ਕਵਿਤਾ ਲਿਖਣਾ ਹੀ ਮੇਰਾ ਜੀਵਨ ਹੈ…! -ਪ੍ਰਭਜੋਤ ਕੌਰ /ਮੁਲਾਕਾਤੀ : ਤਰਸੇਮ


ਔਰਤ ਦੇ ਜਜ਼ਬਿਆਂ ਨੂੰ ਬੜੀ ਬੇਬਾਕੀ ਨਾਲ ਆਪਣੇ ਕਾਵਿ ਦਾ ਖ਼ਿੰਗਾਰ ਬਣਾਉਣ ਵਾਲੀ ਪ੍ਰਭਜੋਤ ਕੌਰ ਜੀ ਦਾ ਜਨਮ 6 ਜੁਲਾਈ, 1924 ਨੂੰ ਹੋਇਆ। ਹੁਣ ਤੱਕ ਇਹਨਾਂ ਦੀਆਂ 60 ਤੋਂ ਉਪਰ ਕਾਵਿ ਪੁਸਤਕਾਂ ਛਪ ਚੁੱਕੀਆਂ ਹਨ। ਹੁਣੇ-ਹੁਣੇ ਆਈ ਨਵੀਂ ਕਾਵਿ-ਪੁਸਤਕ ਅੰਤਰ-ਨਾਦ ਸੁਰੋਦੀ ਕਵਿਤਾਵਾਂ ਨਾਲ ਭਰਪੂਰ ਹੈ। ਪ੍ਰਭਜੋਤ ਕੌਰ ਜੀ ਨੂੰ ਕਾਵਿ ਪੁਸਤਕ ‘ਪੱਬੀ’ਦੇ’ ਲਈ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲ ਚੁੱਕਾ ਹੈ। ਇਸ ਤੋਂ ਇਲਾਵਾ ‘ਵੱਡਦਰਸੀ ਸ਼ੀਸ਼ਾ’, ‘ਖਾੜੀ’, ‘ਇਸ਼ਕ-ਸੁਰਾਂ ਦੀ ਨਾਤਾ’, ‘ਚੰਦਰ ਯੁੱਗ’, ‘ਕੁੰਠਿਤ’ ਆਦਿ ਕਾਵਿ ਪੁਸਤਕਾਂ ਬੜੀਆਂ ਚਰਚਿਤ ਰਹੀਆਂ। ਅੱਜਕੱਲ੍ਹ ਪ੍ਰਭਜੋਤ ਕੌਰ ਜੀ ਇਕ ਨਵੀਂ ਕਾਵਿ ਪੁਸਤਕ ਤਿਆਰ ਕਰ ਰਹੇ ਹਨ ਜੋ ਸੂਫ਼ੀ ਰੰਗ ਵਾਲੀ ਹੋਵੇਗੀ।
ਤਰਸੇਮ: ਪ੍ਰਭਜੋਤ ਜੀ ਤੁਸੀਂ ਕਵਿਤਾ ਕਿਉਂ ਲਿਖੀ ਜਾਂ ਲਿਖਦੇ ਹੋ? ਕਵਿਤਾ ਲਿਖਦਿਆਂ ਕੀ ਮਹਿਸੂਸ ਹੁੰਦਾ ਹੈ?
ਪ੍ਰਭਜੋਤ: ਕਿਉਂਕਿ ਮੈਂ ਜਮਾਂਦਰੂ ਕਵੀ ਹਾਂ। ਕਵਿਤਾ ਲਿਖਣਾ ਹੀ ਮੇਰਾ ਜੀਵਨ ਹੈ ਤੇ ਮੇਰਾ ਸੁਭਾਅ ਵੀ ਹੈ। ਮੈਂ ਕਵਿਤਾ ਲਿਖਦੀ ਹਾਂ ਕਿਉਂਕਿ ਮੈਂ ਲਿਖੇ ਬਿਨਾਂ ਰਹਿ ਹੀ ਨਹੀਂ ਸਕਦੀ। ਅਗਲੇ ਸਾਲ ਮੈਂ 85 ਸਾਲ ਦੀ ਹੋ ਜਾਵਾਂਗੀ। ਪਰ ਅਜੇ ਤੱਕ ਲਿਖ ਰਹੀ ਹਾਂ।
ਤਰਸੇਮ: ਤੁਹਾਡੀ ਪਲੇਠੀ ਪੁਸਤਕ ਵਿਚ ਪਿਆਰ-ਕਾਵਿ ਦੀ ਬਹੁਤਾਇਤ ਹੈ। ਉਸ ਤੋਂ ਬਾਅਦ ਤੁਸੀਂ ਸੂਫੀ ਰੰਗ ਵਾਲੀਆਂ ਕਵਿਤਾਵਾਂ ਵੀ ਲਿਖੀਆਂ, ਗੀਤ-ਪ੍ਰਗੀਤ ਵੀ ਲਿਖੇ। ਕੀ ਤੁਸੀਂ ਸਮੇਂ-ਸਮੇਂ ਆਪਣੇ ਕਾਵਿ ਦੇ ਰੰਗ ਬਦਲਦੇ ਰਹੇ ਜਾਂ ਰਚਨਾ ਆਪਣਾ ਰੂਪ ਲੈ ਕੇ ਆਉਂਦੀ ਹੈ। ਤੁਸੀਂ ਆਪਣੇ ਕਾਵਿ-ਵਿਕਾਸ ਨੂੰ ਕਿਸ ਤਰ੍ਹਾਂ ਦੇਖਦੇ ਹੋ?
ਪ੍ਰਭਜੋਤ: ਮੈਂ ਜੋ ਵੀ ਲਿਖਿਆ ਉਹ ਸੁਭਾਵਕ ਸੀ। ਮੈਂ ਜਾਣਬੁੱਝ ਕੇ ਕੋਈ ਵਲੇਵੇਂ ਨਹੀਂ ਪਾਉਂਦੀ। ਮੈਂ ਪਿਆਰ ਦੀ ਕਵਿਤਾ ਵੀ ਲਿਖੀ ਹੈ ਤੇ ਦੁਖ਼ਵਾਰ ਦੀ ਵੀ। ਸੂਫ਼ੀ ਵੀ ਤੇ ਵਾਰਤਕ ਕਵਿਤਾ ਵੀ। ਮੇਰਾ ਕਾਵਿ ਵਿਕਾਸ ਕੁਦਰਤੀ ਹੈ।
ਤਰਸੇਮ: ਉਂਝ ਤਾਂ ਤੁਹਾਡੀ ਹਰ ਪੁਸਤਕ ਨੂੰ ਪਾਠਕਾਂ ਨੇ ਸਰਾਹਿਆ ਹੈ ਪਰ ‘ਪੱਬੀ’ ਦੀ ਜ਼ਿਆਦਾ ਚਰਚਾ ਹੋਈ। ਤੁਸੀਂ ਇਸ ਦਾ ਕੀ ਕਾਰਣ ਸਮਝਦੇ ਹੋ?
ਪ੍ਰਭਜੋਤ: ‘ਪੱਬੀ’ ਦੀ ਵਾਕਿਆ ਹੀ ਬਹੁਤ ਸਰਾਹਨਾ ਹੋਈ ਹੈ। ਇਸ ਦੇ ਬਹੁਤ ਕਾਰਣ ਹਨ। ਇਹ ਵੱਖਰੀ ਕਿਸਮ ਦੀਆਂ ਕਵਿਤਾਵਾਂ ਹਨ। ਮੈਂ ਜਦੋਂ ‘ਪੱਬੀ’ ਲਿਖ ਰਹੀ ਸਾਂ – ਮੈਨੂੰ ਜਾਪਦਾ ਸੀ ਕਿ ਮੈਂ ਉਸ ਚੁਰਾਹੇ ਵਿਚ ਖੜ੍ਹੀ ਹਾਂ ਜਿਥੇ ਮੇਰਾ ਕੋਈ ਸਾਥੀ ਨਹੀਂ। ਮਹਾਨ ਕਵੀ ਬਹੁਤ ਅੱਗੇ ਲੰਘ ਗਏ ਸਨ ਤੇ ਨਵੇਂ ਕਵੀ ਮੇਰੇ ਕੋਲੋਂ ਬਹੁਤ ਪਿਛੇ ਸਨ। ਤਾਂ ਹੀ ਮੈਨੂੰ ‘ਪੱਬੀ’ ਦਾ ਅਹਿਸਾਸ ਹੋਇਆ। ਇਥੋਂ ਮੈਂ ਪਿਛੇ ਵੀ ਦੇਖ ਸਕਦੀ ਸਾਂ ਤੇ ਅੱਗੇ ਹੋਰ ਉਚਾਣਾਂ ਵੱਲ ਵੀ… ਤੇ ਕਵਿਤਾਵਾਂ ਆਪੇ ਹੀ ਲਿਖੀਆਂ ਗਈਆਂ।
ਤਰਸੇਮ: ਪੱਬੀ ਵੇਲੇ ਤੁਹਾਨੂੰ ਇਕੱਲਤਾ ਦਾ ਅਹਿਸਾਸ ਕਿਉਂ ਹੋਇਆ?
ਪ੍ਰਭਜੋਤ: ਪੱਬੀ ਵੇਲੇ ਮੈਨੂੰ ਇਕਲਤਾ ਦਾ ਅਹਿਸਾਸ ਨਹੀਂ, ਵਖਰੇਵੇਂ ਦਾ ਅਹਿਸਾਸ ਹੋਇਆ ਕਿ ਮੈਂ ਬਾਕੀ ਪ੍ਰਸਿੱਧ ਕਵੀਆਂ ਨਾਲੋਂ ਵੱਖਰੀ ਕਿਸਮ ਦੀ ਕਵੀ ਹਾਂ। ਮੇਰੀ ਕਵਿਤਾ ਆਪਣੇ ਆਪ ਵਿਚ ਨਵੇਕਲੀ ਹੈ। ਪਰੋੜ੍ਹ ਵੀ, ਬੌਧਿਕ ਵੀ ਤੇ ਰਸੀਲੀ ਵੀ। ਮੈਨੂੰ ਆਪਣੇ ਆਪ ਉਤੇ ਮਾਣ ਸੀ ਤੇ ਹੈ।
ਤਰਸੇਮ: ਕੀ ਤੁਸੀਂ ਕਵਿਤਾ ‘ਚ ਵਿਸ਼ੇ ਦੀ ਚੋਣ ਲਈ ਕੋਈ ਖਾਸ ਉਚੇਚ ਕਰਦੇ ਹੋ?
ਪ੍ਰਭਜੋਤ: ਕਵਿਤਾ ਦੇ ਵਿਸ਼ੇ ਦੀ ਚੋਣ ਨਹੀਂ ਹੋ ਸਕਦੀ, ਜੇ ਹੋ ਸਕਦੀ ਹੋਵੇ ਤਾਂ ਕਵੀ ਆਲੋਚਕ ਬਣ ਜਾਏ ਜਾਂ ਫਿਰ ਖੋਜ ਪੱਤਰ ਹੀ ਲਿਖੇ।
ਤਰਸੇਮ: ਤੁਸੀਂ ਕਵਿਤਾ ਦੇ ਨਾਲ-ਨਾਲ ਕਹਾਣੀਆਂ ਵੀ ਲਿਖੀਆਂ ਪਰ ਦਿੱਲੀ ਵਿਚਲੇ ਕਹਾਣੀ ਦੇ ਖੇਤਰ ‘ਚ ਅੰਮ੍ਰਿਤਾ ਜੀ ਤੋਂ ਇਲਾਵਾ ਅਜੀਤ ਕੌਰ, ਬਚਿੰਤ ਕੌਰ, ਚੰਦਨ ਨੇਗੀ ਆਦਿ ਔਰਤ ਲੇਖਿਕਾਵਾਂ ਸਰਗਰਮ ਰਹੀਆਂ ਹਨ। ਤੁਸੀਂ ਆਪਣੀਆਂ ਕਹਾਣੀਆਂ ਨੂੰ ਕਿਵੇਂ ਵਖਰਿਆਉਂਦੇ ਹੋ?
ਪ੍ਰਭਜੋਤ: ਹਾਂ, ਮੈਂ ਕਹਾਣੀਆਂ ਵੀ ਲਿਖੀਆਂ ਹਨ। ਉਂਝ ਮੈਂ ਆਪਣੇ ਆਪ ਨੂੰ ਕਹਾਣੀਕਾਰ ਨਹੀਂ ਕਹਿੰਦੀ, ਮੇਰੀਆਂ ਕਹਾਣੀਆਂ ਮੇਰੀ ਕਵਿਤਾ ਦਾ ਹੀ ਵਿਕਾਸ ਹੈ। ਸੋ ਮੇਰਾ ਬਾਕੀ ਕਹਾਣੀਕਾਰਾਂ ਨਾਲ ਕੋਈ ਮੁਕਾਬਲਾ ਨਹੀਂ। ਮੇਰੀਆਂ ਕਹਾਣੀਆਂ ਵੱਖਰੀ ਕਿਸਮ ਦੀਆਂ ਕਹਾਣੀਆਂ ਹਨ। ਇਹਨਾਂ ਦਾ ਆਪਣਾ ਹੀ ਵਿਧਾਨ ਹੈ।
ਤਰਸੇਮ: ਪ੍ਰਭਜੋਤ ਜੀ, ਆਧੁਨਿਕ ਕਵਿਤਾ ਬਾਰੇ ਤੁਹਾਡੀ ਕੀ ਰਾਇ ਹੈ?
ਪ੍ਰਭਜੋਤ: ਅੱਜ ਦੀ ਕਵਿਤਾ ਕਿਤੇ ਚੰਗੀ ਹੈ ਤੇ ਕਿਤੇ-ਕਿਤੇ ਸਿਰਫ਼ ਤੁਕਬੰਦੀ। ਲੋਕ ਜਾਂ ਬਹੁਤੇ ਜਵਾਨ ਕਵੀ ਕਦੀ ਕਦੀ ਹੀ ਕਵਿਤਾ ਲਿਖਦੇ ਹਨ। ਹਰ ਮਹਿਫਿਲ ਵਿਚ ਉਹਨਾਂ ਦੀ ਇਕੋ ਹੀ ਕਵਿਤਾ ਸੁਣਾਈ ਜਾਂਦੀ ਹੈ। ਉਹ ਅੱਗੇ ਕਿਉਂ ਨਹੀਂ ਤੁਰਦੇ – ਮੈਂ ਨਹੀਂ ਜਾਣਦੀ। ਜਿਹੜੇ ਤੁਰਦੇ ਹਨ ਉਹ ਰਸ ਜਾਂਦੇ ਹਨ।
ਤਰਸੇਮ: ਤੁਸੀਂ ਫਾਰਸੀ ਅਤੇ ਪਸ਼ਤੋ ਦੇ ਗੀਤਾਂ ਨੂੰ ਪੰਜਾਬੀ ‘ਚ ਅਨੁਵਾਦ ਕੀਤਾ। ਇਹਨਾਂ ਭਾਸ਼ਾਵਾਂ ਤੋਂ ਇਲਾਵਾ ਤੁਸੀਂ ਹੋਰ ਕਿਹੜੀਆਂ ਭਾਸ਼ਾਵਾਂ ਦਾ ਪੰਜਾਬੀ ‘ਚ ਅਨੁਵਾਦ ਕੀਤਾ। ਅਤੇ ਤੁਹਾਨੂੰ ਅਨੁਵਾਦ ਦੀ ਲੋੜ ਕਿਉਂ ਮਹਿਸੂਸ ਹੋਈ? ਅਨੁਵਾਦ ਤੁਸੀਂ ਮੂਲ ਭਾਸ਼ਾ ਤੋਂ ਕਰਦੇ ਜਾਂ ਹਿੰਦੀ-ਅੰਗਰੇਜ਼ੀ ਰਾਹੀਂ?
ਪ੍ਰਭਜੋਤ: ਮੈਂ ਸਿਰਫ ਫ਼ਾਰਸੀ ਤੇ ਪਸ਼ਤੋ ਦਾ ਅਨੁਵਾਦ ਹੀ ਨਹੀਂ ਕੀਤਾ। ਹੋਰ ਬਥੇਰੀਆਂ ਜ਼ੁਬਾਨਾਂ ਵਿਚੋਂ ਵੀ ਕੀਤਾ ਹੈ। ਮੈਨੂੰ ਅੰਗਰੇਜ਼ੀ ਤੇ ਫਰੈਂਚ ਆਉਂਦੀ ਹੈ। ਉਹ ਤਾਂ ਸਿੱਧੇ ਹੀ ਅਨੁਵਾਦ ਕਰ ਲੈਂਦੀ ਹਾਂ ਤੇ ਬਾਕੀ ਬੋਲੀਆਂ ਨੂੰ ਅੰਗਰੇਜ਼ਂੀ ਤੇ ਫਰੈਂਚ, ਫਾਰਸੀ ਆਦਿ ਦੀ ਮਦਦ ਨਾਲ ਅਨੁਵਾਦ ਕਰਦੀ ਹਾਂ।
ਅਨੁਵਾਦ ਕਰਨ ਦੀ ਲੋੜ ਮੈਨੂੰ ਇੰਜ ਹੋਈ ਹੈ ਪਹਿਲਾਂ ਤਾਂ ਮੈਂ ਉਹਨਾਂ ਕਵੀਆਂ ਜਾਂ ਅਨੁਵਾਦ ਕਰਨ ਵਾਲਿਆਂ ਦਾ ਕਰਜ਼ਾ ਲਾਹੁਣਾ ਸੀ ਤੇ ਦੂਜਾ ਮੈਂ ਇਹ ਵੀ ਦੇਖਣਾ ਤੇ ਸਮਝਣਾ ਸੀ ਕਿ ਅਸੀਂ ਇਸ ਪਿੜ ਵਿਚ ਆਪ ਕਿੱਥੇ ਖੜ੍ਹੇ ਹਾਂ।
ਤਰਸੇਮ: ਤੁਹਾਡੇ ਘਰ ਵਿਚ ਸਾਹਿਤਕ ਮਾਹੌਲ ਹੈ। ਕੀ ਤੁਸੀਂ ਇਕ ਦੂਜੇ ਦੀਆਂ ਰਚਨਾਵਾਂ ‘ਚੋਂ ਨੁਕਸ ਕੱਢਦੇ ਹੋ ਅਤੇ ਕਿਵੇਂ ਮਹਿਸੂਸ ਕਰਦੇ ਹੋ?
ਪ੍ਰਭਜੋਤ: ਹਾਂ, ਸਾਡਾ ਘਰ ਸਾਹਿਤਕ ਹੈ। ਅਸੀਂ ਇਕ ਦੂਜੇ ਦੀ ਨੁਕਤਾਚੀਨੀ ਹੀ ਨਹੀਂ ਕਰਦੇ ਸਗੋਂ ‘ਸਲਾਹ’ ਵੀ ਦੇਂਦੇ ਹਾਂ। ਜੋ ਕਬੂਲ ਕੀਤੀ ਜਾਂਦੀ ਹੈ।
ਤਰਸੇਮ: ਜਦੋਂ ਤੁਹਾਡੀ ਕਵਿਤਾ ਦੀ ਚਰਚਾ ਹੋਣ ਲੱਗੀ ਤਾਂ ਅੰਮ੍ਰਿਤਾ ਪ੍ਰੀਤਮ ਕਾਵਿ-ਆਕਾਸ਼ ‘ਤੇ ਪੂਰੀ ਤਰ੍ਹਾਂ ਛਾਏ ਹੋਏ ਸਨ। ਉਸ ਸਮੇਂ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੁੰਦਾ ਸੀ?
ਪ੍ਰਭਜੋਤ: ਅੰਮ੍ਰਿਤਾ ਪ੍ਰੀਤਮ ਮੇਰੇ ਤੋਂ ਸਮੇਂ ਅਨੁਸਾਰ ਵੱਡੀ ਹੈ। ਉਹਨਾਂ ਦਾ ਆਕਾਸ਼ ਉਹਨਾਂ ਦਾ ਹੈ ਤੇ ਮੇਰਾ ਆਕਾਸ਼ ਵੱਖਰਾ ਤੇ ਮੇਰਾ ਆਪਣਾ ਹੈ।
ਤਰਸੇਮ: ਜਦੋਂ ਤੁਸੀਂ ਗੀਤ-ਪ੍ਰਗੀਤ ਲਿਖੇ ਸਾਹਿਤਕ ਹਲਕਿਆਂ ‘ਚ ਸਵੀਕਾਰੇ ਗਏ। ਉਸ ਤੋਂ ਬਾਅਦ ਤੁਹਾਡੀ ਕਵਿਤਾ ਨੇ ਦਾਰਸ਼ਨਿਕਤਾ ਵੱਲ ਮੋੜ ਕੱਟਿਆ ਅਤੇ ਉਸ ਵਿੱਚ ਬੌਧਿਕਤਾ ਵਧੇਰੇ ਆ ਗਈ ਅਤੇ ਕਵਿਤਾ ਪਿੱਛੇ ਰਹਿ ਗਈ। ਦਾਰਸ਼ਨਿਕਤਾ ਵੱਲ ਤੁਸੀਂ ਕਿਵੇਂ ਚਲੇ ਗਏ?
ਪ੍ਰਭਜੋਤ: ਕਵਿਤਾ ਦਾ ਬੌਧਿਕ ਹੋ ਜਾਣ ਦਾ ਮਤਲਬ ਹੈ ਕਿ ਮੈਂ ਬੌਧਿਕ ਹੋ ਗਈ। ਪਰੋੜ੍ਹ ਹੋ ਗਈ। ਮੇਰਾ ਵਿਕਾਸ ਹੋ ਗਿਆ। ਇਸ ਤਰ੍ਹਾਂ ਕਵਿਤਾ ਪਿਛੇ ਨਹੀਂ ਰਹੀ, ਉਹ ਮੇਰੇ ਨਾਲ-ਨਾਲ ਤੁਰੀ।
ਤਰਸੇਮ: ਕੀ ਸਿਰਜਕ ਆਲੋਚਕ ਨਹੀਂ ਹੋ ਸਕਦਾ?
ਪ੍ਰਭਜੋਤ: ਹਾਂ, ਯੂਨੀਵਰਸਿਟੀਆਂ ਵਿਚ ਪੜ੍ਹਾਉਣ ਵਾਲੇ ਅਸਲ ਆਲੋਚਕ ਨਹੀਂ ਹੁੰਦੇ। ਉਹ ਤਾਂ ਵਿਦੇਸ਼ੀ ਆਲੋਚਕਾਂ ਦੀਆਂ ਨਕਲਾਂ ਮਾਰਦੇ ਹਨ। ਪਰ ਹਾਂ, ਸਿਰਜਕ ਆਲੋਚਕ ਹੋ ਸਕਦਾ ਹੈ ਜੇ ਉਹ ਪੜ੍ਹਿਆ ਲਿਖਿਆ ਹੋਵੇ।
ਤਰਸੇਮ: ‘ਪੱਬੀ’ ਨੂੰ ਜਦੋਂ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ ਤਾਂ ਉਸ ਵੇਲੇ ਸਾਹਿਤਕ ਹਲਕਿਆਂ ‘ਚ ਕਾਫ਼ੀ ਰੌਲਾ ਪਿਆ। ਇਸ ਦਾ ਕੀ ਕਾਰਣ ਸੀ?
ਪ੍ਰਭਜੋਤ: ‘ਪੱਬੀ’ ਨੂੰ ਸਾਹਿਤ ਅਕਾਦਮੀ ਦਾ ਐਵਾਰਡ ਮਿਲਣਾ ਹੀ ਸੀ। ਰੌਲਾ ਪਾਣ ਵਾਲੇ ਪਾਂਦੇ ਹੀ ਰਹਿੰਦੇ ਹਨ। ਉਹਨਾਂ ਦਾ ਕੋਈ ਇਲਾਜ ਨਹੀਂ। ਕਦੀ ਉਹ ਆਪਣੇ ਦੋਸਤਾਂ ਮਿਤਰਾਂ ਨੂੰ ਚੁੱਕਣ ਲਈ ਤੇ ਕਦੀ ਹੱਸਦ ਕਰਕੇ।
ਤਰਸੇਮ: ਸਮਕਾਲੀ ਕਵਿਤਰੀਆਂ ਦਾ ਤੁਸੀਂ ਕਿੰਨਾ ਕੁ ਪ੍ਰਭਾਵ ਕਬੂਲਿਆ। ਇਸ ਗੱਲ ਦਾ ਚਰਚਾ ਵੀ ਰਿਹਾ ਹੈ ਕਿ ਤੁਸੀਂ ਦਾਰਸ਼ਨਿਕ ਕਵਿਤਾ ਅੰਮ੍ਰਿਤਾ ਜੀ ਦੇ ਪ੍ਰਭਾਵ ਅਧੀਨ ਲਿਖਣ ਲੱਗੇ। ਤੁਹਾਡਾ ਕੀ ਕਹਿਣਾ ਹੈ?
ਪ੍ਰਭਜੋਤ: ਸਮਕਾਲੀ ਕਵਿਤਰੀਆਂ ਦਾ ਪ੍ਰਭਾਵ ਮੈਂ ਉਕਾ ਹੀ ਨਹੀਂ ਕਬੂਲਿਆ। ਸਗੋਂ ਉਹਨਾਂ ਨੇ ਹੀ ਮੇਰਾ ਪ੍ਰਭਾਵ ਕਬੂਲਿਆ ਹੈ। ਇਸ ਦੀ ਖੋਜ ਤੁਸੀਂ ਆਪ ਕਰੋ ਤਾਂ ਹੀ ਪਤਾ ਲਗੇਗਾ। ਉਂਝ ਅੰਮ੍ਰਿਤਾ ਜੀ ਦਾ ਮੈਂ ਬੜਾ ਮਾਨ ਕਰਦੀ ਹਾਂ।
ਤਰਸੇਮ: ਪੰਜਾਬੀ ਵਿੱਚ ਤੁਹਾਨੂੰ ਕਿਹੜੇ-ਕਿਹੜੇ ਸ਼ਾਇਰ ਪਸੰਦ ਹਨ ਅਤੇ ਕਿਉਂ?
ਪ੍ਰਭਜੋਤ: ਮੈਂ ਪੰਜਾਬੀ ਦੇ ਸਾਰੇ ਸ਼ਾਇਰਾਂ ਨੂੰ ਪੜ੍ਹਦੀ ਹਾਂ ਤੇ ਮੈਨੂੰ ਚੰਗੇ ਹੀ ਲਗਦੇ ਹਨ। ਕਿਉਂਕਿ ਮੈਂ ਆਲੋਚਕ ਨਹੀਂ।
ਤਰਸੇਮ: ਡਾ. ਹਰਿਭਜਨ ਸਿੰਘ, ਦੇਵਿੰਦਰ ਸਤਿਆਰਥੀ, ਮੀਸ਼ਾ, ਅੰਮ੍ਰਿਤਾ ਪ੍ਰੀਤਮ ਆਦਿ ਚੰਗੇ ਕਵੀ ਹੋਣ ਦੇ ਨਾਲ ਕਵਿਤਾ ਦੇ ਪਾਰਖੂ ਵੀ ਸਨ। ਤੁਹਾਡਾ ਇਨ੍ਹਾਂ ਨਾਲ ਕਿਹੋ-ਜਿਹਾ ਅਨੁਭਵ ਰਿਹਾ?
ਪ੍ਰਭਜੋਤ: ਡਾ. ਹਰਿਭਜਨ ਸਿੰਘ, ਦੇਵਿੰਦਰ ਸਤਿਆਰਥੀ, ਅੰਮ੍ਰਿਤਾ ਪ੍ਰੀਤਮ ਮੇਰੇ ਹਮਸਫ਼ਰ ਸਨ ਤੇ ਮੀਸ਼ਾ ਉਮਰ ‘ਚ ਛੋਟਾ ਸੀ। ਹਾਂ, ਇਕ ਚੰਗਾ ਸਿਰਜਕ ਆਲੋਚਕ ਵੀ ਆਪਮੁਹਾਰੇ ਹੁੰਦਾ ਹੈ। ਇਹ ਸਾਰੇ ਮੇਰੇ ਚੰਗੇ ਦੋਸਤ ਹਨ।
ਤਰਸੇਮ: ਡਾ. ਵਨੀਤਾ ਨਾਲ ਇਕ ਇੰਟਰਵਿਊ ‘ਚ ਤੁਸੀਂ ਕਿਹਾ, ‘ਜੇ ਮੇਰੇ ਵਸ ਹੁੰਦਾ, ਜੇ ਕਦੇ ਮੈਨੂੰ ਪੁੱਛਿਆ ਜਾਂਦਾ ਕਿ ਮੈਂ ਕੀ ਕਰਨਾ ਹੈ ਤਾਂ ਸ਼ਾਇਦ ਮੈਂ ਕਵੀ ਬਣਨ ਤੇ ਕਵਿਤਾ ਲਿਖਣ ਤੋਂ ਇਨਕਾਰ ਕਰ ਦਿੰਦੀ। ਕੀ ਹੁਣ ਤੁਹਾਨੂੰ ਅਫ਼ਸੋਸ ਹੋ ਰਿਹਾ ਹੈ?
ਪ੍ਰਭਜੋਤ: ਨਹੀਂ, ਮੈਨੂੰ ਕਵੀ ਬਣਨ ਦਾ ਕੋਈ ਦੁਖ ਨਹੀਂ ਤੇ ਨਾ ਹੀ ਕੋਈ ਅਫ਼ਸੋਸ ਹੈ। ਮੈਂ ਤਾਂ ਉਸ ਘਾਲਣਾ ਦੀ ਗੱਲ ਕੀਤੀ ਹੈ ਜਿਹੜੀ ਮੈਨੂੰ ਸਹਿਣੀ ਪਈ – ਉਸ ਪੀੜ ਦਾ ਜ਼ਿਕਰ ਕੀਤਾ ਹੈ ਜਿਸ ਵਿਚੋਂ ਕਵਿਤਾ ਲਿਖੀ ਜਾਂਦੀ ਹੈ।
ਤਰਸੇਮ: ਕਵਿਤਾ ‘ਚ ਕਾਵਿ-ਭਾਸ਼ਾ ਦੀ ਕੀ-ਅਹਿਮੀਅਤ ਹੁੰਦੀ ਹੈ?
ਪ੍ਰਭਜੋਤ: ਇਸ ਸਵਾਲ ਲਈ ਸ਼ੁਕਰੀਆ। ਇਸ ਵਿਚ ਤੁਸਾਂ ਫ਼ਲਸਫ਼ਰ ਤੇ ਬੌਧਿਕ ਕਵਿਤਾਵਾਂ ਦੀ ਸਿਫ਼ਤ ਕੀਤੀ ਹੈ, ਜੋ ਠੀਕ ਹੈ।
ਤਰਸੇਮ: ਤੁਹਾਡੀਆਂ ਰਚਨਾਵਾਂ ‘ਤੇ ਹੋਈ ਆਲੋਚਨਾ ਬਾਰੇ ਵੀ ਆਪਣੇ ਅਨੁਭਵ ਸਾਂਝੇ ਕਰੋ।
ਪ੍ਰਭਜੋਤ: ਪਹਿਲਾਂ ਤਾਂ ਸਾਡੇ ਕੋਲ ਕੋਈ ਸੱਚਾ ਆਲੋਚਕ ਹੈ ਹੀ ਨਹੀਂ ਤੇ ਹੁਣ ਜਿਹੜੇ ਪੜ੍ਹ ਲਿਖ ਕੇ ਯੂਨੀਵਰਸਿਟੀਆਂ ਵਿਚ ਕਾਰਜ ਕਰ ਰਹੇ ਹਨ, ਉਹ ਪੱਛਮੀ ਆਲੋਚਕਾਂ ਦੀ ਹੀ ਨਕਲ ਮਾਰਦੇ ਹਨ। ਉਹਨਾਂ ਨੇ ਆਪਣੀ ਬੋਲੀ ਤੇ ਸਭਿਅਤਾ ਬਾਰੇ ਕੋਈ ਸਿਧਾਂਤ ਨਹੀਂ ਬਣਾਇਆ। ਫਿਰ ਮੈਂ ਕੀ ਕਹਾਂ।
ਤਰਸੇਮ: ਤੁਸੀਂ ਆਖਦੇ ਹੋ ਕੋਈ ਸੱਚਾ ਆਲੋਚਕ ਹੈ ਹੀ ਨਹੀਂ। ਕੀ ਤੁਹਾਡੀ ਕਵਿਤਾ ਨੂੰ ਅਣਗੌਲਿਆਂ ਕੀਤਾ ਗਿਆ? ਕਿਸੇ ਆਲੋਚਕ ਨੇ ਵੀ ਤੁਹਾਡੀ ਕਵਿਤਾ ਨੂੰ ਨਹੀਂ ਪਛਾਣਿਆ। ਪ੍ਰਿੰਸੀਪਲ ਸੰਤ ਸਿੰਘ ਸੇਖੋਂ ਤੁਹਾਡੀ ਕਵਿਤਾ ਦੇ ਫੈਨ ਰਹੇ ਹਨ।
ਪ੍ਰਭਜੋਤ: ਨਹੀਂ, ਮੇਰੀ ਕਵਿਤਾ ਨੂੰ ਅਣਗੌਲਿਆਂ ਨਹੀਂ ਕੀਤਾ ਗਿਆ। ਸਭ ਉਚੇਚ ਕਰ ਕੇ ਪੜ੍ਹਦੇ ਸਨ ਤੇ ਹੁਣ ਵੀ ਪੜ੍ਹਦੇ ਹਨ। ਉਹਨਾਂ ਨੂੰ ਮੇਰੇ ਨਾਲ ਹਸਦ ਹੈ। ਸੇਖੋਂ ਦਾ ਮੇਰਾ ਫੈਨ ਹੋਣਾ ਹੀ ਦਸਦਾ ਹੈ ਤੁਹਾਨੂੰ, ਕਿ ਮੈਂ ਕੀ ਹਾਂ।
ਤਰਸੇਮ: ਤੁਸੀ ਸਵੈ-ਜੀਵਨੀ ਲਿਖੀ ਹੈ। ਅਕਸਰ ਕਿਹਾ ਜਾਂਦਾ ਹੈ ਕਿ ਸਵੈ-ਜੀਵਨੀ ਲਿਖਦਿਆਂ ਲੇਖਕ ਬਹੁਤ ਕੁੱਝ ਲੁਕੋ ਲੈਂਦਾ ਹੈ। ਤੁਸੀਂ ਸਵੈ-ਜੀਵਨੀ ਲਿਖਦਿਆਂ ਕਿੰਨਾ ਕੁ ਸੱਚ ਬੋਲਿਆ ਹੈ?
ਪ੍ਰਭਜੋਤ: ਹਾਂ, ਮੈਂ ਸਵੈ-ਜੀਵਨੀ ਲਿਖੀ ਹੈ। ਦੋ ਸੈਂਚੀਆਂ ਹਨ। ਮੈਂ ਆਪਣੇ ਵੱਲੋਂ ਕੁੱਝ ਨਹੀਂ ਲੁਕੋਇਆ। ਜੋ ਜੋ ਮੇਰੀ ਯਾਦ ਦਾ ਖਜ਼ਾਨਾ, ਉਸਨੂੰ ਹੀ ਵਰਤਿਆ ਹੈ।
ਤਰਸੇਮ: ਤੁਸੀਂ ਸਾਰੀ ਉਮਰ ਸਾਹਿਤ ਦੇ ਲੇਖੇ ਲਾ ਦਿੱਤੀ। ਜਦੋਂ ਤੁਸੀਂ ਹੁਣ ਸਾਰੇ ਕੰਮਾਂ ਦਾ ਲੇਖਾ-ਜੋਖਾ ਕਰਦੇ ਹੋ ਤਾਂ ਕੀ ਮਹਿਸੂਸ ਕਰਦੇ ਹੋ?
ਪ੍ਰਭਜੋਤ: ਮੇਰੀ ਉਮਰ ਸਾਹਿਤ ਦੇ ਕੰਮ ਆਈ ਇਸ ਦਾ ਮੈਨੂੰ ਬਹੁਤ ਮਾਣ ਹੈ।
ਤਰਸੇਮ: ਅੱਜਕੱਲ੍ਹ ਕੀ ਪੜ੍ਹ-ਲਿਖ ਰਹੇ ਹੋ?
ਪ੍ਰਭਜੋਤ: ਅੱਜਕੱਲ੍ਹ ਮੈਂ ਬਹੁਤ ਪੜ੍ਹ ਰਹੀ ਹਾਂ। ਕਵਿਤਾ ਵੀ ਲਿਖਦੀ ਰਹਿੰਦੀ ਹਾਂ। ਇਥੋਂ ਤੱਕ ਕਿ ਨੀਂਦ ਵਿਚ ਵੀ।
ਤਰਸੇਮ: ਆਪਣੇ ਪਾਠਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
ਪ੍ਰਭਜੋਤ: ਪਾਠਕ ਜੇ ਪਾਠ ਵਾਂਗ ਸਹਿਜ ਨਾਲ ਕਵਿਤਾ ਪੜ੍ਹਨ ਤਾਂ ਬਹੁਤ ਕੁੱਝ ਹਾਸਲ ਕਰਨਗੇ।
ਤਰਸੇਮ: ਦਿੱਲੀ ਵਿਚਲੇ ਸਾਹਿਤਕ-ਕਲਚਰ ਬਾਰੇ ਤੁਹਾਡੀ ਕੀ ਰਾਇ ਹੈ?
ਪ੍ਰਭਜੋਤ: ਦਿੱਲੀ ਵਿਚ ਸਾਹਿਤ ਸਭਾਵਾਂ ਵੀ ਬੜੀਆਂ ਹਨ ਅਤੇ ਉਹ ਕਾਰਜ ਵੀ ਰਚਾਂਦੀਆਂ ਰਹਿੰਦੀਆਂ ਹਨ। ਚੰਗਾ ਮਾਹੌਲ ਹੈ।

ਨੋਟ- ਪ੍ਰਭਜੋਤ ਕੌਰ 24 ਨਵੰਬਰ, 2016 ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਗਏ।

Leave a Reply

Your email address will not be published. Required fields are marked *