ਸੈਲਮਾ ਵਿਖੇ ਭਾਰਤੀ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਵਿਚ ਮਤਾ ਪਾਸ
ਸੈਲਮਾ : ਭਾਰਤ ਸਰਕਾਰ ਵਲੋਂ ਖੇਤੀ ਸਬੰਧੀ ਪਾਸ ਕੀਤੇ ਤਾਜ਼ਾ ਬਿੱਲ ਭਾਰਤ ਅਤੇ ਪੂਰੀ ਦੁਨੀਆ ਵਿਚ ਤਿੱਖੀ ਬਹਿਸ ਦਾ ਮੁੱਦਾ ਬਣੇ ਹੋਏ ਹਨ। ਭਾਰਤ ਦੇ ਕਿਸਾਨ ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਵਿਚ ਇਨ੍ਹਾਂ ਬਿੱਲਾਂ ਖ਼ਿਲਾਫ਼ ਸੰਘਰਸ਼ ਚੱਲ ਕਰ ਰਹੇ ਹਨ। ਵਿਦੇਸ਼ਾਂ ਵਿਚ ਵੱਸਦੇ ਭਾਰਤੀ ਭਾਈਚਾਰੇ ਵਿਚ ਵੀ ਕਿਸਾਨਾਂ ਅਤੇ ਸਮੁੱਚੀ ਖੇਤੀ ਬਾੜੀ ਦੇ ਭਵਿੱਖ ਬਾਰੇ ਚਿੰਤਾ ਪੈਦਾ ਕਰ ਦਿੱਤੀ ਹੈ। ਸਿੱਟੇ ਵਜੋਂ ਵੱਖ ਵੱਖ ਦੇਸ਼ਾਂ ਅਤੇ ਸ਼ਹਿਰਾਂ ਵਿਚ ਰੋਸ ਮੁਜ਼ਾਹਰੇ ਹੋ ਰਹੇ ਹਨ। ਕੈਲੇਫੋਰਨੀਆ ਦੇ ਸ਼ਹਿਰ ਸੈਲਮਾ ਵਿਚ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਾ ਇਕੱਠ ਹੋਇਆ।
ਸੈਲਮਾ ਗੁਰਦੁਆਰਾ ਸਾਹਿਬ ਦੇ ਖੁੱਲ੍ਹੇ ਸ਼ੈੱਡ ਥੱਲੇ ਸੈਂਕੜੇ ਪੁਰਸ਼ਾਂ ਅਤੇ ਇਸਤਰੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦੇ ਸ਼ੁਰੂ ਵਿਚ ਸੈਲਮਾ ਗੁਰੂਘਰ ਦੀ ਕਮੇਟੀ ਵਲੋਂ ਨਰਿੰਦਰ ਸਿੰਘ ਗਿੱਲ ਨੇ ਸਭ ਨੂੰ ਜੀ ਆਇਆਂ ਕਿਹਾ ਗਿਆ। ਇਕ ਹੋਰ ਕਿਸਾਨ ਭਜਨ ਸਿੰਘ ਸਹੋਤਾ ਨੇ ਜਿੱਥੇ ਭਾਰਤ ਦੇ ਕਿਸਾਨਾਂ ਨਾਲ ਇਕਮੁਠਤਾ ਜ਼ਾਹਰ ਕੀਤੀ ਅਤੇ ਸਥਾਨਕ ਕਿਸਾਨਾਂ ਦੀਆਂ ਮੁਸ਼ਕਲਾਂ ਵੱਲ ਵੀ ਧਿਆਨ ਦਿਵਾਇਆ। ਐਨ.ਆਰ.ਆਈ. ਸਭਾ ਦੇ ਨਵ-ਨਿਯੁਕਤ ਪ੍ਰਧਾਨ ਕਿਰਪਾਲ ਸਿੰਘ ਸਹੋਤਾ (ਪਾਲ ਸਹੋਤਾ) ਨੇ ਭਾਰਤ ਵਿਚ ਕਿਸਾਨਾਂ ਨਾਲ ਹੋ ਰਹੇ ਧੱਕੇ ਪ੍ਰਤੀ ਸਾਵਧਾਨ ਕੀਤਾ। ਸ੍ਰ. ਸੁਖਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਕਿਸਾਨੀ ਦੇ ਮਸਲੇ ਲਗਾਤਾਰ ਨਜ਼ਰਅੰਦਾਜ਼ ਕੀਤੇ ਜਾਂਦੇ ਰਹੇ ਹਨ। ਸ੍ਰ. ਗੁਰਦੀਪ ਸਿੰਘ ਅਣਖੀ ਨੇ ਕਿਸਾਨੀ ਮਸਲਿਆਂ ਬਾਰੇ ਵਿਸਥਾਰ ਨਾਲ ਜ਼ਿਕਰ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਆਪਣੇ ਹੱਕਾਂ ਦੀ ਪਹਿਰੇਦਾਰੀ ਲਗਾਤਾਰ ਕਰਨੀ ਹੋਵੇਗੀ ਕਿਉਂਕਿ ਸਮਾਜ ਦੇ ਜਿਹੜੇ ਹਿੱਸੇ ਜਾਗਦੇ ਨਹੀਂ, ਉਹ ਹਮੇਸ਼ਾ ਦਬਾਏ ਜਾਂਦੇ ਹਨ। ਸ੍ਰ. ਕੁੰਦਨ ਸਿੰਘ ਨੇ ਕਿਸਾਨ ਅੰਦੋਲਨ ਨੂੰ ਸਮਰਪਿਤ ਇਕ ਕਵਿਤਾ ਗਾ ਕੇ ਸੁਣਾਈ। ਖੇਤੀ ਮਾਹਰ ਅਤੇ ਫਰੈਜ਼ਨੋ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਗੁਰਰੀਤ ਬਰਾੜ ਨੇ ਖੇਤੀ ਸਬੰਧੀ ਨਵੀਂ ਸੋਚ ਅਪਣਾਉਣ ਅਤੇ ਨਵੀਆਂ ਨੀਤੀਆਂ ਨੂੰ ਸਹੀ ਨੀਤ ਨਾਲ ਲਾਗੂ ਕਰਨ ਦੀ ਗਲ ਕਹੀ। ਸ੍ਰ. ਅਮਰੀਕ ਸਿੰਘ ਵਿਰਕ ਨੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਵਿਚ ਸਿੱਖ ਕੌਂਸਲ ਆਫ਼ ਸੈਂਟਰਲ ਕੈਲੇਫੋਰਨੀਆ ਵਲੋਂ ਪਾਸ ਕੀਤਾ ਮਤਾ ਪੜ੍ਹ ਕੇ ਸੁਣਾਇਆ ਅਤੇ ਕਿਰਪਾਲ ਸਿੰਘ ਸਹੋਤਾ ਨੂੰ ਸੌਂਪਿਆ। ਪ੍ਰਸਿੱਧ ਗਾਇਕ ਸ੍ਰ. ਰਾਜ ਬਰਾੜ ਨੇ ਕਿਸਾਨੀ ਬਾਰੇ ਖ਼ੂਬਸੂਰਤ ਗੀਤ ਸੁਣਾਇਆ। ਸੁਰਿੰਦਰ ਮੰਢਾਲੀ ਨੇ ਭਾਰਤ ਸਰਕਾਰ ਵਲੋਂ ਪਾਸ ਕੀਤੇ ਤਿੰਨਾਂ ਬਿੱਲਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਉਨ੍ਹਾਂ ਵਿਚਲੇ ਲੋਕ ਵਿਰੋਧੀ ਪੱਖ ਉਜਾਗਰ ਕੀਤੇ।
ਸ੍ਰ. ਸਾਧੂ ਸਿੰਘ ਸੰਘਾ, ਰਣਜੀਤ ਸਿੰਘ ਗਿੱਲ ਨੇ ਵੀ ਕਿਸਾਨਾਂ ਨਾਲ ਆਪਣੀ ਇਕਮੁਠਤਾ ਪ੍ਰਗਟਾਈ। ਸੰਤੋਖ ਮਿਨਹਾਸ ਨੇ ਸ਼ਾਂਤਮਈ ਚੱਲ ਰਹੇ ਕਿਸਾਨ ਅੰਦੋਲਨ ‘ਤੇ ਤਸੱਲੀ ਪ੍ਰਗਟਾਈ। ਡਾ. ਮਲਕੀਤ ਸਿੰਘ ਕਿੰਗਰਾ ਨੇ ਬੀਤੇ ਸਮੇਂ ਵਿਚ ਹੋਏ ਕਿਸਾਨ ਸੰਘਰਸ਼ਾਂ ਦਾ ਜ਼ਿਕਰ ਕਰਦਿਆਂ ਸੰਘਰਸ਼ ਦੀ ਲਗਾਤਾਰਤਾ ‘ਤੇ ਜ਼ੋਰ ਦਿੱਤਾ। ਹਰਜਿੰਦਰ ਢੇਸੀ, ਸ਼ਰਨਜੀਤ ਧਾਲੀਵਾਲ, ਹਰਿੰਦਰ ਮੰਢਾਲੀ ਅਤੇ ਨਰਿੰਦਰ ਸੁਜੋਂ ਨੇ ਭਾਵਪੂਰਤ ਕਵਿਤਾਵਾਂ ਸੁਣਾਈਆਂ। ਪਾਸ ਕੀਤੇ ਗਏ ਮਤੇ ਵਿਚ ਕਿਸਾਨੀ ਮਸਲਿਆਂ ਦੇ ਢੁਕਵੇਂ ਹੱਲ ਲਈ ਸੁਝਾਵਾਂ ਤੋਂ ਇਲਾਵਾ, ਇਸਤਰੀ ਵਰਗ ‘ਤੇ ਹੋ ਰਹੀ ਅਣਮਨੁੱਖੀ ਹਿੰਸਾ ਅਤੇ ਬਲਾਤਕਾਰਾਂ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਸਰਕਾਰ ਤੋਂ ਇਸ ‘ਤੇ ਸਖ਼ਤ ਐਕਸ਼ਨ ਲੈਣ ਦੀ ਮੰਗ ਕੀਤੀ ਗਈ। ਭਾਰਤ ਦੀਆਂ ਧਾਰਮਕ ਤੇ ਸਮਾਜਕ ਘੱਟ-ਗਿਣਤੀਆਂ ਖ਼ਾਸ ਕਰ ਦਲਿਤਾਂ ਵਿਰੁੱਧ ਹੋ ਰਹੇ ਅੱਤਿਆਚਾਰਾਂ ਵਿਰੁੱਧ ਤੁਰੰਤ ਐਕਸ਼ਨ ਲੈਣ ਅਤੇ ਸਭ ਦੇ ਮੁੱਢਲੇ ਹੱਕਾਂ ਦੀ ਰਾਖੀ ਯਕੀਨੀ ਬਣਾਉਣ ਦੀ ਮੰਗ ਕੀਤੀ। ਇਹ ਮਤਾ ਭਾਰਤ ਸਰਕਾਰ ਤੱਕ ਪੁੱਜਦਾ ਕਰਨ ਲਈ ਭਾਰਤੀ ਕੌਂਸਲ ਜਨਰਲ ਨੂੰ ਭੇਜਿਆ ਜਾਵੇਗਾ। ਅਖੀਰ ਵਿਚ ਪਰਗਟ ਸਿੰਘ ਧਾਲੀਵਾਲ ਵਲੋਂ ਇਸ ਪ੍ਰੋਗਰਾਮ ਵਿਚ ਪਹੁੰਚੇ ਸਭ ਸੱਜਣਾਂ ਅਤੇ ਬੀਬੀਆਂ ਦਾ ਧੰਨਵਾਦ ਕੀਤਾ ਅਤੇ ਕਿਸਾਨਾਂ ਦੇ ਮਸਲਿਆਂ ਬਾਰੇ ਜਾਗਰੂਕ ਹੋਣ ਦਾ ਸੱਦਾ ਦਿੱਤਾ।
ਇਸ ਮੌਕੇ ਸੈਂਟਰਲ ਕੈਲੇਫੋਰਨੀਆ ਦੇ ਕਿਸਾਨਾਂ ਵਲੋਂ ਬਣਾਈ ਜਾ ਰਹੀ ਇਕ ਸੰਸਥਾ ਪੰਜਾਬੀ ਅਮੈਰੀਕਨ ਗਰੋਅਰ ਗਰੁੱਪ (PAG) ਹੈ ਦੀ ਵੀ ਗਲ ਕੀਤੀ ਗਈ ਇਹ ਸੰਸਥਾ ਲੋਕਲ ਕਿਸਾਨੀ ਮਸਲਿਆ ਬਾਰੇ ਕੰਮ ਕਰੇਗੀ। ਸਾਰੇ ਫੰਕਸ਼ਨ ਦਰੌਨ ਸਾਰੇ ਸਰੋਤਿਆਂ ਨੇ ਮਾਸਕ ਪਾਈ ਰੱਖੇ, ਹੱਥ ਮਿਲਾਉਣ ਤੋ ਗੁਰੇਜ਼ ਅਤੇ 6 ਫੁੱਟ ਦੀ ਵਿੱਥ ‘ਤੇ ਬੈਠ ਕੇ ਕੋਵਿਡ ਸਬੰਧੀ ਸਾਵਧਾਨੀਆਂ ਦਾ ਪਾਲਣ ਕੀਤਾ। ਸੁਰਿੰਦਰ ਮੰਢਾਲੀ ਨੇ ਜੀ ਟੀਵੀ ਦੇ ਸੰਜੀਵ ਕੁਮਾਰ, ਜਸ ਟੀਵੀ ਦੇ ਜਗਤਾਰ ਜੱਗੀ ਅਤੇ ਗੁਰਦੀਪ ਸਿੰਘ ਸ਼ੇਰਗਿੱਲ ਦਾ ਪ੍ਰੋਗਰਾਮ ੂ ਕਵਰ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਨਰਿੰਦਰ ਸੁਜੋ ਅਤੇ ਕੁਲਦੀਪ ਸੁਜੋ ਜੋ ਪਰਿਵਾਰਾਂ ਸਮੇਤ ਬੇ-ਏਰੀਏ ਤੋਂ ਪਹੁੰਚੇ ਅਤੇ ਕੁਲਦੀਪ ਸਿੰਘ ਅਟਵਾਲ ਮਰਸਿਡ ਤੋਂ ਪਹੁੰਚਣ ‘ਤੇ ਖ਼ਾਸ ਧੰਨਵਾਦ ਕੀਤਾ।