ਦੀਪਾ ਮਹਿਤਾ ਦੀ ‘ਫਨੀ ਬਵਾਏ’ ਆਸਕਰ ਵਿਚ ਕਰੇਗੀ ਕੈਨੇਡਾ ਦੀ ਪ੍ਰਤੀਨਿਧਤਾ
ਲਾਸ ਏਂਜਲਸ : ਉੱਘੀ ਫ਼ਿਲਮਕਾਰ ਦੀਪਾ ਮਹਿਤਾ ਦੀ ਅਗਲੀ ਫ਼ੀਚਰ ਫ਼ਿਲਮ ‘ਫਨੀ ਬਵਾਏ’ ਸਰਵੋਤਮ ਕੌਮਾਂਤਰੀ ਫ਼ਿਲਮ ਸ਼੍ਰੇਣੀ ਤਹਿਤ 93ਵੇਂ ਆਸਕਰ ਐਵਾਰਡ (ਅਕਾਦਮੀ ਪੁਰਸਕਾਰ) ਵਿਚ ਕੈਨੇਡਾ ਦੀ ਪ੍ਰਤੀਨਿਧਤਾ ਕਰੇਗੀ।
ਦੀਪਾ ਮਹਿਤਾ ਦੀ ਕੋਈ ਫ਼ਿਲਮ ਦੂਸਰੀ ਵਾਰ ਇਸ ਸ਼੍ਰੇਣੀ ਵਿਚ ਮੁਕਾਬਲੇ ‘ਚ ਉੱਤਰੀ ਹੈ। ਇਸ ਤੋਂ ਪਹਿਲਾਂ ਦੀਪਾ ਮਹਿਤਾ ਦੀ ਫ਼ਿਲਮ ‘ਵਾਟਰ’ ਨੂੰ 2007 ਵਿਚ ਕੌਮਾਂਤਰੀ ਫੀਚਰ ਫ਼ਿਲਮ ਸ਼੍ਰੇਣੀ ਵਿਚ ਆਸਕਰ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ।
‘ਫਨੀ ਬਵਾਏ’ ਫ਼ਿਲਮ ਇਸੇ ਨਾਂ ਨਾਲ 1994 ਵਿਚ ਲਿਖੇ ਗਏ ਸ਼ਿਆਮ ਸੇਲਵਾਦੁਰਈ ਦੇ ਨਾਵਲ ‘ਤੇ ਆਧਾਰਤ ਹੈ। ਇਹ ਫ਼ਿਲਮ 70-80 ਦੇ ਦਹਾਕੇ ਵਿਚ ਸ਼੍ਰੀਲੰਕਾ ਵਿਚ ਤਮਿਲਾਂ ਅਤੇ ਸਿੰਹਲਿਓ ਦੇ ਸੰਘਰਸ਼ ਵਿਚ ਇਕ ਨੌਜਵਾਨ ਦੇ ਤਜਰਬੇ ਦੀ ਕਹਾਣੀ ਬਿਆਨ ਕਰਦੀ ਹੈ।
ਨਵੀਂ ਦਿੱਲੀ ਵਿਚ ਪਲੀ-ਪੜ੍ਹੀ ਅਤੇ ਟੋਰਾਂਟੋ ਵਿਚ ਰਹਿਣ ਵਾਲੀ ਦੀਪਾ ਮਹਿਤਾ ਦਾ ਮੰਨਣਾ ਹੈ ਕਿ ‘ਫਨੀ ਬਵਾਏ’ ਵੰਡੀ ਦੁਨੀਆ ਵਿਚ ਉਮੀਦ ਪੈਦਾ ਕਰਦੀ ਹੈ। ਇਹ ਫ਼ਿਲਮ 10 ਦਸੰਬਰ ਨੂੰ ਚੋਣਵੇਂ ਸ਼ਹਿਰਾਂ ਦੇ ਥੀਏਟਰ ਵਿਚ ਅਤੇ ਨੈੱਟਫਲਿਕਸ ‘ਤੇ ਰਿਲੀਜ਼ ਕੀਤੀ ਜਾਵੇਗੀ।