ਕੈਲਗਰੀ ਵਿਚ ਕਿਸਾਨਾਂ ਦੇ ਹੱਕ ਵਿਚ ਪ੍ਰਭਾਵਸ਼ਾਲੀ ਤੇ ਭਰਵੀਂ ਰੈਲੀ

ਕੈਲਗਰੀ: 25 ਸਤੰਬਰ ਨੂੰ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਕੈਲਗਰੀ ਦੇ ਸੱਦੇ ਤੇ ਪ੍ਰੇਰੀਵਿੰਡਜ਼ ਪਾਰਕ ਨਾਰਥ ਈਸਟ ਕੈਲਗਰੀ ਦੇ ਬਾਹਰ ਭਾਰਤ ਸਰਕਾਰ ਵਲੋਂ ਕਿਸਾਨ ਵਿਰੋਧੀ ਪਾਸ ਕੀਤੇ ਗਏ ਤਿੰਨ ਆਰਡੀਨੈਂਸਾਂ ਖ਼ਿਲਾਫ਼ ਇੱਕ ਭਰਵੀਂ ਰੈਲੀ ਕੀਤੀ ਗਈ।ਇਹ ਰੈਲੀ ਭਾਰਤ ਤੇ ਖ਼ਾਸਕਰ ਪੰਜਾਬ ਵਿਚ ਕਿਸਾਨ, ਮਜ਼ਦੂਰ ਤੇ ਲੋਕ ਪੱਖੀ ਇਨਕਲਾਬੀ ਜਥੇਬੰਦੀਆਂ ਵਲੋਂ ਕਿਸਾਨਾਂ ਦੀਆਂ ਮੰਗਾਂ ਤੇ ਆਰਡੀਨੈਂਸਾਂ ਦੇ ਵਿਰੋਧ ਵਿਚ 25 ਸਤੰਬਰ ਨੂੰ ਦਿੱਤੇ ਗਏ, ਪੰਜਾਬ ਬੰਦ ਤੇ ਰੇਲ ਰੋਕੋ ਦੇ ਸੱਦੇ ਦਾ ਸਮਰਥਨ ਕਰਨ ਲਈ ਸੀ।ਬੇਸ਼ੱਕ ਕੋਵਿਡ ਕਾਰਨ ਬਹੁਤੇ ਇਕੱਠ ਦੀ ਆਸ ਨਹੀਂ ਸੀ, ਪਰ ਵੱਡੀ ਗਿਣਤੀ ਵਿਚ ਪਹੁੰਚੇ ਲੋਕਾਂ ਦੀ ਸ਼ਮੂਲੀਅਤ ਦੱਸਦੀ ਸੀ ਕਿ ਲੋਕਾਂ ਵਿਚ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਹਮਦਰਦੀ ਤੇ ਸਰਕਾਰ ਪ੍ਰਤੀ ਪੂਰਾ ਰੋਹ ਸੀ।ਇਸ ਮੌਕੇ ਤੇ ਰੈਲੀ ਦੇ ਮੁੱਖ ਪ੍ਰਬੰਧਕ ਮਾਸਟਰ ਭਜਨ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਭਾਰਤ ਸਰਕਾਰ ਵਲੋਂ ਪਾਸ ਕੀਤੇ ਤਿੰਨ ਨਵੇਂ ਖੇਤੀ ਆਰਡੀਨੈਂਸਾਂ ਦੇ ਲਾਗੂ ਹੋਣ ਨਾਲ ਖੇਤੀ ਸੈਕਟਰ ਤੇ ਵੀ ਵੱਡੀਆਂ ਕਾਰਪੋਰੇਸ਼ਨਾਂ ਦਾ ਕਬਜ਼ਾ ਹੋ ਜਾਵੇਗਾ।ਸਰਕਾਰ ਵਲੋਂ ਫ਼ਸਲਾਂ ਦਾ ਤਹਿ ਕੀਤਾ ਜਾਂਦਾ ਘੱਟੋ-ਘੱਟ ਸਮਰਥਨ ਮੁੱਲ ਵੀ ਹੌਲੀ-ਹੌਲੀ ਖ਼ਤਮ ਹੋ ਜਾਵੇਗਾ।ਛੋਟੇ ਤੇ ਮੱਧ ਵਰਗੀ ਕਿਸਾਨਾਂ ਨੂੰ ਖੇਤੀ ਤੋਂ ਬਾਹਰ ਹੋਣਾ ਪਵੇਗਾ ਤੇ ਜ਼ਮੀਨਾਂ ਦੀ ਮਾਲਕੀ ਵੀ ਵੱਡੇ ਘਰਾਣਿਆਂ ਕੋਲ ਚਲੀ ਜਾਵੇਗੀ।ਕੈਲਗਰੀ ਦੀ ਉਘੀ ਕਵਿੱਤਰੀ ਤੇ ਕਈ ਕਿਤਾਬਾਂ ਦੀ ਲੇਖਿਕਾ ਸੁਰਿੰਦਰ ਗੀਤ ਵਲੋਂ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਵਿਚ ਇੱਕ ਕਵਿਤਾ ਪੜ੍ਹੀ।ਇਸ ਮੌਕੇ ਤੇ ਨੌਜਵਾਨ ਪ੍ਰਭਰੂਪ ਸਿੰਘ ਮਾਂਗਟ ਵਲੋਂ ‘ਪਗੜੀ ਸੰਭਾਲ ਜੱਟਾ ਸ਼.’ ਗੀਤ ਪੇਸ਼ ਕੀਤਾ। ਕਮਲਪ੍ਰੀਤ ਪੰਧੇਰ ਦੀ ਅਗਵਾਈ ਵਿਚ ਪ੍ਰੋਗਰੈਸਿਵ ਕਲਾ ਮੰਚ ਕੈਲਗਰੀ ਦੀ ਟੀਮ ਵਲੋਂ ਗਿੱਲ ਹਰਦੀਪ ਦੇ ਗਾਏ ਤੇ ਸੁੱਖ ਬਰਾੜ ਦੇ ਲਿਖੇ ਗੀਤ ‘ਉਠ ਜਾਗ ਪੰਜਾਬ ਸਿਆਂ, ਸੁੱਤਿਆਂ ਚੋਰ ਘਰਾਂ ਵਿਚ ਵੜ ਗਏ ਸ਼’ ਤੇ ਕੋਰੀਓਗਰਾਫੀ ਪੇਸ਼ ਕੀਤੀ, ਜਿਸ ਨੂੰ ਲੋਕ ਨੇ ਖ਼ੂਬ ਸਰਾਹਿਆ।ਪ੍ਰਬੰਧਕਾਂ ਵਲੋਂ ਦਿੱਤੇ ਸੱਦੇ ਅਨੁਸਾਰ ਮੁਜ਼ਾਹਰਾਕਾਰੀ ਕਿਸਾਨੀ ਦੇ ਪ੍ਰਤੀਕ ਹਰੇ ਤੇ ਪੀਲੇ ਰੰਗ ਦੇ ਕੱਪੜੇ, ਦਸਤਾਰਾਂ ਜਾਂ ਚੁੰਨੀਆਂ ਪਾ ਕੇ ਆਏ ਹੋਏ ਸਨ।ਸਾਰੇ ਮੁਜ਼ਾਹਰੇ ਦੌਰਾਨ ਲੋਕਾਂ ਵਲੋਂ ਕਿਸਾਨਾਂ ਦੇ ਹੱਕ ਵਿਚ ਅਤੇ ਮੋਦੀ ਸਰਕਾਰ ਦੇ ਵਿਰੋਧ ਵਿਚ ਰੋਹ ਭਰੇ ਨਾਅਰੇ ਲਗਦੇ।ਗੁਰਦਿਆਲ ਸਿੰਘ ਖਹਿਰਾ ਵਲੋਂ ਸੰਬੋਧਨ ਕਰਦਿਆਂ ਲੋਕਾਂ ਨੂੰ ਲੀਡਰਾਂ ਤੋਂ ਸੁਚੇਤ ਕੀਤਾ ਕਿ ਇਹ ਹੀ ਤੁਹਾਡੇ ਮੋਰਚੇ ਫ਼ੇਲ੍ਹ ਕਰਦੇ ਹਨ, ਇਨ੍ਹਾਂ ਤੋਂ ਬਚ ਕੇ ਰਹੋ।ਕੈਲਗਰੀ ਵੁਮੈਨ ਕਲਚਰਲ ਐਸੋਸੀਏਸ਼ਨ ਵਲੋਂ ਡਾ. ਬਲਵਿੰਦਰ ਕੌਰ ਬਰਾੜ ਨੇ ਕਿਸਾਨ ਬਿੱਲਾਂ ਦੇ ਪੈਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਵਿਚਾਰ ਸਾਂਝੇ ਕੀਤੇ।ਮੈਡਮ ਬਰਾੜ ਤੇ ਮੈਡਮ ਗੁਰਚਰਨ ਕੌਰ ਥਿੰਦ ਆਪਣੀ ਜਥੇਬੰਦੀ ਦੀਆਂ ਔਰਤਾਂ ਨਾਲ ਮੁਜ਼ਾਹਰੇ ਵਿਚ ਸ਼ਾਮਿਲ ਸਨ।ਸਿੱਖ ਵਿਰਸਾ ਇੰਟਰਨੈਸ਼ਨਲ ਤੋਂ ਹਰਚਰਨ ਸਿੰਘ ਪ੍ਰਹਾਰ ਵਲੋਂ ਆਏ ਹੋਏ ਲੋਕਾਂ, ਮੀਡੀਆ, ਜਥੇਬੰਦੀਆਂ ਦਾ ਧੰਨਵਾਦ ਕੀਤਾ, ਜੋ ਬਹੁਤ ਘੱਟ ਸਮੇਂ ਦੇ ਨੋਟਿਸ ਤੇ ਵੱਡੀ ਗਿਣਤੀ ਵਿਚ ਪਹੁੰਚੇ।ਉਨ੍ਹਾਂ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਲੀਡਰ ਹੀ ਸਾਡੀ ਬੇੜੀ ਡੋਬਦੇ ਹਨ, ਇਨ੍ਹਾਂ ਦੀਆਂ ਚਾਲਾਂ ਤੋਂ ਸਾਵਧਾਨ ਰਹੋ।ਉਨ੍ਹਾਂ ਲੋਕਲ ਦੇਸੀ ਲੀਡਰਾਂ ਬਾਰੇ ਬੋਲਦਿਆਂ ਕਿਹਾ ਕਿ ਇਹ ਲੀਡਰ ਲੋਕ ਮਸਲਿਆਂ ਤੇ ਨਾ ਕਦੇ ਬੋਲਦੇ ਹਨ ਤੇ ਨਾ ਹੀ ਲੋਕਾਂ ਨਾਲ ਖੜਦੇ ਹਨ।ਅੱਜ ਵੀ ਜਦੋਂ ਲੋਕ ਇਤਨੀ ਵੱਡੀ ਗਿਣਤੀ ਵਿਚ ਆਏ ਹਨ ਤਾਂ ਕਿਸੇ ਵੀ ਐਮ ਐਲ ਏ, ਐਮ ਪੀ, ਕੌਂਸਲਰ, ਕਿਸੇ ਗੁਰਦੁਆਰੇ ਦੇ ਪ੍ਰਧਾਨ, ਕਿਸੇ ਜਥੇਬੰਦੀ ਦੇ ਕਿਸੇ ਲੀਡਰ ਦਾ ਸ਼ਾਮਿਲ ਨਾ ਹੋਣਾ ਦੱਸਦਾ ਹੈ ਕਿ ਇਹ ਲੋਕਾਂ ਤੋਂ ਟੁੱਟੇ ਹੋਏ ਹਨ, ਸਿਰਫ਼ ਤੁਹਾਡੀ ਵੋਟਾਂ ਲਈ ਹੀ ਤੁਹਾਨੂੰ ਵਰਤਦੇ ਹਨ।ਯਾਦ ਰਹੇ ਕੈਲਗਰੀ ਨਾਰਥ ਈਸਟ ਦੇ ਪ੍ਰੇਰੀਵਿੰਡਜ਼ ਪਾਰਕ ਵਿਚ ਇਸ ਮੁਜ਼ਾਹਰੇ ਦੇ ਅਖੀਰ ਵਿਚ ਕਿਸਾਨਾਂ ਦੇ ਹੱਕ ਤੇ ਮੋਦੀ ਸਰਕਾਰ ਦੇ ਵਿਰੋਧ ਵਿਚ ਚੁੱਕੇ ਹੋਏ ਬੈਨਰਾਂ ਤੇ ਤਖ਼ਤੀਆਂ ਨਾਲ ਪ੍ਰਦਰਸ਼ਨਕਾਰੀਆਂ ਨੇ ਪ੍ਰੇਰੀਵਿੰਡ ਦੇ ਬਾਹਰ ਰੋਡ ਦੇ ਨਾਲ-ਨਾਲ ਨਾਅਰੇਬਾਜ਼ੀ ਕਰਦੇ ਹੋਏ ਰੋਸ ਮਾਰਚ ਵੀ ਕੀਤਾ।ਪ੍ਰਬੰਧਕਾਂ ਵਲੋਂ ਮੀਡੀਆ ਕਵਰੇਜ ਲਈ ਆਏ ਰਿਸ਼ੀ ਨਾਗਰ (ਰੈਡ ਐੈਫ ਐਮ ਰੇਡੀਉ), ਅਵਨੀਤ ਤੇਜਾ ਤੇ ਸ਼ਵੀ ਸਿੰਘ (ਪ੍ਰਾਈਮ ਏਸ਼ੀਆ ਟੀਵੀ), ਜਸਜੀਤ ਧਾਮੀ (ਅਜੀਤ ਅਖ਼ਬਾਰ), ਬਲਜਿੰਦਰ ਸੰਘਾ (ਮੈਪਲ ਮੀਡੀਆ), ਡੈਨ ਸਿੱਧੂ (ਲੋਕ ਸੱਥ) ਦਾ ਖ਼ਾਸਕਰ ਧੰਨਵਾਦ ਕੀਤਾ।