fbpx Nawidunia - Kul Sansar Ek Parivar

ਪੰਜਾਬੀ ਲਿਖਾਰੀ ਸਭਾ ਕੈਲਗਰੀ ਨੇ ਸਮਾਜਕ ਮੁੱਦਿਆਂ ‘ਤੇ ਕੀਤੀ ਚਰਚਾ

ਕੈਲਗਰੀ (ਜੋਰਾਵਰ ਬਾਂਸਲ) : ਪੰਜਾਬੀ ਲਿਖਾਰੀ ਸਭਾ ਕੈਲਗਰੀ ਨੇ ਸਰਦ ਮੌਸਮ ਦੀ ਆਮਦ ਕਾਰਨ ਆਧੁਨਿਕ ਤਕਨੀਕ ਦੀ ਵਰਤੋਂ ਕਰਦਿਆਂ ਇਸ ਮਹੀਨੇ ਦੀ ਮੀਟਿੰਗ ਘਰਾਂ ਤੋਂ ਹੀ ਕੀਤੀ। ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਸਭ ਮੈਂਬਰਾਂ ਦਾ ਸਵਾਗਤ ਕੀਤਾ। ਸ਼ੌਕ ਮਤੇ ਸਾਂਝੇ ਕਰਦਿਆਂ ਵਿਦਵਾਨ ਡਾ. ਜੁਗਿੰਦਰ ਸਿੰਘ ਪੁਆਰ, ਉੱਘੇ ਚਿੰਤਕ ਤੇ ਸਾਹਿਤਕਾਰ ਪ੍ਰੋ. ਕੁਲਦੀਪ ਸਿੰਘ ਧੀਰ ਤੇ ਸੰਗੀਤ ਜਗਤ ਦੀ ਮਹਾਨ ਹਸਤੀ ਸ. ਕੇਸਰ ਸਿੰਘ ਨਰੂਲਾ ਦੇ ਸਦੀਵੀ ਵਿਛੋੜੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਪੰਜਾਬੀ ਰੰਗਮੰਚ ਨੂੰ ਪ੍ਰਣਾਏ ਕਈ ਰੰਗਮੰਚ ਸੰਸਥਾਵਾਂ ਨਾਲ ਜੂੜੇ ਹੰਸਾ ਸਿੰਘ ਜੋ ਜ਼ਿੰਦਗੀ ਦੇ ਆਖ਼ਰੀ ਸਮੇਂ ਵਿਚ ਕਿਸਾਨੀ ਮੋਰਚਿਆਂ ‘ਤੇ ਜੋਸ਼ ਨਾਲ ਨਾਟਕ ਖੇਡਦੇ ਰਹੇ। ਪੰਜਾਬੀ ਲਿਖਾਰੀ ਨੇ ਉਨ੍ਹਾਂ ਦੇ ਤੁਰ ਜਾਣ ‘ਤੇ ਭਾਵੁਕ ਸ਼ਬਦਾਂ ਨਾਲ ਸੋਗ ਪ੍ਰਗਟ ਕੀਤਾ। ਬਲਜਿੰਦਰ ਸੰਘਾ ਨੇ ਉਨ੍ਹਾਂ ਨਾਲ 2009 ਜੁਲਾਈ ਅਗਸਤ ਵਿਚ ਬਿਤਾਏ ਸਮੇਂ ਦੀਆਂ ਯਾਦਾਂ ਤੇ ਉਨ੍ਹਾਂ ਦੇ ਇਨਕਲਾਬੀ ਤੇ ਸਮਾਜ ਪ੍ਰਤੀ ਚਿੰਤਾ ਬਾਰੇ ਵਿਸਥਾਰ ਨਾਲ ਜ਼ਿਕਰ ਕੀਤਾ। ਅੱਜ ਦੀ ਤਰੀਕ ਵਿਚ ਪੰਜਾਬ ਕਿਸਾਨੀ ਮੋਰਚਿਆਂ ਤੇ ਸਰਕਾਰੀ ਬਿੱਲਾਂ ਖ਼ਿਲਾਫ਼ ਸੰਘਰਸ਼ ਲੜ ਰਿਹਾ ਹੈ। ਜਿਸ ਉੱਤੇ ਇਸ ਮੀਟਿੰਗ ਵਿਚ ਜ਼ੋਰਦਾਰ ਚਰਚਾ ਹੋਈ। ਮਹਿੰਦਰਪਾਲ ਸਿੰਘ ਪਾਲ ਤੇ ਬਲਜਿੰਦਰ ਸੰਘਾ ਨੇ ਕਿਸਾਨ ਜਥੇਬੰਦੀਆਂ ਦੀ ਲੋੜੀਂਦੀ ਸਲਾਹ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਇਨ੍ਹਾਂ ਆਰਡੀਨੈਂਸ ਬਿੱਲਾਂ ਵਿਚ ਸ਼ਾਮਲ ਕਰਨ ਦੀ ਗੱਲ ਕਹੀ ਤੇ ਅੱਜ ਦੀ ਭ੍ਰਿਸ਼ਟ ਸਿਆਸਤ ਉੱਤੇ ਮਹਿੰਦਰਪਾਲ ਸਿੰਘ ਪਾਲ ਨੇ ਆਪਣੀ ਰਚਨਾ ‘ਨੇਤਾ’ ਸੁਣਾਈ।
ਮੰਗਲ ਚੱਠਾ ਨੇ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਗੈਰ ਜ਼ਿੰਮੇਵਾਰ ਢੰਗ ਨਾਲ ਬੋਲਣ ਵਾਲੇ ਬੁਲਾਰੇ ਤੇ ਇਨ੍ਹਾਂ ਮੋਰਚਿਆਂ ਵਿਚ ਮੇਲਿਆਂ ਵਾਂਗ ਬੇ-ਪ੍ਰਵਾਹ ਘੁੰਮਦੀ ਜਨਤਾ ਸਿਖਰ ਵੱਲ ਜਾਂਦੇ ਇਸ ਸੰਘਰਸ਼ ਨੂੰ ਢਾਹ ਲਾ ਸਕਦੇ ਹਨ। ਉਨ੍ਹਾਂ ਨੇ ‘ਧਰਮ ਯੁੱਧ’ ਨਾਮ ਦੀ ਪੰਜਾਬ ਦਾ ਦਰਦ ਪੇਸ਼ ਕਰਦੀ ਰਚਨਾ ਵੀ ਸਾਂਝੀ ਕੀਤੀ। ਬਲਵੀਰ ਗੋਰਾ ਨੇ ਪੰਜਾਬ ਦੀਆਂ ਸਟੇਜਾਂ ‘ਤੇ ਗੀਤਾਂ ਦੇ ਫ਼ਿਲਮਾਂਕਣ ਵਿਚ ਲੱਚਰ ਗਾਇਕੀ ਦਾ ਪ੍ਰਭਾਵ ਪਾਉਂਦੇ ਆਪਣੀ ਦੁਕਾਨ ਚਲਾਉਂਦੇ ਗੀਤਕਾਰਾਂ, ਕਲਾਕਾਰਾਂ ਨੂੰ ਆਪਣੇ ਗੀਤ ‘ਮੈਂ ਨਹੀਂ ਵਪਾਰੀ ਵੀਰੇ, ਮੈਂ ਤਾਂ ਗੀਤਕਾਰ ਹਾਂ’ ਖ਼ੁਦਗ਼ਰਜ਼ੀ ਤਿਆਗਣ ਦਾ ਸੁਨੇਹਾ ਦਿੱਤਾ।
ਰਣਜੀਤ ਸਿੰਘ ਨੇ ਸਾਰੇ ਪਾਸੇ ਕਰੋਨਾ ਮਹਾਂਮਾਰੀ ਦੇ ਵੱਧ ਰਹੇ ਅੰਕੜਿਆਂ ‘ਤੇ ਚਿੰਤਾ ਪ੍ਰਗਟ ਕਰਦਿਆਂ ਸਾਰਿਆਂ ਨੂੰ ਦੂਰੀ ਮਾਪਦੰਡ, ਸੈਨੇਟਾਈਜ਼ਰ  ਤੇ ਮਾਸਕ ਆਦਿ ਦੀ ਵਰਤੋਂ ਕਰਨ ‘ਤੇ ਜ਼ੋਰ ਦਿੱਤਾ ਤੇ ਕਿਹਾ ਕਿ ਇਹ ਸੁਰੱਖਿਆ ਅਸੀਂ ਦੂਸਰਿਆਂ ਤੋਂ ਪਹਿਲਾਂ ਆਪਣੇ ਵਲੋਂ ਕਰੀਏ ਤਾਂ ਹੀ ਹਾਲਾਤ ਵਧੀਆ ਹੋ ਸਕਦੇ ਹਨ।
ਪ੍ਰਧਾਨ ਦਵਿੰਦਰ ਮਲਹਾਂਸ ਨੇ ਵੀ ਇਸੇ ਲੜੀ ਵਿਚ ਆਪਣੇ ਵਿਚਾਰ ਰੱਖੇ ਤੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੂਲਤ ਕਰਨ ਤੇ ਇਸ ਦਾ ਮਾਣ ਸਨਮਾਨ ਬਣਾਈ ਰੱਖਣ ਵਾਲੀ ‘ਢਾਹਾਂ ਐਵਾਰਡ’ ਸੰਸਥਾ ਤੇ ਇਸ ਵਰ੍ਹੇ ਸਨਮਾਨੇ ਜਾਣ ਵਾਲੇ ਲੇਖਕਾਂ ਕੇਸਰਾ ਰਾਮ, ਹਰਕੀਰਤ ਕੌਰ ਚਾਹਲ ਤੇ ਜੁਬੇਰ ਅਹਿਮਦ ਨੂੰ ਵੀ ਮੁਬਾਰਕਬਾਦ ਦਿੱਤੀ। ਸਭਾ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ  403-993-2201 ਅਤੇ ਜਨਰਲ ਸਕੱਤਰ ਜੋਰਾਵਰ ਬਾਂਸਲ ਨੂੰ 587-437-7805 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Share this post

Leave a Reply

Your email address will not be published. Required fields are marked *