fbpx Nawidunia - Kul Sansar Ek Parivar

ਅਦਾਲਤ ਦਾ ਵਰਵਰਾ ਰਾਓ ਨੂੰ ਹਸਪਤਾਲ ਭਰਤੀ ਕਰਨ ਦਾ ਆਦੇਸ਼, ਕਿਹਾ- ਉਹ ਮਰਨ ਕਿਨਾਰੇ ਹਨ

ਨਵੀਂ ਦਿੱਲੀ : ਬੰਬੇ ਹਾਈਕੋਰਟ ਨੇ ਬੁੱਧਵਾਰ ਨੂੰ ਭੀਮਾ-ਕੋਰੇਗਾਓਂ ਮਾਮਲੇ ਵਿਚ ਮਹਾਰਾਸ਼ਟਰ ਦੇ ਤਲੋਜਾ ਜੇਲ੍ਹ ਵਿਚ ਬੰਦ 81 ਸਾਲਾ ਕਵੀ ਤੇ ਸਮਾਜਕ ਕਾਰਕੁਨ ਵਰਵਰਾ ਰਾਓ ਨੂੰ 15 ਦਿਨ ਲਈ ਨਾਨਾਵਤੀ ਹਸਪਤਾਲ ਵਿਚ ਭਰਤੀ ਕਰਨ ਦੇ ਆਦੇਸ਼ ਦਿੱਤੇ ਹਨ।
ਅਦਾਲਤ ਨੇ ਕਿਹਾ ਕਿ ਅਦਾਲਤ ਨੂੰ ਦੱਸੇ ਬਿਨਾਂ ਉਨ੍ਹਾਂ ਨੂੰ ਹਸਪਤਾਲ ਤੋਂ ਡਿਸਚਾਰਜ ਨਾ ਕੀਤਾ ਜਾਵੇ। ਰਾਓ ਦੀ ਬਿਮਾਰੀ ਦੇ ਇਲਾਜ ਦਾ ਪੂਰਾ ਖ਼ਰਚਾ ਮਹਾਰਾਸ਼ਟਰ ਸਰਕਾਰ ਨੂੰ ਚੁੱਕਣਾ ਪਵੇਗਾ।
ਇਸ ਤੋਂ ਇਲਾਵਾ ਹਾਈਕੋਰਟ ਨੇ ਵਰਵਰਾ ਰਾਓ ਦੇ ਪਰਿਵਾਰ ਨੂੰ ਵੀ ਉਨ੍ਹਾਂ ਨਾਲ ਮੁਲਾਕਾਤ ਕਰਨ ਦਾ ਆਦੇਸ਼ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਰਾਓ ਦੀ ਮੈਡੀਕਲ ਰਿਪੋਰਟ ਅਦਾਲਤ ਵਿਚ ਜ਼ਰੂਰ ਸੌਂਪਣੀ ਹੋਵੇਗੀ। ਹੁਣ ਇਸ ਮਾਮਲੇ ਵਿਚ ਅਗਲੀ ਸੁਣਵਾਈ ਤਿੰਨ ਦਸੰਬਰ ਨੂੰ ਹੋਵੇਗੀ।
ਵਰਵਰਾ ਰਾਓ ਦੀ ਗੰਭੀਰ ਸਿਹਤ ਹਾਲਤ ‘ਤੇ ਨੋਟਿਸ ਲੈਂਦਿਆਂ ਜਸਟਿਸ ਐਸ.ਐਸ. ਸ਼ਿੰਦੇ ਅਤੇ ਮਾਧਵ ਜਾਮਦਾਰ ਦੇ ਬੈਂਚ ਨੇ ਕਿਹਾ, ”ਉਹ ਲਗਭਗ ਮੌਤ ਦੇ ਕਿਨਾਰੇ ਹਨ। ਉਨ੍ਹਾਂ ਨੂੰ ਇਲਾਜ ਦੀ ਜ਼ਰੂਰਤ ਹੈ। ਕੀ ਸਰਕਾਰ ਇਹ ਕਹਿ ਸਕਦੀ ਹੈ ਕਿ ਨਹੀਂ-ਨਹੀਂ, ਅਸੀਂ ਤਲੋਜਾ (ਜੇਲ੍ਹ) ਵਿਚ ਹੀ ਉਨ੍ਹਾਂ ਦਾ ਇਲਾਜ ਕਰਾਂਗੇ।”
ਬੈਂਚ ਨੇ ਅੱਗੇ ਕਿਹਾ, ”ਅਸੀਂ ਉਨ੍ਹਾਂ ਨੂੰ ਸਿਰਫ਼ ਦੋ ਹਫ਼ਤਿਆਂ ਲਈ ਨਾਨਾਵਤੀ ਵਿਚ ਟਰਾਂਸਫਰ ਕਰ ਰਹੇ ਹਾਂ। ਫਿਰ ਦੋ ਹਫ਼ਤੇ ਬਾਅਦ ਦੇਖਾਂਗੇ।”
ਜਸਟਿਸ ਯੂਯੂ ਲਲਿਤ, ਜਸਟਿਸ ਵਿਨੀਤ ਸਰਨ ਤੇ ਜਸਟਿਸ ਐਸ.ਰਵਿੰਦਰ ਭੱਟ ਦੇ ਬੈਂਚ ਨੇ ਕਿਹਾ ਕਿ ਇਹ ਮਾਮਲਾ ਕੈਦੀ ਦੇ ਮਨੁੱਖੀ ਅਧਿਕਾਰਾਂ ‘ਤੇ ਸਵਾਲ ਉਠਾਉਂਦਾ ਹੈ। ਜਿਸ ਤੋਂ ਬਾਅਦ ਹਾਈ ਕੋਰਟ ਦੇ ਜਸਟਿਸ ਏ.ਕੇ. ਮੈਨਨ ਅਤੇ ਜਸਟਿਸ ਐਸ.ਪੀ. ਤਾਵੜੇ ਦੇ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ। ਹਾਈ ਕੋਰਟ ਨੇ ਕਿਹਾ ਸੀ ਕਿ ਜੇਕਰ ਡਾਕਟਰਾਂ ਨੂੰ ਲਗਦਾ ਹੈ ਕਿ ਵੀਡੀਓ ਕਾਨਫਰੰਸਿੰਗ ਰਾਹੀਂ ਜਾਂਚ ਕਾਫ਼ੀ ਨਹੀਂ ਹੈ ਤਾਂ ਤੁਰੰਤ ਜੇਲ੍ਹ ਵਿਚ ਜਾ ਕੇ ਮੈਡੀਕਲ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਹਾਲਾਂਕਿ ਰਾਓ ਦੀ ਵਕੀਲ ਇੰਦਰਾ ਜੈ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਇਹ ਜਾਂਚ ਸਹੀ ਤਰ੍ਹਾਂ ਨਾਲ ਨਹੀਂ ਹੋਈ ਸੀ ਤੇ ਵਰਵਰਾ ਰਾਓ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ, ਇਸ ਲਈ ਉਨ੍ਹਾਂ ਨੇ ਤੁਰੰਤ ਹਸਪਤਾਲ ਵਿਚ ਭਰਤੀ ਕਰਨ ਦੀ ਜ਼ਰੂਰਤ ਹੈ। ਇਸ ਤੋਂ ਬਾਅਦ ਜੈ ਸਿੰਘ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਅਦਾਲਤ ਨੇ ਆਦੇਸ਼ ਜਾਰੀ ਕੀਤਾ।
ਯਾਦ ਰਹੇ ਕਿ ਸਾਲ 2018 ਵਿਚ ਐਲਗਾਰ ਪ੍ਰੀਸ਼ੱਦ ਮਾਮਲੇ ਵਿਚ ਪੂਣੇ ਪੁਲੀਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਕਈ ਕਾਰਕੁਨਾਂ ਅਤੇ ਵਕੀਲਾਂ ਵਿਚ ਵਰਵਰਾ ਰਾਓ ਵੀ ਸ਼ਾਮਲ ਹਨ। ਇਸ ਮਾਮਲੇ ਨੂੰ ਕੌਮੀ ਜਾਂਚ ਏਜੰਸੀ ਹਵਾਲੇ ਕਰ ਦਿੱਤਾ ਗਿਆ ਹੈ, ਜਿਸ ਨੇ ਬਾਅਦ ਵਿਚ ਹੋਰ ਵਧੇਰੇ ਕਾਰਕੁਨਾਂ ਅਤੇ ਅਕਾਦਮਿਸ਼ਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਹ ਮਾਮਲਾ ਪਹਿਲੀ ਜਨਵਰੀ 2018 ਨੂੰ ਪੂਣੇ ਨੇੜੇ ਭੀਮ-ਕੋਰੇਗਾਓਂ ਦੀ ਜੰਗ ਦੀ 200ਵੀਂ ਵਰ੍ਹੇਗੰਢ ਦੇ ਜਸ਼ਨ ਤੋਂ ਬਾਅਦ ਹਿੰਸਾ ਭੜਕਨ ਨਾਲ ਸਬੰਧਤ ਹੈ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਕਈ ਲੋਕ ਜ਼ਖ਼ਮੀ ਹੋ ਗਏ ਸਨ।
ਉਸ ਤੋਂ ਇਕ ਦਿਨ ਪਹਿਲਾਂ 31 ਦਸੰਬਰ 2017 ਨੂੰ ਪੂਣੇ ਦੇ ਇਤਿਹਾਸਕ ਸ਼ਨੀਵਾਰਵਾੜਾ ਵਿਚ ਐਲਗਾਰ ਪ੍ਰੀਸ਼ੱਦ ਦਾ ਸੰਮੇਲਨ ਹੋਇਆ ਸੀ। ਦੋਸ਼ ਹੈ ਕਿ ਸੰਮੇਲਨ ਵਿਚ ਐਲਗਾਰ ਪ੍ਰੀਸ਼ੱਦ ਸਮੂਹ ਦੇ ਮੈਂਬਰਾਂ ਨੇ ਭੜਕਾਊ ਭਾਸ਼ਣ ਦਿੱਤੇ ਸਨ, ਜਿਸ ਦੇ ਅਗਲੇ ਦਿਨ ਹਿੰਸਾ ਭੜਕ ਗਈ ਸੀ।

Share this post

Leave a Reply

Your email address will not be published. Required fields are marked *