ਕੁਲਵਿੰਦਰ ਦੀਆਂ ਪੰਜ ਗ਼ਜ਼ਲਾਂ
ਮੈਂ ਅਪਣੇ ਵਕਤ ਦਾ ਇਹ ਕਿਸ ਤਰ੍ਹਾਂ ਦਾ ਸ਼ਾਇਰ ਹਾਂ।
ਜੋ ਗਹਿਰੀ ਚੁੱਪ ਦੀ ਆਵਾਜ਼ ਸੁਣ ਨਹੀਂ ਸਕਦਾ।
ਸੁਲਗਦੇ ਸੀਨਿਆਂ ਅੰਦਰ ਜੋ ਵਜਦੇ ਰਾਤ ਗਈ,
ਮੈਂ ਸੁੰਨੀ ਰਾਤ ਨੂੰ ਉਹ ਸਾਜ਼ ਸੁਣ ਨਹੀਂ ਸਕਦਾ।
ਇਹ ਕਿਸ ਮਕਾਮ ‘ਤੇ ਆਈ ਹੈ ਜ਼ਿੰਦਗ਼ੀ ਮੇਰੀ,
ਨਿਭੇ ਨਾ ਆਪਣੇ ਹੀ ਨਾਲ ਦੋਸਤੀ ਮੇਰੀ।
ਖ਼ਮੋਸ਼ ਰਾਤ ਦੀ ਗੁੰਬਦ ‘ਚ ਜੋ ਘਿਰੇ ਹੋਏ,
ਉਦਾਸ ਦੋਸਤਾਂ ਦੇ ਰਾਜ਼ ਸੁਣ ਨਹੀਂ ਸਕਦਾ।
ਇਹ ਮੇਰੇ ਜ਼ਿਹਨ ਵਿਚ ਹੈ ਕਿਸ ਤਰ੍ਹਾਂ ਦੀ ਜੰਗ ਛਿੜੀ,
ਉਹਨਾ ਨੇ ਕੈਦ ਕੀਤੀ ਪਿੰਜਰੇ ‘ਚ ਸੋਨ ਚਿੜੀ।
ਉਹ ਬੰਦ ਬੰਦ ਲੁਟਦੇ ਜਾ ਰਹੇ ਨੇ, ਐਪਰ ਮੈਂ,
ਪਰਾਂ ‘ਚ ਤੜਪਦੀ ਪਰਵਾਜ਼ ਸੁਣ ਨਹੀਂ ਸਕਦਾ।
ਸਿਖਰ ਦੁਪਿਹਰ ਨੂੰ ਹੀ ਜ਼ਿੰਦਗ਼ੀ ਦੀ ਸ਼ਾਮ ਢਲੇ,
ਗ਼ੁਜ਼ਰ ਕੇ ਅਗਨ ‘ਚੋਂ ਇਹ ਜਿਸਮ ਖ਼ਾਕ ਨਾਲ ਰਲੇ।
ਜੇ ਇਸ ਤਰ੍ਹਾਂ ਹੀ ਅੰਤ ਹੋ ਗਿਆ ਕਹਾਣੀ ਦਾ,
ਮੈਂ ਇਸ ਦਾ ਖ਼ੁਸ਼ਨੁਮਾ ਆਗ਼ਾਜ਼ ਸੁਣ ਨਹੀਂ ਸਕਦਾ।
ਅਬਾਦ ਕਰਨ ਨਿਕਲੇ ਰੌਸ਼ਨੀ ਦੀ ਹਰ ਵਾਦੀ,
ਮਗਰ ਉਹ ‘ਨੇਰ ਦੀ ਬਸਤੀ ਦੇ ਹੋ ਗਏ ਆਦੀ।
ਕਮਾਲ ਇਹ ਹੈ ਕਿ ਉਹ ਕੌਣ ਸਨ ਤੇ ਕੀ ਨਿਕਲੇ,
ਉਹਨਾਂ ਦਾ ਇਹ ਨਵਾਂ ਅੰਦਾਜ਼ ਸੁਣ ਨਹੀਂ ਸਕਦਾ।
ਜੇ ਹੋਰ ਤੇਜ਼ ਇਸਨੇ ਹੋਰ ਤੇਜ਼ ਵਗਣਾ ਹੈ,
ਹਜ਼ਾਰਾਂ ਦੀਵਿਆਂ ਨੇ ਫਿਰ ਵੀ ਏਥੇ ਜਗਣਾ ਹੈ।
ਹਵਾ ਨੂੰ ਕਹਿ ਦਿਉ ਜੰਗਲ ਨਹੀਂ ਇਹ ਬਸਤੀ ਹੈ,
ਮੈਂ ਇਸ ਦੀ ਚੀਕਦੀ ਆਵਾਜ਼ ਸੁਣ ਨਹੀਂ ਸਕਦਾ।
ਮੇਰੇ ਪੈਰਾਂ ਨੂੰ ਹੁਣ ਖ਼ਾਮੋਸ਼ ਜੰਗਲ ਦਾ ਸਫ਼ਰ ਲੱਗੇ।
ਬੜਾ ਇਸ ਰੌਣਕਾਂ ਦੇ ਸ਼ਹਿਰ ਤੋਂ ਮੈਨੂੰ ਤਾਂ ਡਰ ਲੱਗੇ।
ਅਸੀਂ ਤਾਂ ਵਸ ਰਹੇ ਹਾਂ ਤਾਰਿਆਂ ਦੀ ਛੱਤ ਹੇਠਾਂ ਵੀ,
ਇਹ ਕੰਧਾਂ ਤੋਂ ਬਿਨਾਂ ਕਿੰਨਾ ਮੁਕੰਮਲ ਸਾਡਾ ਘਰ ਲੱਗੇ।
ਉਲੀਕੇ ਕੋਰਿਆਂ ਸਫ਼ਿਆਂ ‘ਤੇ ਉੱਡਣ ਨੀਲ ਅੰਬਰ ਵਿਚ,
ਇਹ ਮੈਨੂੰ ਕੀ ਪਤਾ ਕਿੱਦਾਂ ਮੇਰੇ ਸ਼ਿਅਰਾਂ ਨੂੰ ਪਰ ਲੱਗੇ।
ਤੁਸੀਂ ਵੀ ਜਾਣ ਜਾਵੋਗੇ ਜਦੋਂ ਆਏ ਵਸਣ ਏਥੇ,
ਇਹ ਬਾਹਰੋਂ ਸ਼ੀਸ਼ਿਆਂ ਦਾ ਸ਼ਹਿਰ ਪਰ ਅੰਦਰੋਂ ਖੰਡਰ ਲੱਗੇ।
ਰਹੀ ਨਾ ਦੀਵਿਆਂ ਵਿਚ ਰੌਸ਼ਨੀ ਨਾ ਨਿੱਘ ਸੂਰਜ ਵਿਚ,
ਅਜੇ ਤੂੰ ਨਾ ਹੀ ਪੁਛ ਤੇਰੇ ਬਿਨਾ ਕਿੱਦਾਂ ਨਗਰ ਲੱਗੇ।
ਉਹਨਾਂ ਕੱਚੇ ਮਕਾਨਾਂ ਵਿਚ ਮੇਰੀ ਮਿੱਟੀ ਦੀ ਖ਼ੁਸ਼ਬੂ ਸੀ,
ਨਾ ਏਥੇ ਖੂਬਸੂਰਤ ਸ਼ੀਸ਼ਿਆਂ ਦਾ ਘਰ ਹੀ, ਘਰ ਲੱਗੇ।
ਮੈਂ ਦਾਦੀ ਮਾਂ ਤੋਂ ਸੁਣਿਆਂ ਸਰਹਦਾ ਮਗਰੋਂ ਕਿਵੇਂ ਗ਼ੁਜ਼ਰੀ,
ਉਹ ਕਹਿੰਦੀ ਸੀ ਕਿ ਸੰਤਾਲੀ ਤਰ੍ਹਾਂ ਮੁੜ ਨਾ ਨਜ਼ਰ ਲੱਗੇ।
ਨਗਰ ਵਿਚ ਲੋਕ ਹੁਣ ਤਾਂ ਜਸ਼ਨ ਏਦਾਂ ਵੀ ਮਨਾਉਂਦੇ ਨੇ।
ਜਲ੍ਹਾ ਕੇ ਸਬਜ਼ ਜੰਗਲ ਜਿਸਮ ਅਪਣੇ ਸੇਕ ਆਉਂਦੇ ਨੇ।
ਹਮੇਸ਼ਾਂ ਰਸਤਿਆਂ ਵਿਚ ਮਘ ਰਹੇ ਕੋਲੇ ਵਿਛਾਉਂਦੇ ਨੇ,
ਇਹ ਆਖਰ ਕੌਣ ਨੇ ਜੋ ਸੁਰਖ਼ ਫ਼ੁੱਲਾਂ ਨੂੰ ਜਲਾਉਂਦੇ ਨੇ।
ਉਹ ਰੇਗਿਸਤਾਨ ਦੇ ਵਸਨੀਕ ਰਾਤਾਂ ਨੂੰ ਹੀ ਖ਼ਾਬ ਅੰਦਰ,
ਸੁਹਾਵੇ ਤਾਰਿਆਂ ਦਾ ਦੇਸ ਅਕਸਰ ਘੁੰਮ ਆਉਂਦੇ ਨੇ।
ਜੇ ਚਿਰ ਤਕ ਸੇਕ ਨਾ ਆਵੇ ਬੁਝੇ ਹੋਏ ਚਿਰਾਗਾ ‘ਚੋਂ,
ਤਾਂ ਟੁੱਟੇ ਰਿਸ਼ਤਿਆਂ ਦੇ ਦਰਦ ਅਜ ਤਕ ਕਿਉਂ ਸਤਾਉਂਦੇ ਨੇ।
ਨਹੀਂ ਜੇ ਅੱਜ ਤਾਂ ਕਲ ਨੂੰ ਹਵਾ ਹੀ ਮੇਟ ਸਕਦੀ ਹੈ,
ਉਹ ਮੇਰਾ ਨਾਮ ਲਿਖ ਲਿਖ ਰੇਤ ਉਪਰ ਕਿਉਂ ਮਿਟਾਉਂਦੇ ਨੇ।
ਉਦਾਸੀ ਦੇ ਸਿਆਹ ਜੰਗਲ ਦੀ ਭਟਕਣ ਵਿਚ ਮੇਰੇ ਲੋਕੀ,
ਬੁਝੇ ਨੈਣਾਂ ‘ਚ ਵੀ ਖ਼ਾਬਾਂ ਦੇ ਹੀ ਦੀਵੇ ਜਗਾਉਂਦੇ ਨੇ।
ਕਿਵੇਂ ਹੈ ਸਾੜਨਾ ਹੁਣ ਠੰਢੀਆਂ ਛਾਵਾਂ ‘ਚ ਜਿਸਮਾ ਨੂੰ,
ਸਿਆਣੇ ਲੋਕ ਇਹ ਸਾਵੇ ਦਰਖਤਾਂ ਨੂੰ ਸਿਖਾਉਂਦੇ ਨੇ।
ਨਾ ਪਿਘਲਣ ਤੋਂ ਡਰੇ ਕੋਈ, ਇਹ ਕੈਸਾ ਸ਼ਹਿਰ ਹੈ ਜਿੱਥੇ,
ਪਰਿੰਦੇ ਬਰਫ਼ ਦੇ ਵੀ ਸੂਰਜਾਂ ਦੇ ਗੀਤ ਗਾਉਂਦੇ ਨੇ।
ਇਸਦੇ ਹਰ ਪੰਨੇ ਦੇ ਉੱਪਰ ਸੁਲਗਦੇ ਅੱਖਰ ਵੀ ਹਨ।
ਸੜ ਰਹੀ ਪੁਸਤਕ ‘ਚ, ਯਾਰੋ! ਤਿਤਲੀਆਂ ਦੇ ਪਰ ਵੀ ਹਨ।
ਸਿਰਫ ਸੁੱਕੇ ਜੰਗਲਾਂ ਦੀ ਅੱਗ ਨਾ ਇਸਨੂੰ ਸਮਝ,
ਦੂਰ ਬਲਦੇ ਜੰਗਲਾਂ ਵਿਚ ਸੜ ਰਹੇ ਕੁਝ ਘਰ ਵੀ ਹਨ।
ਰੌਸ਼ਨੀ ਦੀ ਜਗਮਗਾਹਟ ਤੋਂ ਹੀ ਅੰਦਾਜ਼ਾ ਨਾ ਲਾ,
ਰੌਣਕਾਂ ਦੇ ਸ਼ਹਿਰ ਵਿਚ ਕੁਝ ਚੁੱਪ ਦੇ ਖੰਡਰ ਵੀ ਹਨ।
ਕਿਸ ਤਰਾਂ ਹੋਣਾ ਸੁਆਗਤ ਏਥੇ ਲੋਕਾਂ ਕੋਲ ਤਾਂ,
ਫ਼ੁੱਲ ਨੇ ਇਕ ਹੱਥ ਵਿਚ ਦੂਜੇ ‘ਚ ਪਰ ਪੱਥਰ ਵੀ ਹਨ।
ਰੌਸ਼ਨੀ ਵਿਚ ਹੀ ਹਮੇਸ਼ਾਂ ਜੀਣ ਦੀ ਚਾਹਤ ਹੈ ਪਰ,
ਮੇਰੀਆਂ ਅੱਖਾਂ ਦੇ ਸਾਹਵੇਂ ਰਾਤ ਦੇ ਮੰਜ਼ਰ ਵੀ ਹਨ।
ਸੁਲਗਦੇ ਥਲ ਵਿਚ ਜੋ ਭਟਕੇ ਜਿਸਮ ਦੀ ਛਾਂ ਵਾਸਤੇ,
ਕੀ ਪਤਾ ਕਿੰਨੇ ਕੁ ਮਾਰੂਥਲ ਉਹਦੇ ਅੰਦਰ ਵੀ ਹਨ।
ਸ਼ੋਰ ਤੋਂ ਥੱਕੀ ਮੇਰੇ ਕਮਰੇ ‘ਚ ਆ ਠਹਿਰੀ ਨਦੀ।
ਰਾਤ ਭਰ ਲਹਿਰਾ ਰਹੀ ਸੀ ਚੁੱਪ ਦੀ ਗਹਿਰੀ ਨਦੀ।
ਸੋਚਿਆ ਸੀ ਇਸ ਤਰ੍ਹਾਂ ਹੀ ਅਮਰ ਹੋ ਜਾਵਾਂਗਾ ਪਰ,
ਪੀਣ ਮੈਂ ਲੱਗਾ ਸੀ, ਮੈਨੂੰ ਪੀ ਗਈ ਜ਼ਹਿਰੀ ਨਦੀ।
ਮੈਂ ਤਾਂ ਇਕ ਨਿੱਕਾ ਜਿਹਾ ਕੰਕਰ ਵਗਾਹਿਆ ਸੀ ਅਜੇ,
ਜਿਸ ਤਰ੍ਹਾਂ ਤੂਫ਼ਾਨ ਆਉਂਦਾ ਉਸ ਤਰ੍ਹਾਂ ਲਹਿਰੀ ਨਦੀ।
ਇਸ ‘ਚ ਲਹਿ ਕੇ ਮੇਰੇ ਅੰਬਰ ਦਾ ਖ਼ਲਾ ਬਿੰਦੂ ਦਿਸੇ,
ਸੋਚਦਾ ਹਾਂ ਕੀ ਪਤਾ ਕਿੰਨੀ ਹੈ ਇਹ ਗਹਿਰੀ ਨਦੀ।
ਉਹ ਅਜੇ ਉਤਰੀ ਹੀ ਸੀ ਭੋਲੀ, ਪਹਾੜੀ ਪਿੰਡ ‘ਚੋਂ,
ਜਾਪਦੀ ਸੀ ਜੋ ਬੜੀ ਨਟਖਟ ਜਿਹੀ ਸ਼ਹਿਰੀ ਨਦੀ।
ਮੈਂ ਹੀ ਸ਼ੁਹ-ਸਾਗਰ ਨਹੀਂ, ਸੁਣਕੇ ਸਦਾ ਆਵੇ ਉਹ ਕਿਉਂ,
ਇਹ ਨਹੀਂ ਕਿ ਉਹ ਹੈ ਨੇਤਰਹੀਣ ਜਾਂ ਬਹਿਰੀ ਨਦੀ।
ਈ-ਮੇਲ : kulwinderplahey@gmail.com