fbpx Nawidunia - Kul Sansar Ek Parivar

ਬ੍ਰਿਟਿਸ਼ ਕੋਲੰਬੀਆ ਚੋਣਾਂ ਵਿੱਚ ਸੱਤਾਧਾਰੀ ਐਨਡੀਪੀ ਨੂੰ ਸਪਸ਼ਟ ਬਹੁਮਤ, ਛੇ ਪੰਜਾਬੀ ਜੇਤੂ

ਵੈਨਕੂਵਰ : ਕੈਨੇਡਾ ਦੇ ਪੱਛਮੀ ਤੱਟੀ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਲਈ ਹੋਈਆਂ ਮੱਧਕਾਲੀ ਚੋਣਾਂ ਵਿੱਚ ਸੱਤਾਧਾਰੀ ਐੱਨਡੀਪੀ ਨੂੰ ਸਪੱਸ਼ਟ ਬਹੁਮੱਤ ਮਿਲ ਗਿਆ ਹੈ। 87 ਮੈਂਬਰੀ ਵਿਧਾਨ ਸਭਾ ਲਈ ਅੱਜ ਪਈਆਂ ਵੋਟਾਂ ਦੀ ਦੇਰ ਰਾਤ ਤੱਕ ਹੋਈ ਗਿਣਤੀ ਵਿੱਚ ਐੱਨਡੀਪੀ ਨੇ ਪਿਛਲੀ ਵਾਰ ਦੇ ਮੁਕਾਬਲੇ 14 ਸੀਟਾਂ ਦੇ ਵਾਧੇ ਨਾਲ 55 ਸੀਟਾਂ ’ਤੇ ਜਿੱਤ ਹਾਸਲ ਕੀਤੀ। ਅਜੇ ਡਾਕ ਰਾਹੀਆਂ ਪਈਆਂ ਵੋਟਾਂ ਦੀ ਗਿਣਤੀ ਹੋਣੀ ਬਾਕੀ ਹੈ ਪਰ ਚੋਣ ਕਮਿਸ਼ਨ ਦੇ ਸੂਤਰਾਂ ਅਨੁਸਾਰ ਉਹ ਗਿਣਤੀ ਸ਼ਾਇਦ ਹੀ ਇਕ-ਦੋ ਨਤੀਜੇ ਪ੍ਰਭਾਵਿਤ ਕਰ ਸਕੇ। ਰਿਚਮੰਡ ਕੁਈਨਬਰੋ ਹਲਕੇ ਤੋਂ ਜੇਤੂ ਰਹੇ ਅਮਨ ਸਿੰਘ    ਵਿਧਾਨ ਸਭਾ ’ਚ ਬੈਠਣ ਵਾਲੇ ਪਹਿਲੇ ਪਗੜੀਧਾਰੀ ਵਿਧਾਇਕ ਹੋਣਗੇ। ਉਹ ਪੇਸ਼ੇ ਵਜੋਂ ਵਕੀਲ ਹਨ ਤੇ ਮਨੁੱਖੀ ਹੱਕਾਂ ਦੀ ਰਾਖੀ ਵਾਲੇ ਕੇਸ ਲੜਨ ਨੂੰ ਪਹਿਲ ਦਿੰਦੇ ਹਨ। 

ਲਿਬਰਲ ਪਾਰਟੀ ਦੇ ਪ੍ਰਧਾਨ ਐਂਡ੍ਰਿਊ ਵਿਲਕਿਨਸਨ ਨੇ ਕਈ ਹਲਕਿਆਂ ਵਿੱਚ ਐੱਨਡੀਪੀ ਦੇ ਵਿਧਾਇਕਾਂ ਦੇ ਮੁਕਾਬਲੇ ਇਸ ਵਾਰ ਤਕੜੇ ਸਮਝੇ ਜਾਂਦੇ ਉਮੀਦਵਾਰ ਉਤਾਰੇ ਸਨ ਪਰ ਉਨ੍ਹਾਂ ਦੀ ਪਾਰਟੀ ਵਿਰੋਧੀਆਂ ਦੇ ਕਿਸੇ ਵੀ ਵਿਧਾਇਕ ਨੂੰ ਹਰਾਉਣ ਵਿੱਚ ਸਫ਼ਲ ਨਹੀਂ ਹੋਈ ਜਦਕਿ ਐੱਨਡੀਪੀ ਨੇ ਲਿਬਰਲਾਂ ਦੇ 14 ਵਿਧਾਇਕਾਂ ਨੂੰ ਹਰਾਇਆ ਹੈ। ਸਰੀ ਦੀਆਂ 9 ਸੀਟਾਂ ਤੋਂ ਪਿਛਲੀ ਵਾਰ ਜੇਤੂ ਰਹੇ ਪੰਜ ਪੰਜਾਬੀਆਂ ਦੀ ਝੋਲੀ ਇਸ ਵਾਰ ਵੀ ਜਿੱਤ ਪਈ ਹੈ। ਗਰੀਨ ਟਿੰਬਰ ਤੋਂ ਰਚਨਾ ਸਿੰਘ ਇਸ ਵਾਰ ਪਿਛਲੀ ਵਾਰ ਤੋਂ ਵੀ ਵੱਧ ਫਰਕ ਨਾਲ ਜਿੱਤੀ ਹੈ। ਰਚਨਾ ਸਿੰਘ ਮਰਹੂਮ ਤੇਰਾ ਸਿੰਘ ਚੰਨ ਦੀ ਦੋਹਤੀ ਅਤੇ ਪ੍ਰੋ. ਰਘੁਬੀਰ ਸਿਰਜਣਾ ਦੀ ਧੀ ਹੈ। ਪੈਨੋਰਮਾ ਹਲਕੇ ਤੋਂ ਜਿੰਨੀ ਸਿਮਜ਼ ਨੇ ਡਾਕਟਰ ਗੁਲਜ਼ਾਰ ਚੀਮਾ ਨੂੰ ਹਰਾਇਆ ਹੈ। ਜਗਰੂਪ ਸਿੰਘ ਬਰਾੜ ਲਗਤਾਰ ਚੌਥੀ ਵਾਰ ਜੇਤੂ ਰਹੇ। ਕਿਰਤ ਮੰਤਰੀ ਹੈਰੀ ਬੈਂਸ (ਹਰਬਖਸ਼ ਸਿੰਘ) ਵੀ ਪਿਛਲੀ ਵਾਰ ਤੋਂ ਵੱਧ ਫਰਕ ਨਾਲ ਜਿੱਤੇ ਹਨ। ਬਰਨਬੀ ਐਡਮੰਡ ਹਲਕੇ ਤੋਂ ਰਾਜ ਚੌਹਾਨ ਵੀ ਪੰਜਵੀਂ ਵਾਰ ਜਿੱਤੇ ਹਨ। ਉਸ ਨੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੀ ਧੀ ਤ੍ਰਿਪਤ ਅਟਵਾਲ ਨੂੰ ਹਰਾਇਆ। ਪੰਜਾਬੀਆਂ ਦੀ ਵੱਡੀ ਆਬਾਦੀ ਵਾਲੇ ਐਬਟਸਫੋਰਡ ਦੇ ਤਿੰਨਾਂ ਹਲਕਿਆਂ ਵਿਚੋਂ ਕੋਈ ਪੰਜਾਬੀ ਨਹੀਂ ਜਿੱਤ ਸਕਿਆ। ਸੂਬੇ ਦੇ ਅੰਦਰੂਨੀ ਖੇਤਰ ਦੇ ਕਈ ਹਲਕਿਆਂ ਵਿਚ ਵੀ ਕਈ ਪੰਜਾਬੀਆਂ ਨੇ ਚੋਣ ਮੈਦਾਨ ’ਚ ਜ਼ੋਰ-ਅਜ਼ਮਾਈ ਕੀਤੀ ਪਰ ਜਿੱਤ ਦੇ ਨੇੜੇ ਕੋਈ ਵੀ ਨਹੀਂ ਪਹੁੰਚ ਸਕਿਆ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਐੱਨਡੀਪੀ ਵੱਲੋਂ ਬਹੁਮੱਤ ਨਾ ਹੋਣ ਦੇ ਬਾਵਜੂਦ ਪੂਰੇ ਕੀਤੇ ਆਪਣੇ ਚੋਣ ਵਾਅਦਿਆਂ ਕਾਰਨ ਉਹ ਇਸ ਵਾਰ ਲੋਕਾਂ ਦੀ ਪਸੰਦ ਬਣੇ ਹਨ।

Share this post

Leave a Reply

Your email address will not be published. Required fields are marked *