fbpx Nawidunia - Kul Sansar Ek Parivar

ਆਂਧਰਾ ਪ੍ਰਦੇਸ਼ : ਮੁੱਖ ਮੰਤਰੀ ਨੇ ਚੀਫ਼ ਜਸਟਿਸ ਨੂੰ ਲਿਖਿਆ- ਸਰਕਾਰ ਗਿਰਾਉਣ ਦੀ ਸਾਜ਼ਿਸ਼ ਕਰ ਰਹੇ ਹਨ ਸੁਪਰੀਮ ਕੋਰਟ ਦੇ ਜੱਜ

ਵਿਜੈਵਾੜਾ : ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐਸ. ਜਗਨਮੋਹਨ ਰੈੱਡੀ ਦੇ ਉੱਚ ਅਦਾਲਤ ਨਾਲ ਚੱਲ ਰਹੇ ਗਤੀਰੋਧ ਨੇ ਉਸ ਵੇਲੇ ਨਾਟਕੀ ਮੋੜ ਲੈ ਲਿਆ ਜਦੋਂ ਜਗਨ ਨੇ ਭਾਰਤ ਦੇ ਚੀਫ਼ ਜਸਟਿਸ ਐਸ.ਏ. ਬੋਬੜੇ ਨੂੰ ਚਿੱਠੀ ਲਿਖਦਿਆਂ ਉੱਚ ਅਦਾਲਤ ਦੇ ਜਸਟਿਸ ਐਨ.ਵੀ. ਰਮੰਨਾ (ਅਗਲੇ ਚੀਫ਼ ਜਸਟਿਸ ਬਣਨ ਦੇ ਕ੍ਰਮ ਵਿਚ ਪਹਿਲੇ) ਸਮੇਤ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਸਮੇਤ ਕੁੱਝ ਹੋਰਨਾਂ ਜੱਜਾਂ ‘ਤੇ ਗੰਭੀਰ ਦੋਸ਼ ਲਗਾਏ।
ਅਜਿਹਾ ਸ਼ਾਇਦ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਹੋ ਰਿਹਾ ਹੈ ਕਿ ਇਕ ਮੁੱਖ ਮੰਤਰੀ ਨੇ ਰਸਮੀ ਤੌਰ ‘ਤੇ ਉੱਚ ਅਦਾਲਤ ਦੇ ਇਕ ਮੈਂਬਰ ‘ਤੇ ਸਿਆਸੀ ਪੱਖਪਾਤ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹਨ।
ਇਹ ਕਦਮ ਜਗਨ ਰੈੱਡੀ ਦੇ 6 ਅਕਤੂਬਰ ਵਿਚ ਨਵੀਂ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਲਿਆ ਗਿਆ ਹੈ।
10 ਅਕਤੂਬਰ ਨੂੰ ਹੋਈ ਪ੍ਰੈੱਸ ਕਾਨਫਰੰਸ ਤੋਂ ਬਾਅਦ ਮੁੱਖ ਮੰਤਰੀ ਦੇ ਮੁੱਖ ਸਲਾਹਕਾਰ ਅਜੈ ਕਲੱਮ ਨੇ 6 ਅਕਤੂਬਰ ਨੂੰ ਲਿਖੇ ਗਏ ਇਸ ਪੱਤਰ ਦੀਆਂ ਕਾਪੀਆਂ ਵੰਡੀਆਂ ਅਤੇ ਨਾਲ ਹੀ ਇਕ ਨੋਟ ਪੜ੍ਹ ਕੇ ਸੁਣਾਇਆ, ਜਿਸ ਵਿਚ ਮੁੱਖ ਮੰਤਰੀ ਨੇ ਦੋਸ਼ ਲਗਾਇਆ ਸੀ ਕਿ ਜਸਟਿਸ ਰਮੰਨਾ ਨੇ ਰਾਜ ਦੀ ਪਿਛਲੀ ਚੰਦਰ ਬਾਬੂ ਨਾਇਡੂ-ਤੇਲਗੂਦੇਸ਼ਮ ਪਾਰਟੀ (ਟੀ.ਡੀ.ਪੀ.) ਸਰਕਾਰ ਵਿਚ ਆਪਣੇ ਪ੍ਰਭਾਵ ਦੀ ਵਰਤੋਂ ਆਪਣੇ ਪੁੱਤਾਂ ਦੇ ਪੱਖ ਵਿਚ ਕੀਤੀ।
ਕਿਉਂਕਿ ਇਹ ਦੋਸ਼ ਪਿਛਲੇ ਮਹੀਨੇ ਅਮਰਾਵਤੀ ਵਿਚ ਇਕ ਜ਼ਮੀਨੀ ਵਿਵਾਦ ਦੇ ਮਾਮਲੇ ਵਿਚ ਦਰਜ ਐਫ.ਆਈ.ਆਰ. ਵਿਚ ਸੀ, ਜਿਸ ਬਾਰੇ ਮੀਡੀਆ ਰਿਪੋਰਟਿੰਗ ਨੂੰ ਲੈ ਕੇ ਆਂਧਰਾ ਹਾਈ ਕੋਰਟ ਵਲੋਂ ਪਾਬੰਦੀ ਲਗਾ ਦਿੱਤੀ ਗਈ ਸੀ, ਇਸ ਲਈ ‘ਦ ਵਾਇਰ’ ਇਨ੍ਹਾਂ ਬਾਰੇ ਕੋਈ ਵਿਸਥਾਰਤ ਜਾਣਕਾਰੀ ਨਹੀਂ ਦੇ ਸਕਦਾ।
ਇਕ ਹੋਰ ਆਦੇਸ਼ ਵਿਚ ਹਾਈ ਕੋਰਟ ਨੇ ਜਗਨਮੋਹਨ ਰੈੱਡੀ ਸਰਕਾਰ ਦੀ ਇਕ ਕੈਬਨਿਟ ਉਪ-ਕਮੇਟੀ ਵਲੋਂ ਪਿਛਲੀ ਟੀ.ਡੀ.ਪੀ. ਸਰਕਾਰ ਦੀਆਂ ਵੱਖ-ਵੱਖ ਗੜਬੜੀਆਂ ਨੂੰ ਲੈ ਕੇ ਪੇਸ਼ ਕੀਤੀ ਗਈ ਇਕ ਰਿਪੋਰਟ ਨੂੰ ਰੋਕ ਦਿੱਤਾ ਸੀ।
ਕਲੱਮ ਅਨੁਸਾਰ ਜਗਨ ਰੈੱਡੀ ਨੇ ਇਹ ਵੀ ਕਿਹਾ ਕਿ ਜਸਟਿਸ ਰਮੰਨਾ ਨੇ ਰਾਜ ਦੀਆਂ ਅਦਾਲਤਾਂ ਵਿਚ ਨਿਆਂਇਕ ਨਿਯੁਕਤੀਆਂ ਨੂੰ ਪ੍ਰਭਾਵਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜੋ ਜਗਨ ਅਨੁਸਾਰ ਭ੍ਰਿਸ਼ਟਾਚਾਰ ਦੇ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਟੀ.ਡੀ.ਪੀ. ਨੇਤਾਵਾਂ ਦੇ ਪੱਖ ਵਿਚ ਫ਼ੈਸਲਾ ਲੈਣ ਲਈ ਕੀਤੇ ਗਏ।
ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਜਾਂਚ ਰਾਹੀਂ ਸਿੱਧ ਕੀਤਾ ਹੈ ਕਿ ਸਾਬਕਾ ਮੁੱਖ ਮੰਤਰੀ ਨਾਇਡੂ ਤੇ ਉਨ੍ਹਾਂ ਦੀ ਪਾਰਟੀ ਨਾਲ ਜੁੜੇ ਕਈ ਹੋਰ ਲੋਕਾਂ ਨੇ ‘ਨਾਜਾਇਜ਼ ਤਰੀਕੇ’ ਨਾਲ ‘ਵੱਡੀ ਸੰਪਤੀ’ ਹਾਸਲ ਕੀਤੀ ਸੀ। ਕਲੱਮ ਨੇ ਜਗਨ ਦੀ ਗੱਲ ਦੁਹਰਾਉਂਦਿਆਂ ਕਿਹਾ ਕਿ ਜਸਟਿਸ ਰਮੰਨਾ ਅਤੇ ਉਨ੍ਹਾਂ ਦੇ ਸਾਥੀ ਕਥਿਤ ਤੌਰ ‘ਤੇ ਜਗਨ ਸਰਕਾਰ ਖ਼ਿਲਾਫ਼ ਕੰਮ ਕਰ ਰਹੇ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸੁਪਰੀਮ ਕੋਰਟ ਜੱਜ ਰਮੰਨਾ ਦੇ ਟੀ.ਡੀ.ਪੀ. ਨੇਤਾ ਨਾਇਡੂ ਨਾਲ ਨਜ਼ਦੀਕੀ ਰਿਸ਼ਤੇਦਾਰੀ ਹੈ।

Share this post

Leave a Reply

Your email address will not be published. Required fields are marked *