fbpx Nawidunia - Kul Sansar Ek Parivar

ਮੋਦੀ ਸਰਕਾਰ ਨੇ ਬਿਰਜੂ ਮਹਾਰਾਜ ਸਮੇਤ 27 ਕਲਾਕਾਰਾਂ ਨੂੰ ਸਰਕਾਰੀ ਘਰ ਖਾਲੀ ਕਰਨ ਦਾ ਭੇਜਿਆ ਨੋਟਿਸ

ਨਵੀਂ ਦਿੱਲੀ : ਪਦਮਸ਼੍ਰੀ ਨਾਲ ਸਨਮਾਨਤ ਭਾਰਤੀ ਸ਼ਿਵਾਜੀ, ਪੰਡਿਤ ਬਿਰਜੂ ਮਹਾਰਾਜ ਸਮੇਤ ਕਈ ਉੱਘੇ ਕਲਾਕਾਰਾਂ ਨੂੰ ਮੋਦੀ ਸਰਕਾਰ ਨੇ ਦਿੱਲੀ ਵਿਚ ਦਿੱਤੇ ਸਰਕਾਰੀ ਮਕਾਨ ਖਾਲੀ ਕਰਨ ਦਾ ਨੋਟਿਸ ਭੇਜਿਆ ਹੈ। ਇਸ ਬਾਰੇ ਕਲਾਕਾਰਾਂ ਨੇ ਕਿਹਾ ਕਿ ਸਰਕਾਰ ਦੇ ਇਸ ਰਵੱਈਏ ਨਾਲ ਉਹ ‘ਸੋਸ਼ਤ’, ‘ਅਪਮਾਨਤ’ ਅਤੇ ‘ਦੁਖੀ’ ਮਹਿਸੂਸ ਕਰ ਰਹੇ ਹਨ।
ਰਿਹਾਇਸ਼ ਅਤੇ ਸ਼ਹਿਰੀ ਕਾਰਜ ਮੰਤਰਾਲੇ ਨੇ ਇਸ ਸਾਲ ਅਕਤੂਬਰ ਵਿਚ ਕਲਾਕਾਰਾਂ, ਨ੍ਰਿਤਕਾਂ ਤੇ ਸੰਗੀਤਕਾਰਾਂ ਸਮੇਤ ਕੁੱਲ 27 ਉਘੇ ਕਲਾਕਾਰਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਦਿੱਲੀ ਵਿਚ ਵੰਡੇ ਸਰਕਾਰੀ ਘਰ 31 ਦਸੰਬਰ ਤੱਕ ਖਾਲੀ ਕਰਨ ਲਈ ਕਿਹਾ ਹੈ।
ਨਾਲ ਹੀ ਕਿਹਾ ਸੀ ਕਿ ਅਜਿਹਾ ਨਾ ਕਰਨ ‘ਤੇ ਜਨਤਕ ਕੰਪਲੈਕਸ (ਨਾਜਾਇਜ਼ ਕਬਜ਼ਾ ਧਾਰਕਾਂ ਤੋਂ ਸੰਪਤੀ ਮੁਕਤ ਕਰਵਾਉਣਾ) ਕਾਨੂੰਨ ਤਹਿਤ ਸਾਰੇ ਘਰ ਖਾਲੀ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਜਿਨ੍ਹਾਂ ਹੋਰਨਾਂ ਕਲਾਕਾਰਾਂ ਨੂੰ ਘਰ ਖਾਲੀ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ ਹੈ, ਉਨ੍ਹਾਂ ਵਿਚ ਜਤਿਨ ਦਾਸ, ਪੰਡਿਤ ਭਜਨ ਸਪੋਰੀ, ਰੀਤਾ ਗਾਂਗੁਲੀ ਅਤੇ ਉਸਤਾਦ ਐਫ. ਵਸੀਫੁਦੀਨ ਡਾਗਰ ਸ਼ਾਮਲ ਹਨ।
ਮੋਹਿਨੀਅਟਮ ਨ੍ਰਿਤਕੀ ਭਾਰਤੀ ਸ਼ਿਵਾਜੀ ਦਾ ਕਹਿਣਾ ਹੈ ਕਿ ”ਉਹ ਹੈਰਾਨ ਹੈ ਅਤੇ ਉਨ੍ਹਾਂ ਨੇ ਹਾਲੇ ਤੈਅ ਨਹੀਂ ਕੀਤਾ ਹੈ ਕਿ ਕੀ ਕਰਨਾ ਹੈ।”
ਏਸ਼ੀਅਨ ਵਿਲੇਜ ਵਿਚ ਅਲਾਟ ਕੀਤੇ ਘਰਾਂ ਵਿਚ ਰਹਿ ਰਹੀ ਸ਼ਿਵਾਜੀ ਦਾ ਕਹਿਣਾ ਹੈ, ‘ਇਹ ਜ਼ੁਲਮ ਹੈ। ਮੇਰੇ ਕੋਲ ਕੋਈ ਹੋਰ ਜ਼ਮੀਨ ਜਾਂ ਸੰਸਥਾ ਨਹੀਂ ਹੈ, ਮੈਂ ਆਪਣਾ ਸਾਰਾ ਸਿਰਜਣਾਤਮਕ ਕੰਮ ਘਰ ਤੋਂ ਹੀ ਕਰਦੀ ਹਾਂ। ਪਰ ਇੰਜ ਲਗਦਾ ਹੈ ਕਿ ਸੱਤਾ ਲਈ ਰਵਾਇਤੀ ਕਲਾਕਾਰਾਂ ਦਾ ਕੋਈ ਮੁੱਲ ਨਹੀਂ ਹੈ।”
ਕਈ ਕਲਾਕਾਰਾਂ ਨੇ ਆਪਣੀ ਵਰਤਮਾਨ ਰਿਹਾਇਸ਼ੀ ਸਥਿਤੀ ਨੂੰ ‘ਨਾਜਾਇਜ਼’ ਦੱਸੇ ਜਾਣ ‘ਤੇ ਇਤਰਾਜ਼ ਕੀਤਾ ਹੈ।
ਕੁਚੀਪੁੜੀ ਨਰਤਕ ਗੁਰੂ ਜੈਅਰਾਮ ਰਾਓ ਦੀ ਪਤਨੀ ਅਤੇ ਕੁਚੀਪੁੜੀ ਨ੍ਰਿਤਕੀ ਵਣਾਸ਼੍ਰੀ ਦਾ ਕਹਿਣਾ ਹੈ ਕਿ ਇਸ ਸ਼ਬਦ ਤੋਂ ਇੰਜ ਲਗਦਾ ਹੈ ਕਿ ਉਨ੍ਹਾਂ ਨੇ ਮਕਾਨ ‘ਤੇ ‘ਨਾਜਾਇਜ਼’ ਕਬਜ਼ਾ ਕੀਤਾ ਹੋਇਆ ਸੀ। ਮਕਾਨ ਵਣਾਸ਼੍ਰੀ ਦੇ ਨਾਮ ‘ਤੇ ਅਲਾਟ ਹੈ।
ਉਨ੍ਹਾਂ ਦੱਸਿਆ ਕਿ ਮਕਾਨ ਅਲਾਟ ਹੋਣ ਤੋਂ ਪਹਿਲੇ ਤਿੰਨ ਸਾਲ ਬਾਅਦ ਉਨ੍ਹਾਂ ਨੂੰ ਉਥੇ ਰਹਿਣ ਦੀ ਆਗਿਆ ਦਿੱਤੀ ਗਈ ਪਰ 2014 ਤੋਂ ਬਾਅਦ ਤੋਂ ਉਹ ਸਰਕਾਰੀ ਨਿਯਮਾਂ ਤਹਿਤ ਮਕਾਨ ਦਾ ਕਿਰਾਇਆ ਦਿੰਦੀ ਹੈ। ਉਨ੍ਹਾਂ ਕਿਹਾ, ”2018 ਵਿਚ ਸਰਕਾਰ ਨੇ ਪਿਛਲੇ ਚਾਰ ਸਾਲ ਦਾ ਕੁਝ 8-9 ਲੱਖ ਰੁਪਏ ਦਾ ਬਕਾਇਆ ਕਿਰਾਏ ਦਾ ਨੋਟਿਸ ਭੇਜਿਆ ਸੀ। ਅਸੀਂ ਉਸ ਦਾ ਭੁਗਤਾਨ ਵੀ ਕਰ ਰਹੇ ਹਾਂ, ਕਦੇ 60 ਹਜ਼ਾਰ ਤੇ ਕਦੇ ਇਕ ਲੱਖ ਰੁਪਏ ਕਰਕੇ, ਕਿਉਂਕਿ ਇਕੋ ਵੇਲੇ ਏਨਾ ਪੈਸਾ ਹੋਣਾ ਸੰਭਵ ਨਹੀਂ ਹੈ।”
ਵਣਾਸ਼੍ਰੀ ਨੇ ਕਿਹਾ, ”ਏਨਾ ਸਭ ਕੁਝ ਕਰਨ ਦੇ ਬਾਵਜੂਦ ਸਾਡੇ ਨਾਲ ਕਬਜ਼ਾ ਕਰਨ ਵਾਲਿਆਂ ਵਾਂਗ ਵਿਹਾਰ ਕੀਤਾ ਜਾ ਰਿਹਾ ਹੈ। ਅਸੀਂ ਕਬਜ਼ਾ ਨਹੀਂ ਕੀਤਾ ਹੈ।”
ਭਾਰਤੀ ਨ੍ਰਿਤਕ ਇਤਿਹਾਸਕਾਰ ਸੁਨੀਲ ਕੋਠਾਰੀ ਵੀ ਰਾਓ ਦੇ ਵਿਚਾਰਾਂ ਨਾਲ ਸਹਿਮਤ ਹਨ। ਉਨ੍ਹਾਂ ਦਾ ਕਹਿਣਾ ਹੈ, ”ਮੈਂ ਪਦਮਸ਼੍ਰੀ ਤੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਸਨਮਾਨਤ ਹਾਂ। ਮੈਂ ਭਾਰਤੀ ਸ਼ਾਸਤਰੀ ਨ੍ਰਿਤ ਅਤੇ ਹੋਰ ਸਹਿਯੋਗੀ ਕਲਾਵਾਂ ‘ਤੇ ਕਈ ਕਿਤਾਬਾਂ ਲਿਖੀਆਂ ਹਨ ਤੇ ਤਮਾਮ ਕਮੇਟੀਆਂ ਦਾ ਮੈਂਬਰ ਰਿਹਾ ਹਾਂ ਤੇ ਮੇਰੀ ਸਰਕਾਰ ਬਦਲੇ ਵਿਚ ਮੈਨੂੰ ਇਹ ਦੇ ਰਹੀ ਹੈ।”
ਉਨ੍ਹਾਂ ਕਿਹਾ, ”88 ਸਾਲ ਦੀ ਉਮਰ ਵਿਚ ਮੈਨੂੰ ‘ਗੈੱਟ ਆਊਟ’ ਦਾ ਨੋਟਿਸ ਭੇਜਿਆ ਜਾ ਰਿਹਾ ਹੈ, ਮੈਂ ਅਪਮਾਨਤ ਮਹਿਸੂਸ ਕਰ ਰਿਹਾ ਹਾਂ। ਮੈਨੂੰ ਉਸ ਥਾਂ ਤੋਂ ਕੱਢਿਆ ਜਾ ਰਿਹਾ ਹੈ, ਜੋ ਪਿਛਲੇ 20 ਸਾਲ ਤੋਂ ਮੇਰਾ ਘਰ ਹੈ।”
ਦੁਨੀਆ ਭਰ ਵਿਚ ਆਪਣੇ ”ਪੰਖਾ ਕੁਲੈਕਸ਼ਨ’ ਲਈ ਮਸ਼ਹੂਰ ਪੇਂਟਰ ਜਤਿਨ ਦਾਸ ਦਾ ਕਹਿਣਾ ਹੈ ਕਿ ‘ਅਪਰਾਧੀ’ ਵਾਂਗ ਵਿਹਾਰ ਕੀਤੇ ਜਾਣ ਕਾਰਨ ਉਹ ‘ਅਪਮਾਨਤ’ ਮਹਿਸੂਸ ਕਰ ਰਹੇ ਹਨ।”
ਅਗਲੇ ਮਹੀਨੇ 80 ਸਾਲ ਦੇ ਹੋ ਰਹੇ ਦਾਸ ਦਾ ਕਹਿਣਾ ਹੈ, ”ਮੈਂ ਕੋਈ ਵਪਾਰੀ ਕਲਾਕਾਰ ਨਹੀਂ ਹਾਂ। ਮੈਂ ਕਲਾ ਦਾ ਵਪਾਰ ਨਹੀਂ ਕਰਦਾ। ਮੇਰੀ ਪੇਂਟਿੰਗ ਤੋਂ ਜੋ ਵੀ ਕਮਾਈ ਹੁੰਦੀ ਹੈ, ਉਸ ਨੂੰ ਮੈਂ ਆਪਣੀ ਅਗਲੀ ਪੇਂਟਿੰਗ ਬਣਾਉਣ ਦਾ ਸਾਮਾਨ ਲੈਣ ਵਿਚ ਲਗਾ ਦਿੰਦਾ ਹਾਂ।”
ਸਾਰੇ ਕਲਾਕਾਰਾਂ ਨੇ ਨੋਟਿਸ ਭੇਜੇ ਜਾਣ ਦੇ ਸਮੇਂ ‘ਤੇ ਵੀ ਚਿੰਤਾ ਜ਼ਾਹਰ ਕੀਤੀ ਹੈਸ਼ ਕਲਾਕਾਰਾਂ ਦਾ ਕਹਿਣਾ ਹੈ ਕਿ ਉਹ ਸਾਰੇ ਲੋਕ 65 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ। ਕਰੋਨਾ ਵਾਇਰਸ ਦੇ ਸਮੇਂ ਬਿਨਾਂ ਕੋਈ ਬਦਲ ਦਿੱਤਿਆਂ ਉਨ੍ਹਾਂ ਤੋਂ ਉਨ੍ਹਾਂ ਦੇ ਰਹਿਣ ਦੀ ਥਾਂ ਖਾਲੀ ਕਰਨ ਲਈ ਕਿਹਾ ਜਾ ਰਿਹਾ ਹੈ, ਜੋ ਅਣਉਚਿਤ ਹੈ।
ਵਣਾਸ਼੍ਰੀ ਨੇ ਕਿਹਾ, ”ਕਰੋਨਾ ਸਮੇਂ ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੂਰੇ ਦੇਸ਼ ਦੇ ਮਕਾਨ ਮਾਲਕਾਂ ਨੂੰ ਆਪਣੇ ਕਿਰਾਏਦਾਰਾਂ ਨੂੰ ਘਰੋਂ ਨਹੀਂ ਕੱਢਣਾ ਚਾਹੀਦਾ ਅਤੇ ਕਿਰਾਇਆ ਵੀ ਘੱਟ ਕਰਨਾ ਚਾਹੀਦਾ ਹੈ, ਪਰ ਉਹ ਖੁਦ ਸਾਡੇ ਨਾਲ ਇੰਜ ਕਰ ਰਹੇ ਹਨ।”
ਇਸ ਅਸੰਵੇਦਨਸ਼ੀਲਤਾ ਨੂੰ ਲੈ ਕੇ ਕਲਾਕਾਰਾਂ ਨੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ। 14 ਅਕਤੂਬਰ ਨੂੰ ਭੇਜੇ ਗਏ ਪੱਤਰ ਵਿਚ ਕਲਾਕਾਰਾਂ ਨੇ ਉਨ੍ਹਾਂ ਨੂੰ ਇਸ ਮਾਮਲੇ ਵੱਲ ਧਿਆਨ ਦੇਣ ਅਤੇ ਕਲਾਕਾਰ ਭਾਈਚਾਰੇ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ।
ਪੱਤਰ ਅਨੁਸਰਾ, ”ਕਈ ਵਾਰ ਸਰਕਾਰ ਤੇ ਸਾਡਾ ਦੇਸ਼ ਸਾਨੂੰ ‘ਉੱਘੇ’ ਅਤੇ ‘ਸਭਿਆਚਾਰਕ ਦੂਤ’ ਕਹਿੰਦੇ ਹਨ, ਤਾਂ ਸਾਨੂੰ ਲਗਦਾ ਹੈ ਕਿ ਸਾਡੀ ਸਰਕਾਰ ਖ਼ਾਸ ਕਰਕੇ ਸਭਿਆਚਾਰਕ ਮੰਤਰਾਲੇ ਨੂੰ ਸਾਡੇ ਵਿਸਥਾਰ (ਰਹਿਣ ਦੇ ਸਮੇਂ) ਦੀ ਤੁਰੰਤ ਸਿਫ਼ਾਰਸ਼ ਕਰਨੀ ਚਾਹੀਦੀ ਹੈ।”
ਇਸੇ ਤਰ੍ਹਾਂ ਦਾ ਪੱਤਰ ਸਭਿਆਚਾਰਕ ਮੰਤਰੀ, ਸਭਿਆਚਾਰਕ ਸਕੱਤਰ ਤੇ ਹੋਰਨਾਂ ਅਧਿਕਾਰੀਆਂ ਨੂੰ ਵੀ ਭੇਜਿਆ ਗਿਆ ਹੈ, ਪਰ ਕਿਸੇ ਵਲੋਂ ਕੋਈ ਜਵਾਬ ਨਹੀਂ ਆਇਆ ਹੈ।
ਨ੍ਰਿਤ ਇਤਿਹਾਸਕਾਰ ਸੁਨੀਲ ਕੋਠਾਰੀ ਨੇ ਕਿਹਾ, ”ਸਭਿਆਚਾਰਕ ਮੰਤਰੀ ਸਾਨੂੰ ਮਿਲਣਾ ਨਹੀਂ ਚਾਹੁੰਦੇ ਹਨ। ਮੈਂ ਆਪਣੇ ਘਰ ਦਾ ਕਿਰਾਇਆ ਦੇ ਰਿਹਾ ਹਾਂ, ਜੋ ਸਾਲ 2014 ਤੋਂ 15 ਹਜ਼ਾਰ ਰੁਪਏ ਮਹੀਨਾ ਹੈ। ਮੈਂ ਵਿਆਹ ਨਹੀਂ ਕੀਤਾ ਹੈ। ਮੈਂ ਇਕੱਲਾ ਰਹਿੰਦਾ ਹਾਂ, ਪਰ ਮੇਰੇ ਕੋਲ ਹਜ਼ਾਰਾਂ ਕਿਤਾਬਾਂ ਹਨ, ਮੈਨੂੰ ਕਿਥੇ ਜਾਣਾ ਚਾਹੀਦਾ ਹੈ?”
ਉਨ੍ਹਾਂ ਕਿਹਾ, ”ਜੇਕਰ ਉਨ੍ਹਾਂ ਨੂੰ ਇਹ ਥਾਂ ਚਾਹੀਦੀ ਹੈ ਤਾਂ ਘੱਟੋ-ਘੱਟ ਸਾਨੂੰ ਵੱਖਰੇ ਘਰ ਦੇਣੇ ਚਾਹੀਦੇ ਹਨ।”
ਸਰਕਾਰ ਦੀ ਅਗਲੀ ਕਾਰਵਾਈ ਕੀ ਹੋਵੇਗੀ, ਇਸ ਸਵਾਲ ‘ਤੇ ਕੇਂਦਰੀ ਸਭਿਆਚਾਰਕ ਮੰਤਰੀ ਪ੍ਰਹਲਾਦ ਸਿੰਘ ਪਟੇਲ ਨੇ ਕਿਹਾ ਕਿ ਇਨ੍ਹਾਂ ਕਲਾਕਾਰਾਂ ਲਈ ਸਾਡੇ ਵਲੋਂ ਜੋ ਵੀ ਸੰਭਵ ਸੀ, ਅਸੀਂ ਕਰ ਚੁੱਕੇ ਹਾਂ। ਉਨ੍ਹਾਂ ਕਿਹਾ, ”ਅਸੀਂ ਰਿਹਾਇਸ਼ੀ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੂੰ ਕਲਾਕਾਰਾਂ ਦੇ ਬਕਾਏ ਮੁਆਫ਼ ਕਰਨ ਦੀ ਅਪੀਲ ਕੀਤੀ ਸੀ, ਪਰ ਉਨ੍ਹਾਂ ਨੇ 31 ਦਸੰਬਰ ਤੱਕ ਆਪਣੇ ਘਰ ਖਾਲੀ ਕਰਨੇ ਪੈਣਗੇ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਬਾਜ਼ਾਰ ਦੀਆਂ ਮੌਜੂਦਾ ਦਰਾਂ ਦੇ ਹਿਸਾਬ ਨਾਲ ਕਿਰਾਇਆ ਦੇਣਾ ਪਏਗਾ। ਸਾਡੇ ਵਲੋਂ ਜੋ ਵੀ ਸੰਭਵ ਸੀ, ਅਸੀਂ ਕਰ ਚੁੱਕੇ ਹਾਂ।”

Share this post

Leave a Reply

Your email address will not be published. Required fields are marked *