fbpx Nawidunia - Kul Sansar Ek Parivar

ਇਨਸਾਨ ਹਮੇਸ਼ਾ ਜ਼ਿੰਦਗੀ ਦੇ ਹਰ ਫ਼ੈਸਲੇ ਨੂੰ ਹਾਂ ਪੱਖੀ ਹੀ ਕਿਉਂ ਪਸੰਦ ਕਰਦੇ ਨੇ ?/ ਕਿਰਨ ਪਾਹਵਾ

ਜ਼ਿੰਦਗੀ ਇੱਕ ਸਫ਼ਰ ਹੈ ਜੋ ਸਾਡੀ ਸੋਚ ਅਨੁਸਾਰ ਆਪਣੀ ਮੰਜ਼ਿਲ ਵੱਲ ਵੱਧਦਾ ਹੈ। ਹਰ ਮੋੜ ਤੇ ਸਾਨੂੰ ਕੁਝ ਫ਼ੈਸਲੇ ਲੈਣੇ ਪੈਂਦੇ ਨੇ, ਆਪਣੀ ਸੂਝਬੂਝ ਅਨੁਸਾਰ ਅਸੀਂ ਕੁਝ ਫੈਸਲਿਆਂ ਨੂੰ ਨਾਂਹ ਤੇ ਕੁਝ ਨੂੰ ਹਾਂ ਆਖਦੇ ਹਾਂ। ਸਾਡੀ ਹਾਂ ਜਾਂ ਨਾਂਹ ਦਾ ਆਧਾਰ ਇਹਨਾਂ ਫ਼ੈਸਲਿਆਂ ਤੋਂ ਨਿਕਲਣ ਵਾਲੇ ਨਤੀਜੇ ਬਣਦੇ ਹਨ। ਇਸ ਨੂੰ ਅਸੀਂ ਫੈ਼ਸਲੇ ਲੈਣ ਦੀ ਆਜ਼ਾਦੀ ਵੀ ਕਹਿ ਸਕਦੇ ਹਾਂ। ਪਰ ਫ਼ੈਸਲੇ ਨੂੰ ਹਾਂ ਕਹਿਣ ਵਾਲਾ ਸਕਾਰਾਤਮਕ ਸੋਚ ਤੇ ਨਾਂਹ ਕਹਿਣ ਵਾਲਾ ਨਕਾਰਾਤਮਕ ਸੋਚ ਵਾਲਾ ਨਹੀਂ ਹੁੰਦਾ। ਸਕਾਰਾਤਮਕ ਤੇ ਨਕਾਰਾਤਮਕ ਸੋਚ ਚੜਦੀਕਲਾ ਤੇ ਢਹਿੰਦੀ ਕਲਾ ਨੂੰ ਦਰਸਾਉਂਦੇ ਹਨ। ਹਰ ਫ਼ੈਸਲੇ ਉੱਪਰ ਕੀਤੀ ਹਾਂ ਸਾਨੂੰ ਚੜਦੀਕਲਾ ਵੱਲ ਨਹੀਂ ਪੁੱਜਦਾ ਕਰ ਸਕਦੀ ਤੇ ਹਰ ਨਾਂਹ ਦਾ ਮਤਲਬ ਢਹਿਂਦੀ ਕਲਾ ਨਹੀਂ ਹੁੰਦਾ।
ਹਰ ਪਹਿਲੂ, ਹਾਦਸੇ ਤੋਂ ਹਾਂ ਪੱਖੀ ਉਮੀਦ ਰੱਖਣਾ ਵੀ ਕਿਤੇ ਨਾ ਕਿਤੇ ਗਲਤ ਸਾਬਿਤ ਹੁੰਦਾ ਕਿਉਕਿ ਹਰ ਵਰਤਾਰੇ ਦਾ ਆਪਣਾ ਪ੍ਭਾਵ ਹੁੰਦਾ। ਇਸ ਲਈ ਕਿਸੇ ਇੱਕ ਤਰਫ਼ੇ ਵਿਹਾਰ ਦੇ ਆਦੀ ਹੋਣਾ ਵੀ ਆਪਣੇ ਆਪ ਨੂੰ ਗੁਮਰਾਹ ਜਾਂ ਖੁਸ਼ਫਹਿਮੀ ‘ਚ ਰੱਖਣਾ ਦੇ ਬਰਾਬਰ ਹੈ। ਕਦੇ ਸੋਚ ਕਿ ਵੇਖਿਓ ਹਨੇਰੇ ਬਿਨਾਂ ਰੌਸ਼ਨੀ ਦਾ ਕੀ ਵਜੂਦ ਹੋਵੇਗਾ, ਹਾਰਾਂ ਬਿਨਾਂ ਜਿੱਤਾਂ ਦੀ ਅਹਿਮੀਅਤ ਦਾ ਕਿਵੇ ਪਤਾ ਲੱਗੇਗਾ। ਇਸ ਲਈ ਹਰ ਸਮੇਂ ਹਾਂ ਪੱਖੀ ਨਤੀਜਿਆਂ ਦੀ ਉਮੀਦ ਨਾ ਰੱਖਕੇ ਹਰ ਨਤੀਜੇ ਨੂੰ ਹਾਂ ਪੱਖੀ ਨਜ਼ਰੀਏ ਨਾਲ ਵੇਖੀਏ। ਕਿਉਂਕਿ ਜੋ ਤਜ਼ਰਬਾ ਸਾਨੂੰ ਹਾਰਾਂ ਦੇ ਸਕਦੀਆਂ ਉਹ ਜਿੱਤਾਂ ਦੇ ਹਿੱਸੇ ਨਹੀਂ ਆਉੰਦਾ। ਹਰ ਹਾਦਸੇ ਚ ਹੋਈ ਨਿੱਕੀ ਜਿਹੀ ਗਲਤੀ ਤੁਹਾਨੂੰ ਤਰਾਸ਼ਣ ਦਾ ਕੰਮ ਤੇ ਇਹੀ ਤੁਹਾਨੂੰ ਜਿੱਤ ਦੇ ਕਰੀਬ ਕਰਦਾ ਹੈ। ਬਿਨਾਂ ਗਲਤੀਆਂ ਕਿਤੇ ਕੋਈ ਜਿੱਤ ਨਾ ਹਾਸਿਲ ਹੋਈ ਹੈ ਤੇ ਨਾ ਹੋਵੇ। ਹਰ ਕਦਮ ਹਾਂ ਪੱਖੀ ਨਤੀਜੇ ਦੀ ਉਡੀਕ ‘ਚ ਅਵੇਸਲਾ ਹੋ ਜਾਂਦਾ ਉਸ ਨੂੰ ਆਪਣੇ ਹੁਨਰ ਤੇ ਵਿਸ਼ਵਾਸ ਨਹੀਂ ਰਹਿੰਦਾ ਕਿਉਂਕਿ ਮਜ਼ਬੂਤ ਸੋਚ ਕਦੇ ਅਵੇਸਲੀ ਨਹੀਂ ਹੁੰਦੀ। ਆਓ ਆਪਣੀ ਸੋਚ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹੋਏ ਸੋਚ ‘ਚ ਜਗਿਆਸਾ, ਸੁਪਨਿਆਂ ਦਾ ਜਨੁੂੰਨ ਪੈਦਾ ਕਰੀਏ। ਬਜਾਏ ਇਸ ਦੇ ਕੀ ਸਾਨੂੰ ਇਸ ਤਰ੍ਹਾਂ ਕਰਨ ਨਾਲ ਆਹ ਮਿਲ ਜਾਵੇ। ਆਪਣੇ ਅੰਦਰ ਪਾਉਣ ਦੀ ਤਾਂਘ ਰੱਖੋ ਕਿਵੇ ਕਦੋਂ ਤੇ ਕਿੰਨੀ ਮਿਹਨਤ ਨਾਲ ਮਿਲੂ ਇਹ ਮਾਇਨੇ ਨਹੀਂ ਰੱਖਦਾ। ਆਓ ਹਮੇਸ਼ਾ ਹਾਂ ਪੱਖੀ ਨਤੀਜਿਆਂ ਦੀ ਗੁਲਾਮੀ ਦੀ ਕੈਦ ‘ਚੋਂ ਆਜ਼ਾਦ ਹੋਈਏ ਤੇ ਹਰ ਨਤੀਜੇ ‘ਚੋਂ ਕੁਝ ਨਾ ਕੁਝ ਸਿੱਖ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰੀਏ
ਕਿਰਨ ਪਾਹਵਾ phd ਸਕਾਲਰ

Share this post

Leave a Reply

Your email address will not be published. Required fields are marked *