ਪੰਜ ਨਮਾਜ਼ੀ/ ਦਲਜੀਤ ਸਿੰਘ ਸ਼ਾਹੀ

ਹਾਰਨ ਠਾਹ-ਠਾਹ ਵੱਜ ਰਿਹਾ ਐ, ਕੰਨਾ ਦੇ ਪਰਦੇ ਪਾੜਨ ਵਾਲਾ ਰੌਲਾ ਚਾਰੇ ਪਾਸੇ ਪੈ ਰਿਹਾ ਹੈ। ਸਾਈਕਲਾਂ ਵਾਲੇ, ਠੇਲ੍ਹੇ ਵਾਲੇ ਸਕੂਟਰਾਂ ਵਾਲੇ ਇਸ ਭੀੜ ਵਾਲੇ ਬਾਜ਼ਾਰ ਵਿਚ ਦੀ ਲੰਘਣ ਨੂੰ ਇਕ ਦੂਜੇ ਤੋਂ ਕਾਹਲੇ ਪਏ ਹੋਏ ਦਿਖਾਈ ਦਿੰਦੇ ਹਨ। ਹਰੇਕ ਨੂੰ  ਕਾਹਲ ਨੇ ਮਾਰਿਆ ਹੋਇਆ। ਇਕ ਪਾਸੇ ਮੀਟ ਦੀਆਂ ਦੁਕਾਨਾਂ ਨੇ। ਬੱਕਰੇ ਕਸਾਈਆਂ ਦੇ ਖੋਖਿਆਂ ਚ ਪੁੱਠੇ ਲਟਕ ਰਹੇ ਨੇ, ਮੀਟ ਉੱਤੇ ਚਿੱਟੇ ਮਲਮਲ ਦੇ  ਕੱਪੜੇ ਸਲੀਕੇ ਨਾਲ ਲਪੇਟੇ ਹੋਏ ਨੇ, ਲਾਲ ਲਾਲ ਮੀਟ ਲਿਆਕਤ ਨੂੰ ਕਿੰਨਾ ਵਧੀਆ ਲਗ ਰਿਹਾ ਹੈ। ਉਸ ਦਾ ਆਪਣਾ ਕਦੇ ਮੀਟ ਦਾ ਖੋਖਾ ਹੋਵੇਗਾ ਇਹ ਉਸ ਦਾ ਸੁਪਨਾ ਹੈ। ਪਰ ਉਸ ਨੂੰ  ਲਗਦਾ ਕਿ ਉਹ ਸਾਰੀ ਉਮਰ ਕਸਾਈਆਂ ਦੀਆਂ ਦੁਕਾਨਾਂ ‘ਤੇ ਚਾਕਰੀ ਹੀ ਕਰੂਗਾ। ਉਸ ਨੂੰ ਏਸ ਕਸਬ ਦੀ ਬੜੀ  ਜਾਚ ਹੈ। ਬੱਕਰੇ ਦਾ ਮੀਟ ਪੱਟ ਕੋਲੋਂ ਗੁਲਾਬੀ ਰੰਗ ਦੀ ਚਾਂਪ  ਕਿੰਨੀ ਸਵਾਦ ਬਣਦੀ ਹੈ। ਚਾਂਪਾਂ, ਕਲੇਜੀ  ਉਹ ਆਪਣੇ ਖ਼ਾਸ ਗਾਹਕਾਂ ਨੂੰ ਆਵਾਜ਼ਾਂ ਮਾਰ-ਮਾਰ ਦਿੰਦਾ  ਹੈ।
”ਅਰੇ ਮੀਆਂ ਅਗਰ ਇਹ ਗੋਸ਼ਤ ਭਾਬੀ ਜਾਨ ਜ਼ਰਾ ਮਨ ਲਗਾ ਕੇ ਬਣਾ ਲਵੇਗੀ ਭਾਈ ਜਾਨ ਉਂਗਲੀਆਂ ਨਾ ਚੱਟਦੇ ਰਹਿ ਜਾਓ ਤਾਂ ਮੇਰਾ ਨਾਂ ਲਿਆਕਤ ਬਦਲ ਕੇ ਕੋਈ ਐਰਾ ਗੈਰਾ ਰੱਖ ਦਿਓ”।
 “ਕਪੂਰੇ ”  ਉਹ ਇਕ ਪਾਸੇ ਰੱਖਦਾ , ਇਹ ਹੋਰ ਖ਼ਾਸ ਗਾਹਕਾਂ ਵਾਸਤੇ ਨੇ। ਕਪੂਰਿਆਂ ਦਾ ਮੀਟ ਬਹੁਤ ਗਰਮ ਹੁੰਦੈ, ਇਹ ਖ਼ਾਸ ਤੌਰ ‘ਤੇ ਬਜ਼ੁਰਗਾਂ ਵਾਸਤੇ ਸਰਦੀਆਂ ਵਿਚ ਦਵਾਈ ਦਾ ਕੰਮ ਕਰਦੇ ਨੇ।
ਬਜ਼ੁਰਗਾਂ ਤੋਂ ਲਿਆਕਤ ਨੂੰ ਆਪਣੀ ਅੰਮੀ ਦੀ ਯਾਦ ਆਉਂਦੀ  ਆ। ਅੰਮੀ ਦੀ ਐਨਕ ਟੁੱਟੀ ਹੋਈ ਆ, ਉਹ ਕਿੰਨੇ ਦਿਨਾਂ ਦੀ ਕਹਿ ਰਹੀ ਆ,
”ਬੇਟਾ ਲਿਆਕਤੀ ਮੇਰੀ ਐਨਕ ਦਾ ਸ਼ੀਸ਼ਾ ਬਦਲਵਾ ਦੇ… ਇਕ ਚੱਪਲਾਂ ਦਾ ਨਵਾਂ ਜੋੜਾ ਲੈ ਦੇ ”।
ਅੱਗਿਓਂ ਲਿਆਕਤ ਵੀ ਔਖਾ ਹੋ ਕੇ ਬੋਲਦਾ,
”ਅੰਮੀ ਐਨੀ ਠੰਢ ਚ ‘ ਚੱਪਲਾਂ ਪਾ ਕੇ ਕਿੱਧਰ ਜਾਣਾ , ਆਰਾਮ ਨਾਲ ਘਰੇ ਬੈਠ ਕੇ  ਅੱਲਾ ਅੱਲਾ ਕਰਿਆ ਕਰ”।
ਤੇ ਜਵਾਬ ਸੁਣੇ ਵਗੈਰ ਹੀ ਘਰੋਂ ਬਾਹਰ  ਵੱਲ ਪਰੇਸ਼ਾਨੀ ਵਿਚ  ਨਿਕਲ ਪੈਂਦਾ ਹੈ।
”ਪਰੇਸ਼ਾਨੀ ਦੇ ਆਲਮ ਵਿਚ ਘੁੰਮਦਿਆਂ ਉਸ ਨੂੰ ਹੋਰ ਕੋਈ ਕੰਮ ਚੇਤੇ ਨੀ ਰਹਿੰਦਾ  ਸਿਰਫ਼ ਆਪਣਾ ਪੇਸ਼ਾ ਹੀ ਯਾਦ ਆਉਂਦਾ ਤੇ ਏਸੇ ਪਰੇਸ਼ਾਨੀ ਵਿਚ ਉਹ ਬਸ਼ੀਰਾ ਦੀ ਦੁਕਾਨ ‘ਤੇ ਜਾ ਬੈਠਦਾ   ਹੈ।
”ਕੀ ਹੋਇਆ ਬੜਾ ਮੂੰਹ ਲਟਕਾਇਆ ਐ ?”
ਬਸ਼ੀਰਾ ਛੁਰੀ ਤੇਜ਼ ਕਰਦਾ ਬੋਲਦਾ ਹੈ।  
”ਬਸ ਕੀ ਦੱਸਾਂ ਯਾਰ  ਪਰਸੋਂ ਮਾਲਕਾਂ ਦੇ ਬਜ਼ੁਰਗ ਨਾਲ ਤੂੰ- ਤੂੰ ਮੈਂ- ਮੈਂ ਹੋ ਗੀ ਉਹਨੇ ਮੈਨੂੰ ਕੰਮ ਤੋਂ ਜਵਾਬ ਦੇ ਦਿੱਤਾ ”।
ਕਿਸ ਗੱਲੋਂ ?
ਮੈਂ ਮੀਟ ਦਾ ਕੰਮ ਛੱਡ ਹਾਰਡਵੇਅਰ ਵਾਲਿਆਂ ਦੀ ਦੁਕਾਨ ‘ਤੇ ਏਸ ਕਰਕੇ ਲੱਗਿਆ ਸੀ ਕੇ ਮੈਨੂੰ ਜ਼ਰੂਰਤ ਵਕਤ ਉਨ੍ਹਾਂ ਨੇ ਐਡਵਾਂਸ ਪੈਸੇ ਦਿੱਤੇ ਸੀ, ਤੈਨੂੰ ਤਾਂ ਪਤਾ ਈ ਆ ਬੇਗ਼ਮ ਦੀ ਸਿਹਤ ਕਿੰਨੇ ਵਕਤ ਤੋਂ ਨਾਸਾਜ਼ ਚੱਲ ਰਹੀ ਐ।
”ਮੈਂ ਉਸ ਨੂੰ ਕਿਹਾ ਥੋੜ੍ਹੇ ਥੋੜ੍ਹੇ ਕਰ ਕੇ ਬਾਊ ਜੀ ਕਟਵਾ ਦੇਵਾਂਗਾ। ਪਰ ਉਹ ਤਾਂ ਅੜ ਕੇ ਬੈਠ ਗਿਆ, ਮੈਨੂੰ ਕਹਿੰਦਾ ਏਸ ਮਹੀਨੇ ਤੈਨੂੰ ਕੋਈ ਤਨਖ਼ਾਹ ਨੀ ਮਿਲਣੀ  ਪਹਿਲਾਂ ਐਡਵਾਂਸ ਲਏ ਪੈਸੇ ਪੂਰੇ ਕਰ। ਪਿੱਛਲੇ ਛੇ ਮਹੀਨੇ ਤੋਂ ਤੇਰੀ ਉਹੀ ਰੱਟ ਰਹਿੰਦੀ ਆ ”ਅਗਲੇ ਮਹੀਨੇ, ਅਗਲੇ ਮਹੀਨੇ ਦੇਵਾਂਗਾ, ਪਤਾ ਨੀ ਤੇਰਾ ਅਗਲਾ ਮਹੀਨਾ ਕੱਦ ਆਉਣਾ?
”ਬਾਊ ਜੀ ਮੈਂ ਤਨਖਾਹ ਤੋਂ ਬਿਨਾਂ ਬੀਵੀ ਬੱਚਿਆਂ ਦਾ ਪੇਟ ਕਿਵੇਂ ਭਰਾਂਗਾ ?”
ਮੈਨੂੰ ਨੀ ਪਤਾ ਜੇ ਪੈਸੇ ਨਹੀਂ ਦੇਣੇ ਕਲ਼ ਤੋ  ਛੁੱਟੀ ਕਰ ਲੈ ਆਪਣੀ।
ਬੱਸ ਭਰਾਵਾ ਕੱਲ੍ਹ ਘਰੇ ਬੈਠਾ ਰਿਹਾ ਘਰ ਕਿਹੜਾ ਮੰਨ ਲੱਗਦੈ ਘਰਦਿਆਂ ਦੀਆਂ ਅਲੱਗ ਫ਼ਰਮਾਇਸ਼ਾਂ ਨੇ, ਆਹ ਲਿਆ ਦੋ ਉਹ ਲਿਆ ਦੇ, ਫਰਮਾਇਸ਼ਾਂ ਤੋਂ ਡਰਦਾ ਏਧਰ ਨੂੰ ਨਿਕਲ ਆਇਆ।
ਤੂੰ ਸੁਣਾ ਤੇਰਾ ਕੀ ਹਾਲ ਐ?
“ਵਧੀਆ, ਅੱਲਾ ਤਾਲਾ ਦੇ ਫ਼ਜ਼ਲ਼ ਨਾਲ ਕੰਮ ਚੰਗਾ ਚੱਲ ਪਿਆ”।
ਹਾਂ ਤੂੰ ਚੰਗਾ ਰਹਿ ਗਿਆ ਜਵਾਬ ਦੇ ਆਇਆਂ ਤੇ ਆਪਣਾ ਮੀਟ ਦਾ ਖੋਖਾ ਖੋਲ੍ਹ ਲਿਆ, ਮੇਰਾ ਵੀ ਕਰ ਜੁਗਾੜ ਕੋਈ ਯਾਰ।”
“ਹਾਂ ਤੇਰੇ ਵਾਸਤੇ ਵੀ ਹੈਗਾ ਕੰਮ ਆਜਾ ਮੇਰੇ ਨਾਲ ”।
”ਪਰ ਭਾਈ ਜਾਨ ਮੇਰੇ ਕੋਲ ਕੁਝ ਨੀ ਹੈਗਾ ”।
”ਤੂੰ ਐਂ ਕਰ ਥੋੜ੍ਹੇ ਪੈਸਿਆਂ ਦਾ ਕਰ ਲੈ ਇੰਤਜ਼ਾਮ ਮੈਂ ਗਾਰੰਟੀ ਨਾਲ ਕਹਿਨਾ ਆਪਾਂ ਇਕ ਜਾਨਵਰ ਵਿਚੋਂ ਦੁੱਗਣੇ ਕਮਾਵਾਂਗੇ, ਹਾਂ ਅੱਧ ਤੋਂ ਵੱਧ।” ਬਸ਼ੀਰਾ ਨੇ ਆਪਣੀ ਇਹ ਗੱਲ ਜ਼ੋਰ ਦੇ ਕੇ ਕਹੀ।
ਅੱਧ ਤੋਂ ਵੱਧ ?
ਆਹੋ  
ਕਿੰਨਿਆਂ ਦਾ ਕਰਨਾਂ ਇੰਤਜ਼ਾਮ ?
ਪੱਚੀ ਸੋਆਂ ਦਾ
ਲਿਆਕਤ ਨੇ ਮੋੜਵੇਂ ਰੂਪ ਫਿਰ ਮੂੰਹ ‘ਚ ਹੀ ਕਿਹਾ ”ਪੱਚੀ ਸੌ”।
ਬਸ਼ੀਰੇ ਦੀ ਇਕ ਲੱਤ ਛੋਟੀ ਆ ਉਹ ਢੀਂਗ ਮਾਰ ਕੇ ਚਲਦਾ  ਬਾਕੀ ਸਰੀਰ ਤਕੜੈ ਪਰ ਉਹ ਹਰ ਕੰਮ ਫੁਰਤੀ ਨਾਲ ਕਰਦੈ। ਜਾਨਵਰ ਦੇ ਕਿਸ ਹਿੱਸੇ ਵਿਚ ਹਥਿਆਰ ਮਾਰੇ ਤੇ ਉਹ ਛੇਤੀ ਮਰ ਜਾਵੇ ਉਸ ਨੂੰ ਵੀ ਤੇ ਲਿਆਕਤ ਨੂੰ ਵੀ ਚੰਗੀ ਤਰ੍ਹਾਂ ਪਤੈ।
ਜਦੋਂ ਉਹ ਕਿਸੇ ਜਾਨਵਰ ਨੂੰ ਮਾਰਦੇ ਨੇ ਤਾਂ ਉਨ੍ਹਾਂ ਨੂੰ ਆਪਣੇ ਪਰਿਵਾਰ ਦੀ ਰੋਟੀ ਰੋਜ਼ੀ ਦਿਖਦੀ ਆ, ਲਿਆਕਤ ਨੂੰ ਆਪਣੀ ਬੁੱਢੀ ਅੰਮੀ ਦੀਆਂ ਐਨਕਾਂ, ਚੱਪਲਾਂ ਦੇ ਜੋੜੇ ਦਿਖਦੇ ਨੇ, ਬੱਚਿਆਂ ਦੀਆਂ ਫ਼ੀਸਾਂ ਦਿਖਦੀਆਂ ਨੇ ਜਾਂ ਬਿਮਾਰ ਬੇਗ਼ਮ ਜੋ ਅੰਦਰਲੇ ਕਮਰੇ ਵਿਚ ਕੈਂਸਰ ਦੀ ਬਿਮਾਰੀ ਨਾਲ ਪਿਛਲੇ ਕਈ ਸਾਲਾਂ ਤੋਂ  ਜੂਝ ਰਹੀ ਆ ਹਰ ਵਕਤ ਤਸਲੇ ਵਿਚ ਸੁਆਹ ਪਾ ਕੇ ਆਪਣੇ ਮੰਜੇ ਥੱਲੇ ਰੱਖਦੀ ਆ ਤਾਂ ਕੇ ਵਕਤ ਸਿਰ ਇਸ ਵਿਚ ਥੁੱਕ ਸਕੇ ਤੇ ਬੱਚਿਆਂ ਨੂੰ ਘੱਟ ਤੋਂ ਘੱਟ  ਜ਼ਹਿਮਤ ਉਠਾਣੀ ਪਵੇ। ਵੱਡੀ ਕੁੜੀ ਨੂਰਾਂ ਹੀ ਆਪਣੀ ਮਾਂ ਦੀ ਵੱਧ ਦੇਖ ਭਾਲ ਕਰਦੀ ਆ। ਸੁੱਖ ਨਾਲ ਹੁਣ ਦਸਵੀਂ ਜਮਾਤ ਵਿਚ ਹੋ ਗਈ ਹੈ , ਏਸ ਤੋਂ ਛੋਟੇ ਦੋ ਮੁੰਡੇ ਤਾਂ ਅਕਸਰ ਇੱਕੋ ਰਟ ਲਾ ਕੇ ਰੱਖਦੇ ਨੇ।
”ਸਾਡੀ ਸਕੂਲ ਦੀ ਫ਼ੀਸ ਜਮ੍ਹਾ ਕਰਵਾਓ, ਜੇ ਨਹੀਂ ਕਰਵੌਣੀ ਤਾਂ ਸਾਡੀ ਮੈਡਮ ਨੂੰ ਮਿਲ ਕੇ ਆਓ, ਸਾਨੂੰ ਹਰ ਰੋਜ਼ ਸਵੇਰ ਦੀ ਸਭਾ ‘ਚੋਂ  ਬਾਹਰ ਕੱਢ ਲੈਂਦੇ ਨੇ, ਫ਼ੀਸ ਮੰਗਦੇ ਨੇ ਤੇ ਬੇਜ਼ਤੀ ਕਰਦੇ ਨੇ, ਜਦੋਂ ਵੀ ਸਵੇਰ ਦੀ ਸਭਾ ਵਿਚ ਬੱਚੇ ਨਿਕਲਦੇ ਨੇ ਸਾਡੇ ਤਿੰਨਾਂ ਨਾਲ ਹਰ ਵਾਰ ਨਵੇਂ ਬੱਚੇ ਹੁੰਦੇ ਨੇ।” ਲਿਆਕਤ ਦੇ ਬੱਚੇ ਤਾਂ ਸਵੇਰ ਦੀ ਸਭਾ ‘ਚ ਬਿਨਾਂ ਨਾਗੇ ਤੋਂ ਨਿਕਲਦੇ ਨੇ। ਤਿੰਨੋਂ ਬੱਚੇ ਨੇੜੇ ਹੀ ਇਕ ਗਲੀ ਮਾਰ੍ਹਕਾ ਸਕੂਲ ਵਿਚ ਪੜ੍ਹਦੇ ਨੇ। ਸਕੂਲ ਦਾ ਵੀ ਕੀ ਕਸੂਰ ਹੈ ਓਨਾ ਨੇ ਵੀ ਆਪਣੇ ਬੱਚੇ ਪਾਲਣੇ ਨੇ, ਜਿਵੇਂ ਮੈਂ ਪਾਲ ਰਿਹਾ ਹਾਂ ।
ਲਿਆਕਤ ਨੇ ਫਿਰ ਪੱਚੀ ਸੋ ਆਪਣੇ ਮੂੰਹ ਚ ਹੀ ਕਿਹਾ ”ਪੱਚੀ ਸੌ”।
”ਤੂੰ ਬਸ਼ੀਰੇ ਮੈਨੂੰ ਨੌਕਰ ਰੱਖ ਲੈ ”।
”ਲੈ ਅਜੇ ਮੇਰੀ ਨੋਕਰ ਰੱਖਣ ਦੀ ਓਕਾਤ ਨੀ ਹੈਗੀ  ਭਰਾਵਾ”।
”ਚੱਲ ਉੱਠ ਫੇਰ ਆਰਾਮ ਕਰ ਲੈ ਮੈਂ ਭਗਤੌਨਾ ਇਕ ਦੋ ਗਾਹਕ”।
ਲਿਆਕਤ ਨੇ ਉਸ ਨੂੰ ਧੱਕੇ ਨਾਲ ਹੀ ਗੱਲ਼ੇ ਤੋਂ ਉਠਾ ਦਿੱਤਾ ਤੇ ਹਥਿਆਰ ਚੱਕ ਆਪ ਗਾਹਕ ਭਗਤੌਣ ਲੱਗਿਆ। ਮੁਰਗ਼ਾ, ਬੱਕਰਾ ਭੇਡੂ ਹਰੇਕ ਕਿਸਮ ਦੇ ਮੀਟ ਤੋਂ ਉਹ ਵਾਕਫ਼ ਹੈ… ਜਾਨਵਰ ਦੇ ਕਿਹੜੇ ਹਿੱਸੇ ਵਿਚ ਕਿੰਨਾ ਮੀਟ ਹੈ, ਮੀਟ ਦਾ ਵਜਨ ਵਧੌਣ ਲਈ ਉਹ ਮੀਟ ਨੂੰ ਕੁਝ ਦੇਰ ਪਾਣੀ ਵਿਚ ਰੱਖ ਦਿੰਦਾ ਤੇ ਗਾਹਕ ਨੂੰ ਇਹ ਕਹਿੰਦਾ ਜਨਾਬ ਬਿਲਕੁਲ ਸਾਫ਼ ਸੁਥਰਾ ਮੀਟ ਦੇਵਾਂਗੇ ਧੋ ਕੇ ਸਮਾਰ ਕੇ” ਏਸ ਤਰ੍ਹਾਂ ਉਹ ਆਰਾਮ ਨਾਲ ਵੀਹ ਕਿਲੋ ਮੀਟ ਤੇਈ ਚੌਵੀ ਕਿਲੋ ਪਾਣੀ ਪਾ -ਪਾ ਕੇ ਕਰ ਦਿੰਦਾ ਹੈ। ਗਾਹਕ ਨੂੰ ਉਸ ਦੀ ਇਸ ਚਲਾਕੀ ਦਾ ਪਤਾ ਹੀ ਨੀਂ ਲੱਗਦਾ ਤੇ ਉਹ ਏਸ ਤਰ੍ਹਾਂ ਕਰ ਕੇ ਆਪਣੇ ਮਾਲਕਾਂ  ਨੂੰ ਖ਼ੁਸ਼ ਕਰ ਦਿੰਦਾ। ਬੱਦੂਆਂ ਦੀਆਂ ਤੀਵੀਆਂ ਰਹਿੰਦ ਖੂੰਹਦ ਖ਼ਰੀਦਣ ਆਈਆਂ ਨੇ ਤਾਂ ਉਸ ਨੇ ਬਸ਼ੀਰੇ ਨੂੰ ਪੁੱਛਿਆ,
”ਬਸ਼ੀਰੇ ਪੋਟੇ ਨੀ ਹੈਗੇ ?
ਨਹੀਂ, ਪੋਟੇ ਨੀ ਹੈਗੇ  ”।
ਪੋਟੇ, ਨਲਕੀਆਂ ਅਕਸਰ ਬੱਦੂਆਂ ਦੀਆਂ ਤੀਵੀਆਂ ਲੈ ਜਾਂਦੀਆਂ ਨੇ, ਕਈ ਵਾਰ ਕੋਈ ਪਿੰਡ ਦਾ ਬੰਦਾ ਦੇਸੀ ਮੁਰਗ਼ਾ ਪੈਸੇ ਦੀ ਲੋੜ ਕਰਕੇ ਵੇਚ ਜਾਂਦਾ ਉਸ ਮੁਰਗ਼ੇ ਨੂੰ… ਉਹ ਬਾਹਰ ਵਾਲੇ ਜੰਗਲੇ ‘ਚ ਦਰਸ਼ਨੀ ਭਲਵਾਨ ਵਾਂਗ ਸਜਾ ਕੇ ਰੱਖਦੇ… ਉਹ ਬਾਕੀ ਚਿਕਨ ਨਾਲੋਂ ਤੰਦਰੁਸਤ ਤੇ ਵਧੀਆ ਲਗਦਾ। ਦੇਸੀ ਮੁਰਗ਼ੇ ਨੂੰ ਉਹ ਅਕਸਰ ਵੱਡੀ ਕਾਰ ਵਾਲੇ ਨੂੰ ਇਹ ਕਹਿ ਕੇ ਵੇਚਦੇ ”ਜਨਾਬ ਇਹ ਤਾਂ ਘਰ ਦਾ ਪਾਲਿਆ ਹੋਇਆ ਏਸ ਦੇ ਤਾਂ ਐਨੇ ਈ ਲੱਗਣਗੇ”।
ਕਈ ਵਾਰ ਲਿਆਕਤ ਨੇ ਤਾਂ ਇਹ ਵੀ ਦੇਖਿਆ ਕੇ  ਕੋਈ ਅਮਲੀ ਸ਼ਮਲੀ ਬੰਦਾ ਤਾਂ ਘਰ ਦਾ ਪਾਲਿਆ ਮੁਰਗ਼ਾ ਨਿਰਾ ਭੋ ਦੇ ਭਾਅ ਹੀ ਵੇਚ ਜਾਂਦਾ  ਏਹੋ ਜਿਹਾ ਸੌਦਾ ਤਾਂ ਦੁੱਗਣੇ ਤਿਗਣੇ ਪੈਸੇ ਛਡ ਜਾਂਦਾ। ਇਨ੍ਹਾਂ ਸਾਰੀਆਂ ਗੱਲਾਂ ਦਾ ਲਿਆਕਤ ਨੂੰ ਪਤੈ ਪਰ ਇਸ ਸਭ ਵਾਸਤੇ ਆਪਣਾ ਅੱਡਾ ਚਾਹੀਦਾ  ਜਿੱਥੇ  ਬੰਦਾ ਬੈਠ ਕੇ ਆਪਣੀ ਮਰਜ਼ੀ ਨਾਲ ਵੇਚ ਵੱਟ ਸਕੇ। ਜਦੋਂ ਕੋਈ ਅਮਲੀ ਸ਼ਮਲੀ ਏਹੋ ਜਿਹਾ ਸੌਦਾ ਦੇ ਜਾਵੇ  ਤੇ ਮਹਿੰਗਾ ਵਿਕ ਜਾਵੇ ਤਾਂ ਇਹੋ ਜਿਹੇ ਸੌਦੇ ਨੂੰ ਏਸ ਵਪਾਰ ਵਿਚ ਛੜਪੇ ਕਹਿੰਦੇ ਨੇ। ਦੂਜੇ ਤੀਜੇ ਦਿਨ ਅਜਿਹੇ ਛੜਪੇ ਵੱਜ ਜਾਣ ਬਸ ਫੇਰ ਪੋਂਅ ਬਾਰ੍ਹਾਂ ਨੇ।
ਇਨ੍ਹਾਂ ਸੋਚਾਂ ਵਿਚ ਡੁੱਬੇ ਲਿਆਕਤ ਨੂੰ ਮੌਲਵੀ ਸਾਹਿਬ ਨੇ   ਸਲਾਮ ਆਲੇ ਕੋ ਆਮ ਮੀਆਂ  ਕਹਿ ਕੇ ਬਾਹਰ ਕੱਢਿਆ। ਲਿਆਕਤ ਜੀ ਗੋਸ਼ਤ ਖਾਣ ਦਾ ਮਨ ਹੈ, ਕਿਲੋ ਕੁ ਜੋਖਦੇ”। ਲਿਆਕਤ ਥੋੜ੍ਹਾ ਠੀਕ ਹੋ ਕੇ ਗੱਦੀ ‘ਤੇ ਬੈਠਦਾ ਹੋਇਆ ਕਹਿੰਦਾ,
”ਮੌਲਵੀ ਸਾਹਿਬ ਐਸਾ ਗੋਸ਼ਤ ਦੇਵਾਂਗਾ ਕੇ ਯਾਦ ਰੱਖੋਗੇ”।
ਉਹ ਲਟਕਦੇ ਗੋਸ਼ਤ ਨੂੰ ਕਟਣ ਲਗਦੈ ”ਮੌਲਵੀ ਸਾਹਿਬ ਸਾਨੂੰ ਵੀ ਕਦੇ ਕੁਰਾਨ ਸ਼ਰੀਫ਼ ਵਿਚੋਂ ਕੋਈ ਆਇਤ ਸੁਣਾ ਦਿਆ ਕਰੋ”
” ਹਾਂ ਹਾਂ ਮੀਆਂ ਤੁਸੀਂ ਥੋੜ੍ਹਾ ਟਾਈਮ ਕੱਢ ਕੇ ਮਸੀਤ ਚੱਕਰ ਲਗਾ ਲਿਆ ਕਰੋ”।
”ਕਿਥੇ ਮੌਲਵੀ ਸਾਹਿਬ, ਕੰਮ ਵਿਚੋਂ ਹੀ ਵਿਹਲ ਨੀ ਮਿਲਦੀ। ਇਹ ਤਾਂ ਵਿਹਲੇ ਬੰਦਿਆਂ ਦਾ ਕੰਮ ਐ ”।
”ਨਹੀਂ ਨਹੀਂ ਮੀਆਂ ਇੰਜ ਨਾ ਕਹੋ, ਹਰੇਕ ਸ਼ਖ਼ਸ ਨੂੰ ਪੱਕਾ ਮੁਸਲਮਾਨ ਬਣਨਾ ਚਾਹੀਦੈ, ਪੰਜ ਵਕਤ ਦਾ ਨਮਾਜ਼ੀ, ਜੋ ਅੱਲਾ ਤਾਲਾ ਨੂੰ ਯਾਦ ਕਰਦੈ, ਜੋ ਪੰਜ ਵਕਤ ਦਾ ਨਮਾਜ਼ੀ ਹੈ ਅੱਲਾ ਤਾਲਾ ਉਸ ਨੂੰ ਜੰਨਤ ਬਕਸ਼ਦੇ ਨੇ ਤੇ ਜੰਨਤ ਵਿਚ ਉਸ ਨੂੰ ਚਾਲੀ ਹੂਰਾਂ ਨਸੀਬ ਹੁੰਦੀਆਂ ਨੇ”।
ਲਿਆਕਤ ਗੱਲ ਹਾਸੇ ਵਿਚ ਟਾਲਦਾ ਹੋਇਆ ਕਹਿੰਦਾ ” ਚਲੋ ਸਾਡੇ ਵਾਲੀਆਂ ਵੀ ਤੁਸੀਂ ਹੀ ਸਾਂਭ ਲਿਓ, ਜਿਹੜੀ ਅਸੀਂ ਹਫ਼ਤੇ ‘ਚ ਇਕ ਅੱਧੀ ਵਾਰ ਨਮਾਜ਼ ਅਦਾ ਕਰਦੇ ਹਾਂ ਉਸ ਦੇ ਬਦਲੇ ਇਕ ਦੋ ਹੂਰਾਂ ਤਾਂ ਮਿਲਣਗੀਆਂ। ਅਸੀਂ ਤਾਂ ਮੀਆਂ ਜੀ ਉਨ੍ਹਾਂ ਨਾਲ ਹੀ ਗੁਜ਼ਾਰਾ ਚਲਾ  ਲਾਂਗ਼ੇ, ਵੈਸੇ ਵੀ ਹੂਰਾਂ ਦੇ ਨਖ਼ਰੇ ਸਾਡੇ ਤੋਂ ਝੱਲੇ ਨੀ ਜਾਣੇ, ਥੋਡੀਆਂ ਹੂਰਾਂ ਥੋਨੂੰ ਮੁਬਾਰਕ। ਕਹਿ ਕੇ ਲਿਆਕਤ ਨੇ ਮੌਲਵੀ ਤੋਂ ਖਹਿੜਾ ਛਡੌਣ ਦੀ ਕੋਸ਼ਿਸ਼ ਕੀਤੀ। ਹੁਣ ਲਿਆਕਤ ਕੋਲ ਦੋ ਹੋਰ ਗਾਹਕ ਆਏ ਖੜ੍ਹੇ ਨੇ। ਮੂੰਹ ਹਨੇਰਾ ਜਿਹਾ ਤਾਂ ਹੋ ਹੀ ਗਿਆ, ਗਾਹਕ ਭੁਗ਼ਤਾ ਕੇ ਉਸ ਨੇ ਬਸ਼ੀਰੇ ਨੂੰ ਕਿਹਾ,
”ਲੈ ਬਈ ਬਸ਼ੀਰੇ ਸੰਭਾਲ ਗ਼ੱਲਾ, ਮੈਂ ਚਲਿਆ ”।
ਬਸ਼ੀਰੇ ਨੇ ਉਹਨੂੰ ਗੱਲ਼ੇ ‘ਤੇ ਬੈਠਦਿਆਂ ਕਿਹਾ,
”ਕੱਠੇ ਈ ਚਲਦੇ ਆਂ ਰਸਤੇ ‘ਚੋਂ ਛਿੱਟ-ਛਿੱਟ ਲਾ ਕੇ ਚਲਾਂਗੇ। ਆਹ ਥੋੜ੍ਹੀ ਕਣਕ ਲਈ ਆ, ਮੇਰੇ ਤੋਂ ਪਿੱਛੇ ਥੈੱਲਾ ਰੱਖ ਕੇ ਸਾਈਕਲ ਚੱਲਣਾ ਨੀ, ਨਾਲ਼ੇ ਆਹ ਲੈ ਪੰਜਾਹ ਰੁਪਏ ਤੂੰ ਵੀ ਕੁਝ ਘਰ ਵਾਸਤੇ ਸੌਦਾ ਪੱਤਾ ਲੈ ਜਾਈਂ। ਲਿਆਕਤ ਨੇ ਪੰਜਾਹ ਰੁਪਏ ਫੜ ਖੀਸੇ ਵਿਚ ਪਾ ਲਏ ਤੇ ਸਾਈਕਲ ਨੂੰ ਕੱਪੜਾ ਮਾਰ ਕਣਕ ਦੀ ਬੋਰੀ ਡੰਡੇ ‘ਚ ਫਸਾ ਲਈ। ਬਸ਼ੀਰੇ ਨੇ ਗੱਲ਼ੇ ‘ਚੋਂ ਪੈਸੇ ਕੱਢ ਜੇਬ ਵਿਚ ਪਾ ਲਏ ਤੇ ਲੱਕੜੀ ਦੇ ਖੋਖੇ ਨੂੰ ਜਿੰਦਾ ਮਾਰ ਲਿਆਕਤ ਨਾਲ ਹੋ ਤੁਰਿਆ।
ਰਸਤੇ ‘ਚੋਂ ਉਨ੍ਹਾਂ ਨੇ ਦੇਸੀ ਸ਼ਰਾਬ ਦਾ ਅਧੀਆ ਲਿਆ ਤੇ ਓਥੇ ਈ ਖੜ੍ਹ ਕੇ ਸੜਾਕ ਗਏ ਤੇ ਘਰ ਨੂੰ ਤੁਰ ਪਏ। ਬਸ਼ੀਰੇ ਦੇ ਘਰ ਕੋਲ ਜਾ ਕੇ ਲਿਆਕਤ ਕਹਿੰਦਾ,
” ਲੈ ਬਈ ਬਸ਼ੀਰੇ ਮੈਂ ਤੇਰਾ ਅੱਜ ਸਾਈਕਲ ਲੈ ਜਾਊਂਗਾ , ਸਵੇਰੇ ਸਾਝਰੇ ਆ ਜੂੰ ਤੈਨੂੰ ਨਾਲ ਈ ਬਿਠਾ ਲੈ ਚਲੂੰ”।
ਬਸ਼ੀਰਾ ਵੀ ਹੁਣ ਸਰੂਰ ‘ਚ ਸੀ ਉਹਨੇ ਢੀਚਕ ਜਿਹਾ ਮਾਰਦੇ ਨੇ ਕਿਹਾ ”ਓਕੇ  ਓਕੇ ”।
ਹੁਣ ਤਾਂ ਜੇ ਉਹਦੇ ਕੋਲ ਜਹਾਜ਼ ਹੁੰਦਾ ਉਹ ਨੂੰ ਵੀ ਉਹ ਕਹਿ ਦਿੰਦਾ ਲੈ ਜਾ ਲੈ ਜਾ ਜਮਾ ਫ਼ਿਕਰ ਨੀ ”।
ਲਿਆਕਤ ਨੇ ਕਣਕ ਦੀ ਬੋਰੀ ਅੰਦਰ ਲਾਹ ਕੇ ਸਾਈਕਲ ਮੋੜ ਲਿਆ ਤੇ ਘਰ ਨੂੰ ਤੁਰ ਪਿਆ। ਅਗੇ ਖ਼ਾਲੀ ਥਾਂ ‘ਤੇ ਉਸ ਨੇ ਗਧੇ ਹਿਣਕਦੇ ਦੇਖੇ ਤਾਂ ਆਪਣੇ ਆਪ ਹੀ ਹੱਸਿਆ।
”ਲੈ ਸਾਲੇ ਬਸ਼ੀਰੇ ਦੇ ਗਵਾਂਢ ਵਿਚ ਕੋਈ ਟੀਟਣਾ ਟ੍ਰਾਂਸਪੋਰਟ ਦਾ ਬੰਦਾ ਰਹਿਣ ਲੱਗ ਪਿਆ। ਮਹੱਲੇ ‘ਚ ਵੜਦਿਆਂ ਹੀ ਕੋਨੇ ‘ਤੇ ਘੋਟੀ ਕੇ ਲਾਣੇ ਦਾ ਘਰ ਹੈ ਜਦ ਉਹ ਮੋੜ ਮੁੜਿਆ ਤਾਂ ਇਕ ਕਾਰ ਵਾਲੇ ਘੋਟੀ ਦੀ ਬਹੂ ਨੂੰ ਲਾਹ ਰਹੇ ਸੀ ਉਹ ਵੀ ਲਿਆਕਤ ਨੂੰ ਦੇਖ ਫਟਾਫਟ ਘਰ ਵੜਗੀ ਤੇ ਲਿਆਕਤ  ਧਿਆਨ ਦਿੱਤੇ ਬਿਨਾਂ ਘਰ ਨੂੰ ਤੁਰੀ ਜਾ ਰਿਹਾ ਏ।
ਲਿਆਕਤ ਘਰੇ ਵੜਿਆ ਨੂਰਾਂ ਉਸ ਦੀ ਬੇਟੀ ਨੇ ਰੋਟੀਆਂ ਪਕਾ ਕੇ ਸਭ ਨੂੰ ਖਵਾ ਦਿੱਤੀਆਂ ਸੀ। ਸਾਰਾ ਟੱਬਰ ਸੌਣ ਦੀ ਤਿਆਰੀ ਕਰ ਰਿਹਾ ਹੈ। ਲਿਆਕਤ ਨੇ ਰੋਟੀ ਖਾ ਕੇ ਮੰਜਾ ਮੱਲ ਲਿਆ। ਸਿਆਲ ਦੀ ਰੁੱਤ ਆ ਗਈ ਆ ਬਾਹਰ ਵਿਹੜੇ ਵਿਚ ਹੁਣ ਠੰਢ ਲੱਗਦੀ ਆ ਪਰ ਉਹਦੀ ਘੁੱਟ ਲੱਗੀ ਹੋਣ ਕਰ ਕੇ ਉਹ ਨੂੰ ਠੰਢ ਘੱਟ ਲਗ ਰਹੀ ਆ ਉਸ ਨੂੰ ਕਾਰੋਬਾਰ ਵਾਸਤੇ ਪੱਚੀ ਸੌ ਰੁਪਿਆਂ ਦੇ ਜੁਗਾੜ ਦਾ ਵਾਰ ਵਾਰ ਚੇਤਾ ਆ ਰਿਹਾ ਹੈ। ਪੱਚੀ ਸੌ ਤਾਂ ਬਹੁਤ ਬੜੀ ਰਕਮ ਆ। ਫਿਰ ਉਸ ਨੂੰ ਬਸ਼ੀਰੇ ਦੀ ਗੱਲ ਯਾਦ ਆਉਂਦੀ ਆ, ”ਪੱਚੀ ਸੌ ਲਾ ਕੇ ਦੁੱਗਣਾ ਕਮੌਣਾ ਮਤਲਬ ਪੰਜ ਹਜ਼ਾਰ, ਜੇ ਪੰਜ ਹਜ਼ਾਰ ਬਣ ਜਾਵੇ ਤਾਂ ਜਿਸ ਤੋਂ ਪੱਚੀ ਸੋ ਲਿਆ ਉਸ ਦਾ ਵਾਪਸ ਕਰ ਕੇ ਪੱਚੀ ਫੇਰ ਬਚ ਜਾਣਾ। ਓਸ ਨੇ ਅੱਧੀ ਰਾਤ ਤੱਕ ਇਹ ਪੱਚੀ ਸੌ ਦਾ ਸ਼ਬਦ ਪੱਚੀ ਵਾਰ ਗਿਣਿਆ ਹੋਣਾ।’  ਐਂ ਈ ਕਰਦੇ ਦੀ ਅੱਖ ਲੱਗ ਗਈ ਪਤਾ ਈ ਨੀ ਲੱਗਿਆ ਕੱਦ ਸਵੇਰ ਹੋ ਗੀ।
”ਵੇ ਲਿਆਕਤੀ ਅੰਮੀ ਸਿਰ ‘ਤੇ ਖੜ੍ਹੀ ਉਸ ਨੂੰ ਉੱਠਣ ਲਈ ਕਹਿ ਰਹੀ ਹੈ। “ਵੇ ਜੁਆਕ ਤੈਨੂੰ ਪੱਚੀ ਵਾਰ ਉਠਾ ਗ਼ੇ ਤੂੰ ਆਂ ਕੇ ਉੱਠਣ ਦਾ ਨਾਂ ਈ ਨੀ ਲੈਂਦਾ” ਲਿਆਕਤ ਉੱਠ ਕੇ ਬੈਠ ਗਿਆ। ਬਿਨਾਂ ਹੱਥ ਮੂੰਹ ਧੋਤਿਆਂ ਉਹਨੇ ਚਾਹ ਦਾ ਗਿਲਾਸ ਮੂੰਹ ਨੂੰ ਲਾ ਲਿਆ ਤੇ ਜਾਣ ਬਾਰੇ ਸੋਚਣ ਲੱਗਿਆ,ਬਾਹਰ ਕੁੱਤਿਆਂ ਨੇ ਚੀਕ ਚਿਹਾੜਾ ਪਾਇਆ ਹੋਇਆ, ਟੋਲਿਆਂ ਦੇ ਟੋਲੇ ਕੁੱਤੇ ਗਲੀ ਵਿਚ ਹੇਲ੍ਹੀਆਂ ਦਿੰਦੇ ਫਿਰਦੇ ਨੇ, ਲਿਆਕਤ ਉਵੇਂ ਚਾਹ ਦਾ ਗਿਲਾਸ ਹੱਥ ਵਿਚ ਫੜ ਕੇ ਬਾਹਰ ਨਿਕਲਿਆ ਤੇ ਕੁੱਤਿਆਂ ਨੂੰ ਗ਼ੁੱਸੇ ਵਿਚ  ਹਰੜ ‘ਹੜ ਹੂੜ’ ਕਰ ਕੇ  ਆਪਣੇ ਦਰ ਮੂਹਰੇ ਤੋਂ ਭੱਜਾ ਆਇਆ ਤੇ ਬੋਲਣ ਲੱਗਿਆ
”ਕੀ ਕਤੀਹੜ ਸਾਲੀ ‘ਕੱਠੀ ਹੋਈ ਆ”।
ਬੇਗ਼ਮ ਅੰਦਰੋਂ ਹੀ ਬੋਲੀ ”ਲਾ ਹੂਲ ਬਿੱਲਾ ਕੁਬਤ” ਕੁੱਤੇ ਬਹੁਤ ਫਿਰਦੇ ਨੇ ਗਲੀ ‘ਚ ਮੈਂ ਤਾਂ ਬੱਚਿਆਂ ਨੂੰ ਵੀ ਬਾਹਰ ਨੀ ਜਾਣ ਦਿੰਦੀ। ਆਪਣੀ ਨੂਰਾਂ ਅਖ਼ਬਾਰ ਪੜ੍ਹ ਕੇ ਦੱਸ ਰਹੀ ਸੀ ਕਿ ਕੁੱਤਿਆਂ ਨੇ ਕਈ ਬੱਚੇ ਤੇ ਬਜ਼ੁਰਗ ਜੀਂਦੇ ਜੀਅ ਖਾ ਲਏ” ਅੰਮੀ ਬੋਲੀ ਅੱਗੇ ਤਾਂ ਭਾਈ  ਸਰਕਾਰੀ ਕਰਮਚਾਰੀ ਆ ਕੇ ਆਪ ਹੀ ਮਾਰ ਜਾਂਦੇ ਸੀ  ਪਰ ਹੁਣ ਕਿਸੇ ਵੱਡੇ ਵਜ਼ੀਰ ਨੇ ਕਿਹਾ ਕਿ ਮਾਰਨੇ ਨੀ”।
ਨੂਰਾਂ ਲਿਆਕਤ ਕੋਲ ਆ ਕੇ ਬੋਲੀ ”ਅੱਬਾ ਮੇਰੀ ਪੇਪਰਾਂ ਦੀ ਫ਼ੀਸ ਭਰਨੀ ਆ”
ਕਿੰਨੀ?  ਡੇਢ ਸੌ। ਲਿਆਕਤ ਨੇ ਕੱਲ੍ਹ ਵਾਲੇ ਪੰਜਾਹ ਰੁਪੀਏ ਕੱਢ ਨੂਰਾਂ ਵੱਲ ਵਧਾ ਦਿੱਤੇ ”ਲੈ ਪੁੱਤ ਅੱਜ ਮੈਡਮ ਨੂੰ ਪੰਜਾਹ ਰੁਪੀਏ ਦੇ ਦਈਂ, ਕਹੀਂ ਕੱਲ੍ਹ ਨੂੰ ਸੌ ਰੁਪਿਆ ਹੋਰ ਦੇ ਦੇਵਾਂਗੇ”।  ਨੂਰਾਂ ਨੇ ਜਕੋ ਤਕੀ ਵਿਚ ਪੰਜਾਹ ਰੁਪੀਏ ਫੜ ਅੱਬਾ ਵੱਲ ਦੇਖ ਕੇ ਕਿਹਾ,
”ਤੁਸੀਂ ਮੈਨੂੰ ਫ਼ੀਸ ਵੀਹ ਤਾਰੀਖ਼ ਤੱਕ ਦੇ ਦਿਓ ਇਨ੍ਹਾਂ ਪੈਸਿਆਂ ਦੀ ਮੈਂ ਅੰਮੀ ਦੀ ਡਾਕਟਰ ਸਾਹਿਬ ਤੋਂ ਦਵਾਈ ਲੈ ਆਉਂਨੀ ਆਂ ਤੇ ਕੁੜੀ ਐਨਾ ਕਹਿ ਆਪਣੀ ਅੰਮੀ ਕੋਲ ਚਲੇ ਗਈ। ਲਿਆਕਤ ਨੇ ਵੀ ਸਾਈਕਲ ਚੁੱਕਿਆ ਤੇ ਬਸ਼ੀਰੇ ਵੱਲ ਨੂੰ ਚੱਲ ਪਿਆ। ਬਸ਼ੀਰੇ ਦੇ ਘਰ ਮੂਹਰੇ ਜਾ ਕੇ ਉਸ ਨੇ ਦੇਖਿਆ ਬਸ਼ੀਰਾ ਡੱਬੇ ‘ਤੇ ਜਾਣ ਲਈ ਤਿਆਰ ਖੜ੍ਹੈ। ਇਕ ਗਧੇ ਨੂੰ ਪਿਆਰ ਨਾਲ ਦੇਖ਼ ਰਿਹਾ ਹੈ।
”ਤੇਰੇ ਕੋਲ ਵੀ  ਟੀਟਣਾ ਟ੍ਰਾਂਸਪੋਰਟ ਖੁੱਲ੍ਹ ਈ ਗਈ। ਲਿਆਕਤ ਨੇ ਓਹਨੀ ਪੈਰੀਂ ਸਾਈਕਲ ਚੁੱਕ ਕੇ ਮੋੜ ਲਿਆ।” ਬਸ਼ੀਰਾ ਬਿਨਾਂ ਜਵਾਬ ਦਿੱਤੇ ਹੀ ਉਸ ਦੇ ਪਿੱਛੇ ਬੈਠ ਗਿਆ। ਥੋੜ੍ਹਾ ਰਸਤੇ ਲੰਘੇ ਤੇ ਉਸ ਨੇ ਘਰ ਦੀ ਗੱਲ ਛੇੜ ਲਈ –
”ਯਾਰ ਬਸ਼ੀਰੇ ਤੇਰੀ ਭਤੀਜੀ ਦੀ ਵੀਹ ਤਰੀਕ ਨੂੰ ਪੇਪਰਾਂ ਦੀ ਫ਼ੀਸ ਭੇਜਣੀ ਆ ਤੂੰ ਮੈਨੂੰ ਡੂਢ ਸੌ ਰੁਪਈਆ ਉਧਾਰ ਦੇਦੇ, ਬਿਨਾਂ ਜਵਾਬ ਉਡੀਕੇ ਹੀ ਉਹ ਬੋਲੀ ਗਿਆ। ਅੱਜ ਗਿਆਰ੍ਹਾਂ ਤਰੀਕ ਹੋ ਗੀ ਕੁੜੀ ਚਾਰ ਅੱਖਰ ਪੜ੍ਹ ਜਾਊਗੀ ਆਪਣੇ ਪੈਰਾਂ ‘ਤੇ ਹੋ ਜੂ, ਮੁੰਡਾ ਚੰਗਾ ਮਿਲ ਜਾਊਗਾ।”
ਬਸ਼ੀਰਾ ਚੁੱਪ ਰਿਹਾ। ਉਸ ਨੇ ਕੋਈ ਜਵਾਬ ਨੀ ਦਿੱਤਾ। ਖੋਖੇ ਕੋਲ ਜਾ ਕੇ ਲਿਆਕਤ ਨੇ ਆਪਣਾ ਸਵਾਲ ਦੁਹਰਾਇਆ ਤਾਂ ਬਸ਼ੀਰਾ ਕਹਿਣ ਲੱਗਿਆ,
”ਦੇਖ ਲਿਆਕਤ ਮੈਂ ਤੈਨੂੰ ਕੱਲ੍ਹ ਵੀ ਕਿਹਾ ਸੀ ਕੇ ਮੇਰੀ ਅਜੇ ਨੌਕਰ ਰੱਖਣ ਦੀ ਓਕਾਤ ਨੀ ਹੈ, ਜੇ ਕਰ ਸਕਦੈਂ ਪੈਸਿਆਂ ਦਾ ਪ੍ਰਬੰਧ ਕਰ  ਆਪਾਂ ਆਪਣਾ ਜਾਨਵਰ ਖ਼ਰੀਦ ਲਈਏ ਆਪ ਹੀ ਵਢੀਏ ਵੇਚੀਏ।”
”ਮੇਰੇ ਕੋਲ ਤਾਂ ਡੂਢ ਸੌ ਨੀ ਭਰਾਵਾ ਤੂੰ ਪੱਚੀ ਸੌ ਨੂੰ ਰੋਨੈ”। ਫੇਰ
ਮੇਰੇ ਕੋਲ ਵੀ ਹਾਲੇ ਪੰਦਰਾਂ ਸੌ ਜੁੜੇ ਨੇ, ਹਾਲੇ ਤਾਂ ਮੈਂ ਗਿਆਨੀ ਤੋਂ ਮਾਲ ਖ਼ਰੀਦ ਲੈਨਾ ਤੇ ਵੇਚ ਲੈਨਾ ਉਸ ਵਿਚੋਂ ਦੋ ਪੈਸੇ ਬਚ ਜਾਂਦੇ ਨੇ”।
ਫੇਰ ਦੱਸ ਕੀ ਕਰੀਏ ਮੇਰੇ ਕੋਲ ਤਾਂ ਕੋਈ ਏਹੋ ਜੀ ਵੀ ਚੀਜ਼ ਨੀ ਜਿਸ ਨੂੰ ਗਹਿਣੇ ਰੱਖ ਕੇ ਪੈਸੇ ਲੈ ਲਈਏ। ਬੇਗ਼ਮ ਕੋਲ ਦੋ ਟੂਮਾ ਸੀ, ਉਹ ਵੀ ਉਹਦੀ ਬਿਮਾਰੀ ‘ਤੇ ਲੱਗ ਗਈਆਂ। ਅੱਬਾ ਇਹ ਕਹਿੰਦਾ ਫ਼ੌਤ ਹੋ ਗਿਆ ਕਿ ਮੈਂ ਹੱਜ ‘ਤੇ ਜਾਣਾ। ਜਿਸ ਦਿਨ ਬੇਗ਼ਮ ਨੇ ਟੂਮਾਂ ਗਹਿਣੇ ਰੱਖੀਆਂ ਤਾਂ ਅੱਬਾ ਦੇ ਮੂੰਹੋਂ ਹੱਜ ‘ਤੇ ਜਾਣ ਵਾਲੀ ਗੱਲ ਨਿਕਲ ਗਈ। ਉਸ ਭਲੀ ਮਾਨਸ ਨੇ ਪੈਸੇ ਅੱਬਾ ਨੂੰ ਫੜਉਂਦੀ ਨੇ ਕਿਹਾ, “ਅੱਬਾ ਤੁਸੀਂ ਜਾਓ… ਮੇਰੀ ਦਵਾਈ ਫੇਰ ਲੈ ਲਵਾਂਗੇ ਤੁਸੀਂ ਹੱਜ ਕਰ ਆਓ।” ਅੱਬਾ ਨੇ ਅੱਖਾਂ ਭਰਦੇ ਨੇ ਕਿਹਾ ਸੀ, “ਬੇਟਾ ਤੂੰ ਠੀਕ ਹੋ ਜਾਵੇ ਏਸ ਤੋਂ ਵੱਡਾ ਹੱਜ ਹੋਰ ਕੀ ਹੋ ਸਕਦਾ” ਤੇ ਥੋੜ੍ਹੇ ਦਿਨਾਂ ਬਾਅਦ ਹੀ ਅੱਬਾ ਅੱਲਾ ਨੂੰ ਪਿਆਰੇ ਹੋ ਗਏ। ਦੋਨੋਂ ਜਣੇ ਸੋਚਾਂ ਵਿਚ ਡੁਬਿਆਂ ਨੂੰ ਪਤਾ ਈ ਨੀ ਲੱਗਿਆ ਕਦੋਂ ਇਕ ਵੱਜ ਗਿਆ। ਮਸੀਤ ਤੋਂ ਮੌਲਵੀ ਸਾਹਿਬ ਦੀ ਅਲਹਿ ਹੂ ਅਕਬਰ ਦੀ ਆਵਾਜ਼ ਨਾਲ ਦੋਨੋਂ ਜਾਣੇ ਉੱਠ ਗਏ। ਦੋਨੋਂ ਗਾਹਕ ਦੀ ਉਡੀਕ ‘ਚ ਨੇ। ਥੋੜ੍ਹਾ ਜਿਹਾ ਗੋਸ਼ਤ ਬਚਿਆ ਹੋਇਆ ਹੈ। ਐਨਾ ਕੁ ਮੀਟ ਦੇਖ ਕੇ ਗਾਹਕ ਵੀ ਖੋਖੇ ਅੰਦਰ ਨੀ ਵੜਦਾ। ਵੈਸੇ ਵੀ ਗੋਸ਼ਤ ਦਾ ਗਾਹਕ ਦੁਪਹਿਰ ਤੋਂ ਬਾਅਦ ਆਉਣਾ ਸ਼ੁਰੂ ਹੁੰਦਾ ਆ। ਬਕਰੀਦ ਵੀ ਨੇੜੇ ਆ ਰਹੀ ਆ। ਹਿੰਦੂਆਂ ਤੇ ਸਿੱਖਾਂ ਦੀ ਦੀਵਾਲੀ ਤੇ ਜਿੰਨਾ ਮਾਲ ਬਿਕਦਾ ਓਨੀ ਕਮਾਈ ਤਾਂ ਸਾਰੇ ਸਾਲ ਵਿਚ ਨੀ ਹੁੰਦੀ… ਐਵੇਂ ਈ ਬਕਰੀਦ ‘ਤੇ ਕਮਾਈ ਹੁੰਦੀ ਏ। ਜੇ ਪੈਸਿਆਂ ਦਾ ਜੁਗਾੜ ਬਣ ਜਾਵੇ ਤਾਂ ਪਹਿਲਾਂ ਈਦ ਦਾ ਫ਼ਾਇਦਾ ਲੈ ਲਈਏ ਤੇ ਨਾਲ ਹੀ ਦੁਸ਼ਹਿਰਾ ਤੇ ਦੀਵਾਲੀ ਆ ਜਾਣੇ ਨੇ… ਉਹ ਦੋਨੋਂ ਸੋਚਦੇ ਖੋਖੇ ਵਾਲੇ ਬੋਰਡ ‘ਤੇ ਬਕਰੀਦ ਦੇ ਦਿਨਾਂ ਵਿਚ ਇਕ ਪਾਸੇ ਮੋਟਾ ਕਰਕੇ ਹਲਾਲ ਲਿਖ ਦਈਏ ਤੇ ਦੂਜੇ ਪਾਸੇ ਝਟਕਾ ਲਿਖ ਦਈਏ ਤੇ ਦੋਨੋਂ ਤਿਹਾਰਾਂ ਦਾ ਕੰਮ ਇਕੋ ਬੋਰਡ ਨਾਲ ਚੱਲ ਜਾਵੇਗਾ। ਗਿਆਨੀ ਤੋਂ ਤਾਂ ਜਿਹੜਾ ਮੀਟ ਖ਼ਰੀਦ ਹੁੰਦਾ, ਉਸ ਵਿਚ ਤਾਂ ਮਸੀਂ ਪੰਦਰਾਂ ਵੀਹ ਰੁਪਈਏ ਬਚਦੇ ਨੇ। ਆਪਣਾ ਜਾਨਵਰ ਹੋਵੇ ਤਾਂ ਚਾਰ ਪੈਸੇ ਵੱਧ ਬਚ ਜਾਣ। ਏਨਾ ਭੰਨਾ ਘੜਤਾਂ ਵਿਚ ਸਾਰਾ ਦਿਨ ਲੰਘ ਗਿਆ। ਜਿਵੇਂ ਦੋਨੋਂ ਜਣੇ ਗਏ ਸੀ, ਓਵੇਂ ਹੀ ਵਾਪਸ ਆ ਗਏ।
ਲਿਆਕਤ ਜਦ ਘਰ ਵੜਿਆ ਤਾਂ ਸਾਰਾ ਟੱਬਰ ਇਕੱਠਾ ਹੋਇਆ ਵਿਹੜੇ ਵਿਚ ਬੈਠਾ ਹੈ। ਸਾਈਕਲ ਕੰਧ ਨਾਲ ਖੜ੍ਹਾ ਕਰ ਉਸ ਨੇ ਮੋਢੇ ਤੋਂ ਪਰਨਾ ਲਾਹ ਪੈਰ ਝਾੜਦੇ ਨੇ ਪੁੱਛਿਆ, ”ਕਿਓਂ ਬਈ ਕੋਈ ਬੋਲਦਾ ਨੀ ਕੀ ਹੋਇਆ?
ਸੁੱਖ ਤਾਂ ਹੈ ਫਿਰ ਉਸ ਦੀਆਂ ਨਜ਼ਰਾਂ ਬੇਗ਼ਮ ਨੂੰ ਲੱਭਦੀਆਂ ਨੇ ਕਿਤੇ ਉਹ ਤਾਂ ਨੀ…। ਤਿੰਨੇ ਬੱਚੇ ਲੱਤਾਂ ਲਮਕਾਈ ਮੰਜੇ ‘ਤੇ ਕੰਧ ਜੀ ਬਣਾਈ ਬੈਠੇ ਨੇ, ਅੰਮੀ ਦੂਜੇ ਮੰਜੇ ‘ਤੇ ਬੈਠੀ ਤਸਵੀ ਫੇਰ ਰਹੀ ਆ। ਨੂਰਾਂ ਬੇਟੀ ਉਚੀ ਉਚੀ ਰੋਣ ਲੱਗ ਪੈਂਦੀ ਹੈ। ਮੂੰਹ ਤਾਂ ਬਾਕੀਆਂ ਨੇ ਵੀ ਰੋਣ ਵਰਗੇ ਕੀਤੇ ਹੋਏ ਨੇ। ਲਿਆਕਤ ਜਦ ਹੋਰ ਨੇੜੇ ਹੋਇਆ ਤਾਂ ਬੇਗ਼ਮ ਉਸ ਨੂੰ ਬੱਚਿਆਂ ਦੇ ਪਿੱਛੇ ਪਈ ਦਿਖਦੀ ਹੈ। ਉਹ ਇਕ ਹੱਥ ਨਾਲ ਕੁਝ ਇਸ਼ਾਰੇ ਕਰ ਰਹੀ ਆ। ਹੁਣ ਉਹ ਐਨੀ ਕਮਜ਼ੋਰ ਹੋ ਗੀ ਕਿ ਬੋਲਣ ਦੀ ਵੀ ਇਸ ਵਿਚ ਹਿੰਮਤ ਨਹੀਂ ਰਹੀ।
ਕੀ ਹੋਇਆ?  ਨੂਰਾਂ ਉੱਠ ਕੇ ਅੱਬਾ ਦੇ ਗਲ ਲੱਗ ਕੇ ਰੋਣ ਲੱਗ ਪੈਂਦੀ ਆ। ਲਿਆਕਤ ਉਸ ਦੇ ਸਿਰ ਨੂੰ ਮੋਢੇ ਨਾਲ ਲਾ ਕੇ ਪੁੱਛਦਾ ਕੀ ਹੋਇਆ ਮੇਰੇ ਬੱਚੇ?
ਅੰਮੀ ਖੰਘੂਰਾ ਮਾਰ ਕੇ ਬੋਲਦੀ ਆ ”ਪੁੱਤਰਾ ਇਹ ਪੁੱਛ ਕਿ ਕੀ ਨਹੀਂ ਹੋਇਆ”
ਫੇਰ ਵੀ ?
ਜਿਥੇ ਤੂੰ ਕੰਮ ਕਰਦਾ ਸੀ ਤੇਰੇ ਮਾਲਕ ਇਕ ਦੋ ਬੰਦੇ ਲੈ ਕੇ ਆਏ ਸੀ ਕਿ ਵੀਹ ਹਜ਼ਾਰ ਰੁਪਈਆ ਜਿਹੜਾ ਉਧਾਰ ਲਿਆ ਉਹ ਵਾਪਸ ਕਰੇ ਨਹੀਂ ਕੰਮ ‘ਤੇ ਵਾਪਸ ਆਵੇ ਓਨੀ ਦੇਰ ਕੋਈ ਤਨਖ਼ਾਹ ਨੀ ਮਿਲਣੀ ਜਿੰਨੀ ਦੇਰ ਸਾਡੇ ਪੈਸੇ ਵਾਪਸ ਨੀ ਹੋ ਜਾਂਦੇ। ਹੋਰ ਵੀ ਬੜਾ ਅਵਾ ਤਵਾ ਬੋਲ ਕੇ ਗਿਆ, ਨੂਰਾਂ ਕਹਿੰਦੀ ਅੰਕਲ ਅਸੀਂ ਹਾਲੇ ਪੈਸੇ ਨੀ ਦੇ ਸਕਦੇ, ਜਦ ਅੱਬਾ ਕੰਮ ਕਰਨਗੇ ਫੇਰ ਦੇ ਦਵਾਂਗੇ। ਇਹਦੀ ਬਾਂਹ ਫੜ ਕੇ ਕਹਿਣ ਲੱਗਿਆ, “ਜੇ ਪੈਸੇ ਨੀ ਦੇ ਸਕਦੀ, ਜੋ ਦੇ ਸਕਦੀ ਹੈਂ ਉਹ ਦੇ ਦੇ ਪੈਸੇ ਛੱਡੇ।” ਲਿਆਕਤ ਦੀ ਲੂਈਂ ਕੰਡਿਆ ਗਈ। ਗ਼ੁੱਸਾ ਉਸ ਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਚੜ੍ਹ ਗਿਆ। ਉਹ ਉੱਚੀ ਉੱਚੀ ਬੋਲਣ ਲਗ ਪਿਆ। ਬਾਹਰ ਕੁੱਤੇ ਵੀ ਉੱਚੀ ਉੱਚੀ ਭੌਂਕਣ ਲੱਗੇ ਹੋਏ ਨੇ। ਉਹ ਜਿੰਨੀ ਉੱਚੀ ਮਾਲਕਾਂ ਨੂੰ ਗਾਲ੍ਹਾਂ ਕੱਢਦਾ ਉੁਸ ਤੋਂ ਵੱਧ ਉਚੀ ਕੁੱਤੇ ਭੌਂਕਣ ਲੱਗੇ। ਗ਼ੁੱਸੇ ‘ਚ ਉਹਦਾ ਮੂੰਹ ਲਾਲ ਹੋ ਗਿਆ। ਉਹਨੇ ਕੀਲੇ ‘ਤੇ ਟੰਗਿਆ ਹਥਿਆਰ ਚੁੱਕਿਆ। ਏਸ ਹਥਿਆਰ ਨਾਲ ਉਸ ਨੇ ਕਈ ਬੱਕਰੇ ਜਿਬ੍ਹਾ ਕੀਤੇ ਨੇ। ਜਦ ਉਹ ਕਿਸੇ ਜਾਨਵਰ ਦੇ ਟਕਾ ਕੇ ਮਾਰ ਦਿੰਦਾ, ਉਹ ਫੇਰ ਦੂਜਾ ਸਾਹ ਨੀ ਲੈਂਦਾ।  ਕੁੱਤੇ ਉਨ੍ਹਾਂ ਦੇ ਦਰਵਾਜ਼ੇ ਤੋਂ ਥੋੜ੍ਹਾ ਪਰ੍ਹਾਂ ਚਲੇ ਗਏ ਨੇ। ਕੁੱਤਿਆਂ ਦੇ ਭੋਕਣ ਦੀ ਆਵਾਜ਼ ਦੂਰੋਂ ਆਉਣ ਲੱਗੀ। ਉਹ ਸਾਈਕਲ ਚੱਕ ਫੱਟਾ ਫੱਟ ਘਰੋਂ ਬਾਹਰ ਹੋ ਗਿਆ।
ਅੰਮੀ ਨੇ ਪਿਛੋਂ ਬਥੇਰੀਆਂ ਆਵਾਜ਼ਾਂ ਮਾਰੀਆਂ।
”ਵੇ ਲਿਆਕਤੀ ਨਾ ਜਾਈਂ ਉਹ ਬੜੇ ਡਾਢੇ ਨੇ… ਸਰਕਾਰੇ ਦਰਬਾਰੇ ਉਨ੍ਹਾਂ ਦੀ ਪਹੁੰਚ ਆ ਮੁੜਿਆ ਪਰ ਲਿਆਕਤ ਵਾਪਸ ਨੀ ਆਇਆ। ਗ਼ੁੱਸਾ ਉਹਦੇ ਦਿਮਾਗ਼ ਨੂੰ ਚੜ੍ਹਿਆ ਹੋਇਆ ਹੈ। ਨੂਰਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਕੁੜੀ ਨੂੰ ਧੱਕਾ ਦੇ ਕੇ ਬਾਹਰ ਨਿਕਲ ਗਿਆ।
ਸਵੇਰ ਹੁੰਦੀ ਸਾਰ ਅੰਮੀ ਤੇ ਨੂਰਾਂ ਨੇ ਬਸ਼ੀਰੇ ਦਾ ਦਰਵਾਜ਼ਾ ਖੜਕਾਇਆ ਤੇ ਰਾਤ ਵਾਲੀ ਸਾਰੀ ਗੱਲ ਉਸ ਨੂੰ ਦੱਸੀ। ਗੱਲ ਸੁਣ ਬਸ਼ੀਰਾ ਲਿਆਕਤ ਨੂੰ ਲੱਭਣ ਤੁਰ ਪਿਆ। ਸਭ ਤੋਂ ਪਹਿਲਾਂ ਉਸ ਨੇ ਲਿਆਕਤ ਨੂੰ ਉਸ ਦੇ ਪਹਿਲੇ ਮਾਲਕਾਂ ਦੇ ਘਰ ਵੱਲ ਲੱਭਿਆ। ਏਥੇ ਤਾਂ ਸਭ ਆਮ ਵਾਂਗ ਚੱਲ ਰਿਹਾ ਹੈ। ਮਾਲਕ ਬੱਚਿਆਂ ਨੂੰ ਸਕੂਲ ਵਾਲੀ ਵੈਨ ‘ਚ ਚੜ੍ਹਾ ਰਹੇ ਨੇ। ਬੱਚੇ ਬਾਏ ਬਾਏ ਕਰ ਰਹੇ ਨੇ। ਬਸ਼ੀਰਾ ਚੁੱਪ ਚਾਪ ਓਹਨੀ ਪੈਰੀਂ ਵਾਪਸ ਆ ਗਿਆ। ਉਹ ਹੌਲੀ ਹੌਲੀ ਮੀਟ ਮਾਰਕੀਟ ਵੱਲ ਆ ਰਿਹਾ ਹੈ। ਸਫ਼ਾਈ ਕਰਮਚਾਰੀ ਖੇਸ ਦੀ ਬੁੱਕਲ ਮਾਰੀ ਸੜਕ ਸਾਫ਼ ਕਰ ਰਿਹਾ ਹੈ। ਲੰਡੂ ਜਿਹੇ ਕੁੱਤੇ ਕੁੱਤਿਆਂ ਇਕ ਪਾਸੇ ਅੱਧ ਨਿੰਦਰੇ ਜਿਹੇ ਸੁੱਤੇ ਪਏ ਨੇ। ਕੋਈ ਕੋਈ ਬੰਦਾ ਤੇਜ਼ੀ ਨਾਲ ਸਕੂਟਰ ‘ਤੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਹੈ। ਮੀਟ ਮਾਰਕੀਟ ਦੀ ਕੋਈ ਦੁਕਾਨ ਅਜੇ ਨੀ ਖੁੱਲ੍ਹੀ। ਸਵੇਰ ਦੇ ਅੱਠ ਵੱਜ ਰਹੇ ਨੇ। ਬਸ਼ੀਰਾ ਹੋਰ ਅੱਗੇ ਆਉਂਦਾ ਐ, ਇਹ ਕੀ ਉਸ ਵਾਲਾ ਖੋਖਾ ਖੁਲ੍ਹਾ ਹੈ ਤੇ ਦੋ ਛੋਟੇ ਮੇਮਣਿਆਂ ਦੇ ਗੋਸ਼ਤ ਦੀਆਂ ਖੱਲਾਂ ਨੂੰ ਲਿਆਕਤ ਸਾਫ਼ ਕਰ ਰਿਹਾ ਹੈ, ਸਗੋਂ ਇਕ ਤਾਂ ਉਸ ਨੇ ਟੰਗਿਆ ਹੋਇਆ ਹੈ ਤੇ ਦੂਜੇ ਨੂੰ ਹੁੱਕ ਪਾ ਕੇ ਟੰਗ ਰਿਹਾ ਹੈ ਤੇ ਖੱਲ ਟੰਗ ਕੇ ਉਸ ਦੀ ਪੂੰਛ ਨੂੰ ਠੀਕ ਕਰ ਰਿਹਾ ਨਾਲ਼ੇ ਸਹਿਲਾ ਰਿਹਾ। ਮੇਮਣੇ ਦੀ ਪੂਛ ਦੇ ਕਾਲੇ ਵਾਲ ਦਿੱਖ ਰਹੇ ਨੇ। ਇਹ ਪੂੰਛ ਏਸ ਗੱਲ ਦੀ ਪਰਤੀਕ ਹੁੰਦੀ ਆ ਕੇ ਇਹ ਗੋਸ਼ਤ ਬੱਕਰੇ ਦਾ ਹੈ।
“ਉਹ ਲਿਆਕਤੀ ਤੂੰ ਕਿੱਥੇ ਰਿਹਾ… ਰਾਤ ਭਰ ਅੰਮੀ, ਭਾਬੀ ਤੇ ਬੱਚੇ ਸਾਰੀ ਰਾਤ ਪ੍ਰੇਸ਼ਾਨ ਰਹੇ… ਮੈਂ ਹੁਣ ਤੈਨੂੰ ਪਹਿਲਾਂ ਤੇਰੇ ਮਾਲਕਾਂ ਵੱਲ ਲੱਭ ਕੇ ਆਇਆ ਹਾਂ। ਅੰਮੀ ਨੇ ਮੈਨੂੰ ਕੱਲ੍ਹ ਵਾਲੀ ਸਾਰੀ ਗੱਲ ਦੱਸੀ ਆ। ਮੈਂ ਸੋਚਿਆ ਕਿ ਤੂੰ ਚੜ੍ਹਾ ਤਾ ਚੰਦ, ਤੈਨੂੰ ਦੇਖ ਮੇਰੀ ਜਾਨ ‘ਚ ਜਾਨ ਆਈ। ਕਮਲਿਆ ਇਹ ਸਭ ਕੁਝ ਮੈਨੂੰ ਪਤੈ ਜਿਹੜੀ ਗੱਲ ਉਸ ਨੇ ਕਹੀ ਆ ਕਿਸੇ ਵੀ ਅਣਖ ਵਾਲੇ ਬੰਦੇ ਨੂੰ ਗ਼ੁੱਸਾ ਏਦਾਂ ਹੀ ਚੜੂਗਾ ਪਰ ਤੂੰ ਕਦੇ ਸੋਚਿਆ ਤੇਰੇ ਹੁੰਦੇ ਵਕਤ ਤਾਂ ਇਹ ਗੱਲ ਉਨ੍ਹਾਂ ਨੇ ਅਜੇ ਜ਼ੁਬਾਨ ‘ਚੋਂ ਹੀ ਕੱਢੀ ਆ, ਜੇ ਤੂੰ ਉਹਨੂੰ ਮਾਰ ਦਿੰਦਾ ਤੇ ਆਪ ਜੇਲ੍ਹ ਜਾ ਬੈਠਦਾ। ਇਹ ਗੱਲ ਜੋ ਉਹਨੇ ਅੱਜ ਕਹੀ ਆ ਉਹਦਾ ਮੁੰਡਾ ਜਾਂ ਕੋਈ ਕਰ ਕੇ ਵੀ ਦਿਖਾ ਦਿੰਦੇ ਏਸ ਕਰਕੇ ਸਿਆਣਾ ਬਣ।”
” ਮੈਂ ਘਰੋਂ ਤਾਂ ਉਹਨੂੰ ਮਾਰਨ ਹੀ ਤੁਰਿਆ ਸੀ ਪਰ ਘੋਟੀ ਕੇਸਰ ਦੇ ਘਰ ਮੂਹਰੇ ਦੀ ਲੰਘਦਿਆਂ ਦਾ ਮੇਰਾ ਮਨ ਬਦਲ ਗਿਆ ਜਦ ਮੈਂ ਦੇਖਿਆ ਕੇ ਕਿੰਨਾ ਵੱਡਾ ਲਾਣਾ ਘੋਟੀ ਦੇ ਕਤਲ ਹੋਣ ਤੋਂ ਬਾਅਦ ਕਿਵੇਂ ਰੁਲ ਗਿਆ ਤੇ ਘੋਟੀ ਦੀ ਬਹੂ ਨੂੰ ਹੁਣ ਸਾਰੇ ਗਸ਼ਤੀ ਕਹਿੰਦੇ ਨੇ। ਮੈਂ ਮੁੜ ਆਇਆ ਬਸ਼ੀਰੇ ਤੇ ਆਪਣੇ ਗ਼ੁੱਸੇ ਨੂੰ ਇਨ੍ਹਾਂ ਮੇਮਨਿਆਂ ‘ਤੇ ਪੂਰਾ ਕੀਤਾ।”
”ਇਹ ਤੈਨੂੰ ਕਿਥੋਂ ਮਿਲੇ? ਚੋਰੀ ਕਰ ਕੇ ਲਿਆਂਦੇ ਨੇ ਓਏ”।
“ਨਹੀਂ, ਬਸ ਕੁਝ ਸਮਝ ਲੈ ਰਸਤੇ ਵਿਚ ਤੁਰੇ ਫਿਰਦੇ ਸੀ ਮੈਂ ਕਾਬੂ ਕਰਲੇ”।
“ਤੈਨੂੰ ਪਤੈ ਚੋਰੀ ਕਰਨਾ ਹਰਾਮ ਹੈ?…æ”
“ਇਹ ਮੈਂ ਚੋਰੀ ਥੋੜ੍ਹਾ ਨਾ ਕੀਤੇ ਇਹ ਗਲੀ ‘ਚ ਫਿਰਦੇ ਸੀ ‘ਆਵਾਰਾ’ ਮੈਂ ਦਬੋਚ ਲੇ। ਭਲਾ ਐਂ ਦੱਸ ਪਾਲਤੂ ਜਾਨਵਰਾਂ ਨੂੰ ਕੋਈ ਇਵੇਂ ਗਲੀਆਂ ‘ਚ ਛੱਡਦੈ ਆਵਾਰਾ, ਜਾਨਵਰ ਤਾਂ ਗਲੀਆਂ ‘ਚ ਈ ਫਿਰਦੇ ਨੇ।”
“ਆਹੋ” ਬਸ਼ੀਰਾ ਬੋਲਿਆ। ਹੁਣ ਤੂੰ ਚੁੱਪ ਕਰ ਜਾ ਗ਼ੁਰਬਤ ਕੱਢਣ ਦਾ ਵਧੀਆ ਹੱਲ ਭੇਜਿਆ ਅੱਲਾ ਤਾਲਾ ਨੇ ”।
ਬਸ਼ੀਰੇ ਨੂੰ ਵੀ ਲੱਗਿਆ ਪੈਸਿਆਂ ਦਾ ਮੂੰਹ ਦੇਖਿਆਂ ਕਿੰਨੇ ਦਿਨ ਹੋ ਗੇ ਕੋਈ ਫ਼ਰਕ ਨੀ ਪੈਂਦਾ ਚੱਲਣ ਦੇ ਏਵੇਂ ਹੀ। ਉਹ ਦੋਨੋਂ ਜਣੇ ਖੋਖੇ ‘ਤੇ ਬਹਿ ਗਏ ਚਾਰ ਵੱਜਦੇ ਨੂੰ ਸਾਰਾ ਗੋਸ਼ਤ ਵਿਕ ਗਿਆ। ਚੌਦਾਂ ਕਿਲੋ ਮੀਟ ਦੋ ਸੌ ਰੁਪਈਆਂ ਦੇ ਹਿਸਾਬ ਨਾਲ ਵੇਚ ਕੇ ਉਨ੍ਹਾਂ ਨੇ ਸ਼ਾਮ ਤੱਕ ਅਠਾਈ ਸੌ ਰੁਪਈਆ ਬਣਾ ਲਿਆ। ਲਿਆਕਤ  ਗੱਲ਼ੇ ਤੋਂ ਉਠਿਆ  ਤੇ ਬਸ਼ੀਰੇ ਨੂੰ ਕਹਿਣ ਲੱਗਿਆ, ”ਲੈ ਭਰਾਵਾ ਜਿੰਨੇ ਮੈਨੂੰ ਦੇਣੇ ਨੇ ਮੈਨੂੰ ਦੇ ਦੇ  ਬਾਕੀ ਆਪ ਰੱਖ ਲੈ  ਖੋਖਾ ਤਾਂ ਤੇਰਾ ਈ ਆ ”।
ਨਹੀਂ ਏ ਤੇਰੀ ਮਿਹਨਤ ਹੈ ਤੂੰ  ਅੱਧੇ ਰੱਖ ਲੈ  ਅੱਧੇ ਮੈਨੂੰ ਦੇ ਦੇ।”
ਲਿਆਕਤ ਕਹਿਣ ਲੱਗਿਆ ”ਤੂੰ ਕਹਿੰਦਾ ਸੀ ਮਾਲ ਪਾਉਣ ਲਈ ਪੱਚੀ ਸੌ ਰੁਪਈਏ ਚਾਹੀਦੇ ਨੇ, ਉਪਰਲੇ ਤਿੰਨ ਸੌ ਅੱਧੇ ਅੱਧੇ ਕਰਲੈ ਬਾਕੀ ਪੱਚੀ ਸੌ ਦਾ ਜਾਨਵਰ ਖ਼ਰੀਦ ਲਾਂਗੇ।” ਦੋਨੋਂ ਏਸ ਗੱਲ ‘ਤੇ ਸਹਿਮਤ ਹੋ ਗੇ, ਉਨ੍ਹਾਂ ਨੇ ਡੇਢ ਡੇਢ ਸੌ ਰੁਪਿਆ ਆਪਸ ਵਿਚ ਵੰਡ ਲਿਆ। ਲਿਆਕਤ ਨੇ ਡੂਢ ਸੌ ਰਪਈਆ ਜੇਬ੍ਹ ਵਿਚ ਪਾਉਂਦੇ ਨੇ ਕਿਹਾ, “ਆਹ ਤਾਂ ਤੇਰੀ ਭਤੀਜੀ ਦੀ ਫ਼ੀਸ ਹੋ ਗੀ।” ਲਿਆਕਤ ਕਹਿੰਦਾ, “ਅੱਜ ਮਸੀਤ ਨਾ ਚਲੀਏ ਆਪਾਂ ਵਿਹਲੇ ਵੀ ਟਾਈਮ ਸਿਰ ਹੋ ਗਏ।” ਦੋਨੋਂ ਸ਼ੁਕਰਾਨੇ ਵਿਚ ਨਮਾਜ਼ ਅਦਾ ਕਰਨ ਚਲੇ ਗਏ। ਦੋਨਾਂ ਨੇ ਬੂਜ਼ੁ ਕਰ ਨਮਾਜ਼ ਪੜ੍ਹੀ।
“ਆਉਜ਼ ਬਿੱਲਾ ਹੀ ਮੀਨਾਸ਼ਈ ਤਾ ਨਿਰਜੀਮ
ਬਿਸਮਿੱਲਾ ਹਿਰ ਰਹਿਮਾਨ ਈ ਨਿਰਹੀਮ  
ਅੱਲ ਹਮਦੂ ਲਿਲਾ ਹੀ ਰੱਬਿਲ ਆਲਮੀਨ
ਅਰ ਰਹਿਮਾਨ ਨਿਰਹੀਵ ਮਾਲਕੀ ਯੋ ਮਿੱਦੀਨ”
ਨਮਾਜ਼ ਅਦਾ ਕਰ ਕੇ ਉਹ ਮੌਲਵੀ ਸਾਹਿਬ ਕੋਲ ਬੈਠ ਗਏ। ਮੂੰਹ ‘ਤੇ ਹੱਥ ਫੇਰ ਬਸ਼ੀਰੇ ਨੇ ਮੌਲਵੀ ਸਾਹਿਬ ਨੂੰ ਸਵਾਲ ਕਰ ਦਿੱਤਾ
”ਮੌਲਵੀ ਸਾਹਿਬ ਘੋੜੇ ਤੇ ਗਧੇ ਦਾ ਗੋਸ਼ਤ ਹਰਾਮ ਐਂ ਕੇ ਹਲਾਲ?”
ਮੌਲਵੀ ਸਾਹਿਬ ਗਲ ‘ਚ ਪਏ ਕੱਪੜੇ ਨੂੰ ਮੂੰਹ ‘ਤੇ ਫੇਰਦੇ ਹੋਏ ਬੋਲੇ, ”ਇਸਲਾਮ ਮੁਤਾਬਕ ਗਧਾ ਤੇ ਘੋੜਾ ਦੋਨਾਂ ਦਾ ਗੋਸ਼ਤ ਹਲਾਲ ਹੈ ਪਰ ਇਸਲਾਮ ਇਹ ਵੀ ਕਹਿੰਦਾ ਹੈ ਕੇ ਜੋ ਘੋੜਾ ਜਾਂ ਗਧਾ ਘਰ ਵਿਚ ਪਾਲਿਆ ਹੈ ਉਸ ਦਾ ਗੋਸ਼ਤ ਹਰਾਮ ਹੈ। ਜੰਗਲ ਵਾਲਾ ਗਧਾ ਹਲਾਲ ਹੈ, ਜੰਗ ਦੇ ਦਿਨਾਂ ਦਰਮਿਆਨ ਖਾਣਾ ਜਾਇਜ਼ ਹੈ।” ਲਿਆਕਤ ਠੀਕ ਹੋ ਕੇ ਬੈਠਦਾ, ਪੁਛਦਾ ਹੈ, “ਮੌਲਵੀ ਸਾਹਿਬ ਗ਼ੁਰਬਤ ਵਿਚ ਜੇ ਆਦਮੀ ਚਾਹੇ ਤਾਂ ਵੀ।”
”ਗ਼ੁਰਬਤ ਤੋ ਮਨ ਕੀ ਹੋਤੀ ਹੈ। ਵੈਸੇ ਗ਼ੁਰਬਤ ਕਿਆ ਹੈ ਇਮਾਨ ਤੋ ਅੱਲਾ ਪਾਕ ਗ਼ੁਰਬਤ ਮੇਂ ਦੇਖਤਾ ਹੈ ਨਾ।”
ਮੌਲਵੀ ਸਾਹਿਬ ਦਾ ਪ੍ਰਵਚਨ ਸੁਣ ਕੇ ਦੋਨੋਂ ਘਰ ਨੂੰ ਚਲ ਪਏ।
ਲਿਆਕਤ ਬਸ਼ੀਰੇ ਵੱਲ ਮੂੰਹ ਕਰ ਕੇ ਬੋਲਿਆ, ”ਤੂੰ ਮੌਲਵੀ ਸਾਹਿਬ ਤੋਂ ਇਹ ਕਿਉਂ ਪੁੱਛਿਆ ਕੇ ਗਧੇ ਤੇ ਘੋੜੇ ਦਾ ਮੀਟ ਹਰਾਮ ਹੈ ਕੇ ਹਲਾਲ?”
“ਬੱਸ ਐਵੇਂ ਈ”
ਨਹੀਂ ਕੋਈ ਗੱਲ ਤਾਂ ਹੋਊ, ਤੂੰ ਇਉਂ ਨੀ ਪੁੱਛਿਆ ਕੁੱਤੇ ਦਾ ਬਿੱਲੀ ਦਾ ਗੋਸ਼ਤ ਖਾਣਾ ਹਰਾਮ ਹੈ ਜਾਂ ਹਲਾਲ ”।
“ਨਹੀਂ ਐਵੇਂ ਈ।”
ਬਸ਼ੀਰੇ ਨੂੰ ਛੱਡ ਲਿਆਕਤ ਸਾਈਕਲ ‘ਤੇ ਲੱਤ ਘਮਾਉਣ ਤੋਂ ਪਹਿਲਾਂ ਬੋਲਿਆ, ”ਆਹ ਟੀਟਣਾ ਟ੍ਰਾਂਸਪੋਰਟ ਸਾਲੀ ਖੁੱਲ੍ਹੀ ਹੀ ਫਿਰੀ ਜਾਂਦੀ ਆ ਇਹਦਾ ਕੋਈ ਬਾਲੀ ਵਾਰਿਸ ਨੀ।”
ਲਿਆਕਤ ਹੁਣ ਫਟਾ-ਫਟਾ ਘਰ ਪਹੁੰਚਣਾ ਚਾਹੁੰਦਾ ਹੈ। ਉਹ ਨੂਰਾਂ ਨੂੰ ਡੂਢ ਸੌ ਰੁਪਈਆ ਫੜਾ ਉਹਦੇ ਚਿਹਰੇ ‘ਤੇ ਖ਼ੁਸ਼ੀ ਦੇਖਣਾ ਚਾਹੁੰਦਾ ਹੈ। ਲਿਆਕਤ ਜਦ ਆਪਣੇ ਘਰ ਵਾਲੀ ਗਲੀ ਦੇ ਮੋੜ ਤੋਂ ਮੁੜਿਆ ਤਾਂ ਗਲੀ ਵਿਚ ਸਨਾਟਾ ਛਾਇਆ ਹੋਇਆ ਹੈ। ਉਹ ਤਾਂ ਚੁੱਪ ਤੇ ਹਨੇਰੇ ਤੋਂ ਡਰਦਾ ਨੀ ਫੇਰ ਅੱਜ ਉਸ ਨੂੰ ਅਜੀਬ ਜਿਹਾ ਡਰ ਕਿਉਂ ਲਗ ਰਿਹਾ ਹੈ। ਕੋਈ ਆਵਾਰਾ ਕੁੱਤਾ ਗਲੀ ਵਿਚ ਨੀ ਦਿੱਖ ਰਿਹਾ। ਉਸ ਦੇ ਘਰ ਮੂਹਰੇ ਲੋਕਾਂ ਦਾ ਇਕੱਠ ਹੋਇਆ ਹੈ, ਅੰਦਰੋਂ ਉਚੀ ਉਚੀ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਨੇ। ਉਸ ਨੇ ਸਾਈਕਲ ਬਾਹਰ ਵਾਲੀ ਕੰਧ ਨਾਲ ਹੀ ਲਾ ਦਿੱਤਾ ਤੇ ਭੱਜ ਕੇ ਅੰਦਰ ਵੜਿਆ। ਬੱਚੇ ਲਿਆਕਤ ਨੂੰ ਦੇਖ ਭੱਜ ਕੇ ਉਸ ਨੂੰ ਚਿੰਬੜ  ਗਏੇ ਨੇ ”ਭਾਣਾ ਤਾਂ ਵਾਪਰ ਗਿਆ ਲਿਆਕਤੀ…  ਅੰਮੀ ਦੀ ਆਵਾਜ਼ ਹੋਰ ਉੱਚੀ ਹੋ ਗਈ ਆ। “ਨੂਰਾਂ ਦੀ ਮਾਂ ਤੂੰ ਕਿਥੇ ਚਲੇ ਗਈ।” ਲਿਆਕਤ ਅੰਮੀ ਦੇ ਗਲ ਲੱਗ ਗਿਆ। ਉਹ ਸਾਰੀ ਰਾਤ ਬੇਗ਼ਮ ਕੋਲ ਬੈਠਾ ਰਿਹਾ। ਪਿਛਲੇ ਵੀਹ ਸਾਲਾਂ ਦੀ ਸਾਂਝ ਦਾ ਇਕ ਇਕ ਪਲ ਉਹਦੀਆਂ ਅੱਖਾਂ ਸਾਹਮਣੇ ਦੀ ਗੁਜ਼ਰ ਰਿਹਾ ਹੈ। ਪਹਿਲਾਂ ਪਹਿਲ ਉਹ ਕਿੰਨੇ ਖ਼ੁਸ਼ ਸੀ, ਫੇਰ ਅਚਾਨਕ ਉਹ ਬਿਮਾਰ ਰਹਿਣ ਲੱਗੀ ਤੇ ਇਕ ਦਿਨ ਉਸ ਨੂੰ ਕੈਂਸਰ ਦੀ ਬਿਮਾਰੀ ਬਾਰੇ ਡਾਕਟਰਾਂ ਨੇ ਦੱਸ ਦਿੱਤਾ। ਉਹ ਦੋਨੋਂ ਇਕੱਠੇ ਨਮਾਜ਼ ਅਦਾ ਕਰਦੇ ਸੀ ਫਿਰ ਉਸ ਦੀ ਬਿਮਾਰੀ ਕਰ ਕੇ ਲਿਆਕਤ ਦੀ ਨਮਾਜ਼ ਵੀ ਘੱਟ ਗਈ। ਹੁਣ ਉਸ ਨੂੰ ਵੱਧ ਕੰਮ ਕਰਨਾ ਪੈਂਦਾ। ਬਿਮਾਰੀ ਕਹਿੰਦੇ ਨੇ ਘਰ ‘ਚ ਇਕ ਜੀਅ ਨੂੰ ਹੁੰਦੀ ਆ ਜੋ ‘ਕੱਲੀ ਖਾਂਦੀ ਹੀ ਨਹੀਂ ਉਜਾੜਾ ਵੀ ਕਰਦੀ ਆ। ਬਾਕੀ ਘਰ ਦੇ ਜੀਅ ਇਕੱਲੇ ਖਾਂਦੇ ਨੇ ਪਰ ਬਿਮਾਰੀ ਤਾਂ ਉਜਾੜਦੀ ਹੈ। ਓਸ ਦੀਆਂ ਦਵਾਈਆਂ ਨੇ ਲਿਆਕਤ ਦਾ ਲੱਕ ਤੋੜ ਦਿੱਤਾ ਸੀ ਫਿਰ ਉਹ ਇਕ ਦਿਨ ਲਿਆਕਤ ਨੂੰ ਬੁਲਾ ਕੇ ਕਹਿਣ ਲੱਗੀ “ਤੁਸੀਂ ਨਮਾਜ਼ ਜ਼ਰੂਰ ਪੜ੍ਹਿਆ ਕਰੋ ਤੇ ਉਹ ਬੇਗ਼ਮ ਦੇ ਆਖੇ ਲੱਗ ਇਕ ਵਕਤ ਨਮਾਜ਼ ਅਦਾ ਕਰਨ ਲੱਗਿਆ ਪਰ ਬੇਗਮ ਦਾ ਦਰਦ ਦਿਨੋਂ ਦਿਨ ਵੱਧ ਰਿਹਾ ਸੀ। ਉਸ ਤੋਂ ਉਸ ਦਾ ਦਰਦ ਦੇਖ ਨੀ ਸੀ ਹੁੰਦਾ। ਫਿਰ ਉਹ ਇਕ ਦਿਨ ਕਹਿਣ ਲੱਗੀ, “ਤੁਸੀਂ ਅੱਲਾ ਤਾਲਾ ਤੋਂ ਨਮਾਜ਼ ਪੜ੍ਹ ਕੇ ਦੁਆ ਮੰਗੋਂ ਕੇ ਮੈਨੂੰ ਛੇਤੀ ਮੌਤ ਆ ਜਾਵੇ।” ਉਸ ਦਿਨ ਤੋਂ ਲਿਆਕਤ ਨੇ ਨਮਾਜ਼ ਅਦਾ ਕਰਨੀ ਬੰਦ ਕਰ ਦਿੱਤੀ। ਹਰ ਰੋਜ਼ ਵਾਂਗ ਦਿਨ ਚੜ੍ਹ ਰਿਹਾ ਹੈ ਪਰ ਲਿਆਕਤ ਨੂੰ ਅੱਜ ਦਿਨ ਹੋਰ ਤਰ੍ਹਾਂ ਲੱਗ ਰਿਹਾ ਹੈ। ਉਸ ਨੇ ਨੂਰਾਂ ਦੀ ਮਾਂ ਦੀ ਕਬਰ ਤਕ ਦਫ਼ਨ ਕਰਨ ਦੀ ਰਸਮ ਚੁੱਪ ਚਾਪ ਨਿਭਾਈ। ਉਸ ਨੂੰ ਰੋਣ ਨੀ ਆਇਆ ਪਤਾ ਨੀ ਕਿਉਂ ਉਸ ਨੂੰ ਅੱਜ ਰੋਣ ਨੀ ਆਇਆ। ਉਹ ਚੁੱਪ ਚਾਪ ਜੋ ਰਿਸ਼ਤੇਦਾਰ ਕਹਿੰਦੇ, ਕਰੀ ਜਾ ਰਿਹਾ ਹੈ। ਬਸ਼ੀਰਾ ਵੀ ਇਕ ਪਾਸੇ ਖੜ੍ਹਾ ਸਭ ਕੁਝ ਦੇਖ ਰਿਹਾ ਹੈ। ਉਸ ਨੇ ਆਉਂਦੇ ਸਾਰ ਪਹਿਲਾਂ ਪੱਚੀ ਸੌ ਰੁਪਏ ਲਿਆਕਤ ਨੂੰ ਦਿੰਦਿਆਂ ਕਿਹਾ, “ਇਹ ਤੇਰੇ ਕੰਮ ਆਉਗਾ ਬਾਕੀ ਆਪਾਂ ਦੇਖ ਲਾਂਗ਼ੇ।” ਸਾਰੀਆਂ ਰਸਮਾਂ ਹੋਣ ਤੋਂ ਬਾਅਦ ਅੱਜ ਲਿਆਕਤ ਕਈ ਦਿਨਾਂ ਬਾਅਦ ਮੀਟ ਮਾਰਕੀਟ ਆਇਆ ਹੈ। ਮੀਟ ਮਾਰਕੀਟ ਦੇ ਕਈ ਲੋਕ ਉਸ ਨਾਲ ਦੁੱਖ ਘਰੇ ਵੀ ਧੀਰਜ ਬੰਨ੍ਹਾ ਕੇ ਗਏ ਤੇ ਅੱਜ ਵੀ ਉਸ ਨੂੰ ਹਿੰਮਤ ਰੱਖਣ ਲਈ ਕਹਿ ਆਪਣੇ ਆਪਣੇ ਕੰਮਾਂ ਵਿਚ ਲੱਗ ਗਏ। ਬਸ਼ੀਰੇ ਨੇ ਚਾਹ ਦਾ ਗਲਾਸ ਲਿਆਕਤ ਵੱਲ ਵਧਾਇਆ ਤੇ ਉਸ ਦਾ ਹੱਥ ਘੁੱਟ ਉਸ ਨੂੰ ਕਿਹਾ, “ਅੱਲਾ ਤਾਲਾ ਸਭ ਮਿਹਰ ਕਰੂ ਜੇ ਉਸ ਨੇ ਦੁੱਖ ਦਿੱਤਾ ਤਾਂ ਦੁੱਖ ਵਿਚੋਂ ਕੱਢੂ ਵੀ ਉਹੀ।” ਲਿਆਕਤ ਨੇ ਉਸ ਵੱਲ ਇਕ ਨਜ਼ਰ ਭਰ ਕੇ ਦੇਖੀ ਤੇ ਚਾਹ ਦਾ ਗਲਾਸ ਇਕ ਪਾਸੇ ਕਰ ਉਸ ਨੇ ਬਸ਼ੀਰੇ ਨੂੰ ਜੱਫੀ ਪਾ ਲਈ। ਉਹ ਉੱਚੀ ਉੱਚੀ ਰੋਣ ਲੱਗ ਪਿਆ, “ਬਸ਼ੀਰੇ ਮੈਂ ‘ਕੱਲਾ ਰਹਿ ਗਿਆ  ਨੂਰਾਂ ਦੀ ਮਾਂ ਕਹਿੰਦੀ ਸੀ ਮੈਂ ਥੋਨੂੰ ਕੋਈ ਸੁੱਖ ਨੀ ਦੇ ਸਕੀ… ਮੈਂ ਕਿਹੜਾ ਉਸ ਨੂੰ ਕੋਈ ਖ਼ੁਸ਼ੀ ਦਿੱਤੀ ਸੀ। ਬੱਸ ਐਨਾ ਕਹਿ ਉਹ ਚੁੱਪ ਹੋ ਗਿਆ। ਫੇਰ ਉਹ ਦੋਨੋਂ ਜਣੇ ਕਿੰਨੀ ਦੇਰ ਚੁੱਪ ਬੈਠੇ ਰਹੇ। ਲਿਆਕਤ ਠੰਢੇ ਚਾਹ ਦੇ ਗਲਾਸ ਨੂੰ ਪਰ੍ਹੇ ਰੱਖਦਾ ਬੋਲਿਆ, “ਬਸ਼ੀਰੇ ਪੈਸੇ ਤਾਂ ਹੋਰ ਸਿਰ ਚੜ੍ਹ ਗਏ ਤੂੰ ਵੀ ਸਾਰਾ ਕੁਝ ਮੈਨੂੰ ਦੇ ਦਿੱਤਾ। ਹੁਣ ਕੀ ਕਰਾਂਗੇ? ਅਗਲੇ ਹਫ਼ਤੇ ਈਦ ਵੀ ਆ… ਜੇ ਕੋਲ ਦੋ ਪੈਸੇ ਹੋਣ ਤਾ ਚਾਰ ਪੈਸੇ ਕਮਾਈਏ।” ਲਿਆਕਤ ਡੂੰਘੀ ਸੋਚ ਵਿਚ ਡੁਬਿਆ ਪਿਆ ਹੈ। ਉਸ ਨੇ ਡੂੰਘੀ ਜਿਹੀ ਹਾਂ ਕਹੀ ਤੇ ਉੱਠ ਕੇ ਤੁਰ ਪਿਆ। ਦੂਸਰੇ ਦਿਨ ਜਲਦੀ ਆ ਗਿਆ ਤੇ ਖੋਖੇ ਦੀ ਸਫ਼ਾਈ ਕਰ ਕੇ ਪਾਣੀ ਛਿੜਕਿਆ ਤੇ ਇਕ ਮੇਮਣੇ ਨੂੰ ਕੱਪੜੇ ਵਿਚੋਂ ਕੱਢ ਕੇ ਕੁੰਡੀ ਪਾ ਪੁੱਠਾ ਲਟਕਾ ਦਿੱਤਾ ਜਦ ਬਸ਼ੀਰਾ ਆਇਆ ਤਾਂ ਉਹ ਉਹਦੀ ਪੂੰਛ ਠੀਕ ਕਰ ਰਿਹਾ ਹੈ –
“ਅੱਜ ਫੇਰ”
“ਹਾਂ”
“ਕਿਸ ਦੇ ਵਾੜੇ ‘ਚੋਂ ਚੋਰੀ ਕੀਤਾ”  
“ਨਹੀਂ ਵਾੜੇ ‘ਚੋਂ ਨੀ, ਅੱਜ ਫੇਰ ਸਾਲਾ ਆਵਾਰਾ ਫਿਰਦਾ ਸੀ”
“ਤੂੰ ਮਰਵਾਏਂਗਾ ਅਗਲੇ ਦੇ ਵਾੜੇ ‘ਚੋਂ ਇਸ ਤਰ੍ਹਾਂ ਚੋਰੀ ਕਰਨਾ ਹਰਾਮ ਹੈ, ਤੂੰ ਕਾਨੂੰਨ ਤੋੜ ਰਿਹਾ ਹੈ, ਅੱਲਾ ਦਾ ਕਾਨੂੰਨ ਤੇ ਸਰਕਾਰ ਦਾ ਕਾਨੂੰਨ।”
“ਗ਼ਰੀਬ ਆਦਮੀ ਹਾਂ ਮੈਂ ਕੀ ਕਰਾਂਗਾ ਕਾਨੂੰਨ ਤੋੜ ਕੇ ,ਅੱਲਾ ਤਾਲਾ ਨੂੰ ਸਭ ਪਤਾ ਕਿ ਮੈਂ ਗ਼ਰੀਬ ਹਾਂ ਗ਼ੁਰਬਤ ਵਿਚ ਸਭ ਜਾਇਜ਼ ਹੈ।” ਅੱਜ ਵੀ ਉਨ੍ਹਾਂ ਨੇ ਹਜ਼ਾਰ ਰੁਪਈਆ ਬਣਾਇਆ। ਪਰਸੋਂ ਨੂੰ ਬਕਰੀਦ ਹੈ ਉਨ੍ਹਾਂ ਨੂੰ ਪਤਾ ਹੈ ਕੇ ਉਸ ਦਿਨ ਗੋਸ਼ਤ ਵਿਕਣਾ ਹੈ।
ਬਸ਼ੀਰਾ ਸਾਈਕਲ ‘ਤੇ ਬੈਠਦਿਆਂ ਬੋਲਿਆ, “ਲਿਆਕਤੀ ਠੇਕੇ ਮੁਹਰੇ ਰੋਕ ਅੱਜ ਦੋ ਦੋ ਹਾੜੇ ਹੋ ਜਾਣ। ਅੱਜ ਬੋਤਲ ਹੀ ਖ਼ਰੀਦ ਲੈਂਦੇ ਹਾਂ।” ਉਨ੍ਹਾਂ ਨੇ ਮੇਹਖਾਨੇ ਵਿਚ ਬੈਠ ਕੇ ਅੱਜ ਅਧੀਏ ਤੋਂ ਵੱਧ ਦਾਰੂ ਪੀ ਲਈ… ਜਦ ਉੱਠਣ ਲੱਗੇ ਤਾਂ ਬਸ਼ੀਰਾ ਬੋਲਿਆ,
“ਲਿਆਕਤ ਅੱਜ ਮੈਨੂੰ ਵੀ ਨਾਲ ਲੈ ਚੱਲ ਦੋਨੋਂ ਮਿਲ ਕੇ ਬੜਾ ਹੱਥ ਮਾਰਦੇ ਆਂ। ਉਸ ਬਾੜੇ ਵਿਚੋਂ ਦੋ ਚਾਰ ਨੱਗ ਖਿਸਕਾ ਲੈਂਦੇ ਆਂ ਜਿੱਥੇ ਤੂੰ…”
“ਮੈਂ ਤੈਨੂੰ ਕਈ ਦਿਨਾਂ ਦੀ ਇਕ ਗੱਲ ਦੱਸਣ ਨੂੰ ਫਿਰਦਾਂ”
ਫਿਰ ਬਸ਼ੀਰਾ ਬੋਲਿਆ, “ਚੱਲ ਉੱਠ ਚੱਲੀਏ ਫੇਰ ਕਿਸੇ ਦਿਨ ਦੱਸ ਦਈਂ। ਮੈਨੂੰ ਪਤੈ ਜਦ ਬੰਦਾ ਦੁੱਖੀ ਹੁੰਦੈ ਤਾਂ ਉਹ ਘਰ ਦੇ ਬਿਮਾਰ ਬੰਦੇ ਨੂੰ ਚਾਹੁੰਦਾ ਹੁੰਦਾ ਐ…। ਇਹ ਛੇਤੀ ਮਰ ਜਾਵੇ ਤੇਰੀ ਬੇਗ਼ਮ ਵਰਗਾ ਦੁੱਖ ਮੈਂ ਵੀ ਆਪਣੀ ਅੰਮੀ ਤੇ ਅੱਬਾ ਵੇਲੇ ਝੱਲਿਆ ਸੀ।” ਫਿਰ ਉਹ ਬਿਨਾਂ ਇਕ ਦੂਜੇ ਨਾਲ ਬੋਲੇ ਓਥੋਂ ਤੁਰ ਪਏ। ਦੂਜੇ ਦਿਨ ਉਨ੍ਹਾਂ ਨੇ ਆਉਣ ਵਾਲੇ ਤਿਉਹਾਰ ਦੀ ਵਿਓਤਬੰਦੀ ਕੀਤੀ। ਦੀਵਾਲੀ ‘ਤੇ ਮਾਲ ਬਹੁਤ ਚਾਹੀਦਾ ਹੈ। ਦੋਨੋਂ ਆਪਣੇ ਆਪਣੇ ਜੁਗਾੜ ਵਿਚ ਲੱਗ ਗਏ। ਦੋਨਾਂ ਨੇ ਸੋਚਿਆ ਜਾਨਵਰ ਵੱਢ ਕੇ ਬਾਹਰੋਂ ਹੀ ਲੈ ਜਾਵਾਂਗੇ ਤੇ ਗੋਸ਼ਤ ਦੁਕਾਨ ‘ਤੇ ਪੁਜਦਾ ਕਰ ਦੇਵਾਂਗੇ। ਲਿਆਕਤ ਦੀ ਡਿਊਟੀ ਛੋਟੇ ਮੇਮਨਿਆ ਦੀ ਹੈ ਤੇ ਮੋਟਾ ਮਾਲ ਬਸ਼ੀਰਾ ਲੈ ਕੇ ਅਊਗਾ। ਉਨ੍ਹਾਂ ਨੇ ਏਸ ਕੰਮ ਲਈ ਸ਼ਹਿਰ ਤੋਂ ਬਾਹਰ ਵਾਰ ਇਕ ਬੇਆਬਾਦ ਪਿਆ ਮਕਾਨ ਚੁਣਿਆ ਹੋਇਆ ਹੈ। ਤਿਉਹਾਰ ਤੋਂ ਇਕ ਦਿਨ ਪਹਿਲਾਂ ਸ਼ਾਮ ਨੂੰ ਇਕ ਛੋਟਾ ਟੈਂਪੂ ਆ ਕੇ ਰੁਕਦਾ ਹੈ ਤੇ ਲਿਆਕਤ ਉਸ ਵਿਚੋਂ ਉਤਰ ਕੇ ਸਿੱਧਾ ਅੰਦਰ ਚਲੇ ਜਾਂਦਾ… ਅੰਦਰ ਜਾ ਕੇ ਉਹ ਹੈਰਾਨ ਰਹਿ ਜਾਂਦਾ… ਬਸ਼ੀਰੇ ਨੇ ਇਕ ਗਧਾ ਸਿਕੰਜੇ ਵਿਚ ਕੱਸਿਆ ਹੋਇਆ ਹੈ… ਓਹ ਇਕ ਦਾਹ ਫੜੀ ਖੜ੍ਹਾ ਹੈ ਤੇ ਉਸ ਨੇ ਇਕ ਜ਼ੋਰ ਦੇ ਝਟਕੇ ਨਾਲ ਗਧੇ ਦੀ ਗਰਦਨ ਅਲੱਗ ਕਰ ਦਿੱਤੀ ਤੇ ਜਦ ਬਸ਼ੀਰੇ ਦੀ ਨਜ਼ਰ ਲਿਆਕਤ ‘ਤੇ ਪਈ ਤੇ ਉਸ ਨੇ ਦਾਹ ਥੱਲੇ ਰੱਖਦੇ ਨੇ ਕਿਹਾ –
” ਮੈਂ ਤੈਨੂੰ ਕਈ ਦਿਨਾਂ ਤੋਂ ਦੱਸਣ ਨੂੰ ਫਿਰਦਾ ਸੀ ਕਿ ਉਹ ਟੀਟਣਾ ਟ੍ਰਾਂਸਪੋਰਟ ਦਾ ਮੈਂ ਹੀ ਮਾਲਕ ਹਾਂ” ਤੇ ਲਿਆਕਤ ਦਾ ਜਵਾਬ ਉਡੀਕੇ ਬਿਨਾਂ ਹੀ ਉਹ ਬਾਹਰ ਚਲਿਆ ਗਿਆ ਇਹ ਦੇਖਣ ਲਈ ਕਿ ਉਹ ਕਿੰਨੇ ਕੁ ਮੇਮਨੇ ਲਿਆਇਆ ਹੈ। ਟੈਂਪੂ ਦੇ ਪਿਛਲੇ ਪਾਸੇ ਹੋ ਜਦ ਡਾਲੇ ਵਿਚ ਨਿਗਾਹ ਮਾਰਦੈ ਤਾਂ ਟੈਂਪੂ ਵਿਚ ਦਸ ਬਾਰ੍ਹਾਂ ਆਵਾਰਾ ਕੁੱਤੇ ਦੇਖ ਲਿਆਕਤ ਵੱਲ ਹੋ ਕਹਿੰਦਾ ਹੈ, ”ਇਸਲਾਮ ਕਹਿੰਦਾ ਹੈ ਮਜਬੂਰੀ ਤੇ ਗ਼ੁਰਬਤ ਵਿਚ ਸਭ ਜਾਇਜ਼ ਹੈ ਪਰ ਬੰਦਾ ਸਭ ਤੋਂ ਉਪਰ ਹੈ। ਏਸ ਤਿਉਹਾਰ ਤੋਂ ਬਾਅਦ ਆਪਾਂ ਪੱਕੇ ਪੰਜ ਨਮਾਜ਼ੀ।
ਮੋਬਾਈਲ : 98141-29511

Leave a Reply

Your email address will not be published. Required fields are marked *