ਹਰਿਆਣਾ ਦੇ ਕਿਸਾਨਾਂ ਦੇ ਹੱਕ ਵਿੱਚ ਪੰਜਾਬ ਭਰ ‘ਚ ਕਿਸਾਨ ਜਥੇਬੰਦੀਆਂ ਵੱਲੋਂ ਚੱਕਾ ਜਾਮ
ਮਾਨਸਾ : ਹਰਿਆਣਾ ਦੇ ਸੰਘਰਸ਼ੀਲ ਕਿਸਾਨਾਂ ਦੇ ਹੱਕ ਵਿੱਚ ਪੰਜਾਬ ਭਰ ‘ਚ ਸੰਘਰਸ਼ੀ ਕਿਸਾਨ ਜਥੇਬੰਦੀਆਂ ਨੇ ਅੱਜ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਵੱਖ-ਵੱਖ ਥਾਵਾਂ ਉੱਪਰ ਚੱਕਾ ਜਾਮ ਕੀਤਾ। ਇਹ ਬੰਦ ਹਰਿਆਣਾ ਦੇ ਕਿਸਾਨਾਂ ਉੱਤੇ ਸਿਰਸਾ ‘ਚ ਭਾਜਪਾ ਸਰਕਾਰ ਦੀ ਪੁਲੀਸ ਵੱਲੋਂ ਕੀਤੀ ਗਈ ਕਾਰਵਾਈ ਦੇ ਵਿਰੋਧ ਵਿਚ ਕੀਤਾ ਗਿਆ ਹੈ। ਜਥੇਬੰਦੀਆਂ ਗ੍ਰਿਫ਼ਤਾਰ ਕੀਤੇ ਕਿਸਾਨਾਂ ਦੀ ਰਿਹਾਈ ਦੀ ਮੰਗ ਕਰ ਰਹੀਆਂ ਹਨ ਅਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਅਸਤੀਫੇ ਦੀ ਮੰਗ ਕਰ ਰਹੀਆਂ ਹਨ। ਮਾਨਸਾ ਜ਼ਿਲ੍ਹੇ ਵਿਚ ਇਹ ਜਾਮ ਲੁਧਿਆਣਾ- ਸਿਰਸਾ ਮੁੱਖ ਮਾਰਗ ‘ਤੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਸਾਹਮਣੇ ਲਾਇਆ ਗਿਆ ਹੈ,ਜਿਸ ਨਾਲ ਸਾਰੇ ਰੂਟਾਂ ਉਤੇ ਆਵਾਜਾਈ ਬੰਦ ਹੋ ਗਈ ਹੈ।
ਬਠਿੰਡਾ(ਸ਼ਗਨ ਕਟਾਰੀਆ):ਇਥੋਂ ਦੇ ਆਈਟੀਆਈ ਚੌਕ ’ਚ ਲੱਗੇ ਕਿਸਾਨ ਧਰਨੇ ਕਾਰਨ ਡੱਬਵਾਲੀ, ਤਲਵੰਡੀ ਸਾਬੋ, ਰਾਮਾ, ਮਾਨਸਾ, ਮੌੜ ਵੱਲ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਇਸੇ ਤਰ੍ਹਾਂ ਇਥੋਂ ਦੇ ਬੈਸਟ ਪ੍ਰਾਈਸ ਮਾਲ ਅੱਗੇ ਵੀ ਧਰਨਾ ਦਿੱਤਾ ਜਾ ਰਿਹਾ ਹੈ। ਜ਼ਿਲ੍ਹਾ ਬਠਿੰਡਾ ’ਚ ਭੁੱਚੋ ਖੁਰਦ, ਲਹਿਰਾ ਬੇਗਾ, ਰਾਮਪੁਰਾ, ਮਾਈਸਰਖਾਨਾ, ਸੰਗਤ ਕੈਂਚੀਆਂ, ਮੌੜ, ਭਗਤਾ, ਜੀਦਾ ਆਦਿ ਥਾਵਾਂ ’ਤੇ ਵੀ ਸੜਕੀ ਜਾਮ ਦੀ ਸੂਚਨਾ ਹੈ। ਇਨ੍ਹਾਂ ਧਰਨਿਆਂ ਵਿਚ ਭਾਕਿਯੂ (ਉਗਰਾਹਾਂ), ਭਾਕਿਯੂ (ਸਿੱਧੂਪੁਰ), ਕੁਲ ਹਿੰਦ ਕਿਸਾਨ ਸਭਾ, ਭਾਕਿਯੂ (ਡਕੌਂਦਾ), ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਭਾਕਿਯੂ (ਮਾਨਸਾ), ਦਿਹਾਤੀ ਮਜ਼ਦੂਰ ਸਭਾ ਆਦਿ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਭਰਾਤਰੀ ਸੰਗਠਨ ਸ਼ਾਮਿਲ ਹਨ।
ਜੈਤੋ ਉਪ-ਮੰਡਲ ’ਚ ਚਾਰ ਥਾਈਂ ਸੜਕੀ ਜਾਮ
ਕਿਸਾਨ ਸੰਗਠਨਾਂ ਵੱਲੋਂ ਜੈਤੋ ਦੇ ਬੱਸ ਅੱਡਾ ਚੌਕ, ਰੋਮਾਣਾ ਅਲਬੇਲ ਸਿੰਘ, ਬਰਗਾੜੀ ਅਤੇ ਬਾਜਾਖਾਨਾ ਵਿਚ ਸੜਕਾਂ ’ਤੇ ਧਰਨੇ ਲਾ ਕੇ ਬਠਿੰਡਾ-ਅੰਮ੍ਰਿਤਸਰ ਦਰਮਿਆਨ ਦੀ ਆਵਾਜਾਈ ਰੋਕੀ ਗਈ ਹੈ। ਇਨ੍ਹਾਂ ਧਰਨਿਆਂ ਦੀ ਅਗਵਾਈ ਭਾਕਿਯੂ (ਡਕੌਂਦਾ), ਕਿਰਤੀ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਭਾਕਿਯੂ (ਸਿੱਧੂਪੁਰ), ਪੰਜਾਬ ਕਿਸਾਨ ਯੂਨੀਅਨ ਅਤੇ ਭਾਕਿਯੂ (ਕ੍ਰਾਂਤੀਕਾਰੀ) ਵੱਲੋਂ ਕੀਤੀ ਜਾ ਰਹੀ ਹੈ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ):ਅੱਜ ਇੱਥੇ ਬਠਿੰਡਾ-ਚੰਡੀਗੜ੍ਹ ਨੈਸਨਲ ਹਾਈਵੇਅ ’ਤੇ ਕਿਸਾਨਾਂ ਨੇ ਦੋ ਘੰਟੇ ਜਾਮ ਲਗਾਇਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ, ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਦਰਬਾਰਾ ਸਿੰਘ ਨਾਗਰਾ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਲਾਲੀ ਗਰੇਵਾਲ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫਰੰਟ ਦੇ ਆਗੂ ਰਘਵੀਰ ਸਿੰਘ ਭਵਾਨੀਗੜ੍ਹ ਨੇ ਸੰਬੋਧਨ ਕੀਤਾ।
ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਭਵਾਨੀਗੜ੍ਹ-ਪਟਿਆਲਾ ਮੁੱਖ ਮਾਰਗ ’ਤੇ ਟੌਲ ਪਲਾਜ਼ਾ ਕਾਲਾਝਾੜ ’ਤੇ ਜਾਮ ਲਗਾਇਆ। ਇਸ ਮੌਕੇ ਯੂਨੀਅਨ ਦੇ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ , ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਅਤੇ ਬਲਾਕ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਕਿਹਾ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਹਰਿਆਣਾ ਸਰਕਾਰ ਦੀ ਇਸ ਧੱਕੇਸ਼ਾਹੀ ਦੀ ਨਿਖੇਧੀ ਕਰਦੀਆਂ ਹਨ।
ਬਰਨਾਲਾ(ਰਵਿੰਦਰ ਰਵੀ):ਇਥੇ ਕਿਸਾਨਾਂ ਨੇ ਨੈਸ਼ਨਲ ਹਾਈਵੇਅ ਬਠਿੰਡਾ-ਚੰਡੀਗੜ੍ਹ ’ਤੇ ਬਡਬਰ ਟੌਲ ਪਲਾਜ਼ਾ ਕੋਲ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿੱਚ ਸੜਕ ਜਾਮ ਕੀਤੀ ਤੇ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਹਰਿਆਣਾ ਦੇ ਕਿਸਾਨਾਂ ਨਾਲ ਇਕਮੁੱਠਤਾ ਪ੍ਰਗਟਾਈ
ਭਗਤਾ ਭਾਈ(ਰਾਜਿੰਦਰ ਸਿੰਘ ਮਰਾਹੜ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਅਗਵਾਈ ਵਿਚ ਕਿਸਾਨਾਂ ਵੱਲੋਂ ਭਗਤਾ ਭਾਈ ਦੇ ਮੁੱਖ ਚੌਕ ਵਿਚ ਵੱਡਾ ਜਾਮ ਲਗਾਇਆ ਗਿਆ। ਇਸ ਮੌਕੇ ਕਿਸਾਨਾਂ ਤੋਂ ਇਲਾਵਾ ਮਜ਼ਦੂਰਾਂ, ਮੁਲਾਜ਼ਮਾਂ, ਆੜਤੀਏ, ਔਰਤਾਂ ਸਮੇਤ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਇਸ ਮੌਕੇ ਕਿਸਾਨ ਆਗੂ ਬਸੰਤ ਸਿੰਘ ਕੋਠਾਗੁਰੂ, ਪਾਲ ਸਿੰਘ ਆਦਮਪੁਰਾ, ਸੁਖਦੇਵ ਸਿੰਘ ਸਿਧਾਨਾ, ਸੁਖਜੀਤ ਸਿੰਘ ਕੋਠਾਗੁਰੂ, ਔਰਤ ਆਗੂ ਮਾਲਣ ਕੌਰ, ਸੁਖਪਾਲ ਪਾਲਾ, ਬਲਦੇਵ ਸਿੰਘ ਮਲੂਕਾ ਅਤੇ ਮਜ਼ਦੂਰ ਆਗੂ ਤੀਰਥ ਸਿੰਘ ਕੋਠਾਗੁਰੂ ਨੇ ਕਿਹਾ ਕਿ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਭਾਜਪਾ ਦੇ ਖ਼ਿਲਾਫ਼ ਕਿਸਾਨੀਂ ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਸੀ ਪਰ ਜਿੱਤਣ ਮਗਰੋਂ ਕਿਸਾਨਾਂ ਦੇ ਮੁੱਦਿਆਂ ਨੂੰ ਛਿੱਕੇ ਟੰਗਦੇ ਹੋਏ ਕੁਰਸੀ ਦੇ ਮੋਹ ਵਿੱਚ ਭਾਜਪਾ ਦੀ ਝੋਲੀ ਜਾ ਬੈਠੇ ਹਨ।
ਜੰਡਿਆਲਾ ਗੁਰੂ(ਸਿਮਰਤਪਾਲ ਸਿੰਘ ਬੇਦੀ):ਕਿਸਾਨ ਜਥੇਬੰਦੀਆਂ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਬਾਨੀ ਅਡਾਨੀ ਅਤੇ ਹੋਰ ਕਾਰਪੋਰੇਟ ਘਰਾਣਿਆਂ ਦੀਆਂ ਵਸਤਾਂ ਦਾ ਬਾਈਕਾਟ ਕਰਦਿਆਂ ਜੰਡਿਆਲਾ ਗੁਰੂ ਨੇੜੇ ਜੀਟੀ ਰੋਡ ਉਪਰ ਸਥਿਤ ਹੈ ਨਿੱਜਰਪੁਰਾ ਟੌਲ ਪਲਾਜ਼ਾ ਅਤੇ ਨੇੜੇ ਹੀ ਜੀਟੀ ਰੋਡ ਉੱਪਰ ਸਥਿਤ ਰਿਲਾਇਸ ਪੈਟਰੋਲ ਪੰਪ ਬੰਦ ਕਰਵਾ ਦਿੱਤਾ ਗਿਆ। ਟੌਲ ਉੱਪਰ ਧਰਨਾ ਦਿੰਦਿਆਂ ਅੰਮ੍ਰਿਤਸਰ ਤੋਂ ਜਲੰਧਰ ਵੱਲ ਜਾ ਰਹੀ ਔਰਬਿਟ ਕੰਪਨੀ ਦੀ ਬੱਸ ਨੂੰ ਵੀ ਇਥੋਂ ਲੰਘਣ ਤੋਂ ਰੋਕ ਦਿੱਤਾ ਗਿਆ ਅਤੇ ਅੰਮ੍ਰਿਤਸਰ ਮੋੜ ਦਿੱਤਾ ਗਿਆ। ਇਸ ਮੌਕੇ ਕਿਸਾਨਾਂ-ਮਜ਼ਦੂਰਾਂ ਵੱਲੋਂ ਕੇਂਦਰ ਸਰਕਾਰ ਅਤੇ ਬਾਦਲਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਭਦੌੜ (ਰਾਜਿੰਦਰ ਵਰਮਾ):ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਬਰਨਾਲਾ-ਬਾਜਾਖਾਨਾ ਮੁੱਖ ਮਾਰਗ ’ਤੇ ਰਿਲਾਇੰਸ ਪੰਪ ਦੇ ਅੱਗੇ ਚੱਕਾ ਜਾਮ ਕੀਤਾ ਗਿਆ। ਇਸ ਸਮੇਂ ਅਧਿਆਪਕ ਆਗੂ ਮਾਸਟਰ ਗੁਰਮੇਲ ਭੁਟਾਲ ਨੇ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਾਰਪੋਰੇਟ ਘਰਾਣਿਆਂ ਨੂੰ ਕਾਬਜ਼ ਨਹੀਂ ਹੋਣ ਦਿੱਤਾ ਜਾਵੇਗਾ।
ਖੰਨਾ(ਜੋਗਿੰਦਰ ਸਿੰਘ ਓਬਰਾਏ):ਹਰਿਆਣਾ ਵਿਚ ਕਿਸਾਨਾਂ ’ਤੇ ਲਾਠੀਚਾਰਜ ਦੇ ਵਿਰੋਧ ਵਿਚ ਜਰਨੈਲੀ ਸੜਕ ’ਤੇ ਵੱਖ ਵੱਖ ਜੱਥੇਬੰਦੀਆਂ ਦੇ ਵਰਕਰਾਂ ਵੱਲੋਂ 2 ਘੰਟੇ ਲਈ ਜਾਮ ਲਾਇਆ ਗਿਆ। ਇਸ ਮੌਕੇ ਦਿੱਤੇ ਧਰਨੇ ਵਿਚ ਲੋਕ ਇਨਸਾਫ਼ ਪਾਰਟੀ ਤੋਂ ਇਲਾਵਾ ਖੇਤ ਮਜ਼ਦੂਰ ਯੂਨੀਅਨ, ਸੀ.ਪੀ.ਆਈ (ਐਮ), ਕੁੱਲ ਹਿੰਦ ਕਿਸਾਨ ਸਭਾ, ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਆਗੂ ਤੇ ਵਰਕਰ ਵੀ ਸ਼ਾਮਲ ਹੋਏ। ਧਰਨੇ ਨੂੰ ਸਰਬਜੀਤ ਸਿੰਘ ਕੰਗ, ਬਲਬੀਰ ਸਿੰਘ ਸੁਹਾਵੀ, ਅਵਤਾਰ ਸਿੰਘ ਭੱਟੀਆ, ਰਾਜਿੰਦਰ ਸਿੰਘ ਚੀਮਾ, ਗੁਰਦੀਪ ਸਿੰਘ ਹੋਲ, ਹਰਮਿੰਦਰ ਸਿੰਘ ਰਹੌਣ, ਹਰਬੰਸ ਸਿੰਘ ਮੋਹਨਪੁਰ, ਭਗਵੰਤ ਸਿੰਘ ਅਤੇ ਸ੍ਰੀਮਤੀ ਅਰਚਨਾ ਕੰਗ ਨੇ ਸੰਬੋਧਨ ਕੀਤਾ।
ਫ਼ਾਜ਼ਿਲਕਾ(ਪਰਮਜੀਤ ਸਿੰਘ): ਅੱਜ ਫਾਜ਼ਿਲਕਾ-ਅਬੋਹਰ ਰੋਡ ‘ਤੇ ਸਥਿਤ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਰਾਮਪੁਰਾ ਦੇ ਨੇੜੇ ਪੰਜਾਬ-ਰਾਜਸਥਾਨ ਕੌਮੀ ਹਾਈਵੇਅ ‘ਤੇ ਪ੍ਰਗਟ ਸਿੰਘ ਚੱਕਪੱਖੀ ਪ੍ਰਧਾਨ ਸਿੱਧੂਪੁਰ ਏਕਤਾ ਅਤੇ ਕਾਮਰੇਡ ਰਮੇਸ਼ ਵਢੇਰਾ ਜਮਹੂਰੀ ਕਿਸਾਨ ਸਭਾ ਦੀ ਅਗਵਾਈ ‘ਚ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਦੇ ਕੇ ਸੜਕੀ ਆਵਾਜਾਈ ਠੱਪ ਕੀਤੀ ਗਈ। ਇਸ ਮੌਕੇ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂ ਕੁਲਵੰਤ ਸਿੰਘ ਕਿਰਤੀ ਜਮਹੂਰੀ ਕਿਸਾਨ ਸਭਾ, ਗੁਰਮੇਜ ਗੇਜੀ ਦਿਹਾਤੀ ਮਜ਼ਦੂਰ ਸਭਾ, ਲਾਧੂਕਾ ਤੋਂ ਬੀਬੀ ਸੁਖਵਿੰਦਰ ਕੌਰ ਸਾਥਣਾਂ ਸਮੇਤ, ਤਿਲਕ ਰਾਜ, ਸੁਖਬੀਰ ਸਿੰਘ ਪ੍ਰਧਾਨ ਬਲਾਕ ਖੂਈਆਂ ਸਰਵਰ, ਭੁਪਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਸਿੱਧੂਪੁਰ, ਜੱਗਾ ਸਿੰਘ ਦਿਹਾਤੀ ਮਜ਼ਦੂਰ ਸਭਾ ਤੋਂ ਇਲਾਵਾ ਸੈਂਕੜੇ ਕਿਸਾਨ ਸ਼ਾਮਲ ਹੋਏ।