fbpx Nawidunia - Kul Sansar Ek Parivar

ਟਰੇਡ ਯੂਨੀਅਨਾਂ ਵੱਲੋਂ ਵੀ 26 ਨਵੰਬਰ ਨੂੰ ਦੇਸ਼ ਵਿਆਪੀ ਹੜਤਾਲ ਤੇ ਚੱਕਾ ਜਾਮ, ਕਿਸਾਨ ਸੰਘਰਸ਼ ਦੀ ਹਮਾਇਤ

ਚੰਡੀਗੜ੍ਹ: ਦੇਸ਼ ਵਿੱਚ 26 ਨਵੰਬਰ ਦਾ ਦਿਨ ਬੇਹੱਦ ਅਹਿਮ ਰਹਿਣ ਵਾਲਾ ਹੈ। ਇੱਕ ਪਾਸੇ 26 ਤੇ 27 ਨਵੰਬਰ ਨੂੰ ਦੇਸ਼ ਭਰ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਧਾਵਾ ਬੋਲ ਰਹੀਆਂ ਹਨ। ਦੂਜੇ ਪਾਸੇ ਕੇਂਦਰੀ ਟਰੇਡ ਯੂਨੀਅਨਾਂ (ਸੀਟੀਯੂ) ਤੇ ਹੋਰ ਕਈ ਫੈਡਰੇਸ਼ਨਾਂ ਤੇ ਐਸੋਸੀਏਸ਼ਨਾਂ ਵੱਲੋਂ 26 ਨਵੰਬਰ ਨੂੰ ਦੇਸ਼ ਵਿਆਪੀ ਹੜਤਾਲ ਤੇ ਚੱਕਾ ਜਾਮ ਕੀਤਾ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ 26 ਨਵੰਬਰ ਨੂੰ ਦੇਸ਼ ਭਰ ਵਿੱਚ ਇਕੱਠਾ ਐਕਸ਼ਨ ਹੋਣ ਨਾਲ ਸਭ ਕੁਝ ਠੱਪ ਹੋ ਜਾਏਗਾ।

ਅਹਿਮ ਗੱਲ ਹੈ ਕਿ ਕੇਂਦਰੀ ਟਰੇਡ ਯੂਨੀਅਨਾਂ ਨੇ ਕਿਸਾਨ ਸੰਘਰਸ਼ ਨੂੰ ਹਮਾਇਤ ਦਿੱਤੀ ਹੈ ਤੇ ਕਿਸਾਨ ਯੂਨੀਅਨਾਂ ਨੇ ਟਰੇਡ ਯੂਨੀਅਨਾਂ ਦਾ ਸਮਰਥਨ ਕੀਤਾ ਹੈ। ਟਰੇਡ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਕਿਹਾ ਹੈ ਕਿ ਮੋਦੀ ਸਰਕਾਰ ਦੀਆਂ ਲੋਕਾਂ ਤੇ ਮਜ਼ਦੂਰਾਂ ਵਿਰੋਧੀ, ਦੇਸ਼ ਵਿਰੋਧੀ ਤੇ ਮਾਰੂ ਨੀਤੀਆਂ ਖ਼ਿਲਾਫ਼ ਹਰ ਵਰਗ ਇਕਜੁੱਟ ਹੋ ਰਿਹਾ ਹੈ। ਉਨ੍ਹਾਂ ਨੇ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੰਚ ‘ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ’ ਵੱਲੋਂ ਹੜਤਾਲ ਨੂੰ ਦਿੱਤੇ ਸਮਰਥਨ ਦਾ ਸਵਾਗਤ ਕੀਤਾ ਹੈ।

ਜਥੇਬੰਦੀਆਂ ਦੇ ਲੀਡਰਾਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ, ਹੁਣ ਉਨ੍ਹਾਂ ਮੋਦੀ ਸਰਕਾਰ ਦੇ ਮੁਲਾਜ਼ਮ ਵਿਰੋਧੀ ਕਦਮਾਂ ਖ਼ਿਲਾਫ਼ ਸੰਘਰਸ਼ ਵਿੱਚ ਸਾਥ ਦੇਣ ਦਾ ਵਾਅਦਾ ਵੀ ਕੀਤਾ ਹੈ। ਏਆਈਟੀਸੀਯੂ ਦੀ ਜਨਰਲ ਸਕੱਤਰ ਅਮਰਜੀਤ ਕੌਰ ਨੇ ਕਿਹਾ ਕਿ ਟਰੇਡ ਜਥੇਬੰਦੀਆਂ ਮੁੱਢ ਤੋਂ ਹੀ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੀਆਂ ਹਨ।

ਹੁਣ ਉਨ੍ਹਾਂ ਕਿਸਾਨ ਜਥੇਬੰਦੀਆਂ ਵੱਲੋਂ 26-27 ਨਵੰਬਰ ਦੇ ਦਿੱਤੇ ਰੋਸ ਮਾਰਚ ਦੇ ਸੱਦੇ ਨੂੰ ਵੀ ਸਮਰਥਨ ਦਿੱਤਾ ਹੈ। ਟਰੇਡ ਯੂਨੀਅਨਾਂ ਨੇ ਮੰਗਾਂ ਦੇ ਚਾਰਟਰ ਵਿੱਚ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਵੀ ਰੱਖੀ ਹੈ। ਇਸ ਤੋਂ ਇਲਾਵਾ ਕਰਮਚਾਰੀ ਵਰਗ ਨਾਲ ਜੁੜੀਆਂ ਮੰਗਾਂ ਹਨ। ਕਿਸਾਨ ਤੇ ਮੁਲਾਜ਼ਮ ਏਕੇ ਕਰਕੇ ਕੇਂਦਰੀ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ। ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਵਿੱਚ ਰੈਲੀ ਕਰਨ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

Share this post

Leave a Reply

Your email address will not be published. Required fields are marked *