ਕੌਮੀ ਸ਼ਹੀਦਾਂ ਨੂੰ ਸਮਰਪਿਤ ਰਹੀ ਅਰਪਨ ਲਿਖਾਰੀ ਸਭਾ ਦੀ ਇਕੱਤਰਤਾ

ਕੈਲਗਰੀ (ਇਕਬਾਲ ਖ਼ਾਨ): ਅਰਪਨ ਲਿਖਾਰੀ ਸਭਾ ਕੈਲਗਰੀ ਦੀ ਦਸੰਬਰ ਮਹੀਨੇ ਦੀ ਮੀਟਿੰਗ ਕੋਸੋ ਹਾਲ ਵਿੱਚ ਸਤਪਾਲ ਕੌਰ ਬੱਲ ਅਤੇ ਗੁਰਚਰਨ ਕੌਰ ਥਿੰਦ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਜਨਰਨ ਸਕੱਤਰ ਇਕਬਾਲ ਖ਼ਾਨ ਨੇ ਕੁਝ ਸ਼ੋਕ ਸਮਾਚਾਰਾਂ (ਪੰਜਾਬੀ ਦੀ ਸਮਰੱਥ ਲੇਖਕਾ ਪ੍ਰਭਜੋਤ ਕੌਰ, ਪੰਜਾਬੀ ਫ਼ਿਲਮੀ ਦੁਨੀਆ ਦੇ ਹਾਸਰਸ ਦੇ ਐਕਟਰ ਵਜੋਂ ਜਾਣੇ ਜਾਂਦੇ ਮੇਹਰ ਮਿੱਤਲ ਅਤੇ ਸਾਡੀ ਸਭਾ ਦੇ ਕਾਰਜਕਰਨੀ ਦੇ ਮੈਂਬਰ ਜਸਵੰਤ ਸਿੰਘ ਸੇਖੋਂ ਦੇ ਦਮਾਦ ਬਰਿੰਦਰ ਸਿੰਘ ਟਿਵਾਣਾ ਦੀ ਬੇਵਕਤ ਮੌਤ ਅਤੇ ਕਿਉਬਾ ਦੇ ਪ੍ਰਧਾਨ ਫੀਦਲ ਕਾਸਟਰੋ ਦੀ ਮੌਤ ਬਾਰੇ ਜਾਣਕਾਰੀ ਸਾਂਝੀ ਕੀਤੀ। ਸਭਾ ਵੱਲੋਂ ਇਨ੍ਹਾਂ ਵਿਛੜੀਆਂ ਸ਼ਖ਼ਸੀਅਤਾਂ ਨੂੰ ਇੱਕ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ।
ਪ੍ਰੋਗਰਾਮ ਦੀ ਸ਼ੁਰੂਆਤ ਸਤਨਾਮ ਸਿੰਘ ਢਾਅ ਦੇ ਕਰਨੈਲ ਸਿੰਘ ਪਾਰਸ ਦੀ ਛੋਟੇ ਸਾਹਿਬਜਾਦਿਆਂ ਬਾਰੇ ਲਿਖੀ ਕਵਿਤਾ ‘ਕਿਉਂ ਫੜੀ ਸਿਪਾਹੀਆਂ ਨੇ’ ਕਵੀਸ਼ਰੀ ਰੰਗ ਵਿੱਚ ਸੁਣਾਉਣ ਨਾਲ ਹੋਈ। ਇਸ ਤੋਂ ਬਾਅਦ ਅਜਾਇਬ ਸਿੰਘ ਸੇਖੋਂ ਨੇ ਆਪਣੀ ਲਿਖੀ ਕਵਿਤਾ ‘ਯਾਦਾਂ’ ਸੁਣਾਈ। ਸਤਪਾਲ ਕੌਰ ਬੱਲ ਨੇ ਦੁਨੀਆ ‘ਤੇ ਵਾਪਰ ਰਹੀਆਂ ਨਸਲੀ ਵਿਤਕਰੇ ਨਾਲ ਸੰਬੰਧਤ ਵਰਤਮਾਨ ਘਟਨਾਵਾਂ ਵਿੱਚੋਂ ਆਪਣੀ ਕਹਾਣੀ ਲਈ ਪਾਤਰ ਉਸਾਰੀ ਕਰਨ ਦੀ ਵਿਧਾ ਨਾਲ ਇੱਕ ਕਹਾਣੀ ਵਰਗਾ ਹੀ ਲੇਖ ਸਾਂਝਾ ਕੀਤਾ। ਗੁਰਚਰਨ ਕੌਰ ਥਿੰਦ ਨੇ ‘ਨਾਰੀ-ਦਿਵਸ’ ਨਾਂ ਦੀ ਕਹਾਣੀ ਸੁਣਾ ਕੇ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ। ਪ੍ਰਸ਼ੋਤਮ ਭਾਰਦਵਾਜ ਨੇ ਜਗਜੀਵਨ ਪੰਨੂ ਦੀ ਲਿਖੀ ਖੂਬਸੂਰਤ ਕਵਿਤਾ ਸੁਣਾਈ। ਕੁਲਦੀਪ ਕੌਰ ਘਟੋੜਾ ਨੇ ਕੈਲਗਰੀ ਦੀ ਪ੍ਰਸਿੱਧ ਕਹਾਣੀਕਾਰਾ ਸਤਪਾਲ ਕੌਰ ਬੱਲ ਦੀ ਕਿਤਾਬ ‘ਮਕੜੀ ਜਾਲ਼’ ਵਿੱਚੋਂ ਕਹਾਣੀ ‘ਕੇਸਰੋ’ ਸਰੋਤਿਆਂ ਨੂੰ ਪੜ੍ਹ ਕੇ ਸੁਣਾਈ ਸਰੋਤਿਆਂ ਵੱਲੋਂ ਬਹੁਤ ਪੰਸਦ ਕੀਤੀ ਗਈ।
ਕੇਸਰ ਸਿੰਘ ਨੀਰ ਨੇ ਆਪਣੀ ਇੱਕ ਗ਼ਜ਼ਲ ‘ਹਰ ਬਲਾਅ ਨੂੰ ਹੱਸ ਕੇ ਟਾਲ਼ੀ ਗਿਆ। ਹਾਰ ਵਿੱਚੋਂ ਜਿੱਤ ਨੂੰ ਭਾਲ਼ੀ ਗਿਆ’ ਬੜੇ ਹੀ ਵਿਲਖ਼ਣ ਅੰਦਾਜ਼ ਵਿੱਚ ਸੁਣਾਈ। ਇਕਬਾਲ ਖ਼ਾਨ ਨੇ ਆਪਣੀ ਇੱਕ ਕਵਿਤਾ ‘ਖ਼ਾਹਿਸ਼’ ਜੋ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਸੀ, ਸੁਣਾ ਕੇ ਸਰੋਤਿਆਂ ਨੂੰ ਕੀਲ ਲਿਆ। ਸਤਪਾਲ ਕੌਰ ਬੱਲ ਨੇ ਚਲੰਤ ਮਾਮਲਿਆਂ (ਅਮਰੀਕੀ ਰਾਸ਼ਟਰਪਤੀ ਦੀ ਚੋਣ, ਮੋਦੀ ਦੀ ਨੋਟ-ਬੰਦੀ ਪਾਲਸੀ) ਬਾਰੇ ਆਪਣੇ ਸੰਖ਼ੇਪ ਤੇ ਭਾਵਪੂਰਤ ਵਿਚਾਰ ਪੇਸ਼ ਕੀਤੇ। ਇਸ ਮਹੀਨੇ ਦੀ ਮੀਟਿੰਗ ਉਨ੍ਹਾਂ ਸਾਰੇ ਸ਼ਹੀਦਾਂ ਨੂੰ ਸਮਰਪਿਤ ਕੀਤੀ ਗਈ, ਜਿੰਨਾਂ ਨੇ ਮਨੁੱਖਤਾ ਦੇ ਹਿਤ ਲਈ ਕੁਰਬਾਨੀਆਂ ਕੀਤੀਆਂ। ਜਨਰਲ ਸਕੱਤਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਡੀ ਸਭਾ ਦੇ ਪ੍ਰਮੁੱਖ ਮੈਂਬਰ ਪ੍ਰਸ਼ੋਤਮ ਭਾਰਦਵਾਜ ਨੂੰ ‘ਨੌਰਥ ਕੈਲਗਰੀ ਕਲਚਰਲ ਐਸੋਸੀਏਸ਼ਨ’ ਵੱਲੋਂ ਉਨ੍ਹਾਂ ਦੇ ਸ਼ਲਾਘਾਯੋਗ ਕੰਮਾਂ ਨੂੰ ਮੁੱਖ ਰੱਖਦਿਆਂ ਸਨਮਾਨਿਤ ਕੀਤਾ ਗਿਆ। ਅਖ਼ੀਰ ‘ਤੇ ਸਭਾ ਦੀ ਪ੍ਰਧਾਨ ਸਤਪਾਲ ਕੌਰ ਨੇ ਆਏ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ।