰਦਗੀ ‘ਚ ਆਨੇ-ਬਹਾਨੇ ਔਰਤਾਂ ‘ਤੇ ਹੁੰਦੀ ਤਸ਼ੱਦਦ ਨੂੰ ਬਾਖੂਬੀ ਦਰਸਾਇਆ ਹੈ । ਲੇਖਿਕਾ ਦੀ ਕਲਮ ‘ਚੋਂ ਰਿੱਸਦੀ ਮੁਹੱਬਤ ਦਾ ਇੱਕ ਨਮੂਨਾ……

ਜਿਨ੍ਹਾਂ ਵਿੱਚ ਹੋਣ
ਸਿਰਫ ਤੇਰੀਆਂ ਗੱਲਾਂ
ਮੈਂ ਉਹਨਾਂ ਅਲਫਾਜ਼ਾਂ ਨਾਲ
ਮੁਹੱਬਤ ਕੀਤੀ ਹੈ
ਸੁਪਨਾ ਜਿਹਾ ਲੱਗਦਾ ਹੈ
ਤੇਰਾ ਮਿਲਣਾ
ਤਾਂ ਹੀ ਮੈਂ
ਇੰਤਜ਼ਾਰ ਨਾਲ ਮੁਹੱਬਤ ਕੀਤੀ ਹੈ

ਕਲਮ ਨੂੰ ਫੜ੍ਹ ਕੇ ਕੌਰੇ ਕਾਗਜ਼ ਨੂੰ ਸਿਆਹ ਕਰਨਾ ਹੀ ਕੇਵਲ ਕਵਿਤਾ ਨਹੀਂ ਬਲਕਿ ਹਰ ਕਵੀ ਦਾ ਕਵਿਤਾ ਜੇਡ ਹੋਣਾ ਲਾਜ਼ਮ ਹੈ, ਕਵੀ ਨੂੰ ਕਵਿਤਾ ਦੇ ਲਾਂਘੇ ‘ਚੋਂ ਲੰਘਣਾ ਪੈਂਦਾ ਐ, ਉਹ ਲਾਂਘੇ ‘ਤੇ ਫੁੱਲ ਵੀ ਲਿਖਾਰੀ ਲਈ ਸੇਜ ਵਿਛਾ ਕੇ ਰੱਖਦੇ ਹਨ ਤੇ ਕੰਡੇ ਵੀ ।
ਕਿਤਾਬ “ਕਿਸੇ ‘ਚੋਂ ਕੋਈ ਲੱਭਣਾ” ਸਾਨੂੰ ਰਿਸ਼ਤਿਆਂ ਦੀ ਮਾਸੂਮੀਅਤ, ਸਮਾਜ ਵਿੱਚ ਵਿਚਰਨ ਦੀ ਕਲਾ, ਰੂਹਾਂ ਦਾ ਰੂਹਾਂ ਨਾਲ ਤਾਣਾ-ਬਾਣਾ, ਸਮਿਆਂ ਦੀ ਨਜ਼ਾਕਤ, ਅੱਖਾਂ ਮੀਟ ਕੇ ਸੁੱਚੇ ਇਸ਼ਕ ਦੇ ਪੈਂਡਿਆਂ ‘ਤੇ ਚੱਲਣ ਦੀ ਸੋਝੀ ਬਖਸ਼ਦੀ ਪ੍ਰਤੀਤ ਹੁੰਦੀ ਹੈ । ਅੰਤਰ ਆਤਮਾ ਦੀ ਆਵਾਜ਼ ਹੈ ਕਿ ਇਸ ਪੁਸਤਕ ਦੀਆਂ ਕਵਿਤਾਵਾਂ ਬੇਸ਼ਕ ਬਹੁਤੀਆਂ ਲੰਬੀਆਂ ਨਹੀਂ, ਐਪਰ ਮਹਿਸੂਸ ਪਿਆ ਹੁੰਦਾ ਹੈ ਕਿ ਕਵਿੱਤਰੀ ਦਾ ਇਹਨਾਂ ਕਵਿਤਾਵਾਂ ਪਿਛਲਾ ਪੈਂਡਾ ਖਾਸਾ ਲਮੇਰਾ ਹੈ । ਇਸ ਪੁਸਤਕ ਵਿੱਚ ਲਿਖੇ ਹਲਕੇ-ਹਲਕੇ ਲਫਜ਼, ਪਾਠਕ ਦੀ ਸੌਚ ‘ਤੇ ਬਹੁਤ ਭਾਰੂ ਛਾਪ ਛੱਡਣ ਦਾ ਸਮਰੱਥ ਰੱਖਦੇ ਹਨ । ਇਸ ਪੁਸਤਕ ਦੀਆਂ ਕੁਝ ਕਵਿਤਾਵਾਂ ਅਜਿਹੀਆਂ ਹਨ, ਜਿਨ੍ਹਾਂ ਵਿੱਚੋਂ ਵੇਦਨਾ ਭਰੀ ਕੂਕ ਸਾਡੇ ਕੰਨੀਂ ਪੈਂਦੀ ਹੈ, ਜਿਵੇਂ ਕਿ…..

ਸੁਣੋ ਨਾ
ਜਿਸ ਨੂੰ ਸਾਰੇ
ਜ਼ਿੰਦਗੀ ਕਹਿੰਦੇ ਹਨ
ਤੇਰੇ ਬਿਨਾਂ
ਉਸ ਨੂੰ ਕੀ ਕਹਾਂ
ਮੇਰੇ ਦਿਲ ਨੇ ਕਿਹਾ
ਏ ਦੀਵਾਨੇ ਦੱਸ
ਜਦੋਂ ਤੋਂ ਕੋਈ ਮਿਲਿਆ
ਤੂੰ ਹੈ ਗਵਾਚਿਆ ਹੋਇਆ
ਇਹ ਕਹਾਣੀ ਹੈ ਕਿ
ਇਹ ਸਿਲਸਿਲਾ ਹੈ….

ਇਸ ਖੂਬਸੂਰਤ ਕਿਤਾਬ ਲਈ ਮੇਰੇ ਜਹਿਨੀਂ ਜਨਮੀਆਂ ਕੁੱਝ ਸਤਰਾਂ…..

ਕਿੰਨੇ ਰੰਗ ਜ਼ਿੰਦਗੀ ਦੇ ਮੈਥੋਂ ਡੁੱਲ ਗਏ
ਕੱਠੇ ਜਦ ਕੀਤੇ ਸਾਰੇ ਭੇਤ ਖੁੱਲ ਗਏ
ਦੁਨੀਆ ਨੇ ਹੱਸ ਹੱਸ ਮੈਨੂੰ ਯਾਰਾ ਮਾਰਿਆ
ਜਦੋਂ ਦਾ ਤੂੰ ਮਹਿਰਮਾਂ ਵੇ ਸੋਹਣੀ ਨੂੰ ਵਿਸਾਰਿਆ
ਕਾਸ਼ਨੀ ਹਵਾਵਾਂ ਤੋਂ ਝੱਖੜ ਝੁੱਲ ਗਏ
ਕਿੰਨੇ ਰੰਗ ਜ਼ਿੰਦਗੀ ਦੇ ਮੈਥੋਂ ਡੁੱਲ ਗਏ

ਤੈਨੂੰ ਵੇ ਮੈਂ ਵਗਦੀਆਂ ਪੌਣਾਂ ਵਿੱਚੋਂ ਭਾਲਿਆ
ਰੂਹਾਂ ਦੀਆਂ ਸੁੱਚੀਆਂ ਮੈਂ ਭੌਣਾਂ ਵਿੱਚੋਂ ਭਾਲਿਆ
ਕਿਸੇ ਵਿੱਚੋ ਲੱਭਣਾ ਕੋਈ, ਐਨਾ ਨਹੀਂ ਸੌਖਾਲ਼ਾ
ਇਹ ਨਿੱਕਾ ਜਿਹਾ ਭੇਤ ਅਸੀੰ ਕਿਵੇਂ ਭੁੱਲ ਗਏ
ਕਿੰਨੇ ਰੰਗ ਜ਼ਿੰਦਗੀ ਦੇ ਮੈਥੋਂ ਡੁੱਲ ਗਏ
ਕੱਠੇ ਜਦ ਕੀਤੇ ਸਾਰੇ ਭੇਤ ਖੁੱਲ ਗਏ

ਮੋ. ਵ੍ਹਟਸਐਪ- +16135834025

Share this post

Leave a Reply

Your email address will not be published. Required fields are marked *