fbpx Nawidunia - Kul Sansar Ek Parivar

ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਨਾਲ ਗੱਲਬਾਤ ਟੁੱਟੀ

ਮਾਨਸਾ (ਜੋਗਿੰਦਰ ਸਿੰਘ ਮਾਨ) ਪੰਜਾਬ ਵਿਚ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦੇ ਰਾਹ ਪਈਆਂ ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਦੇ ਖੇਤੀ ਮੰਤਰਾਲੇ ਦੇ ਸੱਕਤਰ ਸੰਜੇ ਅੱਗਰਵਾਲ ਨਾਲ ਦਿੱਲੀ ਵਿਖੇ ਚੱਲੀ ਗੱਲਬਾਤ ਟੁੱਟ ਗਈ ਹੈ। ਕਿਸਾਨ ਜਥੇਬੰਦੀਆਂ ਦੇ ਆਗੂ ਮੀਟਿੰਗ ਵਿੱਚੋਂ ਉਠੱਕੇ ਬਾਹਰ ਆ‌ ਗਏ ਹਨ। ਅਗਲੇ ਸੰਘਰਸ਼ ਲਈ ਕਿਸਾਨ ਯੂਨੀਅਨਾਂ ਦੀ ਚੰਡੀਗੜ੍ਹ ਵਿੱਚ 15 ਅਕਤੂਬਰ ਨੂੰ ਮੀਟਿੰਗ ਰੱਖ ਦਿੱਤੀ ਗਈ ਹੈ। ਪਤਾ ਲੱਗਿਆ ਹੈ ਕਿ ਇਹ ਮੀਟਿੰਗ ਉਸ‌ ਵੇਲੇ ਬਿਨਾਂ ਕਿਸੇ ਹੱਲ ਤੋਂ ‌ਅੱਧ ਵਿਚਾਲੇ ਸਮਾਪਤ ਹੋ ਗਈ, ਜਦੋਂ ਮੀਟਿੰਗ ਵਿੱਚ ਕੋਈ ਕੇਂਦਰੀ ਮੰਤਰੀ ਨਹੀਂ ਆਇਆ, ਹਾਲਾਂਕਿ ਪਹਿਲਾਂ ਰਾਜਨਾਥ ਸਿੰਘ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਦੇ ਆਉਣ ਬਾਰੇ ਚਰਚਾ ਸੀ। ਇਸ ਤੋਂ ਪਹਿਲਾਂ ਜਥੇਬੰਦੀਆਂ ਦਿੱਲੀ ਵਿਖੇ ਨਵੇਂ ਬਣੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਕੇਂਦਰ ਸਰਕਾਰ ਵਲੋਂ ਦਿੱਤੇ ਸੱਦੇ ਤਹਿਤ ਗੱਲਬਾਤ ਕਰਨ ਲਈ ਅੱਜ ਵੱਡੇ ਤੜਕੇ ਦੇ ਦਿੱਲੀ ਲਈ ਰਵਾਨਾ ਹੋਏ ਸਨ।

ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ, ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਬਲਕਰਨ ਸਿੰਘ ਬੱਲੀ, ਅਤੇ ਭਾਰਤੀ ਕਿਸਾਨ ਯੂਨੀਅਨ (ਮਾਨਸਾ ) ਦੇ ਸੂਬਾ ਪ੍ਰਧਾਨ ਬੋਘ ਸਿੰਘ ਨੇ ਫੋਨ ਰਾਹੀਂ ਇਸ ਪੱਤਰਕਾਰ ਨੂੰ ਦੱਸਿਆ ਕਿ ਕੇਂਦਰੀ ਮੰਤਰੀ ਆਪ ਚੋਣਾਂ ਦੇ ਪ੍ਰਚਾਰ ਲਈ ਰੁੱਝੇ ਹੋਏ ਹਨ ਅਤੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਬੁਲਾਕੇ ਗੁੰਮਰਾਹ ਕਰ ਰਹੇ ਹਨ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਦੱਸਿਆ ਕਿ ਮੀਟਿੰਗ ਵਿਚ ਉਸ ਵੇਲੇ ਰੌਲਾ ਪੈ ਗਿਆ, ਜਦੋਂ ਕਿਸੇ ਕੇਂਦਰੀ ਮੰਤਰੀ ਦੇ ਨਾ ਆਉਣ ਬਾਰੇ ਪਤਾ ਲੱਗਿਆ। ਬਾਅਦ ਵਿਚ ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਭਾਜਪਾ ਨੂੰ ਕਿਸਾਨ ਵਿਰੋਧੀ ਨੀਤੀਆਂ ਵਾਲੀ ਸਰਕਾਰ ਕਿਹਾ। ਉਨ੍ਹਾਂ ਦੱਸਿਆ ਕਿ ਜਥੇਬੰਦੀਆਂ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ, ਫਸਲਾਂ ਦੇ ਭਾਅ ਡਾ ਸਵਾਮੀ ਨਾਥਨ ਦੀ ਰਿਪੋਰਟ ਅਨੁਸਾਰ ਮਿੱਥਣ, ਸਾਰੀਆਂ ਜਿਣਸਾਂ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ ਮੁਤਾਬਕ ਹੋਣ ਦੀ ਗਰੰਟੀ ਦੀ ਗੱਲ ਸੱਕਤਰ ਕੋਲ ਰੱਖ ਦਿੱਤੀ ਹੈ। ਭਾਰਤੀ ਕਿਸਾਨ ਯੂਨੀਅਨ (ਮਾਨਸਾ) ਦੇ ਸੂਬਾ ਪ੍ਰਧਾਨ ਬੋਘ ਸਿੰਘ ਨੇ ਦੱਸਿਆ ਕਿ ਹੁਣ ਅਗਲੇ ਸੰਘਰਸ਼ ਨੂੰ ਜਾਰੀ ਰੱਖਣ ਲਈ ਭਲਕੇ 15 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਕਿਸਾਨ ਭਵਨ ਵਿਚ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਬੁਲਾਈ ਗਈ ਹੈ।

29 ਕਿਸਾਨ ਧਿਰਾਂ ਦੇ ਆਗੂ ਪਹਿਲਾਂ ਇਕੱਠੇ ਹੋ ਕੇ ਆਪਣੀ ਗੱਲਬਾਤ ਕੀਤੀ ਅਤੇ ਬਾਅਦ ਵਿੱਚ ਖੇਤੀ ਮੰਤਰਾਲੇ ਦੇ ਸੱਕਤਰ ਸੰਜੇ ਅੱਗਰਵਾਲ ਦੀ ਦਿੱਤੇ ਸੱਦੇ ਮੁਤਾਬਕ ਕ੍ਰਿਸ਼ੀ ਭਵਨ ਵਿਖੇ ਮੀਟਿੰਗ ਵਿੱਚ ਭਾਗ ਲਈ ਪੁੱਜੇ ਹਨ। ਉਨ੍ਹਾਂ ਦੱਸਿਆ ਕਿ ਜਥੇਬੰਦੀਆਂ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ, ਫਸਲਾਂ ਦੇ ਭਾਅ ਡਾ ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਮਿੱਥਣ, ਸਾਰੀਆਂ ਜਿਣਸਾਂ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ ਮੁਤਾਬਕ ਹੋਣ ਦੀ ਗਰੰਟੀ ਦੀ ਗੱਲ ਕਰਨਗੀਆਂ।

ਭਾਰਤੀ ਕਿਸਾਨ ਯੂਨੀਅਨ (ਮਾਨਸਾ) ਦੇ ਸੂਬਾ ਪ੍ਰਧਾਨ ਬੋਘ ਸਿੰਘ ਨੇ ਦੱਸਿਆ ਕਿ ਮੀਟਿੰਗ ਲਈ ਸਾਰੀਆਂ ਜਥੇਬੰਦੀਆਂ ਦੀ ਪੂਰੀ ਤਿਆਰੀ ਹੈ ਅਤੇ ਇਸ ਵਾਸਤੇ 7 ਮੈਂਬਰੀ ਕਮੇਟੀ ਦੇ ਮੈਂਬਰ ਬਲਵੀਰ ਸਿੰਘ ਰਾਜੇਵਾਲ, ਡਾ. ਦਰਸ਼ਨ ਪਾਲ, ਜਗਮੋਹਨ ਸਿੰਘ ਪਟਿਆਲਾ, ਜਗਜੀਤ ਸਿੰਘ ਡੱਲੇਵਾਲ, ਸੁਰਜੀਤ ਸਿੰਘ ਫੂਲ, ਸਤਨਾਮ ਸਿੰਘ ਸਾਹਨੀ ਕੁਲਵੰਤ ਸਿੰਘ ਸੰਧੂ ਅੰਨਦਾਤਾ ਦਾ ਦਰਦ ਕੇਂਦਰ ਸਰਕਾਰ ਸਾਹਮਣੇ ਰੱਖਣਗੇ।ਉਧਰ ਇਹ ਵੀ ਪਤਾ ਲੱਗਿਆ ਹੈ ਕਿ ਕੇਂਦਰ ਸਰਕਾਰ ਵਲੋਂ ਵੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਲਈ ਖ਼ਾਕਾ ਤਿਆਰ ਕਰ ਲਿਆ ਗਿਆ ਹੈ, ਜਿਸ ਲਈ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਸੱਕਤਰ ਸੰਜੇ ਅੱਗਰਵਾਲ ਨੇ ਪੰਜਾਬ ਸਰਕਾਰ ਪਾਸੋਂ ਵੇਰਵੇ ਹਾਸਲ ਕਰ ਲਏ ਗਏ ਹਨ।ਇਹ ਵੀ ਜਾਣਕਾਰੀ ਮਿਲੀ ਹੈ ਕਿ ਸੱਕਤਰ ਨਾਲ ਗੱਲਬਾਤ ਦੌਰਾਨ ਜਾਂ ਬਾਅਦ ਵਿੱਚ ਕੇਂਦਰੀ ਮੰਤਰੀ ਰਾਜਨਾਥ ਸਿੰਘ ਅਤੇ ਖੇਤੀ ਬਾੜੀ ਮੰਤਰੀ ਵੀ ਆ ਸਕਦੇ ਹਨ।

Share this post

Leave a Reply

Your email address will not be published. Required fields are marked *