ਬਾਲੀਵੁੱਡ ‘ਤੇ ਅਚਾਨਕ ਵਧੇ ਹਮਲਿਆਂ ਦਾ ਕੀ ਕਾਰਨ ਹੈ? /ਸਿਧਾਰਥ ਭਾਟੀਆ – ਅਨੁਵਾਦ : ਕਮਲ ਦੁਸਾਂਝ
1933 ਵਿਚ ਜਰਮਨੀ ਦੀ ਨਾਜ਼ੀ ਸਰਕਾਰ ਵਿਚ ਪ੍ਰੋਪੇਗੰਡਾ ਮੰਤਰੀ ਅਤੇ ਕੱਟੜ ਯਹੂਦੀ ਵਿਰੋਧੀ ਜੋਸੇਫ ਗੋਏਬਲਸ ਨੇ ਜਰਮਨ ਫ਼ਿਲਮ ਡਾਇਰੈਕਟਰ ਫ੍ਰਿਟਜ਼ ਲੈਂਗ ਨੂੰ ਆਪਣੇ ਦਫ਼ਤਰ ਸੱਦਿਆ।
ਲੈਂਗ ਉਸ ਸਮੇਂ ਜਰਮਨੀ ਦੇ ਸ਼ਾਇਦ ਚਰਚਿਤ ਫ਼ਿਲਮ ਡਾਇਰੈਕਟਰ ਸਨ, ਜਿਨ੍ਹਾਂ ਨੇ ਉਦੋਂ ਮੈਟਰੋਪੋਲਿਸ ਨਾਮ ਦੀ ਇਕ ਫ਼ਿਲਮ ਬਣਾਈ ਸੀ, ਜੋ ਡਰਾਉਣੇ ਸੁਪਨੇ ਵਾਂਗ ਤਬਾਹ ਹੋਏ ਸੰਸਾਰ ਅਤੇ ਵਰਗ-ਭੇਦ ‘ਤੇ ਆਧਾਰਤ ਸੀ।
ਉਸ ਸਮੇਂ ਕਈ ਲੋਕਾਂ ਨੇ ਇਸ ਫ਼ਿਲਮ ਨੂੰ ਕਮਿਊਨਿਸਟ ਏਜੰਡਾ ਅੱਗੇ ਵਧਾਉਣ ਵਜੋਂ ਦੇਖਿਆ ਸੀ, ਪਰ ਲੈਂਗ ਨੂੰ ਪਤਾ ਸੀ ਕਿ ਇਸ ਵਿਚ ਇਕ ਨਾਜ਼ੀ ਸਮਰਥਕ ਸੰਦੇਸ਼ ਚੁੱਪਚਾਪ ਦਾਖ਼ਲ ਹੋ ਗਿਆ ਸੀ, ਮੁੱਖ ਤੌਰ ‘ਤੇ ਉਨ੍ਹਾਂ ਦੇ ਡਾਇਲਾਗ ਲੇਖਕ ਵਾੱਨ ਹਰਬੂ ਕਾਰਨ।
ਕਈ ਵਰ੍ਹਿਆਂ ਮਗਰੋਂ ਲੈਂਗ ਨੇ ਉਸ ਫ਼ਿਲਮ ਨੂੰ ਆਪਣਾ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਗੋਏਬਲਸ ਨੂੰ ਮੈਟਰੋਪੋਲਿਸ ਪਸੰਦ ਆਈ ਸੀ। ਉਨ੍ਹਾਂ ਨੇ ਲੈਂਗ ਅੱਗੇ ਸਿੱਧਾ ਪ੍ਰਸਤਾਵ ਰੱਖਿਆ- ਨਾਜ਼ੀ ਚਾਹੁੰਦੇ ਹਨ ਕਿ ਉਹ ‘ਰਾਸ਼ਟਰਵਾਦੀ ਸਮਾਜਵਾਦੀ ਫ਼ਿਲਮਾਂ’ ਦਾ ਨਿਰਮਾਣ ਕਰਨ।
ਉਹ ਸ਼ਾਇਦ ਉਨ੍ਹਾਂ ਨੂੰ ਸਰਕਾਰ ਦੀ ਫ਼ਿਲਮ ਪ੍ਰੋਡਕਸ਼ਨ ਯੂਨਿਟ ਦਾ ਮੁਖੀ ਵੀ ਬਣਾਉਣਾ ਚਾਹੁੰਦੇ ਸਨ, ਜੋ ਉਨ੍ਹਾਂ ਨੂੰ ਫ਼ਿਲਮ ਜਗਤ ਦਾ ਬਾਦਸ਼ਾਹ ਬਣਾ ਸਕਦਾ ਸੀ।
ਜਿਵੇਂ ਕਿ ਲੈਂਗ ਨੇ ਦੱਸਿਆ ਹੈ, ਉਸ ਦਿਨ ਉਹ ਆਪਣੇ ਘਰ ਆਏ, ਆਪਣਾ ਸਾਮਾਨ ਬੰਨ੍ਹਿਆ ਅਤੇ ਪੈਰਿਸ ਦੀ ਇਕ ਛੋਟੀ ਯਾਤਰਾ ਲਈ ਨਿਕਲ ਪਏ, ਜਿੱਥੋਂ ਉਹ 1950 ਦੇ ਦਹਾਕੇ ਦੇ ਅੰਤ ਤੱਕ ਵਾਪਸ ਜਰਮਨੀ ਨਹੀਂ ਆਏ।
ਉਦੋਂ ਤੱਕ ਉਹ ਅਮਰੀਕਾ ਵਿਚ ਕਾਫ਼ੀ ਪ੍ਰਸਿੱਧ ਫ਼ਿਲਮ ਡਾਇਰੈਕਟਰ ਬਣ ਚੁੱਕੇ ਸਨ ਅਤੇ ‘ਦ ਬਿਗ ਹੀਟ’ ਵਰਗੀਆਂ ਕਲਾਸਿਕ ਫ਼ਿਲਮਾਂ ਬਣਾ ਚੁੱਕੇ ਸਨ।
ਨਾਜ਼ੀ ਦੂਸਰੇ ਲੋਕਾਂ ਕੋਲ ਵੀ ਗਏ, ਮੁੱਖ ਤੌਰ ‘ਤੇ ਕਈ ਫ਼ਿਲਮਾਂ ਦਾ ਨਿਰਮਾਣ ਕਰਨ ਵਾਲੀ ਅਤੇ ਹਿਟਲਰ ਦੀ ਵੱਡੀ ਪ੍ਰਸੰਸਕ ਅਭਿਨੇਤਰੀ-ਡਾਇਰੈਕਟਰ ਲੇਨੀ ਰੀਫੇਂਸਤਾਲ ਕੋਲ। ਉਨ੍ਹਾਂ ਦੀਆਂ ਦੋ ਫ਼ਿਲਮਾਂ- ‘ਟ੍ਰਾਈਅਮਫ ਆੱਫ ਦ ਵਿਲ’ ਅਤੇ ‘ਓਲੰਪੀਆ’ ਨੂੰ ਬਿਹਤਰੀਨ ਦਸਤਾਵੇਜ਼ੀ ਵਿਚ ਸ਼ਾਮਲ ਕੀਤਾ ਜਾਂਦਾ ਹੈ।
ਦੁਨੀਆ ਦੀਆਂ ਕਈ ਸਰਕਾਰਾਂ ਵਾਂਗ ਨਾਜ਼ੀਆਂ ਦੀ ਸਿਨੇਮਾ ਵਿਚ ਡੂੰਘੀ ਦਿਲਚਸਪੀ ਸੀ। ਜਨਮਤ ਘੜਨ ਵਿਚ ਇਸ ਦੀ ਵੱਡੀ ਭੂਮਿਕਾ ਨੂੰ ਸਮਝਦੇ ਹੋਏ, ਉਨ੍ਹਾਂ ਨੇ ਜਾਂ ਤਾਂ ਇਸ ਨੂੰ ਰਾਸ਼ਟਰ ਹਿਤ ਦੇ ਨਾਮ ‘ਤੇ ਆਪਣੇ ਵੱਲ ਲਿਆਉਣਾ ਚਾਹਿਆ- ਜਿਵੇਂ ਕਿ ਸੋਵੀਅਤ ਵਲੋਂ ਕੀਤਾ ਗਿਆ- ਜਾਂ ਸਰਕਾਰ ਦੇ ਨਜ਼ਰੀਏ ਜਾਂ ਵਿਚਾਰਧਾਰਾ ਨੂੰ ਨਹੀਂ, ਵਿਰੋਧੀਆਂ ਦੀ ਸਫ਼ਾਈ ਕਰਨ ਲਈ ਇਸ ‘ਤੇ ਦਬਾਅ ਪਾਇਆ।
ਹਰ ਥਾਂ ਫ਼ਿਲਮੀ ਦੁਨੀਆ ਦੇ ਲੋਕਾਂ ਨੂੰ, ਭਾਵੇਂ ਅਮਰੀਕਾ ਹੋਵੇ ਜਾਂ ਭਾਰਤ, ਉਦਾਰਵਾਦੀ ਤੇ ਸ਼ਾਇਦ ਖੱਬੇ ਪੱਖੀ ਝੁਕਾਅ ਰੱਖਣ ਵਾਲੇ ਵਜੋਂ ਦੇਖਿਆ ਜਾਂਦਾ ਹੈ।
ਰਚਨਾਤਮਕ ਲੋਕ ਆਮ ਤੌਰ ‘ਤੇ ਆਜ਼ਾਦ ਖ਼ਿਆਲ, ਇਥੋਂ ਤੱਕ ਕਿ ਅਰਾਜਕ ਕਿਸਮ ਦੇ ਹੁੰਦੇ ਹਨ। ਉਨ੍ਹਾਂ ਨੇ ਕੀ ਕਰਨਾ ਹੈ, ਇਸ ਦਾ ਆਦੇਸ਼ ਨਹੀਂ ਦਿੱਤਾ ਜਾ ਸਕਦਾ ਹੈ ਤੇ ਜ਼ਾਹਰਾ ਤਰ ‘ਤੇ ਸਰਕਾਰ ਜਾਂ ਕਿਸੇ ਸਿਆਸੀ ਪਾਰਟੀ ਦੇ ਹਿਸਾਬ ਨਾਲ ਚੱਲਣ ਲਈ ਤਾਂ ਨਹੀਂ ਹੀ ਕਿਹਾ ਜਾ ਸਕਦਾ।
ਹਿੰਦੀ ਫ਼ਿਲਮਾਂ ਨੇ ਘੱਟ ਹੀ ਤਰੱਕੀਪਸੰਦ ਨਜ਼ੀਰਏ ਦਾ ਪ੍ਰਦਰਸ਼ਨ ਕੀਤਾ ਹੈ। ਇਹ ਗੱਲ ਅਕਸਰ ਰੂੜੀਵਾਦੀ ਸਿਆਸਤਦਾਨਾਂ ਨੂੰ ਪ੍ਰੇਸ਼ਾਨ ਕਰਦੀ ਹੈ; ਵਾਸ਼ਿੰਗਟਨ ਦੇ ਸਿਆਸਤਦਾਨਾਂ ਵਲੋਂ ਸਮੇਂ-ਸਮੇਂ ‘ਤੇ ਹਾਲੀਵੁੱਡ ਦੀ ਨਿੰਦਾ ਇਸ ਦੇ ਪੱਖਪਾਤ ਲਈ ਕੀਤੀ ਜਾਂਦੀ ਹੈ।
ਜਦਕਿ ਹਕੀਕਤ ਇਹ ਹੈ ਕਿ ਉਨ੍ਹਾਂ ਦਾ ਪੱਖਪਾਤ ਜੇਕਰ ਕਿਸੇ ਚੀਜ਼ ਵੱਲ ਹੈ, ਤਾਂ ਵਪਾਰਕ ਤੌਰ ‘ਤੇ ਕਾਮਯਾਬ ਹੋਣ ਦੀ ਗਾਰੰਟੀ ਰੱਖਣ ਵਾਲੀਆਂ ਫ਼ਿਲਮਾਂ ਬਣਾਉਣ ਨੂੰ ਲੈ ਕੇ ਹੈ ਅਤੇ ਕਈ ਫ਼ਿਲਮਾਂ ਹਨ, ਜੋ ਰਾਸ਼ਟਰ ਭਗਤੀ ਦਾ ਅਤਿਵਾਦੀ ਇਜ਼ਹਾਰ ਕਰਦੀਆਂ ਹਨ।
ਇਸ ਦੇ ਨਾਲ ਹੀ ਤੱਥ ਇਹ ਵੀ ਹੈ ਕਿ ਹਾਲੀਵੁੱਡ ਦੀਆਂ ਕਈ ਉੱਘੀਆਂ ਹਸਤੀਆਂ ਨੇ ਬੇਲਾਗ ਅਤੇ ਜ਼ੋਰਦਾਰ ਢੰਗ ਨਾਲ ਡੋਨਾਲਡ ਟਰੰਪ ਖ਼ਿਲਾਫ਼ ਆਵਾਜ਼ ਉਠਾਈ ਹੈ। ਅਜਿਹਾ ਕਰਨ ਵਾਲਿਆਂ ਵਿਚ ਰਾਬਰਟ ਡੀ ਨੀਰੋ ਤੋਂ ਲੈ ਕੇ ਮੈਰਿਲ ਸਟ੍ਰੀਪ ਅਤੇ ਜਾਰਜ ਕਲੂਨੀ ਤੱਕ ਦੇ ਨਾਮ ਸ਼ਾਮਲ ਹਨ।
ਭਾਰਤੀ ਫ਼ਿਲਮ ਉਦਯੋਗ ਵਿਚ ਅਜਿਹੇ ਸਪਸ਼ਟ ਲੋਕ ਘੱਟ ਹਨ- ਅਨੁਰਾਗ ਕਸ਼ਯਪ ਅਤੇ ਪ੍ਰਕਾਸ਼ ਰਾਜ ਅਪਵਾਦ ਹਨ, ਜਦਕਿ ਤਮਿਲ ਫ਼ਿਲਮ ਉਦਯੋਗ ਵਿਚ ਅਜਿਹੇ ਕਈ ਨਾਮ ਹਨ। ਇਸ ਵਿਚ ਹੈਰਾਨੀ ਦੀ ਗੱਲ ਨਹੀਂ ਹੈ ਕਿ ਸਿਆਸਤਦਾਨ ਉਨ੍ਹਾਂ ਨੂੰ ਰਸਤੇ ‘ਤੇ ਲਿਆਉਣ ਦੇ ਤਰੀਕੇ ਲੱਭਦੇ ਰਹਿੰਦੇ ਹਨ।
ਭਾਰਤ ਵਿਚ ਫ਼ਿਲਮ ਉਦਯੋਗ ਦੇ ਕਈ ਲੋਕਾਂ ‘ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਵਰਗੀਆਂ ਸਰਕਾਰੀ ਏਜੰਸੀਆਂ ਜਾਂ ਟੈਲੀਵਿਜ਼ਨ ਚੈਨਲਾਂ ਜਾਂ ਬਾਲੀਵੁੱਡ ਅੰਦਰਲੇ ਲੋਕਾਂ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਅਚਾਨਕ ਤੋਂ ਭਾਜਪਾ ਅਤੇ ਇਸ ਦੇ ਵਿਚਾਰਾਂ ਦਾ ਖੁੱਲ੍ਹ ਕੇ ਜਾਂ ਅਸਿੱਧੇ ਤੌਰ ‘ਤੇ ਵਿਰੋਧ ਕਰਨ ਵਾਲੇ ਫ਼ਿਲਮ ਕਲਾਕਾਰਾਂ ਅਤੇ ਡਾਇਰੈਕਟਰਾਂ ਵਿਚ ਸਭ ਦੀ ਦਿਲਚਸਪੀ ਹੋ ਗਈ ਹੈ।
1930 ਦੇ ਦਹਾਕੇ ਦੇ ਅੰਤ ਵਿਚ ਅਮਰੀਕਾ ਦੀ ਪ੍ਰਤੀਨਿਧ ਸਭਾ ਨੇ ਆਮ ਨਾਗਰਿਕਾਂ ਵਿਚਾਲੇ ਕਮਿਊਨਿਸਟ ਸਮਰਥਕਾਂ ਦੀ ਪਛਾਣ ਅਤੇ ਪੜਤਾਲ ਕਰਨ ਲਈ ਇਕ ਹਾਊਸ ਅਨਅਮੈਰੀਕਨ ਐਕਟੀਵੀਟੀਜ਼ ਕਮੇਟੀ ਦਾ ਗਠਨ ਕੀਤਾ ਸੀ। ਅਤੇ 1947 ਵਿਚ ਹਾਲੀਵੁੱਡ ਦੀਆਂ ਕਈ ਹਸਤੀਆਂ ਨੂੰ ਸੱਦ ਕੇ ਉਨ੍ਹਾਂ ਦੀ ਪੁੱਛਗਿਛ ਕੀਤੀ।
ਫ਼ਿਲਮ ਨਿਰਮਾਤਾ ਕੰਪਨੀਆਂ ਨੇ 300 ਤੋਂ ਜ਼ਿਆਦਾ ਮਰਦਾਂ ਅਤੇ ਔਰਤਾਂ ‘ਤੇ ਪਾਬੰਦੀਆਂ ਲਗਾ ਦਿੱਤੀਆਂ। ਉਨ੍ਹਾਂ ਦਾ ਕਰੀਅਰ ਅਤੇ ਜੀਵਨ ਤਬਾਹ ਹੋ ਗਿਆ ਕਿਉਂਕਿ ਉਨ੍ਹਾਂ ਨੂੰ ਕੰਮ ਮਿਲਣਾ ਬੰਦ ਹੋ ਗਿਆ।
ਚਾਰਲੀ ਚੈਪਲੀਨ, ਆਰਸਨ ਵੇਲਜ਼ ਅਤੇ ਪਾੱਲ ਰਾਬਸਨ ਵਰਗੇ ਕਈ ਲੋਕਾਂ ਨੇ ਦੇਸ਼ ਛੱਡ ਦਿੱਤਾ। ਡਾਲਟਨ ਟਰੰਬੋ ਵਰਗੇ ਕਈ ਲੋਕ ਰੂਪੋਸ਼ ਹੋ ਗਏ ਅਤੇ ਜਾਅਲੀ ਨਾਵਾਂ ਨਾਲ ਲਿਖਦੇ ਰਹੇ। ਕੁੱਝ ਨੂੰ ਜੇਲ੍ਹ ਵੀ ਹੋਈ।
ਕਮੇਟੀ ਵਿਚ ਸੱਦੇ ਗਏ ਲੋਕਾਂ ਨੇ ਆਪਣੇ ਸਾਥੀਆਂ, ਜੋ ਕਥਿਤ ਤੌਰ ‘ਤੇ ਕਮਿਊਨਿਸਟ ਸਨ, ਦਾ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ। ਬਦਲੇ ਦੀ ਇਹ ਕਾਰਵਾਈ ਰੁਕੀ ਨਹੀਂ ਅਤੇ 1950 ਦੇ ਦਹਾਕੇ ਤੱਕ ਸੈਨੇਟਰ ਜੋ ਮੈਕਾਰਥੀ ਨੇ ਬੁੱਧੀਜੀਵੀਆਂ, ਹਾਲੀਵੁੱਡ ਸਿਤਾਰਿਆਂ ਅਤੇ ਲੇਖਕਾਂ ਵਿਚਾਲੇ ਤਥਾਕਥਿਤ ਕਮਿਊਨਿਸਟਾਂ ਦੀ ਖੋਜ ਜਾਰੀ ਰੱਖੀ।
ਭਾਰਤ ਵਿਚ ਵੀ ਐਮਰਜੈਂਸੀ ਦੌਰਾਨ ਫ਼ਿਲਮ ਉਦਯੋਗ ਦੀਆਂ ਮਸ਼ਹੂਰ ਹਸਤੀਆਂ ਨੂੰ ਸਰਕਾਰ ਦੇ ਪੱਖ ਨੂੰ ਅੱਗੇ ਵਧਾਉਣ ਲਈ ਨਾਲ ਲਿਆਉਣ ਦੀ ਕੋਸ਼ਿਸ਼ ਕੀਤੀ ਗਈ- ਕਿਸ਼ੋਰ ਕੁਮਾਰ ਵਰਗੇ ਕੁੱਝ ਲੋਕਾਂ ਨੇ ਸੱਤਾ ਲਈ ਗਾਉਣ ਤੋਂ ਇਨਕਾਰ ਕਰ ਦਿੱਤਾ, ਤਾਂ ਉਨ੍ਹਾਂ ਦੇ ਗਾਣਿਆਂ ‘ਤੇ ਆੱਲ ਇੰਡੀਆ ਰੇਡੀਏ ‘ਤੇ ਪਾਬੰਦੀ ਲਗਾ ਦਿੱਤੀ ਗਈ।
‘ਕਿੱਸਾ ਕੁਰਸੀ ਕਾ’ ਨੂੰ ਕਦੇ ਵੀ ਰਿਲੀਜ਼ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸੂਚਨਾ ਤੇ ਪ੍ਰਸਾਰਣ ਮੰਤਰੀ ਵੀ.ਸੀ. ਸ਼ੁਕਲਾ ਨੇ ਇੰਡਸਟਰੀ ਵਿਚ ਅਸਾਧਾਰਨ ਰੂਚੀ ਲਈ। ਉਹ ਇਕ ਵਾਰ ਵਫ਼ਦ ਨਾਲ ਕੈਨੇਡਾ ਵੀ ਗਏ, ਜਿੱਥੇ ਕਥਿਤ ਤੌਰ ‘ਤੇ ਉਨ੍ਹਾਂ ਨੇ ਰਾਤ ਵੇਲੇ ਵਿਦਿਆ ਸਿਨਹਾ ਦਾ ਦਰਵਾਜ਼ਾ ਖੜਕਾਇਆ ਸੀ ਅਤੇ ਇਹ ਐਲਾਨ ਕੀਤਾ ਸੀ, ”ਮੈਂ ਵੀ ਵਿਦਿਆ, ਤੂੰ ਵੀ ਵਿਦਿਆ।”
ਭਾਜਪਾ ਦੀ ਹਮੇਸ਼ਾ ਤੋਂ ਹਿੰਦੀ ਫ਼ਿਲਮ ਜਗਤ ਵਿਚ ਦਿਲਚਸਪੀ ਰਹੀ ਹੈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਲਾਕਾਰਾਂ ਨਾਲ ਮੁਲਾਕਾਤ ਕਰਨਾ ਅਤੇ ਉਨ੍ਹਾਂ ਨਾਲ ਸੈਲਫੀ ਖਿਚਵਾਉਣਾ ਪਸੰਦ ਕਰਦੇ ਹਨ।
ਉਦਯੋਗ ਵੀ ਖ਼ੁਸ਼ੀ-ਖ਼ੁਸ਼ੀ ਪ੍ਰਤੀਕਿਰਿਆ ਦੇ ਰਿਹਾ ਹੈ- ਚੋਣਾਂ ਤੋਂ ਪਹਿਲਾਂ ਅਕਸ਼ੈ ਕੁਮਾਰ ਨੇ ਪ੍ਰਧਾਨ ਮੰਤਰੀ ਦਾ ਲੰਬਾ ਇੰਟਰਵਿਊ ਲਿਆ ਸੀ ਅਤੇ ਉਨ੍ਹਾਂ ਤੋਂ ਆਸਾਨ ਤੋਂ ਆਸਾਨ ਸਵਾਲ ਪੁੱਛੇ ਸਨ।
ਇਸ ਦੌਰਾਨ ਰਾਸ਼ਟਰਵਾਦੀ ਫ਼ਿਲਮਾਂ ਦਾ ਹੜ੍ਹ ਜਿਹਾ ਆ ਗਿਆ ਹੈ, ਜਿਨ੍ਹਾਂ ਵਿਚ ਅਕਸਰ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਜੋ ਅਤੀਤ ਦੀਆਂ ਕਹਾਣੀਆਂ ਅਤੇ ਮਿਥਕਾਂ ਦਾ ਪਾਠ ਜੇਤੂ ਸੁਰ ਵਿਚ ਕਰਦੀਆਂ ਹਨ।
ਕੰਗਨਾ ਰਣੌਤ ਨੇ ਪ੍ਰਸਿੱਧ ਲੋਕਾਂ, ਜਿਨ੍ਹਾਂ ਵਿਚ ਕਰਨ ਜੌਹਰ ਤੋਂ ਲੈ ਕੇ ਹੁਣ ਜਯਾ ਬਚਨ ਤੱਕ ਸ਼ਾਮਲ ਹਨ, ਖ਼ਿਲਾਫ਼ ਮੁਹਿੰਮ ਚਲਾਈ ਹੈ। ਹਾਲਾਂਕਿ ਉਨ੍ਹਾਂ ਦੇ ਨਿਸ਼ਾਨੇ ‘ਤੇ ਆਮ ਤੌਰ ‘ਤੇ ਉਦਾਰਵਾਦੀ ਹਨ।
ਰਣੌਤ ਨੇ ‘ਝਾਂਸੀ ਕੀ ਰਾਨੀ ਲਕਸ਼ਮੀਬਾਈ’ ਨੂੰ ਲੈ ਕੇ ਮਣੀਕਰਣਿਕਾ ਫ਼ਿਲਮ ਦਾ ਨਿਰਮਾਣ ਕੀਤਾ। ਇਸ ਵਿਚ ਜੰਮ ਕੇ ਭਗਵਾ ਝੰਡੇ ਤੇ ਅਜਿਹੇ ਉਤੇਜਕ ਨਾਅਰਿਆਂ ਦਾ ਇਸਤੇਮਾਲ ਕੀਤਾ ਗਿਆ, ਜੋ ਲਕਸ਼ਮੀਬਾਈ ਨੂੰ ਹਿੰਦੂ ਨਾਇਕਾ ਵਜੋਂ ਪੇਸ਼ ਕਰਨ ਵਾਲੇ ਸਨ।
ਦੂਸਰਿਆਂ ਨੇ ਵੀ ਇਹੀ ਕੀਤਾ ਹੈ। ਦੇਸ਼ ਪ੍ਰੇਮ ਅਤੇ ਦੇਸ਼ ਭਗਤੀ ਇਨ੍ਹੀਂ ਦਿਨੀਂ ਬਾਲੀਵੁੱਡ ਵਿਚ ਕਾਫ਼ੀ ਮੰਗ ਵਿਚ ਹੈ। ਇਹ ਗੱਲ ਕਈ ਲੋਕਾਂ ਨੇ ਮਹਿਸੂਸ ਕੀਤੀ ਹੈ ਕਿ ਅਸਹਿਮਤੀਪੂਰਨ ਜਾਂ ਵਿਰੋਧੀ ਨਜ਼ਰੀਏ ਨੂੰ ਭਾਜਪਾ ਅਤੇ ਇਸ ਦੇ ਸਮਰਥਕ ਪਸੰਦ ਨਹੀਂ ਕਰਦੇ ਹਨ।
ਆਮਿਰ ਖਾਨ ਨੇ ਦਬੀ ਜ਼ੁਬਾਨ ਨਾਲ ਭਾਰਤ ਵਿਚ ਅਸਹਿਣਸ਼ੀਲਤਾ ਨੂੰ ਲੈ ਕੇ ਆਪਣੀ ਪਤਨੀ ਦੇ ਡਰ ਨੂੰ ਬਿਆਨ ਕੀਤਾ ਸੀ ਤੇ ਭਾਰਤ ਤੋਂ ਦੇਸ਼ ਛੱਡਣ ‘ਤੇ ਵਿਚਾਰ ਕੀਤਾ ਸੀ- ਇਹ 2015 ਦੀ ਗੱਲ ਹੈ, ਜਦੋਂ ਮੋਦੀ ਦੀ ਸਰਕਾਰ ਨੂੰ ਆਏ ਇਕ ਸਾਲ ਹੋਇਆ ਸੀ।
ਇਸ ਤੋਂ ਬਾਅਦ ਉਨ੍ਹਾਂ ਨੂੰ ਸਨੈਪਡੀਲ ਦਾ ਇਸ਼ਤਿਹਾਰ ਕਰਾਰ ਗਵਾਉਣਾ ਪਿਆ। ਸਨੈਪਡੀਲ ਨੂੰ ਵੀ ਆਲੋਚਨਾਵਾਂ ਦਾ ਸ਼ਿਕਾਰ ਹੋਣਾ ਪਿਆ। ਮਰਹੂਮ ਨੇਤਾ ਮਨੋਹਰ ਪਾਰੀਕਰ, ਜੋ ਉਸ ਸਮੇਂ ਕੇਂਦਰ ਵਿਚ ਮੰਤਰੀ ਸਨ, ਨੇ ਅਜਿਹੀ ਗੱਲ ਕਰਨ ਵਾਲਿਆਂ ਨੂੰ ‘ਸਬਕ ਸਿਖਾਉਣ’ ਦਾ ਐਲਾਨ ਕੀਤਾ।
ਇਸ ਗੱਲ ਦਾ ਇੱਛਾ ਅਨੁਸਾਰ ਪ੍ਰਭਾਵ ਪਿਆ ਅਤੇ ਅਚਾਨਕ ਹੀ ਫ਼ਿਲਮ ਉਦਯੋਗ ਦੇ ਵੱਡੇ ਨਾਵਾਂ ਦੀ ਆਵਾਜ਼ ਗਾਇਬ ਹੋ ਗਈ ਅਤੇ ਉਨ੍ਹਾਂ ਨੇ ਪ੍ਰਗਟਾਵੇ ਦੀ ਆਜ਼ਾਦੀ ਦੀ ਥਾਂ ਨਿਰਪੱਖ ਰਹਿਣ ਦੀ ਚੋਣ ਕੀਤੀ।
ਪਰ ਹਰ ਕੋਈ ਚੁੱਪ ਨਹੀਂ ਰਿਹਾ ਹੈ। ਦੀਪਿਕਾ ਪਾਦੂਕੋਨ ਜੇ.ਐਨ.ਯੂ. ਕੈਂਪਸ ਵਿਚ ਵੜ ਕੇ ਵਿਦਿਆਰਥੀਆਂ ‘ਤੇ ਕੀਤੇ ਗਏ ਹਮਲੇ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਪੱਖ ਵਿਚ ਜੇ.ਐਨ.ਯੂ. ਗਈ ਸੀ।
ਅਨੁਰਾਗ ਕਸ਼ਯਪ ਅਤੇ ਰਿਚਾ ਚੱਢਾ ਟਵਿੱਟਰ ‘ਤੇ ਆਪਣੇ ਖੁੱਲ੍ਹੇ ਵਿਚਾਰਾਂ ਨਾਲ ਕਾਫ਼ੀ ਮੋਹਰੀ ਰਹੇ ਹਨ ਅਤੇ ਅਨੁਰਾਗ ਕਸ਼ਯਪ ਸਰਕਾਰ ਨੂੰ ਲਗਾਤਾਰ ਨਿਸ਼ਾਨੇ ‘ਤੇ ਲੈਂਦੇ ਰਹੇ ਹਨ।
ਕੀ ਦੀਪਿਕਾ ਪਾਦੂਕੋਨ ਨੂੰ ਡਰੱਗਜ਼ ਜਾਂਚ ਦੇ ਇਕ ਮਾਮਲੇ ਵਿਚ ਪੇਸ਼ ਹੋਣ ਦਾ ਸੰਮਨ ਮਿਲਣਾ ਮਹਿਜ਼ ਸੰਜੋਗ ਹੈ? ਕਸ਼ਯਪ ‘ਤੇ ਇਕ ਅਭਿਨੇਤਰੀ (ਜਿਸ ਨੇ ਸਵੀਕਾਰ ਕੀਤਾ ਹੈ ਕਿ ਉਹ ਅਨੁਰਾਗ ਨੂੰ ਕਦੇ ਨਹੀਂ ਮਿਲੀ) ਦਾ ਯੌਨ ਸ਼ੋਸ਼ਣ ਕਰਨ ਦਾ ਦੋਸ਼ ਲਗਾ ਹੈ ਅਤੇ ਚੱਢਾ ਨੂੰ ਵੀ ਇਸ ਦੋਸ਼ ਵਿਚ ਘਸੀਟਿਆ ਗਿਆ ਹੈ।
ਇਸ ਸਭ ਵਿਚ ਸਰਕਾਰ ਜਾਂ ਕੋਈ ਸਿਆਸਤਦਾਨ ਸ਼ਾਇਦ ਸਿੱਧੇ ਤੌਰ ‘ਤੇ ਸ਼ਾਮਲ ਨਾ ਹੋਵੇ, ਪਰ ਸੰਦੇਸ਼ ਸਾਫ਼ ਹੈ : ਜੇਕਰ ਤੁਸੀਂ ਜ਼ੁਬਾਨ ਖੋਲ੍ਹਦੇ ਹੋ, ਤਾਂ ਤੁਹਾਨੂੰ ਇਸ ਦੀ ਕੀਮਤ ਚੁਕਾਉਣੀ ਪਏਗੀ। ਸਾਰੇ ਅਸਹਿਮਤੀ ਰੱਖਣ ਵਾਲਿਆਂ ਲਈ ਇਹ ਇਕ ਚਿਤਾਵਨੀ ਹੈ।
ਭਾਜਪਾ ਅਤੇ ਸੰਘ ਪਰਿਵਾਰ ਲਈ ਬਾਲੀਵੁੱਡ ‘ਤੇ ਪਕੜ ਮਜ਼ਬੂਤ ਕਰਨ ਨਾਲੋਂ ਬਿਹਤਰ ਹੋਰ ਕੁੱਝ ਨਹੀਂ ਹੋ ਸਕਦਾ। ਇਹ ਲੱਖਾਂ-ਕਰੋੜਾਂ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਦਾ ਇਕ ਅਚੂਕ ਜ਼ਰੀਆ ਹੈ। ਅਤੇ ਜਦਕਿ ਫ਼ਿਲਮਾਂ ਨੈੱਟਫਲਿਕਸ ਅਤੇ ਓ.ਟੀ.ਟੀ. ਵਰਗੇ ਪਲੇਟਫਾਰਮਾਂ ‘ਤੇ ਦਿਖਾਈਆਂ ਜਾਣ ਲੱਗੀਆਂ ਹਨ, ਇਸ ਦਾ ਮਹੱਤਵ ਹੋਰ ਜ਼ਿਆਦਾ ਵੱਧ ਗਿਆ ਹੈ।
ਮੋਦੀ ਸਰਕਾਰ ਇਨ੍ਹਾਂ ਪਲੇਟਫਾਰਮਾਂ ਨੂੰ ਸੈਂਸਰਸ਼ਿਪ ਕੋਡ ਤਹਿਤ ਲਿਆਉਣਾ ਚਾਹੁੰਦੀ ਹੈ (ਜਿਵੇਂ ਕਿ ਉਹ ਡਿਜੀਟਲ ਨਿਊਜ਼ ਪਲੇਟਫਾਰਮਾਂ ਨੂੰ ਲਿਆਉਣਾ ਚਾਹੁੰਦੀ ਹੈ)।
ਕਲਪਨਾ ਕਰੋ- ਲੱਖਾਂ-ਕਰੋੜਾਂ ਭਾਰਤੀ ਲੋਕ ਆਪਣੇ ਫੋਨ ਅਤੇ ਲੈਪਟੌਪ ‘ਤੇ ਸਿਆਸੀ ਤੌਰ ‘ਤੇ ਸਵੀਕਾਰੀਆਂ ਫ਼ਿਲਮਾਂ ਦੇਖ ਰਹੇ ਹਨ ਅਤੇ ਹਿੰਦੁਵਾਦੀਆਂ ਵਲੋਂ ਸਵੀਕਾਰੇ ਇਤਿਹਾਸ ਬਾਰੇ ਜਾਣ ਰਹੇ ਹਨ। ਇਹ ਇਕ ਲਲਚਾਉਣ ਵਾਲਾ ਪ੍ਰੋਜੈਕਟ ਹੈ।
ਟੀ.ਵੀ. ਨਿਊਜ਼ ਚੈਨਲ ਪਹਿਲਾਂ ਤੋਂ ਹੀ ਉਨ੍ਹਾਂ ਦੀ ਝੋਲੀ ਵਿਚ ਹਨ ਅਤੇ ਅਖ਼ਬਾਰ ਵੀ ਸਰਕਾਰ ਦੀ ਆਲੋਚਨਾ ਨੂੰ ਲੈ ਕੇ ਲਗਭਗ ਮੌਨ ਹਨ। ਸੁਭਾਵਕ ਤੌਰ ‘ਤੇ ਸਿਨੇਮਾ ਅਗਲਾ ਨਿਸ਼ਾਨਾ ਹੈ ਅਤੇ ਸੱਤਾਧਾਰੀ ਦਲ ਪ੍ਰੋਪੇਗੰਡਾ ਫੈਲਾਉਣ ਦੀ ਇਸ ਦੀ ਸ਼ਕਤੀ ਦਾ ਜ਼ਰੂਰ ਇਸਤੇਮਾਲ ਕਰਨਾ ਚਾਹੁਣਗੇ।
ਮੋਦੀ ਸਰਕਾਰ ਦੇ ਪਹਿਲੇ ਪੰਜ ਸਾਲਾਂ ਵਿਚ ਬਾਲੀਵੁੱਡ ਦੇ ਕੁੱਝ ਬੜਬੋਲੇ ਭਾਜਪਾ ਸਮਰਥਕ ਫਲਾਪ ਸਿੱਧ ਹੋਏ ਸਨ- ਉਨ੍ਹਾਂ ਦਾ ਆਪਣਾ ਲਾਭ ਹੈ, ਪਰ ਉਹ ਟ੍ਰੋਲਰਜ਼ ਵਾਲੇ ਜਾਲ ਵਿਚ ਹੀ ਫਸ ਜਾਂਦੇ ਹਨ ਅਤੇ ‘ਅਰਬਨ ਨਕਸਲੀਆਂ’, ‘ਸੈਕੁਲਰ’ ਉਦਾਰਵਾਦੀਆਂ ਖ਼ਿਲਾਫ਼ ਉਵੇਂ ਹੀ ਗਾਲ੍ਹਾਂ ਕੱਢਣ, ਇਲਜ਼ਾਮ ਲਗਾਉਣ ਵਾਲੀਆਂ ਟਿੱਪਣੀਆਂ ਕਰਦੇ ਹਨ।
ਸਭ ਤੋਂ ਖ਼ਰਾਬ ਗੱਲ ਇਹ ਹੈ ਕਿ ਇਹ ਸਮਰਥ ਫ਼ਿਲਮ ਡਾਇਰੈਕਟਰ ਵੀ ਨਹੀਂ ਹਨ, ਸ਼ਾਇਦ ਇਸ ਲਈ ਭਾਜਪਾ ਟਾੱਪ-ਕਲਾਸ ਪੇਸ਼ੇਵਰਾਂ ਦਾ ਸਾਥ ਚਾਹੁੰਦੀ ਹੈ।
ਆਪਣੇ ਇਕ ਇੰਟਰਵਿਊ ਵਿਚ ਲੈਂਗ ਕਹਿੰਦੇ ਹਨ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਮੈਟਰੋਪਾਲਿਸ ਵਿਚ ਇਕ ਅਪਰਾਧੀ ਵਲੋਂ ਨਾਜ਼ੀ ਵਿਰੋਧੀ ਟਿੱਪਣੀਆਂ ਕਰਦੇ ਦਿਖਾਏ ਜਾਣ ਲਈ ਉਨ੍ਹਾਂ ਦੀ ਆਲੋਚਨਾ ਕੀਤੀ ਜਾਵੇਗੀ, ਪਰ ਇਸ ਦੀ ਥਾਂ ਗੋਏਬਲਜ਼ ਨੇ ਉਨ੍ਹਾਂ ਨੂੰ ਕਿਹਾ ਕਿ ਹਿਟਲਰ ਨੂੰ ਇਹ ਫ਼ਿਲਮ ਪਸੰਦ ਆਈ।
ਜਰਮਨੀ ਦੀ ਨਾਜ਼ੀ ਸਰਕਾਰ ਲੈਂਗ ਨੂੰ ਆਪਣੀ ਸੇਵਾ ਵਿਚ ਦੇਖਣਾ ਚਾਹੁੰਦੀ ਸੀ, ਪਰ ਇਸ ਦੀ ਥਾਂ ਉਨ੍ਹਾਂ ਨੇ ਦੇਸ਼ ਛੱਡਣ ਦਾ ਫ਼ੈਸਲਾ ਕੀਤਾ।
ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਨੇ ਹਿੰਦੁਤਵਵਾਦੀ ਪ੍ਰੋਜੈਕਟ ਦਾ ਹਿੱਸਾ ਬਣਨ ਵਿਚ ਆਪਣੀ ਕੋਈ ਖਾਸ ਦਿਲਚਸਪੀ ਨਹੀਂ ਦਿਖਾਈ ਹੈ। ਸ਼ਾਇਦ ਸਹੀ ਥਾਵਾਂ ‘ਤੇ ਥੋੜ੍ਹਾ-ਜਿਹਾ ਦਬਾਅ ਪੈਣ ‘ਤੇ ਉਹ ਆਪਣਾ ਮਨ ਬਦਲ ਲੈਣ।
‘ਦ ਵਾਇਰ’ ‘ਚੋਂ ਧੰਨਵਾਦ ਸਹਿਤ